ਪਰਮੇਸ਼ੁਰ ਦੀਆਂ ਮੰਗਾਂ ਨੂੰ ਸਿੱਖਣ ਵਿਚ ਦੂਜਿਆਂ ਦੀ ਮਦਦ ਕਰਨਾ
“ਇਹ ਤਾਂ ਮੇਰੇ ਲਈ ਅਵੱਸ ਹੈ। ਹਮਸੋਸ ਹੈ ਮੇਰੇ ਉੱਤੇ ਜੇ ਮੈਂ ਖੁਸ਼ ਖਬਰੀ ਨਾ ਸੁਣਾਵਾਂ!”—1 ਕੁਰਿੰਥੀਆਂ 9:16.
1, 2. (ੳ) ਪਰਮੇਸ਼ੁਰ ਸਾਡੇ ਤੋਂ ਕਿਹੜੇ ਦੂਹਰੇ ਕਾਰਜ ਵਿਚ ਹਿੱਸਾ ਲੈਣ ਦੀ ਮੰਗ ਕਰਦਾ ਹੈ? (ਅ) ਪਰਮੇਸ਼ੁਰ ਦੇ ਰਾਜ ਦੀ ਪਰਜਾ ਬਣਨ ਲਈ ਸੁਹਿਰਦ ਲੋਕਾਂ ਨੂੰ ਕੀ ਸਿੱਖਣਾ ਚਾਹੀਦਾ ਹੈ?
ਮਨੁੱਖਜਾਤੀ ਲਈ ਯਹੋਵਾਹ ਕੋਲ ਖ਼ੁਸ਼ ਖ਼ਬਰੀ ਹੈ। ਉਸ ਦਾ ਇਕ ਰਾਜ ਹੈ, ਅਤੇ ਉਹ ਚਾਹੁੰਦਾ ਹੈ ਕਿ ਹਰ ਜਗ੍ਹਾ ਦੇ ਲੋਕ ਇਸ ਬਾਰੇ ਸੁਣਨ! ਜਦੋਂ ਅਸੀਂ ਇਹ ਖ਼ੁਸ਼ ਖ਼ਬਰੀ ਜਾਣ ਜਾਂਦੇ ਹਾਂ, ਤਾਂ ਪਰਮੇਸ਼ੁਰ ਮੰਗ ਕਰਦਾ ਹੈ ਕਿ ਅਸੀਂ ਇਸ ਨੂੰ ਦੂਜਿਆਂ ਨਾਲ ਸਾਂਝਿਆਂ ਕਰੀਏ। ਇਹ ਦੂਹਰਾ ਕਾਰਜ ਹੈ। ਪਹਿਲਾ, ਸਾਡੇ ਲਈ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਐਲਾਨ ਕਰਨਾ ਜ਼ਰੂਰੀ ਹੈ। “ਰੀਤੀ-ਵਿਵਸਥਾ ਦੀ ਸਮਾਪਤੀ” (ਨਿ ਵ) ਬਾਰੇ ਆਪਣੀ ਭਵਿੱਖਬਾਣੀ ਵਿਚ ਯਿਸੂ ਨੇ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”—ਮੱਤੀ 24:3, 14.
2 ਇਸ ਕਾਰਜ ਦੇ ਦੂਜੇ ਪਹਿਲੂ ਵਿਚ ਉਨ੍ਹਾਂ ਨੂੰ ਜੋ ਰਾਜ ਦੇ ਐਲਾਨ ਪ੍ਰਤੀ ਚੰਗੀ ਪ੍ਰਤਿਕ੍ਰਿਆ ਦਿਖਾਉਂਦੇ ਹਨ, ਸਿਖਾਉਣਾ ਸ਼ਾਮਲ ਹੈ। ਆਪਣੇ ਪੁਨਰ-ਉਥਾਨ ਮਗਰੋਂ, ਯਿਸੂ ਨੇ ਆਪਣੇ ਚੇਲਿਆਂ ਦੇ ਇਕ ਵੱਡੇ ਸਮੂਹ ਨੂੰ ਕਿਹਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 28:19, 20) ਉਹ ‘ਗੱਲਾਂ ਜਿਨ੍ਹਾਂ ਦਾ ਮਸੀਹ ਨੇ ਹੁਕਮ ਦਿੱਤਾ ਸੀ,’ ਦਾ ਮੂਲ ਉਹ ਖ਼ੁਦ ਨਹੀਂ ਸੀ; ਉਸ ਨੇ ਦੂਜਿਆਂ ਨੂੰ ਪਰਮੇਸ਼ੁਰ ਦੇ ਹੁਕਮ, ਜਾਂ ਮੰਗਾਂ ਦੀ ਪਾਲਣਾ ਕਰਨੀ ਸਿਖਾਈ। (ਯੂਹੰਨਾ 14:23, 24; 15:10) ਇਸ ਤਰ੍ਹਾਂ, ਦੂਜਿਆਂ ਨੂੰ ਉਨ੍ਹਾਂ ‘ਗੱਲਾਂ ਜਿਨ੍ਹਾਂ ਦਾ ਮਸੀਹ ਨੇ ਹੁਕਮ ਦਿੱਤਾ ਸੀ, ਦੀ ਪਾਲਨਾ ਕਰਨੀ’ ਸਿਖਾਉਣ ਵਿਚ ਉਨ੍ਹਾਂ ਨੂੰ ਪਰਮੇਸ਼ੁਰ ਦੀਆਂ ਮੰਗਾਂ ਨੂੰ ਸਿੱਖਣ ਵਿਚ ਮਦਦ ਕਰਨਾ ਸ਼ਾਮਲ ਹੈ। ਪਰਮੇਸ਼ੁਰ ਦੇ ਰਾਜ ਦੀ ਪਰਜਾ ਬਣਨ ਲਈ ਸੁਹਿਰਦ ਲੋਕਾਂ ਨੂੰ ਉਸ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ।
3. ਪਰਮੇਸ਼ੁਰ ਦਾ ਰਾਜ ਕੀ ਹੈ, ਅਤੇ ਇਹ ਕੀ ਸੰਪੰਨ ਕਰੇਗਾ ਜਿਸ ਕਾਰਨ ਰਾਜ ਸੰਦੇਸ਼ ਇੰਨੀ ਖ਼ੁਸ਼ੀ ਦੀ ਖ਼ਬਰ ਸਾਬਤ ਹੁੰਦਾ ਹੈ?
3 ਪਰਮੇਸ਼ੁਰ ਦਾ ਰਾਜ ਕੀ ਹੈ? ਅਤੇ ਇਹ ਕੀ ਸੰਪੰਨ ਕਰੇਗਾ ਜਿਸ ਕਾਰਨ ਰਾਜ ਸੰਦੇਸ਼ ਇੰਨੀ ਖ਼ੁਸ਼ੀ ਦੀ ਖ਼ਬਰ ਸਾਬਤ ਹੁੰਦਾ ਹੈ? ਪਰਮੇਸ਼ੁਰ ਦਾ ਰਾਜ ਇਕ ਸਵਰਗੀ ਸਰਕਾਰ ਹੈ। ਇਹ ਯਹੋਵਾਹ ਨੂੰ ਅਤਿ ਪਿਆਰਾ ਹੈ, ਕਿਉਂਕਿ ਇਸ ਦੇ ਰਾਹੀਂ ਉਹ ਆਪਣੇ ਨਾਂ ਨੂੰ ਸਭ ਬਦਨਾਮੀ ਤੋਂ ਮੁਕਤ ਕਰ ਕੇ ਇਸ ਦਾ ਪਵਿੱਤਰੀਕਰਣ ਕਰੇਗਾ। ਰਾਜ ਉਹ ਸਾਧਨ ਹੈ ਜਿਸ ਨੂੰ ਯਹੋਵਾਹ ਧਰਤੀ ਉੱਤੇ ਆਪਣੀ ਇੱਛਾ ਪੂਰੀ ਕਰਵਾਉਣ ਲਈ ਇਸਤੇਮਾਲ ਕਰੇਗਾ, ਜਿਵੇਂ ਇਹ ਸਵਰਗ ਵਿਚ ਪੂਰੀ ਹੁੰਦੀ ਹੈ। ਇਸ ਲਈ ਯਿਸੂ ਨੇ ਸਾਨੂੰ ਪਰਮੇਸ਼ੁਰ ਦੇ ਰਾਜ ਦੇ ਆਉਣ ਲਈ ਪ੍ਰਾਰਥਨਾ ਕਰਨੀ ਸਿਖਾਈ ਅਤੇ ਸਾਨੂੰ ਇਸ ਨੂੰ ਆਪਣੇ ਜੀਵਨ ਵਿਚ ਪਹਿਲ ਦੇਣ ਲਈ ਜ਼ੋਰ ਦਿੱਤਾ। (ਮੱਤੀ 6:9, 10, 33) ਕੀ ਤੁਸੀਂ ਦੇਖਦੇ ਹੋ ਕਿ ਯਹੋਵਾਹ ਲਈ ਇਹ ਇੰਨਾ ਮਹੱਤਵਪੂਰਣ ਕਿਉਂ ਹੈ ਕਿ ਅਸੀਂ ਦੂਜਿਆਂ ਨੂੰ ਉਸ ਦੇ ਰਾਜ ਬਾਰੇ ਸਿਖਾਈਏ?
