1919 ਦਾ ਵੱਡਾ ਸੰਮੇਲਨ ਇਸ ਗੱਲ ਦਾ ਪੱਕਾ ਸਬੂਤ ਸੀ ਕਿ ਪਰਮੇਸ਼ੁਰ ਦੇ ਲੋਕ ਮਹਾਂ ਬਾਬਲ ਤੋਂ ਆਜ਼ਾਦ ਹੋ ਗਏ ਸਨ
ਸਿੱਖਿਆ ਡੱਬੀ 9ਅ
1919 ਹੀ ਕਿਉਂ?
ਅਸੀਂ ਕਿਉਂ ਕਹਿੰਦੇ ਹਾਂ ਕਿ ਪਰਮੇਸ਼ੁਰ ਦੇ ਲੋਕ 1919 ਵਿਚ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋਏ ਸਨ? ਬਾਈਬਲ ਦੀਆਂ ਭਵਿੱਖਬਾਣੀਆਂ ਅਤੇ ਇਤਿਹਾਸ ਦੀਆਂ ਘਟਨਾਵਾਂ ਦੇ ਆਧਾਰ ʼਤੇ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ।
ਬਾਈਬਲ ਦੀਆਂ ਭਵਿੱਖਬਾਣੀਆਂ ਅਤੇ ਇਤਿਹਾਸ ਦੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਮਸੀਹ ਨੇ 1914 ਵਿਚ ਸਵਰਗ ਵਿਚ ਰਾਜ ਕਰਨਾ ਸ਼ੁਰੂ ਕੀਤਾ। ਉਦੋਂ ਤੋਂ ਸ਼ੈਤਾਨ ਦੀ ਦੁਨੀਆਂ ਦੇ ਆਖ਼ਰੀ ਦਿਨ ਸ਼ੁਰੂ ਹੋ ਗਏ। ਰਾਜਾ ਬਣਨ ਤੇ ਯਿਸੂ ਨੇ ਕੀ ਕੀਤਾ? ਕੀ ਯਿਸੂ ਨੇ ਤੁਰੰਤ ਧਰਤੀ ਤੋਂ ਆਪਣੇ ਸੇਵਕਾਂ ਨੂੰ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾ ਦਿੱਤਾ ਸੀ? ਕੀ ਉਸ ਨੇ 1914 ਵਿਚ ਹੀ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਠਹਿਰਾ ਦਿੱਤਾ ਅਤੇ ਵਾਢੀ ਦਾ ਕੰਮ ਸ਼ੁਰੂ ਕਰ ਦਿੱਤਾ?—ਮੱਤੀ 24:45.
ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਸਭ ਕੁਝ 1914 ਵਿਚ ਨਹੀਂ ਕੀਤਾ ਸੀ। ਯਾਦ ਕਰੋ ਕਿ ਪਤਰਸ ਰਸੂਲ ਨੇ ਲਿਖਿਆ ਕਿ ਨਿਆਂ “ਪਰਮੇਸ਼ੁਰ ਦੇ ਘਰੋਂ” ਸ਼ੁਰੂ ਹੋਵੇਗਾ। (1 ਪਤ. 4:17) ਇਸੇ ਤਰ੍ਹਾਂ ਮਲਾਕੀ ਨਬੀ ਨੇ ਵੀ ਉਸ ਸਮੇਂ ਬਾਰੇ ਭਵਿੱਖਬਾਣੀ ਕੀਤੀ ਸੀ ਜਦੋਂ ਪਰਮੇਸ਼ੁਰ ‘ਇਕਰਾਰ ਦੇ ਦੂਤ’ ਯਾਨੀ ਆਪਣੇ ਪੁੱਤਰ ਨਾਲ ਆਪਣੇ ਮੰਦਰ ਵਿਚ ਆਵੇਗਾ। (ਮਲਾ. 3:1-5) ਉਸ ਸਮੇਂ ਪਰਮੇਸ਼ੁਰ ਦੇ ਲੋਕਾਂ ਨੂੰ ਸ਼ੁੱਧ ਕੀਤਾ ਅਤੇ ਪਰਖਿਆ ਜਾਣਾ ਸੀ। ਕੀ ਇਹ ਭਵਿੱਖਬਾਣੀਆਂ ਪੂਰੀਆਂ ਹੋਈਆਂ?
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਭਵਿੱਖਬਾਣੀਆਂ ਪੂਰੀਆਂ ਹੋਈਆਂ ਸਨ। 1914 ਤੋਂ ਲੈ ਕੇ 1919 ਦੇ ਸ਼ੁਰੂਆਤੀ ਮਹੀਨਿਆਂ ਤਕ ਬਾਈਬਲ ਵਿਦਿਆਰਥੀ, ਜਿਨ੍ਹਾਂ ਨੂੰ ਅੱਜ ਯਹੋਵਾਹ ਦੇ ਗਵਾਹ ਕਹਿੰਦੇ ਹਨ, ਬਹੁਤ ਹੀ ਔਖੀਆਂ ਘੜੀਆਂ ਵਿੱਚੋਂ ਗੁਜ਼ਰੇ ਅਤੇ ਉਨ੍ਹਾਂ ਨੂੰ ਸ਼ੁੱਧ ਕੀਤਾ ਗਿਆ। ਉਨ੍ਹਾਂ ਵਿੱਚੋਂ ਕਈ ਲੋਕਾਂ ਨੂੰ ਉਮੀਦ ਸੀ ਕਿ 1914 ਵਿਚ ਅੰਤ ਆ ਜਾਵੇਗਾ। ਪਰ ਉਸ ਸਮੇਂ ਜਦੋਂ ਅੰਤ ਨਹੀਂ ਆਇਆ, ਤਾਂ ਉਹ ਨਿਰਾਸ਼ ਹੋ ਗਏ। ਫਿਰ ਜਦੋਂ 1916 ਵਿਚ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਭਰਾ ਸੀ. ਟੀ. ਰਸਲ ਦੀ ਮੌਤ ਹੋ ਗਈ, ਉਹ ਹੋਰ ਵੀ ਜ਼ਿਆਦਾ ਨਿਰਾਸ਼ ਹੋ ਗਏ। ਕੁਝ ਜਣਿਆਂ ਦਾ ਭਰਾ ਰਸਲ ਨਾਲ ਗਹਿਰਾ ਲਗਾਅ ਸੀ। ਇਸ ਲਈ ਭਰਾ ਰਸਲ ਦੀ ਮੌਤ ਤੋਂ ਬਾਅਦ ਜਦੋਂ ਭਰਾ ਜੋਸਫ਼ ਐੱਫ਼. ਰਦਰਫ਼ਰਡ ਨੇ ਅਗਵਾਈ ਲੈਣੀ ਸ਼ੁਰੂ ਕੀਤੀ, ਤਾਂ ਕੁਝ ਜਣਿਆਂ ਨੇ ਉਸ ਦਾ ਵਿਰੋਧ ਕੀਤਾ। 1917 ਵਿਚ ਸੰਗਠਨ ਵਿਚ ਫੁੱਟ ਪੈ ਗਈ ਅਤੇ ਭਰਾਵਾਂ ਦੇ ਗੁੱਟ ਬਣ ਗਏ। ਫਿਰ 1918 ਵਿਚ ਪਾਦਰੀਆਂ ਦੇ ਭੜਕਾਉਣ ਕਰਕੇ ਭਰਾ ਰਦਰਫ਼ਰਡ ਅਤੇ ਉਸ ਦੇ ਸੱਤ ਸਾਥੀਆਂ ʼਤੇ ਮੁਕੱਦਮਾ ਚਲਾਇਆ ਗਿਆ, ਉਨ੍ਹਾਂ ʼਤੇ ਝੂਠੇ ਦੋਸ਼ ਲਾਏ ਗਏ ਤੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ। ਬਰੁਕਲਿਨ ਦਾ ਹੈੱਡ-ਕੁਆਟਰ ਬੰਦ ਕਰ ਦਿੱਤਾ ਗਿਆ। ਇਨ੍ਹਾਂ ਘਟਨਾਵਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਦੋਂ ਤਕ ਪਰਮੇਸ਼ੁਰ ਦੇ ਲੋਕ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਨਹੀਂ ਹੋਏ ਸਨ।
ਪਰ 1919 ਵਿਚ ਕੀ ਹੋਇਆ? ਅਚਾਨਕ ਸਭ ਕੁਝ ਬਦਲ ਗਿਆ। ਉਸ ਸਾਲ ਦੇ ਸ਼ੁਰੂ ਵਿਚ ਹੀ ਭਰਾ ਰਦਰਫ਼ਰਡ ਅਤੇ ਉਸ ਦੇ ਸਾਥੀਆਂ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ। ਉਹ ਉਸੇ ਵੇਲੇ ਪਰਮੇਸ਼ੁਰ ਦੇ ਕੰਮ ਵਿਚ ਜੁੱਟ ਗਏ। ਕੁਝ ਹੀ ਸਮੇਂ ਦੇ ਅੰਦਰ ਇਕ ਵੱਡੇ ਸੰਮੇਲਨ ਦੀ ਯੋਜਨਾ ਬਣਾਈ ਗਈ ਜੋ ਇਕ ਯਾਦਗਾਰ ਸੰਮੇਲਨ ਬਣ ਗਿਆ। ਗੋਲਡਨ ਏਜ (ਹੁਣ ਜਾਗਰੂਕ ਬਣੋ!) ਨਾਂ ਦਾ ਇਕ ਨਵਾਂ ਰਸਾਲਾ ਕੱਢਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਇਹ ਰਸਾਲਾ ਇਸ ਤਰ੍ਹਾਂ ਤਿਆਰ ਕੀਤਾ ਗਿਆ ਕਿ ਇਸ ਨੂੰ ਪ੍ਰਚਾਰ ਦੀਆਂ ਮੁਹਿੰਮਾਂ ਦੌਰਾਨ ਲੋਕਾਂ ਨੂੰ ਦਿੱਤਾ ਜਾ ਸਕੇ। ਇਸ ਤੋਂ ਇਲਾਵਾ, ਹਰ ਮੰਡਲੀ ਵਿਚ ਇਕ ਨਿਗਾਹਬਾਨ ਠਹਿਰਾਇਆ ਗਿਆ ਤਾਂਕਿ ਉਹ ਪ੍ਰਚਾਰ ਦੇ ਕੰਮ ਨੂੰ ਕਾਇਦੇ ਨਾਲ ਕਰਨ ਦਾ ਪ੍ਰਬੰਧ ਕਰੇ ਅਤੇ ਇਸ ਕੰਮ ਨੂੰ ਅੱਗੇ ਵਧਾਵੇ। ਉਸੇ ਸਾਲ ਬੁਲੇਟਿਨ (ਹੁਣ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ) ਛਾਪੀ ਜਾਣ ਲੱਗੀ ਤਾਂਕਿ ਪ੍ਰਚਾਰ ਦਾ ਕੰਮ ਹੋਰ ਵੀ ਚੰਗੇ ਢੰਗ ਨਾਲ ਕੀਤਾ ਜਾ ਸਕੇ।
ਇਹ ਸਭ ਕੁਝ ਅਚਾਨਕ ਕਿਉਂ ਬਦਲ ਗਿਆ? ਕਿਉਂਕਿ ਮਸੀਹ ਨੇ ਆਪਣੇ ਲੋਕਾਂ ਨੂੰ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਕਰਾ ਲਿਆ ਸੀ। ਉਸੇ ਸਾਲ ਉਸ ਨੇ ਵਫ਼ਾਦਾਰ ਤੇ ਸਮਝਦਾਰ ਨੌਕਰ ਨੂੰ ਠਹਿਰਾਇਆ। ਵਾਢੀ ਦਾ ਕੰਮ ਸ਼ੁਰੂ ਹੋ ਗਿਆ। 1919 ਤੋਂ ਇਹ ਕੰਮ ਤੇਜ਼ੀ ਨਾਲ ਅੱਗੇ ਵਧਦਾ ਜਾ ਰਿਹਾ ਹੈ।