ਗਿਲਿਅਡ ਸਕੂਲ ਰਾਹੀਂ “ਧਰਤੀ ਦੇ ਬੰਨੇ ਤੀਕੁਰ” ਮਿਸ਼ਨਰੀ ਘੱਲੇ ਜਾਂਦੇ ਹਨ
ਤਕਰੀਬਨ ਪੰਜਾਹ ਸਾਲਾਂ ਤੋਂ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਰਾਹੀਂ ਮਿਸ਼ਨਰੀਆਂ ਨੂੰ ਅਲੱਗ-ਅਲੱਗ ਦੇਸ਼ਾਂ ਵਿਚ ਘੱਲਿਆ ਗਿਆ ਹੈ। ਗਿਲਿਅਡ ਸਕੂਲ ਦੀ 107ਵੀਂ ਕਲਾਸ 11 ਸਤੰਬਰ 1999 ਨੂੰ ਗ੍ਰੈਜੂਏਟ ਹੋਈ। ਇਸ ਵਿਚ 11 ਦੇਸ਼ਾਂ ਦੇ 48 ਵਿਦਿਆਰਥੀ ਸਨ ਅਤੇ ਇਨ੍ਹਾਂ ਨੂੰ 24 ਵੱਖਰੇ-ਵੱਖਰੇ ਦੇਸ਼ਾਂ ਵਿਚ ਸੇਵਾ ਕਰਨ ਲਈ ਘੱਲਿਆ ਗਿਆ। ਉਹ ਉਨ੍ਹਾਂ ਹਜ਼ਾਰਾਂ ਮਿਸ਼ਨਰੀਆਂ ਦਾ ਸਾਥ ਦੇਣਗੇ ਜਿਨ੍ਹਾਂ ਨੇ ਸਵਰਗ ਨੂੰ ਜਾਣ ਤੋਂ ਪਹਿਲਾਂ ਯਿਸੂ ਦੇ ਆਖ਼ਰੀ ਸ਼ਬਦਾਂ ਨੂੰ ਪੂਰਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਸ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਦੇ ਚੇਲੇ ‘ਧਰਤੀ ਦੇ ਬੰਨੇ ਤੀਕੁਰ ਉਸ ਦੇ ਗਵਾਹ ਹੋਣਗੇ।’—ਰਸੂਲਾਂ ਦੇ ਕਰਤੱਬ 1:8.
ਪੈਟਰਸਨ, ਨਿਊਯਾਰਕ ਵਿਖੇ ਵਾਚਟਾਵਰ ਸਿੱਖਿਆ ਕੇਂਦਰ ਵਿਚ ਹੋਇਆ ਗ੍ਰੈਜੂਏਸ਼ਨ ਪ੍ਰੋਗ੍ਰਾਮ ਖੂਬਸੂਰਤ ਜਗ੍ਹਾ ਤੇ ਇਕ ਸ਼ਾਨਦਾਰ ਜਸ਼ਨ ਸਾਬਤ ਹੋਇਆ। ਗ੍ਰੈਜੂਏਟ ਹੋ ਰਹੇ ਵਿਦਿਆਰਥੀ ਬਹੁਤ ਖ਼ੁਸ਼ ਸਨ ਕਿਉਂਕਿ ਉਨ੍ਹਾਂ ਦੇ ਰਿਸ਼ਤੇਦਾਰ, ਜਿਗਰੀ ਦੋਸਤ ਅਤੇ ਮਹਿਮਾਨ ਹਾਜ਼ਰ ਸਨ। ਬਰੁਕਲਿਨ ਅਤੇ ਵੌਲਕਿਲ ਬੈਥਲ ਪਰਿਵਾਰ ਦੇ ਮੈਂਬਰਾਂ ਨੇ ਵੀ ਆਡੀਓ ਅਤੇ ਵਿਡਿਓ ਰਾਹੀਂ ਪ੍ਰੋਗ੍ਰਾਮ ਦਾ ਆਨੰਦ ਮਾਣਿਆ। ਕੁੱਲ ਹਾਜ਼ਰੀ 4,992 ਸੀ।
ਯਹੋਵਾਹ ਅਤੇ ਗੁਆਂਢੀ ਦੀ ਵਫ਼ਾਦਾਰੀ ਨਾਲ ਸੇਵਾ ਕਰੋ
‘ਕੌਣ ਯਹੋਵਾਹ ਵੱਲ ਹੈ?’ ਪ੍ਰਬੰਧਕ ਸਭਾ ਦੇ ਮੈਂਬਰ ਅਤੇ ਗ੍ਰੈਜੂਏਸ਼ਨ ਪ੍ਰੋਗ੍ਰਾਮ ਦੇ ਸਭਾਪਤੀ, ਕੈਰੀ ਬਾਰਬਰ ਦੇ ਭਾਸ਼ਣ ਦਾ ਇਹ ਵਿਸ਼ਾ ਸੀ। ਉਸ ਨੇ ਸਮਝਾਇਆ ਕਿ ਮੂਸਾ ਦੇ ਦਿਨਾਂ ਵਿਚ ਇਸਰਾਏਲੀਆਂ ਸਾਮ੍ਹਣੇ ਵੀ ਇਹੀ ਸਵਾਲ ਸੀ। ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਅਤੇ ਦੂਸਰੇ ਹਾਜ਼ਰ ਲੋਕਾਂ ਨੂੰ ਯਾਦ ਕਰਾਇਆ ਗਿਆ ਕਿ ਉਜਾੜ ਵਿਚ ਬਹੁਤ ਸਾਰੇ ਇਸਰਾਏਲੀ ਇਸ ਕਰਕੇ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਕਿਉਂਕਿ ਉਹ ਵਫ਼ਾਦਾਰੀ ਨਾਲ ਯਹੋਵਾਹ ਵੱਲ ਨਹੀਂ ਰਹੇ। ਮੂਰਤੀ-ਪੂਜਾ ਕਰ ਕੇ ਉਹ “ਖਾ ਪੀ ਕੇ ਬੈਠੇ ਅਰ ਹੱਸਣ ਖੇਲਣ ਨੂੰ ਉੱਠੇ।” (ਕੂਚ 32:1-29) ਯਿਸੂ ਨੇ ਮਸੀਹੀਆਂ ਨੂੰ ਵੀ ਇਸੇ ਖ਼ਤਰੇ ਤੋਂ ਖ਼ਬਰਦਾਰ ਕੀਤਾ ਸੀ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ!”—ਲੂਕਾ 21:34-36.
