ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਇਕ ਮਹੱਤਵਪੂਰਣ ਦਿਨ ਦੀ ਸ਼ੁਰੂਆਤ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 105

      ਇਕ ਮਹੱਤਵਪੂਰਣ ਦਿਨ ਦੀ ਸ਼ੁਰੂਆਤ

      ਜਦੋਂ ਯਿਸੂ ਸੋਮਵਾਰ ਸ਼ਾਮ ਨੂੰ ਯਰੂਸ਼ਲਮ ਤੋਂ ਨਿਕਲਦਾ ਹੈ, ਤਾਂ ਉਹ ਜ਼ੈਤੂਨ ਦੇ ਪਹਾੜ ਦੀ ਪੂਰਬੀ ਢਲਾਣ ਤੇ ਸਥਿਤ ਬੈਤਅਨੀਆ ਨੂੰ ਮੁੜ ਆਉਂਦਾ ਹੈ। ਯਰੂਸ਼ਲਮ ਵਿਚ ਉਸ ਦੀ ਅੰਤਿਮ ਸੇਵਕਾਈ ਦੇ ਦੋ ਦਿਨ ਸਮਾਪਤ ਹੋ ਗਏ ਹਨ। ਨਿਰਸੰਦੇਹ, ਯਿਸੂ ਫਿਰ ਆਪਣੇ ਮਿੱਤਰ ਲਾਜ਼ਰ ਨਾਲ ਰਾਤ ਬਿਤਾਉਂਦਾ ਹੈ। ਸ਼ੁੱਕਰਵਾਰ ਨੂੰ ਯਰੀਹੋ ਤੋਂ ਆਉਣ ਤੋਂ ਬਾਅਦ, ਇਹ ਚੌਥੀ ਰਾਤ ਹੈ ਜਿਹੜੀ ਉਸ ਨੇ ਬੈਤਅਨੀਆ ਵਿਚ ਬਿਤਾਈ ਹੈ।

      ਹੁਣ, ਨੀਸਾਨ 11 ਨੂੰ, ਮੰਗਲਵਾਰ ਤੜਕੇ ਹੀ, ਉਹ ਅਤੇ ਉਸ ਦੇ ਚੇਲੇ ਫਿਰ ਰਾਹ ਤੇ ਤੁਰ ਪੈਂਦੇ ਹਨ। ਇਹ ਯਿਸੂ ਦੀ ਸੇਵਕਾਈ ਦਾ ਇਕ ਮਹੱਤਵਪੂਰਣ ਦਿਨ, ਅਤੇ ਹੁਣ ਤਕ ਸਭ ਤੋਂ ਵਿਅਸਤ ਦਿਨ ਸਾਬਤ ਹੁੰਦਾ ਹੈ। ਹੈਕਲ ਵਿਚ ਉਸ ਦੇ ਦਿਖਾਈ ਦੇਣ ਦਾ ਇਹ ਆਖ਼ਰੀ ਦਿਨ ਹੈ। ਅਤੇ ਇਹ ਉਸ ਦੇ ਮੁਕੱਦਮੇ ਅਤੇ ਮੌਤ ਤੋਂ ਪਹਿਲਾਂ ਉਸ ਦੀ ਜਨਤਕ ਸੇਵਕਾਈ ਦਾ ਆਖ਼ਰੀ ਦਿਨ ਹੈ।

      ਯਿਸੂ ਅਤੇ ਉਸ ਦੇ ਚੇਲੇ ਜ਼ੈਤੂਨ ਦੇ ਪਹਾੜ ਉੱਪਰੋਂ ਯਰੂਸ਼ਲਮ ਨੂੰ ਜਾਣ ਵਾਲਾ ਉਹੀ ਰਾਹ ਲੈਂਦੇ ਹਨ। ਬੈਤਅਨੀਆ ਤੋਂ ਆਉਣ ਵਾਲੇ ਉਸ ਰਾਹ ਦੇ ਕੰਢੇ, ਪਤਰਸ ਉਸ ਦਰਖ਼ਤ ਵੱਲ ਧਿਆਨ ਕਰਦਾ ਹੈ ਜਿਸ ਨੂੰ ਯਿਸੂ ਨੇ ਪਿਛਲੀ ਸਵੇਰ ਸਰਾਪ ਦਿੱਤਾ ਸੀ। ਉਹ ਬੋਲ ਉਠਦਾ ਹੈ, “ਸੁਆਮੀ ਜੀ ਵੇਖ, ਇਹ ਹੰਜੀਰ ਦਾ ਬਿਰਛ ਜਿਹ ਨੂੰ ਤੈਂ ਸਰਾਪ ਦਿੱਤਾ ਸੀ ਸੁੱਕ ਗਿਆ ਹੈ!”

      ਪਰੰਤੂ ਯਿਸੂ ਨੇ ਦਰਖ਼ਤ ਨੂੰ ਨਸ਼ਟ ਕਿਉਂ ਕੀਤਾ? ਉਹ ਇਸ ਦਾ ਕਾਰਨ ਸੰਕੇਤ ਕਰਦਾ ਹੈ ਜਦੋਂ ਉਹ ਅੱਗੇ ਕਹਿੰਦਾ ਹੈ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਹਾਨੂੰ ਨਿਹਚਾ ਹੋਵੇ ਅਤੇ ਤੁਸੀਂ ਭਰਮ ਨਾ ਕਰੋ ਤਾਂ ਤੁਸੀਂ ਨਿਰਾ ਇਹੋ ਨਹੀਂ ਕਰੋਗੇ ਜੋ ਹੰਜੀਰ ਦੇ ਬਿਰਛ ਨਾਲ ਹੋਇਆ ਸਗੋਂ ਜੇ ਤੁਸੀਂ ਇਸ ਪਹਾੜ [ਜ਼ੈਤੂਨ ਦਾ ਪਹਾੜ ਜਿਸ ਉੱਤੇ ਉਹ ਖੜ੍ਹੇ ਹਨ] ਨੂੰ ਕਹੋ ਜੋ ਉੱਠ ਅਰ ਸਮੁੰਦਰ ਵਿੱਚ ਜਾ ਪੈ ਤਾਂ ਅਜਿਹਾ ਹੋ ਜਾਵੇਗਾ। ਅਤੇ ਸਭ ਕੁਝ ਜੋ ਤੁਸੀਂ ਨਿਹਚਾ ਨਾਲ ਪ੍ਰਾਰ­ਥਨਾ ਕਰ ਕੇ ਮੰਗੋ ਸੋ ਪਾਓਗੇ।”

      ਇਸ ਲਈ ਦਰਖ਼ਤ ਨੂੰ ਸੁਕਾਉਣ ਦੇ ਦੁਆਰਾ, ਯਿਸੂ ਆਪਣੇ ਚੇਲਿਆਂ ਲਈ ਪਰਮੇਸ਼ੁਰ ਵਿਚ ਨਿਹਚਾ ਰੱਖਣ ਦੀ ਉਨ੍ਹਾਂ ਦੀ ਲੋੜ ਉੱਤੇ ਇਕ ਸਿੱਖਿਆਦਾਇਕ ਉਦਾਹਰਣ ਪੇਸ਼ ਕਰ ਰਿਹਾ ਹੈ। ਜਿਵੇਂ ਕਿ ਉਹ ਬਿਆਨ ਕਰਦਾ ਹੈ: “ਜੋ ਕੁਝ ਤੁਸੀਂ ਪ੍ਰਾਰਥਨਾ ਕਰ ਕੇ ਮੰਗੋ ਪਰਤੀਤ ਕਰੋ ਜੋ ਸਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ।” ਖ਼ਾਸ ਕਰ ਕੇ ਜਲਦੀ ਆਉਣ ਵਾਲੇ ਭਿਆਨਕ ਪਰਤਾਵਿਆਂ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਉਨ੍ਹਾਂ ਦੇ ਲਈ ਕਿੰਨਾ ਹੀ ਮਹੱਤਵਪੂਰਣ ਇਕ ਸਬਕ ਹੈ! ਫਿਰ ਵੀ, ਹੰਜੀਰ ਦੇ ਦਰਖ਼ਤ ਦੇ ਸੁੱਕਣ ਅਤੇ ਨਿਹਚਾ ਦੇ ਗੁਣ ਵਿਚ ਇਕ ਹੋਰ ਸੰਬੰਧ ਹੈ।

      ਇਸ ਹੰਜੀਰ ਦੇ ਦਰਖ਼ਤ ਵਾਂਗ, ਇਸਰਾਏਲ ਕੌਮ ਦੀ ਇਕ ਧੋਖੇ ਭਰੀ ਦਿੱਖ ਹੈ। ਭਾਵੇਂ ਕਿ ਇਹ ਕੌਮ ਪਰਮੇਸ਼ੁਰ ਦੇ ਨਾਲ ਇਕ ਨੇਮ-ਬੱਧ ਸੰਬੰਧ ਵਿਚ ਹੈ ਅਤੇ ਸ਼ਾਇਦ ਬਾਹਰੀ ਤੌਰ ਤੇ ਉਸ ਦੇ ਨਿਯਮਾਂ ਨੂੰ ਮੰਨਦੀ ਹੋਈ ਪ੍ਰਗਟ ਹੋਵੇ, ਇਹ ਚੰਗੇ ਫਲ ਉਤਪੰਨ ਕਰਨ ਤੋਂ ਬਾਂਝ, ਬਿਨਾਂ ਨਿਹਚਾ ਦੇ ਸਾਬਤ ਹੋਈ ਹੈ। ਨਿਹਚਾ ਦੀ ਘਾਟ ਦੇ ਕਾਰਨ, ਇਹ ਪਰਮੇਸ਼ੁਰ ਦੇ ਆਪਣੇ ਪੁੱਤਰ ਨੂੰ ਵੀ ਰੱਦ ਕਰਨ ਦੀ ਪ੍ਰਕ੍ਰਿਆ ਵਿਚ ਹੈ! ਇਸ ਲਈ, ਹੰਜੀਰ ਦੇ ਅਣ-ਉਪਜਾਊ ਦਰਖ਼ਤ ਨੂੰ ਸੁਕਾਉਣ ਦੇ ਦੁਆਰਾ, ਯਿਸੂ ਸਪੱਸ਼ਟ ਰੂਪ ਵਿਚ ਦਿਖਾ ਰਿਹਾ ਹੈ ਕਿ ਇਸ ਅਫਲ, ਅਵਿਸ਼ਵਾਸੀ ਕੌਮ ਦਾ ਅੰਤਿਮ ਨਤੀਜਾ ਕੀ ਹੋਵੇਗਾ।

      ਥੋੜ੍ਹੀ ਦੇਰ ਬਾਅਦ, ਯਿਸੂ ਅਤੇ ਉਸ ਦੇ ਚੇਲੇ ਯਰੂਸ਼ਲਮ ਵਿਚ ਪ੍ਰਵੇਸ਼ ਕਰਦੇ ਹਨ, ਅਤੇ ਆਪਣੇ ਦਸਤੂਰ ਅਨੁਸਾਰ ਉਹ ਹੈਕਲ ਵਿਚ ਜਾਂਦੇ ਹਨ, ਜਿੱਥੇ ਯਿਸੂ ਸਿਖਾਉਣਾ ਸ਼ੁਰੂ ਕਰਦਾ ਹੈ। ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ, ਨਿਰਸੰਦੇਹ ਸਰਾਫ਼ਾਂ ਦੇ ਵਿਰੁੱਧ ਪਿਛਲੇ ਦਿਨ ਯਿਸੂ ਦੀ ਕਾਰਵਾਈ ਨੂੰ ਮਨ ਵਿਚ ਰੱਖਦੇ ਹੋਏ, ਉਸ ਨੂੰ ਚੁਣੌਤੀ ਦਿੰਦੇ ਹਨ: “ਤੂੰ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹੈਂ ਅਰ ਕਿਹ ਨੇ ਤੈਨੂੰ ਇਹ ਇਖ਼ਤਿਆਰ ਦਿੱਤਾ?”

      ਜਵਾਬ ਵਿਚ ਯਿਸੂ ਕਹਿੰਦਾ ਹੈ: “ਮੈਂ ਵੀ ਤੁਹਾਥੋਂ ਇੱਕ ਗੱਲ ਪੁੱਛਣਾ ਸੋ ਜੇ ਤੁਸੀਂ ਮੈਨੂੰ ਦੱਸੋ ਤਾਂ ਮੈਂ ਵੀ ਤਹਾਨੂੰ ਦੱਸਾਂਗਾ ਭਈ ਮੈਂ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹਾਂ। ਯੂਹੰਨਾ ਦਾ ਬਪਤਿਸਮਾ ਕਿੱਥੋਂ ਸੀ, ਸੁਰਗ ਵੱਲੋਂ ਯਾ ਮਨੁੱਖਾਂ ਵੱਲੋਂ?”

