-
ਤੁਹਾਡਾ ਰਵੱਈਆ ਕਿਹੋ ਜਿਹਾ ਹੈ?ਪਹਿਰਾਬੁਰਜ—2012 | ਅਕਤੂਬਰ 15
-
-
“ਤੁਹਾਡੇ ਸਹੀ ਰਵੱਈਏ ਕਰਕੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ਸਾਰਿਆਂ ਉੱਤੇ ਹੋਵੇ।”—ਫਿਲੇ. 25.
-
-
ਤੁਹਾਡਾ ਰਵੱਈਆ ਕਿਹੋ ਜਿਹਾ ਹੈ?ਪਹਿਰਾਬੁਰਜ—2012 | ਅਕਤੂਬਰ 15
-
-
1. ਪੌਲੁਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਚਿੱਠੀ ਲਿਖਦਿਆਂ ਕਿਹੜੀ ਉਮੀਦ ਰੱਖੀ ਸੀ?
ਆਪਣੇ ਭੈਣਾਂ-ਭਰਾਵਾਂ ਨੂੰ ਚਿੱਠੀ ਲਿਖਦਿਆਂ ਪੌਲੁਸ ਨੇ ਵਾਰ-ਵਾਰ ਇਹ ਉਮੀਦ ਰੱਖੀ ਕਿ ਪਰਮੇਸ਼ੁਰ ਤੇ ਯਿਸੂ ਮਸੀਹ ਮੰਡਲੀਆਂ ਦੇ ਰਵੱਈਏ ਤੋਂ ਖ਼ੁਸ਼ ਹੋਣ। ਮਿਸਾਲ ਲਈ, ਉਸ ਨੇ ਗਲਾਤੀਆਂ ਦੀ ਮੰਡਲੀ ਨੂੰ ਲਿਖਿਆ: “ਭਰਾਵੋ, ਤੁਹਾਡੇ ਸਹੀ ਰਵੱਈਏ ਕਰਕੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ਸਾਰਿਆਂ ʼਤੇ ਹੋਵੇ। ਆਮੀਨ।” (ਗਲਾ. 6:18) ਪੌਲੁਸ ਕਿਹੋ ਜਿਹੇ ਰਵੱਈਏ ਦੀ ਗੱਲ ਕਰ ਰਿਹਾ ਸੀ?
2, 3. (ੳ) ਪੌਲੁਸ ਨੇ ਮਸੀਹੀਆਂ ਨੂੰ ਕਿਸ ਤਰ੍ਹਾਂ ਦਾ ਰਵੱਈਆ ਰੱਖਣ ਦੀ ਹੱਲਾਸ਼ੇਰੀ ਦਿੱਤੀ? (ਅ) ਅਸੀਂ ਆਪਣੇ ਰਵੱਈਏ ਬਾਰੇ ਕਿਹੜੇ ਸਵਾਲ ਪੁੱਛ ਸਕਦੇ ਹਾਂ?
2 ਸਾਡੇ ਰਵੱਈਏ ਜਾਂ ਸੋਚਣ ਦੇ ਢੰਗ ਦਾ ਸਾਡੇ ਕੰਮਾਂ ਤੇ ਗੱਲਾਂ ਉੱਤੇ ਅਸਰ ਪੈਂਦਾ ਹੈ। ਇਕ ਇਨਸਾਨ ਸ਼ਾਇਦ ਨਰਮ, ਦੂਜਿਆਂ ਦੀ ਪਰਵਾਹ ਕਰਨ ਵਾਲਾ, ਛੇਤੀ ਗੁੱਸੇ ਨਾ ਹੋਣ ਵਾਲਾ, ਖੁੱਲ੍ਹੇ ਦਿਲ ਵਾਲਾ ਜਾਂ ਮਾਫ਼ ਕਰਨ ਵਾਲਾ ਹੋਵੇ। ਬਾਈਬਲ ਵੀ ਕਹਿੰਦੀ ਹੈ ਕਿ “ਸ਼ਾਂਤ ਤੇ ਨਰਮ ਸੁਭਾਅ” ਤੇ “ਸ਼ੀਲ ਸੁਭਾਉ” ਹੋਣਾ ਚੰਗੀ ਗੱਲ ਹੈ। (1 ਪਤ. 3:4; ਕਹਾ. 17:27) ਦੂਜੇ ਪਾਸੇ, ਕੋਈ ਹੋਰ ਇਨਸਾਨ ਸ਼ਾਇਦ ਚੁੱਭਵੀਆਂ ਗੱਲਾਂ ਕਹਿਣ ਵਾਲਾ, ਪੈਸੇ ਨੂੰ ਪਿਆਰ ਕਰਨ ਵਾਲਾ, ਛੇਤੀ ਗੁੱਸੇ ਹੋਣ ਵਾਲਾ ਜਾਂ ਆਪਣੀ ਮਨ-ਮਰਜ਼ੀ ਕਰਨ ਵਾਲਾ ਹੋਵੇ। ਕਈਆਂ ਦਾ ਰਵੱਈਆ ਇਸ ਤੋਂ ਵੀ ਬੁਰਾ ਹੁੰਦਾ ਹੈ। ਉਹ ਬਦਚਲਣ, ਅਣਆਗਿਆਕਾਰੀ ਜਾਂ ਬਾਗ਼ੀ ਹੁੰਦੇ ਹਨ।
3 ਇਸ ਲਈ ਜਦੋਂ ਪੌਲੁਸ ਨੇ ਭਰਾਵਾਂ ਨੂੰ ਕਿਹਾ ਕਿ ‘ਤੁਹਾਡੇ ਸਹੀ ਰਵੱਈਏ ਕਰਕੇ ਪ੍ਰਭੂ ਤੁਹਾਡੇ ਨਾਲ ਰਹੇ,’ ਤਾਂ ਉਸ ਨੇ ਉਨ੍ਹਾਂ ਨੂੰ ਮਸੀਹ ਦੀ ਰੀਸ ਕਰਨ ਅਤੇ ਆਪਣਾ ਰਵੱਈਆ ਸਹੀ ਰੱਖ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਹੱਲਾਸ਼ੇਰੀ ਦਿੱਤੀ। (2 ਤਿਮੋ. 4:22; ਕੁਲੁੱਸੀਆਂ 3:9-12 ਪੜ੍ਹੋ।) ਅੱਜ ਸਾਨੂੰ ਆਪਣੇ ਆਪ ਤੋਂ ਪੁੱਛਣ ਦੀ ਲੋੜ ਹੈ: ‘ਮੇਰਾ ਰਵੱਈਆ ਕਿਹੋ ਜਿਹਾ ਹੈ? ਮੈਂ ਆਪਣੇ ਰਵੱਈਆ ਵਿਚ ਕੀ ਸੁਧਾਰ ਕਰ ਸਕਦਾ ਹਾਂ ਤਾਂਕਿ ਇਸ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੋਵੇ? ਮੈਂ ਮੰਡਲੀ ਵਿਚ ਦੂਜਿਆਂ ਨੂੰ ਸਹੀ ਰਵੱਈਆ ਰੱਖਣ ਦੀ ਹੱਲਾਸ਼ੇਰੀ ਕਿਵੇਂ ਦੇ ਸਕਦਾ ਹਾਂ?’ ਮਿਸਾਲ ਲਈ, ਸੂਰਜਮੁਖੀ ਦੇ ਖੇਤਾਂ ਵਿਚ ਹਰ ਫੁੱਲ ਖੇਤ ਦੀ ਸੁੰਦਰਤਾ ਵਧਾਉਣ ਵਿਚ ਆਪਣਾ ਯੋਗਦਾਨ ਪਾਉਂਦਾ ਹੈ। ਕੀ ਉਨ੍ਹਾਂ “ਫੁੱਲਾਂ” ਵਾਂਗ ਅਸੀਂ ਵੀ ਮੰਡਲੀ ਦੀ ਸੁੰਦਰਤਾ ਨੂੰ ਵਧਾਉਂਦੇ ਹਾਂ? ਸਾਨੂੰ ਇਸ ਤਰ੍ਹਾਂ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਓ ਹੁਣ ਆਪਾਂ ਦੇਖੀਏ ਕਿ ਅਸੀਂ ਸਹੀ ਰਵੱਈਆ ਕਿਵੇਂ ਰੱਖ ਸਕਦੇ ਹਾਂ ਜਿਸ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੁੰਦੀ ਹੈ।
-