ਆਪਣੇ ਚੰਗੇ ਨਾਂ ਨੂੰ ਖ਼ਰਾਬ ਨਾ ਹੋਣ ਦਿਓ
ਇਕ ਬਹੁਤ ਸੋਹਣੀ ਤਸਵੀਰ ਨੂੰ ਧਿਆਨਪੂਰਵਕ ਜਾਂਚਣ ਦੁਆਰਾ ਬਹੁਤ ਲਾਭ ਹੋ ਸਕਦਾ ਹੈ। ਧਿਆਨ ਨਾਲ ਦੇਖਣ ਤੇ, ਇਕ ਵਿਅਕਤੀ ਦੇਖ ਸਕਦਾ ਹੈ ਕਿ ਇਕ ਚਿੱਤਰਕਾਰ ਨੇ ਕੈਨਵਸ ਉੱਤੇ ਵੱਖਰੇ-ਵੱਖਰੇ ਰੰਗ ਭਰਨ ਲਈ ਬਹੁਤ ਵਾਰ ਬੁਰਸ਼ ਫੇਰਿਆ ਹੈ।
ਇਸੇ ਤਰ੍ਹਾਂ, ਇਕ ਚੰਗਾ ਨਾਂ ਕਮਾਇਆ ਜਾ ਸਕਦਾ ਹੈ, ਮਾਨੋ ਇੱਕੋ ਵਾਰ ਬੁਰਸ਼ ਮਾਰ ਕੇ ਨਹੀਂ ਬਲਕਿ ਬਹੁਤ ਸਾਲਾਂ ਤੋਂ ਕੀਤੇ ਗਏ ਛੋਟੇ-ਛੋਟੇ ਕੰਮਾਂ ਦੁਆਰਾ। ਜੀ ਹਾਂ, ਜਿਹੜੇ ਛੋਟੇ-ਛੋਟੇ ਕੰਮ ਅਸੀਂ ਕਰਦੇ ਹਾਂ ਉਨ੍ਹਾਂ ਦੁਆਰਾ ਹੀ ਸਾਡੀ ਇੱਜ਼ਤ ਬਣਦੀ ਹੈ।
ਦੂਜੇ ਪਾਸੇ, ਇਕ ਵਾਰ ਗ਼ਲਤ ਤਰੀਕੇ ਨਾਲ ਬੁਰਸ਼ ਮਾਰਨ ਨਾਲ ਤਸਵੀਰ ਖ਼ਰਾਬ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਸਾਡੇ ਨਾਂ ਨਾਲ ਵੀ ਹੋ ਸਕਦਾ ਹੈ। ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਆਦਮੀ ਦੀ ਮੂਰਖਤਾਈ ਉਹ ਨੂੰ ਗੁਮਰਾਹ ਕਰ ਦਿੰਦੀ ਹੈ।” ਥੋੜ੍ਹੀ ਜਿਹੀ ਮੂਰਖਤਾਈ—ਹੋ ਸਕਦਾ ਹੈ ਕਿ ਇਕ ਦਮ ਗੁੱਸੇ ਨਾਲ ਭੜਕਣਾ, ਬਹੁਤ ਸ਼ਰਾਬ ਪੀਣੀ ਜਾਂ ਇਕ ਅਨੈਤਿਕ ਕੰਮ—ਇੱਜ਼ਤ ਨੂੰ ਮਿੱਟੀ ਵਿਚ ਮਿਲਾਉਣ ਲਈ ਕਾਫ਼ੀ ਹੁੰਦੀ ਹੈ। (ਕਹਾਉਤਾਂ 6:32; 14:17; 20:1) ਇਸ ਲਈ, ਕਿੰਨਾ ਜ਼ਰੂਰੀ ਹੈ ਕਿ ਅਸੀਂ ਇਕ ਚੰਗਾ ਨਾਂ ਖੱਟਣ ਲਈ ਸਖ਼ਤ ਕੋਸ਼ਿਸ਼ ਕਰੀਏ ਅਤੇ ਇਸ ਨੂੰ ਬਚਾਈ ਰੱਖਣ ਲਈ ਜੋਸ਼ ਨਾਲ ਕੰਮ ਕਰੀਏ।—ਪਰਕਾਸ਼ ਦੀ ਪੋਥੀ 3:5 ਦੀ ਤੁਲਨਾ ਕਰੋ।