ਚੁਣੌਤੀ ਹੈ ਪਰੰਤੂ ਇਕ ਬੋਝ ਨਹੀਂ
4. ਇਹ ਕਿਵੇਂ ਦਰਸਾਇਆ ਜਾ ਸਕਦਾ ਹੈ ਕਿ ਖ਼ੁਸ਼ ਖ਼ਬਰੀ ਪ੍ਰਚਾਰ ਕਰਨ ਦਾ ਫ਼ਰਜ਼ ਇਕ ਬੋਝ ਨਹੀਂ ਹੈ?
4 ਕੀ ਇਹ ਖ਼ੁਸ਼ ਖ਼ਬਰੀ ਪ੍ਰਚਾਰ ਕਰਨਾ ਇਕ ਬੋਝ ਹੈ? ਬਿਲਕੁਲ ਨਹੀਂ! ਦਰਸਾਉਣ ਲਈ: ਇਕ ਪਿਤਾ ਦਾ ਫ਼ਰਜ਼ ਬਣਦਾ ਹੈ ਕਿ ਉਹ ਭੌਤਿਕ ਤੌਰ ਤੇ ਆਪਣੇ ਪਰਿਵਾਰ ਲਈ ਪ੍ਰਬੰਧ ਕਰੇ। ਇੰਜ ਕਰਨ ਤੋਂ ਖੁੰਝਣਾ ਮਸੀਹੀ ਨਿਹਚਾ ਨੂੰ ਠੁਕਰਾਉਣ ਦੇ ਬਰਾਬਰ ਹੈ। ਰਸੂਲ ਪੌਲੁਸ ਨੇ ਲਿਖਿਆ: “ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।” (1 ਤਿਮੋਥਿਉਸ 5:8) ਪਰੰਤੂ ਕੀ ਇਕ ਮਸੀਹੀ ਪੁਰਸ਼ ਲਈ ਇਹ ਫ਼ਰਜ਼ ਇਕ ਬੋਝ ਹੈ? ਨਹੀਂ ਜੇਕਰ ਉਹ ਆਪਣੇ ਪਰਿਵਾਰ ਨਾਲ ਪ੍ਰੇਮ ਕਰਦਾ ਹੈ, ਕਿਉਂਕਿ ਉਸ ਹਾਲਤ ਵਿਚ ਤਾਂ ਉਹ ਉਨ੍ਹਾਂ ਲਈ ਪ੍ਰਬੰਧ ਕਰਨਾ ਚਾਹੁੰਦਾ ਹੈ।
5. ਹਾਲਾਂਕਿ ਪ੍ਰਚਾਰ ਅਤੇ ਚੇਲੇ-ਬਣਾਉਣ ਦਾ ਕਾਰਜ ਇਕ ਫ਼ਰਜ਼ ਹੈ, ਸਾਨੂੰ ਇਸ ਵਿਚ ਹਿੱਸਾ ਲੈਣ ਬਾਰੇ ਕਿਉਂ ਆਨੰਦਿਤ ਹੋਣਾ ਚਾਹੀਦਾ ਹੈ?
5 ਇਸੇ ਸਮਾਨ, ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕਾਰਜ ਇਕ ਫ਼ਰਜ਼ ਹੈ, ਅਥਵਾ ਇਕ ਮੰਗ, ਜਿਸ ਉੱਤੇ ਸਾਡਾ ਜੀਵਨ ਨਿਰਭਰ ਹੈ। ਪੌਲੁਸ ਇਸ ਨੂੰ ਇੰਜ ਬਿਆਨ ਕਰਦਾ ਹੈ: “ਇਹ ਤਾਂ ਮੇਰੇ ਲਈ ਅਵੱਸ ਹੈ। ਹਮਸੋਸ ਹੈ ਮੇਰੇ ਉੱਤੇ ਜੇ ਮੈਂ ਖੁਸ਼ ਖਬਰੀ ਨਾ ਸੁਣਾਵਾਂ!” (1 ਕੁਰਿੰਥੀਆਂ 9:16; ਤੁਲਨਾ ਕਰੋ ਹਿਜ਼ਕੀਏਲ 33:7-9.) ਪਰੰਤੂ, ਪ੍ਰਚਾਰ ਕਰਨ ਵਿਚ ਸਾਡੀ ਪ੍ਰੇਰਣਾ ਸ਼ਕਤੀ ਪ੍ਰੇਮ ਹੈ, ਨਾ ਕਿ ਕੇਵਲ ਫ਼ਰਜ਼। ਮੁੱਖ ਤੌਰ ਤੇ ਅਸੀਂ ਪਰਮੇਸ਼ੁਰ ਨੂੰ ਪ੍ਰੇਮ ਕਰਦੇ ਹਾਂ, ਪਰੰਤੂ ਅਸੀਂ ਆਪਣੇ ਗੁਆਂਢੀਆਂ ਨੂੰ ਵੀ ਪ੍ਰੇਮ ਕਰਦੇ ਹਾਂ, ਅਤੇ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਵਾਸਤੇ ਖ਼ੁਸ਼ ਖ਼ਬਰੀ ਸੁਣਨਾ ਕਿੰਨਾ ਹੀ ਜ਼ਰੂਰੀ ਹੈ। (ਮੱਤੀ 22:37-39) ਇਹ ਉਨ੍ਹਾਂ ਨੂੰ ਭਵਿੱਖ ਲਈ ਉਮੀਦ ਦਿੰਦੀ ਹੈ। ਪਰਮੇਸ਼ੁਰ ਦਾ ਰਾਜ ਛੇਤੀ ਹੀ ਅਨਿਆਵਾਂ ਨੂੰ ਦਰੁਸਤ ਕਰੇਗਾ, ਸਾਰੇ ਅਤਿਆਚਾਰਾਂ ਨੂੰ ਖ਼ਤਮ ਕਰੇਗਾ, ਅਤੇ ਸ਼ਾਂਤੀ ਤੇ ਏਕਤਾ ਮੁੜ ਬਹਾਲ ਕਰੇਗਾ—ਜੋ ਕਿ ਉਨ੍ਹਾਂ ਸਾਰਿਆਂ ਲਈ ਸਥਾਈ ਬਰਕਤ ਸਿੱਧ ਹੋਵੇਗੀ ਜੋ ਖ਼ੁਦ ਨੂੰ ਇਸ ਦੀ ਧਾਰਮਿਕ ਹਕੂਮਤ ਦੇ ਅਧੀਨ ਕਰਦੇ ਹਨ। ਕੀ ਅਸੀਂ ਦੂਜਿਆਂ ਨਾਲ ਅਜਿਹੀ ਖ਼ੁਸ਼ ਖ਼ਬਰੀ ਸਾਂਝੀ ਕਰ ਕੇ ਆਨੰਦਿਤ, ਜੀ ਹਾਂ, ਰੁਮਾਂਚਿਤ ਨਹੀਂ ਹੁੰਦੇ ਹਾਂ?—ਜ਼ਬੂਰ 110:3.
6. ਪ੍ਰਚਾਰ ਅਤੇ ਚੇਲੇ-ਬਣਾਉਣ ਦਾ ਕਾਰਜ ਇਕ ਅਸਲੀ ਚੁਣੌਤੀ ਕਿਉਂ ਪੇਸ਼ ਕਰਦਾ ਹੈ?
6 ਨਾਲ ਹੀ, ਇਹ ਪ੍ਰਚਾਰ ਅਤੇ ਚੇਲੇ-ਬਣਾਉਣ ਦਾ ਕਾਰਜ ਇਕ ਅਸਲੀ ਚੁਣੌਤੀ ਪੇਸ਼ ਕਰਦਾ ਹੈ। ਲੋਕੀ ਇਕ ਦੂਜੇ ਤੋਂ ਭਿੰਨ ਹੁੰਦੇ ਹਨ। ਸਾਰਿਆਂ ਦੀਆਂ ਸਮਾਨ ਰੁਚੀਆਂ ਜਾਂ ਯੋਗਤਾਵਾਂ ਨਹੀਂ ਹੁੰਦੀਆਂ। ਕੁਝ ਕਾਫ਼ੀ ਪੜ੍ਹੇ-ਲਿਖੇ ਹੁੰਦੇ ਹਨ, ਜਦ ਕਿ ਦੂਸਰਿਆਂ ਨੇ ਘੱਟ ਹੀ ਸਿੱਖਿਆ ਹਾਸਲ ਕੀਤੀ ਹੁੰਦੀ ਹੈ। ਪੜ੍ਹਨਾ—ਜੋ ਇਕ ਸਮੇਂ ਤੇ ਮਨਪਸੰਦ ਮਨੋਰੰਜਨ ਸੀ—ਹੁਣ ਅਕਸਰ ਇਕ ਅਕਾਊ ਕੰਮ ਵਜੋਂ ਵਿਚਾਰਿਆ ਜਾਂਦਾ ਹੈ। ਪਠਨ-ਅਰੁਚੀ, ਜੋ “ਪੜ੍ਹਨ ਦੀ ਯੋਗਤਾ ਰੱਖਣਾ ਪਰੰਤੂ ਪੜ੍ਹਨ ਵਿਚ ਰੁਚੀ ਨਾ ਰੱਖਣ ਦਾ ਗੁਣ ਜਾਂ ਸਥਿਤੀ” ਵਜੋਂ ਪਰਿਭਾਸ਼ਿਤ ਕੀਤੀ ਜਾਂਦੀ ਹੈ, ਉਨ੍ਹਾਂ ਦੇਸ਼ਾਂ ਵਿਚ ਵੀ ਇਕ ਵਧਦੀ ਸਮੱਸਿਆ ਹੈ, ਜੋ ਉੱਚ ਸਾਖਰਤਾ ਦਰ ਦਾ ਮਾਣ ਕਰਦੇ ਹਨ। ਤਾਂ ਫਿਰ, ਅਸੀਂ ਅਜਿਹੇ ਭਿੰਨ ਪਿਛੋਕੜ ਅਤੇ ਰੁਚੀ ਰੱਖਣ ਵਾਲੇ ਲੋਕਾਂ ਨੂੰ ਇਹ ਸਿੱਖਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ ਕਿ ਪਰਮੇਸ਼ੁਰ ਕੀ ਮੰਗ ਕਰਦਾ ਹੈ?—ਤੁਲਨਾ ਕਰੋ 1 ਕੁਰਿੰਥੀਆਂ 9:20-23.
