-
“ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ”ਪਹਿਰਾਬੁਰਜ (ਪਬਲਿਕ)—2017 | ਨੰ. 1
-
-
ਹਨੋਕ ਨੇ “ਇਨ੍ਹਾਂ ਬਾਰੇ ਭਵਿੱਖਬਾਣੀ” ਕੀਤੀ
ਰੱਬ ਨੂੰ ਨਾ ਮੰਨਣ ਵਾਲੀ ਦੁਨੀਆਂ ਵਿਚ ਧਰਮੀ ਹਨੋਕ ਸ਼ਾਇਦ ਇਕੱਲਾ ਮਹਿਸੂਸ ਕਰਦਾ ਹੋਣਾ। ਪਰ ਕੀ ਉਸ ਦੇ ਰੱਬ ਯਹੋਵਾਹ ਨੇ ਉਸ ਵੱਲ ਧਿਆਨ ਦਿੱਤਾ? ਬਿਲਕੁਲ। ਉਹ ਦਿਨ ਆਇਆ ਜਦੋਂ ਯਹੋਵਾਹ ਨੇ ਆਪਣੇ ਇਸ ਵਫ਼ਾਦਾਰ ਭਗਤ ਨਾਲ ਗੱਲ ਕੀਤੀ। ਰੱਬ ਨੇ ਹਨੋਕ ਨੂੰ ਕਿਹਾ ਕਿ ਉਹ ਉਸ ਦਾ ਸੰਦੇਸ਼ ਆਪਣੇ ਜ਼ਮਾਨੇ ਦੇ ਲੋਕਾਂ ਨੂੰ ਦੇਵੇ। ਇਸ ਤਰ੍ਹਾਂ ਰੱਬ ਨੇ ਹਨੋਕ ਨੂੰ ਪਹਿਲਾ ਨਬੀ ਬਣਾਇਆ ਜਿਸ ਦੇ ਸੰਦੇਸ਼ ਨੂੰ ਬਾਈਬਲ ਵਿਚ ਦਰਜ ਕੀਤਾ ਗਿਆ ਹੈ। ਇਹ ਗੱਲ ਅਸੀਂ ਇਸ ਲਈ ਜਾਣਦੇ ਹਾਂ ਕਿਉਂਕਿ ਕਈ ਸਦੀਆਂ ਬਾਅਦ ਰੱਬ ਨੇ ਯਿਸੂ ਦੇ ਭਰਾ ਯਹੂਦਾਹ ਨੂੰ ਹਨੋਕ ਦੇ ਇਸ ਸੰਦੇਸ਼ ਨੂੰ ਲਿਖਣ ਲਈ ਪ੍ਰੇਰਿਤ ਕੀਤਾ।a
ਹਨੋਕ ਨੇ ਕਿਹੜੀ ਭਵਿੱਖਬਾਣੀ ਕੀਤੀ ਸੀ? ਇਹ ਕੀਤੀ ਸੀ: “ਦੇਖੋ! ਯਹੋਵਾਹ ਆਪਣੇ ਲੱਖਾਂ ਦੂਤਾਂ ਨਾਲ ਆਇਆ ਤਾਂਕਿ ਸਾਰਿਆਂ ਨੂੰ ਸਜ਼ਾ ਦੇਵੇ, ਅਤੇ ਸਾਰੇ ਦੁਸ਼ਟ ਲੋਕਾਂ ਨੂੰ ਦੋਸ਼ੀ ਠਹਿਰਾਵੇ ਜਿਨ੍ਹਾਂ ਨੇ ਦੁਸ਼ਟ ਤਰੀਕੇ ਨਾਲ ਦੁਸ਼ਟ ਕੰਮ ਕੀਤੇ ਹਨ ਅਤੇ ਉਨ੍ਹਾਂ ਦੁਸ਼ਟ ਪਾਪੀਆਂ ਨੂੰ ਵੀ ਜਿਨ੍ਹਾਂ ਨੇ ਪਰਮੇਸ਼ੁਰ ਦੇ ਖ਼ਿਲਾਫ਼ ਘਟੀਆ ਗੱਲਾਂ ਕਹੀਆਂ ਹਨ।” (ਯਹੂਦਾਹ 14, 15) ਹਨੋਕ ਨੂੰ ਪੂਰਾ ਯਕੀਨ ਸੀ ਕਿ ਇਹ ਭਵਿੱਖਬਾਣੀ ਜ਼ਰੂਰ ਪੂਰੀ ਹੋਵੇਗੀ। ਇਸ ਲਈ ਉਸ ਨੇ ਇੱਦਾਂ ਗੱਲਾਂ ਦੱਸੀਆਂ ਜਿੱਦਾਂ ਕਿ ਰੱਬ ਨੇ ਪਹਿਲਾਂ ਹੀ ਇਹ ਪੂਰੀਆਂ ਕਰ ਦਿੱਤੀਆਂ ਹੋਣ। ਮੁੱਖ ਗੱਲ ਇਹ ਹੈ: ਹਨੋਕ ਪੂਰੇ ਭਰੋਸੇ ਨਾਲ ਜੋ ਕੁਝ ਦੱਸ ਰਿਹਾ ਸੀ, ਉਸ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਪਹਿਲਾਂ ਹੀ ਹੋ ਚੁੱਕਾ ਸੀ।—ਯਸਾਯਾਹ 46:10.
ਹਨੋਕ ਨੇ ਨਿਡਰਤਾ ਨਾਲ ਦੁਸ਼ਟ ਦੁਨੀਆਂ ਨੂੰ ਰੱਬ ਦਾ ਸੰਦੇਸ਼ ਸੁਣਾਇਆ
ਹਨੋਕ ਨੂੰ ਕਿਵੇਂ ਲੱਗਦਾ ਹੋਣਾ ਜਦੋਂ ਉਸ ਨੇ ਲੋਕਾਂ ਨੂੰ ਇਹ ਭਵਿੱਖਬਾਣੀ ਸੁਣਾਈ ਜਾਂ ਇਸ ਦਾ ਪ੍ਰਚਾਰ ਕੀਤਾ? ਧਿਆਨ ਦਿਓ ਕਿ ਇਹ ਚੇਤਾਵਨੀ ਕਿੰਨੀ ਜ਼ਬਰਦਸਤ ਸੀ। ਲੋਕਾਂ, ਉਨ੍ਹਾਂ ਦੇ ਬੁਰੇ ਕੰਮਾਂ ਅਤੇ ਜਿਸ ਤਰੀਕੇ ਨਾਲ ਉਹ ਬੁਰੇ ਕੰਮ ਕਰ ਰਹੇ ਸਨ, ਉਸ ਦੀ ਨਿੰਦਿਆ ਕਰਨ ਲਈ ਇਸ ਚੇਤਾਵਨੀ ਵਿਚ ਚਾਰ ਵਾਰ “ਦੁਸ਼ਟ” ਸ਼ਬਦ ਵਰਤਿਆ ਗਿਆ। ਇਸ ਲਈ ਇਹ ਭਵਿੱਖਬਾਣੀ ਉਦੋਂ ਦੇ ਸਾਰੇ ਇਨਸਾਨਾਂ ਲਈ ਚੇਤਾਵਨੀ ਸੀ ਕਿਉਂਕਿ ਅਦਨ ਦੇ ਬਾਗ਼ ਵਿੱਚੋਂ ਆਦਮ-ਹੱਵਾਹ ਨੂੰ ਕੱਢੇ ਜਾਣ ਤੋਂ ਬਾਅਦ ਦੁਨੀਆਂ ਬਹੁਤ ਵਿਗੜ ਚੁੱਕੀ ਸੀ। ਉਸ ਦੁਨੀਆਂ ਦਾ ਅੰਤ ਬਹੁਤ ਮਾੜਾ ਹੋਣਾ ਸੀ ਜਦੋਂ ਯਹੋਵਾਹ ਨੇ ਆਪਣੇ “ਲੱਖਾਂ ਦੂਤਾਂ” ਸਣੇ ਆ ਕੇ ਉਨ੍ਹਾਂ ਦਾ ਨਾਸ਼ ਕਰਨਾ ਸੀ। ਹਨੋਕ ਨੇ ਨਿਡਰਤਾ ਨਾਲ ਪਰਮੇਸ਼ੁਰ ਤੋਂ ਮਿਲੀ ਚੇਤਾਵਨੀ ਲੋਕਾਂ ਨੂੰ ਸੁਣਾਈ ਤੇ ਇਹ ਕੰਮ ਉਸ ਨੇ ਇਕੱਲੇ ਨੇ ਕੀਤਾ! ਸ਼ਾਇਦ ਲਾਮਕ ਨੇ ਛੋਟੇ ਹੁੰਦਿਆਂ ਆਪਣੇ ਦਾਦੇ ਦੀ ਇਸ ਦਲੇਰੀ ਨੂੰ ਦੇਖਿਆ ਹੋਣਾ। ਜੇ ਇਸ ਤਰ੍ਹਾਂ ਸੀ, ਤਾਂ ਅਸੀਂ ਸਮਝ ਸਕਦੇ ਹਾਂ ਕਿਉਂ।