ਅਗਲੇ ਭਾਸ਼ਣਕਾਰ, ਜੀਨ ਸਮਾਲੀ, ਜੋ ਲਿਖਣ ਵਿਭਾਗ ਵਿਚ ਕੰਮ ਕਰਦੇ ਹਨ, ਨੇ ਵਿਦਿਆਰਥੀਆਂ ਨੂੰ ਪੁੱਛਿਆ: “ਕੀ ਤੁਸੀਂ ਦਰਦ-ਨਾਸ਼ਕ (ਪੈਰਗਾਰਿਆ) ਸਾਬਤ ਹੋਵੋਗੇ?” ਉਸ ਨੇ ਸਮਝਾਇਆ ਕਿ ਯੂਨਾਨੀ ਸ਼ਬਦ ਪੈਰਗਾਰਿਆ ਨੂੰ ਅੰਗ੍ਰੇਜ਼ੀ ਵਿਚ ਅਜਿਹੀ ਦਵਾਈ ਦੇ ਨਾਂ ਲਈ ਵਰਤਿਆ ਜਾਣ ਲੱਗਾ ਜੋ ਦੁੱਖ-ਦਰਦ ਤੋਂ ਰਾਹਤ ਦਿੰਦੀ ਹੈ। ਪੰਜਾਬੀ ਵਿਚ ਉਸ ਅੰਗ੍ਰੇਜ਼ੀ ਸ਼ਬਦ ਦਾ ਤਰਜਮਾ ਦਰਦ-ਨਾਸ਼ਕ ਹੈ। ਪਰ ਪੌਲੁਸ ਨੇ ਕੁਲੁੱਸੀਆਂ 4:11 ਵਿਚ ਇਸ ਯੂਨਾਨੀ ਸ਼ਬਦ ਨੂੰ ਆਪਣੇ ਸੰਗੀ ਕਾਮਿਆਂ ਨੂੰ ਸੂਚਿਤ ਕਰਨ ਲਈ ਵਰਤਿਆ ਸੀ। ਪੰਜਾਬੀ ਬਾਈਬਲ ਵਿਚ ਇਸ ਨੂੰ “ਤਸੱਲੀ” ਅਨੁਵਾਦ ਕੀਤਾ ਗਿਆ ਹੈ।
ਗ੍ਰੈਜੂਏਟ ਹੋ ਰਹੇ ਮਿਸ਼ਨਰੀ ਆਪਣੀ ਮਿਸ਼ਨਰੀ ਸੇਵਾ ਵਿਚ ਬਹੁਤ ਹੀ ਵਿਵਹਾਰਕ ਤਰੀਕੇ ਨਾਲ ਅੱਜ ਦੇ ਸਮੇਂ ਵਿਚ ਦਰਦ-ਨਾਸ਼ਕ ਸਾਬਤ ਹੋ ਸਕਦੇ ਹਨ। ਜਿੱਥੇ ਉਨ੍ਹਾਂ ਨੂੰ ਘੱਲਿਆ ਜਾਂਦਾ ਹੈ, ਉੱਥੋਂ ਦੇ ਭੈਣਾਂ-ਭਰਾਵਾਂ ਦੀ ਨਿਮਰਤਾ ਨਾਲ ਮਦਦ ਕਰ ਕੇ ਅਤੇ ਸੰਗੀ ਮਿਸ਼ਨਰੀਆਂ ਨੂੰ ਪਿਆਰ ਨਾਲ ਸਹਿਯੋਗ ਦੇ ਕੇ ਉਹ ਦਰਦ-ਨਾਸ਼ਕ ਸਾਬਤ ਹੋ ਸਕਦੇ ਹਨ।
ਪ੍ਰਬੰਧਕ ਸਭਾ ਦੇ ਮੈਂਬਰ, ਡੈਨਿਏਲ ਸਿਡਲਿਕ ਨੇ “ਜ਼ਿੰਦਗੀ ਦਾ ਸੁਨਹਿਰਾ ਅਸੂਲ” ਨਾਮਕ ਵਿਸ਼ੇ ਉੱਤੇ ਭਾਸ਼ਣ ਦਿੱਤਾ। ਉਸ ਨੇ ਸਮਝਾਇਆ ਕਿ ਮੱਤੀ 7:12 ਵਿਚ ਯਿਸੂ ਨੇ ਇਹ ਉੱਚਾ ਅਸੂਲ ਕਾਇਮ ਕੀਤਾ ਸੀ: “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” ਇਸ ਅਸੂਲ ਦਾ ਸਿਰਫ਼ ਇਹੀ ਮਤਲਬ ਨਹੀਂ ਹੈ ਕਿ ਅਸੀਂ ਦੂਸਰਿਆਂ ਨੂੰ ਦੁੱਖ ਨਾ ਪਹੁੰਚਾਈਏ, ਬਲਕਿ ਉਨ੍ਹਾਂ ਦਾ ਭਲਾ ਵੀ ਕਰਨਾ ਹੈ।
ਇਸ ਤਰ੍ਹਾਂ ਕਰਨ ਲਈ ਤਿੰਨ ਚੀਜ਼ਾਂ ਦੀ ਲੋੜ ਹੈ: ਲੋੜ ਨੂੰ ਪਛਾਣਨ ਵਾਲੀ ਅੱਖ, ਹਮਦਰਦੀ ਦਿਖਾਉਣ ਵਾਲਾ ਦਿਲ ਅਤੇ ਮਦਦ ਕਰਨ ਵਾਲੇ ਹੱਥ। ਇਸ ਦਾ ਨਿਚੋੜ ਦਿੰਦੇ ਹੋਏ ਉਸ ਨੇ ਕਿਹਾ: “ਜੇ ਅਸੀਂ ਕਿਸੇ ਦੀ ਮਦਦ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਫਟਾਫਟ ਉਸ ਦੀ ਮਦਦ ਕਰਨੀ ਚਾਹੀਦੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਦੂਸਰੇ ਸਾਡੇ ਨਾਲ ਚੰਗਾ ਵਰਤਾਉ ਕਰਨ, ਤਾਂ ਸਾਨੂੰ ਦੂਸਰਿਆਂ ਨਾਲ ਚੰਗਾ ਵਰਤਾਉ ਕਰਨ ਲਈ ਜ਼ਿਆਦਾ ਕੋਸ਼ਿਸ਼ ਕਰਨੀ ਪਵੇਗੀ।” ਖ਼ਾਸ ਕਰਕੇ ਉਨ੍ਹਾਂ ਮਿਸ਼ਨਰੀਆਂ ਨੂੰ ਜ਼ਿਆਦਾ ਕੋਸ਼ਿਸ਼ ਕਰਨੀ ਪਵੇਗੀ ਜਿਹੜੇ ਸੱਚੀ ਮਸੀਹੀਅਤ ਉੱਤੇ ਚੱਲਣ ਵਿਚ ਲੋਕਾਂ ਦੀ ਮਦਦ ਕਰਨ ਲਈ ਦੂਸਰੇ ਦੇਸ਼ਾਂ ਨੂੰ ਜਾ ਰਹੇ ਹਨ।
ਸਿੱਖਿਅਕਾਂ ਨੇ ਪਿਆਰ ਨਾਲ ਕੁਝ ਗੱਲਾਂ ਯਾਦ ਕਰਾਈਆਂ
ਗਿਲਿਅਡ ਸਕੂਲ ਦੇ ਸਿੱਖਿਅਕ, ਕਾਰਲ ਐਡਮਜ਼ ਨੇ ਗ੍ਰੈਜੂਏਟ ਹੋ ਰਹੇ ਮਿਸ਼ਨਰੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ‘ਵਧਦੇ ਜਾਣ।’ ਕਿਨ੍ਹਾਂ ਗੱਲਾਂ ਵਿਚ? ਪਹਿਲਾਂ, ਗਿਆਨ ਵਿਚ ਅਤੇ ਇਸ ਨੂੰ ਚੰਗੇ ਤਰੀਕੇ ਨਾਲ ਵਰਤਣ ਦੀ ਯੋਗਤਾ ਵਿਚ। ਗਿਲਿਅਡ ਸਕੂਲ ਵਿਚ ਵਿਦਿਆਰਥੀਆਂ ਨੂੰ ਸਿਖਾਇਆ ਗਿਆ ਸੀ ਕਿ ਬਾਈਬਲ ਦੇ ਬਿਰਤਾਂਤਾਂ ਦੇ ਪਿਛੋਕੜ ਅਤੇ ਹਾਲਾਤਾਂ ਬਾਰੇ ਰਿਸਰਚ ਕਿਵੇਂ ਕਰਨੀ ਹੈ। ਉਨ੍ਹਾਂ ਨੂੰ ਇਸ ਗੱਲ ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ ਕਿ ਹਰ ਬਿਰਤਾਂਤ ਦਾ ਉਨ੍ਹਾਂ ਦੀ ਜ਼ਿੰਦਗੀ ਤੇ ਕੀ ਅਸਰ ਪੈਣਾ ਚਾਹੀਦਾ ਹੈ। ਉਨ੍ਹਾਂ ਨੂੰ ਇਸੇ ਤਰ੍ਹਾਂ ਕਰਦੇ ਰਹਿਣ ਦੀ ਤਾਕੀਦ ਕੀਤੀ ਗਈ।
“ਦੂਸਰਾ, ਪਿਆਰ ਵਿਚ ਵਧਦੇ ਜਾਓ। ਪਿਆਰ ਇਕ ਅਜਿਹੀ ਚੀਜ਼ ਹੈ ਕਿ ਜੇ ਅਸੀਂ ਪਿਆਰ ਦਿਖਾਈਏ, ਤਾਂ ਇਹ ਹੋਰ ਵਧਦਾ ਹੈ। ਜੇ ਨਹੀਂ ਦਿਖਾਉਂਦੇ ਹਾਂ, ਤਾਂ ਪਿਆਰ ਮਰ ਜਾਂਦਾ ਹੈ,” ਭਰਾ ਐਡਮਜ਼ ਨੇ ਕਿਹਾ। (ਫ਼ਿਲਿੱਪੀਆਂ 1:9) ਹੁਣ ਮਿਸ਼ਨਰੀ ਹੋਣ ਕਰਕੇ ਉਨ੍ਹਾਂ ਨੂੰ ਵੱਖਰੇ-ਵੱਖਰੇ ਹਾਲਾਤਾਂ ਅਧੀਨ ਪਿਆਰ ਵਧਾਉਂਦੇ ਰਹਿਣਾ ਹੈ। ਅਤੇ ਤੀਸਰਾ: “ਸਾਡੇ ਪ੍ਰਭੁ ਅਤੇ ਮੁਕਤੀ ਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ।” (2 ਪਤਰਸ 3:18) “ਯਹੋਵਾਹ ਨੇ ਇਹ ਕਿਰਪਾ ਆਪਣੇ ਪੁੱਤਰ ਦੁਆਰਾ ਬਹੁਤ ਹੀ ਵਧੀਆ ਤਰੀਕੇ ਨਾਲ ਦਿਖਾਈ ਹੈ,” ਭਰਾ ਐਡਮਜ਼ ਨੇ ਕਿਹਾ। “ਜਿੱਦਾਂ-ਜਿੱਦਾਂ ਅਸੀਂ ਇਸ ਕਿਰਪਾ ਦੀ ਹੋਰ ਜ਼ਿਆਦਾ ਕਦਰ ਕਰਦੇ ਹਾਂ, ਸਾਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਅਤੇ ਉਸ ਨੇ ਸਾਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ, ਉਸ ਨੂੰ ਪੂਰਾ ਕਰਨ ਵਿਚ ਹੋਰ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”
ਗਿਲਿਅਡ ਸਕੂਲ ਦੇ ਇਕ ਹੋਰ ਸਿੱਖਿਅਕ, ਮਾਰਕ ਨੂਮੇਰ ਦੇ ਭਾਸ਼ਣ ਦਾ ਵਿਸ਼ਾ ਸੀ “ਇਸ ਨੂੰ ਪਿਆਰ ਨਾਲ ਸਵੀਕਾਰ ਕਰੋ, ਤਾਂ ਤੁਸੀਂ ਇਸ ਦਾ ਸਾਮ੍ਹਣਾ ਕਰ ਸਕਦੇ ਹੋ।” ਉਸ ਨੇ ਸਲਾਹ ਦਿੱਤੀ: “ਮਿਸ਼ਨਰੀ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਪਿਆਰ ਨਾਲ ਸਵੀਕਾਰ ਕਰਨਾ ਸਿੱਖੋ, ਤਾਂ ਤੁਸੀਂ ਇਨ੍ਹਾਂ ਦਾ ਸਾਮ੍ਹਣਾ ਕਰ ਸਕੋਗੇ। ਯਹੋਵਾਹ ਉਨ੍ਹਾਂ ਨੂੰ ਹੀ ਤਾੜਨਾ ਦਿੰਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਬਿਨਾਂ ਸੋਚੇ-ਸਮਝੇ ਨਾਜਾਇਜ਼ ਹੀ ਕੋਈ ਸਲਾਹ ਦਿੱਤੀ ਗਈ ਹੈ, ਤਾਂ ਯਹੋਵਾਹ ਲਈ ਪਿਆਰ ਅਤੇ ਉਸ ਨਾਲ ਤੁਹਾਡਾ ਰਿਸ਼ਤਾ ਉਸ ਸਲਾਹ ਨੂੰ ਮੰਨਣ ਵਿਚ ਤੁਹਾਡੀ ਮਦਦ ਕਰੇਗਾ।”
ਭਰਾ ਨੂਮੇਰ ਨੇ ਦੱਸਿਆ ਕਿ ਮਿਸ਼ਨਰੀ ਸੇਵਾ ਵਿਚ ਬਹੁਤ ਸਾਰੇ ਕੰਮ ਕਰਨੇ ਹੁੰਦੇ ਹਨ। “ਪਰ ਜੇ ਤੁਸੀਂ ਪਿਆਰ ਨਾਲ ਆਪਣਾ ਕੰਮ ਨਹੀਂ ਕਰੋਗੇ, ਤਾਂ ਤੁਸੀਂ ਖ਼ੁਸ਼ ਨਹੀਂ ਰਹੋਗੇ। ਪਿਆਰ ਤੋਂ ਬਿਨਾਂ, ਘਰੇਲੂ ਕੰਮ—ਜਿਵੇਂ ਕਿ ਖਾਣਾ ਪਕਾਉਣਾ, ਖ਼ਰੀਦਾਰੀ ਕਰਨੀ, ਫਲਾਂ ਨੂੰ ਧੋਣਾ, ਪਾਣੀ ਗਰਮ ਕਰਨਾ—ਤੁਹਾਨੂੰ ਝੰਜਟ ਲੱਗਣਗੇ। ਤੁਹਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਮੈਂ ਇਹ ਕੰਮ ਕਿਉਂ ਕਰ ਰਿਹਾ ਹਾਂ?’ ਜੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ, ‘ਮੇਰੇ ਇਨ੍ਹਾਂ ਕੰਮਾਂ ਨਾਲ ਮੇਰੇ ਨਾਲ ਦੇ ਮਿਸ਼ਨਰੀਆਂ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ,’ ਤਾਂ ਤੁਹਾਡੇ ਲਈ ਇਹ ਕੰਮ ਕਰਨੇ ਮੁਸ਼ਕਲ ਨਹੀਂ ਹੋਣਗੇ।” ਨਿਚੋੜ ਦਿੰਦੇ ਹੋਏ ਉਸ ਨੇ ਤਾਕੀਦ ਕੀਤੀ: “ਚਾਹੇ ਤੁਹਾਨੂੰ ਕੋਈ ਤਾੜਨਾ ਸਵੀਕਾਰ ਕਰਨੀ ਪੈਂਦੀ ਹੈ ਜਾਂ ਤੁਸੀਂ ਆਪਣੀ ਮਿਸ਼ਨਰੀ ਸੇਵਾ ਦੇ ਦੂਸਰੇ ਕੰਮਾਂ ਨੂੰ ਪੂਰਾ ਕਰਨਾ ਹੈ ਜਾਂ ਫਿਰ ਕਿਸੇ ਗ਼ਲਤਫ਼ਹਿਮੀ ਨੂੰ ਦੂਰ ਕਰਨਾ ਹੈ, ਜੇ ਤੁਸੀਂ ਇਹ ਸਭ ਕੁਝ ਪਿਆਰ ਨਾਲ ਕਰਦੇ ਹੋ, ਤਾਂ ਤੁਸੀਂ ਆਪਣੇ ਮਿਸ਼ਨਰੀ ਕੰਮ ਨੂੰ ਪੂਰਾ ਕਰ ਪਾਓਗੇ। ‘ਪ੍ਰੇਮ ਕਦੇ ਟਲਦਾ ਨਹੀਂ।’”—1 ਕੁਰਿੰਥੀਆਂ 13:8.
ਗਿਲਿਅਡ ਸਕੂਲ ਦੇ ਸਿੱਖਿਅਕ, ਵਾਲਿਸ ਲਿਵਰੈਂਸ ਨੇ ਅਗਲੇ ਭਾਗ ਵਿਚ ਵਿਦਿਆਰਥੀਆਂ ਦੁਆਰਾ ਪ੍ਰਦਰਸ਼ਨ ਪੇਸ਼ ਕਰਵਾਏ। ਇਸ ਭਾਗ ਵਿਚ ਵਿਦਿਆਰਥੀਆਂ ਨੇ ਆਪਣੇ ਵਧੀਆ ਅਨੁਭਵਾਂ ਨੂੰ ਪ੍ਰਦਰਸ਼ਿਤ ਕੀਤਾ ਜਿਨ੍ਹਾਂ ਦਾ ਉਨ੍ਹਾਂ ਨੇ ਸਥਾਨਕ ਕਲੀਸਿਯਾਵਾਂ ਨਾਲ ਕੰਮ ਕਰਦੇ ਸਮੇਂ ਆਨੰਦ ਮਾਣਿਆ ਸੀ। ਘਰ-ਘਰ ਜਾਣ ਤੋਂ ਇਲਾਵਾ, ਉਨ੍ਹਾਂ ਨੇ ਬੱਸ ਅੱਡਿਆਂ ਤੇ, ਲਾਂਡਰੀਆਂ ਵਿਚ, ਰੇਲਵੇ ਸਟੇਸ਼ਨਾਂ ਤੇ ਅਤੇ ਦੂਸਰੀਆਂ ਥਾਵਾਂ ਤੇ ਲੋਕਾਂ ਨੂੰ ਲੱਭਣ ਦੀ ਆਪਣੀ ਮਿਸ਼ਨਰੀ ਸਿਖਲਾਈ ਨੂੰ ਇਸਤੇਮਾਲ ਕੀਤਾ।
ਤਜਰਬੇਕਾਰ ਮਿਸ਼ਨਰੀਆਂ ਨੇ ਹੌਸਲਾ ਦਿੱਤਾ
ਜਦੋਂ ਨਵੇਂ ਮਿਸ਼ਨਰੀ ਵਿਦੇਸ਼ਾਂ ਵਿਚ ਜਾਂਦੇ ਹਨ, ਤਾਂ ਕੀ ਉਨ੍ਹਾਂ ਨੂੰ ਚਿੰਤਾ ਕਰਨੀ ਚਾਹੀਦੀ ਹੈ? ਕੀ ਉਹ ਵਿਦੇਸ਼ ਵਿਚ ਆਪਣੀ ਮਿਸ਼ਨਰੀ ਸੇਵਾ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰ ਸਕਦੇ ਹਨ? ਸ਼ਾਖ਼ਾ ਦਫ਼ਤਰ ਇਨ੍ਹਾਂ ਨਵੇਂ ਮਿਸ਼ਨਰੀਆਂ ਦੀ ਆਪਣੀ ਸੇਵਕਾਈ ਨੂੰ ਪੂਰਾ ਕਰਨ ਵਿਚ ਕਿਵੇਂ ਮਦਦ ਕਰਦਾ ਹੈ? ਇਨ੍ਹਾਂ ਸਵਾਲਾਂ ਦਾ ਅਤੇ ਹੋਰ ਕਈ ਸਵਾਲਾਂ ਦਾ ਜਵਾਬ ਦੇਣ ਲਈ ਸੇਵਾ ਵਿਭਾਗ ਵਿਚ ਕੰਮ ਕਰ ਰਹੇ ਸਟੀਵਨ ਲੈੱਟ ਅਤੇ ਲਿਖਣ ਵਿਭਾਗ ਵਿਚ ਕੰਮ ਕਰ ਰਹੇ ਡੇਵਿਡ ਸਪਲੇਨ ਨੇ ਕੁਝ ਭਰਾਵਾਂ ਦੀ ਇੰਟਰਵਿਊ ਲਈ ਜੋ ਵਾਚਟਾਵਰ ਸਿੱਖਿਆ ਕੇਂਦਰ ਵਿਖੇ ਸ਼ਾਖ਼ਾ ਸਕੂਲ ਦੀ ਸਿਖਲਾਈ ਲੈਣ ਆਏ ਸਨ। ਜਿਨ੍ਹਾਂ ਭਰਾਵਾਂ ਦੀ ਇੰਟਰਵਿਊ ਲਈ ਗਈ ਸੀ, ਉਹ ਭਰਾ ਸਪੇਨ, ਹਾਂਗ ਕਾਂਗ, ਲਾਈਬੀਰੀਆ, ਬੇਨਿਨ, ਮੈਲਾਗਾਸੀ, ਬ੍ਰਾਜ਼ੀਲ ਅਤੇ ਜਪਾਨ ਦੇ ਸ਼ਾਖ਼ਾ ਦਫ਼ਤਰਾਂ ਦੀਆਂ ਸ਼ਾਖ਼ਾ ਸਮਿਤੀਆਂ ਵਿਚ ਸੇਵਾ ਕਰਦੇ ਹਨ।
ਯਹੋਵਾਹ ਦੇ ਇਨ੍ਹਾਂ ਤਜਰਬੇਕਾਰ ਸੇਵਕਾਂ, ਜਿਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਕਈ ਦਹਾਕਿਆਂ ਤਕ ਮਿਸ਼ਨਰੀਆਂ ਦੇ ਤੌਰ ਤੇ ਸੇਵਾ ਕੀਤੀ ਹੈ, ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਹੌਸਲਾ ਦਿੱਤਾ। ਆਪਣੇ ਅਤੇ ਆਪਣੇ ਸੰਗੀ ਮਿਸ਼ਨਰੀਆਂ ਦੇ ਤਜਰਬੇ ਦੱਸ ਕੇ ਉਨ੍ਹਾਂ ਨੇ ਦਿਖਾਇਆ ਕਿ ਸਮੱਸਿਆਵਾਂ ਅਤੇ ਚਿੰਤਾਵਾਂ ਨੂੰ ਸਫ਼ਲਤਾਪੂਰਵਕ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਸ਼ਾਇਦ ਕੋਈ ਵੱਡੀ ਸਮੱਸਿਆ ਹੋ ਸਕਦੀ ਹੈ, “ਪਰ ਇਸ ਨੂੰ ਹੱਲ ਕੀਤਾ ਜਾ ਸਕਦਾ ਹੈ ਅਤੇ ਸੋਸਾਇਟੀ ਸਾਡੀ ਮਦਦ ਕਰਦੀ ਹੈ,” ਰਾਈਮੋ ਕਵੋਕਾਨੇਨ ਨੇ ਭਰੋਸਾ ਦਿਵਾਇਆ ਜੋ ਮੈਲਾਗਾਸੀ ਵਿਚ ਇਕ ਮਿਸ਼ਨਰੀ ਦੇ ਤੌਰ ਤੇ ਸੇਵਾ ਕਰਦਾ ਹੈ। “ਅਸੀਂ ਇਹ ਕੰਮ ਆਪ ਨਹੀਂ ਚੁਣਿਆ, ਬਲਕਿ ਇਹ ਸਾਨੂੰ ਮਿਲਿਆ ਹੈ,” ਓਸਟਨ ਗਸਟੋਵਸਨ ਨੇ ਕਿਹਾ ਜੋ ਹੁਣ ਬ੍ਰਾਜ਼ੀਲ ਵਿਚ ਸੇਵਾ ਕਰਦਾ ਹੈ। “ਇਸ ਲਈ ਅਸੀਂ ਆਪਣੇ ਕੰਮ ਵਿਚ ਪੂਰੀ ਵਾਹ ਲਾਉਣ ਦਾ ਫ਼ੈਸਲਾ ਕੀਤਾ।” ਜਪਾਨ ਵਿਚ ਸੇਵਾ ਕਰ ਰਹੇ ਜੇਮਜ਼ ਲਿਨਟਨ ਨੇ ਕਿਹਾ ਕਿ “ਉੱਥੇ ਭਰਾ ਪਹਿਲਾਂ ਹੀ ਮਿਸ਼ਨਰੀ ਕੰਮ ਕਰ ਰਹੇ ਸਨ” ਅਤੇ ਉਨ੍ਹਾਂ ਨੇ ਸਾਡੀ ਮਦਦ ਕੀਤੀ। ਯਹੋਵਾਹ ਦੀ ਸੇਵਾ ਕਰਨ ਅਤੇ ਉਸ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਲਈ ਮਿਸ਼ਨਰੀ ਸੇਵਾ ਇਕ ਖ਼ੁਸ਼ੀ ਅਤੇ ਸੰਤੁਸ਼ਟੀ ਦੇਣ ਵਾਲਾ ਤਰੀਕਾ ਹੈ।
ਅਧਿਆਤਮਿਕਤਾ ਨੂੰ ਮਾਰਨ ਵਾਲੀ ਮਹਾਂਮਾਰੀ ਤੋਂ ਬਚਣਾ
ਪ੍ਰਬੰਧਕ ਸਭਾ ਦੇ ਮੈਂਬਰ ਥੀਓਡੋਰ ਜੈਰਸ, ਜੋ 1946 ਵਿਚ ਗਿਲਿਅਡ ਸਕੂਲ ਦੀ ਸੱਤਵੀਂ ਕਲਾਸ ਵਿਚ ਗ੍ਰੈਜੂਏਟ ਹੋਏ ਸਨ, ਨੇ ਆਖ਼ਰੀ ਭਾਸ਼ਣ ਦਿੱਤਾ। ਉਨ੍ਹਾਂ ਦੇ ਭਾਸ਼ਣ ਦਾ ਵਿਸ਼ਾ ਸੀ, “ਅਧਿਆਤਮਿਕਤਾ ਬਣਾਈ ਰੱਖਣ ਦੀ ਚੁਣੌਤੀ।” ਉਨ੍ਹਾਂ ਨੇ ਪਹਿਲਾਂ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਹੋ ਰਹੇ ਅਤਿਆਚਾਰ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਅਸਲ ਵਿਚ ਇਸ ਤੋਂ ਵੀ ਮਾਰੂ ਆਫ਼ਤਾਂ ਇਨਸਾਨਾਂ ਉੱਤੇ ਆ ਰਹੀਆਂ ਹਨ।
ਜ਼ਬੂਰ 91 ਦਾ ਹਵਾਲਾ ਦਿੰਦੇ ਹੋਏ ਭਰਾ ਜੈਰਸ ਨੇ “ਮਰੀ” ਅਤੇ “ਤਬਾਹੀ” ਬਾਰੇ ਸਮਝਾਇਆ ਜਿਸ ਨੇ ਲੱਖਾਂ ਲੋਕਾਂ ਦੀ ਅਧਿਆਤਮਿਕਤਾ ਨੂੰ ਕਮਜ਼ੋਰ ਕਰ ਕੇ ਮਾਰ ਦਿੱਤਾ ਹੈ। ਸ਼ਤਾਨ ਅਤੇ ਉਸ ਦੀ ਦੁਸ਼ਟ ਰੀਤੀ ਵਿਵਸਥਾ ਨੇ ਅਧਿਆਤਮਿਕਤਾ ਨੂੰ ਕਮਜ਼ੋਰ ਕਰ ਕੇ ਇਸ ਨੂੰ ਮਾਰਨ ਲਈ ਮਰੀ ਵਰਗੇ ਪ੍ਰਾਪੇਗੰਡੇ ਨੂੰ ਇਸਤੇਮਾਲ ਕੀਤਾ ਹੈ ਜੋ ਬੁੱਧੀਵਾਦ ਅਤੇ ਭੌਤਿਕਵਾਦ ਉੱਤੇ ਆਧਾਰਿਤ ਹੈ। ਪਰ ਯਹੋਵਾਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ “ਜਿਹੜਾ ਅੱਤ ਮਹਾਨ ਦੀ ਓਟ ਵਿੱਚ ਵੱਸਦਾ ਹੈ,” ਉਹ ਦੇ ਉੱਤੇ ਇਹ ਮਰੀ ਨਹੀਂ ਆਵੇਗੀ।—ਜ਼ਬੂਰ 91:1-7.
ਭਰਾ ਜੈਰਸ ਨੇ ਕਿਹਾ: “ਨਿਹਚਾ ਵਿਚ ਮਜ਼ਬੂਤ ਰਹਿਣਾ ਅਤੇ ਸੁਰੱਖਿਅਤ ਸਥਾਨ ਵਿਚ ਰਹਿਣਾ ਚੁਣੌਤੀ ਹੈ। ਅਸੀਂ ਉਨ੍ਹਾਂ ਠੱਠਾ ਕਰਨ ਵਾਲੇ ਲੋਕਾਂ ਵਰਗੇ ਨਹੀਂ ਬਣ ਸਕਦੇ ‘ਜਿਨ੍ਹਾਂ ਵਿਚ ਅਧਿਆਤਮਿਕਤਾ’ ਨਹੀਂ ਹੈ। ਅੱਜ ਇਹ ਇਕ ਸਮੱਸਿਆ ਹੈ। ਸੰਸਥਾ ਵਿਚ ਅਸੀਂ ਸਾਰੇ ਇਸ ਸਮੱਸਿਆ ਦਾ ਸਾਮ੍ਹਣਾ ਕਰਦੇ ਹਾਂ। ਤੁਹਾਨੂੰ ਵੀ ਮਿਸ਼ਨਰੀ ਕੰਮ ਵਿਚ ਇਹ ਸਮੱਸਿਆ ਹੋ ਸਕਦੀ ਹੈ।” (ਯਹੂਦਾਹ 18, 19; ਨਿ ਵ) ਪਰ ਗ੍ਰੈਜੂਏਟ ਹੋ ਰਹੇ ਮਿਸ਼ਨਰੀਆਂ ਨੂੰ ਦੱਸਿਆ ਗਿਆ ਕਿ ਉਹ ਆਪਣੀ ਸੇਵਕਾਈ ਵਿਚ ਆਪਣੀ ਅਧਿਆਤਮਿਕਤਾ ਨੂੰ ਬਣਾਈ ਰੱਖ ਸਕਦੇ ਹਨ। ਉਦਾਹਰਣ ਲਈ ਉਨ੍ਹਾਂ ਨੂੰ ਰੂਸ, ਏਸ਼ੀਆ ਅਤੇ ਅਫ਼ਰੀਕੀ ਦੇਸ਼ਾਂ ਦੇ ਭਰਾਵਾਂ ਤੇ ਵਿਚਾਰ ਕਰਨ ਦੀ ਤਾਕੀਦ ਕੀਤੀ ਗਈ ਜਿਹੜੇ ਪਾਬੰਦੀਆਂ, ਸਖ਼ਤ ਵਿਰੋਧ, ਮਖੌਲ ਉਡਾਏ ਜਾਣ, ਨਾਸਤਿਕਾਂ ਦੇ ਪ੍ਰਾਪੇਗੰਡੇ ਅਤੇ ਝੂਠੇ ਦੋਸ਼ਾਂ ਦੇ ਬਾਵਜੂਦ ਆਪਣੀ ਅਧਿਆਤਮਿਕਤਾ ਨੂੰ ਬਣਾਈ ਰੱਖਦੇ ਹਨ। ਅਤੇ ਬਹੁਤ ਸਾਰੇ ਮੌਕਿਆਂ ਤੇ ਉਨ੍ਹਾਂ ਨੂੰ ਦੂਸਰੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ ਜੋ ਨਸਲੀ ਦੰਗਿਆਂ ਕਾਰਨ ਅਤੇ ਲੋੜੀਂਦੀਆਂ ਚੀਜ਼ਾਂ ਦੀ ਘਾਟ ਕਰਕੇ ਆਉਂਦੀਆਂ ਹਨ।
ਜਦੋਂ ਅਧਿਆਤਮਿਕਤਾ ਕਮਜ਼ੋਰ ਹੋਣ ਲੱਗਦੀ ਹੈ, ਤਾਂ “ਇਸ ਸਮੱਸਿਆ ਦੇ ਕਾਰਨ ਵੱਲ ਧਿਆਨ ਦੇਣ ਅਤੇ ਪਰਮੇਸ਼ੁਰ ਦੇ ਬਚਨ ਦੀ ਸਲਾਹ ਉੱਤੇ ਚੱਲਦੇ ਹੋਏ ਉਸ ਨੂੰ ਹੱਲ ਕਰਨ ਦੀ ਲੋੜ ਹੁੰਦੀ ਹੈ।” ਬਾਈਬਲ ਵਿੱਚੋਂ ਇਸ ਦੀਆਂ ਕੁਝ ਉਦਾਹਰਣਾਂ ਦਿੱਤੀਆਂ ਗਈਆਂ। ਯਹੋਸ਼ੁਆ ਨੂੰ ਹਰ ਦਿਨ ਬਿਵਸਥਾ ਦੀ ਪੋਥੀ ਪੜ੍ਹਨ ਲਈ ਕਿਹਾ ਗਿਆ ਸੀ। (ਯਹੋਸ਼ੁਆ 1:8) ਜਦੋਂ ਯੋਸੀਯਾਹ ਦੇ ਦਿਨਾਂ ਵਿਚ ਬਿਵਸਥਾ ਦੀ ਪੋਥੀ ਲੱਭੀ, ਤਾਂ ਯਹੋਵਾਹ ਨੇ ਇਸ ਵਿਚ ਦਿੱਤੀਆਂ ਹਿਦਾਇਤਾਂ ਅਨੁਸਾਰ ਵਫ਼ਾਦਾਰੀ ਨਾਲ ਚੱਲਣ ਕਰਕੇ ਲੋਕਾਂ ਨੂੰ ਬਰਕਤ ਦਿੱਤੀ। (2 ਰਾਜਿਆਂ 23:2, 3) ਤਿਮੋਥਿਉਸ ਬਚਪਨ ਤੋਂ ਹੀ ਪਵਿੱਤਰ ਲਿਖਤਾਂ ਬਾਰੇ ਜਾਣਦਾ ਸੀ। (2 ਤਿਮੋਥਿਉਸ 3:14, 15) ਬਰਿਯਾ ਦੇ ਲੋਕ ਸਿਰਫ਼ ਗੱਲਾਂ ਨੂੰ ਧਿਆਨ ਨਾਲ ਹੀ ਨਹੀਂ ਸੁਣਦੇ ਸਨ ਬਲਕਿ ਉਨ੍ਹਾਂ ਨੂੰ “ਖੁਲ੍ਹੇ ਦਿਲ ਵਾਲੇ” ਕਿਹਾ ਗਿਆ ਸੀ ਕਿਉਂਕਿ ਉਹ ਹਰ ਦਿਨ ਆਇਤਾਂ ਦੀ ਜਾਂਚ ਕਰਦੇ ਸਨ। (ਰਸੂਲਾਂ ਦੇ ਕਰਤੱਬ 17:10, 11; ਪਵਿੱਤਰ ਬਾਈਬਲ ਨਵਾਂ ਅਨੁਵਾਦ) ਅਤੇ ਯਿਸੂ ਮਸੀਹ ਦੀ ਮਿਸਾਲ ਸਭ ਤੋਂ ਉੱਤਮ ਹੈ ਜੋ ਪਰਮੇਸ਼ੁਰ ਦੇ ਬਚਨ ਨੂੰ ਜਾਣਦਾ ਸੀ ਅਤੇ ਇਸ ਨੂੰ ਵਰਤਦਾ ਸੀ।—ਮੱਤੀ 4:1-11.
ਭਾਸ਼ਣ ਦੇ ਅਖ਼ੀਰ ਵਿਚ ਭਰਾ ਜੈਰਸ ਨੇ ਪਿਆਰ ਨਾਲ ਨਵੇਂ ਮਿਸ਼ਨਰੀਆਂ ਨੂੰ ਸਲਾਹ ਦਿੱਤੀ: “ਹੁਣ ਤੁਸੀਂ ਆਪਣੀ ਮਿਸ਼ਨਰੀ ਸੇਵਾ ਕਰਨ ਲਈ ਤਿਆਰ ਹੋ। ਅਤੇ ਹੁਣ ਤੁਸੀਂ ਵਿਦੇਸ਼ਾਂ ਵਿਚ ਜਾਂ ਧਰਤੀ ਦੇ ਬਹੁਤ ਸਾਰੇ ਹਿੱਸਿਆਂ ਵਿਚ ਜਾ ਰਹੇ ਹੋ। ਜੇ ਅਸੀਂ ਅਧਿਆਤਮਿਕਤਾ ਨੂੰ ਬਣਾਈ ਰੱਖਣ ਵਿਚ ਸਫ਼ਲ ਹੁੰਦੇ ਹਾਂ, ਤਾਂ ਅਸੀਂ ਕਿਸੇ ਵੀ ਕਾਰਨ ਕਰਕੇ ਆਪਣੇ ਇਰਾਦੇ ਨੂੰ ਕਮਜ਼ੋਰ ਨਹੀਂ ਪੈਣ ਦੇਵਾਂਗੇ। ਤੁਸੀਂ ਜੋਸ਼ ਨਾਲ ਪ੍ਰਚਾਰ ਕਰੋਗੇ, ਦੂਸਰਿਆਂ ਨੂੰ ਉਤਸ਼ਾਹ ਦਿਓਗੇ ਕਿ ਉਹ ਵੀ ਤੁਹਾਡੀ ਨਿਹਚਾ ਦੀ ਰੀਸ ਕਰਨ ਅਤੇ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ ਕਿ ਯਹੋਵਾਹ ਤੁਹਾਡੇ ਵਿਦਿਆਰਥੀਆਂ ਨੂੰ ਅਧਿਆਤਮਿਕ ਤੌਰ ਤੇ ਜੀਉਂਦੇ ਕਰੇ ਜਿਵੇਂ ਉਸ ਨੇ ਸਾਨੂੰ ਕੀਤਾ ਹੈ। ਅਤੇ ਇਸ ਤਰ੍ਹਾਂ ਹੋਰ ਬਹੁਤ ਸਾਰੇ ਲੋਕ ਅੱਜ ਪੂਰੀ ਦੁਨੀਆਂ ਉੱਤੇ ਆਈ ਅਧਿਆਤਮਿਕ ਆਫ਼ਤ ਤੋਂ ਬਚਣਗੇ। ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਵੱਡੀ ਹੋ ਰਹੀ ਭੀੜ ਵਿਚ ਸਾਡੇ ਨਾਲ ਆ ਮਿਲਣਗੇ। ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਯਹੋਵਾਹ ਤੁਹਾਨੂੰ ਇਸ ਲਈ ਬਰਕਤ ਦੇਵੇ।”
ਸਭਾਪਤੀ ਦੁਆਰਾ ਵੱਖਰੇ-ਵੱਖਰੇ ਦੇਸ਼ਾਂ ਤੋਂ ਆਏ ਸੰਦੇਸ਼ ਪੜ੍ਹਨ ਤੋਂ ਬਾਅਦ ਵਿਦਿਆਰਥੀਆਂ ਨੂੰ ਡਿਪਲੋਮੇ ਦਿੱਤੇ ਗਏ। ਇਸ ਤੋਂ ਬਾਅਦ ਵਿਦਿਆਰਥੀਆਂ ਦੁਆਰਾ ਲਿਖੀ ਕਦਰਦਾਨੀ ਭਰੀ ਚਿੱਠੀ ਪੜ੍ਹੀ ਗਈ। ਉਨ੍ਹਾਂ ਨੂੰ ਜਿਹੜੀ ਖ਼ਾਸ ਸਿਖਲਾਈ ਮਿਲੀ ਸੀ ਉਸ ਲਈ ਅਤੇ “ਧਰਤੀ ਦੇ ਬੰਨੇ ਤੀਕੁਰ” ਜਾਣ ਲਈ ਮਿਸ਼ਨਰੀਆਂ ਵਜੋਂ ਆਪਣੀ ਨਿਯੁਕਤੀ ਲਈ ਉਹ ਯਹੋਵਾਹ ਅਤੇ ਉਸ ਦੀ ਸੰਸਥਾ ਦੇ ਕਿੰਨੇ ਸ਼ੁਕਰਗੁਜ਼ਾਰ ਸਨ!—ਰਸੂਲਾਂ ਦੇ ਕਰਤੱਬ 1:8.
[ਸਫ਼ੇ 29 ਉੱਤੇ ਡੱਬੀ]
ਕਲਾਸ ਦੇ ਅੰਕੜੇ
ਜਿੰਨੇ ਦੇਸ਼ਾਂ ਤੋਂ ਆਏ: 11
ਜਿੰਨੇ ਦੇਸ਼ਾਂ ਵਿਚ ਭੇਜੇ ਗਏ: 24
ਵਿਦਿਆਰਥੀਆਂ ਦੀ ਗਿਣਤੀ: 48
ਵਿਆਹੁਤਾ ਜੋੜਿਆਂ ਦੀ ਗਿਣਤੀ: 24
ਔਸਤ ਉਮਰ: 34
ਸੱਚਾਈ ਵਿਚ ਔਸਤ ਸਾਲ: 17
ਪੂਰਣ-ਕਾਲੀ ਸੇਵਾ ਵਿਚ ਔਸਤ ਸਾਲ: 12
[ਸਫ਼ੇ 26 ਉੱਤੇ ਤਸਵੀਰ]
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋ ਚੁੱਕੀ 107ਵੀਂ ਕਲਾਸ
ਥੱਲੇ ਦਿੱਤੀ ਗਈ ਸੂਚੀ ਵਿਚ, ਕਤਾਰਾਂ ਅੱਗੇ ਤੋਂ ਪਿੱਛੇ ਨੂੰ ਦਿੱਤੀਆਂ ਗਈਆਂ ਹਨ ਅਤੇ ਹਰੇਕ ਕਤਾਰ ਵਿਚ ਨਾਂ ਖੱਬੇ ਤੋਂ ਸੱਜੇ ਨੂੰ ਦਿੱਤੇ ਗਏ ਹਨ।
1. ਪੇਰਾਲਟਾ, ਸੀ.; ਹਾਲਨਬੈੱਕ ਬੀ.; ਸ਼ਾਅ, ਆਰ.; ਹਸਨ, ਐੱਨ.; ਮਾਰਟਿਨ, ਡੀ.; ਹਚਿਨਸਨ, ਏ.; 2. ਐਡਵਰਡਜ਼, ਐੱਲ.; ਵੀਜ਼ਰ, ਟੀ.; ਸੀਰੂਤੀ, ਕਿਊ.; ਐੱਨਟਜ਼ਮਿੰਗਰ, ਜੀ.; ਡਾਲੋਈਜ਼, ਐੱਲ.; ਬਾਲੀਰੀ, ਐੱਲ.; 3. ਨਾਈਟ, ਪੀ.; ਕਰਾਊਜ਼, ਏ.; ਕਜ਼ੱਸਕੀ, ਡੀ.; ਰੋਜ਼, ਐੱਮ.; ਫਰੀਡੱਲ, ਕੇ.; ਨਯੇਟੋ, ਆਰ.; 4. ਰੋਜ਼, ਈ.; ਬਾਕੱਸ, ਟੀ.; ਟਾਲੀ, ਐੱਸ.; ਉਮਬੇਰ, ਡੀ.; ਬਰਨਹਾਰਟ, ਏ.; ਪੇਰਾਲਟਾ, ਐੱਮ.; 5. ਡਾਲੋਈਜ਼, ਏ.; ਉਮਬੇਰ, ਡੀ.; ਡੱਨ, ਐੱਚ.; ਗਾਟਲਿਨ, ਜੀ.; ਸ਼ਾਅ, ਜੇ.; ਸੀਰੂਤੀ, ਐੱਮ.; 6. ਬਾਲੀਰੀ, ਐੱਸ.; ਕਰਾਊਜ਼, ਜੇ.; ਹਾਲਨਬੈੱਕ, ਟੀ.; ਮਾਰਟਿਨ, ਐੱਮ.; ਬਰਨਹਾਰਟ, ਜੇ.; ਹਚਿਨਸਨ, ਐੱਮ.; 7. ਬਾਕੱਸ, ਏ.; ਡੱਨ, ਓ.; ਗਾਟਲਿਨ, ਟੀ.; ਵੀਜ਼ਰ, ਆਰ.; ਨਾਈਟ, ਪੀ.; ਹਸਨ, ਓ.; 8. ਨਯੇਟੋ, ਸੀ.; ਟਾਲੀ, ਐੱਮ.; ਫਰੀਡੱਲ, ਡੀ.; ਕਜ਼ੱਸਕੀ, ਏ.; ਐਡਵਰਡਜ਼, ਜੇ.; ਐੱਨਟਜ਼ਮਿੰਗਰ, ਐੱਮ.