ਦੂਜਿਆਂ ਦੀ ਮਦਦ ਕਰਨ ਲਈ ਉਚਿਤ ਢੰਗ ਨਾਲ ਲੈਸ
7. “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਸਾਨੂੰ ਦੂਜਿਆਂ ਨੂੰ ਪਰਮੇਸ਼ੁਰ ਦੀਆਂ ਮੰਗਾਂ ਨੂੰ ਸਿੱਖਣ ਵਿਚ ਮਦਦ ਕਰਨ ਲਈ ਕਿਵੇਂ ਲੈਸ ਕੀਤਾ ਹੈ?
7 ਇਕ ਚੁਣੌਤੀ ਭਰੇ ਕਾਰਜ ਨੂੰ ਕਰਨਾ ਜ਼ਿਆਦਾ ਆਸਾਨ ਹੁੰਦਾ ਹੈ ਜੇਕਰ ਤੁਹਾਡੇ ਕੋਲ ਉਚਿਤ ਔਜ਼ਾਰ ਜਾਂ ਸਾਜ਼-ਸਾਮਾਨ ਮੌਜੂਦ ਹੋਣ। ਇਕ ਔਜ਼ਾਰ ਜੋ ਅੱਜ ਕਿਸੇ ਖ਼ਾਸ ਕੰਮ ਲਈ ਉਪਯੁਕਤ ਹੈ, ਸ਼ਾਇਦ ਕੱਲ੍ਹ ਨੂੰ ਬਦਲਦੀਆਂ ਲੋੜਾਂ ਦੇ ਕਾਰਨ ਸੰਸ਼ੋਧਿਤ ਕੀਤਾ ਜਾਵੇ ਜਾਂ ਇੱਥੋਂ ਤਕ ਕਿ ਬਦਲ ਹੀ ਦਿੱਤਾ ਜਾਵੇ। ਪਰਮੇਸ਼ੁਰ ਦੇ ਰਾਜ ਬਾਰੇ ਸੰਦੇਸ਼ ਸੁਣਾਉਣ ਦੀ ਸਾਡੀ ਕਾਰਜ-ਨਿਯੁਕਤੀ ਬਾਰੇ ਵੀ ਇਹ ਗੱਲ ਸੱਚ ਹੈ। ਸਾਲਾਂ ਦੌਰਾਨ, “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਸਾਡੇ ਲਈ ਬਿਲਕੁਲ ਸਹੀ ਔਜ਼ਾਰ ਮੁਹੱਈਆ ਕੀਤੇ ਹਨ, ਅਰਥਾਤ ਉਹ ਪ੍ਰਕਾਸ਼ਨ ਜੋ ਗ੍ਰਹਿ ਬਾਈਬਲ ਅਧਿਐਨ ਸੰਚਾਲਿਤ ਕਰਨ ਵਿਚ ਵਰਤੋਂ ਲਈ ਖ਼ਾਸ ਤੌਰ ਤੇ ਤਿਆਰ ਕੀਤੇ ਗਏ ਹਨ। (ਮੱਤੀ 24:45) ਇਸ ਤਰ੍ਹਾਂ, ਅਸੀਂ “ਹਰੇਕ ਕੌਮ . . . ਅਤੇ ਸਭਨਾਂ ਗੋਤਾਂ, . . . ਅਤੇ ਭਾਖਿਆਂ” ਦੇ ਲੋਕਾਂ ਨੂੰ ਪਰਮੇਸ਼ੁਰ ਦੀਆਂ ਮੰਗਾਂ ਨੂੰ ਸਿੱਖਣ ਵਿਚ ਮਦਦ ਕਰਨ ਲਈ ਲੈਸ ਕੀਤੇ ਗਏ ਹਾਂ। (ਪਰਕਾਸ਼ ਦੀ ਪੋਥੀ 7:9) ਸਮੇਂ-ਸਮੇਂ ਤੇ, ਵਿਸ਼ਵ ਖੇਤਰ ਵਿਚ ਬਦਲਦੀਆਂ ਲੋੜਾਂ ਦੇ ਅਨੁਸਾਰ ਨਵੇਂ ਔਜ਼ਾਰ ਮੁਹੱਈਆ ਕੀਤੇ ਗਏ ਹਨ। ਆਓ ਅਸੀਂ ਕੁਝ ਉਦਾਹਰਣਾਂ ਉੱਤੇ ਗੌਰ ਕਰੀਏ।
8. (ੳ) ਬਾਈਬਲ ਸਿੱਖਿਆ ਨੂੰ ਅੱਗੇ ਵਧਾਉਣ ਵਿਚ ਪੁਸਤਕ “ਪਰਮੇਸ਼ੁਰ ਸੱਚਾ ਠਹਿਰੇ” ਨੇ ਕਿਹੜੀ ਭੂਮਿਕਾ ਅਦਾ ਕੀਤੀ? (ਅ) ਬਾਈਬਲ ਅਧਿਐਨ ਕਾਰਜ ਲਈ ਕਿਹੜਾ ਔਜ਼ਾਰ 1968 ਵਿਚ ਮੁਹੱਈਆ ਕੀਤਾ ਗਿਆ, ਅਤੇ ਇਹ ਕਿਵੇਂ ਖ਼ਾਸ ਤੌਰ ਤੇ ਤਿਆਰ ਕੀਤਾ ਗਿਆ ਸੀ? (ੲ) ਸੱਚ ਪੁਸਤਕ ਨੇ ਚੇਲੇ-ਬਣਾਉਣ ਦੇ ਕਾਰਜ ਵਿਚ ਕਿਵੇਂ ਮਦਦ ਕੀਤੀ?
8 ਸੰਨ 1946 ਤੋਂ 1968 ਤਕ, ਪੁਸਤਕ “ਪਰਮੇਸ਼ੁਰ ਸੱਚਾ ਠਹਿਰੇ,” (ਅੰਗ੍ਰੇਜ਼ੀ) ਨੂੰ ਬਾਈਬਲ ਸਿੱਖਿਆ ਦੇਣ ਲਈ ਇਕ ਸ਼ਕਤੀਸ਼ਾਲੀ ਔਜ਼ਾਰ ਵਜੋਂ ਵਰਤਿਆ ਗਿਆ ਸੀ, ਅਤੇ 54 ਭਾਸ਼ਾਵਾਂ ਵਿਚ 1,92,46,710 ਕਾਪੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। 1968 ਵਿਚ ਜਾਰੀ ਕੀਤੀ ਗਈ ਪੁਸਤਕ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ, ਨੂੰ ਬਹੁਤ ਸਾਲਾਂ ਤਕ ਰੁਚੀ ਰੱਖਣ ਵਾਲਿਆਂ ਨਾਲ ਬਾਈਬਲ ਦਾ ਅਧਿਐਨ ਕਰਨ ਲਈ ਪ੍ਰਭਾਵਕਾਰੀ ਰੂਪ ਵਿਚ ਵਰਤਿਆ ਗਿਆ। ਪਹਿਲਾਂ, ਇਹ ਆਮ ਹੁੰਦਾ ਸੀ ਕਿ ਕੁਝ ਲੋਕ ਯਹੋਵਾਹ ਦੇ ਗਵਾਹਾਂ ਨਾਲ ਸਾਲੋ ਸਾਲ ਅਧਿਐਨ ਕਰਦੇ ਸਨ ਅਤੇ ਬਪਤਿਸਮਾ ਨਹੀਂ ਲੈਂਦੇ ਸਨ। ਪਰੰਤੂ ਇਹ ਔਜ਼ਾਰ ਸਿਖਿਆਰਥੀ ਨੂੰ ਸ਼ਾਮਲ ਕਰਨ ਲਈ ਤਿਆਰ ਕੀਤਾ ਗਿਆ ਸੀ, ਜੋ ਉਸ ਨੂੰ ਸਿੱਖੀਆਂ ਹੋਈਆਂ ਗੱਲਾਂ ਨੂੰ ਅਮਲ ਵਿਚ ਲਿਆਉਣ ਲਈ ਉਤਸ਼ਾਹਿਤ ਕਰਦਾ। ਨਤੀਜਾ? ਪੁਸਤਕ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਬਿਆਨ ਕਰਦੀ ਹੈ: “ਸਤੰਬਰ 1, 1968, ਤੋਂ ਲੈ ਕੇ ਅਗਸਤ 31, 1971, ਤਕ ਦੇ ਤਿੰਨ ਸੇਵਾ ਸਾਲਾਂ ਵਿਚ ਕੁਲ 4,34,906 ਵਿਅਕਤੀਆਂ ਨੇ ਬਪਤਿਸਮਾ ਲਿਆ—ਪੂਰਬਲੇ ਤਿੰਨ ਸੇਵਾ ਸਾਲਾਂ ਦੌਰਾਨ ਬਪਤਿਸਮਾ ਲੈਣ ਵਾਲਿਆਂ ਦੀ ਗਿਣਤੀ ਤੋਂ ਦੁਗੁਣਾ ਨਾਲੋਂ ਵੀ ਵੱਧ!” ਇਸ ਦੇ ਜਾਰੀ ਕੀਤੇ ਜਾਣ ਦੇ ਸਮੇਂ ਤੋਂ, ਸੱਚ ਪੁਸਤਕ ਦਾ ਪ੍ਰਸਾਰ ਅਚੰਭੇ ਦਾ ਰਿਹਾ ਹੈ—117 ਭਾਸ਼ਾਵਾਂ ਵਿਚ 10,70,00,000 ਤੋਂ ਵੱਧ ਕਾਪੀਆਂ।
9. ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਵਿਚ ਕਿਹੜੀ ਖ਼ਾਸ ਵਿਸ਼ੇਸ਼ਤਾ ਹੈ, ਅਤੇ ਇਸ ਦਾ ਰਾਜ ਘੋਸ਼ਕਾਂ ਦੀ ਗਿਣਤੀ ਉੱਤੇ ਕੀ ਅਸਰ ਪਿਆ?