      ਜਾਜਕ ਅਤੇ ਬਜ਼ੁਰਗ ਆਪਸ ਵਿਚ ਮਸ਼ਵਰਾ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਉਹ ਕਿਵੇਂ ਜਵਾਬ ਦੇਣਗੇ। “ਜੇ ਕਹੀਏ, ‘ਸੁਰਗ ਵੱਲੋਂ’ ਤਾਂ ਉਹ ਸਾਨੂੰ ਆਖੂ, ਫੇਰ ਤੁਸਾਂ ਉਹ ਦੀ ਪਰਤੀਤ ਕਿਉਂ ਨਾ ਕੀਤੀ? ਅਰ ਜੇ ਕਹੀਏ, ‘ਮਨੁੱਖਾਂ ਵੱਲੋਂ’ ਤਾਂ ਲੋਕਾਂ ਤੋਂ ਡਰਦੇ ਹਾਂ ਕਿਉਂ ਜੋ ਸੱਭੇ ਯੂਹੰਨਾ ਨੂੰ ਨਬੀ ਜਾਣਦੇ ਹਨ।”

      ਆਗੂ ਨਹੀਂ ਜਾਣਦੇ ਕਿ ਕੀ ਜਵਾਬ ਦਿੱਤਾ ਜਾਵੇ। ਇਸ ਲਈ ਉਹ ਯਿਸੂ ਨੂੰ ਜਵਾਬ ਦਿੰਦੇ ਹਨ: “ਅਸੀਂ ਨਹੀਂ ਜਾਣਦੇ।”

      ਫਿਰ ਯਿਸੂ ਕਹਿੰਦਾ ਹੈ: “ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਇਖ਼ਤਿਆਰ ਨਾਲ ਮੈਂ ਏਹ ਕੰਮ ਕਰਦਾ ਹਾਂ।” ਮੱਤੀ 21:​19-27; ਮਰਕੁਸ 11:​19-33; ਲੂਕਾ 20:​1-8.

      ▪ ਮੰਗਲਵਾਰ, ਨੀਸਾਨ 11 ਬਾਰੇ ਕੀ ਮਹੱਤਵਪੂਰਣ ਹੈ?

      ▪ ਯਿਸੂ ਕਿਹੜੇ ਸਬਕ ਦਿੰਦਾ ਹੈ ਜਦੋਂ ਉਹ ਹੰਜੀਰ ਦੇ ਦਰਖ਼ਤ ਨੂੰ ਸੁਕਾ ਦਿੰਦਾ ਹੈ?

      ▪ ਯਿਸੂ ਉਨ੍ਹਾਂ ਨੂੰ ਕਿਸ ਤਰ੍ਹਾਂ ਜਵਾਬ ਦਿੰਦਾ ਹੈ ਜਿਹੜੇ ਪੁੱਛਦੇ ਹਨ ਕਿ ਉਹ ਕਿਹੜੇ ਇਖ਼ਤਿਆਰ ਨਾਲ ਕੰਮ ਕਰਦਾ ਹੈ?

  • ਅੰਗੂਰੀ ਬਾਗ਼ ਦੇ ਦ੍ਰਿਸ਼ਟਾਂਤਾਂ ਦੁਆਰਾ ਭੇਤ ਖੋਲ੍ਹਿਆ ਗਿਆ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 106

      ਅੰਗੂਰੀ ਬਾਗ਼ ਦੇ ਦ੍ਰਿਸ਼ਟਾਂਤਾਂ ਦੁਆਰਾ ਭੇਤ ਖੋਲ੍ਹਿਆ ਗਿਆ

      ਯਿਸੂ ਹੈਕਲ ਵਿਖੇ ਹੈ। ਉਸ ਨੇ ਹੁਣੇ ਹੀ ਧਾਰਮਿਕ ਆਗੂਆਂ ਨੂੰ ਭੰਬਲ-ਭੂਸਿਆਂ ਵਿਚ ਪਾ ਦਿੱਤਾ ਹੈ ਜਿਹੜੇ ਇਹ ਜਾਣਨ ਦੀ ਮੰਗ ਕਰਦੇ ਸਨ ਕਿ ਉਹ ਕਿਸ ਦੇ ਇਖ਼ਤਿਆਰ ਨਾਲ ਕੰਮ ਕਰ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਹ ਆਪਣੀ ਉਲਝਣ ਵਿੱਚੋਂ ਨਿਕਲਦੇ, ਯਿਸੂ ਪੁੱਛਦਾ ਹੈ: “ਤੁਸੀਂ ਕੀ ਸਮਝਦੇ ਹੋ?” ਅਤੇ ਫਿਰ ਇਕ ਦ੍ਰਿਸ਼ਟਾਂਤ ਦੇ ਜ਼ਰੀਏ, ਉਹ ਉਨ੍ਹਾਂ ਨੂੰ ਦਿਖਾਉਂਦਾ ਹੈ ਕਿ ਉਹ ਅਸਲ ਵਿਚ ਕਿਸ ਕਿਸਮ ਦੇ ਵਿਅਕਤੀ ਹਨ।

      “ਇੱਕ ਮਨੁੱਖ ਦੇ ਦੋ ਪੁੱਤ੍ਰ ਸਨ,” ਯਿਸੂ ਦੱਸਦਾ ਹੈ। “ਉਹ ਪਹਿਲੇ ਦੇ ਕੋਲ ਆਣ ਕੇ ਬੋਲਿਆ, ਪੁੱਤ੍ਰ, ਜਾਹ। ਅੱਜ ਅੰਗੂਰੀ ਬਾਗ਼ ਵਿੱਚ ਕੰਮ ਕਰ। ਅਤੇ ਉਸ ਨੇ ਉੱਤਰ ਦਿੱਤਾ, ਮੇਰਾ ਜੀ ਨਹੀਂ ਕਰਦਾ ਪਰ ਪਿੱਛੋਂ ਪਛਤਾ ਕੇ ਗਿਆ। ਫੇਰ ਦੂਏ ਦੇ ਕੋਲ ਆਣ ਕੇ ਇਹੋ ਹੀ ਕਿਹਾ ਅਤੇ ਉਸ ਨੇ ਉੱਤਰ ਦਿੱਤਾ, ਅੱਛਾ ਜੀ, ਪਰ ਗਿਆ ਨਾ। ਸੋ ਇਨ੍ਹਾਂ ਦੋਹਾਂ ਵਿੱਚੋਂ ਕਿਹ ਨੇ ਪਿਤਾ ਦੀ ਮਰਜੀ ਪੂਰੀ ਕੀਤੀ?” ਯਿਸੂ ਪੁੱਛਦਾ ਹੈ।

      “ਪਹਿਲੇ ਨੇ,” ਉਸ ਦੇ ਵਿਰੋਧੀ ਜਵਾਬ ਦਿੰਦੇ ਹਨ।

      ਇਸ ਲਈ ਯਿਸੂ ਸਮਝਾਉਂਦਾ ਹੈ: “ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਜਾਂਦੇ ਹਨ।” ਇਕ ਤਰੀਕੇ ਤੋਂ, ਮਸੂਲੀਆਂ ਅਤੇ ਕੰਜਰੀਆਂ ਨੇ ਪਹਿਲਾਂ ਤਾਂ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਇਨਕਾਰ ਕੀਤਾ। ਪਰੰਤੂ ਫਿਰ, ਪਹਿਲੇ ਪੁੱਤਰ ਵਾਂਗ, ਉਨ੍ਹਾਂ ਨੇ ਤੋਬਾ ਕੀਤੀ ਅਤੇ ਉਸ ਦੀ ਸੇਵਾ ਕੀਤੀ। ਦੂਜੇ ਪਾਸੇ, ਧਾਰਮਿਕ ਆਗੂ, ਦੂਜੇ ਪੁੱਤਰ ਵਾਂਗ, ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹਨ, ਪਰੰਤੂ ਜਿਵੇਂ ਯਿਸੂ ਟਿੱਪਣੀ ਕਰਦਾ ਹੈ: “ਯੂਹੰਨਾ [ਬਪਤਿਸਮਾ ਦੇਣ ਵਾਲਾ] ਧਰਮ ਦੇ ਰਾਹੀਂ ਤੁਹਾਡੇ ਕੋਲ ਆਇਆ ਅਤੇ ਤੁਸਾਂ ਉਹ ਦੀ ਪਰਤੀਤ ਨਾ ਕੀਤੀ ਪਰ ਮਸੂਲੀਆਂ ਅਰ ਕੰਜਰੀਆਂ ਨੇ ਉਹ ਦੀ ਪਰਤੀਤ ਕੀਤੀ ਅਤੇ ਤੁਸੀਂ ਇਹ ਵੇਖ ਕੇ ਪਿੱਛੋਂ ਵੀ ਨਾ ਪਛਤਾਏ ਭਈ ਉਹ ਦੀ ਪਰਤੀਤ ਕਰਦੇ।”

      ਯਿਸੂ ਫਿਰ ਦਿਖਾਉਂਦਾ ਹੈ ਕਿ ਉਨ੍ਹਾਂ ਧਾਰਮਿਕ ਆਗੂਆਂ ਦੀ ਅਸਫਲਤਾ ਸਿਰਫ਼ ਪਰਮੇਸ਼ੁਰ ਦੀ ਸੇਵਾ ਨੂੰ ਨਜ਼ਰਅੰਦਾਜ਼ ਕਰਨ ਵਿਚ ਹੀ ਨਹੀਂ ਹੈ। ਨਹੀਂ, ਪਰੰਤੂ ਉਹ ਸੱਚ-ਮੁੱਚ ਹੀ ਦੁਸ਼ਟ ਅਤੇ ਬੁਰੇ ਆਦਮੀ ਹਨ। ਯਿਸੂ ਦੱਸਦਾ ਹੈ: “ਇੱਕ ਘਰ ਦਾ ਮਾਲਕ ਸੀ ਜਿਹ ਨੇ ਅੰਗੂਰੀ ਬਾਗ਼ ਲਾਇਆ ਅਤੇ ਉਹ ਦੇ ਚੁਫੇਰੇ ਬਾੜ ਦਿੱਤੀ ਅਤੇ ਉਸ ਵਿੱਚ ਰਸ ਲਈ ਇੱਕ ਚੁਬੱਚਾ ਕੱਢਿਆ ਅਤੇ ਬੁਰਜ ਉਸਾਰਿਆ ਅਰ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ। ਜਾਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਹ ਨੇ ਆਪਣੇ ਚਾਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਘੱਲੇ। ਅਤੇ ਮਾਲੀਆਂ ਨੇ ਉਹ ਦੇ ਚਾਕਰਾਂ ਨੂੰ ਫੜ ਕੇ ਕਿਸੇ ਨੂੰ ਕੁੱਟਿਆ ਅਰ ਕਿਸੇ ਨੂੰ ਮਾਰ ਸੁੱਟਿਆ ਅਰ ਕਿਸੇ ਨੂੰ ਪਥਰਾਉ ਕੀਤਾ। ਫੇਰ ਉਹ ਨੇ ਹੋਰ ਚਾਕਰ ਪਹਿਲਿਆਂ ਨਾਲੋਂ ਵਧੀਕ ਘੱਲੇ ਅਤੇ ਉਨ੍ਹਾਂ ਨੇ ਇਨ੍ਹਾਂ ਨਾਲ ਵੀ ਉਸੇ ਤਰਾਂ ਕੀਤਾ।”

      “ਚਾਕਰ” ਉਹ ਨਬੀ ਹਨ ਜਿਨ੍ਹਾਂ ਨੂੰ “ਘਰ ਦਾ ਮਾਲਕ,” ਯਹੋਵਾਹ ਪਰਮੇਸ਼ੁਰ ਆਪਣੇ “ਅੰਗੂਰੀ ਬਾਗ਼” ਦੇ “ਮਾਲੀਆਂ” ਕੋਲ ਭੇਜਦਾ ਹੈ। ਇਹ ਮਾਲੀ ਇਸਰਾਏਲ ਦੀ ਕੌਮ, ਉਹ ਕੌਮ ਜਿਸ ਨੂੰ ਬਾਈਬਲ ਪਰਮੇਸ਼ੁਰ ਦੇ “ਅੰਗੂਰੀ ਬਾਗ਼” ਦੇ ਤੌਰ ਤੇ ਪਛਾਣ ਕਰਵਾਉਂਦੀ ਹੈ, ਦੇ ਮੁੱਖ ਪ੍ਰਤੀਨਿਧ ਹਨ।

      ਕਿਉਂਕਿ “ਮਾਲੀ,” “ਚਾਕਰਾਂ” ਨਾਲ ਦੁਰ-ਵਿਵਹਾਰ ਕਰ ਕੇ ਉਨ੍ਹਾਂ ਨੂੰ ਮਾਰ ਦਿੰਦੇ ਹਨ, ਯਿਸੂ ਸਮਝਾਉਂਦਾ ਹੈ: “ਓੜਕ [ਅੰਗੂਰੀ ਬਾਗ਼ ਦੇ ਮਾਲਕ] ਨੇ ਆਪਣੇ ਪੁੱਤ੍ਰ ਨੂੰ ਉਨ੍ਹਾਂ ਦੇ ਕੋਲ ਇਹ ਕਹਿ ਕੇ ਘੱਲਿਆ ਭਈ ਓਹ ਮੇਰੇ ਪੁੱਤ੍ਰ ਦਾ ਆਦਰ ਕਰਨਗੇ। ਪਰ ਮਾਲੀਆਂ ਨੇ ਜਾਂ ਉਹ ਦੇ ਪੁੱਤ੍ਰ ਨੂੰ ਵੇਖਿਆ ਤਾਂ ਆਪੋ ਵਿੱਚ ਕਿਹਾ, ਵਾਰਸ ਏਹੋ ਹੈ, ਆਓ ਇਹ ਨੂੰ ਮਾਰ ਸੁੱਟੀਏ ਅਤੇ ਉਹ ਦਾ ਵਿਰਸਾ ਸਾਂਭ ਲਈਏ। ਅਤੇ ਉਨ੍ਹਾਂ ਉਸ ਨੂੰ ਫੜਿਆ ਅਰ ਬਾਗੋਂ ਬਾਹਰ ਕੱਢ ਦੇ ਮਾਰ ਸੁੱਟਿਆ।”

      ਹੁਣ, ਧਾਰਮਿਕ ਆਗੂਆਂ ਨੂੰ ਸੰਬੋਧਿਤ ਕਰਦੇ ਹੋਏ, ਯਿਸੂ ਪੁੱਛਦਾ ਹੈ: “ਜਦ ਬਾਗ਼ ਦਾ ਮਾਲਕ ਆਵੇਗਾ ਤਦ ਉਨ੍ਹਾਂ ਮਾਲੀਆਂ ਨਾਲ ਕੀ ਕਰੇਗਾ?”

