ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr19 ਜੁਲਾਈ ਸਫ਼ੇ 1-8
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2019
  • ਸਿਰਲੇਖ
  • 1-7 ਜੁਲਾਈ
  • 8-14 ਜੁਲਾਈ
  • ਰੱਬ ਦਾ ਬਚਨ ਖ਼ਜ਼ਾਨਾ ਹੈ | 1 ਥੱਸਲੁਨੀਕੀਆਂ 1-5
  • 15-21 ਜੁਲਾਈ
  • ਰੱਬ ਦਾ ਬਚਨ ਖ਼ਜ਼ਾਨਾ ਹੈ | 2 ਥੱਸਲੁਨੀਕੀਆਂ 1-3
  • 22-28 ਜੁਲਾਈ
  • ਰੱਬ ਦਾ ਬਚਨ ਖ਼ਜ਼ਾਨਾ ਹੈ | 1 ਤਿਮੋਥਿਉਸ 1-3
  • 29 ਜੁਲਾਈ–4 ਅਗਸਤ
  • ਰੱਬ ਦਾ ਬਚਨ ਖ਼ਜ਼ਾਨਾ ਹੈ | 1 ਤਿਮੋਥਿਉਸ 4-6
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2019
mwbr19 ਜੁਲਾਈ ਸਫ਼ੇ 1-8

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

1-7 ਜੁਲਾਈ

ਰੱਬ ਦਾ ਬਚਨ ਖ਼ਜ਼ਾਨਾ ਹੈ | ਕੁਲੁੱਸੀਆਂ 1-4

“ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ ਦਿਓ ਅਤੇ ਨਵੇਂ ਸੁਭਾਅ ਨੂੰ ਪਹਿਨ ਲਓ”

(ਕੁਲੁੱਸੀਆਂ 3:5-9) ਇਸ ਲਈ, ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ, ਗੰਦ-ਮੰਦ, ਕਾਮ-ਵਾਸ਼ਨਾ, ਬੁਰੀ ਇੱਛਾ ਅਤੇ ਲੋਭ, ਜੋ ਕਿ ਮੂਰਤੀ-ਪੂਜਾ ਹੈ। 6 ਅਜਿਹੇ ਕੰਮਾਂ ਕਰਕੇ ਪਰਮੇਸ਼ੁਰ ਦਾ ਕ੍ਰੋਧ ਭੜਕੇਗਾ। 7 ਪਹਿਲਾਂ ਤੁਸੀਂ ਵੀ ਆਪਣੀ ਜ਼ਿੰਦਗੀ ਵਿਚ ਇਹੋ ਜਿਹੇ ਕੰਮ ਕਰਦੇ ਹੁੰਦੇ ਸੀ। 8 ਪਰ ਹੁਣ ਤੁਸੀਂ ਇਹ ਸਭ ਕੁਝ ਛੱਡ ਦਿਓ ਯਾਨੀ ਕ੍ਰੋਧ, ਗੁੱਸਾ, ਬੁਰਾਈ, ਗਾਲ਼ੀ-ਗਲੋਚ ਅਤੇ ਆਪਣੇ ਮੂੰਹੋਂ ਅਸ਼ਲੀਲ ਗੱਲਾਂ ਕਰਨੀਆਂ। 9 ਇਕ-ਦੂਜੇ ਨਾਲ ਝੂਠ ਨਾ ਬੋਲੋ। ਤੁਸੀਂ ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਪੁਰਾਣੇ ਕੱਪੜੇ ਵਾਂਗ ਲਾਹ ਕੇ ਸੁੱਟ ਦਿਓ

w11 3/15 10 ਪੈਰੇ 12-13

ਜਗਤ ਦਾ ਆਤਮਾ ਨਹੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਓ

12 ਕੀ ਮੇਰੀ ਸ਼ਖ਼ਸੀਅਤ ਤੋਂ ਦੁਨੀਆਂ ਦੀ ਸੋਚ ਝਲਕਦੀ ਹੈ ਜਾਂ ਪਰਮੇਸ਼ੁਰ ਦੀ ਸ਼ਕਤੀ ਦਾ ਅਸਰ? (ਕੁਲੁੱਸੀਆਂ 3:8-10, 13 ਪੜ੍ਹੋ।) ਦੁਨੀਆਂ ਦੀ ਸੋਚ ਸਰੀਰਕ ਕੰਮ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। (ਗਲਾ. 5:19-21) ਸਾਡੇ ਉੱਤੇ ਕਿਸ ਦਾ ਅਸਰ ਪੈਂਦਾ ਹੈ, ਇਸ ਸੰਬੰਧੀ ਅਸਲੀ ਪਰੀਖਿਆ ਉਦੋਂ ਨਹੀਂ ਆਉਂਦੀ ਜਦੋਂ ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਹੁੰਦਾ ਹੈ, ਬਲਕਿ ਉਦੋਂ ਆਉਂਦੀ ਹੈ ਜਦੋਂ ਕੁਝ ਠੀਕ ਨਹੀਂ ਚੱਲ ਰਿਹਾ ਹੁੰਦਾ। ਮਿਸਾਲ ਲਈ ਉਦੋਂ ਜਦੋਂ ਕੋਈ ਮਸੀਹੀ ਭੈਣ-ਭਰਾ ਸਾਨੂੰ ਨਜ਼ਰਅੰਦਾਜ਼ ਕਰਦਾ ਹੈ, ਸਾਨੂੰ ਠੋਕਰ ਪਹੁੰਚਾਉਂਦਾ ਹੈ ਜਾਂ ਸਾਡੇ ਖ਼ਿਲਾਫ਼ ਪਾਪ ਵੀ ਕਰਦਾ ਹੈ। ਇਸ ਤੋਂ ਇਲਾਵਾ, ਜਦੋਂ ਅਸੀਂ ਆਪਣੇ ਘਰ ਵਿਚ ਪਰਿਵਾਰ ਦੇ ਮੈਂਬਰਾਂ ਨਾਲ ਪੇਸ਼ ਆਉਂਦੇ ਹਾਂ, ਉਦੋਂ ਵੀ ਪਤਾ ਲੱਗ ਸਕਦਾ ਹੈ ਕਿ ਸਾਡੇ ਉੱਤੇ ਕਿਸ ਦਾ ਅਸਰ ਹੈ। ਸਾਨੂੰ ਸ਼ਾਇਦ ਆਪਣੀ ਥੋੜ੍ਹੀ ਜਾਂਚ ਕਰਨ ਦੀ ਲੋੜ ਪਵੇ। ਆਪਣੇ ਆਪ ਤੋਂ ਪੁੱਛੋ, ‘ਕੀ ਪਿਛਲੇ ਛੇ ਮਹੀਨਿਆਂ ਵਿਚ ਮੇਰੀ ਸ਼ਖ਼ਸੀਅਤ ਜ਼ਿਆਦਾ ਮਸੀਹ ਵਰਗੀ ਬਣੀ ਹੈ ਜਾਂ ਕੀ ਮੈਨੂੰ ਪਹਿਲਾਂ ਵਾਂਗ ਕੁਝ ਬੋਲਣ-ਚੱਲਣ ਦੀ ਬੁਰੀ ਆਦਤ ਪੈ ਗਈ ਹੈ?’

13 ਪਰਮੇਸ਼ੁਰ ਦੀ ਸ਼ਕਤੀ ‘ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕਰਨੀਆਂ ਸਣੇ ਲਾਹ ਸੁੱਟਣ’ ਅਤੇ ‘ਨਵੀਂ ਨੂੰ ਪਹਿਨਣ’ ਵਿਚ ਸਾਡੀ ਮਦਦ ਕਰ ਸਕਦੀ ਹੈ। ਇਸ ਮਦਦ ਸਦਕਾ ਅਸੀਂ ਹੋਰ ਸਨੇਹੀ ਅਤੇ ਦਿਆਲੂ ਬਣਾਂਗੇ। ਅਸੀਂ ਇਕ-ਦੂਜੇ ਨੂੰ ਮਾਫ਼ ਕਰਨ ਲਈ ਤਿਆਰ ਹੋਵਾਂਗੇ ਭਾਵੇਂ ਸਾਨੂੰ ਆਪਣੇ ਕੋਲ ਗਿਲਾ ਕਰਨ ਦਾ ਜਾਇਜ਼ ਕਾਰਨ ਜਾਪੇ। ਜੇ ਸਾਨੂੰ ਲੱਗੇ ਕਿ ਸਾਡੇ ਨਾਲ ਬੇਇਨਸਾਫ਼ੀ ਹੋਈ ਹੈ, ਤਾਂ ਅਸੀਂ “ਕੁੜੱਤਣ, ਕ੍ਰੋਧ, ਕੋਪ” ਨਾਲ ਨਹੀਂ ਭਰਾਂਗੇ, “ਰੌਲਾ” ਨਹੀਂ ਪਾਵਾਂਗੇ ਅਤੇ “ਦੁਰਬਚਨ” ਨਹੀਂ ਬੋਲਾਂਗੇ। ਇਸ ਦੀ ਬਜਾਇ ਅਸੀਂ ‘ਤਰਸਵਾਨ ਹੋਣ’ ਦਾ ਜਤਨ ਕਰਾਂਗੇ।—ਅਫ਼. 4:31, 32.

(ਕੁਲੁੱਸੀਆਂ 3:10-14) ਅਤੇ ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ ਯਾਨੀ ਸਹੀ ਗਿਆਨ ਲੈ ਕੇ ਆਪਣੇ ਸੁਭਾਅ ਨੂੰ ਪਰਮੇਸ਼ੁਰ ਦੇ ਸੁਭਾਅ ਅਨੁਸਾਰ ਨਵਾਂ ਬਣਾਉਂਦੇ ਰਹੋ ਜਿਸ ਨੇ ਇਸ ਨੂੰ ਸਿਰਜਿਆ ਹੈ। 11 ਨਵੇਂ ਸੁਭਾਅ ਅਨੁਸਾਰ ਨਾ ਕੋਈ ਯੂਨਾਨੀ ਹੈ, ਨਾ ਯਹੂਦੀ, ਨਾ ਸੁੰਨਤ ਕੀਤਾ ਹੋਇਆ, ਨਾ ਬੇਸੁੰਨਤਾ, ਨਾ ਵਿਦੇਸ਼ੀ, ਨਾ ਸਕੂਥੀ, ਨਾ ਗ਼ੁਲਾਮ ਅਤੇ ਨਾ ਹੀ ਕੋਈ ਆਜ਼ਾਦ ਹੈ, ਪਰ ਮਸੀਹ ਹੀ ਸਭ ਕੁਝ ਹੈ ਅਤੇ ਸਾਰੇ ਉਸ ਦੇ ਅਧੀਨ ਹਨ। 12 ਇਸ ਕਰਕੇ, ਪਰਮੇਸ਼ੁਰ ਦੇ ਚੁਣੇ ਹੋਏ ਪਵਿੱਤਰ ਤੇ ਪਿਆਰੇ ਸੇਵਕਾਂ ਵਜੋਂ, ਹਮਦਰਦੀ, ਦਇਆ, ਨਿਮਰਤਾ, ਨਰਮਾਈ ਤੇ ਧੀਰਜ ਨੂੰ ਕੱਪੜਿਆਂ ਵਾਂਗ ਪਹਿਨ ਲਓ। 13 ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ। 14 ਪਰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।

w13 9/15 21 ਪੈਰੇ 18-19

ਕੀ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਿਆ ਹੈ?

18 ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਦਾ ਬਚਨ ਸਾਨੂੰ ਬਦਲੇ, ਤਾਂ ਇਸ ਨੂੰ ਪੜ੍ਹਨਾ ਹੀ ਕਾਫ਼ੀ ਨਹੀਂ ਹੈ। ਬਹੁਤ ਸਾਰੇ ਲੋਕ ਬਾਈਬਲ ਪੜ੍ਹਦੇ ਹਨ ਤੇ ਇਸ ਦੀਆਂ ਗੱਲਾਂ ਤੋਂ ਵਾਕਫ਼ ਹਨ। ਸ਼ਾਇਦ ਤੁਸੀਂ ਪ੍ਰਚਾਰ ਵਿਚ ਅਜਿਹੇ ਲੋਕਾਂ ਨੂੰ ਮਿਲੇ ਹੋਵੋ। ਕਈਆਂ ਨੂੰ ਤਾਂ ਬਾਈਬਲ ਦੀਆਂ ਗੱਲਾਂ ਮੂੰਹ-ਜ਼ਬਾਨੀ ਰਟੀਆਂ ਹੁੰਦੀਆਂ ਹਨ। ਫਿਰ ਵੀ ਬਾਈਬਲ ਦੀਆਂ ਗੱਲਾਂ ਦਾ ਉਨ੍ਹਾਂ ਦੀ ਸੋਚ ਅਤੇ ਜ਼ਿੰਦਗੀ ʼਤੇ ਕੋਈ ਅਸਰ ਨਹੀਂ ਹੁੰਦਾ। ਕਿਉਂ? ਕਿਉਂਕਿ ਪਰਮੇਸ਼ੁਰ ਦਾ ਬਚਨ ਸਿਰਫ਼ ਕਿਸੇ ਨੂੰ ਤਾਹੀਓਂ ਬਦਲ ਸਕਦਾ ਹੈ ਜੇ ਉਹ ਇਸ ਦੀਆਂ ਗੱਲਾਂ ਨੂੰ ਆਪਣੇ ਦਿਲ ਦੇ ਧੁਰ ਅੰਦਰ ਤਕ ਅਸਰ ਹੋਣ ਦੇਵੇ। ਇਸ ਲਈ ਸਾਨੂੰ ਸਿੱਖੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਖ਼ੁਦ ਨੂੰ ਪੁੱਛੋ: ‘ਕੀ ਮੈਨੂੰ ਪੱਕਾ ਯਕੀਨ ਹੈ ਕਿ ਇਹੀ ਸੱਚਾਈ ਹੈ? ਕੀ ਮੈਂ ਇਹ ਨਹੀਂ ਦੇਖਿਆ ਕਿ ਇਨ੍ਹਾਂ ਗੱਲਾਂ ਨੂੰ ਲਾਗੂ ਕਰ ਕੇ ਹਮੇਸ਼ਾ ਮੇਰਾ ਹੀ ਭਲਾ ਹੋਇਆ ਹੈ? ਕੀ ਇੱਦਾਂ ਤਾਂ ਨਹੀਂ ਕਿ ਮੈਂ ਇਹ ਗੱਲਾਂ ਦੂਜਿਆਂ ਨੂੰ ਤਾਂ ਸਿਖਾਉਂਦਾ ਹਾਂ, ਪਰ ਆਪਣੀ ਜ਼ਿੰਦਗੀ ਵਿਚ ਲਾਗੂ ਨਹੀਂ ਕਰਦਾ? ਕੀ ਮੈਨੂੰ ਲੱਗਦਾ ਹੈ ਕਿ ਯਹੋਵਾਹ ਮੇਰੇ ਨਾਲ ਗੱਲ ਕਰ ਰਿਹਾ ਹੈ?’ ਜੇ ਅਸੀਂ ਇਨ੍ਹਾਂ ਸਵਾਲਾਂ ਬਾਰੇ ਸੋਚਾਂਗੇ, ਤਾਂ ਅਸੀਂ ਯਹੋਵਾਹ ਦੇ ਨੇੜੇ ਜਾਵਾਂਗੇ। ਜਦ ਸਿੱਖੀਆਂ ਗੱਲਾਂ ਸਾਡੇ ਦਿਲ ਤਕ ਪਹੁੰਚਣਗੀਆਂ, ਤਾਂ ਅਸੀਂ ਆਪਣੇ ਆਪ ਨੂੰ ਬਦਲਾਂਗੇ ਤੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰ ਸਕਾਂਗੇ।​—ਕਹਾ. 4:23; ਲੂਕਾ 6:45.