9 ਸੰਨ 1982 ਵਿਚ ਪੁਸਤਕ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, ਨੂੰ ਬਾਈਬਲ ਅਧਿਐਨ ਸੰਚਾਲਿਤ ਕਰਨ ਲਈ ਪ੍ਰਮੁੱਖ ਪੁਸਤਕ ਵਜੋਂ ਵਰਤਿਆ ਜਾਣ ਲੱਗਾ। ਇਸ ਔਜ਼ਾਰ ਵਿਚ 150 ਤਸਵੀਰਾਂ ਹਨ, ਅਤੇ ਹਰੇਕ ਤਸਵੀਰ ਨਾਲ ਅਰਥ-ਭਰਪੂਰ ਸਿਰਲੇਖ ਹਨ ਜੋ ਤਸਵੀਰਾਂ ਦੇ ਸਿੱਖਿਆਦਾਇਕ ਨੁਕਤੇ ਨੂੰ ਸੰਖੇਪ ਵਿਚ ਉਜਾਗਰ ਕਰਦੇ ਹਨ। ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦਾ ਅਕਤੂਬਰ 1982 ਅੰਕ ਕਹਿੰਦਾ ਹੈ: “ਉਨ੍ਹਾਂ ਲਗਭਗ 20 ਸਾਲਾਂ ਵਿਚ (1946 ਤੋਂ 1960 ਦੇ ਦਹਾਕੇ ਦੇ ਮੱਧ ਤਕ) ਜਦੋਂ ‘ਪਰਮੇਸ਼ੁਰ ਸੱਚਾ ਠਹਿਰੇ’ ਸਾਡੀ ਪ੍ਰਮੁੱਖ ਅਧਿਐਨ ਪੁਸਤਕ ਸੀ, 10,00,000 ਤੋਂ ਵੱਧ ਨਵੇਂ ਰਾਜ ਘੋਸ਼ਕ ਸਾਡੇ ਵਿਚ ਸ਼ਾਮਲ ਹੋਏ। ਫਿਰ ਹੋਰ 10,00,000 ਪ੍ਰਕਾਸ਼ਕ ਸ਼ਾਮਲ ਹੋਏ ਜਦੋਂ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ, 1968 ਵਿਚ ਰਿਲੀਸ ਕੀਤੇ ਜਾਣ ਮਗਰੋਂ ਸਾਡੀ ਪ੍ਰਮੁੱਖ ਅਧਿਐਨ ਪੁਸਤਕ ਬਣ ਗਈ। ਸਾਡੀ ਨਵੀਂ ਅਧਿਐਨ ਪੁਸਤਕ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, ਦੀ ਵਰਤੋਂ ਨਾਲ, ਕੀ ਅਸੀਂ ਰਾਜ ਪ੍ਰਕਾਸ਼ਕਾਂ ਦੀ ਗਿਣਤੀ ਵਿਚ ਸਮਾਨ ਵਾਧਾ ਦੇਖਾਂਗੇ? ਯਕੀਨਨ, ਜੇਕਰ ਇਹ ਯਹੋਵਾਹ ਦੀ ਇੱਛਾ ਹੋਈ!” ਇਹ ਬਿਨਾਂ ਸ਼ੱਕ ਯਹੋਵਾਹ ਦੀ ਇੱਛਾ ਸੀ, ਕਿਉਂਕਿ 1982 ਤੋਂ 1995 ਤਕ, 27,00,000 ਤੋਂ ਵੱਧ ਪ੍ਰਕਾਸ਼ਕ ਰਾਜ ਘੋਸ਼ਕਾਂ ਦੀ ਗਿਣਤੀ ਵਿਚ ਸ਼ਾਮਲ ਹੋਏ!
10. ਕਿਹੜਾ ਨਵਾਂ ਔਜ਼ਾਰ 1995 ਵਿਚ ਮੁਹੱਈਆ ਕੀਤਾ ਗਿਆ ਸੀ, ਅਤੇ ਇਹ ਬਾਈਬਲ ਸਿਖਿਆਰਥੀਆਂ ਨੂੰ ਕਾਫ਼ੀ ਤੇਜ਼ੀ ਨਾਲ ਅਧਿਆਤਮਿਕ ਤਰੱਕੀ ਕਰਨ ਦੇ ਯੋਗ ਕਿਉਂ ਬਣਾਏਗਾ?
10 “ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ,” ਯਿਸੂ ਨੇ ਕਿਹਾ। (ਮੱਤੀ 9:37) ਖੇਤੀ ਸੱਚ-ਮੁੱਚ ਹੀ ਪੱਕੀ ਹੋਈ ਹੈ। ਅਜੇ ਬਹੁਤ ਕੰਮ ਬਾਕੀ ਹੈ। ਕੁਝ ਦੇਸ਼ਾਂ ਵਿਚ ਤਾਂ ਲੋਕਾਂ ਨੂੰ ਬਾਈਬਲ ਅਧਿਐਨ ਲਈ ਵੇਟਿੰਗ ਲਿਸਟ ਵਿਚ ਨਾਂ ਲਿਖਵਾਉਣਾ ਪੈਂਦਾ ਹੈ। ਸੋ ਪਰਮੇਸ਼ੁਰ ਦੇ ਗਿਆਨ ਨੂੰ ਹੋਰ ਛੇਤੀ ਫੈਲਾਉਣ ਦੇ ਮਨੋਰਥ ਨਾਲ, “ਮਾਤਬਰ ਅਤੇ ਬੁੱਧਵਾਨ ਨੌਕਰ” ਨੇ 1995 ਵਿਚ ਇਕ ਨਵਾਂ ਔਜ਼ਾਰ ਮੁਹੱਈਆ ਕੀਤਾ, ਅਰਥਾਤ 192-ਸਫ਼ਾ ਪੁਸਤਕ ਜਿਸ ਦਾ ਨਾਂ ਹੈ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਇਹ ਲਾਹੇਵੰਦ ਔਜ਼ਾਰ ਝੂਠੇ ਸਿਧਾਂਤਾਂ ਉੱਤੇ ਧਿਆਨ ਕੇਂਦ੍ਰਿਤ ਨਹੀਂ ਕਰਦਾ ਹੈ। ਇਹ ਬਾਈਬਲ ਸੱਚਾਈਆਂ ਨੂੰ ਸਕਾਰਾਤਮਕ ਤਰੀਕੇ ਨਾਲ ਪੇਸ਼ ਕਰਦਾ ਹੈ। ਇਹ ਉਮੀਦ ਰੱਖੀ ਜਾਂਦੀ ਹੈ ਕਿ ਇਹ ਬਾਈਬਲ ਸਿਖਿਆਰਥੀਆਂ ਨੂੰ ਕਾਫ਼ੀ ਤੇਜ਼ੀ ਨਾਲ ਅਧਿਆਤਮਿਕ ਤਰੱਕੀ ਕਰਨ ਦੇ ਯੋਗ ਬਣਾਏਗਾ। ਗਿਆਨ ਪੁਸਤਕ ਦਾ ਪਹਿਲਾਂ ਤੋਂ ਹੀ ਵਿਸ਼ਵ ਖੇਤਰ ਉੱਤੇ ਕਾਫ਼ੀ ਪ੍ਰਭਾਵ ਪੈ ਰਿਹਾ ਹੈ ਕਿਉਂਕਿ ਇਸ ਦੀਆਂ 4,55,00,000 ਕਾਪੀਆਂ 125 ਭਾਸ਼ਾਵਾਂ ਵਿਚ ਛੱਪ ਚੁੱਕੀਆਂ ਹਨ ਅਤੇ ਅਤਿਰਿਕਤ 21 ਭਾਸ਼ਾਵਾਂ ਵਿਚ ਇਸ ਦਾ ਅਨੁਵਾਦ ਚਾਲੂ ਹੈ।
11. ਜਿਹੜੇ ਅਨਪੜ੍ਹ ਹਨ ਜਾਂ ਚੰਗੀ ਤਰ੍ਹਾਂ ਨਾਲ ਪੜ੍ਹ ਨਹੀਂ ਸਕਦੇ ਹਨ, ਉਨ੍ਹਾਂ ਨੂੰ ਸਿਖਾਉਣ ਵਿਚ ਮਦਦ ਕਰਨ ਲਈ ਕਿਹੜਾ ਪ੍ਰਭਾਵਕਾਰੀ ਔਜ਼ਾਰ ਮੁਹੱਈਆ ਕੀਤਾ ਗਿਆ ਸੀ, ਅਤੇ ਇਸ ਨੇ ਸਾਡੇ ਵਿਸ਼ਵ ਸਿੱਖਿਆ ਕਾਰਜਕ੍ਰਮ ਵਿਚ ਕਿਵੇਂ ਵੱਡਾ ਸਹਿਯੋਗ ਦਿੱਤਾ ਹੈ?