      ਧਾਰਮਿਕ ਆਗੂ ਜਵਾਬ ਦਿੰਦੇ ਹਨ: “ਉਨ੍ਹਾਂ ਬੁਰਿਆਰਾਂ ਦਾ ਬੁਰੀ ਤਰਾਂ ਨਾਸ ਕਰੂ ਅਤੇ ਅੰਗੂਰੀ ਬਾਗ਼ ਹੋਰਨਾਂ ਮਾਲੀਆਂ ਨੂੰ ਸੌਂਪੇਗਾ ਜੋ ਰੁੱਤ ਸਿਰ ਉਸ ਨੂੰ ਫਲ ਪੁਚਾਉਣਗੇ।”

      ਇਸ ਤਰ੍ਹਾਂ ਉਹ ਅਣਜਾਣਪੁਣੇ ਵਿਚ ਆਪਣੇ ਉੱਪਰ ਆਪ ਹੀ ਨਿਆਉਂ ਦੀ ਘੋਸ਼ਣਾ ਕਰ ਲੈਂਦੇ ਹਨ, ਕਿਉਂਕਿ ਉਹ ਵੀ ਯਹੋਵਾਹ ਦੀ ਇਸਰਾਏਲ ਦੇ ਰਾਸ਼ਟਰੀ “ਅੰਗੂਰੀ ਬਾਗ਼” ਦੇ ਇਸਰਾਏਲੀ “ਮਾਲੀਆਂ” ਵਿਚ ਸ਼ਾਮਲ ਹਨ। ਅਜਿਹੇ ਮਾਲੀਆਂ ਤੋਂ ਜਿਹੜੇ ਫਲ ਦੀ ਯਹੋਵਾਹ ਆਸ਼ਾ ਕਰਦਾ ਹੈ, ਉਹ ਹੈ ਉਸ ਦੇ ਪੁੱਤਰ, ਸੱਚੇ ਮਸੀਹਾ ਉੱਤੇ ਨਿਹਚਾ। ਉਨ੍ਹਾਂ ਦਾ ਅਜਿਹੇ ਫਲ ਲਿਆਉਣ ਤੋਂ ਚੁੱਕ ਜਾਣ ਦੇ ਕਾਰਨ, ਯਿਸੂ ਚੇਤਾਵਨੀ ਦਿੰਦਾ ਹੈ: “ਭਲਾ ਤੁਸਾਂ ਲਿਖਤਾਂ ਵਿੱਚ [ਜ਼ਬੂਰ 118:​22, 23 ਵਿਖੇ] ਕਦੇ ਨਹੀਂ ਪੜ੍ਹਿਆ ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੁ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ। ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ। ਅਰ ਜੋ ਕੋਈ ਇਸ ਪੱਥਰ ਓੱਤੇ ਡਿੱਗੇਗਾ ਸੋ ਚੂਰ ਚੂਰ ਹੋ ਜਾਵੇਗਾ ਪਰ ਜਿਹ ਦੇ ਉੱਤੇ ਉਹ ਡਿੱਗੇ ਉਹ ਨੂੰ ਪੀਹ ਸੁੱਟੇਗਾ।”

      ਗ੍ਰੰਥੀ ਅਤੇ ਮੁੱਖ ਜਾਜਕ ਹੁਣ ਸਮਝ ਜਾਂਦੇ ਹਨ ਕਿ ਯਿਸੂ ਉਨ੍ਹਾਂ ਦੇ ਬਾਰੇ ਬੋਲ ਰਿਹਾ ਹੈ, ਅਤੇ ਉਹ ਉਸ ਨੂੰ, ਅਰਥਾਤ ਹੱਕੀ “ਵਾਰਸ” ਨੂੰ, ਮਾਰ ਦੇਣਾ ਚਾਹੁੰਦੇ ਹਨ। ਇਸ ਲਈ ਪਰਮੇਸ਼ੁਰ ਦੇ ਰਾਜ ਵਿਚ ਸ਼ਾਸਕ ਹੋਣ ਦਾ ਵਿਸ਼ੇਸ਼-ਸਨਮਾਨ ਇਕ ਕੌਮ ਦੇ ਤੌਰ ਤੇ ਉਨ੍ਹਾਂ ਤੋਂ ਲੈ ਲਿਆ ਜਾਵੇਗਾ, ਅਤੇ ‘ਅੰਗੂਰੀ ਬਾਗ਼ ਦੇ ਮਾਲੀਆਂ’ ਦੀ ਇਕ ਨਵੀਂ ਕੌਮ ਉਤਪੰਨ ਕੀਤੀ ਜਾਵੇਗੀ, ਜਿਹੜੀ ਉਚਿਤ ਫਲ ਪੈਦਾ ਕਰੇਗੀ।

      ਕਿਉਂਕਿ ਧਾਰਮਿਕ ਆਗੂ ਭੀੜ ਤੋਂ ਡਰਦੇ ਹਨ, ਜਿਹੜੀ ਯਿਸੂ ਨੂੰ ਇਕ ਨਬੀ ਸਮਝਦੀ ਹੈ, ਉਹ ਇਸ ਮੌਕੇ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰਦੇ ਹਨ। ਮੱਤੀ 21:​28-46; ਮਰਕੁਸ 12:​1-12; ਲੂਕਾ 20:​9-19; ਯਸਾਯਾਹ 5:​1-7.

      ▪ ਯਿਸੂ ਦੇ ਪਹਿਲੇ ਦ੍ਰਿਸ਼ਟਾਂਤ ਵਿਚ ਦੋ ਬੱਚੇ ਕਿਨ੍ਹਾਂ ਨੂੰ ਦਰਸਾਉਂਦੇ ਹਨ?

      ▪ ਦੂਸਰੇ ਦ੍ਰਿਸ਼ਟਾਂਤ ਵਿਚ, “ਘਰ ਦਾ ਮਾਲਕ,” “ਅੰਗੂਰੀ ਬਾਗ਼,” “ਮਾਲੀ,” “ਚਾਕਰ,” ਅਤੇ “ਵਾਰਸ” ਕਿਨ੍ਹਾਂ ਨੂੰ ਦਰਸਾਉਂਦੇ ਹਨ?

      ▪ ‘ਅੰਗੂਰੀ ਬਾਗ਼ ਦੇ ਮਾਲੀਆਂ’ ਦਾ ਕੀ ਹੋਵੇਗਾ, ਅਤੇ ਉਨ੍ਹਾਂ ਦੀ ਥਾਂ ਕੌਣ ਲੈਣਗੇ?

  • ਵਿਆਹ ਦੀ ਦਾਅਵਤ ਦਾ ਦ੍ਰਿਸ਼ਟਾਂਤ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 107

      ਵਿਆਹ ਦੀ ਦਾਅਵਤ ਦਾ ਦ੍ਰਿਸ਼ਟਾਂਤ

      ਦੋ ਦ੍ਰਿਸ਼ਟਾਂਤਾਂ ਦੇ ਜ਼ਰੀਏ, ਯਿਸੂ ਨੇ ਗ੍ਰੰਥੀਆਂ ਅਤੇ ਮੁੱਖ ਜਾਜਕਾਂ ਦਾ ਭੇਤ ਖੋਲ੍ਹਿਆ ਹੈ, ਅਤੇ ਉਹ ਉਸ ਨੂੰ ਮਾਰ ਦੇਣਾ ਚਾਹੁੰਦੇ ਹਨ। ਪਰੰਤੂ ਯਿਸੂ ਵੱਲੋਂ ਉਨ੍ਹਾਂ ਦਾ ਭੇਤ ਖੋਲ੍ਹਣਾ ਹਾਲੇ ਵੀ ਬਾਕੀ ਹੈ। ਉਹ ਅੱਗੇ ਉਨ੍ਹਾਂ ਨੂੰ ਇਕ ਹੋਰ ਦ੍ਰਿਸ਼ਟਾਂਤ ਦੱਸਦੇ ਹੋਏ ਕਹਿੰਦਾ ਹੈ:

      “ਸੁਰਗ ਦਾ ਰਾਜ ਇੱਕ ਪਾਤਸ਼ਾਹ ਵਰਗਾ ਹੈ ਜਿਹ ਨੇ ਆਪਣੇ ਪੁੱਤ੍ਰ ਦਾ ਵਿਆਹ ਕੀਤਾ। ਅਤੇ ਉਸ ਨੇ ਸੱਦੇ ਹੋਇਆਂ ਨੂੰ ਵਿਆਹ ਵਿੱਚ ਸੱਦਣ ਲਈ ਆਪਣੇ ਚਾਕਰਾਂ ਨੂੰ ਘੱਲਿਆ ਪਰ ਓਹ ਆਉਣ ਨੂੰ ਰਾਜੀ ਨਾ ਹੋਏ।”

      ਯਹੋਵਾਹ ਪਰਮੇਸ਼ੁਰ ਉਹ ਰਾਜਾ ਹੈ ਜੋ ਆਪਣੇ ਪੁੱਤਰ, ਯਿਸੂ ਮਸੀਹ ਦੇ ਲਈ ਇਕ ਵਿਆਹ ਦੀ ਦਾਅਵਤ ਤਿਆਰ ਕਰਦਾ ਹੈ। ਅੰਤ ਵਿਚ, ਮਸਹ ਕੀਤੇ ਹੋਏ 1,44,000 ਅਨੁਯਾਈਆਂ ਦੀ ਬਣੀ ਹੋਈ ਲਾੜੀ ਸਵਰਗ ਵਿਚ ਯਿਸੂ ਦੇ ਨਾਲ ਮਿਲ ਜਾਵੇਗੀ। ਰਾਜਾ ਦੀ ਪਰਜਾ ਇਸਰਾਏਲ ਦੇ ਲੋਕ ਹਨ ਜਿਨ੍ਹਾਂ ਨੂੰ, 1513 ਸਾ.ਯੁ.ਪੂ. ਵਿਚ ਬਿਵਸਥਾ ਨੇਮ ਵਿਚ ਲਿਆਏ ਜਾਣ ਤੇ, “ਜਾਜਕਾਂ ਦੀ ਬਾਦਸ਼ਾਹੀ” ਬਣਨ ਦਾ ਮੌਕਾ ਮਿਲਿਆ ਸੀ। ਇਸ ਤਰ੍ਹਾਂ, ਉਸ ਮੌਕੇ ਤੇ, ਉਨ੍ਹਾਂ ਨੂੰ ਪਹਿਲਾਂ ਪਹਿਲ ਵਿਆਹ ਦੀ ਦਾਅਵਤ ਤੇ ਸੱਦਿਆ ਗਿਆ ਸੀ।

      ਫਿਰ ਵੀ, ਸੱਦੇ ਹੋਇਆਂ ਨੂੰ ਪਹਿਲਾ ਸੱਦਾ ਕੇਵਲ 29 ਸਾ.ਯੁ. ਦੀ ਪਤਝੜ ਵਿਚ ਹੀ ਦਿੱਤਾ ਗਿਆ, ਜਦੋਂ ਯਿਸੂ ਅਤੇ ਉਸ ਦੇ ਚੇਲੇ (ਰਾਜੇ ਦੇ ਚਾਕਰ) ਰਾਜ ਪ੍ਰਚਾਰ ਦਾ ਆਪਣਾ ਕੰਮ ਸ਼ੁਰੂ ਕਰਦੇ ਹਨ। ਪਰੰਤੂ ਪ੍ਰਾਕਿਰਤਕ ਇਸਰਾਏਲੀ, ਜਿਨ੍ਹਾਂ ਨੂੰ ਚਾਕਰਾਂ ਵੱਲੋਂ ਇਹ ਸੱਦਾ 29 ਸਾ.ਯੁ. ਤੋਂ 33 ਸਾ.ਯੁ. ਤਕ ਦਿੱਤਾ ਗਿਆ, ਆਉਣ ਨੂੰ ਰਾਜੀ ਨਹੀਂ ਹੋਏ। ਇਸ ਲਈ ਪਰਮੇਸ਼ੁਰ ਨੇ ਸੱਦੇ ਹੋਇਆਂ ਦੀ ਕੌਮ ਨੂੰ ਇਕ ਹੋਰ ਮੌਕਾ ਦਿੱਤਾ, ਜਿਵੇਂ ਯਿਸੂ ਦੱਸਦਾ ਹੈ:

      “ਫੇਰ ਉਹ ਨੇ ਹੋਰਨਾਂ ਚਾਕਰਾਂ ਨੂੰ ਇਹ ਕਹਿ ਕੇ ਘੱਲਿਆ ਜੋ ਸੱਦੇ ਹੋਇਆਂ ਨੂੰ ਕਹੋ ਭਈ ਵੇਖੋ ਮੈਂ ਆਪਣਾ ਖਾਣਾ ਤਿਆਰ ਕੀਤਾ ਹੈ, ਮੇਰੇ ਬੈਲ ਅਰ ਮੋਟੇ ਮੋਟੇ ਜਾਨਵਰ ਕੋਹੇ ਗਏ ਹਨ ਅਤੇ ਸਭ ਕੁਝ ਤਿਆਰ ਹੈ। ਤੁਸੀਂ ਵਿਆਹ ਵਿੱਚ ਚੱਲੋ।” ਉਨ੍ਹਾਂ ਸੱਦੇ ਹੋਇਆਂ ਨੂੰ ਇਹ ਦੂਸਰਾ ਅਤੇ ਆਖ਼ਰੀ ਸੱਦਾ ਪੰਤੇਕੁਸਤ 33 ਸਾ.ਯੁ. ਵਿਚ ਸ਼ੁਰੂ ਹੋਇਆ, ਜਦੋਂ ਯਿਸੂ ਦੇ ਅਨੁਯਾਈਆਂ ਉੱਤੇ ਪਵਿੱਤਰ ਆਤਮਾ ਵਹਾਈ ਗਈ ਸੀ। ਇਹ ਸੱਦਾ 36 ਸਾ.ਯੁ. ਤਕ ਜਾਰੀ ਰਿਹਾ।

      ਪਰੰਤੂ, ਇਸਰਾਏਲੀਆਂ ਦੀ ਵੱਡੀ ਗਿਣਤੀ ਨੇ ਇਸ ਸੱਦੇ ਨੂੰ ਵੀ ਠੁਕਰਾ ਦਿੱਤਾ। “ਓਹ ਬੇਪਰਵਾਹੀ ਕਰ ਕੇ ਚੱਲੇ ਗਏ,” ਯਿਸੂ ਕਹਿੰਦਾ ਹੈ, “ਕੋਈ ਆਪਣੇ ਖੇਤ ਨੂੰ ਅਰ ਕੋਈ ਆਪਣੇ ਵਣਜ ਬੁਪਾਰ ਨੂੰ। ਅਤੇ ਹੋਰਨਾਂ ਨੇ ਉਹ ਦੇ ਚਾਕਰਾਂ ਨੂੰ ਫੜ ਕੇ ਉਨ੍ਹਾਂ ਦੀ ਪਤ ਲਾਹੀ ਅਰ ਮਾਰ ਸੁੱਟਿਆ।” ਯਿਸੂ ਜਾਰੀ ਰੱਖਦਾ ਹੈ: “ਤਾਂ ਪਾਤਸ਼ਾਹ ਨੂੰ ਕ੍ਰੋਧ ਆਇਆ ਅਤੇ ਉਸ ਨੇ ਆਪਣੀਆਂ ਫੌਜਾਂ ਘੱਲ ਕੇ ਉਨ੍ਹਾਂ ਖੂਨੀਆਂ ਦਾ ਨਾਸ ਕਰ ਦਿੱਤਾ ਅਰ ਉਨ੍ਹਾਂ ਦਾ ਸ਼ਹਿਰ ਫੂਕ ਸੁੱਟਿਆ।” ਇਹ 70 ਸਾ.ਯੁ. ਵਿਚ ਵਾਪਰਿਆ, ਜਦੋਂ ਰੋਮੀਆਂ ਦੁਆਰਾ ਯਰੂਸ਼ਲਮ ਨੂੰ ਢਾਹ ਦਿੱਤਾ ਗਿਆ ਸੀ, ਅਤੇ ਉਨ੍ਹਾਂ ਖੂਨੀਆਂ ਨੂੰ ਮਾਰ ਦਿੱਤਾ ਗਿਆ ਸੀ।

      ਫਿਰ ਯਿਸੂ ਸਮਝਾਉਂਦਾ ਹੈ ਕਿ ਉਸ ਸਮੇਂ ਦੇ ਦੌਰਾਨ ਕੀ ਵਾਪਰਿਆ: “ਤਦ [ਪਾਤਸ਼ਾਹ] ਨੇ ਆਪਣੇ ਚਾਕਰਾਂ ਨੂੰ ਆਖਿਆ, ਵਿਆਹ ਦਾ ਸਾਮਾਨ ਤਾਂ ਤਿਆਰ ਹੈ ਪਰ ਸੱਦੇ ਹੋਏ ਨਲਾਇਕ ਹਨ। ਸੋ ਤੁਸੀਂ ਚੁਰਾਹਿਆਂ [“ਨਗਰ ਤੋਂ ਬਾਹਰ ਜਾਣ ਵਾਲੇ ਰਾਹਾਂ,” ਨਿ ਵ] ਵਿੱਚ ਜਾਓ ਅਤੇ ਜਿੰਨੇ ਤੁਹਾਨੂੰ ਮਿਲਣ ਵਿਆਹ ਵਿੱਚ ਸੱਦ ਲਿਆਓ।” ਚਾਕਰਾਂ ਨੇ ਇਸ ਤਰ੍ਹਾਂ ਹੀ ਕੀਤਾ, ਅਤੇ “ਵਿਆਹ ਵਾਲਾ ਘਰ ਮੇਲੀਆਂ ਨਾਲ ਭਰ ਗਿਆ।”

      ਸੱਦੇ ਹੋਏ ਵਿਅਕਤੀਆਂ ਦੇ ਨਗਰ ਦੇ ਬਾਹਰ ਵਾਲੇ ਰਾਹਾਂ ਤੋਂ ਮਹਿਮਾਨਾਂ ਨੂੰ ਇਕੱਠੇ ਕਰਨ ਦਾ ਇਹ ਕੰਮ 36 ਸਾ.ਯੁ. ਵਿਚ ਸ਼ੁਰੂ ਹੋਇਆ। ਰੋਮੀ ਸੂਬੇਦਾਰ ਕੁਰਨੇਲਿਯੁਸ ਅਤੇ ਉਸ ਦਾ ਪਰਿਵਾਰ, ਇਕੱਠੇ ਕੀਤੇ ਗਏ ਅਸੁੰਨਤੀ ਗ਼ੈਰ-ਯਹੂਦੀਆਂ ਵਿੱਚੋਂ ਪਹਿਲੇ ਸਨ। ਇਨ੍ਹਾਂ ਗ਼ੈਰ-ਯਹੂਦੀਆਂ ਨੂੰ ਇਕੱਠੇ ਕਰਨ ਦਾ ਕੰਮ, ਜੋ ਸਾਰੇ ਦੇ ਸਾਰੇ ਉਨ੍ਹਾਂ ਲੋਕਾਂ ਦੀ ਥਾਂ ਲੈਂਦੇ ਹਨ ਜਿਨ੍ਹਾਂ ਨੇ ਮੁੱਢ ਵਿਚ ਸੱਦੇ ਨੂੰ ਰੱਦ ਕੀਤਾ ਸੀ, 20ਵੀਂ ਸਦੀ ਤਕ ਜਾਰੀ ਹੈ।

      ਇਹ 20ਵੀਂ ਸਦੀ ਦੇ ਦੌਰਾਨ ਹੈ ਕਿ ਵਿਆਹ ਵਾਲਾ ਘਰ ਭਰ ਜਾਂਦਾ ਹੈ। ਯਿਸੂ ਇਹ ਦੱਸਦੇ ਹੋਏ ਕਿ ਉਸ ਸਮੇਂ ਕੀ ਹੁੰਦਾ ਹੈ, ਕਹਿੰਦਾ ਹੈ: “ਜਦ ਪਾਤਸ਼ਾਹ ਮੇਲੀਆਂ ਨੂੰ ਵੇਖਣ ਅੰਦਰ ਆਇਆ ਤਦ ਉੱਥੋਂ ਇੱਕ ਮਨੁੱਖ ਨੂੰ ਡਿੱਠਾ ਜਿਹੜਾ ਵਿਆਹੁਣਾ ਕੱਪੜਾ ਪਹਿਨਿਆ ਹੋਇਆ ਨਾ ਸੀ। ਅਤੇ ਉਹ ਨੂੰ ਕਿਹਾ, ਭਾਈ, ਤੂੰ ਇੱਥੇ ਵਿਆਹੁਣੇ ਕੱਪੜੇ ਬਾਝੋਂ ਕਿਸ ਤਰਾਂ ਅੰਦਰ ਆਇਆ? ਪਰ ਉਹ ਚੁੱਪ ਹੀ ਰਹਿ ਗਿਆ। ਤਦ ਪਾਤਸ਼ਾਹ ਨੇ ਟਹਿਲੂਆਂ ਨੂੰ ਆਖਿਆ, ਇਹ ਦੇ ਹੱਥ ਪੈਰ ਬੰਨ੍ਹ ਕੇ ਇਹ ਨੂੰ ਬਾਹਰ ਦੇ ਅੰਧਘੋਰ ਵਿੱਚ ਸੁੱਟ ਦਿਓ! ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।”

      ਬਿਨਾਂ ਵਿਆਹੁਣੇ ਕੱਪੜਿਆਂ ਵਾਲਾ ਇਹ ਆਦਮੀ ਮਸੀਹੀ-ਜਗਤ ਦੇ ਝੂਠੇ ਮਸੀਹੀਆਂ ਨੂੰ ਚਿਤ੍ਰਿਤ ਕਰਦਾ ਹੈ। ਪਰਮੇਸ਼ੁਰ ਨੇ ਕਦੇ ਵੀ ਸਵੀਕਾਰ ਨਹੀਂ ਕੀਤਾ ਕਿ ਇਨ੍ਹਾਂ ਕੋਲ ਅਧਿਆਤਮਿਕ ਇਸਰਾਏਲੀ ਹੋਣ ਦੀ ਸਹੀ ਪਛਾਣ ਹੈ। ਪਰਮੇਸ਼ੁਰ ਨੇ ਰਾਜ ਵਾਰਸਾਂ ਦੇ ਤੌਰ ਤੇ ਉਨ੍ਹਾਂ ਨੂੰ ਪਵਿੱਤਰ ਆਤਮਾ ਨਾਲ ਕਦੀ ਮਸਹ ਨਹੀਂ ਕੀਤਾ। ਇਸ ਲਈ ਉਹ ਬਾਹਰ ਦੇ ਅੰਧਘੋਰ ਵਿਚ ਸੁੱਟੇ ਜਾਂਦੇ ਹਨ ਜਿੱਥੇ ਉਹ ਨਾਸ਼ ਭੋਗਣਗੇ।

      ਯਿਸੂ ਇਹ ਕਹਿੰਦੇ ਹੋਏ ਆਪਣੇ ਦ੍ਰਿਸ਼ਟਾਂਤ ਦੀ ਸਮਾਪਤੀ ਕਰਦਾ ਹੈ: “ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜੇ।” ਜੀ ਹਾਂ, ਇਸਰਾਏਲ ਕੌਮ ਵਿੱਚੋਂ ਬਹੁਤ ਲੋਕ ਮਸੀਹ ਦੀ ਲਾੜੀ ਬਣਨ ਲਈ ਸੱਦੇ ਗਏ ਸਨ, ਪਰੰਤੂ ਸਿਰਫ਼ ਥੋੜ੍ਹੇ ਹੀ ਪ੍ਰਾਕਿਰਤਕ ਇਸਰਾਏਲੀ ਚੁਣੇ ਗਏ ਸਨ। 1,44,000 ਮਹਿਮਾਨਾਂ ਵਿੱਚੋਂ ਜ਼ਿਆਦਾਤਰ ਜਿਨ੍ਹਾਂ ਨੂੰ ਸਵਰ­ਗੀ ਇਨਾਮ ਪ੍ਰਾਪਤ ਹੋਇਆ ਹੈ, ਗ਼ੈਰ-ਇਸਰਾਏਲੀ ਸਾਬਤ ਹੋਏ ਹਨ। ਮੱਤੀ 22:​1-14; ਕੂਚ 19:​1-6; ਪਰਕਾਸ਼ ਦੀ ਪੋਥੀ 14:​1-3.