19 ਰੋਜ਼ ਬਾਈਬਲ ਪੜ੍ਹਨ ਅਤੇ ਇਸ ʼਤੇ ਸੋਚ-ਵਿਚਾਰ ਕਰਨ ਨਾਲ ਅਸੀਂ ਪੌਲੁਸ ਦੇ ਇਨ੍ਹਾਂ ਸ਼ਬਦਾਂ ਮੁਤਾਬਕ ਚੱਲਦੇ ਰਹਿ ਸਕਾਂਗੇ: ‘ਤੁਸੀਂ ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਪੁਰਾਣੇ ਕੱਪੜੇ ਵਾਂਗ ਲਾਹ ਕੇ ਸੁੱਟ ਦਿਓ ਅਤੇ ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ ਯਾਨੀ ਸਹੀ ਗਿਆਨ ਲੈ ਕੇ ਆਪਣੇ ਸੁਭਾਅ ਨੂੰ ਨਵਾਂ ਬਣਾਉਂਦੇ ਰਹੋ।’ (ਕੁਲੁ. 3:9, 10) ਜੇ ਅਸੀਂ ਬਾਈਬਲ ਦੀਆਂ ਗੱਲਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿਚ ਲਾਗੂ ਕਰਾਂਗੇ, ਤਾਂ ਫਿਰ ਅਸੀਂ ਨਵਾਂ ਸੁਭਾਅ ਪਹਿਨਾਂਗੇ ਤੇ ਸ਼ੈਤਾਨ ਦੀਆਂ ਚਾਲਾਂ ਤੋਂ ਬਚ ਸਕਾਂਗੇ।

ਹੀਰੇ-ਮੋਤੀਆਂ ਦੀ ਖੋਜ ਕਰੋ

(ਕੁਲੁੱਸੀਆਂ 1:13, 14) ਉਸ ਨੇ ਸਾਨੂੰ ਹਨੇਰੇ ਦੇ ਅਧਿਕਾਰ ਤੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿਚ ਲਿਆਂਦਾ ਹੈ, 14 ਅਤੇ ਆਪਣੇ ਪੁੱਤਰ ਰਾਹੀਂ ਰਿਹਾਈ ਦੀ ਕੀਮਤ ਅਦਾ ਕਰ ਕੇ ਸਾਨੂੰ ਛੁਡਾਇਆ ਹੈ ਯਾਨੀ ਸਾਡੇ ਪਾਪ ਮਾਫ਼ ਕੀਤੇ ਹਨ।

it-2 169 ਪੈਰੇ 3-5

ਪਰਮੇਸ਼ੁਰ ਦਾ ਰਾਜ

‘ਪਿਆਰੇ ਪੁੱਤਰ ਦਾ ਰਾਜ।’ ਯਿਸੂ ਦੇ ਸਵਰਗ ਜਾਣ ਤੋਂ 10 ਦਿਨਾਂ ਬਾਅਦ ਯਾਨੀ ਪੰਤੇਕੁਸਤ 33 ਈਸਵੀ ਵਿਚ ਜਦੋਂ ਉਸ ਨੇ ਆਪਣੇ ਚੇਲਿਆਂ ʼਤੇ ਪਵਿੱਤਰ ਸ਼ਕਤੀ ਪਾਈ, ਤਾਂ ਉਸ ਦੇ ਚੇਲਿਆਂ ਨੂੰ ਸਬੂਤ ਮਿਲਿਆ ਕਿ “ਉਸ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਬੈਠਣ ਦਾ ਮਾਣ ਬਖ਼ਸ਼ਿਆ ਗਿਆ।” (ਰਸੂ 1:8, 9; 2:1-4, 29-33) ਇਸ ਤਰ੍ਹਾਂ ਉਨ੍ਹਾਂ ʼਤੇ ‘ਨਵਾਂ ਇਕਰਾਰ’ ਲਾਗੂ ਹੋਇਆ ਅਤੇ ਉਨ੍ਹਾਂ ਤੋਂ “ਪਵਿੱਤਰ ਕੌਮ” ਦੀ ਸ਼ੁਰੂਆਤ ਹੋਈ।—ਇਬ 12:22-24; 1 ਪਤ 2:9, 10; ਗਲਾ 6:16.

ਮਸੀਹ ਹੁਣ ਆਪਣੇ ਪਿਤਾ ਦੇ ਸੱਜੇ ਹੱਥ ਬੈਠਾ ਹੋਇਆ ਸੀ ਅਤੇ ਮੰਡਲੀ ਦਾ ਸਿਰ ਸੀ। (ਅਫ਼ 5:23; ਇਬ 1:3; ਫ਼ਿਲਿ 2:9-11) ਆਇਤਾਂ ਤੋਂ ਪਤਾ ਲੱਗਦਾ ਹੈ ਕਿ ਪੰਤੇਕੁਸਤ 33 ਈਸਵੀ ਤੋਂ ਯਿਸੂ ਨੇ ਆਪਣੇ ਚੇਲਿਆਂ ʼਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ। ਪਹਿਲੀ ਸਦੀ ਵਿਚ ਕੁਲੁੱਸੈ ਦੇ ਮਸੀਹੀਆਂ ਨੂੰ ਲਿਖਦਿਆਂ ਪੌਲੁਸ ਨੇ ਦੱਸਿਆ ਕਿ ਯਿਸੂ ਮਸੀਹ ਨੂੰ ਰਾਜ ਮਿਲ ਗਿਆ ਹੈ: “[ਪਰਮੇਸ਼ੁਰ] ਨੇ ਸਾਨੂੰ ਹਨੇਰੇ ਦੇ ਅਧਿਕਾਰ ਤੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿਚ ਲਿਆਂਦਾ ਹੈ।”—ਕੁਲੁ 1:13; ਰਸੂ 17:6, 7 ਵਿਚ ਨੁਕਤਾ ਦੇਖੋ।

ਪੰਤੇਕੁਸਤ 33 ਈਸਵੀ ਤੋਂ ਮਸੀਹ ਚੁਣੇ ਹੋਏ ਮਸੀਹੀਆਂ ʼਤੇ ਰਾਜ ਕਰ ਰਿਹਾ ਹੈ। ਇਨ੍ਹਾਂ ਮਸੀਹੀਆਂ ਨੂੰ ਪਰਮੇਸ਼ੁਰ ਦੇ ਪੁੱਤਰ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਨੇ ਪਵਿੱਤਰ ਸ਼ਕਤੀ ਨਾਲ ਜਨਮ ਲਿਆ ਹੈ। (ਯੂਹੰ 3:3, 5, 6) ਜਦੋਂ ਪਵਿੱਤਰ ਸ਼ਕਤੀ ਨਾਲ ਚੁਣੇ ਮਸੀਹੀਆਂ ਨੂੰ ਸਵਰਗੀ ਇਨਾਮ ਮਿਲੇਗਾ, ਤਾਂ ਉਹ ਧਰਤੀ ʼਤੇ ਮਸੀਹ ਦੇ ਰਾਜ ਦੇ ਨਾਗਰਿਕ ਨਹੀਂ ਰਹਿਣਗੇ, ਸਗੋਂ ਉਹ ਮਸੀਹ ਨਾਲ ਸਵਰਗ ਵਿਚ ਰਾਜ ਕਰਨਗੇ।—ਪ੍ਰਕਾ 5:9, 10.

(ਕੁਲੁੱਸੀਆਂ 2:8) ਧਿਆਨ ਰੱਖੋ ਕਿ ਕੋਈ ਤੁਹਾਨੂੰ ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ ਵਿਚ ਫਸਾ ਨਾ ਲਵੇ। ਇਹ ਗਿਆਨ ਅਤੇ ਗੱਲਾਂ ਇਨਸਾਨਾਂ ਦੇ ਰੀਤਾਂ-ਰਿਵਾਜਾਂ ਅਤੇ ਦੁਨੀਆਂ ਦੇ ਬੁਨਿਆਦੀ ਅਸੂਲਾਂ ਉੱਤੇ ਆਧਾਰਿਤ ਹਨ, ਨਾ ਕਿ ਮਸੀਹ ਦੀਆਂ ਸਿੱਖਿਆਵਾਂ ਉੱਤੇ।

w08 8/15 28 ਪੈਰਾ 8

ਗਲਾਤੀਆਂ, ਅਫ਼ਸੀਆਂ, ਫ਼ਿਲਿੱਪੀਆਂ ਅਤੇ ਕੁਲੁੱਸੀਆਂ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ

2:8—“ਸੰਸਾਰ ਦੀਆਂ ਮੂਲ ਗੱਲਾਂ” ਕੀ ਹਨ ਜਿਨ੍ਹਾਂ ਬਾਰੇ ਪੌਲੁਸ ਨੇ ਚੇਤਾਵਨੀ ਦਿੱਤੀ ਸੀ? ਇਹ ਸ਼ਤਾਨ ਦੀ ਦੁਨੀਆਂ ਦੀਆਂ ਉਹ ਗੱਲਾਂ ਹਨ ਜੋ ਲੋਕਾਂ ਨੂੰ ਲੁਭਾਉਂਦੀਆਂ ਹਨ ਜਾਂ ਜਿਨ੍ਹਾਂ ਮਗਰ ਉਹ ਲੱਗੇ ਹੋਏ ਹਨ। (1 ਯੂਹੰ. 2:16) ਇਨ੍ਹਾਂ ਵਿਚ ਫ਼ਲਸਫ਼ਾ, ਧਨ-ਦੌਲਤ ਅਤੇ ਉਹ ਧਰਮ ਵੀ ਸ਼ਾਮਲ ਹਨ ਜੋ ਸੱਚ ਨਹੀਂ ਸਿਖਾਉਂਦੇ।

8-14 ਜੁਲਾਈ

ਰੱਬ ਦਾ ਬਚਨ ਖ਼ਜ਼ਾਨਾ ਹੈ | 1 ਥੱਸਲੁਨੀਕੀਆਂ 1-5

“ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ”

(1 ਥੱਸਲੁਨੀਕੀਆਂ 5:11-13) ਇਸ ਲਈ ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ, ਜਿਵੇਂ ਕਿ ਤੁਸੀਂ ਕਰ ਰਹੇ ਹੋ। 12 ਹੁਣ ਭਰਾਵੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਭਰਾਵਾਂ ਦਾ ਆਦਰ ਕਰੋ ਜਿਹੜੇ ਤੁਹਾਡੇ ਵਿਚ ਸਖ਼ਤ ਮਿਹਨਤ ਕਰਦੇ ਹਨ ਅਤੇ ਪ੍ਰਭੂ ਦੀ ਸੇਵਾ ਵਿਚ ਤੁਹਾਡੀ ਅਗਵਾਈ ਕਰਦੇ ਹਨ ਅਤੇ ਤੁਹਾਨੂੰ ਨਸੀਹਤਾਂ ਦਿੰਦੇ ਹਨ; 13 ਉਨ੍ਹਾਂ ਦੇ ਕੰਮਾਂ ਕਰਕੇ ਉਨ੍ਹਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਪਿਆਰ ਕਰੋ ਅਤੇ ਉਨ੍ਹਾਂ ਦਾ ਆਦਰ ਕਰੋ। ਇਕ-ਦੂਜੇ ਨਾਲ ਬਣਾ ਕੇ ਰੱਖੋ।

w11 6/15 26 ਪੈਰਾ 12

‘ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਹਨ,’ ਉਨ੍ਹਾਂ ਦਾ ਆਦਰ ਕਰੋ

12 ਅਗਵਾਈ ਕਰਨ ਦਾ ਮਤਲਬ ਕਲੀਸਿਯਾ ਵਿਚ ਸਿਰਫ਼ ਸਿੱਖਿਆ ਦੇਣਾ ਨਹੀਂ ਹੈ। ਯੂਨਾਨੀ ਭਾਸ਼ਾ ਵਿਚ 1 ਤਿਮੋਥਿਉਸ 3:4 ਵਿਚ “ਅਗਵਾਈ ਕਰਨੀ” ਸ਼ਬਦ ਵਰਤੇ ਗਏ ਹਨ। ਪੌਲੁਸ ਨੇ ਕਿਹਾ ਕਿ ਨਿਗਾਹਬਾਨ ‘ਆਪਣੇ ਘਰ ਦਾ ਚੰਗੀ ਤਰਾਂ ਪਰਬੰਧ ਕਰਨ ਵਾਲਾ, ਅਤੇ ਆਪਣੇ ਬਾਲਕਾਂ ਨੂੰ ਪੂਰੀ ਗੰਭੀਰਤਾਈ ਨਾਲ ਵੱਸ ਵਿੱਚ ਰੱਖਣ ਵਾਲਾ ਹੋਣਾ’ ਚਾਹੀਦਾ ਹੈ। ਇੱਥੇ “ਪਰਬੰਧ ਕਰਨ” ਯਾਨੀ ਅਗਵਾਈ ਕਰਨ ਦਾ ਮਤਲਬ ਨਾ ਸਿਰਫ਼ ਆਪਣੇ ਬੱਚਿਆ ਨੂੰ ਸਿੱਖਿਆ ਦੇਣਾ ਹੈ, ਸਗੋਂ ਆਪਣੇ ਪਰਿਵਾਰ ਨੂੰ ਨਿਰਦੇਸ਼ਨ ਦੇਣਾ ਅਤੇ ‘ਆਪਣੇ ਬਾਲਕਾਂ ਨੂੰ ਪੂਰੀ ਗੰਭੀਰਤਾਈ ਨਾਲ ਵੱਸ ਵਿੱਚ ਰੱਖਣਾ’ ਵੀ ਹੈ। ਹਾਂ, ਬਜ਼ੁਰਗ ਕਲੀਸਿਯਾ ਵਿਚ ਅਗਵਾਈ ਕਰਦੇ ਹਨ ਅਤੇ ਯਹੋਵਾਹ ਦੇ ਅਧੀਨ ਹੋਣ ਵਿਚ ਸਾਰਿਆਂ ਦੀ ਮਦਦ ਕਰਦੇ ਹਨ।—1 ਤਿਮੋ. 3:5.

