-
ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਰਹੋਪਹਿਰਾਬੁਰਜ—2002 | ਸਤੰਬਰ 15
-
-
“ਖਿਆਲੀ ਕਹਾਣੀਆਂ” ਤੋਂ ਦੂਰ ਰਹੋ
8. (ੳ) ਸ਼ਤਾਨ ਸਾਡੀ ਨਿਹਚਾ ਤੋੜਨ ਦੀ ਕੋਸ਼ਿਸ਼ ਕਿਵੇਂ ਕਰਦਾ ਹੈ? (ਅ) ਦੂਜਾ ਤਿਮੋਥਿਉਸ 4:3, 4 ਵਿਚ ਪੌਲੁਸ ਨੇ ਕਿਹੜੀ ਗੱਲ ਦੱਸੀ ਸੀ?
8 ਸਾਨੂੰ ਜੋ ਗੱਲਾਂ ਸਿਖਾਈਆਂ ਜਾਂਦੀਆਂ ਹਨ, ਸ਼ਤਾਨ ਉਨ੍ਹਾਂ ਬਾਰੇ ਸਾਡੇ ਮਨ ਵਿਚ ਸ਼ੱਕ ਪੈਦਾ ਕਰ ਕੇ ਸਾਡੀ ਖਰਿਆਈ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਪਹਿਲੀ ਸਦੀ ਵਾਂਗ ਅੱਜ ਵੀ ਧਰਮ-ਤਿਆਗੀ ਅਤੇ ਦੂਸਰੇ ਲੋਕ ਭੋਲਿਆਂ ਭੈਣ-ਭਰਾਵਾਂ ਦੀ ਨਿਹਚਾ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਨ। (ਗਲਾਤੀਆਂ 2:4; 5:7, 8) ਕਦੇ-ਕਦੇ ਉਹ ਟੈਲੀਵਿਯਨ, ਰੇਡੀਓ ਅਤੇ ਅਖ਼ਬਾਰਾਂ ਦੁਆਰਾ ਯਹੋਵਾਹ ਦੇ ਗਵਾਹਾਂ ਦੇ ਕੰਮ-ਕਾਰ ਬਾਰੇ ਜਾਂ ਉਨ੍ਹਾਂ ਦੇ ਇਰਾਦਿਆਂ ਬਾਰੇ ਅਫ਼ਵਾਹਾਂ ਫੈਲਾਉਂਦੇ ਹਨ। ਪੌਲੁਸ ਨੇ ਦੱਸਿਆ ਸੀ ਕਿ ਕਈ ਸੱਚਾਈ ਨੂੰ ਛੱਡ ਕੇ ਚਲੇ ਜਾਣਗੇ। ਉਸ ਨੇ ਲਿਖਿਆ: “ਉਹ ਸਮਾ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ। ਅਤੇ ਸਚਿਆਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ।”—2 ਤਿਮੋਥਿਉਸ 4:3, 4.
9. ਪੌਲੁਸ ਸ਼ਾਇਦ ਕਿਹੜੀਆਂ “ਖਿਆਲੀ ਕਹਾਣੀਆਂ” ਦਾ ਜ਼ਿਕਰ ਕਰ ਰਿਹਾ ਸੀ?
