-
‘ਸੁਣੀਆਂ ਗੱਲਾਂ ਦਾ ਹੋਰ ਵੀ ਧਿਆਨ ਰੱਖੋ’ਪਹਿਰਾਬੁਰਜ—2002 | ਸਤੰਬਰ 15
-
-
‘ਸੁਣੀਆਂ ਗੱਲਾਂ ਦਾ ਹੋਰ ਵੀ ਧਿਆਨ ਰੱਖੋ’
“ਚਾਹੀਦਾ ਹੈ ਜੋ ਅਸੀਂ ਉਨ੍ਹਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ ਅਜਿਹਾ ਨਾ ਹੋਵੇ ਭਈ ਕਿਤੇ ਅਸੀਂ ਉਨ੍ਹਾਂ ਤੋਂ ਵਹਿ ਕੇ ਦੂਰ ਹੋ ਜਾਈਏ।”—ਇਬਰਾਨੀਆਂ 2:1.
1. ਮਿਸਾਲ ਦੇ ਕੇ ਸਮਝਾਓ ਕਿ ਧਿਆਨ ਭਟਕਣ ਕਾਰਨ ਹਾਦਸਾ ਕਿਵੇਂ ਹੋ ਸਕਦਾ ਹੈ।
ਹਰ ਸਾਲ ਸਿਰਫ਼ ਅਮਰੀਕਾ ਵਿਚ ਹੀ ਸੜਕ ਹਾਦਸਿਆਂ ਵਿਚ ਤਕਰੀਬਨ 37,000 ਮੌਤਾਂ ਹੁੰਦੀਆਂ ਹਨ। ਮਾਹਰ ਕਹਿੰਦੇ ਹਨ ਕਿ ਇਨ੍ਹਾਂ ਵਿੱਚੋਂ ਕਈਆਂ ਦੀਆਂ ਜਾਨਾਂ ਬਚ ਸਕਦੀਆਂ ਸਨ ਜੇਕਰ ਡ੍ਰਾਈਵਰਾਂ ਨੇ ਗੱਡੀ ਚਲਾਉਂਦੇ ਹੋਏ ਜ਼ਿਆਦਾ ਧਿਆਨ ਰੱਖਿਆ ਹੁੰਦਾ। ਸਾਈਨ ਅਤੇ ਇਸ਼ਤਿਹਾਰ ਦੇਖਦੇ ਹੋਏ ਜਾਂ ਮੋਬਾਇਲ ਫ਼ੋਨ ਤੇ ਗੱਲ ਕਰਦੇ ਹੋਏ ਕੁਝ ਡ੍ਰਾਈਵਰਾਂ ਦਾ ਧਿਆਨ ਭਟਕ ਜਾਂਦਾ ਹੈ। ਕੁਝ ਅਜਿਹੇ ਡ੍ਰਾਈਵਰ ਵੀ ਹੁੰਦੇ ਹਨ ਜੋ ਕਾਰ ਚਲਾਉਂਦੇ ਹੋਏ ਖਾਂਦੇ-ਪੀਂਦੇ ਰਹਿੰਦੇ ਹਨ। ਇਨ੍ਹਾਂ ਸਾਰੀਆਂ ਸਥਿਤੀਆਂ ਵਿਚ ਧਿਆਨ ਭਟਕ ਸਕਦਾ ਹੈ ਅਤੇ ਗੰਭੀਰ ਹਾਦਸਾ ਹੋ ਸਕਦਾ ਹੈ।
2, 3. ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਕਿਹੜੀ ਸਲਾਹ ਦਿੱਤੀ ਸੀ ਅਤੇ ਉਸ ਦੀ ਸਲਾਹ ਢੁਕਵੀਂ ਕਿਉਂ ਸੀ?