      ▪ ਵਿਆਹ ਦੀ ਦਾਅਵਤ ਲਈ ਮੁੱਢ ਵਿਚ ਸੱਦੇ ਗਏ ਲੋਕ ਕੌਣ ਹਨ, ਅਤੇ ਉਨ੍ਹਾਂ ਨੂੰ ਕਦੋਂ ਸੱਦਾ ਦਿੱਤਾ ਗਿਆ ਸੀ?

      ▪ ਸੱਦੇ ਹੋਇਆਂ ਨੂੰ ਪਹਿਲਾ ਸੱਦਾ ਕਦੋਂ ਦਿੱਤਾ ਜਾਂਦਾ ਹੈ, ਅਤੇ ਇਸ ਨੂੰ ਦੇਣ ਲਈ ਇਸਤੇਮਾਲ ਕੀਤੇ ਗਏ ਚਾਕਰ ਕੌਣ ਹਨ?

      ▪ ਦੂਜਾ ਸੱਦਾ ਕਦੋਂ ਦਿੱਤਾ ਜਾਂਦਾ ਹੈ, ਅਤੇ ਉਸ ਤੋਂ ਬਾਅਦ ਕਿਨ੍ਹਾਂ ਨੂੰ ਸੱਦਾ ਦਿੱਤਾ ਜਾਂਦਾ ਹੈ?

      ▪ ਬਿਨਾਂ ਵਿਆਹੁਣੇ ਕੱਪੜਿਆਂ ਵਾਲਾ ਆਦਮੀ ਕਿਨ੍ਹਾਂ ਨੂੰ ਚਿਤ੍ਰਿਤ ਕਰਦਾ ਹੈ?

      ▪ ਬਹੁਤੇਰੇ ਸੱਦੇ ਗਏ, ਅਤੇ ਥੋੜ੍ਹੇ ਚੁਣੇ ਗਏ ਵਿਅਕਤੀ ਕੌਣ ਹਨ?

  • ਉਹ ਯਿਸੂ ਨੂੰ ਫਸਾਉਣ ਵਿਚ ਅਸਫਲ ਹੁੰਦੇ ਹਨ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 108

      ਉਹ ਯਿਸੂ ਨੂੰ ਫਸਾਉਣ ਵਿਚ ਅਸਫਲ ਹੁੰਦੇ ਹਨ

      ਕਿਉਂਕਿ ਯਿਸੂ ਹੈਕਲ ਵਿਚ ਸਿੱਖਿਆ ਦੇ ਰਿਹਾ ਹੈ ਅਤੇ ਆਪਣੇ ਧਾਰਮਿਕ ਵੈਰੀਆਂ ਨੂੰ ਹੁਣੇ ਹੀ ਤਿੰਨ ਦ੍ਰਿਸ਼ਟਾਂਤ ਦੱਸ ਕੇ ਉਨ੍ਹਾਂ ਦੀ ਦੁਸ਼ਟਤਾ ਦਾ ਭੇਤ ਖੋਲ੍ਹਿਆ ਹੈ, ਫ਼ਰੀਸੀ ਗੁੱਸੇ ਹੁੰਦੇ ਹਨ ਅਤੇ ਉਸ ਨੂੰ ਅਜਿਹੀ ਕੋਈ ਗੱਲ ਕਹਿਣ ਵਿਚ ਫਸਾਉਣ ਦੀ ਸਲਾਹ ਕਰਦੇ ਹਨ ਜਿਸ ਲਈ ਉਹ ਉਸ ਨੂੰ ਗਿਰਫ਼ਤਾਰ ਕਰ ਸਕਣ। ਉਹ ਇਕ ਸਾਜ਼ਸ਼ ਘੜਦੇ ਹਨ ਅਤੇ ਆਪਣੇ ਚੇਲਿਆਂ ਨੂੰ, ਹੇਰੋਦੇਸ ਦੇ ਪੈਰੋਕਾਰਾਂ ਦੇ ਨਾਲ, ਭੇਜਦੇ ਹਨ ਤਾਂਕਿ ਉਸ ਦੀ ਗ਼ਲਤੀ ਫੜਨ ਦੀ ਕੋਸ਼ਿਸ਼ ਕਰਨ।

      ਇਹ ਆਦਮੀ ਕਹਿੰਦੇ ਹਨ: “ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਰ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂ ਜੋ ਤੂੰ ਮਨੁੱਖਾਂ ਦਾ ਪੱਖ ਨਹੀਂ ਕਰਦਾ। ਸੋ ਸਾਨੂੰ ਦੱਸ, ਤੂੰ ਕੀ ਸਮਝਦਾ ਹੈਂ ਜੋ ਕੈਸਰ ਨੂੰ ਜਜ਼ੀਯਾ ਦੇਣਾ ਜੋਗ ਹੈ ਯਾ ਨਹੀਂ?”

      ਯਿਸੂ ਝੂਠੀ ਪ੍ਰਸ਼ੰਸਾ ਤੋਂ ਧੋਖਾ ਨਹੀਂ ਖਾਂਦਾ ਹੈ। ਉਹ ਨੂੰ ਅਹਿਸਾਸ ਹੈ ਕਿ ਜੇ ਉਹ ਕਹਿੰਦਾ ਹੈ, ‘ਨਹੀਂ, ਜਜ਼ੀਯਾ ਦੇਣਾ ਕਾਨੂੰਨੀ ਜਾਂ ਜੋਗ ਨਹੀਂ ਹੈ,’ ਤਾਂ ਉਹ ਰੋਮ ਦੇ ਵਿਰੁੱਧ ਬਗਾਵਤ ਦਾ ਦੋਸ਼ੀ ਹੋਵੇਗਾ। ਫਿਰ ਵੀ ਜੇਕਰ ਉਹ ਕਹਿੰਦਾ ਹੈ, ‘ਹਾਂ, ਤੁਹਾਨੂੰ ਇਹ ਜਜ਼ੀਯਾ ਦੇਣਾ ਚਾਹੀਦਾ ਹੈ,’ ਤਾਂ ਯਹੂਦੀ, ਜਿਹੜੇ ਰੋਮ ਦੇ ਪ੍ਰਤੀ ਆਪਣੀ ਅਧੀਨਗੀ ਤੋਂ ਘਿਰਣਾ ਕਰਦੇ ਹਨ, ਉਸ ਨਾਲ ਨਫ਼ਰਤ ਕਰਨਗੇ। ਇਸ ਲਈ ਉਹ ਜਵਾਬ ਦਿੰਦਾ ਹੈ: “ਹੇ ਕਪਟੀਓ ਕਿਉਂ ਮੈਨੂੰ ਪਰਤਾਉਂਦੇ ਹੋ? ਜਜ਼ੀਯੇ ਦਾ ਸਿੱਕਾ ਮੈਨੂੰ ਵਿਖਾਓ।”

      ਜਦੋਂ ਉਹ ਇਕ ਸਿੱਕਾ ਉਸ ਕੋਲ ਲਿਆਉਂਦੇ ਹਨ, ਤਾਂ ਉਹ ਪੁੱਛਦਾ ਹੈ: “ਇਹ ਮੂਰਤ ਅਤੇ ਲਿਖਤ ਕਿਹ ਦੀ ਹੈ?”

      “ਕੈਸਰ ਦੀ,” ਉਹ ਜਵਾਬ ਦਿੰਦੇ ਹਨ।

      “ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।” ਖ਼ੈਰ, ਜਦੋਂ ਉਨ੍ਹਾਂ ਆਦਮੀਆਂ ਨੇ ਯਿਸੂ ਦਾ ਵਧੀਆ ਜਵਾਬ ਸੁਣਿਆ, ਤਾਂ ਉਹ ਬਹੁਤ ਹੈਰਾਨ ਹੋਏ। ਅਤੇ ਉਹ ਉਸ ਨੂੰ ਇਕੱਲਿਆਂ ਛੱਡ ਕੇ ਉੱਥੋਂ ਚੱਲੇ ਜਾਂਦੇ ਹਨ।

      ਫ਼ਰੀਸੀਆਂ ਨੂੰ ਯਿਸੂ ਦੇ ਵਿਰੁੱਧ ਕੁਝ ਸਾਬਤ ਕਰਨ ਵਿਚ ਅਸਫਲ ਦੇਖ ਕੇ, ਸਦੂਕੀ ਜਿਹੜੇ ਕਹਿੰਦੇ ਹਨ ਕਿ ਕੋਈ ਪੁਨਰ-ਉਥਾਨ ਨਹੀਂ ਹੈ, ਉਸ ਕੋਲ ਆ ਕੇ ਪੁੱਛਦੇ ਹਨ: “ਗੁਰੂ ਜੀ ਮੂਸਾ ਨੇ ਆਖਿਆ ਸੀ ਭਈ ਜੇ ਕੋਈ ਔਂਤ ਮਰ ਜਾਵੇ ਤਾਂ ਉਹ ਦਾ ਭਾਈ ਉਹ ਦੀ ਤੀਵੀਂ ਨਾਲ ਵਿਆਹ ਕਰ ਲਵੇ ਅਤੇ ਆਪਣੇ ਭਾਈ ਲਈ ਵੰਸ ਉਤਪੰਨ ਕਰੇ। ਸੋ ਸਾਡੇ ਵਿੱਚ ਸੱਤ ਭਾਈ ਸਨ ਅਤੇ ਪਹਿਲਾ ਵਿਆਹ ਕਰ ਕੇ ਮਰ ਗਿਆ ਅਤੇ ਬੇਉਲਾਦਾ ਹੋਣ ਕਰਕੇ ਆਪਣੇ ਭਾਈ ਦੇ ਲਈ ਆਪਣੀ ਤੀਵੀਂ ਛੱਡ ਗਿਆ। ਇਸੇ ਤਰਾਂ ਦੂਆ ਭੀ ਅਤੇ ਤੀਆ ਭੀ ਸੱਤਵੇਂ ਤੀਕਰ। ਅਰ ਸਾਰਿਆਂ ਦੇ ਪਿੱਛੋਂ ਉਹ ਤੀਵੀਂ ਭੀ ਮਰ ਗਈ। ਉਪਰੰਤ ਕਿਆਮਤ ਨੂੰ ਉਹ ਉਨ੍ਹਾਂ ਸੱਤਾਂ ਵਿੱਚੋਂ ਕਿਹ ਦੀ ਤੀਵੀਂ ਹੋਊ ਕਿਉਂਕਿ ਉਨ੍ਹਾਂ ਸਭਨਾਂ ਨੇ ਉਹ ਨੂੰ ਵਸਾਇਆ ਸੀ?”

      ਜਵਾਬ ਵਿਚ ਯਿਸੂ ਕਹਿੰਦਾ ਹੈ: “ਕੀ ਤੁਸੀਂ ਇਸ ਕਰਕੇ ਤਾਂ ਭੁੱਲ ਵਿੱਚ ਨਹੀਂ ਪਏ ਹੋ ਕਿ ਤੁਸੀਂ ਨਾ ਪੁਸਤਕਾਂ ਨੂੰ, ਨਾ ਪਰਮੇਸ਼ੁਰ ਦੀ ਸਮਰੱਥਾ ਨੂੰ ਜਾਣਦੇ ਹੋ? ਕਿਉਂਕਿ ਜਦ ਮੁਰਦਿਆਂ ਵਿੱਚੋਂ ਜੀ ਉੱਠਦੇ ਹਨ ਓਹ ਨਾ ਵਿਆਹ ਕਰਦੇ ਹਨ ਨਾ ਵਿਆਹੇ ਜਾਂਦੇ ਹਨ ਪਰ ਸੁਰਗੀ ਦੂਤਾਂ ਵਰਗੇ ਹਨ। ਪਰ ਮੁਰਦਿਆਂ ਦੇ ਵਿਖੇ ਜੋ ਓਹ ਜਿਵਾਲੇ ਜਾਂਦੇ ਹਨ ਕੀ ਤੁਸਾਂ ਮੂਸਾ ਦੀ ਪੋਥੀ ਵਿੱਚ ਝਾੜੀ ਦੀ ਕਥਾ ਵਿੱਚ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਉਹ ਨੂੰ ਕਿੱਕੁਰ ਆਖਿਆ ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ? ਉਹ ਮੁਰਦਿਆਂ ਦਾ ਪਰਮੇਸ਼ੁਰ ਤਾਂ ਨਹੀਂ ਸਗੋਂ ਜੀਉਂਦਿਆਂ ਦਾ ਹੈ। ਤੁਸੀਂ ਵੱਡੀ ਭੁੱਲ ਵਿੱਚ ਪਏ ਹੋਏ ਹੋ।”

      ਭੀੜ ਫਿਰ ਯਿਸੂ ਦੇ ਜਵਾਬ ਤੋਂ ਹੈਰਾਨ ਹੁੰਦੀ ਹੈ। ਗ੍ਰੰਥੀਆਂ ਵਿੱਚੋਂ ਕਈਆਂ ਨੇ ਸਵੀਕਾਰ ਕੀਤਾ: “ਗੁਰੂ ਜੀ ਤੈਂ ਭਲਾ ਕਿਹਾ।”

      ਜਦੋਂ ਫ਼ਰੀਸੀਆਂ ਨੇ ਦੇਖਿਆ ਕਿ ਯਿਸੂ ਨੇ ਸਦੂਕੀਆਂ ਨੂੰ ਚੁੱਪ ਕਰਵਾ ਦਿੱਤਾ ਹੈ, ਤਾਂ ਉਹ ਇਕ ਸਮੂਹ ਵਿਚ ਇਕੱਠੇ ਹੋ ਕੇ ਉਸ ਕੋਲ ਆਉਂਦੇ ਹਨ। ਉਸ ਨੂੰ ਹੋਰ ਪਰਤਾਉਣ ਲਈ, ਉਨ੍ਹਾਂ ਵਿੱਚੋਂ ਇਕ ਗ੍ਰੰਥੀ ਪੁੱਛਦਾ ਹੈ: “ਗੁਰੂ ਜੀ ਤੁਰੇਤ ਵਿੱਚ ਵੱਡਾ ਹੁਕਮ ਕਿਹੜਾ ਹੈ?”