9 ਖਰੀਆਂ ਗੱਲਾਂ ਦੇ ਨਮੂਨੇ ਨੂੰ ਫੜੀ ਰੱਖਣ ਦੀ ਬਜਾਇ ਕਈ ਲੋਕ “ਖਿਆਲੀ ਕਹਾਣੀਆਂ” ਯਾਨੀ ਝੂਠੀਆਂ ਕਹਾਣੀਆਂ ਸੁਣਨ ਵਿਚ ਦਿਲਚਸਪੀ ਰੱਖਦੇ ਸਨ। ਇਹ ਝੂਠੀਆਂ ਕਹਾਣੀਆਂ ਕੀ ਸਨ? ਪੌਲੁਸ ਸ਼ਾਇਦ ਅਜਿਹੀਆਂ ਲੋਕ-ਕਥਾਵਾਂ ਬਾਰੇ ਗੱਲ ਕਰ ਰਿਹਾ ਸੀ ਜੋ ਟੋਬਿਟa ਨਾਂ ਦੀ ਪੁਸਤਕ ਵਿਚ ਦਰਜ ਸਨ। ਇਨ੍ਹਾਂ ਵਿਚ ਕਈ ਕਹਾਣੀਆਂ ਬਹੁਤ ਹੀ ਸਨਸਨੀਖੇਜ਼ ਸਨ। ਕਈ ਲੋਕ ਮਸੀਹੀਆਂ ਨੂੰ ਪਰਮੇਸ਼ੁਰ ਦੇ ਸਿਧਾਂਤਾਂ ਨੂੰ ਲਾਗੂ ਕਰਨ ਦਾ ਉਤਸ਼ਾਹ ਦੇਣ ਦੀ ਬਜਾਇ ਆਪਣੀ ਮਨ-ਮਰਜ਼ੀ ਕਰਨ ਦੀ ਖੁੱਲ੍ਹ ਦੇ ਰਹੇ ਸਨ ਜਾਂ ਉਨ੍ਹਾਂ ਭਰਾਵਾਂ ਦੀ ਨੁਕਤਾਚੀਨੀ ਕਰ ਰਹੇ ਸਨ ਜੋ ਕਲੀਸਿਯਾ ਦੀ ਅਗਵਾਈ ਕਰਦੇ ਸਨ। ਤੇ ਬਹੁਤ ਲੋਕ “ਆਪਣਿਆਂ ਵਿਸ਼ਿਆਂ ਦੇ ਅਨੁਸਾਰ” ਸ਼ਾਇਦ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਏ ਸਨ। (3 ਯੂਹੰਨਾ 9, 10; ਯਹੂਦਾਹ 4) ਉਹ ਲੋਕ ਚਾਹੇ ਜਿਹੜੇ ਮਰਜ਼ੀ ਕਾਰਨ ਕਰਕੇ ਭਟਕੇ ਸਨ, ਪਰ ਉਹ ਹਮੇਸ਼ਾ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਦੀ ਬਜਾਇ ਝੂਠੀਆਂ ਗੱਲਾਂ ਪਸੰਦ ਕਰਦੇ ਸਨ। ਕੁਝ ਸਮੇਂ ਬਾਅਦ ਉਨ੍ਹਾਂ ਨੇ ਸਿੱਖੀਆਂ ਗੱਲਾਂ ਉੱਤੇ ਚੱਲਣਾ ਛੱਡ ਦਿੱਤਾ ਅਤੇ ਆਪਣੇ ਆਪ ਨੂੰ ਰੂਹਾਨੀ ਤੌਰ ਤੇ ਬਰਬਾਦ ਕਰ ਬੈਠੇ।—2 ਪਤਰਸ 3:15, 16.
10. ਅੱਜ ਕਿਹੋ ਜਿਹੀਆਂ ਝੂਠੀਆਂ ਕਹਾਣੀਆਂ ਫੈਲਾਈਆਂ ਜਾਂਦੀਆਂ ਹਨ ਅਤੇ ਇਸ ਸੰਬੰਧੀ ਯੂਹੰਨਾ ਨੇ ਸਾਵਧਾਨ ਰਹਿਣ ਬਾਰੇ ਕੀ ਕਿਹਾ ਸੀ?
10 ਸੁਣੀਆਂ ਅਤੇ ਪੜ੍ਹੀਆਂ ਗੱਲਾਂ ਦੀ ਜਾਂਚ ਕਰਨ ਦੁਆਰਾ ਅਸੀਂ ਝੂਠੀਆਂ ਕਹਾਣੀਆਂ ਦੁਆਰਾ ਭਰਮਾਏ ਜਾਣ ਤੋਂ ਆਪਣਾ ਬਚਾਅ ਕਰ ਸਕਦੇ ਹਾਂ। ਮਿਸਾਲ ਲਈ, ਮੀਡੀਆ ਅਕਸਰ ਬਦਚਲਣ ਕੰਮ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। ਕਈ ਲੋਕ ਨਾਸਤਿਕਤਾ ਅਤੇ ਸੰਦੇਹਵਾਦੀ ਖ਼ਿਆਲਾਂ ਨੂੰ ਫੈਲਾਉਂਦੇ ਹਨ। ਕੁਝ ਆਲੋਚਕ ਕਹਿੰਦੇ ਹਨ ਕਿ ਬਾਈਬਲ ਪਰਮੇਸ਼ੁਰ ਨੇ ਪ੍ਰੇਰਿਤ ਨਹੀਂ ਕੀਤੀ ਹੈ। ਅਤੇ ਅੱਜ-ਕੱਲ੍ਹ ਧਰਮ-ਤਿਆਗੀ ਲੋਕ ਮਸੀਹੀਆਂ ਦੀ ਨਿਹਚਾ ਤੋੜਨ ਦੀ ਕੋਸ਼ਿਸ਼ ਵਿਚ ਉਨ੍ਹਾਂ ਦੇ ਮਨਾਂ ਵਿਚ ਸ਼ੱਕ ਦੇ ਬੀ ਬੀਜਦੇ ਹਨ। ਪਹਿਲੀ ਸਦੀ ਵਿਚ ਵੀ ਝੂਠੇ ਨਬੀਆਂ ਤੋਂ ਖ਼ਤਰਾ ਸੀ ਜਿਨ੍ਹਾਂ ਬਾਰੇ ਯੂਹੰਨਾ ਰਸੂਲ ਨੇ ਇਹ ਚੇਤਾਵਨੀ ਦਿੱਤੀ: “ਹੇ ਪਿਆਰਿਓ, ਹਰੇਕ ਆਤਮਾ ਦੀ ਪਰਤੀਤ ਨਾ ਕਰ ਲਓ ਸਗੋਂ ਆਤਮਿਆਂ ਨੂੰ ਪਰਖੋ ਭਈ ਓਹ ਪਰਮੇਸ਼ੁਰ ਤੋਂ ਹਨ ਕਿ ਨਹੀਂ ਕਿਉਂ ਜੋ ਬਾਹਲੇ ਝੂਠੇ ਨਬੀ ਸੰਸਾਰ ਵਿੱਚ ਨਿੱਕਲ ਆਏ ਹਨ।” (1 ਯੂਹੰਨਾ 4:1) ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
11. ਅਸੀਂ ਆਪਣੇ ਆਪ ਦੀ ਕਿਵੇਂ ਪਰਖ ਕਰ ਸਕਦੇ ਹਾਂ ਕਿ ਅਸੀਂ ਨਿਹਚਾ ਵਿਚ ਹਾਂ ਜਾਂ ਨਹੀਂ?
11 ਇਸ ਦੇ ਸੰਬੰਧ ਵਿਚ ਪੌਲੁਸ ਨੇ ਇਹ ਸਲਾਹ ਦਿੱਤੀ ਸੀ: “ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਯਾ ਨਹੀਂ।” (2 ਕੁਰਿੰਥੀਆਂ 13:5) ਪੌਲੁਸ ਰਸੂਲ ਸਾਨੂੰ ਇਹ ਸਲਾਹ ਦੇ ਰਿਹਾ ਸੀ ਕਿ ਸਾਨੂੰ ਆਪਣੇ ਆਪ ਨੂੰ ਪਰਖਣਾ ਚਾਹੀਦਾ ਹੈ ਕਿ ਅਸੀਂ ਮਸੀਹੀ ਸਿੱਖਿਆਵਾਂ ਉੱਤੇ ਚੱਲ ਰਹੇ ਹਾਂ ਜਾਂ ਨਹੀਂ। ਜੇਕਰ ਅਸੀਂ ਕਲੀਸਿਯਾ ਵਿਚ ਚਿੜ-ਚਿੜ ਕਰਨ ਵਾਲਿਆਂ ਦੀਆਂ ਗੱਲਾਂ ਸੁਣਨ ਦੇ ਆਦੀ ਹਾਂ, ਤਾਂ ਸਾਨੂੰ ਪ੍ਰਾਰਥਨਾ ਕਰ ਕੇ ਆਪਣੇ ਦਿਲ ਦੀ ਜਾਂਚ ਕਰਨੀ ਚਾਹੀਦੀ ਹੈ। (ਜ਼ਬੂਰਾਂ ਦੀ ਪੋਥੀ 139:23, 24) ਕੀ ਸਾਡਾ ਝੁਕਾਅ ਯਹੋਵਾਹ ਦੇ ਲੋਕਾਂ ਦੀ ਨੁਕਤਾਚੀਨੀ ਕਰਨ ਦਾ ਹੈ? ਜੇ ਹੈ, ਤਾਂ ਅਸੀਂ ਇਸ ਤਰ੍ਹਾਂ ਕਿਉਂ ਕਰਦੇ ਹਾਂ? ਕੀ ਸਾਨੂੰ ਕਿਸੇ ਦੀਆਂ ਗੱਲਾਂ ਜਾਂ ਕੰਮਾਂ ਕਰਕੇ ਠੇਸ ਪਹੁੰਚੀ ਹੈ? ਜੇਕਰ ਹਾਂ, ਤਾਂ ਕੀ ਅਸੀਂ ਸਾਰੀਆਂ ਗੱਲਾਂ ਨੂੰ ਸਹੀ ਪੱਖੋਂ ਦੇਖ ਰਹੇ ਹਾਂ ਜਾਂ ਉਨ੍ਹਾਂ ਨੂੰ ਵਧਾਅ-ਚੜ੍ਹਾਅ ਰਹੇ ਹਾਂ? ਅਸੀਂ ਇਸ ਦੁਨੀਆਂ ਵਿਚ ਜੋ ਵੀ ਦੁੱਖ-ਤਕਲੀਫ਼ਾਂ ਝੱਲ ਰਹੇ ਹਾਂ, ਉਹ ਬਹੁਤ ਹੀ ਜਲਦੀ ਦੂਰ ਕੀਤੀਆਂ ਜਾਣਗੀਆਂ। (2 ਕੁਰਿੰਥੀਆਂ 4:17) ਜੇਕਰ ਕਲੀਸਿਯਾ ਵਿਚ ਵੀ ਸਾਨੂੰ ਕਿਸੇ ਪਰੀਖਿਆ ਦਾ ਸਾਮ੍ਹਣਾ ਕਰਨਾ ਪਵੇ, ਤਾਂ ਵੀ ਸਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਹਟਣਾ ਨਹੀਂ ਚਾਹੀਦਾ। ਜੇਕਰ ਅਸੀਂ ਕਿਸੇ ਗੱਲ ਕਾਰਨ ਪਰੇਸ਼ਾਨ ਹਾਂ, ਤਾਂ ਕੀ ਇਹ ਚੰਗਾ ਨਹੀਂ ਹੋਵੇਗਾ ਕਿ ਅਸੀਂ ਆਪਣੇ ਵੱਲੋਂ ਉਸ ਮਾਮਲੇ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ ਇਸ ਨੂੰ ਯਹੋਵਾਹ ਤੇ ਛੱਡ ਦੇਈਏ?—ਜ਼ਬੂਰ 4:4; ਕਹਾਉਤਾਂ 3:5, 6; ਅਫ਼ਸੀਆਂ 4:26.
12. ਬਰਿਯਾ ਦੇ ਲੋਕਾਂ ਨੇ ਸਾਡੇ ਲਈ ਵਧੀਆ ਮਿਸਾਲ ਕਿਵੇਂ ਕਾਇਮ ਕੀਤੀ ਸੀ?
12 ਨੁਕਤਾਚੀਨੀ ਕਰਨ ਦੀ ਬਜਾਇ, ਆਓ ਆਪਾਂ ਮਸੀਹੀ ਸਭਾਵਾਂ ਅਤੇ ਨਿੱਜੀ ਅਧਿਐਨ ਦੁਆਰਾ ਸਿੱਖੀਆਂ ਗੱਲਾਂ ਨੂੰ ਕਬੂਲ ਕਰੀਏ। (1 ਕੁਰਿੰਥੀਆਂ 2:14, 15) ਪਰਮੇਸ਼ੁਰ ਦੇ ਬਚਨ ਉੱਤੇ ਸ਼ੱਕ ਕਰਨ ਦੀ ਬਜਾਇ, ਕਿੰਨਾ ਚੰਗਾ ਹੋਵੇਗਾ ਜੇਕਰ ਅਸੀਂ ਪਹਿਲੀ ਸਦੀ ਵਿਚ ਬਰਿਯਾ ਦੇ ਲੋਕਾਂ ਵਰਗਾ ਰਵੱਈਆ ਰੱਖੀਏ ਜਿਨ੍ਹਾਂ ਨੇ ਧਿਆਨ ਨਾਲ ਪਵਿੱਤਰ ਲਿਖਤਾਂ ਦੀ ਜਾਂਚ ਕੀਤੀ ਸੀ। (ਰਸੂਲਾਂ ਦੇ ਕਰਤੱਬ 17:10, 11) ਫਿਰ, ਆਓ ਆਪਾਂ ਝੂਠੀਆਂ ਕਹਾਣੀਆਂ ਤੋਂ ਦੂਰ ਰਹਿ ਕੇ ਅਤੇ ਸੱਚਾਈ ਨੂੰ ਫੜ ਕੇ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੀਏ।
13. ਅਸੀਂ ਅਣਜਾਣਪੁਣੇ ਵਿਚ ਝੂਠੀਆਂ ਕਹਾਣੀਆਂ ਕਿਵੇਂ ਫੈਲਾ ਸਕਦੇ ਹਾਂ?
13 ਸਾਨੂੰ ਇਕ ਹੋਰ ਝੂਠੀ ਕਹਾਣੀ ਤੋਂ ਵੀ ਬਚਣਾ ਚਾਹੀਦਾ ਹੈ। ਬਹੁਤ ਸਾਰੀਆਂ ਸਨਸਨੀਖੇਜ਼ ਕਹਾਣੀਆਂ ਈ-ਮੇਲ ਦੁਆਰਾ ਫੈਲਾਈਆਂ ਜਾਂਦੀਆਂ ਹਨ। ਇਨ੍ਹਾਂ ਕਹਾਣੀਆਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ, ਖ਼ਾਸ ਕਰਕੇ ਜੇਕਰ ਸਾਨੂੰ ਇਹ ਨਾ ਪਤਾ ਹੋਵੇ ਕਿ ਇਹ ਕਹਾਣੀਆਂ ਕਿਨ੍ਹਾਂ ਨੇ ਘੱਲੀਆਂ ਹਨ। ਭਾਵੇਂ ਕਿ ਤਜਰਬਾ ਜਾਂ ਕਹਾਣੀ ਕਿਸੇ ਬਹੁਤ ਹੀ ਨੇਕ ਮਸੀਹੀ ਤੋਂ ਆਈ ਹੋਵੇ, ਫਿਰ ਵੀ ਹੋ ਸਕਦਾ ਹੈ ਕਿ ਉਸ ਮਸੀਹੀ ਨੂੰ ਪੂਰੀ ਗੱਲ ਪਤਾ ਨਾ ਹੋਵੇ। ਇਸ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਪੂਰੀ ਗੱਲ ਚੰਗੀ ਤਰ੍ਹਾਂ ਜਾਣਨ ਤੋਂ ਪਹਿਲਾਂ ਇਹ ਕਹਾਣੀਆਂ ਅੱਗੇ ਨਾ ਫੈਲਾਈਏ। ਯਕੀਨਨ ਅਸੀਂ “ਬੁੱਢੀਆਂ ਵਾਲੀਆਂ ਕਹਾਣੀਆਂ” ਜਾਂ “ਸੰਸਾਰਕ ਮਨ ਘੜਤ ਕਥਾਵਾਂ” ਅੱਗੇ ਨਹੀਂ ਫੈਲਾਉਣਾ ਚਾਹੁੰਦੇ। (1 ਤਿਮੋਥਿਉਸ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸਾਨੂੰ ਇਕ-ਦੂਜੇ ਨਾਲ ਸੱਚ ਬੋਲਣਾ ਚਾਹੀਦਾ ਹੈ, ਇਸ ਲਈ ਚੰਗਾ ਹੋਵੇਗਾ ਜੇਕਰ ਅਸੀਂ ਅਜਿਹੀ ਕੋਈ ਗੱਲ ਨਾ ਫੈਲਾਈਏ ਜਿਸ ਦੁਆਰਾ ਅਸੀਂ ਅਣਜਾਣਪੁਣੇ ਵਿਚ ਕੋਈ ਝੂਠੀ ਗੱਲ ਕਹਿ ਬੈਠੀਏ।—ਅਫ਼ਸੀਆਂ 4:25.
-
-
ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਰਹੋਪਹਿਰਾਬੁਰਜ—2002 | ਸਤੰਬਰ 15
-
-
a ਟੋਬਿਟ ਪੁਸਤਕ ਸ਼ਾਇਦ ਤੀਜੀ ਸਦੀ ਸਾ.ਯੁ.ਪੂ. ਵਿਚ ਲਿਖੀ ਗਈ ਸੀ। ਇਸ ਪੁਸਤਕ ਵਿਚ ਟੋਬਾਇਸ ਨਾਂ ਦੇ ਇਕ ਯਹੂਦੀ ਬਾਰੇ ਦੱਸਿਆ ਗਿਆ ਸੀ ਕਿ ਇਕ ਵੱਡੀ ਮੱਛੀ ਦਾ ਦਿਲ, ਕਲੇਜਾ ਅਤੇ ਉਸ ਦੀ ਪਿੱਤ ਵਰਤਣ ਨਾਲ ਉਸ ਨੂੰ ਬੀਮਾਰੀਆਂ ਦਾ ਇਲਾਜ ਕਰਨ ਅਤੇ ਭੂਤ ਕੱਢਣ ਦੀ ਸ਼ਕਤੀ ਮਿਲਦੀ ਸੀ।
-