11 ਸਮੇਂ-ਸਮੇਂ ਤੇ, ‘ਮਾਤਬਰ ਨੌਕਰ’ ਨੇ ਅਜਿਹੇ ਔਜ਼ਾਰ ਵੀ ਮੁਹੱਈਆ ਕੀਤੇ ਹਨ, ਜੋ ਕਿ ਵਿਸ਼ਿਸ਼ਟ, ਜਾਂ ਸੀਮਿਤ, ਪਾਠਕਗਣ ਲਈ ਤਿਆਰ ਕੀਤੇ ਜਾਂਦੇ ਹਨ। ਮਿਸਾਲ ਵਜੋਂ, ਉਨ੍ਹਾਂ ਲੋਕਾਂ ਬਾਰੇ ਕੀ ਜਿਨ੍ਹਾਂ ਨੂੰ ਸ਼ਾਇਦ ਉਨ੍ਹਾਂ ਦੇ ਸਭਿਆਚਾਰਕ ਜਾਂ ਧਾਰਮਿਕ ਪਿਛੋਕੜ ਕਾਰਨ ਖ਼ਾਸ ਮਦਦ ਦੀ ਲੋੜ ਹੋਵੇ? ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੀਆਂ ਮੰਗਾਂ ਨੂੰ ਸਿੱਖਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ? 1982 ਵਿਚ ਸਾਨੂੰ ਠੀਕ ਉਹੋ ਚੀਜ਼ ਹਾਸਲ ਹੋਈ ਜਿਸ ਦੀ ਸਾਨੂੰ ਲੋੜ ਸੀ—32-ਸਫ਼ਾ ਵੱਡੀ ਪੁਸਤਿਕਾ ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ! ਇਹ ਤਸਵੀਰਾਂ ਨਾਲ ਭਰਿਆ ਪ੍ਰਕਾਸ਼ਨ ਉਨ੍ਹਾਂ ਨੂੰ ਸਿਖਾਉਣ ਵਿਚ ਪ੍ਰਭਾਵਕਾਰੀ ਔਜ਼ਾਰ ਰਿਹਾ ਹੈ ਜੋ ਅਨਪੜ੍ਹ ਹਨ ਜਾਂ ਜੋ ਚੰਗੀ ਤਰ੍ਹਾਂ ਨਾਲ ਪੜ੍ਹ ਨਹੀਂ ਸਕਦੇ ਹਨ। ਇਸ ਵਿਚ ਸ਼ਾਸਤਰ-ਸੰਬੰਧੀ ਬੁਨਿਆਦੀ ਸਿੱਖਿਆਵਾਂ ਨੂੰ ਬਹੁਤ ਹੀ ਸੌਖੇ ਅਤੇ ਸਮਝਣ ਨੂੰ ਆਸਾਨ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਜਦ ਤੋਂ ਇਹ ਰਿਲੀਸ ਹੋਈ ਹੈ, ਧਰਤੀ ਉਤੇ ਜੀਵਨ ਵੱਡੀ ਪੁਸਤਿਕਾ ਨੇ ਸਾਡੇ ਵਿਸ਼ਵ ਸਿੱਖਿਆ ਕਾਰਜਕ੍ਰਮ ਵਿਚ ਵੱਡਾ ਸਹਿਯੋਗ ਦਿੱਤਾ ਹੈ। 239 ਭਾਸ਼ਾਵਾਂ ਵਿਚ 10,51,00,000 ਤੋਂ ਵੱਧ ਕਾਪੀਆਂ ਛਾਪੀਆਂ ਗਈਆਂ ਹਨ, ਜਿਸ ਕਰਕੇ ਇਹ ਅੱਜ ਤਕ ਵਾਚ ਟਾਵਰ ਸੋਸਾਇਟੀ ਦੁਆਰਾ ਛਾਪੇ ਗਏ ਪ੍ਰਕਾਸ਼ਨਾਂ ਵਿੱਚੋਂ ਸਭ ਤੋਂ ਵਿਆਪਕ ਰੂਪ ਵਿਚ ਅਨੁਵਾਦਿਤ ਪ੍ਰਕਾਸ਼ਨ ਹੈ!
12, 13. (ੳ) ਸੰਨ 1990 ਤੋਂ, ‘ਮਾਤਬਰ ਨੌਕਰ’ ਨੇ ਦੂਰ ਤਕ ਫੈਲੇ ਦਰਸ਼ਕਾਂ ਤਕ ਪਹੁੰਚਣ ਲਈ ਕਿਹੜਾ ਇਕ ਨਵਾਂ ਤਰੀਕਾ ਪੇਸ਼ ਕੀਤਾ ਹੈ? (ਅ) ਅਸੀਂ ਆਪਣੀ ਖੇਤਰ ਸੇਵਕਾਈ ਵਿਚ ਸੋਸਾਇਟੀ ਦੇ ਵਿਡਿਓ ਕਿਵੇਂ ਵਰਤ ਸਕਦੇ ਹਾਂ? (ੲ) ਸਾਡੇ ਚੇਲੇ-ਬਣਾਉਣ ਦੇ ਕਾਰਜ ਵਿਚ ਮਦਦ ਦੇਣ ਲਈ ਹਾਲ ਹੀ ਵਿਚ ਕਿਹੜਾ ਨਵਾਂ ਔਜ਼ਾਰ ਮੁਹੱਈਆ ਕੀਤਾ ਗਿਆ ਸੀ?
12 ਛਪੇ ਪ੍ਰਕਾਸ਼ਨਾਂ ਤੋਂ ਇਲਾਵਾ, ‘ਮਾਤਬਰ ਨੌਕਰ’ ਨੇ 1990 ਵਿਚ ਆਰੰਭ ਕਰਦੇ ਹੋਏ, ਸਾਨੂੰ ਸਿੱਖਿਆ ਦਾ ਅਜਿਹਾ ਸਾਧਨ ਮੁਹੱਈਆ ਕੀਤਾ ਹੈ ਜੋ ਦੂਰ ਤਕ ਫੈਲੇ ਦਰਸ਼ਕਾਂ ਤਕ ਪਹੁੰਚਣ ਦਾ ਇਕ ਨਵਾਂ ਤਰੀਕਾ ਪੇਸ਼ ਕਰਦਾ ਹੈ—ਵਿਡਿਓ-ਕੈਸਟ। ਉਸ ਸਾਲ ਦੇ ਅਕਤੂਬਰ ਵਿਚ, 55-ਮਿੰਟਾਂ ਦਾ ਵਿਡਿਓ ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ ਰਿਲੀਸ ਕੀਤਾ ਗਿਆ ਸੀ—ਵਾਚ ਟਾਵਰ ਸੋਸਾਇਟੀ ਦੁਆਰਾ ਬਣਾਇਆ ਗਿਆ ਸਭ ਤੋਂ ਪਹਿਲਾ ਵਿਡਿਓ। ਇਹ ਸੁੰਦਰ, ਸਿੱਖਿਆਦਾਇਕ ਪੇਸ਼ਕਾਰੀ, ਜੋ 35 ਭਾਸ਼ਾਵਾਂ ਵਿਚ ਉਪਲਬਧ ਹੈ, ਯਹੋਵਾਹ ਦੇ ਲਗਨ-ਭਰਪੂਰ ਲੋਕਾਂ ਦੇ ਵਿਸ਼ਵ-ਵਿਆਪੀ ਸੰਗਠਨ ਨੂੰ ਪੂਰੀ ਧਰਤੀ ਉੱਤੇ ਖ਼ੁਸ਼ ਖ਼ਬਰੀ ਸੁਣਾਉਣ ਸੰਬੰਧੀ ਯਿਸੂ ਦੇ ਹੁਕਮ ਨੂੰ ਪੂਰਿਆਂ ਕਰਦੇ ਹੋਏ ਦਿਖਾਉਂਦਾ ਹੈ। ਇਹ ਵਿਡਿਓ ਖ਼ਾਸ ਕਰਕੇ ਸਾਡੇ ਚੇਲੇ-ਬਣਾਉਣ ਦੇ ਕਾਰਜ ਵਿਚ ਮਦਦ ਦੇਣ ਲਈ ਬਣਾਇਆ ਗਿਆ ਹੈ। ਰਾਜ ਪ੍ਰਕਾਸ਼ਕਾਂ ਨੇ ਇਸ ਨਵੇਂ ਔਜ਼ਾਰ ਨੂੰ ਖੇਤਰ ਸੇਵਕਾਈ ਵਿਚ ਇਸਤੇਮਾਲ ਕਰਨ ਵਿਚ ਕੋਈ ਦੇਰੀ ਨਹੀਂ ਕੀਤੀ। ਕੁਝ ਇਸ ਨੂੰ ਆਪਣੇ ਨਾਲ ਬੈਗ ਵਿਚ ਲੈ ਜਾਂਦੇ ਸਨ, ਅਤੇ ਰੁਚੀ ਰੱਖਣ ਵਾਲੇ ਲੋਕਾਂ ਨੂੰ ਦਿਖਾਉਣ ਜਾਂ ਉਨ੍ਹਾਂ ਨੂੰ ਉਦਾਰ ਤੇ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਇਸ ਦੇ ਰਿਲੀਸ ਹੋਣ ਤੋਂ ਕੁਝ ਸਮੇਂ ਮਗਰੋਂ, ਇਕ ਸਫ਼ਰੀ ਨਿਗਾਹਬਾਨ ਨੇ ਲਿਖਿਆ: “ਵਿਡਿਓ ਤਾਂ ਲੱਖਾਂ ਲੋਕਾਂ ਦੇ ਮਨਾਂ ਅਤੇ ਦਿਲਾਂ ਤਕ ਪਹੁੰਚਣ ਦਾ 21ਵੀਂ-ਸਦੀ ਸਾਧਨ ਬਣ ਗਏ ਹਨ, ਇਸ ਲਈ ਸਾਡੀ ਉਮੀਦ ਹੈ ਕਿ ਸੋਸਾਇਟੀ ਵਿਸ਼ਵ-ਵਿਆਪੀ ਰਾਜ ਕਾਰਜ ਨੂੰ ਅੱਗੇ ਵਧਾਉਣ ਲਈ ਇਸ ਵਿਡਿਓ ਦੇ ਬਾਅਦ ਹੋਰ ਵੀ ਅਨੇਕ ਵਿਡਿਓ ਇਸਤੇਮਾਲ ਕਰੇਗੀ।” ਨਿਰਸੰਦੇਹ, ਹੋਰ ਵੀ ਵਿਡਿਓ ਮੁਹੱਈਆ ਕੀਤੇ ਗਏ ਹਨ, ਜਿਨ੍ਹਾਂ ਵਿਚ ਤਿੰਨ-ਭਾਗਾਂ ਵਾਲੀ ਲੜੀ ਬਾਈਬਲ—ਤੱਥ ਅਤੇ ਭਵਿੱਖਬਾਣੀ ਦੀ ਪੁਸਤਕ ਅਤੇ ਯਹੋਵਾਹ ਦੇ ਗਵਾਹ ਨਾਜ਼ੀ ਧਾਵੇ ਵਿਰੁੱਧ ਦ੍ਰਿੜ੍ਹ ਸ਼ਾਮਲ ਹਨ। ਜੇਕਰ ਸੋਸਾਇਟੀ ਦੇ ਵਿਡਿਓ ਤੁਹਾਡੀ ਭਾਸ਼ਾ ਵਿਚ ਉਪਲਬਧ ਹਨ, ਤਾਂ ਕੀ ਤੁਸੀਂ ਇਨ੍ਹਾਂ ਨੂੰ ਖੇਤਰ ਸੇਵਕਾਈ ਵਿਚ ਵਰਤਿਆ ਹੈ?a
13 ਹਾਲ ਹੀ ਵਿਚ ਇਕ ਨਵਾਂ ਔਜ਼ਾਰ, ਵੱਡੀ ਪੁਸਤਿਕਾ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?, ਨੂੰ ਸਾਡੇ ਚੇਲੇ-ਬਣਾਉਣ ਦੇ ਕਾਰਜ ਵਿਚ ਮਦਦ ਦੇਣ ਲਈ ਮੁਹੱਈਆ ਕੀਤਾ ਗਿਆ ਸੀ। ਇਹ ਕਿਉਂ ਪ੍ਰਕਾਸ਼ਿਤ ਕੀਤੀ ਗਈ ਸੀ? ਇਸ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ?
ਨਵੇਂ ਔਜ਼ਾਰ ਦੀ ਜਾਂਚ
14, 15. ਵੱਡੀ ਪੁਸਤਿਕਾ ਮੰਗ ਕਿਨ੍ਹਾਂ ਲਈ ਤਿਆਰ ਕੀਤੀ ਗਈ ਹੈ, ਅਤੇ ਇਸ ਵਿਚ ਕੀ ਹੈ?
14 ਨਵਾਂ ਪ੍ਰਕਾਸ਼ਨ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?, ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ ਜੋ ਪਹਿਲਾਂ ਤੋਂ ਹੀ ਪਰਮੇਸ਼ੁਰ ਵਿਚ ਵਿਸ਼ਵਾਸ ਕਰਦੇ ਅਤੇ ਬਾਈਬਲ ਦਾ ਆਦਰ ਕਰਦੇ ਹਨ। ਸਫ਼ਰੀ ਨਿਗਾਹਬਾਨ ਅਤੇ ਗਿਲੀਅਡ-ਸਿੱਖਿਅਤ ਮਿਸ਼ਨਰੀ ਜਿਨ੍ਹਾਂ ਨੂੰ ਵਿਕਾਸਸ਼ੀਲ ਦੇਸ਼ਾਂ ਵਿਚ ਕੰਮ ਕਰਨ ਦਾ ਕਈ ਸਾਲਾਂ ਦਾ ਅਨੁਭਵ ਹਾਸਲ ਹੈ, ਨੇ ਇਸ ਵੱਡੀ ਪੁਸਤਿਕਾ ਦੀ ਤਿਆਰੀ ਵਿਚ ਮਦਦ ਕੀਤੀ ਹੈ। ਇਸ ਵਿਚ ਇਕ ਸਰਬਪੱਖੀ ਅਧਿਐਨ ਕੋਰਸ ਸ਼ਾਮਲ ਹੈ, ਜੋ ਬਾਈਬਲ ਦੀਆਂ ਮੂਲ ਸਿੱਖਿਆਵਾਂ ਬਾਰੇ ਦੱਸਦਾ ਹੈ। ਇਸ ਦੀ ਬੋਲੀ ਹਾਰਦਿਕ, ਸਰਲ, ਅਤੇ ਸਿੱਧੀ ਹੈ। ਪਰੰਤੂ, ਮੂਲ-ਪਾਠ ਕਮਜ਼ੋਰ ਨਹੀਂ ਹੈ। ਇਹ ਪਰਮੇਸ਼ੁਰ ਦੇ ਬਚਨ ਵਿੱਚੋਂ ਨਾ ਕੇਵਲ “ਦੁੱਧ” ਪੇਸ਼ ਕਰਦੀ ਹੈ ਪਰੰਤੂ “ਅੰਨ” ਨੂੰ ਵੀ ਅਜਿਹੇ ਤਰੀਕੇ ਨਾਲ ਪੇਸ਼ ਕਰਦੀ ਹੈ ਕਿ ਅਧਿਕਤਰ ਲੋਕ ਇਸ ਨੂੰ ਸਮਝ ਸਕਣ।—ਇਬਰਾਨੀਆਂ 5:12-14.
15 ਹਾਲ ਹੀ ਦੇ ਸਾਲਾਂ ਵਿਚ ਕਈ ਦੇਸ਼ਾਂ ਦੇ ਰਾਜ ਪ੍ਰਕਾਸ਼ਕਾਂ ਨੇ ਅਜਿਹੇ ਹੀ ਇਕ ਪ੍ਰਕਾਸ਼ਨ ਦੀ ਮੰਗ ਕੀਤੀ ਹੈ। ਮਿਸਾਲ ਵਜੋਂ, ਪਾਪੂਆ ਨਿਊ ਗਿਨੀ ਵਿਚ ਵਾਚ ਟਾਵਰ ਸੋਸਾਇਟੀ ਦੀ ਸ਼ਾਖਾ ਨੇ ਲਿਖਿਆ: “ਲੋਕੀ ਵਿਰੋਧੀ ਧਾਰਮਿਕ ਸਿੱਖਿਆਵਾਂ ਕਾਰਨ ਭੰਬਲ-ਭੂਸਿਆਂ ਵਿਚ ਪਏ ਹੋਏ ਹਨ। ਉਨ੍ਹਾਂ ਨੂੰ ਸੱਚਾਈ ਦੇ ਸਪੱਸ਼ਟ ਕਥਨਾਂ ਦੀ ਲੋੜ ਹੈ, ਜਿਨ੍ਹਾਂ ਦੀ ਪੁਸ਼ਟੀ ਵਿਚ ਕੁਝ ਬਾਈਬਲ ਸ਼ਾਸਤਰਵਚਨ ਦਿੱਤੇ ਗਏ ਹੋਣ, ਜਿਨ੍ਹਾਂ ਨੂੰ ਉਹ ਆਪਣੀਆਂ ਬਾਈਬਲਾਂ ਵਿਚ ਪੜ੍ਹ ਕੇ ਦੇਖ ਸਕਣ। ਉਨ੍ਹਾਂ ਲਈ ਸਪੱਸ਼ਟ ਅਤੇ ਵਿਸ਼ਿਸ਼ਟ ਸ਼ਬਦਾਂ ਵਿਚ ਪੇਸ਼ ਕਰਨ ਦੀ ਲੋੜ ਹੈ ਕਿ ਪਰਮੇਸ਼ੁਰ ਸੱਚੇ ਮਸੀਹੀਆਂ ਤੋਂ ਕੀ ਮੰਗ ਕਰਦਾ ਹੈ ਅਤੇ ਕਿਹੜੇ ਰਿਵਾਜ ਅਤੇ ਅਭਿਆਸ ਉਸ ਨੂੰ ਨਾ-ਮਨਜ਼ੂਰ ਹਨ।” ਅਜਿਹਿਆਂ ਨੂੰ ਪਰਮੇਸ਼ੁਰ ਦੀਆਂ ਮੰਗਾਂ ਨੂੰ ਸਿੱਖਣ ਵਿਚ ਮਦਦ ਕਰਨ ਲਈ, ਵੱਡੀ ਪੁਸਤਿਕਾ ਮੰਗ ਸਾਡੀ ਲੋੜ ਪੂਰੀ ਕਰਦੀ ਹੈ।
16. (ੳ) ਨਵੀਂ ਵੱਡੀ ਪੁਸਤਿਕਾ ਵਿਚ ਦਿੱਤੀਆਂ ਗਈਆਂ ਸਰਲ ਵਿਆਖਿਆਵਾਂ ਤੋਂ ਖ਼ਾਸ ਕਰਕੇ ਕੌਣ ਲਾਭ ਉਠਾ ਸਕਦੇ ਹਨ? (ਅ) ਤੁਹਾਡੇ ਖੇਤਰ ਵਿਚ ਲੋਕੀ ਸ਼ਾਇਦ ਵੱਡੀ ਪੁਸਤਿਕਾ ਮੰਗ ਤੋਂ ਕਿਵੇਂ ਲਾਭ ਹਾਸਲ ਕਰਨਗੇ?