      ਯਿਸੂ ਜਵਾਬ ਦਿੰਦਾ ਹੈ: “ਮੁੱਖ ਇਹ ਹੈ ਕਿ ਹੇ ਇਸਰਾਏਲ, ਸੁਣ। ਪ੍ਰਭੁ [“ਯਹੋਵਾਹ,” ਨਿ ਵ] ਸਾਡਾ ਪਰਮੇਸ਼ੁਰ ਇੱਕੋ ਪ੍ਰਭੁ ਹੈ। ਅਰ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ। ਦੂਆ ਇਹ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਨ੍ਹਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈ।” ਅਸਲ ਵਿਚ, ਯਿਸੂ ਅੱਗੇ ਕਹਿੰਦਾ ਹੈ: “ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੀ ਤੁਰੇਤ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ।”

      “ਠੀਕ ਗੁਰੂ ਜੀ, ਤੈਂ ਸਤ ਆਖਿਆ,” ਗ੍ਰੰਥੀ ਸਹਿਮਤ ਹੁੰਦਾ ਹੈ। “ਉਹ ਇੱਕੋ ਹੈ ਅਤੇ ਉਹ ਦੇ ਬਿਨਾ ਹੋਰ ਕੋਈ ਨਹੀਂ। ਅਤੇ ਸਾਰੇ ਦਿਲ ਨਾਲ ਅਤੇ ਸਾਰੀ ਸਮਝ ਨਾਲ ਅਤੇ ਸਾਰੀ ਸ਼ਕਤੀ ਨਾਲ ਉਹ ਨੂੰ ਪਿਆਰ ਕਰਨਾ ਅਰ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਨਾ ਸਾਰੇ ਹੋਮਾਂ ਅਤੇ ਬਲੀਦਾਨਾਂ ਨਾਲੋਂ ਵੱਧ ਹੈ।”

      ਇਹ ਸਮਝਦੇ ਹੋਏ ਕਿ ਗ੍ਰੰਥੀ ਨੇ ਬੁੱਧੀਮਤਾ ਨਾਲ ਜਵਾਬ ਦਿੱਤਾ ਹੈ, ਯਿਸੂ ਉਸ ਨੂੰ ਕਹਿੰਦਾ ਹੈ: “ਤੂੰ ਪਰਮੇਸ਼ੁਰ ਦੇ ਰਾਜ ਤੋਂ ਦੂਰ ਨਹੀਂ ਹੈਂ।”

      ਹੁਣ ਤਿੰਨ ਦਿਨਾਂ ਲਈ​— ਐਤਵਾਰ, ਸੋਮਵਾਰ, ਅਤੇ ਮੰਗਲਵਾਰ​— ਯਿਸੂ ਹੈਕਲ ਵਿਚ ਸਿੱਖਿਆ ਦਿੰਦਾ ਆਇਆ ਹੈ। ਲੋਕੀ ਉਸ ਨੂੰ ਆਨੰਦ ਨਾਲ ਸੁਣਦੇ ਹਨ, ਫਿਰ ਵੀ ਧਾਰਮਿਕ ਆਗੂ ਉਸ ਨੂੰ ਮਾਰ ਸੁੱਟਣਾ ਚਾਹੁੰਦੇ ਹਨ, ਪਰੰਤੂ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਜੇ ਤਕ ਨਿਸਫਲ ਹੋਈਆਂ ਹਨ। ਮੱਤੀ 22:​15-40; ਮਰਕੁਸ 12:​13-34; ਲੂਕਾ 20:​20-40.

      ▪ ਯਿਸੂ ਨੂੰ ਫਸਾਉਣ ਲਈ ਫ਼ਰੀਸੀ ਕਿਹੜੀ ਸਾਜ਼ਸ਼ ਘੜਦੇ ਹਨ, ਅਤੇ ਇਸ ਦਾ ਨਤੀਜਾ ਕੀ ਹੋਵੇਗਾ ਜੇਕਰ ਉਹ ਹਾਂ ਜਾਂ ਨਾ ਵਿਚ ਜਵਾਬ ਦਿੰਦਾ ਹੈ?

      ▪ ਉਸ ਨੂੰ ਫਸਾਉਣ ਲਈ ਸਦੂਕੀਆਂ ਦੀਆਂ ਕੋਸ਼ਿਸ਼ਾਂ ਨੂੰ ਯਿਸੂ ਕਿਸ ਤਰ੍ਹਾਂ ਨਾਕਾਮ ਬਣਾਉਂਦਾ ਹੈ?

      ▪ ਯਿਸੂ ਨੂੰ ਪਰਤਾਉਣ ਲਈ ਫ਼ਰੀਸੀ ਹੋਰ ਕਿਹੜੀ ਕੋਸ਼ਿਸ਼ ਕਰਦੇ ਹਨ, ਅਤੇ ਇਸ ਦਾ ਨਤੀਜਾ ਕੀ ਨਿਕਲਦਾ ਹੈ?

      ▪ ਯਰੂਸ਼ਲਮ ਵਿਚ ਆਪਣੀ ਆਖ਼ਰੀ ਸੇਵਕਾਈ ਦੇ ਦੌਰਾਨ, ਯਿਸੂ ਕਿੰਨੇ ਦਿਨ ਹੈਕਲ ਵਿਚ ਸਿੱਖਿਆ ਦਿੰਦਾ ਹੈ, ਅਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ?

  • ਯਿਸੂ ਆਪਣੇ ਵਿਰੋਧੀਆਂ ਨੂੰ ਨਿੰਦਦਾ ਹੈ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 109

      ਯਿਸੂ ਆਪਣੇ ਵਿਰੋਧੀਆਂ ਨੂੰ ਨਿੰਦਦਾ ਹੈ

      ਯਿਸੂ ਨੇ ਇੰਨੀ ਪੂਰੀ ਤਰ੍ਹਾਂ ਨਾਲ ਆਪਣੇ ਵਿਰੋਧੀਆਂ ਨੂੰ ਭੰਬਲ-ਭੂਸਿਆਂ ਵਿਚ ਪਾ ਦਿੱਤਾ ਹੈ ਕਿ ਉਹ ਉਸ ਨੂੰ ਅੱਗੇ ਹੋਰ ਕੁਝ ਪੁੱਛਣ ਤੋਂ ਡਰਦੇ ਹਨ। ਇਸ ਲਈ ਉਹ ਉਨ੍ਹਾਂ ਦੀ ਅਗਿਆਨਤਾ ਨੂੰ ਪ੍ਰਗਟ ਕਰਨ ਦੀ ਪਹਿਲ-ਕਦਮੀ ਕਰਦਾ ਹੈ। “ਮਸੀਹ ਦੇ ਹੱਕ ਵਿੱਚ ਤੁਸੀਂ ਕੀ ਸਮਝਦੇ ਹੋ?” ਉਹ ਪੁੱਛਦਾ ਹੈ। “ਉਹ ਕਿਹ ਦਾ ਪੁੱਤ੍ਰ ਹੈ?”

      “ਦਾਊਦ ਦਾ,” ਫ਼ਰੀਸੀ ਜਵਾਬ ਦਿੰਦੇ ਹਨ।

      ਭਾਵੇਂ ਕਿ ਯਿਸੂ ਇਨਕਾਰ ਨਹੀਂ ਕਰਦਾ ਹੈ ਕਿ ਦਾਊਦ ਮਸੀਹ, ਜਾਂ ਮਸੀਹਾ ਦਾ ਸਰੀਰਕ ਪੂਰਵਜ ਹੈ, ਉਹ ਪੁੱਛਦਾ ਹੈ: “ਫੇਰ ਦਾਊਦ ਆਤਮਾ ਦੀ ਰਾਹੀਂ [ਜ਼ਬੂਰ 110 ਵਿਖੇ] ਕਿੱਕੁਰ ਉਹ ਨੂੰ ਪ੍ਰਭੁ ਆਖਦਾ ਹੈ, ਕਿ ਪ੍ਰਭੁ [“ਯਹੋਵਾਹ,” ਨਿ ਵ] ਨੇ ਮੇਰੇ ਪ੍ਰਭੁ ਨੂੰ ਆਖਿਆ, ਤੂੰ ਮੇਰੇ ਸੱਜੇ ਹੱਥ ਬੈਠ, ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ। ਸੋ ਜਦ ਦਾਊਦ ਉਹ ਨੂੰ ਪ੍ਰਭੁ ਆਖਦਾ ਹੈ ਤਾਂ ਉਹ ਉਸ ਦਾ ਪੁੱਤ੍ਰ ਕਿਸ ਤਰਾਂ ਹੋਇਆ?”

      ਫ਼ਰੀਸੀ ਚੁੱਪ ਹਨ, ਕਿਉਂ ਜੋ ਉਹ ਮਸੀਹ, ਜਾਂ ਮਸਹ ਕੀਤੇ ਹੋਏ ਦੀ ਸੱਚੀ ਪਛਾਣ ਨਹੀਂ ਜਾਣਦੇ ਹਨ। ਮਸੀਹਾ ਸਿਰਫ਼ ਦਾਊਦ ਦੀ ਮਾਨਵੀ ਸੰਤਾਨ ਹੀ ਨਹੀਂ ਹੈ, ਜਿਵੇਂ ਕਿ ਸਪੱਸ਼ਟ ਹੈ ਕਿ ਫ਼ਰੀਸੀ ਵਿਸ਼ਵਾਸ ਕਰਦੇ ਹਨ, ਪਰੰਤੂ ਉਹ ਸਵਰਗ ਵਿਖੇ ਹੋਂਦ ਵਿਚ ਸੀ ਅਤੇ ਦਾਊਦ ਦਾ ਵਡੇਰਾ, ਜਾਂ ਪ੍ਰਭੂ ਸੀ।

      ਹੁਣ ਭੀੜ ਅਤੇ ਆਪਣੇ ਚੇਲਿਆਂ ਵੱਲ ਮੁੜ ਕੇ ਯਿਸੂ ਗ੍ਰੰਥੀਆਂ ਅਤੇ ਫ਼ਰੀਸੀਆਂ ਬਾਰੇ ਚੇਤਾਵਨੀ ਦਿੰਦਾ ਹੈ। ਕਿਉਂ ਜੋ ਇਹ “ਮੂਸਾ ਦੀ ਗੱਦੀ ਉੱਤੇ ਬੈਠੇ” ਪਰਮੇਸ਼ੁਰ ਦੀ ਬਿਵਸਥਾ ਸਿਖਾਉਂਦੇ ਹਨ, ਯਿਸੂ ਜ਼ੋਰ ਦਿੰਦਾ ਹੈ: “ਸਭ ਕੁਝ ਜੋ ਓਹ ਤੁਹਾਨੂੰ ਕਹਿਣ ਤੁਸੀਂ ਮੰਨ ਲੈਣਾ ਅਤੇ ਉਹ ਦੀ ਪਾਲਣਾ ਕਰਨੀ।” ਪਰੰਤੂ ਯਿਸੂ ਅੱਗੇ ਕਹਿੰਦਾ ਹੈ: “ਪਰ ਉਨ੍ਹਾਂ ਵਰਗੇ ਕੰਮ ਨਾ ਕਰਨਾ ਕਿਉਂ ਜੋ ਓਹ ਕਹਿੰਦੇ ਹਨ ਪਰ ਕਰਦੇ ਨਹੀਂ।”