2 ਗੱਡੀਆਂ ਦੇ ਬਣਨ ਤੋਂ ਲਗਭਗ 2,000 ਸਾਲ ਪਹਿਲਾਂ, ਪੌਲੁਸ ਰਸੂਲ ਨੇ ਇਕ ਅਜਿਹੀ ਧਿਆਨ ਭੰਗ ਕਰਨ ਵਾਲੀ ਚੀਜ਼ ਦਾ ਜ਼ਿਕਰ ਕੀਤਾ ਸੀ ਜੋ ਇਬਰਾਨੀ ਮਸੀਹੀਆਂ ਲਈ ਖ਼ਤਰਨਾਕ ਸਾਬਤ ਹੋ ਰਹੀ ਸੀ। ਪੌਲੁਸ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਮੁੜ ਜੀਉਂਦੇ ਕੀਤੇ ਗਏ ਯਿਸੂ ਮਸੀਹ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਬਿਠਾ ਕੇ ਦੂਤਾਂ ਨਾਲੋਂ ਉੱਚੀ ਪਦਵੀ ਦਿੱਤੀ ਗਈ ਸੀ। ਫਿਰ ਪੌਲੁਸ ਰਸੂਲ ਨੇ ਕਿਹਾ: “ਇਸ ਕਾਰਨ ਚਾਹੀਦਾ ਹੈ ਜੋ ਅਸੀਂ ਉਨ੍ਹਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ ਅਜਿਹਾ ਨਾ ਹੋਵੇ ਭਈ ਕਿਤੇ ਅਸੀਂ ਉਨ੍ਹਾਂ ਤੋਂ ਵਹਿ ਕੇ ਦੂਰ ਹੋ ਜਾਈਏ।”—ਇਬਰਾਨੀਆਂ 2:1.
3 ਇਬਰਾਨੀ ਮਸੀਹੀਆਂ ਨੇ ਯਿਸੂ ਬਾਰੇ ‘ਜਿਹੜੀਆਂ ਗੱਲਾਂ ਸੁਣੀਆਂ ਸਨ,’ ਉਨ੍ਹਾਂ ਨੂੰ ਇਨ੍ਹਾਂ ਦਾ ‘ਹੋਰ ਵੀ ਧਿਆਨ ਰੱਖਣ’ ਦੀ ਜ਼ਰੂਰਤ ਕਿਉਂ ਸੀ? ਕਿਉਂਕਿ ਯਿਸੂ ਨੂੰ ਵਾਪਸ ਸਵਰਗ ਗਏ ਨੂੰ ਤਕਰੀਬਨ 30 ਸਾਲ ਹੋ ਚੁੱਕੇ ਸਨ। ਆਪਣੇ ਸੁਆਮੀ ਦੀ ਗ਼ੈਰ-ਹਾਜ਼ਰੀ ਵਿਚ ਕੁਝ ਇਬਰਾਨੀ ਮਸੀਹੀ ਸੱਚਾਈ ਦੇ ਰਸਤੇ ਤੋਂ ਭਟਕ ਰਹੇ ਸਨ। ਉਨ੍ਹਾਂ ਦਾ ਧਿਆਨ ਯਹੂਦੀ ਧਰਮ ਵੱਲ ਖਿੱਚਿਆ ਜਾ ਰਿਹਾ ਸੀ ਜਿਸ ਨੂੰ ਉਹ ਪਹਿਲਾਂ ਮੰਨਦੇ ਸਨ।
ਉਨ੍ਹਾਂ ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਸੀ
4. ਕਿਸ ਗੱਲ ਨੇ ਮਸੀਹੀਆਂ ਨੂੰ ਯਹੂਦੀ ਧਰਮ ਨੂੰ ਵਾਪਸ ਜਾਣ ਲਈ ਭਰਮਾਇਆ ਸੀ?
4 ਯਹੂਦੀ ਧਰਮ ਨੂੰ ਵਾਪਸ ਜਾਣ ਲਈ ਮਸੀਹੀ ਸ਼ਾਇਦ ਕਿਸ ਗੱਲ ਕਾਰਨ ਭਰਮਾਏ ਗਏ ਸਨ? ਮੂਸਾ ਦੀ ਬਿਵਸਥਾ ਅਧੀਨ ਭਗਤੀ ਕਰਨ ਵਿਚ ਉਹ ਚੀਜ਼ਾਂ ਸ਼ਾਮਲ ਸਨ ਜੋ ਉਹ ਆਪਣੀ ਅੱਖੀਂ ਦੇਖ ਸਕਦੇ ਸਨ। ਮਿਸਾਲ ਲਈ, ਲੋਕ ਜਾਜਕ ਨੂੰ ਦੇਖ ਸਕਦੇ ਸਨ ਅਤੇ ਚੜ੍ਹਾਈਆਂ ਗਈਆਂ ਬਲੀਆਂ ਦੀ ਸੁਗੰਧ ਸੁੰਘ ਸਕਦੇ ਸਨ। ਪਰ ਕੁਝ ਹੱਦ ਤਕ ਮਸੀਹੀ ਧਰਮ ਇਸ ਨਾਲੋਂ ਵੱਖਰਾ ਸੀ। ਮਸੀਹੀਆਂ ਦਾ ਪ੍ਰਧਾਨ ਜਾਜਕ ਯਿਸੂ ਮਸੀਹ ਸੀ ਜਿਸ ਨੂੰ ਉਨ੍ਹਾਂ ਨੇ ਲਗਭਗ 30 ਸਾਲਾਂ ਤੋਂ ਨਹੀਂ ਦੇਖਿਆ ਸੀ। (ਇਬਰਾਨੀਆਂ 4:14) ਮਸੀਹੀਆਂ ਦੀ ਹੈਕਲ ਤਾਂ ਸੀ, ਪਰ ਉਸ ਦਾ ਪਵਿੱਤਰ ਸਥਾਨ ਸਵਰਗ ਵਿਚ ਸੀ। (ਇਬਰਾਨੀਆਂ 9:24) ਬਿਵਸਥਾ ਅਧੀਨ ਸਰੀਰ ਦੀ ਸੁੰਨਤ ਕੀਤੀ ਜਾਂਦੀ ਸੀ, ਪਰ ਮਸੀਹੀਆਂ ਨੂੰ ਸਿਰਫ਼ ‘ਮਨ ਦੀ ਅਰਥਾਤ ਆਤਮਾ ਵਿੱਚ’ ਸੁੰਨਤ ਕਰਨ ਦੀ ਲੋੜ ਸੀ। (ਰੋਮੀਆਂ 2:29) ਇਨ੍ਹਾਂ ਕਾਰਨਾਂ ਕਰਕੇ ਇਬਰਾਨੀ ਮਸੀਹੀਆਂ ਲਈ ਮਸੀਹੀ ਧਰਮ ਨੂੰ ਸਮਝਣਾ ਮੁਸ਼ਕਲ ਹੋ ਗਿਆ ਸੀ।
5. ਪੌਲੁਸ ਨੇ ਕਿਵੇਂ ਦਿਖਾਇਆ ਸੀ ਕਿ ਬਿਵਸਥਾ ਅਧੀਨ ਭਗਤੀ ਕਰਨ ਦੇ ਤਰੀਕੇ ਨਾਲੋਂ ਮਸੀਹ ਦੁਆਰਾ ਸਥਾਪਿਤ ਕੀਤਾ ਗਿਆ ਤਰੀਕਾ ਉੱਤਮ ਸੀ?
5 ਇਬਰਾਨੀ ਮਸੀਹੀਆਂ ਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਸੀ ਕਿ ਮਸੀਹ ਦੁਆਰਾ ਸਥਾਪਿਤ ਕੀਤਾ ਗਿਆ ਭਗਤੀ ਕਰਨ ਦਾ ਤਰੀਕਾ ਬਹੁਤ ਹੀ ਅਹਿਮ ਸੀ। ਉਹ ਨਿਹਚਾ ਉੱਤੇ ਆਧਾਰਿਤ ਸੀ, ਨਾ ਕਿ ਉਨ੍ਹਾਂ ਚੀਜ਼ਾਂ ਉੱਤੇ ਜੋ ਅੱਖੀਂ ਦੇਖੀਆਂ ਜਾ ਸਕਦੀਆਂ ਸਨ। ਭਗਤੀ ਕਰਨ ਦਾ ਇਹ ਤਰੀਕਾ ਉਸ ਬਿਵਸਥਾ ਨਾਲੋਂ ਉੱਤਮ ਸੀ ਜੋ ਮੂਸਾ ਨਬੀ ਦੁਆਰਾ ਦਿੱਤੀ ਗਈ ਸੀ। ਪੌਲੁਸ ਨੇ ਲਿਖਿਆ: “ਕਿਉਂਕਿ ਜੇ ਬੱਕਰਿਆਂ ਅਤੇ ਵਹਿੜਕਿਆਂ ਦਾ ਲਹੂ ਅਤੇ ਵਹਿੜ ਦੀ ਸੁਆਹ ਜਿਹੜੀ ਭ੍ਰਿਸ਼ਟਾਂ ਉੱਤੇ ਧੂੜੀ ਜਾਵੇ ਸਰੀਰ ਦੇ ਸ਼ੁੱਧ ਕਰਨ ਲਈ ਪਵਿੱਤਰ ਕਰਦੀ ਹੈ। ਤਾਂ ਕਿੰਨਾ ਹੀ ਵਧੀਕ ਮਸੀਹ ਦਾ ਲਹੂ ਜਿਹ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ੁਰ ਦੇ ਅੱਗੇ ਚੜ੍ਹਾਇਆ ਤੁਹਾਡੇ ਅੰਤਹਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਭਈ ਤੁਸੀਂ ਜੀਉਂਦੇ ਪਰਮੇਸ਼ੁਰ ਦੀ ਉਪਾਸਨਾ ਕਰੋ।” (ਇਬਰਾਨੀਆਂ 9:13, 14) ਯਿਸੂ ਮਸੀਹ ਦਾ ਬਲੀਦਾਨ ਬਿਵਸਥਾ ਅਧੀਨ ਚੜ੍ਹਾਏ ਗਏ ਬਲੀਦਾਨਾਂ ਨਾਲੋਂ ਕਈ ਤਰੀਕਿਆਂ ਨਾਲ ਬਿਹਤਰ ਹੈ, ਇਸ ਲਈ ਮਾਫ਼ੀ ਲਈ ਵਾਰ-ਵਾਰ ਬਲੀਦਾਨ ਚੜ੍ਹਾਉਣ ਦੀ ਲੋੜ ਨਹੀਂ ਹੈ, ਸਿਰਫ਼ ਉਸ ਦੇ ਬਲੀਦਾਨ ਵਿਚ ਨਿਹਚਾ ਕਰਨ ਦੀ ਲੋੜ ਹੈ।—ਇਬਰਾਨੀਆਂ 7:26-28.
6, 7. (ੳ) ਇਬਰਾਨੀ ਮਸੀਹੀਆਂ ਨੂੰ ਕਿਹੜੀ ਸਥਿਤੀ ਕਾਰਨ ‘ਸੁਣੀਆਂ ਗੱਲਾਂ ਦਾ ਹੋਰ ਵੀ ਧਿਆਨ ਰੱਖਣ’ ਦੀ ਜ਼ਰੂਰਤ ਸੀ? (ਅ) ਜਦ ਪੌਲੁਸ ਨੇ ਇਬਰਾਨੀਆਂ ਨੂੰ ਚਿੱਠੀ ਲਿਖੀ ਸੀ, ਤਾਂ ਯਰੂਸ਼ਲਮ ਦੇ ਨਾਸ਼ ਹੋਣ ਵਿਚ ਕਿੰਨਾ ਕੁ ਸਮਾਂ ਰਹਿੰਦਾ ਸੀ? (ਫੁਟਨੋਟ ਦੇਖੋ।)
6 ਇਕ ਹੋਰ ਕਾਰਨ ਸੀ ਜਿਸ ਕਰਕੇ ਇਬਰਾਨੀ ਮਸੀਹੀਆਂ ਨੂੰ ਯਿਸੂ ਬਾਰੇ ਸਿੱਖੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਸੀ। ਯਰੂਸ਼ਲਮ ਦੇ ਨਾਸ਼ ਬਾਰੇ ਭਵਿੱਖਬਾਣੀ ਕਰਦੇ ਹੋਏ ਯਿਸੂ ਨੇ ਕਿਹਾ: “ਓਹ ਦਿਨ ਤੇਰੇ ਉੱਤੇ ਆਉਣਗੇ ਜਾਂ ਤੇਰੇ ਵੈਰੀ ਤੇਰੇ ਗਿਰਦੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚੁਫੇਰਿਓਂ ਤੈਨੂੰ ਰੋਕਣਗੇ। ਅਰ ਤੇਰੇ ਬੱਚਿਆਂ ਸਣੇ ਜੋ ਤੇਰੇ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕਾ ਦੇਣਗੇ ਅਰ ਤੇਰੇ ਵਿੱਚ ਪੱਥਰ ਉੱਤੇ ਪੱਥਰ ਨਾ ਛੱਡਣਗੇ ਇਸ ਲਈ ਜੋ ਤੈਂ ਆਪਣੀ ਭਲਿਆਈ ਦੇ ਮੌਕੇ ਨੂੰ ਨਾ ਜਾਣਿਆ।”—ਲੂਕਾ 19:43, 44.