16 ਤੁਸੀਂ ਇਸ ਨਵੇਂ ਔਜ਼ਾਰ ਨੂੰ ਕਿਵੇਂ ਵਰਤ ਸਕਦੇ ਹੋ? ਪਹਿਲਾ, ਇਸ ਨੂੰ ਉਨ੍ਹਾਂ ਲੋਕਾਂ ਨਾਲ ਅਧਿਐਨ ਕਰਨ ਲਈ ਵਰਤਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਪੜ੍ਹਨ ਵਿਚ ਮੁਸ਼ਕਲ ਹੁੰਦੀ ਹੈ ਜਾਂ ਜਿਨ੍ਹਾਂ ਨੂੰ ਸ਼ਾਇਦ ਪੜ੍ਹਨ ਦਾ ਸ਼ੌਕ ਨਹੀਂ ਹੈ।b ਅਜਿਹੇ ਵਿਅਕਤੀ ਸ਼ਾਇਦ ਇਸ ਵੱਡੀ ਪੁਸਤਿਕਾ ਵਿਚ ਦਿੱਤੀਆਂ ਗਈਆਂ ਸਰਲ ਵਿਆਖਿਆਵਾਂ ਤੋਂ ਲਾਭ ਉਠਾਉਣ। ਇਸ ਪ੍ਰਕਾਸ਼ਨ ਦੀ ਇਕ ਅਗਾਊਂ ਕਾਪੀ ਦੀ ਸਮੀਖਿਆ ਕਰਨ ਮਗਰੋਂ, ਵਾਚ ਟਾਵਰ ਸ਼ਾਖਾਵਾਂ ਨੇ ਇਹ ਲਿਖਿਆ: “ਇਹ ਵੱਡੀ ਪੁਸਤਿਕਾ ਇਸ ਦੇਸ਼ ਦੇ ਅਨੇਕ ਭਾਗਾਂ ਵਿਚ ਬਹੁਤ ਹੀ ਲਾਹੇਵੰਦ ਹੋਵੇਗੀ ਜਿੱਥੇ ਲੋਕਾਂ ਨੂੰ ਜ਼ਿਆਦਾ ਪੜ੍ਹਨ ਦਾ ਸ਼ੌਕ ਨਹੀਂ ਹੈ।” (ਬ੍ਰਾਜ਼ੀਲ) “ਇੱਥੇ ਅਜਿਹੇ ਬਹੁਤ ਸਾਰੇ ਆਵਾਸੀ ਹਨ ਜਿਨ੍ਹਾਂ ਨੂੰ ਆਪਣੀ ਦੇਸੀ ਭਾਸ਼ਾ ਪੜ੍ਹਨੀ ਨਹੀਂ ਆਉਂਦੀ ਅਤੇ ਜਿਨ੍ਹਾਂ ਨੂੰ ਅਜੇ ਵੀ ਫਰਾਂਸੀਸੀ ਭਾਸ਼ਾ ਪੜ੍ਹਨ ਵਿਚ ਥੋੜ੍ਹੀ ਦਿੱਕਤ ਹੁੰਦੀ ਹੈ। ਇਹ ਵੱਡੀ ਪੁਸਤਿਕਾ ਅਜਿਹਿਆਂ ਨਾਲ ਅਧਿਐਨ ਕਰਨ ਦੇ ਸਾਧਨ ਵਜੋਂ ਵਰਤੀ ਜਾ ਸਕਦੀ ਹੈ।” (ਫਰਾਂਸ) ਕੀ ਤੁਸੀਂ ਆਪਣੇ ਖੇਤਰ ਵਿਚ ਕਿਸੇ ਬਾਰੇ ਸੋਚ ਸਕਦੇ ਹੋ, ਜੋ ਸ਼ਾਇਦ ਵੱਡੀ ਪੁਸਤਿਕਾ ਮੰਗ ਤੋਂ ਲਾਭ ਹਾਸਲ ਕਰਨਗੇ?
17. ਇਹ ਨਵੀਂ ਵੱਡੀ ਪੁਸਤਿਕਾ ਅਨੇਕ ਦੇਸ਼ਾਂ ਵਿਚ ਸ਼ਾਇਦ ਕਿਹੜੇ ਤਰੀਕੇ ਨਾਲ ਲਾਹੇਵੰਦ ਹੋਵੇਗੀ, ਅਤੇ ਕਿਉਂ?
17 ਦੂਜਾ, ਇਹ ਵੱਡੀ ਪੁਸਤਿਕਾ ਸ਼ਾਇਦ ਅਨੇਕ ਦੇਸ਼ਾਂ ਵਿਚ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਲੋਕਾਂ ਨਾਲ ਅਧਿਐਨ ਸ਼ੁਰੂ ਕਰਨ ਵਿਚ ਲਾਹੇਵੰਦ ਹੋਵੇ, ਭਾਵੇਂ ਉਹ ਕਿੰਨੇ ਹੀ ਪੜ੍ਹੇ-ਲਿਖੇ ਹੋਣ। ਨਿਰਸੰਦੇਹ, ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਵਿੱਚੋਂ ਅਧਿਐਨ ਸ਼ੁਰੂ ਕਰਨ ਦਾ ਜਤਨ ਕਰਨਾ ਚਾਹੀਦਾ ਹੈ। ਪਰੰਤੂ ਕੁਝ ਮਾਮਲਿਆਂ ਵਿਚ ਇਕ ਵੱਡੀ ਪੁਸਤਿਕਾ ਵਿੱਚੋਂ ਅਧਿਐਨ ਆਰੰਭ ਕਰਨਾ ਸ਼ਾਇਦ ਜ਼ਿਆਦਾ ਆਸਾਨ ਹੋਵੇ। ਫਿਰ ਕਿਸੇ ਉਪਯੁਕਤ ਸਮੇਂ ਤੇ, ਅਧਿਐਨ ਨੂੰ ਗਿਆਨ ਪੁਸਤਕ ਵਿਚ ਤਬਦੀਲ ਕਰ ਦੇਣਾ ਚਾਹੀਦਾ ਹੈ, ਜੋ ਸਾਡਾ ਪ੍ਰਮੁੱਖ ਅਤੇ ਤਰਜੀਹੀ ਅਧਿਐਨ ਸਹਾਇਕ ਸਾਧਨ ਹੈ। ਵੱਡੀ ਪੁਸਤਿਕਾ ਮੰਗ ਦੇ ਇਸ ਵਰਤੋਂ ਦੇ ਸੰਬੰਧ ਵਿਚ, ਵਾਚ ਟਾਵਰ ਦੀਆਂ ਸ਼ਾਖਾਵਾਂ ਨੇ ਲਿਖਿਆ: “ਬਾਈਬਲ ਅਧਿਐਨ ਸ਼ੁਰੂ ਕਰਨੇ ਔਖੇ ਹਨ, ਅਤੇ ਇੰਜ ਜਾਪਦਾ ਹੈ ਕਿ ਅਧਿਐਨ ਸ਼ੁਰੂ ਕਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਜੇਕਰ ਪ੍ਰਕਾਸ਼ਕ ਵੱਡੀ ਪੁਸਤਿਕਾ ਨਾਲ ਸ਼ੁਰੂ ਕਰਦੇ ਹਨ।” (ਜਰਮਨੀ) “ਇਸ ਪ੍ਰਕਾਰ ਦੀ ਵੱਡੀ ਪੁਸਤਿਕਾ ਨਵੇਂ ਬਾਈਬਲ ਅਧਿਐਨ ਸ਼ੁਰੂ ਕਰਨ ਵਿਚ ਅਤਿ ਪ੍ਰਭਾਵਕਾਰੀ ਹੋਵੇਗੀ, ਜਿਨ੍ਹਾਂ ਨੂੰ ਬਾਅਦ ਵਿਚ ਗਿਆਨ ਪੁਸਤਕ ਨਾਲ ਜਾਰੀ ਰੱਖਿਆ ਜਾ ਸਕਦਾ ਹੈ।” (ਇਟਲੀ) “ਹਾਲਾਂਕਿ ਜਪਾਨੀ ਲੋਕ ਬਹੁਤ ਪੜ੍ਹੇ-ਲਿਖੇ ਹਨ, ਅਧਿਕਤਰ ਨੂੰ ਬਾਈਬਲ ਅਤੇ ਇਸ ਦੀਆਂ ਮੂਲ ਸਿੱਖਿਆਵਾਂ ਬਾਰੇ ਬਹੁਤ ਘੱਟ ਗਿਆਨ ਹੁੰਦਾ ਹੈ। ਇਹ ਵੱਡੀ ਪੁਸਤਿਕਾ ਗਿਆਨ ਪੁਸਤਕ ਵਿਚ ਲੈ ਜਾਣ ਦਾ ਇਕ ਵਧੀਆ ਲਾਂਘੇ ਦਾ ਪੱਥਰ ਸਾਬਤ ਹੋਵੇਗੀ।”—ਜਪਾਨ।
18. ਪਰਮੇਸ਼ੁਰ ਦੀਆਂ ਮੰਗਾਂ ਉੱਤੇ ਪੂਰਾ ਉਤਰਨ ਬਾਰੇ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
18 ਪੂਰੇ ਸੰਸਥਾ ਵਿਚ ਸੰਸਾਰ ਦੀਆਂ ਸ਼ਾਖਾਵਾਂ ਨੇ ਇਸ ਵੱਡੀ ਪੁਸਤਿਕਾ ਲਈ ਬੇਨਤੀ ਕੀਤੀ, ਅਤੇ ਇਸ ਨੂੰ 221 ਭਾਸ਼ਾਵਾਂ ਵਿਚ ਅਨੁਵਾਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇੰਜ ਹੋਵੇ ਕਿ ਇਹ ਨਵਾਂ ਪ੍ਰਕਾਸ਼ਨ ਸਾਡੇ ਲਈ ਲਾਹੇਵੰਦ ਸਾਬਤ ਹੋਵੇ ਤਾਂ ਜੋ ਅਸੀਂ ਦੂਸਰਿਆਂ ਨੂੰ ਇਹ ਸਿੱਖਣ ਵਿਚ ਮਦਦ ਕਰ ਸਕੀਏ ਕਿ ਯਹੋਵਾਹ ਪਰਮੇਸ਼ੁਰ ਉਨ੍ਹਾਂ ਤੋਂ ਕੀ ਮੰਗ ਕਰਦਾ ਹੈ। ਆਪਣੀ ਤਰਫ਼ੋਂ, ਆਓ ਅਸੀਂ ਯਾਦ ਰੱਖੀਏ ਕਿ ਪਰਮੇਸ਼ੁਰ ਦੀਆਂ ਮੰਗਾਂ ਉੱਤੇ ਪੂਰਾ ਉਤਰਨਾ, ਜਿਸ ਵਿਚ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਹੁਕਮ ਵੀ ਸ਼ਾਮਲ ਹੈ, ਸਾਨੂੰ ਯਹੋਵਾਹ ਨੂੰ ਇਹ ਦਿਖਾਉਣ ਦਾ ਇਕ ਵਧੀਆ ਮੌਕਾ ਦਿੰਦਾ ਹੈ ਕਿ ਅਸੀਂ ਉਸ ਨਾਲ ਕਿੰਨਾ ਪ੍ਰੇਮ ਕਰਦੇ ਹਾਂ। ਜੀ ਹਾਂ, ਪਰਮੇਸ਼ੁਰ ਸਾਡੇ ਤੋਂ ਜੋ ਮੰਗ ਕਰਦਾ ਹੈ ਉਹ ਕੋਈ ਬੋਝ ਨਹੀਂ ਹੈ। ਇਹ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ!—ਜ਼ਬੂਰ 19:7-11.
[ਫੁਟਨੋਟ]
a ਪੁਸਤਕ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ ਕਹਿੰਦੀ ਹੈ: “ਵਿਡਿਓ-ਕੈਸਟ ਕਿਸੇ ਵੀ ਤਰੀਕੇ ਤੋਂ ਮੁਦ੍ਰਿਤ ਸਫ਼ੇ ਜਾਂ ਵਿਅਕਤੀਗਤ ਗਵਾਹੀ ਦੀ ਥਾਂ ਨਹੀਂ ਲੈ ਰਹੇ ਹਨ। ਸੋਸਾਇਟੀ ਦੇ ਪ੍ਰਕਾਸ਼ਨ ਅਜੇ ਵੀ ਖ਼ੁਸ਼ ਖ਼ਬਰੀ ਫੈਲਾਉਣ ਵਿਚ ਇਕ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਯਹੋਵਾਹ ਦੇ ਗਵਾਹਾਂ ਦੀ ਘਰ-ਘਰ ਦੀ ਸੇਵਕਾਈ ਹਾਲੇ ਵੀ ਉਨ੍ਹਾਂ ਦੀ ਸੇਵਕਾਈ ਦੀ ਇਕ ਵਿਸ਼ੇਸ਼ਤਾ ਹੈ, ਜਿਸ ਦਾ ਇਕ ਸ਼ਾਸਤਰ-ਸੰਬੰਧੀ ਠੋਸ ਆਧਾਰ ਹੈ। ਪਰੰਤੂ, ਹੁਣ ਇਨ੍ਹਾਂ ਦੇ ਨਾਲ-ਨਾਲ ਵਿਡਿਓ-ਕੈਸਟ ਵੀ ਯਹੋਵਾਹ ਦੇ ਬਹੁਮੁੱਲੇ ਵਾਅਦਿਆਂ ਵਿਚ ਨਿਹਚਾ ਵਿਕਸਿਤ ਕਰਨ ਅਤੇ ਯਹੋਵਾਹ ਸਾਡੇ ਦਿਨਾਂ ਵਿਚ ਧਰਤੀ ਉੱਤੇ ਜੋ ਕਰਵਾ ਰਿਹਾ ਹੈ, ਉਸ ਲਈ ਕਦਰ ਵਧਾਉਣ ਲਈ ਲਾਹੇਵੰਦ ਔਜ਼ਾਰ ਹਨ।”
b ਵੱਡੀ ਪੁਸਤਿਕਾ ਮੰਗ ਵਿੱਚੋਂ ਅਧਿਐਨ ਕਿਵੇਂ ਸੰਚਾਲਿਤ ਕਰਨਾ ਹੈ, ਇਸ ਬਾਰੇ ਵਿਆਖਿਆ ਲਈ ਸਫ਼ਾ 20-21 ਉੱਤੇ “ਪਰਮੇਸ਼ੁਰ ਦੀਆਂ ਮੰਗਾਂ ਨੂੰ ਸਿੱਖਣ ਵਿਚ ਲੋਕਾਂ ਦੀ ਮਦਦ ਕਰਨ ਲਈ ਇਕ ਨਵਾਂ ਔਜ਼ਾਰ” ਲੇਖ ਦੇਖੋ।
ਕੀ ਤੁਸੀਂ ਸਮਝਾ ਸਕਦੇ ਹੋ?
◻ ਯਹੋਵਾਹ ਆਪਣੇ ਸੇਵਕਾਂ ਤੋਂ ਕਿਹੜੇ ਦੂਹਰੇ ਕਾਰਜ ਵਿਚ ਹਿੱਸਾ ਲੈਣ ਦੀ ਮੰਗ ਕਰਦਾ ਹੈ?
◻ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਸਾਡਾ ਫ਼ਰਜ਼ ਸਾਡੇ ਲਈ ਇਕ ਬੋਝ ਕਿਉਂ ਨਹੀਂ ਹੈ?
◻ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਸਾਡੇ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕਾਰਜ ਵਿਚ ਵਰਤੋਂ ਲਈ ਕਿਹੜੇ ਔਜ਼ਾਰ ਮੁਹੱਈਆ ਕੀਤੇ ਹਨ?
◻ ਵੱਡੀ ਪੁਸਤਿਕਾ ਮੰਗ ਕਿਨ੍ਹਾਂ ਲਈ ਤਿਆਰ ਕੀਤੀ ਗਈ ਹੈ, ਅਤੇ ਅਸੀਂ ਇਸ ਨੂੰ ਆਪਣੀ ਸੇਵਕਾਈ ਵਿਚ ਕਿਵੇਂ ਵਰਤ ਸਕਦੇ ਹਾਂ?
[ਸਫ਼ੇ 28 ਉੱਤੇ ਤਸਵੀਰ]
ਸਾਡਾ ਪ੍ਰਚਾਰ ਕਰਨ ਅਤੇ ਚੇਲੇ-ਬਣਾਉਣ ਦਾ ਕਾਰਜ ਕੋਈ ਬੋਝ ਨਹੀਂ ਹੈ
[ਸਫ਼ੇ 30 ਉੱਤੇ ਤਸਵੀਰਾਂ]
“ਪਰਮੇਸ਼ੁਰ ਸੱਚਾ ਠਹਿਰੇ” (1946, 1952 ਵਿਚ ਸੋਧਿਆ): 54 ਭਾਸ਼ਾਵਾਂ ਵਿਚ 1,92,50,000 (ਅੰਗ੍ਰੇਜ਼ੀ ਦਿਖਾਈ ਗਈ)
“ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ” (1968): 117 ਭਾਸ਼ਾਵਾਂ ਵਿਚ 10,70,00,000 (ਫਰਾਂਸੀਸੀ ਦਿਖਾਈ ਗਈ)
“ਤੁਸੀਂ ਸਦਾ ਦੇ ਲਈ ਧਰਤੀ ਉਤੇ ਪਰਾਦੀਸ ਵਿਚ ਜੀਉਦੇ ਰਹਿ ਸਕਦੇ ਹੋ” (1982): 130 ਭਾਸ਼ਾਵਾਂ ਵਿਚ 8,09,00,000 (ਰੂਸੀ ਦਿਖਾਈ ਗਈ)
“ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ” (1995): 125 ਭਾਸ਼ਾਵਾਂ ਵਿਚ 4,55,00,000 (ਜਰਮਨ ਦਿਖਾਈ ਗਈ)