      ਉਹ ਪਖੰਡੀ ਹਨ, ਅਤੇ ਯਿਸੂ ਉਨ੍ਹਾਂ ਨੂੰ ਉਸੇ ਤਰ੍ਹਾਂ ਦੀ ਭਾਸ਼ਾ ਵਿਚ ਨਿੰਦਦਾ ਹੈ ਜਿਵੇਂ ਉਸ ਨੇ ਕੁਝ ਮਹੀਨੇ ਪਹਿਲਾਂ ਇਕ ਫ਼ਰੀਸੀ ਦੇ ਘਰ ਖਾਣਾ ਖਾਣ ਦੇ ਦੌਰਾਨ ਕੀਤਾ ਸੀ। ਉਹ ਕਹਿੰਦਾ ਹੈ: “ਓਹ ਆਪਣੇ ਸਭ ਕੰਮ ਲੋਕਾਂ ਦੇ ਵਿਖਲਾਵੇ ਲਈ ਕਰਦੇ ਹਨ।” ਅਤੇ ਉਹ ਉਦਾਹਰਣ ਦਿੰਦੇ ਹੋਏ ਟਿੱਪਣੀ ਕਰਦਾ ਹੈ:

      “ਉਹ ਸ਼ਾਸਤਰ-ਰੱਖੇ ਹੋਏ ਤਵੀਤਾਂ ਨੂੰ ਚੌੜਾ ਕਰਦੇ ਹਨ ਜਿਨ੍ਹਾਂ ਨੂੰ ਉਹ ਰੱਖਿਆ ਸਾਧਨ ਦੇ ਤੌਰ ਤੇ ਪਹਿਨਦੇ ਹਨ।” (ਨਿ ਵ) ਇਨ੍ਹਾਂ ਤੁਲਨਾਤਮਕ ਤੌਰ ਤੇ ਛੋਟਿਆਂ ਤਵੀਤਾਂ ਵਿਚ, ਜਿਹੜੇ ਮੱਥੇ ਅਤੇ ਬਾਹਾਂ ਉੱਤੇ ਪਹਿਨੇ ਜਾਂਦੇ ਹਨ, ਬਿਵਸਥਾ ਦੇ ਚਾਰ ਹਿੱਸੇ ਰੱਖੇ ਜਾਂਦੇ ਹਨ: ਕੂਚ 13:​1-10, 11-16; ਅਤੇ ਬਿਵਸਥਾ ਸਾਰ 6:​4-9; 11:​13-21. ਪਰੰਤੂ ਫ਼ਰੀਸੀ ਇਹ ਦਿਖਲਾਵਾ ਕਰਨ ਲਈ ਕਿ ਉਹ ਬਿਵਸਥਾ ਦੇ ਸੰਬੰਧ ਵਿਚ ਜੋਸ਼ੀਲੇ ਹਨ, ਇਨ੍ਹਾਂ ਤਵੀਤਾਂ ਦੇ ਆਕਾਰ ਨੂੰ ਵਧਾ ਦਿੰਦੇ ਹਨ।

      ਯਿਸੂ ਅੱਗੇ ਕਹਿੰਦਾ ਹੈ ਕਿ ਉਹ “ਆਪਣੀਆਂ ਝਾਲਰਾਂ ਵਧਾਉਂਦੇ ਹਨ।” ਗਿਣਤੀ 15:38-40 ਵਿਚ ਇਸਰਾਏਲੀਆਂ ਨੂੰ ਆਪਣੇ ਬਸਤਰਾਂ ਉੱਤੇ ਝਾਲਰਾਂ ਲਗਾਉਣ ਦਾ ਹੁਕਮ ਦਿੱਤਾ ਗਿਆ ਸੀ, ਪਰੰਤੂ ਫ਼ਰੀਸੀ ਆਪਣੀਆਂ ਝਾਲਰਾਂ ਨੂੰ ਹੋਰਨਾਂ ਨਾਲੋਂ ਵੱਡੀਆਂ ਬਣਾਉਂਦੇ ਹਨ। ਸਭ ਕੁਝ ਦਿਖਾਵੇ ਲਈ ਕੀਤਾ ਜਾਂਦਾ ਹੈ! ‘ਉਹ ਉੱਚੀਆਂ ਥਾਵਾਂ ਦੇ ਭੁੱਖੇ ਹਨ,’ ਯਿਸੂ ਐਲਾਨ ਕਰਦਾ ਹੈ।

      ਅਫ਼ਸੋਸ ਦੀ ਗੱਲ ਹੈ ਕਿ ਉਸ ਦੇ ਆਪਣੇ ਚੇਲੇ ਵੀ ਉੱਘੇ ਹੋਣ ਦੀ ਇਸ ਇੱਛਾ ਦੁਆਰਾ ਪ੍ਰਭਾਵਿਤ ਹੋਏ ਹਨ। ਇਸ ਲਈ ਉਹ ਸਲਾਹ ਦਿੰਦਾ ਹੈ: “ਪਰ ਤੁਸੀਂ ਸੁਆਮੀ ਨਾ ਕਹਾਓ ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਰ ਤੁਸੀਂ ਸੱਭੇ ਭਾਈ ਹੋ। ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ ਜਿਹੜਾ ਅਕਾਸ਼ ਉੱਤੇ ਹੈ। ਅਰ ਨਾ ਤੁਸੀਂ ਮਾਲਕ ਕਹਾਓ ਕਿਉਂ ਜੋ ਤੁਹਾਡਾ ਮਾਲਕ ਇੱਕੋ ਹੈ ਅਰਥਾਤ ਮਸੀਹ।” ਚੇਲਿਆਂ ਨੂੰ ਅੱਵਲ ਹੋਣ ਦੀ ਆਪਣੀ ਇੱਛਾ ਨੂੰ ਛੱਡਣਾ ਪਵੇਗਾ! “ਉਹ ਜਿਹੜਾ ਤੁਹਾਡੇ ਵਿੱਚੋਂ ਹੋਰਨਾਂ ਨਾਲੋਂ ਵੱਡਾ ਹੈ ਸੋ ਤੁਹਾਡਾ ਟਹਿਲੂਆ ਹੋਵੇ,” ਯਿਸੂ ਤਾੜਨਾ ਦਿੰਦਾ ਹੈ।

      ਫਿਰ ਯਿਸੂ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਬਾਰ-ਬਾਰ ਪਖੰਡੀ ਆਖਦੇ ਹੋਏ, ਉਨ੍ਹਾਂ ਉੱਪਰ ਹਾਇ-ਹਾਇ ਦੀ ਇਕ ਲੜੀ ਐਲਾਨ ਕਰਦਾ ਹੈ। ਉਹ ‘ਸੁਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹਨ,’ ਉਹ ਕਹਿੰਦਾ ਹੈ, ਅਤੇ “ਓਹ ਵਿਧਵਾਂ ਦੇ ਘਰਾਂ ਨੂੰ ਚੱਟ ਕਰ ਜਾਂਦੇ ਹਨ ਅਤੇ ਵਿਖਾਵੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਂ ਕਰਦੇ ਹਨ।”

      “ਹੇ ਅੰਨ੍ਹੇ ਆਗੂਓ, ਤੁਹਾਡੇ ਉੱਤੇ ਹਾਇ ਹਾਇ!” ਯਿਸੂ ਕਹਿੰਦਾ ਹੈ। ਉਹ ਫ਼ਰੀਸੀਆਂ ਵਿਚ ਅਧਿਆਤਮਿਕ ਕੀਮਤਾਂ ਦੀ ਘਾਟ ਦੀ ਨਿੰਦਿਆ ਕਰਦਾ ਹੈ, ਜੋ ਉਨ੍ਹਾਂ ਦੁਆਰਾ ਕੀਤੇ ਆਪਮਤਾ ਭਿੰਨਤਾ ਦੇ ਦੁਆਰਾ ਪ੍ਰਗਟ ਹੁੰਦੀ ਹੈ। ਉਦਾਹਰਣ ਲਈ, ਉਹ ਕਹਿੰਦੇ ਹਨ, “ਜੇ ਕੋਈ ਹੈਕਲ ਦੀ ਸੌਂਹ ਖਾਵੇ ਤਾਂ ਕੁਝ ਗੱਲ ਨਹੀਂ ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸੌਂਹ ਖਾਵੇ ਤਾਂ ਉਹ ਪੂਰੀ ਕਰਨੀ ਪਊ।” ਉਪਾਸਨਾ ਦੀ ਥਾਂ ਦੀ ਅਧਿਆਤਮਿਕ ਕੀਮਤ ਦੀ ਬਜਾਇ, ਹੈਕਲ ਦੇ ਸੋਨੇ ਉੱਪਰ ਜ਼ਿਆਦਾ ਜ਼ੋਰ ਦੇਣ ਦੇ ਦੁਆਰਾ, ਉਹ ਆਪਣਾ ਨੈਤਿਕ ਅੰਨ੍ਹਾਪਨ ਪ੍ਰਗਟ ਕਰਦੇ ਹਨ।

      ਫਿਰ, ਜਿਵੇਂ ਉਸ ਨੇ ਪਹਿਲਾਂ ਵੀ ਕੀਤਾ ਸੀ, ਯਿਸੂ “ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ” ਅਣਗੌਲਿਆਂ ਕਰਨ ਲਈ ਅਤੇ ਮਹੱਤਵਹੀਣ ਬੂਟੀਆਂ ਦੇ ਦਸਵੰਧ, ਜਾਂ ਦਸਵੇਂ ਹਿੱਸੇ ਦੇਣ ਉੱਤੇ ਵੱਡੀ ਮਹੱਤਤਾ ਦੇਣ ਦੇ ਲਈ ਫ਼ਰੀਸੀਆਂ ਦੀ ਨਿੰਦਿਆ ਕਰਦਾ ਹੈ।

      ਯਿਸੂ ਫ਼ਰੀਸੀਆਂ ਨੂੰ ‘ਅੰਨ੍ਹੇ ਆਗੂ’ ਆਖਦਾ ਹੈ, ‘ਜਿਹੜੇ ਮੱਛਰ ਪੁਣ ਲੈਂਦੇ ਅਤੇ ਊਠ ਨਿਗਲ ਜਾਂਦੇ ਹਨ!’ ਉਹ ਆਪਣੇ ਦਾਖ ਰਸ ਵਿੱਚੋਂ ਇਕ ਮੱਛਰ ਨੂੰ ਪੁਣ ਲੈਂਦੇ ਹਨ ਸਿਰਫ਼ ਇਸ ਕਰਕੇ ਨਹੀਂ ਕਿਉਂਕਿ ਇਹ ਇਕ ਕੀੜਾ ਹੈ ਸਗੋਂ ਇਸ ਕਰਕੇ ਕਿਉਂਕਿ ਇਹ ਰੀਤੀ ਅਨੁਸਾਰ ਅਸ਼ੁੱਧ ਹੈ। ਫਿਰ ਵੀ, ਉਨ੍ਹਾਂ ਦੀ ਬਿਵਸਥਾ ਦੇ ਭਾਰੇ ਵਿਸ਼ਿਆਂ ਦੀ ਅਣਗਹਿਲੀ ਕਰਨਾ, ਇਕ ਊਠ ਨੂੰ ਨਿਗਲਣ ਦੇ ਬਰਾਬਰ ਹੈ, ਜਿਹੜਾ ਕਿ ਰੀਤੀ ਅਨੁਸਾਰ ਅਸ਼ੁੱਧ ਹੈ। ਮੱਤੀ 22:​41–23:24; ਮਰਕੁਸ 12:​35-40; ਲੂਕਾ 20:​41-47; ਲੇਵੀਆਂ 11:​4, 21-24.

      ▪ ਜਦੋਂ ਯਿਸੂ ਫ਼ਰੀਸੀਆਂ ਤੋਂ ਜ਼ਬੂਰ 110 ਵਿਚ ਦਾਊਦ ਦੀ ਕਹੀ ਗੱਲ ਬਾਰੇ ਸਵਾਲ ਕਰਦਾ ਹੈ ਤਾਂ ਉਹ ਕਿਉਂ ਚੁੱਪ ਹੋ ਜਾਂਦੇ ਹਨ?

      ▪ ਫ਼ਰੀਸੀ ਆਪਣੇ ਸ਼ਾਸਤਰ-ਰੱਖੇ ਹੋਏ ਤਵੀਤਾਂ ਅਤੇ ਆਪਣੇ ਬਸਤਰਾਂ ਦੀਆਂ ਝਾਲਰਾਂ ਨੂੰ ਕਿਉਂ ਵਧਾਉਂਦੇ ਹਨ?

      ▪ ਯਿਸੂ ਆਪਣੇ ਚੇਲਿਆਂ ਨੂੰ ਕਿਹੜੀ ਸਲਾਹ ਦਿੰਦਾ ਹੈ?

      ▪ ਫ਼ਰੀਸੀ ਕਿਹੜੀ ਆਪਮਤਾ ਭਿੰਨਤਾ ਕਰਦੇ ਹਨ, ਅਤੇ ਯਿਸੂ ਕਿਸ ਤਰ੍ਹਾਂ ਭਾਰੇ ਵਿਸ਼ਿਆਂ ਦੀ ਅਣਗਹਿਲੀ ਕਰਨ ਦੇ ਲਈ ਉਨ੍ਹਾਂ ਦੀ ਨਿੰਦਿਆ ਕਰਦਾ ਹੈ?

