ਸਮੇਂ ਦੀ ਲੋੜ ਮੁਤਾਬਕ ‘ਬਚਨ ਦੇ ਪਰਚਾਰ ਵਿੱਚ ਲੱਗਿਆ ਰਹੁ’
1 ਜੇਕਰ ਤੁਸੀਂ ਕਿਸੇ ਚੀਜ਼ ਤੇ “ਅਤਿ-ਜ਼ਰੂਰੀ” ਲਿਖਿਆ ਹੋਇਆ ਪੜ੍ਹਦੇ ਹੋ, ਤਾਂ ਤੁਸੀਂ ਉਸ ਤੋਂ ਕੀ ਸਮਝਦੇ ਹੋ? ਲਫ਼ਜ਼ “ਅਤਿ-ਜ਼ਰੂਰੀ” ਦਾ ਮਤਲਬ ਹੈ “ਫ਼ੌਰਨ ਧਿਆਨ ਦਿਓ।” ਇਸੇ ਕਰਕੇ, ਪੌਲੁਸ ਰਸੂਲ ਨੇ ਮਸੀਹੀਆਂ ਨੂੰ ਹਿਦਾਇਤ ਦਿੱਤੀ ਕਿ ਉਹ ਸਮੇਂ ਦੀ ਲੋੜ ਮੁਤਾਬਕ ‘ਬਚਨ ਦੇ ਪਰਚਾਰ’ ਨੂੰ ਅਤਿ-ਜ਼ਰੂਰੀ ਸਮਝਦੇ ਹੋਏ ‘ਇਸ ਵਿਚ ਲੱਗੇ ਰਹਿਣ।’ (2 ਤਿਮੋ. 4:2) ਕੀ ਤੁਸੀਂ ਇਸ ਪ੍ਰਚਾਰ ਦੇ ਕੰਮ ਵੱਲ ਫ਼ੌਰਨ ਧਿਆਨ ਦਿੰਦੇ ਹੋ?
2 ਪੌਲੁਸ ਨੂੰ ਸ਼ਾਇਦ ਇਹ ਖ਼ਬਰ ਮਿਲੀ ਹੋਣੀ ਕਿ ਉਸ ਦੇ ਕੁਝ ਭੈਣ-ਭਰਾ ਮਸੀਹੀਆਂ ਵਜੋਂ “ਮਿਹਨਤ ਵਿੱਚ ਢਿੱਲੇ” ਪੈ ਰਹੇ ਸਨ। (ਰੋਮੀ. 12:11) ਇਸ ਕਰਕੇ ਭੈਣ-ਭਰਾਵਾਂ ਨੂੰ ਆਪਣੀ ਮਿਹਨਤ ਦਾ ਥੋੜ੍ਹਾ ਫਲ ਮਿਲਿਆ ਅਤੇ ਉਨ੍ਹਾਂ ਨੂੰ ਉਹ ਖ਼ੁਸ਼ੀ ਨਹੀਂ ਮਿਲੀ ਜੋ ਉਨ੍ਹਾਂ ਨੂੰ ਦੂਸਰੇਾ ਲੋਕਾਂ ਦੀ ਮਦਦ ਕਰ ਕੇ ਮਿਲ ਸਕਦੀ ਸੀ।
3 ਪ੍ਰਚਾਰ ਕੰਮ ਬਾਰੇ ਯਿਸੂ ਦਾ ਨਜ਼ਰੀਆ: ਯਿਸੂ ਨੂੰ ਪ੍ਰਚਾਰ ਕੰਮ ਕਰ ਕੇ ਬਹੁਤ ਖ਼ੁਸ਼ੀ ਮਿਲੀ! ਉਸ ਨੇ ਕਿਹਾ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।” ਯਿਸੂ ਦੀ ਮਿਸਾਲ ਨੇ ਉਸ ਦੇ ਚੇਲਿਆਂ ਨੂੰ ਪ੍ਰੇਰਿਤ ਕੀਤਾ। ਉਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਉਤਸ਼ਾਹਿਤ ਕੀਤਾ ਕਿ ‘ਪੈਲੀਆਂ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ’ ਹਨ। (ਯੂਹੰ. 4:34, 35) ਯਿਸੂ ਨੇ ਆਪਣੀ ਸਾਰੀ ਸੇਵਕਾਈ ਦੌਰਾਨ ਸਮੇਂ ਦੀ ਲੋੜ ਨੂੰ ਪਛਾਣਿਆ। ਇਸੇ ਕਰਕੇ, ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ‘ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰਨ ਤਾਂਕਿ ਉਹ ਆਪਣੀ ਖੇਤੀ ਵੱਢਣ ਲਈ ਵਾਢੇ ਘੱਲ ਦੇਵੇ।’ (ਮੱਤੀ 9:38) ਯਿਸੂ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ ਕਿ ਉਸ ਦਾ ਮੁੱਖ ਕੰਮ ਪ੍ਰਚਾਰ ਕਰਨਾ ਸੀ। ਉਸ ਨੇ ਪੱਕਾ ਇਰਾਦਾ ਕੀਤਾ ਸੀ ਕਿ ਉਸ ਨੂੰ ਅਜਿਹਾ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ।
4 ਸਾਡੇ ਬਾਰੇ ਕੀ? ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪ੍ਰਚਾਰ ਕਰਨ ਦੀ ਲੋੜ ਹੈ। ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿਚ ਵਾਢੀ ਕਰਨ ਲਈ ਖੇਤ ਪੱਕੇ ਹੋਏ ਹਨ। ਇੱਥੋਂ ਤਕ ਕਿ ਜਿਨ੍ਹਾਂ ਦੇਸ਼ਾਂ ਵਿਚ ਲੱਗਦਾ ਹੈ ਕਿ ਗਵਾਹੀ ਚੰਗੀ ਤਰ੍ਹਾਂ ਦਿੱਤੀ ਜਾ ਚੁੱਕੀ ਹੈ, ਉੱਥੇ ਵੀ ਹਰ ਸਾਲ ਹਜ਼ਾਰਾਂ ਹੀ ਲੋਕ ਬਪਤਿਸਮਾ ਲੈ ਰਹੇ ਹਨ। ਇਸ ਰੀਤੀ-ਵਿਵਸਥਾ ਦਾ ਅੰਤ ਤੇਜ਼ੀ ਨਾਲ ਨੇੜੇ ਆ ਰਿਹਾ ਹੈ, ਇਸ ਕਰਕੇ ‘ਪ੍ਰਭੁ ਦੇ ਕੰਮ ਵਿੱਚ ਵਧਦੇ ਜਾਓ।’ (1 ਕੁਰਿੰ. 15:58) ਇਸ ਲਈ, ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਦੂਸਰਿਆਂ ਨੂੰ ਰਾਜ ਸੰਦੇਸ਼ ਸੁਣਾਉਣ ਦਾ ਵੱਡਾ ਜਤਨ ਕਰੀਏ।
5 ਆਓ ਅਸੀਂ ਘਰ-ਘਰ ਜਾ ਕੇ ਅਤੇ ਜਿੱਥੇ ਕਿਤੇ ਵੀ ਸਾਨੂੰ ਲੋਕ ਮਿਲਣ ਉਨ੍ਹਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਦੇ ਕੰਮ ਵਿਚ ਜੁੱਟੇ ਰਹੀਏ। ਪ੍ਰਚਾਰ ਕੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈ ਕੇ, ਅਸੀਂ ਇਹ ਸਾਫ਼-ਸਾਫ਼ ਦਿਖਾ ਰਹੇ ਹੋਵਾਂਗੇ ਕਿ ਅਸੀਂ ਵਾਕਈ ਰਾਜ ਹਿਤਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਪਹਿਲ ਦੇ ਰਹੇ ਹਾਂ। (ਮੱਤੀ 6:33) ਸਮੇਂ ਦੀ ਲੋੜ ਮੁਤਾਬਕ ਵਫ਼ਾਦਾਰੀ ਨਾਲ ਪ੍ਰਚਾਰ ਕਰ ਕੇ ਸਾਨੂੰ ਬਹੁਤ ਜ਼ਿਆਦਾ ਖ਼ੁਸ਼ੀ ਮਿਲੇਗੀ।