7 ਇਹ ਗੱਲਾਂ ਕਦੋਂ ਪੂਰੀਆਂ ਹੋਣੀਆਂ ਸਨ? ਯਿਸੂ ਨੇ ਇਹ ਨਹੀਂ ਦੱਸਿਆ ਸੀ ਕਿ ਇਹ ਗੱਲਾਂ ਕਿਸ ਦਿਨ ਪੂਰੀਆਂ ਹੋਣਗੀਆਂ। ਇਸ ਦੀ ਬਜਾਇ ਉਸ ਨੇ ਇਹ ਸਲਾਹ ਦਿੱਤੀ ਸੀ: “ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਭਈ ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ। ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ ਅਤੇ ਓਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਹ ਦੇ ਅੰਦਰ ਨਾ ਵੜਨ।” (ਲੂਕਾ 21:20, 21) ਯਿਸੂ ਨੇ ਇਹ ਸ਼ਬਦ 30 ਸਾਲ ਪਹਿਲਾਂ ਕਹੇ ਸਨ ਅਤੇ ਇਸ ਸਮੇਂ ਦੌਰਾਨ ਯਰੂਸ਼ਲਮ ਵਿਚ ਕੁਝ ਮਸੀਹੀ ਸਮੇਂ ਦੀ ਅਹਿਮੀਅਤ ਭੁੱਲ ਕੇ ਭਟਕ ਗਏ ਸਨ। ਅਸੀਂ ਕਹਿ ਸਕਦੇ ਹਾਂ ਕਿ ਉਨ੍ਹਾਂ ਨੇ ਸੱਚਾਈ ਦੇ ਰਾਹ ਤੇ ਚੱਲਦੇ-ਚੱਲਦੇ ਧਿਆਨ ਨਹੀਂ ਰੱਖਿਆ। ਤਬਾਹੀ ਤੋਂ ਬਚਣ ਲਈ ਉਨ੍ਹਾਂ ਨੂੰ ਆਪਣੀ ਸੋਚਣੀ ਸੁਧਾਰਨ ਦੀ ਲੋੜ ਸੀ। ਭਾਵੇਂ ਉਨ੍ਹਾਂ ਨੇ ਵਿਸ਼ਵਾਸ ਕੀਤਾ ਜਾਂ ਨਹੀਂ, ਪਰ ਯਰੂਸ਼ਲਮ ਦਾ ਨਾਸ਼ ਬਹੁਤ ਹੀ ਜਲਦੀ ਹੋਣ ਵਾਲਾ ਸੀ!a ਉਮੀਦ ਹੈ ਕਿ ਪੌਲੁਸ ਦੀ ਸਲਾਹ ਨਾਲ ਯਰੂਸ਼ਲਮ ਵਿਚ ਰਹਿੰਦੇ ਮਸੀਹੀਆਂ ਨੂੰ ਯਾਦ ਆਇਆ ਹੋਵੇਗਾ ਕਿ ਉਨ੍ਹਾਂ ਨੂੰ ਰੂਹਾਨੀ ਨੀਂਦਰ ਤੋਂ ਜਾਗਣ ਦੀ ਲੋੜ ਸੀ।
ਸਾਨੂੰ ਵੀ ‘ਸੁਣੀਆਂ ਗੱਲਾਂ ਦਾ ਹੋਰ ਵੀ ਧਿਆਨ ਰੱਖਣਾ’ ਚਾਹੀਦਾ ਹੈ
8. ਸਾਨੂੰ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਦਾ ‘ਹੋਰ ਵੀ ਧਿਆਨ ਰੱਖਣ’ ਦੀ ਕਿਉਂ ਲੋੜ ਹੈ?
8 ਪਹਿਲੀ ਸਦੀ ਦੇ ਮਸੀਹੀਆਂ ਵਾਂਗ ਸਾਨੂੰ ਵੀ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਦਾ ‘ਹੋਰ ਵੀ ਧਿਆਨ ਰੱਖਣਾ’ ਚਾਹੀਦਾ ਹੈ। ਕਿਉਂ? ਕਿਉਂਕਿ ਅਸੀਂ ਵੀ ਜਲਦੀ ਆਉਣ ਵਾਲੇ ਨਾਸ਼ ਦਾ ਸਾਮ੍ਹਣਾ ਕਰਾਂਗੇ। ਪਰ ਨਾਸ਼ ਸਿਰਫ਼ ਇਕ ਕੌਮ ਦਾ ਨਹੀਂ ਹੋਵੇਗਾ, ਸਗੋਂ ਪੂਰੀ ਦੁਸ਼ਟ ਦੁਨੀਆਂ ਦਾ ਹੋਵੇਗਾ। (ਪਰਕਾਸ਼ ਦੀ ਪੋਥੀ 11:18; 16:14, 16) ਇਹ ਸੱਚ ਹੈ ਕਿ ਅਸੀਂ ਉਸ ਦਿਨ ਅਤੇ ਉਸ ਘੜੀ ਨੂੰ ਨਹੀਂ ਜਾਣਦੇ ਜਦ ਯਹੋਵਾਹ ਨੇ ਇਹ ਕੰਮ ਕਰਨਾ ਹੈ। (ਮੱਤੀ 24:36) ਫਿਰ ਵੀ ਅਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਅੱਖੀਂ ਪੂਰੀਆਂ ਹੁੰਦੀਆਂ ਦੇਖ ਰਹੇ ਹਾਂ ਜਿਨ੍ਹਾਂ ਤੋਂ ਸਬੂਤ ਮਿਲਦਾ ਹੈ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ। (2 ਤਿਮੋਥਿਉਸ 3:1-5) ਇਸ ਲਈ ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਤਾਂਕਿ ਕਿਸੇ ਚੀਜ਼ ਦੁਆਰਾ ਸਾਡਾ ਧਿਆਨ ਨਾ ਭਟਕ ਜਾਵੇ। ਸਾਨੂੰ ਪਰਮੇਸ਼ੁਰ ਦੇ ਬਚਨ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਮੇਂ ਦੀ ਅਹਿਮੀਅਤ ਨਹੀਂ ਭੁੱਲਣੀ ਚਾਹੀਦੀ। ਸਿਰਫ਼ ਇਸ ਤਰ੍ਹਾਂ ਕਰਨ ਨਾਲ ਹੀ ਅਸੀਂ “ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ” ਸਕਾਂਗੇ।—ਲੂਕਾ 21:36.
-
-
‘ਸੁਣੀਆਂ ਗੱਲਾਂ ਦਾ ਹੋਰ ਵੀ ਧਿਆਨ ਰੱਖੋ’ਪਹਿਰਾਬੁਰਜ—2002 | ਸਤੰਬਰ 15
-
-
a ਸੰਭਵ ਹੈ ਕਿ ਇਬਰਾਨੀਆਂ ਨੂੰ ਚਿੱਠੀ 61 ਸਾ.ਯੁ. ਵਿਚ ਲਿਖੀ ਗਈ ਸੀ। ਜੇਕਰ ਇਹ ਸੱਚ ਹੈ, ਤਾਂ ਸਿਰਫ਼ ਪੰਜ ਕੁ ਸਾਲਾਂ ਬਾਅਦ ਹੀ ਸੈਸਟੀਅਸ ਗੈਲਸ ਦੀਆਂ ਫ਼ੌਜਾਂ ਨੇ ਯਰੂਸ਼ਲਮ ਨੂੰ ਘੇਰ ਲਿਆ ਸੀ। ਕੁਝ ਸਮੇਂ ਬਾਅਦ ਰੋਮੀ ਵਾਪਸ ਚਲੇ ਗਏ ਅਤੇ ਸਾਵਧਾਨ ਮਸੀਹੀਆਂ ਨੂੰ ਭੱਜਣ ਦਾ ਮੌਕਾ ਮਿਲਿਆ। ਇਸ ਤੋਂ ਚਾਰ ਸਾਲ ਬਾਅਦ ਜਨਰਲ ਟਾਈਟਸ ਦੇ ਅਧੀਨ ਰੋਮੀ ਫ਼ੌਜਾਂ ਨੇ ਸ਼ਹਿਰ ਨੂੰ ਉਜਾੜ ਦਿੱਤਾ।
-