ਹਨੋਕ ਦੀ ਨਿਹਚਾ ਤੋਂ ਸਾਨੂੰ ਸ਼ਾਇਦ ਇਹ ਦੇਖਣ ਦੀ ਹੱਲਾਸ਼ੇਰੀ ਮਿਲੇ ਕਿ ਇਸ ਦੁਨੀਆਂ ਨੂੰ ਅਸੀਂ ਰੱਬ ਦੀ ਨਜ਼ਰ ਤੋਂ ਦੇਖਦੇ ਹਾਂ ਜਾਂ ਨਹੀਂ। ਹਨੋਕ ਨੇ ਦਲੇਰੀ ਨਾਲ ਜੋ ਸਜ਼ਾ ਸੁਣਾਈ ਸੀ, ਉਹ ਇਸ ਦੁਨੀਆਂ ਨੂੰ ਵੀ ਮਿਲੇਗੀ ਜਿਵੇਂ ਉਸ ਜ਼ਮਾਨੇ ਦੀ ਦੁਨੀਆਂ ਨੂੰ ਮਿਲੀ ਸੀ। ਹਨੋਕ ਵੱਲੋਂ ਦਿੱਤੀ ਚੇਤਾਵਨੀ ਅਨੁਸਾਰ ਯਹੋਵਾਹ ਨੇ ਨੂਹ ਦੇ ਜ਼ਮਾਨੇ ਵਿਚ ਦੁਸ਼ਟ ਲੋਕਾਂ ʼਤੇ ਜਲ-ਪਰਲੋ ਲਿਆਂਦੀ। ਪਰ ਇਹ ਤਬਾਹੀ ਆਉਣ ਵਾਲੀ ਵੱਡੀ ਤਬਾਹੀ ਦਾ ਨਮੂਨਾ ਸੀ। (ਮੱਤੀ 24:38, 39; 2 ਪਤਰਸ 2:4-6) ਅੱਜ ਯਹੋਵਾਹ ਆਪਣੇ ਲੱਖਾਂ ਦੂਤਾਂ ਨਾਲ ਦੁਸ਼ਟ ਲੋਕਾਂ ਉੱਤੇ ਤਬਾਹੀ ਲਿਆਉਣ ਲਈ ਮੋਰਚਾ ਬੰਨ੍ਹੀ ਖੜ੍ਹਾ ਹੈ। ਸਾਡੇ ਵਿੱਚੋਂ ਹਰ ਇਕ ਨੂੰ ਹਨੋਕ ਦੀ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਤੇ ਇਸ ਬਾਰੇ ਦੂਸਰਿਆਂ ਨੂੰ ਵੀ ਦੱਸਣਾ ਚਾਹੀਦਾ ਹੈ। ਸ਼ਾਇਦ ਸਾਡਾ ਪਰਿਵਾਰ ਅਤੇ ਦੋਸਤ ਸਾਡੇ ਨਾਲੋਂ ਨਾਤਾ ਤੋੜ ਲੈਣ। ਇਸ ਲਈ ਸ਼ਾਇਦ ਅਸੀਂ ਕਦੇ-ਕਦੇ ਇਕੱਲੇ ਮਹਿਸੂਸ ਕਰੀਏ। ਪਰ ਯਹੋਵਾਹ ਨੇ ਹਨੋਕ ਨੂੰ ਕਦੇ ਵੀ ਨਹੀਂ ਛੱਡਿਆ ਤੇ ਨਾ ਹੀ ਉਹ ਅੱਜ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਦੇ ਛੱਡੇਗਾ!
-
-
“ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ”ਪਹਿਰਾਬੁਰਜ (ਪਬਲਿਕ)—2017 | ਨੰ. 1
-
-
a ਬਾਈਬਲ ਦੇ ਕੁਝ ਵਿਦਵਾਨ ਦਾਅਵਾ ਕਰਦੇ ਹਨ ਕਿ ਯਹੂਦਾਹ ਨੇ ਇਹ ਗੱਲ ਕਿਸੇ ਝੂਠੀ ਕਿਤਾਬ ਤੋਂ ਲਈ ਸੀ ਜਿਸ ਨੂੰ ਹਨੋਕ ਦੀ ਕਿਤਾਬ ਕਿਹਾ ਜਾਂਦਾ ਸੀ। ਪਰ ਇਹ ਕਿਤਾਬ ਕਿਸੇ ਦੇ ਮਨ ਦੀ ਕਲਪਨਾ ਸੀ ਜਿਸ ਨੂੰ ਐਵੇਂ ਹਨੋਕ ਦੀ ਕਿਤਾਬ ਕਹਿ ਦਿੱਤਾ ਗਿਆ। ਇਸ ਕਿਤਾਬ ਵਿਚ ਹਨੋਕ ਦੀ ਭਵਿੱਖਬਾਣੀ ਦਾ ਸਹੀ-ਸਹੀ ਜ਼ਿਕਰ ਕੀਤਾ ਗਿਆ ਹੈ, ਪਰ ਇਹ ਭਵਿੱਖਬਾਣੀ ਉਨ੍ਹਾਂ ਨੇ ਕਿਸੇ ਪੁਰਾਣੇ ਸ੍ਰੋਤ ਤੋਂ ਲਈ ਹੋਣੀ ਜੋ ਹੁਣ ਸਾਡੇ ਕੋਲ ਨਹੀਂ ਹੈ। ਇਹ ਸ੍ਰੋਤ ਕੋਈ ਲਿਖਤੀ ਦਸਤਾਵੇਜ਼ ਜਾਂ ਜ਼ਬਾਨੀ ਰੀਤੀ-ਰਿਵਾਜਾਂ ਦੀ ਲਿਖਤ ਹੋ ਸਕਦੀ ਹੈ। ਯਹੂਦਾਹ ਨੇ ਵੀ ਸ਼ਾਇਦ ਇਹੀ ਸ੍ਰੋਤ ਵਰਤਿਆ ਹੋਵੇ ਜਾਂ ਉਸ ਨੂੰ ਹਨੋਕ ਬਾਰੇ ਯਿਸੂ ਤੋਂ ਪਤਾ ਲੱਗਿਆ ਹੋਣਾ ਜਿਸ ਨੇ ਸਵਰਗ ਤੋਂ ਹਨੋਕ ਦੇ ਜੀਵਨ-ਢੰਗ ਨੂੰ ਦੇਖਿਆ ਸੀ।
-