w11 6/15 28 ਪੈਰਾ 19

‘ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਹਨ,’ ਉਨ੍ਹਾਂ ਦਾ ਆਦਰ ਕਰੋ

19 ਤੁਸੀਂ ਕੀ ਕਰੋਗੇ ਜੇ ਤੁਹਾਨੂੰ ਅਜਿਹਾ ਤੋਹਫ਼ਾ ਮਿਲੇ ਜੋ ਖ਼ਾਸਕਰ ਤੁਹਾਡੇ ਲਈ ਬਣਾਇਆ ਗਿਆ ਹੈ? ਕੀ ਤੁਸੀਂ ਇਸ ਨੂੰ ਵਰਤ ਕੇ ਆਪਣੀ ਕਦਰਦਾਨੀ ਦਿਖਾਓਗੇ? ਯਹੋਵਾਹ ਨੇ ਯਿਸੂ ਮਸੀਹ ਦੇ ਜ਼ਰੀਏ ਤੁਹਾਡੇ ਲਈ ਮਨੁੱਖਾਂ ਦੇ ਰੂਪ ਵਿਚ ਦਾਨ ਦਿੱਤੇ ਹਨ। ਇਸ ਦਾਨ ਜਾਂ ਤੋਹਫ਼ੇ ਲਈ ਕਦਰਦਾਨੀ ਦਿਖਾਉਣ ਦਾ ਇਕ ਤਰੀਕਾ ਹੈ ਕਿ ਤੁਸੀਂ ਬਜ਼ੁਰਗਾਂ ਵੱਲੋਂ ਦਿੱਤੇ ਭਾਸ਼ਣਾਂ ਨੂੰ ਧਿਆਨ ਨਾਲ ਸੁਣੋ ਅਤੇ ਉਨ੍ਹਾਂ ਵੱਲੋਂ ਦੱਸੇ ਨੁਕਤਿਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਮੀਟਿੰਗਾਂ ਵਿਚ ਵਧੀਆ ਟਿੱਪਣੀਆਂ ਕਰ ਕੇ ਵੀ ਆਪਣੀ ਕਦਰਦਾਨੀ ਦਿਖਾ ਸਕਦੇ ਹੋ। ਉਸ ਕੰਮ ਦਾ ਸਮਰਥਨ ਕਰੋ ਜਿਸ ਕੰਮ ਵਿਚ ਬਜ਼ੁਰਗ ਅਗਵਾਈ ਕਰ ਰਹੇ ਹਨ ਜਿਵੇਂ ਪ੍ਰਚਾਰ। ਜੇ ਤੁਹਾਨੂੰ ਕਿਸੇ ਬਜ਼ੁਰਗ ਤੋਂ ਮਿਲੀ ਸਲਾਹ ਤੋਂ ਫ਼ਾਇਦਾ ਹੋਇਆ ਹੈ, ਤਾਂ ਕਿਉਂ ਨਾ ਉਸ ਨੂੰ ਦੱਸੋ? ਇਸ ਦੇ ਨਾਲ-ਨਾਲ ਕਿਉਂ ਨਾ ਬਜ਼ੁਰਗਾਂ ਦੇ ਪਰਿਵਾਰਾਂ ਲਈ ਵੀ ਕਦਰ ਦਿਖਾਓ? ਯਾਦ ਰੱਖੋ ਕਿ ਬਜ਼ੁਰਗਾਂ ਵੱਲੋਂ ਕਲੀਸਿਯਾ ਵਿਚ ਸਖ਼ਤ ਮਿਹਨਤ ਕਰਦੇ ਰਹਿਣ ਲਈ ਉਨ੍ਹਾਂ ਦੇ ਪਰਿਵਾਰ ਉਹ ਸਮਾਂ ਕੁਰਬਾਨ ਕਰ ਰਹੇ ਹਨ ਜੋ ਉਹ ਇਕੱਠੇ ਗੁਜ਼ਾਰ ਸਕਦੇ ਸਨ।

(1 ਥੱਸਲੁਨੀਕੀਆਂ 5:14) ਦੂਜੇ ਪਾਸੇ ਭਰਾਵੋ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਅਣਆਗਿਆਕਾਰ ਮਸੀਹੀਆਂ ਨੂੰ ਚੇਤਾਵਨੀ ਦਿਓ, ਨਿਰਾਸ਼ ਲੋਕਾਂ ਨੂੰ ਦਿਲਾਸਾ ਦਿਓ, ਕਮਜ਼ੋਰਾਂ ਨੂੰ ਸਹਾਰਾ ਦਿਓ ਅਤੇ ਸਾਰਿਆਂ ਨਾਲ ਧੀਰਜ ਨਾਲ ਪੇਸ਼ ਆਓ।

w17.10 10 ਪੈਰਾ 13

‘ਦਿਲੋਂ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ ਦਿਓ’

13 ਕਮਜ਼ੋਰਾਂ ਨੂੰ ਸਹਾਰਾ ਦਿਓ। ਬਾਈਬਲ ਵਿਚ ਸਾਨੂੰ ਹੁਕਮ ਦਿੱਤਾ ਗਿਆ ਹੈ ਕਿ “ਕਮਜ਼ੋਰਾਂ ਨੂੰ ਸਹਾਰਾ ਦਿਓ ਅਤੇ ਸਾਰਿਆਂ ਨਾਲ ਧੀਰਜ ਨਾਲ ਪੇਸ਼ ਆਓ।” ਇਸ ਹੁਕਮ ਨੂੰ ਮੰਨ ਕੇ ਅਸੀਂ ਦਿਖਾ ਸਕਦੇ ਹਾਂ ਕਿ ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਸੱਚਾ ਹੈ। (1 ਥੱਸ. 5:14) ਬਹੁਤ ਸਾਰੇ ਭੈਣਾਂ-ਭਰਾਵਾਂ ਦੀ ਨਿਹਚਾ ਪਹਿਲਾਂ ਕਮਜ਼ੋਰ ਸੀ, ਪਰ ਬਾਅਦ ਵਿਚ ਉਨ੍ਹਾਂ ਦੀ ਨਿਹਚਾ ਬਹੁਤ ਮਜ਼ਬੂਤ ਹੋਈ ਹੈ। ਪਰ ਕੁਝ ਭੈਣ-ਭਰਾ ਮਦਦ ਮਿਲਣ ਦੇ ਬਾਵਜੂਦ ਸ਼ਾਇਦ ਜਲਦੀ ਮਜ਼ਬੂਤ ਨਾ ਹੋਣ। ਇਸ ਲਈ ਸਾਨੂੰ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਧੀਰਜ ਅਤੇ ਪਿਆਰ ਦਿਖਾਉਣ ਦੀ ਲੋੜ ਹੈ। ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ? ਅਸੀਂ ਬਾਈਬਲ ਵਰਤ ਕੇ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹਾਂ। ਅਸੀਂ ਉਨ੍ਹਾਂ ਨੂੰ ਆਪਣੇ ਨਾਲ ਪ੍ਰਚਾਰ ʼਤੇ ਲਿਜਾ ਸਕਦੇ ਹਾਂ ਜਾਂ ਕਦੀ-ਕਦੀ ਕੁਝ ਕਹਿਣ ਦੀ ਬਜਾਇ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਸੁਣ ਸਕਦੇ ਹਾਂ। ਸਾਨੂੰ ਭੈਣਾਂ-ਭਰਾਵਾਂ ʼਤੇ “ਕਮਜ਼ੋਰ” ਜਾਂ “ਮਜ਼ਬੂਤ” ਦਾ ਠੱਪਾ ਨਹੀਂ ਲਾਉਣਾ ਚਾਹੀਦਾ। ਯਾਦ ਰੱਖੋ ਕਿ ਸਾਰਿਆਂ ਵਿਚ ਕਮੀਆਂ ਵੀ ਹਨ ਤੇ ਖੂਬੀਆਂ ਵੀ। ਪੌਲੁਸ ਰਸੂਲ ਨੇ ਵੀ ਮੰਨਿਆਂ ਕਿ ਉਸ ਵਿਚ ਵੀ ਕਮੀਆਂ ਸਨ। (2 ਕੁਰਿੰ. 12:9, 10) ਸਾਨੂੰ ਸਾਰਿਆਂ ਨੂੰ ਇਕ-ਦੂਜੇ ਤੋਂ ਮਦਦ ਅਤੇ ਹੌਸਲੇ ਦੀ ਲੋੜ ਹੈ।

w15 2/15 9 ਪੈਰਾ 16

ਯਿਸੂ ਵਾਂਗ ਨਿਮਰ ਅਤੇ ਦਇਆਵਾਨ ਬਣੋ

16 ਸਾਡੇ ਪਿਆਰ ਭਰੇ ਸ਼ਬਦ। ਦਇਆ ਦਾ ਗੁਣ ਸਾਨੂੰ “ਨਿਰਾਸ਼ ਲੋਕਾਂ ਨੂੰ ਦਿਲਾਸਾ” ਦੇਣ ਲਈ ਪ੍ਰੇਰਿਤ ਕਰਦਾ ਹੈ। (1 ਥੱਸ. 5:14) ਅਸੀਂ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਕੀ ਕਹਿ ਸਕਦੇ ਹਾਂ? ਅਸੀਂ ਉਨ੍ਹਾਂ ਨੂੰ ਦੱਸ ਸਕਦੇ ਹਾਂ ਕਿ ਸਾਨੂੰ ਉਨ੍ਹਾਂ ਦਾ ਕਿੰਨਾ ਫ਼ਿਕਰ ਹੈ। ਅਸੀਂ ਉਨ੍ਹਾਂ ਦੀ ਤਾਰੀਫ਼ ਕਰ ਸਕਦੇ ਹਾਂ ਅਤੇ ਉਨ੍ਹਾਂ ਦੀ ਇਹ ਦੇਖਣ ਵਿਚ ਮਦਦ ਕਰ ਸਕਦੇ ਹਾਂ ਕਿ ਉਨ੍ਹਾਂ ਵਿਚ ਕਿੰਨੀਆਂ ਖੂਬੀਆਂ ਅਤੇ ਕਾਬਲੀਅਤਾਂ ਹਨ। ਅਸੀਂ ਉਨ੍ਹਾਂ ਨੂੰ ਯਾਦ ਕਰਾ ਸਕਦੇ ਹਾਂ ਕਿ ਯਹੋਵਾਹ ਨੇ ਉਨ੍ਹਾਂ ਦੀ ਸੱਚਾਈ ਲੱਭਣ ਵਿਚ ਮਦਦ ਕੀਤੀ ਹੈ, ਇਸ ਲਈ ਉਹ ਉਸ ਦੀਆਂ ਨਜ਼ਰਾਂ ਵਿਚ ਅਨਮੋਲ ਹਨ। (ਯੂਹੰ. 6:44) ਅਸੀਂ ਉਨ੍ਹਾਂ ਨੂੰ ਯਕੀਨ ਦਿਵਾ ਸਕਦੇ ਹਾਂ ਕਿ ਯਹੋਵਾਹ ਨੂੰ ਆਪਣੇ ‘ਟੁੱਟੇ ਦਿਲ ਵਾਲੇ’ ਸੇਵਕਾਂ ਦੀ ਦਿਲੋਂ ਪਰਵਾਹ ਹੈ। (ਜ਼ਬੂ. 34:18) ਵਾਕਈ, ਸਾਡੇ ਲਫ਼ਜ਼ ਨਿਰਾਸ਼ ਭੈਣਾਂ-ਭਰਾਵਾਂ ਨੂੰ ਤਰੋ-ਤਾਜ਼ਾ ਕਰ ਸਕਦੇ ਹਨ।​—ਕਹਾ. 16:24.

ਹੀਰੇ-ਮੋਤੀਆਂ ਦੀ ਖੋਜ ਕਰੋ

(1 ਥੱਸਲੁਨੀਕੀਆਂ 4:3-6) ਕਿਉਂਕਿ ਪਰਮੇਸ਼ੁਰ ਦੀ ਇਹੀ ਇੱਛਾ ਹੈ ਕਿ ਤੁਸੀਂ ਪਵਿੱਤਰ ਬਣੋ ਅਤੇ ਹਰਾਮਕਾਰੀ ਤੋਂ ਦੂਰ ਰਹੋ। 4 ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਵਿੱਤਰਤਾ ਅਤੇ ਆਦਰਯੋਗ ਤਰੀਕੇ ਨਾਲ ਆਪਣੇ ਸਰੀਰ ਨੂੰ ਕਿਵੇਂ ਕਾਬੂ ਵਿਚ ਰੱਖਣਾ ਹੈ, 5 ਨਾ ਕਿ ਕਾਮ-ਵਾਸ਼ਨਾ ਦੇ ਲਾਲਚ ਨਾਲ, ਜਿਵੇਂ ਕਿ ਦੁਨੀਆਂ ਦੇ ਲੋਕ ਕਰਦੇ ਹਨ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ। 6 ਇਸ ਮਾਮਲੇ ਵਿਚ ਕਿਸੇ ਨੂੰ ਵੀ ਆਪਣੇ ਭਰਾ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਉਸ ਦਾ ਹੱਕ ਮਾਰਨਾ ਚਾਹੀਦਾ ਹੈ ਕਿਉਂਕਿ ਯਹੋਵਾਹ ਅਜਿਹੇ ਪਾਪਾਂ ਦੀ ਸਜ਼ਾ ਜ਼ਰੂਰ ਦੇਵੇਗਾ, ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਅਤੇ ਚੰਗੀ ਤਰ੍ਹਾਂ ਸਮਝਾਇਆ ਸੀ।

it-1 863-864

ਹਰਾਮਕਾਰੀ

ਹਰਾਮਕਾਰੀ ਇਕ ਅਜਿਹਾ ਅਪਰਾਧ ਹੈ ਜਿਸ ਕਰਕੇ ਇਕ ਵਿਅਕਤੀ ਨੂੰ ਮਸੀਹੀ ਮੰਡਲੀ ਵਿੱਚੋਂ ਛੇਕਿਆ ਜਾ ਸਕਦਾ ਹੈ। (1 ਕੁਰਿੰ 5:9-13; ਇਬ 12:15, 16) ਰਸੂਲ ਨੇ ਸਮਝਾਇਆ ਕਿ ਹਰਾਮਕਾਰੀ ਕਰਨ ਵਾਲਾ ਵਿਅਕਤੀ ਆਪਣੇ ਸਰੀਰ ਵਿਰੁੱਧ ਪਾਪ ਕਰਦਾ ਹੈ। ਉਹ ਆਪਣੇ ਜਣਨ ਅੰਗਾਂ ਦੀ ਗ਼ਲਤ ਵਰਤੋਂ ਕਰਦਾ ਹੈ। ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ʼਤੇ ਬੁਰਾ ਅਸਰ ਪੈਂਦਾ ਹੈ। ਉਹ ਪਰਮੇਸ਼ੁਰ ਦੀ ਮੰਡਲੀ ʼਤੇ ਕਲੰਕ ਲਾਉਂਦਾ ਹੈ ਅਤੇ ਖ਼ੁਦ ਉਸ ਨੂੰ ਜਿਨਸੀ ਬੀਮਾਰੀਆਂ ਲੱਗਦੀਆਂ ਹਨ। (1 ਕੁਰਿੰ 6:18, 19) ਹਰਾਮਕਾਰੀ ਕਰਨ ਵਾਲਾ ਵਿਅਕਤੀ ਆਪਣੇ ਭਰਾ ਦਾ ਨੁਕਸਾਨ ਕਰਦਾ ਹੈ, ਜਿਵੇਂ (1) ਉਹ ਮੰਡਲੀ ਨੂੰ ਭ੍ਰਿਸ਼ਟ ਕਰ ਕੇ ਅਤੇ ਉਸ ʼਤੇ ਬਦਨਾਮੀ ਲਿਆਉਂਦਾ ਹੈ। (ਇਬ 12:15, 16) (2) ਜਿਸ ਨਾਲ ਉਹ ਹਰਾਮਕਾਰੀ ਕਰਦਾ ਹੈ, ਜੇ ਉਹ ਕੁਆਰੀ ਹੈ, ਤਾਂ ਉਸ ਨੂੰ ਪਵਿੱਤਰ ਹੋ ਕੇ ਵਿਆਹੁਤਾ ਰਿਸ਼ਤੇ ਵਿਚ ਬੱਝਣ ਅਤੇ ਨੈਤਿਕ ਤੌਰ ʼਤੇ ਸ਼ੁੱਧ ਰਹਿਣ ਤੋਂ ਵਾਂਝਾ ਕਰਦਾ ਹੈ। (3) ਆਪਣੇ ਪਰਿਵਾਰ ਦੇ ਨਾਂ ʼਤੇ ਧੱਬਾ ਲਾਉਂਦਾ ਹੈ ਅਤੇ (4) ਜਿਸ ਨਾਲ ਉਹ ਹਰਾਮਕਾਰੀ ਕਰਦਾ ਹੈ, ਉਸ ਦੇ ਮਾਪਿਆਂ, ਪਤੀ ਜਾਂ ਮੰਗੇਤਰ ਨਾਲ ਗ਼ਲਤ ਕਰਦਾ ਹੈ। (1 ਥੱਸ 4:3-7) ਉਹ ਹਰਾਮਕਾਰੀ ਨੂੰ ਸਹੀ ਜਾਂ ਗ਼ਲਤ ਮੰਨਣ ਵਾਲੇ ਕਿਸੇ ਆਦਮੀ ਦਾ ਨਿਰਾਦਰ ਨਹੀਂ ਕਰਦਾ, ਪਰ ਉਹ ਪਰਮੇਸ਼ੁਰ ਦਾ ਨਿਰਾਦਰ ਕਰਦਾ ਹੈ ਜੋ ਉਸ ਦੇ ਪਾਪ ਦੀ ਸਜ਼ਾ ਉਸ ਨੂੰ ਜ਼ਰੂਰ ਦੇਵੇਗਾ।—1 ਥੱਸ 4:8.

(1 ਥੱਸਲੁਨੀਕੀਆਂ 4:15-17) ਅਸੀਂ ਤੁਹਾਨੂੰ ਯਹੋਵਾਹ ਦੇ ਬਚਨ ਅਨੁਸਾਰ ਹੀ ਦੱਸ ਰਹੇ ਹਾਂ ਕਿ ਸਾਡੇ ਵਿੱਚੋਂ ਜਿਹੜੇ ਪ੍ਰਭੂ ਦੀ ਮੌਜੂਦਗੀ ਦੌਰਾਨ ਜੀ ਰਹੇ ਹੋਣਗੇ, ਉਨ੍ਹਾਂ ਨੂੰ ਮੌਤ ਦੀ ਨੀਂਦ ਸੌਂ ਰਹੇ ਲੋਕਾਂ ਤੋਂ ਪਹਿਲਾਂ ਸਵਰਗ ਨਹੀਂ ਲਿਜਾਇਆ ਜਾਵੇਗਾ; 16 ਕਿਉਂਕਿ ਪ੍ਰਭੂ ਆਪ ਮਹਾਂ ਦੂਤ ਵਜੋਂ ਹੁਕਮ ਦਿੰਦਾ ਹੋਇਆ ਪਰਮੇਸ਼ੁਰ ਦੀ ਤੁਰ੍ਹੀ ਲਈ ਸਵਰਗੋਂ ਥੱਲੇ ਆਵੇਗਾ ਅਤੇ ਮਸੀਹ ਦੇ ਜਿਹੜੇ ਚੇਲੇ ਮੌਤ ਦੀ ਨੀਂਦ ਸੌਂ ਚੁੱਕੇ ਹਨ, ਉਹ ਪਹਿਲਾਂ ਜੀਉਂਦੇ ਹੋ ਜਾਣਗੇ। 17 ਅਤੇ ਫਿਰ ਅਸੀਂ ਜਿਹੜੇ ਪ੍ਰਭੂ ਦੀ ਮੌਜੂਦਗੀ ਦੌਰਾਨ ਜੀ ਰਹੇ ਹੋਵਾਂਗੇ, ਉਨ੍ਹਾਂ ਦੇ ਨਾਲ ਹੋਣ ਲਈ ਅਤੇ ਹਵਾ ਵਿਚ ਪ੍ਰਭੂ ਨੂੰ ਮਿਲਣ ਲਈ ਬੱਦਲਾਂ ਵਿਚ ਉਠਾਏ ਜਾਵਾਂਗੇ; ਅਤੇ ਇਸ ਤਰ੍ਹਾਂ ਅਸੀਂ ਹਮੇਸ਼ਾ ਪ੍ਰਭੂ ਦੇ ਨਾਲ ਰਹਾਂਗੇ।

w15 7/15 18-19 ਪੈਰੇ 14-15

14 ਪਰਮੇਸ਼ੁਰ ਦੇ ਲੋਕਾਂ ਉੱਤੇ ਮਾਗੋਗ ਦੇ ਗੋਗ ਦੇ ਹਮਲੇ ਤੋਂ ਬਾਅਦ ਕੀ ਹੋਵੇਗਾ? ਬਾਈਬਲ ਦੱਸਦੀ ਹੈ ਕਿ ਮਨੁੱਖ ਦਾ ਪੁੱਤਰ “ਆਪਣੇ ਦੂਤਾਂ ਨੂੰ ਘੱਲੇਗਾ ਅਤੇ ਦੂਤ ਆਕਾਸ਼ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ, ਚੌਹਾਂ ਪਾਸਿਆਂ ਤੋਂ ਉਸ ਦੇ ਚੁਣੇ ਹੋਏ ਲੋਕਾਂ ਨੂੰ ਇਕੱਠਾ ਕਰਨਗੇ।” (ਮਰ. 13:27; ਮੱਤੀ 24:31) ਇੱਥੇ ਇਕੱਠੇ ਕਰਨ ਦੀ ਜਿਹੜੀ ਗੱਲ ਕੀਤੀ ਗਈ ਹੈ, ਉਹ ਨਾ ਤਾਂ ਚੁਣੇ ਹੋਏ ਮਸੀਹੀਆਂ ਨੂੰ 33 ਈਸਵੀ ਵਿਚ ਪਹਿਲੀ ਵਾਰ ਚੁਣੇ ਜਾਣ ਬਾਰੇ ਹੈ ਅਤੇ ਨਾ ਹੀ ਧਰਤੀ ਉੱਤੇ ਬਾਕੀ ਰਹਿ ਚੁੱਕੇ ਚੁਣੇ ਹੋਏ ਮਸੀਹੀਆਂ ʼਤੇ ਆਖ਼ਰੀ ਮੋਹਰ ਲਾਉਣ ਬਾਰੇ ਹੈ। (ਮੱਤੀ 13:37, 38) ਆਖ਼ਰੀ ਮੋਹਰ ਮਹਾਂਕਸ਼ਟ ਦੇ ਸ਼ੁਰੂ ਹੋਣ ਤੋਂ ਕੁਝ ਹੀ ਸਮਾਂ ਪਹਿਲਾਂ ਲੱਗੇਗੀ। (ਪ੍ਰਕਾ. 7:1-4) ਸੋ ਫਿਰ ਇਹ ਇਕੱਠਾ ਕਰਨ ਦਾ ਕੰਮ ਕੀ ਹੈ? ਇਹ ਉਹ ਸਮਾਂ ਹੈ ਜਦੋਂ ਧਰਤੀ ਉੱਤੇ ਬਾਕੀ ਰਹਿ ਚੁੱਕੇ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਲਿਜਾਇਆ ਜਾਵੇਗਾ। (1 ਥੱਸ. 4:15-17; ਪ੍ਰਕਾ. 14:1) ਇਹ ਘਟਨਾ ਮਾਗੋਗ ਦੇ ਗੋਗ ਦੇ ਹਮਲੇ ਦੇ ਸ਼ੁਰੂ ਹੋਣ ਤੋਂ ਬਾਅਦ ਹੋਵੇਗੀ। (ਹਿਜ਼. 38:11) ਫਿਰ ਜਿੱਦਾਂ ਯਿਸੂ ਨੇ ਕਿਹਾ ਸੀ, “ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿਚ ਸੂਰਜ ਵਾਂਗ ਚਮਕਣਗੇ।”​—ਮੱਤੀ 13:43.

15 ਚਰਚ ਦੇ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਮਸੀਹੀਆਂ ਨੂੰ ਮਨੁੱਖੀ ਸਰੀਰ ਵਿਚ ਸਵਰਗ ਲਿਜਾਇਆ ਜਾਵੇਗਾ। ਨਾਲੇ ਉਹ ਇਹ ਵੀ ਸੋਚਦੇ ਹਨ ਕਿ ਉਹ ਯਿਸੂ ਨੂੰ ਧਰਤੀ ਉੱਤੇ ਆਉਂਦਿਆਂ ਅਤੇ ਰਾਜ ਕਰਦਿਆਂ ਦੇਖਣਗੇ। ਪਰ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਜਦੋਂ ਯਿਸੂ ਵਾਪਸ ਆਵੇਗਾ, ਤਾਂ ਉਸ ਨੂੰ ਕੋਈ ਵੀ ਨਹੀਂ ਦੇਖ ਸਕੇਗਾ: “ਮਨੁੱਖ ਦੇ ਪੁੱਤਰ ਦੀ ਨਿਸ਼ਾਨੀ ਆਕਾਸ਼ ਵਿਚ ਦਿਖਾਈ ਦੇਵੇਗੀ” ਅਤੇ ਯਿਸੂ “ਬੱਦਲਾਂ ਵਿਚ” ਆਵੇਗਾ। (ਮੱਤੀ 24:30) ਬਾਈਬਲ ਇਹ ਵੀ ਕਹਿੰਦੀ ਹੈ ਕਿ “ਹੱਡ-ਮਾਸ ਦੇ ਸਰੀਰ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।” ਸੋ ਜਿਨ੍ਹਾਂ ਨੂੰ ਸਵਰਗ ਲਿਜਾਇਆ ਜਾਵੇਗਾ, ਉਨ੍ਹਾਂ ਨੂੰ ਪਹਿਲਾਂ “ਆਖ਼ਰੀ ਤੁਰ੍ਹੀ ਵਜਾਏ ਜਾਣ ਵੇਲੇ ਇਕ ਪਲ ਵਿਚ, ਹਾਂ, ਅੱਖ ਝਮਕਦਿਆਂ ਹੀ ਬਦਲ” ਜਾਣਾ ਪਵੇਗਾ। (1 ਕੁਰਿੰਥੀਆਂ 15:50-53 ਪੜ੍ਹੋ।) ਧਰਤੀ ਉੱਤੇ ਬਚੇ ਹੋਏ ਵਫ਼ਾਦਾਰ ਚੁਣੇ ਹੋਇਆਂ ਨੂੰ ਇਕਦਮ ਇਕੱਠਾ ਕੀਤਾ ਜਾਵੇਗਾ।

15-21 ਜੁਲਾਈ

ਰੱਬ ਦਾ ਬਚਨ ਖ਼ਜ਼ਾਨਾ ਹੈ | 2 ਥੱਸਲੁਨੀਕੀਆਂ 1-3

“ਦੁਸ਼ਟ ਬੰਦੇ ਨੂੰ ਪ੍ਰਗਟ ਕੀਤਾ ਜਾਵੇਗਾ”

(2 ਥੱਸਲੁਨੀਕੀਆਂ 2:6-8) ਅਤੇ ਤੁਸੀਂ ਜਾਣਦੇ ਹੋ ਕਿ ਕਿਸ ਨੇ ਉਸ ਦੁਸ਼ਟ ਬੰਦੇ ਨੂੰ ਅਜੇ ਤਕ ਰੋਕ ਕੇ ਰੱਖਿਆ ਹੋਇਆ ਹੈ ਤਾਂਕਿ ਉਸ ਨੂੰ ਆਪਣੇ ਸਮੇਂ ʼਤੇ ਪ੍ਰਗਟ ਕੀਤਾ ਜਾਵੇ। 7 ਇਹ ਸੱਚ ਹੈ ਕਿ ਉਸ ਦੀ ਦੁਸ਼ਟਤਾ ਇਕ ਭੇਤ ਹੈ ਅਤੇ ਇਸ ਦੁਸ਼ਟਤਾ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ; ਇਹ ਭੇਤ ਉਦੋਂ ਤਕ ਹੀ ਭੇਤ ਬਣਿਆ ਰਹੇਗਾ ਜਦੋਂ ਤਕ ਉਸ ਨੂੰ ਹੁਣ ਰੋਕ ਕੇ ਰੱਖਣ ਵਾਲਾ ਖ਼ਤਮ ਨਹੀਂ ਹੋ ਜਾਂਦਾ। 8 ਇਸ ਤੋਂ ਬਾਅਦ ਉਸ ਦੁਸ਼ਟ ਬੰਦੇ ਨੂੰ ਪ੍ਰਗਟ ਕੀਤਾ ਜਾਵੇਗਾ ਅਤੇ ਜਦੋਂ ਪ੍ਰਭੂ ਯਿਸੂ ਆਪਣੀ ਮੌਜੂਦਗੀ ਦੌਰਾਨ ਪ੍ਰਗਟ ਹੋਵੇਗਾ, ਤਾਂ ਉਸ ਨੂੰ ਆਪਣੇ ਮੂੰਹ ਦੇ ਸ਼ਕਤੀਸ਼ਾਲੀ ਬਚਨਾਂ ਨਾਲ ਖ਼ਤਮ ਕਰ ਦੇਵੇਗਾ।

it-1 972-973

ਭਗਤੀ ਨਾਲ ਜੀਵਨ ਗੁਜ਼ਾਰਨਾ

ਇਕ ਹੋਰ ਭੇਤ ਹੈ ਜੋ ਯਹੋਵਾਹ ਦੇ “ਭੇਤ” ਦੇ ਬਿਲਕੁਲ ਖ਼ਿਲਾਫ਼ ਹੈ। ਇਹ “ਉਸ ਦੀ ਦੁਸ਼ਟਤਾ ਇਕ ਭੇਤ ਹੈ।” ਇਹ ਸੱਚੇ ਮਸੀਹੀਆਂ ਲਈ ਇਕ ਭੇਤ ਸੀ ਕਿਉਂਕਿ ਪੌਲੁਸ ਦੇ ਜ਼ਮਾਨੇ ਵਿਚ “ਉਸ ਦੁਸ਼ਟ ਬੰਦੇ” ਨੇ ਅਜੇ ਰੂਪ ਨਹੀਂ ਧਾਰਿਆ ਸੀ ਅਤੇ ਉਸ ਦੀ ਸਾਫ਼-ਸਾਫ਼ ਪਛਾਣ ਨਹੀਂ ਹੋਈ ਸੀ। ਉਸ “ਬੰਦੇ” ਦੇ ਰੂਪ ਧਾਰਨ ਤੋਂ ਬਾਅਦ ਵੀ ਜ਼ਿਆਦਾਤਰ ਲੋਕਾਂ ਲਈ ਉਸ ਦੀ ਪਛਾਣ ਇਕ ਭੇਤ ਬਣੀ ਰਹੀ ਕਿਉਂਕਿ ਉਹ ਭੇਸ ਬਦਲ ਕੇ ਅਤੇ ਪਰਮੇਸ਼ੁਰ ਦੀ ਭਗਤੀ ਦਾ ਦਿਖਾਵਾ ਕਰਦਿਆਂ ਦੁਸ਼ਟ ਕੰਮ ਕਰਦਾ ਸੀ। ਦਰਅਸਲ ਉਹ ਪਰਮੇਸ਼ੁਰ ਦੀ ਭਗਤੀ ਦੇ ਖ਼ਿਲਾਫ਼ ਚੱਲ ਰਿਹਾ ਸੀ। ਪੌਲੁਸ ਨੇ ਕਿਹਾ ਕਿ “ਉਸ ਦੀ ਦੁਸ਼ਟਤਾ ਇਕ ਭੇਤ ਹੈ” ਅਤੇ ਇਸ ਦੁਸ਼ਟਤਾ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਮੰਡਲੀ ਵਿਚ ਬੁਰਾ ਪ੍ਰਭਾਵ ਸੀ ਜਿਸ ਕਰਕੇ ਲੋਕ ਧਰਮ-ਤਿਆਗੀ ਬਣ ਗਏ। ਅਖ਼ੀਰ, ਜਦੋਂ ਯਿਸੂ ਮਸੀਹ ਆਪਣੀ ਮੌਜੂਦਗੀ ਦੌਰਾਨ ਪ੍ਰਗਟ ਹੋਵੇਗਾ, ਤਾਂ ਉਹ ਉਸ ਨੂੰ ਆਪਣੇ ਮੂੰਹ ਦੇ ਸ਼ਕਤੀਸ਼ਾਲੀ ਬਚਨਾਂ ਨਾਲ ਖ਼ਤਮ ਕਰ ਦੇਵੇਗਾ। ਇਹ ਧਰਮ-ਤਿਆਗੀ ‘ਬੰਦਾ’ ਸ਼ੈਤਾਨ ਕਰਕੇ ਹੀ ਆਪਣੇ ਆਪ ਨੂੰ “‘ਪਰਮੇਸ਼ੁਰ ਜਾਂ ਕਿਸੇ ਸ਼ਰਧਾਮਈ ਚੀਜ਼ ਤੋਂ ਉੱਚਾ ਚੁੱਕਦਾ ਹੈ।” ਸ਼ੈਤਾਨ ਅਧੀਨ ਇਹ ਬੰਦਾ ਪਰਮੇਸ਼ੁਰ ਦਾ ਵੱਡਾ ਵਿਰੋਧੀ ਤੇ ਅੱਤ ਦਾ ਧੋਖੇਬਾਜ਼ ਹੈ ਅਤੇ ਇਸ ਪਿੱਛੇ ਚੱਲਣ ਵਾਲੇ ਲੋਕਾਂ ਦਾ ਵਿਨਾਸ਼ ਹੋਵੇਗਾ। ਇਹ ‘ਦੁਸ਼ਟ ਬੰਦਾ’ ਪਰਮੇਸ਼ੁਰ ਦੀ ਭਗਤੀ ਕਰਨ ਦਾ ਪਖੰਡ ਕਰਦਿਆਂ ਦੁਸ਼ਟ ਕੰਮ ਕਰਦਾ ਹੈ।—2 ਥੱਸ 2:3-12; ਮੱਤੀ 7:15, 21-23.

(2 ਥੱਸਲੁਨੀਕੀਆਂ 2:9-12) ਪਰ ਉਸ ਦੁਸ਼ਟ ਬੰਦੇ ਦੀ ਮੌਜੂਦਗੀ ਸ਼ੈਤਾਨ ਕਰਕੇ ਹੀ ਹੈ ਜਿਹੜਾ ਉਸ ਨੂੰ ਚਮਤਕਾਰ ਤੇ ਕਰਾਮਾਤਾਂ ਕਰਨ ਅਤੇ ਝੂਠੀਆਂ ਨਿਸ਼ਾਨੀਆਂ ਦਿਖਾਉਣ ਦੀ ਸ਼ਕਤੀ ਦਿੰਦਾ ਹੈ 10 ਅਤੇ ਸ਼ੈਤਾਨ ਉਸ ਨੂੰ ਇਹ ਸ਼ਕਤੀ ਵੀ ਦਿੰਦਾ ਹੈ ਕਿ ਉਹ ਹਰ ਗ਼ਲਤ ਤਰੀਕਾ ਵਰਤ ਕੇ ਵਿਨਾਸ਼ ਦੇ ਰਾਹ ਉੱਤੇ ਚੱਲ ਰਹੇ ਲੋਕਾਂ ਨੂੰ ਧੋਖਾ ਦੇਵੇ। ਇਨ੍ਹਾਂ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਕਿਉਂਕਿ ਇਨ੍ਹਾਂ ਨੇ ਸੱਚਾਈ ਨੂੰ ਨਾ ਤਾਂ ਕਬੂਲ ਕੀਤਾ ਅਤੇ ਨਾ ਹੀ ਇਸ ਨੂੰ ਪਿਆਰ ਕੀਤਾ ਜਿਸ ਦੁਆਰਾ ਇਹ ਬਚਾਏ ਜਾ ਸਕਦੇ ਸਨ। 11 ਇਸੇ ਕਰਕੇ ਪਰਮੇਸ਼ੁਰ ਨੇ ਇਨ੍ਹਾਂ ਨੂੰ ਧੋਖਾ ਖਾਣ ਦਿੱਤਾ ਤਾਂਕਿ ਇਹ ਝੂਠ ਨੂੰ ਸੱਚ ਮੰਨਣ, 12 ਅਤੇ ਇਸ ਕਰਕੇ ਇਨ੍ਹਾਂ ਸਾਰਿਆਂ ਦਾ ਨਿਆਂ ਕੀਤਾ ਜਾਵੇਗਾ ਕਿਉਂਕਿ ਇਨ੍ਹਾਂ ਨੇ ਸੱਚਾਈ ਉੱਤੇ ਯਕੀਨ ਨਹੀਂ ਕੀਤਾ, ਸਗੋਂ ਇਹ ਬੁਰਾਈ ਤੋਂ ਖ਼ੁਸ਼ ਹੋਏ।

it-2 245 ਪੈਰਾ 7

ਝੂਠ

ਯਹੋਵਾਹ ਪਰਮੇਸ਼ੁਰ ਨੇ “ਉਨ੍ਹਾਂ ਲੋਕਾਂ ਨੂੰ ਧੋਖਾ ਖਾਣ ਦਿੱਤਾ” ਜੋ ਝੂਠ ਨੂੰ ਪਸੰਦ ਕਰਦੇ ਹਨ ਕਿ ਉਹ ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ʼਤੇ ਵਿਸ਼ਵਾਸ ਕਰਨ ਦੀ ਬਜਾਇ “ਝੂਠ ਨੂੰ ਸੱਚ ਮੰਨਣ।” (2 ਥੱਸ 2:9-12) ਸਦੀਆਂ ਪਹਿਲਾਂ ਇਜ਼ਰਾਈਲੀ ਰਾਜੇ ਅਹਾਬ ਨਾਲ ਜੋ ਹੋਇਆ, ਉਸ ਤੋਂ ਅਸੀਂ ਇਹ ਗੱਲ ਦੇਖ ਸਕਦੇ ਹਾਂ। ਝੂਠੇ ਨਬੀਆਂ ਨੇ ਅਹਾਬ ਨੂੰ ਭਰੋਸਾ ਦਿਵਾਇਆ ਕਿ ਰਾਮੋਥ-ਗਿਲਆਦ ਵਿਚ ਉਸ ਦੀ ਜਿੱਤ ਪੱਕੀ ਸੀ ਜਦ ਕਿ ਯਹੋਵਾਹ ਦੇ ਨਬੀ ਮੀਕਾਯਾਹ ਨੇ ਪਹਿਲਾਂ ਹੀ ਨਾਸ਼ ਬਾਰੇ ਦੱਸਿਆ ਸੀ। ਜਿੱਦਾਂ ਮੀਕਾਯਾਹ ਨੂੰ ਦਰਸ਼ਣ ਵਿਚ ਦਿਖਾਇਆ ਗਿਆ ਸੀ ਕਿ ਯਹੋਵਾਹ ਨੇ “ਇੱਕ ਝੂਠਾ ਆਤਮਾ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ” ਪਾਇਆ। ਕਹਿਣ ਦਾ ਮਤਲਬ ਹੈ ਕਿ ਇਸ ਝੂਠੇ ਆਤਮਾ ਨੇ ਉਨ੍ਹਾਂ ʼਤੇ ਆਪਣੀ ਤਾਕਤ ਪਾਈ ਤਾਂਕਿ ਉਹ ਸੱਚਾਈ ਨਹੀਂ, ਸਗੋਂ ਉਹ ਗੱਲਾਂ ਬੋਲਣ ਜੋ ਉਹ ਆਪ ਬੋਲਣੀਆਂ ਚਾਹੁੰਦੇ ਸਨ ਤੇ ਜੋ ਰਾਜਾ ਅਹਾਬ ਉਨ੍ਹਾਂ ਦੇ ਮੂੰਹਾਂ ਤੋਂ ਸੁਣਨੀਆਂ ਚਾਹੁੰਦਾ ਸੀ। ਚਾਹੇ ਅਹਾਬ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ, ਪਰ ਉਹ ਝੂਠੇ ਨਬੀਆਂ ਦੇ ਮਗਰ ਲੱਗ ਕੇ ਮੂਰਖ ਬਣਿਆ ਅਤੇ ਉਸ ਨੂੰ ਆਪਣੀ ਜਾਨ ਗੁਆਉਣੀ ਪਈ।—1 ਰਾਜ. 22:1-38; 2 ਇਤ. 18.

ਹੀਰੇ-ਮੋਤੀਆਂ ਦੀ ਖੋਜ ਕਰੋ

(2 ਥੱਸਲੁਨੀਕੀਆਂ 1:7, 8) ਪਰ ਤੁਸੀਂ ਜਿਹੜੇ ਦੁੱਖ ਝੱਲ ਰਹੇ ਹੋ, ਪਰਮੇਸ਼ੁਰ ਤੁਹਾਨੂੰ ਸਾਡੇ ਨਾਲ ਉਦੋਂ ਆਰਾਮ ਦੇਵੇਗਾ ਜਦੋਂ ਪ੍ਰਭੂ ਯਿਸੂ ਆਪਣੇ ਸ਼ਕਤੀਸ਼ਾਲੀ ਦੂਤਾਂ ਨਾਲ ਅੱਗ ਵਿਚ ਸਵਰਗੋਂ ਪ੍ਰਗਟ ਹੋਵੇਗਾ। 8 ਉਸ ਵੇਲੇ ਉਹ ਉਨ੍ਹਾਂ ਲੋਕਾਂ ਤੋਂ ਬਦਲਾ ਲਵੇਗਾ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਜਿਹੜੇ ਸਾਡੇ ਪ੍ਰਭੂ ਯਿਸੂ ਬਾਰੇ ਖ਼ੁਸ਼ ਖ਼ਬਰੀ ਅਨੁਸਾਰ ਨਹੀਂ ਚੱਲਦੇ।

it-1 834 ਪੈਰਾ 5

ਅੱਗ

ਪੌਲੁਸ ਨੇ ਲਿਖਿਆ ਕਿ “ਹੁਣ ਦੇ ਆਕਾਸ਼ ਅਤੇ ਧਰਤੀ ਅੱਗ ਵਿਚ ਸਾੜੇ ਜਾਣ ਲਈ ਰੱਖੇ ਹੋਏ ਹਨ।” ਅਗਲੀਆਂ-ਪਿਛਲੀਆਂ ਆਇਤਾਂ ਤੇ ਹੋਰ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਅਸਲੀ ਅੱਗ ਦੀ ਗੱਲ ਨਹੀਂ ਕੀਤੀ ਗਈ, ਪਰ ਇੱਥੇ ਹਮੇਸ਼ਾ ਦੇ ਨਾਸ਼ ਨੂੰ ਦਰਸਾਇਆ ਗਿਆ ਹੈ। ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿਚ ਆਕਾਸ਼ ਤੇ ਧਰਤੀ ਨਾਸ਼ ਨਹੀਂ ਹੋਏ ਸਨ, ਪਰ ਸਿਰਫ਼ ਦੁਸ਼ਟ ਲੋਕਾਂ ਦਾ ਨਾਸ਼ ਹੋਇਆ ਸੀ। ਇਸੇ ਤਰ੍ਹਾਂ ਜਦੋਂ ਯਿਸੂ ਮਸੀਹ ਆਪਣੇ ਸ਼ਕਤੀਸ਼ਾਲੀ ਦੂਤਾਂ ਸਣੇ ਅੱਗ ਵਿਚ ਪ੍ਰਗਟ ਹੋਵੇਗਾ, ਤਾਂ ਸਿਰਫ਼ ਦੁਸ਼ਟ ਲੋਕਾਂ ਅਤੇ ਇਸ ਦੁਸ਼ਟ ਦੁਨੀਆਂ ਦਾ ਹਮੇਸ਼ਾ ਲਈ ਨਾਸ਼ ਹੋਵੇਗਾ।—2 ਪਤ 3:5-7, 10-13; 2 ਥੱਸ 1:6-10; ਯਸਾ 66:15, 16, 22, 24 ਵਿਚ ਨੁਕਤਾ ਦੇਖੋ।

(2 ਥੱਸਲੁਨੀਕੀਆਂ 2:2) ਜੇ ਕੋਈ ਇਹ ਦਾਅਵਾ ਕਰੇ ਕਿ ਯਹੋਵਾਹ ਦਾ ਦਿਨ ਨੇੜੇ ਆ ਗਿਆ ਹੈ, ਤਾਂ ਤੁਹਾਡੇ ਮਨ ਝੱਟ ਉਲਝਣ ਵਿਚ ਨਾ ਪੈ ਜਾਣ ਜਾਂ ਤੁਸੀਂ ਘਬਰਾ ਨਾ ਜਾਇਓ, ਭਾਵੇਂ ਇਹ ਦਾਅਵਾ ਉਨ੍ਹਾਂ ਸੰਦੇਸ਼ਾਂ ਦੇ ਆਧਾਰ ਤੇ ਕੀਤਾ ਜਾਵੇ ਜਿਹੜੇ ਪਰਮੇਸ਼ੁਰ ਵੱਲੋਂ ਆਏ ਲੱਗਦੇ ਹਨ ਜਾਂ ਉਨ੍ਹਾਂ ਗੱਲਾਂ ਦੇ ਆਧਾਰ ਤੇ ਕੀਤਾ ਜਾਵੇ ਜੋ ਤੁਹਾਨੂੰ ਜ਼ਬਾਨੀ ਦੱਸੀਆਂ ਗਈਆਂ ਹਨ ਜਾਂ ਅਜਿਹੀ ਕਿਸੇ ਚਿੱਠੀ ਦੇ ਆਧਾਰ ਤੇ ਕੀਤਾ ਜਾਵੇ ਜੋ ਸਾਡੇ ਵੱਲੋਂ ਆਈ ਲੱਗਦੀ ਹੈ।

it-1 1206 ਪੈਰਾ 4

ਪਰਮੇਸ਼ੁਰ ਵੱਲੋਂ ਆਏ

ਪੌਲੁਸ ਦੇ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ‘ਸੰਦੇਸ਼ ਪਰਮੇਸ਼ੁਰ ਵੱਲੋਂ’ ਵੀ ਹੁੰਦੇ ਹਨ ਤੇ ਝੂਠੇ ਸੰਦੇਸ਼ ਵੀ ਹੁੰਦੇ ਹਨ। ਉਸ ਨੇ 1 ਤਿਮੋਥਿਉਸ 4:1 ਵਿਚ ਦੋਨਾਂ ਬਾਰੇ ਦੱਸਿਆ ਜਦੋਂ ਉਸ ਨੇ ਕਿਹਾ ਕਿ “ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਭਵਿੱਖ ਵਿਚ ਕੁਝ ਲੋਕ ਨਿਹਚਾ ਕਰਨੀ ਛੱਡ ਦੇਣਗੇ ਕਿਉਂਕਿ ਉਹ ਗੁਮਰਾਹ ਕਰਨ ਵਾਲੀਆਂ ਗੱਲਾਂ, ਜੋ ਪਰਮੇਸ਼ੁਰ ਤੋਂ ਆਈਆਂ ਲੱਗਦੀਆਂ ਹਨ, ਅਤੇ ਦੁਸ਼ਟ ਦੂਤਾਂ ਦੀਆਂ ਸਿੱਖਿਆਵਾਂ ਪਿੱਛੇ ਲੱਗ ਜਾਣਗੇ।” ਇਸ ਤੋਂ ਪਤਾ ਲੱਗਦਾ ਹੈ ਕਿ “ਪਰਮੇਸ਼ੁਰ ਤੋਂ ਆਈਆਂ ਲੱਗਦੀਆਂ” ਝੂਠੀਆਂ ਗੱਲਾਂ ਪਿੱਛੇ ਦੁਸ਼ਟ ਦੂਤ ਹੁੰਦੇ ਹਨ। ਇਹ ਗੱਲ ਯੂਹੰਨਾ ਰਸੂਲ ਨੂੰ ਦਿਖਾਏ ਦਰਸ਼ਣ ਨਾਲ ਮੇਲ ਖਾਂਦੀ ਹੈ ਜਿਸ ਵਿਚ ਉਸ ਨੇ ਦੇਖਿਆ ਕਿ ਅਜਗਰ ਨੂੰ, ਵਹਿਸ਼ੀ ਦਰਿੰਦੇ ਨੂੰ ਅਤੇ ਝੂਠੇ ਨਬੀ ਨੂੰ “ਤਿੰਨ ਅਸ਼ੁੱਧ ਸੰਦੇਸ਼” ਦੇਣ ਲਈ ਪ੍ਰੇਰਿਆ। ਇਹ ਸੰਦੇਸ਼ ਦੇਖਣ ਨੂੰ ਡੱਡੂਆਂ ਵਰਗੇ ਲੱਗਦੇ ਸਨ। ਇਹ “ਸੰਦੇਸ਼ ਦੁਸ਼ਟ ਦੂਤਾਂ ਦੀ ਪ੍ਰੇਰਣਾ ਨਾਲ ਦਿੱਤੇ ਗਏ ਹਨ” ਜੋ ਧਰਤੀ ਦੇ ਰਾਜਿਆਂ ਨੂੰ ਆਰਮਾਗੇਡਨ ਦੀ ਲੜਾਈ ਲੜਨ ਲਈ ਇਕੱਠੇ ਹੋਣ ਲਈ ਪ੍ਰੇਰਦੇ ਹਨ।—ਪ੍ਰਕਾ. 16:13-16.

22-28 ਜੁਲਾਈ

ਰੱਬ ਦਾ ਬਚਨ ਖ਼ਜ਼ਾਨਾ ਹੈ | 1 ਤਿਮੋਥਿਉਸ 1-3

“ਚੰਗੇ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰੋ”

(1 ਤਿਮੋਥਿਉਸ 3:1) ਇਸ ਗੱਲ ʼਤੇ ਭਰੋਸਾ ਕੀਤਾ ਜਾ ਸਕਦਾ ਹੈ: ਜੇ ਕੋਈ ਭਰਾ ਨਿਗਾਹਬਾਨ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਵਿਚ ਚੰਗਾ ਕੰਮ ਕਰਨ ਦੀ ਤਮੰਨਾ ਹੈ।

w16.08 21 ਪੈਰਾ 3

ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸੱਚਾਈ ਵਿਚ ਤਰੱਕੀ ਕਰਨ ਦੀ ਲੋੜ ਹੈ?

3 ਪਹਿਲਾ ਤਿਮੋਥਿਉਸ 3:1 ਪੜ੍ਹੋ। ਯੂਨਾਨੀ ਭਾਸ਼ਾ ਵਿਚ “ਯੋਗ ਬਣਨ” ਦਾ ਮਤਲਬ ਹੈ ਕਿ ਉਸ ਚੀਜ਼ ਨੂੰ ਫੜਨ ਦੀ ਕੋਸ਼ਿਸ਼ ਕਰਨੀ ਜੋ ਸ਼ਾਇਦ ਪਹੁੰਚ ਤੋਂ ਬਾਹਰ ਹੋਵੇ। ਇਹ ਸ਼ਬਦ ਵਰਤ ਕੇ ਪੌਲੁਸ ਨੇ ਦਿਖਾਇਆ ਕਿ ਸੱਚਾਈ ਵਿਚ ਤਰੱਕੀ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਹਨਤ ਕਰਨ ਦੀ ਲੋੜ ਹੈ। ਉਸ ਭਰਾ ਬਾਰੇ ਸੋਚੋ ਜੋ ਮੰਡਲੀ ਵਿਚ ਹੋਰ ਜ਼ਿੰਮੇਵਾਰੀਆਂ ਲੈਣ ਬਾਰੇ ਸੋਚ ਰਿਹਾ ਹੈ। ਸ਼ਾਇਦ ਉਹ ਹਾਲੇ ਸਹਾਇਕ ਸੇਵਕ ਵਜੋਂ ਸੇਵਾ ਨਹੀਂ ਕਰ ਰਿਹਾ। ਪਰ ਉਸ ਨੂੰ ਪਤਾ ਹੈ ਕਿ ਉਸ ਨੂੰ ਆਪਣੇ ਵਿਚ ਪਰਮੇਸ਼ੁਰੀ ਗੁਣਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਪਹਿਲਾ, ਉਹ ਸਹਾਇਕ ਸੇਵਕ ਦੇ ਯੋਗ ਬਣਨ ਦੀ ਕੋਸ਼ਿਸ਼ ਕਰਦਾ ਹੈ। ਫਿਰ ਸਮੇਂ ਦੇ ਬੀਤਣ ਨਾਲ ਉਹ ਹੋਰ ਤਰੱਕੀ ਕਰਦਾ ਰਹਿੰਦਾ ਹੈ ਤਾਂਕਿ ਉਹ ਇਕ ਦਿਨ ਨਿਗਾਹਬਾਨ ਵਜੋਂ ਸੇਵਾ ਕਰ ਸਕੇ। ਦੋਨੋਂ ਮਾਮਲਿਆਂ ਵਿਚ ਉਸ ਭਰਾ ਨੂੰ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ।

(1 ਤਿਮੋਥਿਉਸ 3:13) ਕਿਉਂਕਿ ਜਿਹੜੇ ਭਰਾ ਵਧੀਆ ਤਰੀਕੇ ਨਾਲ ਸੇਵਾ ਕਰਦੇ ਹਨ, ਉਨ੍ਹਾਂ ਦੀ ਨੇਕਨਾਮੀ ਹੁੰਦੀ ਹੈ ਅਤੇ ਉਹ ਯਿਸੂ ਮਸੀਹ ਉੱਤੇ ਆਪਣੀ ਨਿਹਚਾ ਬਾਰੇ ਬੇਝਿਜਕ ਹੋ ਕੇ ਗੱਲ ਕਰ ਸਕਦੇ ਹਨ।

km 9/78 4 ਪੈਰਾ 7

ਜਿਨ੍ਹਾਂ ਦੀ “ਨੇਕਨਾਮੀ ਹੁੰਦੀ ਹੈ”

7 ਇਸ ਤੋਂ ਸੌਖਿਆਂ ਹੀ ਪਤਾ ਲੱਗਦਾ ਹੈ ਕਿ ਪੌਲੁਸ ਨੇ ਇਨ੍ਹਾਂ ਭਰਾਵਾਂ ਬਾਰੇ ਕਿਉਂ ਕਿਹਾ ਸੀ ਕਿ “ਉਨ੍ਹਾਂ ਦੀ ਨੇਕਨਾਮੀ ਹੁੰਦੀ ਹੈ।” ਇਹ ਇਸ ਤਰ੍ਹਾਂ ਨਹੀਂ ਹੈ ਕਿ ਉਹ ਚਰਚ ਦੇ ਪਾਦਰੀਆਂ ਵਾਂਗ ਉੱਚੀਆਂ-ਉੱਚੀਆਂ ਪਦਵੀਆਂ ਹਾਸਲ ਕਰ ਰਹੇ ਹਨ ਜਿਸ ਤਰ੍ਹਾਂ ਕੁਝ ਲੋਕ ਕਹਿੰਦੇ ਹਨ। ਇਸ ਦੀ ਬਜਾਇ, ਸਹਾਇਕ ਸੇਵਕ ਜੋ “ਵਧੀਆ ਤਰੀਕੇ ਨਾਲ ਸੇਵਾ ਕਰਦੇ ਹਨ,” ਉਨ੍ਹਾਂ ਨੂੰ ਯਹੋਵਾਹ ਤੇ ਯਿਸੂ ਵੱਲੋਂ ਬਰਕਤਾਂ ਮਿਲਦੀਆਂ ਹਨ ਅਤੇ ਪੂਰੀ ਮੰਡਲੀ ਉਨ੍ਹਾਂ ਦਾ ਆਦਰ ਕਰਦੀ ਹੈ ਅਤੇ ਉਨ੍ਹਾਂ ਦਾ ਸਾਥ ਦਿੰਦੀ ਹੈ। ਇਸ ਤਰ੍ਹਾਂ “ਉਹ ਯਿਸੂ ਮਸੀਹ ਉੱਤੇ ਆਪਣੀ ਨਿਹਚਾ ਬਾਰੇ ਬੇਝਿਜਕ ਹੋ ਕੇ ਗੱਲ ਕਰ ਸਕਦੇ ਹਨ।” ਉਹ ਆਪਣੀ ਜ਼ਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਪੂਰੀ ਕਰਦੇ ਹਨ। ਇਸ ਕਰਕੇ ਉਨ੍ਹਾਂ ਦੀ ਸੇਵਾ ਦੀ ਕਦਰ ਕੀਤੀ ਜਾਂਦੀ ਹੈ, ਉਨ੍ਹਾਂ ਦੀ ਨਿਹਚਾ ਮਜ਼ਬੂਤ ਹੈ ਅਤੇ ਉਹ ਬਦਨਾਮੀ ਦੇ ਡਰ ਕਰਕੇ ਆਪਣੀ ਨਿਹਚਾ ਦਾ ਐਲਾਨ ਕਰਨ ਤੋਂ ਪਿੱਛੇ ਨਹੀਂ ਹਟਦੇ।

ਹੀਰੇ-ਮੋਤੀਆਂ ਦੀ ਖੋਜ ਕਰੋ

(1 ਤਿਮੋਥਿਉਸ 1:4) ਝੂਠੀਆਂ ਕਹਾਣੀਆਂ ਵੱਲ ਧਿਆਨ ਨਾ ਦੇਣ ਅਤੇ ਵੰਸ਼ਾਵਲੀਆਂ ਬਾਰੇ ਖੋਜਬੀਨ ਕਰਨ ਵਿਚ ਲੱਗੇ ਨਾ ਰਹਿਣ। ਇਸ ਤਰ੍ਹਾਂ ਕਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ, ਸਗੋਂ ਖੋਜਬੀਨ ਕਰਨ ਵਾਸਤੇ ਹੋਰ ਸਵਾਲ ਖੜ੍ਹੇ ਹੁੰਦੇ ਹਨ। ਇਨ੍ਹਾਂ ਰਾਹੀਂ ਪਰਮੇਸ਼ੁਰ ਸਾਡੀ ਨਿਹਚਾ ਮਜ਼ਬੂਤ ਨਹੀਂ ਕਰਦਾ।

it-1 914-915

ਵੰਸ਼ਾਵਲੀ

ਇਨ੍ਹਾਂ ਵਿਸ਼ਿਆਂ ਬਾਰੇ ਅਧਿਐਨ ਕਰਨਾ ਅਤੇ ਚਰਚਾ ਕਰਨੀ ਬੇਕਾਰ ਸੀ ਅਤੇ ਉਸ ਸਮੇਂ ਤਾਂ ਹੋਰ ਵੀ ਜ਼ਿਆਦਾ ਬੇਕਾਰ ਸੀ ਜਦੋਂ ਪੌਲੁਸ ਨੇ ਤਿਮੋਥਿਉਸ ਨੂੰ ਲਿਖਿਆ ਸੀ। ਉਸ ਸਮੇਂ ਕਿਸੇ ਦੇ ਖ਼ਾਨਦਾਨ ਬਾਰੇ ਸਾਬਤ ਕਰਨ ਲਈ ਵੰਸ਼ਾਵਲੀ ਸੰਬੰਧੀ ਰਿਕਾਰਡ ਰੱਖਣਾ ਜ਼ਰੂਰੀ ਨਹੀਂ ਸੀ ਕਿਉਂਕਿ ਹੁਣ ਪਰਮੇਸ਼ੁਰ ਨੇ ਯਹੂਦੀ ਤੇ ਗ਼ੈਰ-ਯਹੂਦੀਆਂ ਦੀ ਮੰਡਲੀ ਵਿਚ ਕੋਈ ਫ਼ਰਕ ਨਹੀਂ ਰੱਖਿਆ ਸੀ। (ਗਲਾ 3:28) ਨਾਲੇ ਵੰਸ਼ਾਵਲੀ ਦੇ ਰਿਕਾਰਡ ਤੋਂ ਪਤਾ ਲੱਗ ਗਿਆ ਕਿ ਮਸੀਹ ਦਾਊਦ ਦੀ ਪੀੜ੍ਹੀ ਵਿੱਚੋਂ ਸੀ। ਪੌਲੁਸ ਵੱਲੋਂ ਇਹ ਸਲਾਹ ਦੇਣ ਤੋਂ ਜਲਦੀ ਬਾਅਦ ਯਰੂਸ਼ਲਮ ਅਤੇ ਯਹੂਦੀਆਂ ਦੇ ਰਿਕਾਰਡ ਨਾਸ਼ ਹੋ ਗਏ। ਪਰਮੇਸ਼ੁਰ ਨੇ ਉਨ੍ਹਾਂ ਨੂੰ ਬਚਾਇਆ ਨਹੀਂ। ਪੌਲੁਸ ਪਰੇਸ਼ਾਨ ਸੀ ਕਿ ਤਿਮੋਥਿਉਸ ਤੇ ਮੰਡਲੀ ਦੇ ਭੈਣ-ਭਰਾ ਆਪਣੀ ਵੰਸ਼ਾਵਲੀ ਬਾਰੇ ਖੋਜਬੀਨ ਅਤੇ ਬਹਿਸ ਕਰਨ ਵਿਚ ਹੀ ਆਪਣਾ ਸਮਾਂ ਨਾ ਲਾਈ ਜਾਣ ਜਿਨ੍ਹਾਂ ਕਰਕੇ ਉਨ੍ਹਾਂ ਦੀ ਨਿਹਚਾ ਬਿਲਕੁਲ ਵੀ ਮਜ਼ਬੂਤ ਨਹੀਂ ਹੋਣੀ ਸੀ। ਮਸੀਹ ਨੂੰ ਸਾਬਤ ਕਰਨ ਲਈ ਬਾਈਬਲ ਵਿਚ ਜਿੰਨੀ ਵੰਸ਼ਾਵਲੀ ਬਾਰੇ ਦੱਸਿਆ ਗਿਆ ਹੈ, ਉਹ ਕਾਫ਼ੀ ਹੈ ਤੇ ਮਸੀਹੀਆਂ ਲਈ ਅਹਿਮ ਹੈ। ਬਾਈਬਲ ਸੰਬੰਧੀ ਹੋਰ ਵੰਸ਼ਾਵਲੀਆਂ ਬਾਈਬਲ ਵਿਚ ਦਿੱਤੇ ਰਿਕਾਰਡ ਦੀ ਪੁਸ਼ਟੀ ਕਰਦੀਆਂ ਹਨ ਅਤੇ ਸਬੂਤ ਦਿੰਦੀਆਂ ਹਨ ਕਿ ਇਹ ਇਤਿਹਾਸਕ ਤੌਰ ʼਤੇ ਸਹੀ ਹੈ।

(1 ਤਿਮੋਥਿਉਸ 1:17) ਇੱਕੋ-ਇਕ ਪਰਮੇਸ਼ੁਰ ਦਾ ਆਦਰ ਤੇ ਉਸ ਦੀ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ ਜਿਹੜਾ ਯੁਗਾਂ-ਯੁਗਾਂ ਦਾ ਰਾਜਾ, ਅਵਿਨਾਸ਼ੀ ਤੇ ਅਦਿੱਖ ਹੈ। ਆਮੀਨ।

cl 12 ਪੈਰਾ 15

“ਵੇਖੋ, ਏਹ ਸਾਡਾ ਪਰਮੇਸ਼ੁਰ ਹੈ”

15 ‘ਜੁੱਗਾਂ ਦਾ ਮਹਾਰਾਜ’ ਇਕ ਹੋਰ ਖ਼ਿਤਾਬ ਹੈ ਜੋ ਸਿਰਫ਼ ਯਹੋਵਾਹ ਲਈ ਵਰਤਿਆ ਜਾਂਦਾ ਹੈ। (1 ਤਿਮੋਥਿਉਸ 1:17) ਇਸ ਦਾ ਕੀ ਮਤਲਬ ਹੈ? ਸਾਡੇ ਲਈ ਇਹ ਗੱਲ ਸਮਝਣੀ ਮੁਸ਼ਕਲ ਹੈ, ਪਰ ਯਹੋਵਾਹ ਯੁਗੋ-ਯੁਗ ਜੀਉਂਦਾ ਹੈ, ਉਹ ਹਮੇਸ਼ਾ ਸੀ ਅਤੇ ਹਮੇਸ਼ਾ ਰਹੇਗਾ। ਜ਼ਬੂਰਾਂ ਦੀ ਪੋਥੀ 90:2 ਵਿਚ ਲਿਖਿਆ ਹੈ: “ਆਦ ਤੋਂ ਅੰਤ ਤੀਕ ਤੂੰ ਹੀ ਪਰਮੇਸ਼ੁਰ ਹੈਂ।” ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਦੀ ਕੋਈ ਸ਼ੁਰੂਆਤ ਨਹੀਂ ਸੀ। ਹੋਰ ਕਿਸੇ ਵੀ ਚੀਜ਼ ਦੇ ਬਣਨ ਤੋਂ ਪਹਿਲਾਂ ਉਹ ਅਨੰਤ ਕਾਲ ਤੋਂ ਹੈ, ਇਸ ਲਈ ਉਸ ਨੂੰ “ਅੱਤ ਪਰਾਚੀਨ” ਵੀ ਸੱਦਿਆ ਗਿਆ ਹੈ! (ਦਾਨੀਏਲ 7:9, 13, 22) ਕੀ ਕੋਈ ਉਸ ਦੇ ਅੱਤ ਮਹਾਨ ਸੱਦੇ ਜਾਣ ਬਾਰੇ ਬਹਿਸ ਕਰ ਸਕਦਾ ਹੈ?

29 ਜੁਲਾਈ–4 ਅਗਸਤ

ਰੱਬ ਦਾ ਬਚਨ ਖ਼ਜ਼ਾਨਾ ਹੈ | 1 ਤਿਮੋਥਿਉਸ 4-6

“ਪਰਮੇਸ਼ੁਰ ਦੀ ਭਗਤੀ ਤੇ ਧਨ-ਦੌਲਤ ਵਿਚ ਫ਼ਰਕ”

(1 ਤਿਮੋਥਿਉਸ 6:6-8) ਇਹ ਸੱਚ ਹੈ ਕਿ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਫ਼ਾਇਦਾ ਹੁੰਦਾ ਹੈ, ਬਸ਼ਰਤੇ ਕਿ ਜੋ ਕੁਝ ਸਾਡੇ ਕੋਲ ਹੈ, ਅਸੀਂ ਉਸੇ ਵਿਚ ਸੰਤੋਖ ਰੱਖੀਏ। 7 ਕਿਉਂਕਿ ਅਸੀਂ ਦੁਨੀਆਂ ਵਿਚ ਕੁਝ ਨਹੀਂ ਲਿਆਂਦਾ ਅਤੇ ਨਾ ਹੀ ਅਸੀਂ ਕੁਝ ਲੈ ਕੇ ਜਾਵਾਂਗੇ। 8 ਇਸ ਲਈ, ਜੇ ਸਾਡੇ ਕੋਲ ਰੋਟੀ, ਕੱਪੜਾ ਤੇ ਮਕਾਨ ਹੈ, ਤਾਂ ਸਾਨੂੰ ਇਸ ਵਿਚ ਸੰਤੋਖ ਰੱਖਣਾ ਚਾਹੀਦਾ ਹੈ।

w03 6/1 9 ਪੈਰੇ 1-2

ਸੰਤੋਖ ਰੱਖਣ ਦਾ ਰਾਜ਼ ਜਾਣੋ

ਇਕ ਖ਼ਾਸ ਗੱਲ, ਜਿਸ ਕਾਰਨ ਪੌਲੁਸ ਖ਼ੁਸ਼ ਅਤੇ ਸੰਤੁਸ਼ਟ ਰਹਿ ਸਕਿਆ, ਇਹ ਸੀ ਕਿ ਉਸ ਨੇ ਸੰਤੋਖ ਰੱਖਣਾ ਸਿੱਖਿਆ ਸੀ। ਪਰ ਸੰਤੋਖ ਰੱਖਣ ਦਾ ਮਤਲਬ ਕੀ ਹੈ? ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਸ ਦਾ ਮਤਲਬ ਹੈ ਲੋੜੀਂਦੀਆਂ ਚੀਜ਼ਾਂ ਨਾਲ ਸੰਤੁਸ਼ਟ ਹੋਣਾ। ਇਸ ਦੇ ਸੰਬੰਧ ਵਿਚ ਪੌਲੁਸ ਨੇ ਸੇਵਕਾਈ ਵਿਚ ਸਾਥ ਦੇਣ ਵਾਲੇ ਆਪਣੇ ਸਾਥੀ ਤਿਮੋਥਿਉਸ ਨੂੰ ਕਿਹਾ: “ਪਰ ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ। ਕਿਉਂ ਜੋ ਅਸਾਂ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਓਸ ਵਿੱਚੋਂ ਕੁਝ ਲੈ ਜਾ ਸੱਕਦੇ ਹਾਂ। ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।”—1 ਤਿਮੋਥਿਉਸ 6:6-8.

ਧਿਆਨ ਦਿਓ ਕਿ ਪੌਲੁਸ ਨੇ ਸੰਤੋਖ ਦਾ ਸੰਬੰਧ ਭਗਤੀ ਨਾਲ ਜੋੜਿਆ ਸੀ। ਉਸ ਨੇ ਪਛਾਣਿਆ ਸੀ ਕਿ ਅਸਲੀ ਖ਼ੁਸ਼ੀ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਮਿਲਦੀ ਹੈ ਯਾਨੀ ਉਸ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਨਾਲ ਮਿਲਦੀ ਹੈ, ਭੌਤਿਕ ਚੀਜ਼ਾਂ ਜਾਂ ਪੈਸਿਆਂ ਤੋਂ ਨਹੀਂ। ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਵਾਸਤੇ ਉਸ ਲਈ “ਭੋਜਨ ਬਸਤਰ” ਹੀ ਕਾਫ਼ੀ ਸੀ। ਤਾਂ ਫਿਰ, ਪੌਲੁਸ ਦੁਆਰਾ ਸੰਤੋਖ ਰੱਖਣ ਦਾ ਰਾਜ਼ ਇਹ ਸੀ ਕਿ ਹਰ ਹਾਲ ਵਿਚ ਹਮੇਸ਼ਾ ਯਹੋਵਾਹ ਤੇ ਭਰੋਸਾ ਰੱਖਣਾ।

(1 ਤਿਮੋਥਿਉਸ 6:9) ਪਰ ਜਿਹੜੇ ਇਨਸਾਨ ਅਮੀਰ ਬਣਨ ਤੇ ਤੁਲੇ ਹੋਏ ਹਨ, ਉਹ ਪਰੀਖਿਆਵਾਂ ਅਤੇ ਫੰਦਿਆਂ ਵਿਚ ਅਤੇ ਬਹੁਤ ਸਾਰੀਆਂ ਮੂਰਖ ਤੇ ਨੁਕਸਾਨਦੇਹ ਇੱਛਾਵਾਂ ਦੇ ਵੱਸ ਵਿਚ ਪੈ ਜਾਂਦੇ ਹਨ ਜਿਹੜੀਆਂ ਉਨ੍ਹਾਂ ਨੂੰ ਵਿਨਾਸ਼ ਅਤੇ ਬਰਬਾਦੀ ਦੇ ਸਮੁੰਦਰ ਵਿਚ ਡੋਬ ਦਿੰਦੀਆਂ ਹਨ।

g 6/07 6 ਪੈਰਾ 2

ਅਮੀਰ ਬਣਨ ਤੇ ਤੁਲੇ ਹੋਣ ਦੇ ਕੀ ਨਤੀਜੇ ਨਿਕਲ ਸਕਦੇ ਹਨ?

ਬਿਨਾਂ ਸ਼ੱਕ ਜ਼ਿਆਦਾਤਰ ਲੋਕ ਅਮੀਰ ਬਣਨ ਤੇ ਤੁਲੇ ਹੋਣ ਕਰਕੇ ਨਹੀਂ ਮਰਦੇ। ਪਰ ਅਮੀਰ ਬਣਨ ਦੀ ਇੱਛਾ ਪਿੱਛੇ ਭੱਜਣ ਕਰਕੇ ਉਨ੍ਹਾਂ ਦੀ ਜ਼ਿੰਦਗੀ ਝੱਟ ਬੀਤ ਜਾਂਦੀ ਹੈ। ਨਾਲੇ ਕੰਮ ਜਾਂ ਪੈਸੇ ਦੇ ਤਣਾਅ ਕਰਕੇ ਉਨ੍ਹਾਂ ਨੂੰ ਚਿੰਤਾ ਲੱਗੀ ਰਹਿੰਦੀ, ਨੀਂਦ ਨਹੀਂ ਆਉਂਦੀ, ਸਿਰ ਦੁਖਦਾ ਰਹਿੰਦਾ ਜਾਂ ਅਲਸਰ ਹੋ ਜਾਂਦੇ ਹਨ। ਇਨ੍ਹਾਂ ਸਿਹਤ ਸਮੱਸਿਆਵਾਂ ਕਰਕੇ ਜ਼ਿੰਦਗੀ ਛੋਟੀ ਹੋ ਸਕਦੀ ਹੈ। ਨਾਲੇ ਜੇ ਇਕ ਵਿਅਕਤੀ ਇਸ ਗੱਲ ਵਿਚ ਬਦਲਾਅ ਕਰਨਾ ਚਾਹੁੰਦਾ ਹੈ ਕਿ ਉਹ ਕਿਨ੍ਹਾਂ ਚੀਜ਼ਾਂ ਨੂੰ ਪਹਿਲ ਦੇਵੇਗਾ, ਤਾਂ ਸ਼ਾਇਦ ਇੱਦਾਂ ਕਰਨ ਵਿਚ ਬਹੁਤ ਦੇਰ ਹੋ ਜਾਵੇ। ਸ਼ਾਇਦ ਉਸ ਦਾ ਜੀਵਨ ਸਾਥੀ ਉਸ ʼਤੇ ਭਰੋਸਾ ਨਾ ਕਰਦਾ ਹੋਵੇ, ਸ਼ਾਇਦ ਉਸ ਦੇ ਬੱਚੇ ਜਜ਼ਬਾਤੀ ਤੌਰ ʼਤੇ ਪਰੇਸ਼ਾਨ ਹਨ ਅਤੇ ਸ਼ਾਇਦ ਉਸ ਦੀ ਆਪਣੀ ਸਿਹਤ ਖ਼ਰਾਬ ਹੋ ਗਈ ਹੈ। ਸ਼ਾਇਦ ਕੁਝ ਚੀਜ਼ਾਂ ਨੂੰ ਠੀਕ ਜਾ ਸਕਦਾ ਹੋਵੇ, ਪਰ ਇਸ ਲਈ ਬਹੁਤ ਕੰਮ ਕਰਨਾ ਪਵੇਗਾ। ਇਸ ਤਰ੍ਹਾਂ ਦੇ ਲੋਕਾਂ ਨੇ ਸੱਚ-ਮੁੱਚ “ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ ਨਾਲ ਵਿੰਨ੍ਹਿਆ ਹੈ।”—1 ਤਿਮੋਥਿਉਸ 6:10.

(1 ਤਿਮੋਥਿਉਸ 6:10) ਪੈਸੇ ਨਾਲ ਪਿਆਰ ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹੈ ਅਤੇ ਪੈਸੇ ਨਾਲ ਪਿਆਰ ਹੋਣ ਕਰਕੇ ਕਈਆਂ ਨੇ ਗੁਮਰਾਹ ਹੋ ਕੇ ਨਿਹਚਾ ਕਰਨੀ ਛੱਡ ਦਿੱਤੀ ਹੈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ ਨਾਲ ਵਿੰਨ੍ਹਿਆ ਹੈ।

g 1/09 6 ਪੈਰੇ 4-6

ਸਫ਼ਲਤਾ ਪਾਉਣ ਦੀਆਂ ਛੇ ਕੁੰਜੀਆਂ

ਜਿਵੇਂ ਅਸੀਂ ਆਪਣੇ ਪਹਿਲੇ ਲੇਖ ਵਿਚ ਦੇਖਿਆ ਸੀ ਉਹ ਲੋਕ ਜੋ ਪੈਸੇ ਦਾ ਪਿੱਛਾ ਕਰ ਕੇ ਸਫ਼ਲਤਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਹਮੇਸ਼ਾ ਅਸਫ਼ਲ ਰਹਿੰਦੇ ਹਨ। ਉਨ੍ਹਾਂ ਦੇ ਹੱਥ ਸਿਰਫ਼ ਨਿਰਾਸ਼ਾ ਲੱਗਦੀ ਹੈ ਅਤੇ ਉਨ੍ਹਾਂ ਨੂੰ ਕਈ ਦੁੱਖ ਸਹਿਣੇ ਪੈਂਦੇ ਹਨ। ਮਿਸਾਲ ਲਈ, ਜਦ ਲੋਕ ਦਿਨ ਰਾਤ ਪੈਸੇ ਦਾ ਪਿੱਛਾ ਕਰਦੇ ਹਨ, ਤਾਂ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਰਿਸ਼ਤੇ ਅਕਸਰ ਵਿਗੜ ਜਾਂ ਟੁੱਟ ਜਾਂਦੇ ਹਨ। ਕੰਮ ਜਾਂ ਚਿੰਤਾਵਾਂ ਦੇ ਕਾਰਨ ਕਈਆਂ ਦੀ ਨੀਂਦ ਵੀ ਉੱਡ ਜਾਂਦੀ ਹੈ। ਬਾਈਬਲ ਵਿਚ ਲਿਖਿਆ ਹੈ: “ਇਕ ਮਿਹਨਤੀ ਮਜ਼ਦੂਰ ਕੋਲ ਬੇਸ਼ਕ ਬਹੁਤਾ ਪੇਟ ਭਰਨ ਲਈ ਨਾ ਹੋਵੇ, ਪਰ ਉਹ ਰਾਤ ਦੀ ਨੀਂਦ, ਤਾਂ ਆਰਾਮ ਨਾਲ ਲੈ ਸਕਦਾ ਹੈ, ਪਰ ਧਨੀ ਆਦਮੀ ਤਾਂ ਚਿੰਤਾ ਦੇ ਕਾਰਨ ਰਾਤ ਨੂੰ ਸੌਂ ਵੀ ਨਹੀਂ ਸਕਦਾ ਹੈ।”—ਉਪਦੇਸ਼ਕ 5:12, CL.

ਜਦ ਅਸੀਂ ਪੈਸੇ ਨੂੰ ਆਪਣਾ ਮਾਲਕ ਬਣਾਉਂਦੇ ਹਾਂ, ਤਾਂ ਸਾਨੂੰ ਕਈ ਦੁੱਖ ਸਹਿਣੇ ਪੈਂਦੇ ਹਨ। ਇਸ ਤੋਂ ਇਲਾਵਾ ਯਿਸੂ ਨੇ ‘ਧਨ ਦੇ ਧੋਖੇ’ ਦੀ ਵੀ ਗੱਲ ਕੀਤੀ ਸੀ। (ਮਰਕੁਸ 4:19) ਕਹਿਣ ਦਾ ਮਤਲਬ ਹੈ ਕਿ ਪੈਸਾ ਸਾਨੂੰ ਕਦੀ ਖ਼ੁਸ਼ੀ ਨਹੀਂ ਦੇ ਸਕਦਾ। ਇਸ ਦੀ ਬਜਾਇ ਇਹ ਸਾਡੇ ਵਿਚ ਅਜਿਹੀ ਲਾਲਚ ਪੈਦਾ ਕਰਦਾ ਹੈ ਕਿ ਸਾਡੇ ਕੋਲ ਭਾਵੇਂ ਜਿੰਨਾ ਮਰਜ਼ੀ ਹੋਵੇ, ਫਿਰ ਵੀ ਅਸੀਂ ਕਦੇ ਰੱਜਦੇ ਨਹੀਂ। ਬਾਈਬਲ ਕਹਿੰਦੀ ਹੈ: “ਜਿਹੜਾ ਬੰਦਾ ਪੈਸੇ ਨੂੰ ਪਿਆਰ ਕਰਦਾ ਹੈ, ਕਦੇ ਵੀ ਪੈਸੇ ਨਾਲ ਸੰਤੁਸ਼ਟ ਨਹੀਂ ਹੋਵੇਗਾ।”—ਉਪਦੇਸ਼ਕ 5:10, ERV.

ਜਿਹੜਾ ਇਨਸਾਨ ਪੈਸੇ ਨਾਲ ਪਿਆਰ ਕਰਦਾ ਹੈ ਉਹ ਆਪਣਾ ਹੀ ਨੁਕਸਾਨ ਕਰਦਾ ਹੈ। ਅੰਤ ਵਿਚ ਉਹ ਨਿਰਾਸ਼ਾ ਵਿਚ ਡੁੱਬ ਸਕਦਾ ਹੈ ਜਾਂ ਜੁਰਮ ਵਿਚ ਪੈ ਸਕਦਾ ਹੈ। (ਕਹਾਉਤਾਂ 28:20) ਪਰ ਸਫ਼ਲਤਾ ਅਤੇ ਖ਼ੁਸ਼ੀ ਦਾ ਤਅੱਲਕ ਦਰਿਆ-ਦਿਲੀ, ਮਾਫ਼ ਕਰਨ, ਪਰਮੇਸ਼ੁਰ ਦਾ ਕਹਿਣਾ ਮੰਨਣ, ਪਿਆਰ ਕਰਨ ਅਤੇ ਰੱਬ ਬਾਰੇ ਜਾਣਨ ਨਾਲ ਹੈ।

ਹੀਰੇ-ਮੋਤੀਆਂ ਦੀ ਖੋਜ ਕਰੋ

(1 ਤਿਮੋਥਿਉਸ 4:2) ਇਹ ਝੂਠੀਆਂ ਗੱਲਾਂ ਪਖੰਡੀ ਬੰਦੇ ਫੈਲਾਉਂਦੇ ਹਨ ਜਿਨ੍ਹਾਂ ਦੀ ਜ਼ਮੀਰ ਸੁੰਨ ਹੋ ਚੁੱਕੀ ਹੈ ਜਿਵੇਂ ਤੱਤੇ ਲੋਹੇ ਨਾਲ ਦਾਗ਼ਣ ਕਰਕੇ ਚਮੜੀ ਮਰ ਕੇ ਸੁੰਨ ਹੋ ਜਾਂਦੀ ਹੈ।

lv 21-22 ਪੈਰਾ 17

ਤੁਸੀਂ ਆਪਣੀ ਜ਼ਮੀਰ ਕਿਵੇਂ ਸਾਫ਼ ਰੱਖ ਸਕਦੇ ਹੋ?

17 ਪਤਰਸ ਰਸੂਲ ਨੇ ਲਿਖਿਆ ਸੀ: “ਆਪਣੀ ਜ਼ਮੀਰ ਨੂੰ ਸਾਫ਼ ਰੱਖੋ।” (1 ਪਤਰਸ 3:16) ਜੇ ਸਾਡੀ ਜ਼ਮੀਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਫ਼ ਹੈ, ਤਾਂ ਇਸ ਦੇ ਸਾਨੂੰ ਬਹੁਤ ਫ਼ਾਇਦੇ ਹੋਣਗੇ। ਸਾਡੀ ਜ਼ਮੀਰ ਦੁਨੀਆਂ ਦੇ ਜ਼ਿਆਦਾਤਰ ਲੋਕਾਂ ਵਾਂਗ ਮਰੀ ਹੋਈ ਨਹੀਂ ਹੈ। ਪੌਲੁਸ ਨੇ ਅਜਿਹੇ ਲੋਕਾਂ ਬਾਰੇ ਕਿਹਾ ਸੀ ਕਿ “[ਉਨ੍ਹਾਂ] ਦੀ ਜ਼ਮੀਰ ਸੁੰਨ ਹੋ ਚੁੱਕੀ ਹੈ ਜਿਵੇਂ ਤੱਤੇ ਲੋਹੇ ਨਾਲ ਦਾਗ਼ਣ ਕਰਕੇ ਚਮੜੀ ਮਰ ਕੇ ਸੁੰਨ ਹੋ ਜਾਂਦੀ ਹੈ।” (1 ਤਿਮੋਥਿਉਸ 4:2) ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਦੀ ਜ਼ਮੀਰ ਪੂਰੀ ਤਰ੍ਹਾਂ ਸੁੰਨ ਹੋ ਚੁੱਕੀ ਹੈ। ਇਸ ਕਰਕੇ ਇਹ ਉਨ੍ਹਾਂ ਨੂੰ ਗ਼ਲਤ ਕੰਮਾਂ ਤੋਂ ਖ਼ਬਰਦਾਰ ਨਹੀਂ ਕਰਦੀ ਜਾਂ ਲਾਹਨਤਾਂ ਨਹੀਂ ਪਾਉਂਦੀ। ਪਰ ਕਈ ਤਾਂ ਇਸ ਗੱਲੋਂ ਖ਼ੁਸ਼ ਹਨ ਕਿ ਉਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ ਤੇ ਉਹ ਬਿਨਾਂ ਝਿਜਕੇ ਜੋ ਜੀ ਚਾਹੇ ਕਰ ਸਕਦੇ ਹਨ।

(1 ਤਿਮੋਥਿਉਸ 4:13) ਮੇਰੇ ਆਉਣ ਤਕ ਦੂਸਰਿਆਂ ਨੂੰ ਲਗਨ ਨਾਲ ਧਰਮ-ਗ੍ਰੰਥ ਪੜ੍ਹ ਕੇ ਸੁਣਾਉਣ ਅਤੇ ਨਸੀਹਤ ਤੇ ਸਿੱਖਿਆ ਦੇਣ ਵਿਚ ਲੱਗਾ ਰਹਿ।

it-2 714 ਪੈਰੇ 1-2

ਪੜ੍ਹ ਕੇ ਸੁਣਾਉਣਾ

ਮਸੀਹੀ ਮੰਡਲੀ ਵਿਚ। ਪਹਿਲੀ ਸਦੀ ਵਿਚ ਧਰਮ-ਗ੍ਰੰਥ ਵਿੱਚੋਂ ਪੜ੍ਹ ਕੇ ਸੁਣਾਉਣਾ ਜ਼ਰੂਰੀ ਹੁੰਦਾ ਸੀ ਕਿਉਂਕਿ ਸਿਰਫ਼ ਕੁਝ ਜਣਿਆਂ ਕੋਲ ਬਾਈਬਲ ਦੀਆਂ ਬਹੁਤ ਸਾਰੀਆਂ ਪੋਥੀਆਂ ਦੀਆਂ ਕਾਪੀਆਂ ਹੁੰਦੀਆਂ ਸਨ। ਪੌਲੁਸ ਰਸੂਲ ਨੇ ਮਸੀਹੀ ਮੰਡਲੀਆਂ ਦੀਆਂ ਸਭਾਵਾਂ ਵਿਚ ਉਸ ਦੀਆਂ ਚਿੱਠੀਆਂ ਨੂੰ ਪੜ੍ਹ ਕੇ ਸੁਣਾਉਣ ਦਾ ਹੁਕਮ ਦਿੱਤਾ ਸੀ। ਨਾਲੇ ਕਿਹਾ ਸੀ ਕਿ ਉਸ ਦੀਆਂ ਚਿੱਠੀਆਂ ਹੋਰ ਮੰਡਲੀਆਂ ਨੂੰ ਵੀ ਦਿੱਤੀਆਂ ਜਾਣ ਤਾਂਕਿ ਉੱਥੇ ਵੀ ਇਨ੍ਹਾਂ ਨੂੰ ਪੜ੍ਹਿਆ ਜਾ ਸਕੇ। (ਕੁਲੁ 4:16; 1 ਥੱਸ 5:27) ਪੌਲੁਸ ਨੇ ਨੌਜਵਾਨ ਬਜ਼ੁਰਗ ਤਿਮੋਥਿਉਸ ਨੂੰ ਸਲਾਹ ਦਿੱਤੀ ਕਿ ਉਹ “ਦੂਸਰਿਆਂ ਨੂੰ ਲਗਨ ਨਾਲ ਧਰਮ-ਗ੍ਰੰਥ ਪੜ੍ਹ ਕੇ ਸੁਣਾਉਣ ਅਤੇ ਨਸੀਹਤ ਤੇ ਸਿੱਖਿਆ ਦੇਣ ਵਿਚ ਲੱਗਾ” ਰਹੇ।—1 ਤਿਮੋ 4:13.

ਧਰਮ-ਗ੍ਰੰਥ ਨੂੰ ਬਿਨਾਂ ਅਟਕੇ ਪੜ੍ਹਿਆ ਜਾਣਾ ਚਾਹੀਦਾ ਹੈ। (ਹਬ 2:2) ਪੜ੍ਹ ਕੇ ਸੁਣਾਉਣ ਨਾਲ ਦੂਜਿਆਂ ਨੂੰ ਸਿਖਾਇਆ ਜਾਂਦਾ ਹੈ। ਇਸ ਕਰਕੇ ਪੜ੍ਹਨ ਵਾਲੇ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੀ ਪੜ੍ਹ ਰਿਹਾ ਹੈ ਅਤੇ ਉਸ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਲੇਖਕ ਨੇ ਕਿਸ ਇਰਾਦੇ ਨਾਲ ਕੋਈ ਗੱਲ ਲਿਖੀ ਹੈ। ਚੰਗੀ ਤਰ੍ਹਾਂ ਪੜ੍ਹਨ ਕਰਕੇ ਸੁਣਨ ਵਾਲਿਆਂ ਨੂੰ ਗ਼ਲਤ ਵਿਚਾਰ ਦੇਣ ਤੋਂ ਬਚਿਆ ਜਾ ਸਕਦਾ ਹੈ। ਪ੍ਰਕਾਸ਼ ਦੀ ਕਿਤਾਬ 1:3 ਅਨੁਸਾਰ ਉਹ ਇਨਸਾਨ ਖ਼ੁਸ਼ ਹੋਵੇਗਾ ਜੋ ਭਵਿੱਖਬਾਣੀ ਨੂੰ ਉੱਚੀ ਆਵਾਜ਼ ਵਿਚ ਪੜ੍ਹਦਾ ਹੈ ਅਤੇ ਉਹ ਵੀ ਖ਼ੁਸ਼ ਹੋਣਗੇ ਜਿਹੜੇ ਇਸ ਨੂੰ ਸੁਣਦੇ ਹਨ ਅਤੇ ਇਸ ਵਿਚ ਲਿਖੀਆਂ ਗੱਲਾਂ ਦੀ ਪਾਲਣਾ ਕਰਦੇ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