  • ਹੈਕਲ ਵਿਖੇ ਸੇਵਕਾਈ ਪੂਰੀ ਹੋਈ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 110

      ਹੈਕਲ ਵਿਖੇ ਸੇਵਕਾਈ ਪੂਰੀ ਹੋਈ

      ਯਿਸੂ ਹੈਕਲ ਵਿਖੇ ਆਖ਼ਰੀ ਵਾਰੀ ਦਿਖਾਈ ਦੇ ਰਿਹਾ ਹੈ। ਦਰਅਸਲ, ਉਹ ਆਪਣੇ ਮੁਕੱਦਮੇ ਅਤੇ ਮੌਤ ਦੀਆਂ ਘਟਨਾਵਾਂ ਨੂੰ ਛੱਡ, ਜਿਹੜੀਆਂ ਭਵਿੱਖ ਵਿਚ ਤਿੰਨਾਂ ਦਿਨਾਂ ਬਾਅਦ ਹਨ, ਧਰਤੀ ਉੱਤੇ ਆਪਣੀ ਜਨਤਕ ਸੇਵਕਾਈ ਸਮਾਪਤ ਕਰ ਰਿਹਾ ਹੈ। ਹੁਣ ਉਹ ਗ੍ਰੰਥੀਆਂ ਅਤੇ ਫ਼ਰੀਸੀਆਂ ਉੱਤੇ ਆਪਣੀ ਫਿਟਕਾਰ ਜਾਰੀ ਰੱਖਦਾ ਹੈ।

      ਤਿੰਨ ਵਾਰੀ ਹੋਰ ਉਹ ਜ਼ੋਰ ਦੀ ਕਹਿੰਦਾ ਹੈ: “ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ!” ਪਹਿਲਾਂ, ਉਹ ਉਨ੍ਹਾਂ ਉੱਤੇ ਹਾਇ ਘੋਸ਼ਿਤ ਕਰਦਾ ਹੈ ਕਿਉਂਕਿ ਉਹ ‘ਕਟੋਰੇ ਅਰ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹਨ ਪਰ ਅੰਦਰੋਂ ਓਹ ਲੁੱਟ ਅਤੇ ਬਦਪਰਹੇਜ਼ੀ ਨਾਲ ਭਰੇ ਹੋਏ ਹਨ।’ ਇਸ ਲਈ ਉਹ ਤਾੜਨਾ ਦਿੰਦਾ ਹੈ: “ਪਹਿਲਾਂ ਕਟੋਰੇ ਅਤੇ ਥਾਲੀ ਦੇ ਅੰਦਰ ਨੂੰ ਸਾਫ਼ ਕਰ ਤਾਂ ਓਹ ਬਾਹਰੋਂ ਵੀ ਸਾਫ਼ ਹੋਣਗੇ।”

      ਫਿਰ ਉਹ ਗ੍ਰੰਥੀਆਂ ਅਤੇ ਫ਼ਰੀਸੀਆਂ ਉੱਤੇ ਅੰਦਰੂਨੀ ਗੰਦਗੀ ਅਤੇ ਸੜ੍ਹਾਂਦ ਲਈ ਹਾਇ ਘੋਸ਼ਿਤ ਕਰਦਾ ਹੈ ਜਿਸ ਨੂੰ ਉਹ ਬਾਹਰੀ ਭਗਤੀ ਦੁਆਰਾ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦਾ ਹੈ: “ਤੁਸੀਂ ਕਲੀ ਫੇਰੀਆਂ ਹੋਈਆਂ ਕਬਰਾਂ ਵਰਗੇ ਹੋ ਜਿਹੜੀਆਂ ਬਾਹਰੋਂ ਤਾਂ ਸੋਹੁਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਪਲੀਤੀ ਨਾਲ ਭਰੀਆਂ ਹੋਈਆਂ ਹਨ।”

      ਅੰਤ ਵਿਚ, ਉਨ੍ਹਾਂ ਦਾ ਪਖੰਡ ਇਸ ਗੱਲ ਤੋਂ ਵੀ ਪ੍ਰਗਟ ਹੁੰਦਾ ਹੈ ਕਿ ਉਹ ਆਪਣੇ ਦਾਨਸ਼ੀਲਤਾ ਦੇ ਕੰਮਾਂ ਵੱਲ ਧਿਆਨ ਖਿੱਚਣ ਦੇ ਲਈ ਨਬੀਆਂ ਵਾਸਤੇ ਕਬਰਾਂ ਬਣਾਉਣ ਅਤੇ ਉਨ੍ਹਾਂ ਨੂੰ ਸਜਾਉਣ ਵਿਚ ਇੱਛੁਕ ਹਨ। ਫਿਰ ਵੀ, ਜਿਵੇਂ ਯਿਸੂ ਪ੍ਰਗਟ ਕਰਦਾ ਹੈ, ਉਹ “ਨਬੀਆਂ ਦੇ ਖੂਨੀਆਂ ਦੇ ਪੁੱਤ੍ਰ” ਹਨ। ਸੱਚ-ਮੁੱਚ, ਜਿਹੜੇ ਉਨ੍ਹਾਂ ਦੇ ਪਖੰਡ ਦਾ ਭੇਤ ਖੋਲ੍ਹਣ ਦਾ ਹੌਸਲਾ ਕਰਦੇ ਹਨ ਉਹ ਖ਼ਤਰੇ ਵਿਚ ਹਨ!

      ਅੱਗੇ ਜਾ ਕੇ ਯਿਸੂ ਨਿੰਦਿਆ ਦੇ ਆਪਣੇ ਸਭ ਤੋਂ ਸਖ਼ਤ ਸ਼ਬਦ ਕਹਿੰਦਾ ਹੈ। ਉਹ ਕਹਿੰਦਾ ਹੈ: “ਹੇ ਸੱਪੋ, ਹੇ ਨਾਗਾਂ ਦੇ ਬੱਚਿਓ! ਤੁਸੀਂ ਨਰਕ [“ਗ਼ਹੈਨਾ,” ਨਿ ਵ] ਦੇ ਡੰਨੋਂ ਕਿਸ ਬਿਧ ਭੱਜੋਗੇ?” ਗ਼ਹੈਨਾ ਉਹ ਵਾਦੀ ਹੈ ਜੋ ਯਰੂਸ਼ਲਮ ਦਾ ਕੂੜਾ-ਕਰਕਟ ਸੁੱਟਣ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸ ਲਈ ਯਿਸੂ ਕਹਿ ਰਿਹਾ ਹੈ ਕਿ ਗ੍ਰੰਥੀ ਅਤੇ ਫ਼ਰੀਸੀ ਆਪਣੇ ਦੁਸ਼ਟ ਕੰਮਾਂ ਦੇ ਪਿੱਛੇ ਲੱਗਣ ਦੇ ਕਾਰਨ, ਸਦੀਪਕ ਨਾਸ਼ ਭੋਗਣਗੇ।

      ਉਨ੍ਹਾਂ ਦੇ ਸੰਬੰਧ ਵਿਚ ਜਿਨ੍ਹਾਂ ਨੂੰ ਉਹ ਆਪਣੇ ਪ੍ਰਤਿਨਿਧਾਂ ਦੇ ਤੌਰ ਤੇ ਭੇਜਦਾ ਹੈ, ਯਿਸੂ ਕਹਿੰਦਾ ਹੈ: “ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁੱਟੋਗੇ ਅਤੇ ਸਲੀਬ ਉੱਤੇ ਚੜ੍ਹਾਓਗੇ ਅਤੇ ਕਈਆਂ ਨੂੰ ਆਪਣੀਆਂ ਸਮਾਜਾਂ ਵਿੱਚ ਕੋਰੜੇ ਮਾਰੋਗੇ ਅਤੇ ਸ਼ਹਿਰ ਸ਼ਹਿਰ ਉਨ੍ਹਾਂ ਦੇ ਮਗਰ ਪਓਗੇ। ਤਾਂਕਿ ਧਰਮੀਆਂ ਦਾ ਜਿੰਨਾ ਲਹੂ ਧਰਤੀ ਉੱਤੇ ਵਹਾਇਆ ਗਿਆ ਹਾਬਲ ਧਰਮੀ ਦੇ ਲਹੂ ਤੋਂ ਲੈ ਕੇ ਬਰਕਯਾਹ [ਦੂਜਾ ਇਤਹਾਸ ਵਿਚ ਯਹੋਯਾਦਾ ਸੱਦਿਆ ਗਿਆ] ਦੇ ਪੁੱਤ੍ਰ ਜ਼ਕਰਯਾਹ ਦੇ ਲਹੂ ਤੀਕ ਜਿਹ ਨੂੰ ਤੁਸਾਂ ਹੈਕਲ ਅਤੇ ਜਗਵੇਦੀ ਦੇ ਵਿਚਕਾਰ ਮਾਰ ਦਿੱਤਾ ਸੱਭੋ ਤੁਹਾਡੇ ਜੁੰਮੇ ਆਵੇ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਇਹ ਸਭ ਕੁਝ ਇਸ ਪੀਹੜੀ ਦੇ ਲੋਕਾਂ ਦੇ ਜੁੰਮੇ ਆਵੇਗਾ।”

      ਕਿਉਂਕਿ ਜ਼ਕਰਯਾਹ ਨੇ ਇਸਰਾਏਲ ਦੇ ਆਗੂਆਂ ਨੂੰ ਤਾੜਨਾ ਦਿੱਤੀ ਸੀ, “ਉਨ੍ਹਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਅਤੇ ਪਾਤਸ਼ਾਹ ਦੇ ਹੁਕਮ ਨਾਲ ਉਹ ਨੂੰ ਯਹੋਵਾਹ ਦੇ ਭਵਨ ਵਿੱਚ ਪੱਥਰਾਂ ਨਾਲ ਮਾਰ ਸੁੱਟਿਆ।” ਪਰੰਤੂ, ਜਿਵੇਂ ਕਿ ਯਿਸੂ ਭਵਿੱਖਬਾਣੀ ਕਰਦਾ ਹੈ, ਇਸਰਾਏਲ ਅਜਿਹੇ ਵਹਾਏ ਗਏ ਸਾਰੇ ਧਰਮੀ ਲਹੂ ਦੀ ਸਜ਼ਾ ਭੁਗਤੇਗੀ। ਉਨ੍ਹਾਂ ਨੇ 37 ਵਰ੍ਹਿਆਂ ਬਾਅਦ, 70 ਸਾ.ਯੁ. ਵਿਚ, ਇਹ ਸਜ਼ਾ ਭੁਗਤੀ, ਜਦੋਂ ਰੋਮੀ ਸੈਨਾ ਨੇ ਯਰੂਸ਼ਲਮ ਨਾਸ਼ ਕੀਤਾ ਅਤੇ ਦਸ ਲੱਖ ਤੋਂ ਜ਼ਿਆਦਾ ਯਹੂਦੀ ਮਾਰੇ ਗਏ।

      ਜਿਉਂ-ਜਿਉਂ ਯਿਸੂ ਇਸ ਭਿਆਨਕ ਦਸ਼ਾ ਦੇ ਬਾਰੇ ਵਿਚਾਰ ਕਰਦਾ ਹੈ, ਉਹ ਵਿਆਕੁਲ ਹੁੰਦਾ ਹੈ। “ਹੇ ਯਰੂਸ਼ਲਮ ਯਰੂਸ਼ਲਮ!” ਉਹ ਇਕ ਵਾਰੀ ਫਿਰ ਐਲਾਨ ਕਰਦਾ ਹੈ, “ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰਾਂ ਇਕੱਠੇ ਕਰਾਂ ਜਿਸ ਤਰਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ। ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।”

      ਫਿਰ ਯਿਸੂ ਅੱਗੇ ਕਹਿੰਦਾ ਹੈ: “ਤੁਸੀਂ ਮੈਨੂੰ ਏਦੋਂ ਅੱਗੇ ਫੇਰ ਨਾ ਵੇਖੋਗੇ ਜਦ ਤੋੜੀ ਇਹ ਨਾ ਕਹੋਗੇ ਭਈ ਮੁਬਾਰਕ ਹੈ ਉਹ ਜਿਹੜਾ ਪ੍ਰਭੁ [“ਯਹੋਵਾਹ,” ਨਿ ਵ] ਦੇ ਨਾਮ ਉੱਤੇ ਆਉਂਦਾ ਹੈ।” ਉਹ ਦਿਨ ਮਸੀਹ ਦੀ ਮੌਜੂਦਗੀ ਦੇ ਦੌਰਾਨ ਹੋਵੇਗਾ ਜਦੋਂ ਉਹ ਆਪਣੇ ਸਵਰਗੀ ਰਾਜ ਵਿਚ ਆਵੇਗਾ ਅਤੇ ਲੋਕੀ ਉਸ ਨੂੰ ਨਿਹਚਾ ਦੀਆਂ ਅੱਖਾਂ ਨਾਲ ਦੇਖਣਗੇ।

      ਹੁਣ ਯਿਸੂ ਹੈਕਲ ਵਿਚ ਉਸ ਥਾਂ ਤੇ ਜਾਂਦਾ ਹੈ ਜਿੱਥੇ ਉਹ ਖ਼ਜ਼ਾਨਾ ਬਕਸਿਆਂ ਨੂੰ ