ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ”
    ਪਹਿਰਾਬੁਰਜ (ਪਬਲਿਕ)—2017 | ਨੰ. 1
    • ‘ਉਸ ਨੂੰ ਦੂਸਰੀ ਜਗ੍ਹਾ ਲਿਜਾਇਆ ਗਿਆ ਤਾਂਕਿ ਉਹ ਮਰਨ ਵੇਲੇ ਤੜਫੇ ਨਾ’

      ਹਨੋਕ ਦੀ ਮੌਤ ਕਿਵੇਂ ਹੋਈ? ਇਕ ਤਰੀਕੇ ਨਾਲ ਉਸ ਦੀ ਮੌਤ ਉਸ ਦੀ ਜ਼ਿੰਦਗੀ ਨਾਲੋਂ ਵੀ ਰਹੱਸਮਈ ਸੀ। ਉਤਪਤ ਦੀ ਕਿਤਾਬ ਬਸ ਇੰਨਾ ਹੀ ਕਹਿੰਦੀ ਹੈ: “ਹਨੋਕ ਪਰਮੇਸ਼ੁਰ ਦੇ ਸੰਗ ਚਲਦਾ ਚਲਦਾ ਅਲੋਪ ਹੋ ਗਿਆ ਕਿਉਂਜੋ ਪਰਮੇਸ਼ੁਰ ਨੇ ਉਸ ਨੂੰ ਲੈ ਲਿਆ।” (ਉਤਪਤ 5:24) ਪਰਮੇਸ਼ੁਰ ਕਿਸ ਅਰਥ ਵਿਚ ਉਸ ਨੂੰ ਲੈ ਗਿਆ? ਬਾਅਦ ਵਿਚ ਪੌਲੁਸ ਰਸੂਲ ਨੇ ਸਮਝਾਇਆ: “ਨਿਹਚਾ ਕਰਕੇ ਹਨੋਕ ਨੂੰ ਦੂਸਰੀ ਜਗ੍ਹਾ ਲਿਜਾਇਆ ਗਿਆ ਤਾਂਕਿ ਮਰਨ ਵੇਲੇ ਉਹ ਤੜਫੇ ਨਾ ਅਤੇ ਉਹ ਕਿਤੇ ਨਾ ਲੱਭਾ ਕਿਉਂਕਿ ਪਰਮੇਸ਼ੁਰ ਉਸ ਨੂੰ ਦੂਸਰੀ ਜਗ੍ਹਾ ਲੈ ਗਿਆ ਸੀ; ਪਰ ਦੂਸਰੀ ਜਗ੍ਹਾ ਲਿਜਾਏ ਜਾਣ ਤੋਂ ਪਹਿਲਾਂ ਉਸ ਨੂੰ ਦਿਖਾਇਆ ਗਿਆ ਸੀ ਕਿ ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ ਸੀ।” (ਇਬਰਾਨੀਆਂ 11:5) ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ‘ਉਸ ਨੂੰ ਦੂਸਰੀ ਜਗ੍ਹਾ ਲਿਜਾਇਆ ਗਿਆ ਤਾਂਕਿ ਉਹ ਮਰਨ ਵੇਲੇ ਤੜਫੇ ਨਾ’? ਬਾਈਬਲ ਦੇ ਕੁਝ ਅਨੁਵਾਦ ਕਹਿੰਦੇ ਹਨ ਕਿ ਰੱਬ ਹਨੋਕ ਨੂੰ ਸਵਰਗ ਲੈ ਗਿਆ। ਪਰ ਇਹ ਸਹੀ ਨਹੀਂ ਹੋ ਸਕਦਾ। ਬਾਈਬਲ ਦੱਸਦੀ ਹੈ ਕਿ ਯਿਸੂ ਮਸੀਹ ਪਹਿਲਾ ਵਿਅਕਤੀ ਸੀ ਜਿਸ ਨੂੰ ਦੁਬਾਰਾ ਜੀਉਂਦਾ ਕਰ ਕੇ ਸਵਰਗ ਲਿਜਾਇਆ ਗਿਆ ਸੀ।​—ਯੂਹੰਨਾ 3:13.

      ਫਿਰ ਕਿਸ ਅਰਥ ਵਿਚ ‘ਉਸ ਨੂੰ ਦੂਸਰੀ ਜਗ੍ਹਾ ਲਿਜਾਇਆ ਗਿਆ’ ਤਾਂਕਿ ਉਹ “ਮਰਨ ਵੇਲੇ ਤੜਫੇ ਨਾ”? ਯਹੋਵਾਹ ਨੇ ਕੋਮਲਤਾ ਨਾਲ ਹਨੋਕ ਦੀ ਜ਼ਿੰਦਗੀ ਨੂੰ ਮੌਤ ਵਿਚ ਬਦਲ ਦਿੱਤਾ ਤਾਂਕਿ ਉਸ ਨੂੰ ਆਪਣੇ ਵਿਰੋਧੀਆਂ ਦੇ ਹੱਥੋਂ ਤੜਫ-ਤੜਫ ਕੇ ਨਾ ਮਰਨਾ ਪਵੇ। ਪਰ “ਉਸ ਨੂੰ ਦਿਖਾਇਆ ਗਿਆ ਸੀ ਕਿ ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ ਸੀ।” ਉਹ ਕਿਵੇਂ? ਹਨੋਕ ਦੀ ਮੌਤ ਤੋਂ ਬਸ ਥੋੜ੍ਹੀ ਦੇਰ ਪਹਿਲਾਂ ਹੋ ਸਕਦਾ ਹੈ ਕਿ ਰੱਬ ਨੇ ਹਨੋਕ ਨੂੰ ਉਸ ਦੇ ਜਾਗਦੇ-ਜਾਗਦੇ ਕੋਈ ਸੁਪਨਾ ਦਿਖਾਇਆ ਹੋਵੇ, ਸ਼ਾਇਦ ਨਵੀਂ ਦੁਨੀਆਂ ਦਾ ਜਿਸ ਵਿਚ ਧਰਤੀ ਸੋਹਣੇ ਬਾਗ਼ ਵਰਗੀ ਸੀ। ਯਹੋਵਾਹ ਦੀ ਮਨਜ਼ੂਰੀ ਦਾ ਇਹ ਸ਼ਾਨਦਾਰ ਸਬੂਤ ਦੇਖਣ ਤੋਂ ਬਾਅਦ ਹਨੋਕ ਮੌਤ ਦੀ ਨੀਂਦ ਸੌਂ ਗਿਆ। ਹਨੋਕ ਅਤੇ ਬਾਕੀ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਬਾਰੇ ਲਿਖਦੇ ਹੋਏ ਪੌਲੁਸ ਰਸੂਲ ਨੇ ਕਿਹਾ: “ਇਨ੍ਹਾਂ ਸਾਰਿਆਂ ਨੇ ਮਰਦੇ ਦਮ ਤਕ ਨਿਹਚਾ ਕਰਨੀ ਨਹੀਂ ਛੱਡੀ।” (ਇਬਰਾਨੀਆਂ 11:13) ਇਸ ਤੋਂ ਬਾਅਦ ਉਸ ਦੇ ਦੁਸ਼ਮਣਾਂ ਨੇ ਉਸ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਹੋਣੀ, ਪਰ ਇਹ ‘ਕਿਤੇ ਨਾ ਲੱਭੀ,’ ਸ਼ਾਇਦ ਇਸ ਲਈ ਕਿਉਂਕਿ ਯਹੋਵਾਹ ਨੇ ਉਸ ਨੂੰ ਅਲੋਪ ਕਰ ਦਿੱਤਾ ਸੀ ਤਾਂਕਿ ਦੁਸ਼ਮਣ ਇਸ ਦਾ ਨਿਰਾਦਰ ਨਾ ਕਰਨ ਜਾਂ ਇਸ ਨੂੰ ਝੂਠੀ ਭਗਤੀ ਸ਼ੁਰੂ ਕਰਨ ਲਈ ਨਾ ਵਰਤਣ।b

      ਬਾਈਬਲ ਵਿਚ ਦਿੱਤੇ ਇਸ ਕਾਰਨ ਨੂੰ ਧਿਆਨ ਵਿਚ ਰੱਖਦੇ ਹੋਏ ਆਓ ਆਪਾਂ ਕਲਪਨਾ ਕਰਨ ਦੀ ਕੋਸ਼ਿਸ਼ ਕਰੀਏ ਕਿ ਹਨੋਕ ਦੀ ਜ਼ਿੰਦਗੀ ਦਾ ਅੰਤ ਕਿਵੇਂ ਹੋਇਆ ਹੋਵੇਗਾ। ਕਲਪਨਾ ਕਰਦੇ ਸਮੇਂ ਯਾਦ ਰੱਖੋ ਕਿ ਉਸ ਦੀ ਮੌਤ ਸਿਰਫ਼ ਇਕ ਤਰੀਕੇ ਨਾਲ ਹੋਈ ਹੋਣੀ। ਹਨੋਕ ਭੱਜਦਾ-ਭੱਜਦਾ ਥੱਕ ਕੇ ਚੂਰ ਹੋਣ ਵਾਲਾ ਸੀ। ਉਸ ਦੇ ਦੁਸ਼ਮਣ ਉਸ ਦਾ ਪਿੱਛਾ ਕਰ ਰਹੇ ਸਨ ਕਿਉਂਕਿ ਉਹ ਉਸ ਦਾ ਸੰਦੇਸ਼ ਸੁਣ ਕੇ ਗੁੱਸੇ ਦੀ ਅੱਗ ਨਾਲ ਭੜਕੇ ਹੋਏ ਸਨ। ਹਨੋਕ ਨੂੰ ਲੁਕਣ ਲਈ ਇਕ ਜਗ੍ਹਾ ਮਿਲ ਗਈ ਜਿੱਥੇ ਉਹ ਥੋੜ੍ਹੇ ਚਿਰ ਲਈ ਆਰਾਮ ਕਰ ਸਕਦਾ ਸੀ। ਪਰ ਉਸ ਨੂੰ ਪਤਾ ਸੀ ਕਿ ਉਹ ਜ਼ਿਆਦਾ ਦੇਰ ਤਕ ਬਚ ਨਹੀਂ ਸਕਦਾ। ਜਲਦੀ ਹੀ ਉਹ ਬਹੁਤ ਬੁਰੀ ਮੌਤ ਮਰਨ ਵਾਲਾ ਸੀ। ਆਰਾਮ ਕਰਦੇ-ਕਰਦੇ ਉਸ ਨੇ ਰੱਬ ਨੂੰ ਪ੍ਰਾਰਥਨਾ ਕੀਤੀ। ਫਿਰ ਉਸ ਉੱਤੇ ਗਹਿਰੀ ਸ਼ਾਂਤੀ ਛਾ ਗਈ। ਸੁਪਨਾ ਦੇਖਦੇ-ਦੇਖਦੇ ਹੀ ਉਸ ਨੂੰ ਕਿਤੇ ਦੂਰ ਲਿਜਾਇਆ ਗਿਆ।

      ਹਨੋਕ ਗੁਫ਼ਾ ਵਿੱਚ ਲੁਕਿਆ ਹੋਇਆ ਜਦਕਿ ਉਸ ਦੇ ਦੁਸ਼ਮਣ ਕੋਲੋਂ ਲੰਘਦੇ ਹੋਏ

      ਹਨੋਕ ਬੁਰੀ ਮੌਤ ਮਰਨ ਵਾਲਾ ਸੀ ਜਦੋਂ ਯਹੋਵਾਹ ਉਸ ਨੂੰ ਲੈ ਗਿਆ

      ਕਲਪਨਾ ਕਰੋ ਕਿ ਉਹ ਸੁਪਨੇ ਵਿਚ ਜਿਸ ਦੁਨੀਆਂ ਦਾ ਦ੍ਰਿਸ਼ ਦੇਖ ਰਿਹਾ ਸੀ, ਉਹ ਉਸ ਦੇ ਜ਼ਮਾਨੇ ਦੀ ਦੁਨੀਆਂ ਤੋਂ ਬਿਲਕੁਲ ਅਲੱਗ ਸੀ। ਉਸ ਨੂੰ ਉਸ ਦੁਨੀਆਂ ਵਿਚ ਧਰਤੀ ਅਦਨ ਦੇ ਬਾਗ਼ ਵਰਗੀ ਸੋਹਣੀ ਲੱਗੀ ਹੋਣੀ, ਪਰ ਇਨਸਾਨਾਂ ਤੋਂ ਇਸ ਦੀ ਰਾਖੀ ਕਰਨ ਲਈ ਕਰੂਬੀ ਯਾਨੀ ਫ਼ਰਿਸ਼ਤੇ ਨਹੀਂ ਖੜ੍ਹੇ ਸਨ। ਉੱਥੇ ਅਣਗਿਣਤ ਆਦਮੀ ਅਤੇ ਔਰਤਾਂ ਸਨ ਜੋ ਤੰਦਰੁਸਤ ਸਨ ਅਤੇ ਉਨ੍ਹਾਂ ਵਿਚ ਬਹੁਤ ਸਾਰੀ ਤਾਕਤ ਸੀ। ਉਨ੍ਹਾਂ ਵਿਚ ਸ਼ਾਂਤੀ ਸੀ। ਉੱਥੇ ਕੋਈ ਕਿਸੇ ਨੂੰ ਨਫ਼ਰਤ ਨਹੀਂ ਸੀ ਕਰਦਾ ਤੇ ਨਾ ਹੀ ਧਰਮ ਕਰਕੇ ਕਿਸੇ ਨੂੰ ਸਤਾਇਆ ਜਾਂਦਾ ਸੀ ਜਿਸ ਤਰ੍ਹਾਂ ਹਨੋਕ ਨਾਲ ਹੋਇਆ ਸੀ। ਹਨੋਕ ਨੂੰ ਅਹਿਸਾਸ ਹੋ ਗਿਆ ਸੀ ਕਿ ਯਹੋਵਾਹ ਉਸ ਦੇ ਨਾਲ ਸੀ, ਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਤੋਂ ਖ਼ੁਸ਼ ਸੀ। ਉਸ ਨੂੰ ਪੱਕਾ ਪਤਾ ਲੱਗ ਗਿਆ ਕਿ ਉਹ ਇਸ ਜਗ੍ਹਾ ਰਹੇਗਾ ਤੇ ਇੱਥੇ ਉਸ ਦਾ ਘਰ ਹੋਵੇਗਾ। ਉਸ ʼਤੇ ਜਿੱਦਾਂ-ਜਿੱਦਾਂ ਸ਼ਾਂਤੀ ਛਾਈ ਗਈ, ਉਸ ਦੀਆਂ ਅੱਖਾਂ ਬੰਦ ਹੋ ਗਈਆਂ ਤੇ ਉਹ ਗੂੜ੍ਹੀ ਨੀਂਦ ਸੌਂ ਗਿਆ ਤੇ ਹੁਣ ਉਹ ਕੋਈ ਸੁਪਨਾ ਨਹੀਂ ਦੇਖ ਰਿਹਾ ਸੀ।

      ਉਦੋਂ ਤੋਂ ਲੈ ਕੇ ਹੁਣ ਤਕ ਉਹ ਮੌਤ ਦੀ ਨੀਂਦ ਸੁੱਤਾ ਪਿਆ ਹੈ ਅਤੇ ਯਹੋਵਾਹ ਨੇ ਉਸ ਨੂੰ ਆਪਣੀ ਅਸੀਮ ਯਾਦਾਸ਼ਤ ਵਿਚ ਸੰਭਾਲ ਕੇ ਰੱਖਿਆ ਹੋਇਆ ਹੈ! ਬਾਅਦ ਵਿਚ ਯਿਸੂ ਨੇ ਵਾਅਦਾ ਕੀਤਾ ਕਿ ਇਕ ਦਿਨ ਆਵੇਗਾ ਜਦੋਂ ਯਹੋਵਾਹ ਦੀ ਯਾਦਾਸ਼ਤ ਵਿਚ ਸਮਾਏ ਸਾਰੇ ਲੋਕ ਮਸੀਹ ਦੀ ਆਵਾਜ਼ ਸੁਣਨਗੇ ਅਤੇ ਕਬਰਾਂ ਵਿੱਚੋਂ ਬਾਹਰ ਨਿਕਲ ਆਉਣਗੇ। ਉਹ ਆਪਣੀਆਂ ਅੱਖਾਂ ਖੂਬਸੂਰਤ ਨਵੀਂ ਦੁਨੀਆਂ ਵਿਚ ਖੋਲ੍ਹਣਗੇ ਜਿੱਥੇ ਸ਼ਾਂਤੀ ਹੋਵੇਗੀ।​—ਯੂਹੰਨਾ 5:28, 29.

  • “ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ”
    ਪਹਿਰਾਬੁਰਜ (ਪਬਲਿਕ)—2017 | ਨੰ. 1
    • b ਇਸੇ ਤਰ੍ਹਾਂ ਯਹੋਵਾਹ ਨੇ ਪੱਕਾ ਕੀਤਾ ਸੀ ਕਿ ਮੂਸਾ ਅਤੇ ਯਿਸੂ ਦੀਆਂ ਲਾਸ਼ਾਂ ਨਾਲ ਵੀ ਇੱਦਾਂ ਨਾ ਹੋਵੇ।​—ਬਿਵਸਥਾ ਸਾਰ 34:5, 6; ਲੂਕਾ 24:3-6; ਯਹੂਦਾਹ 9.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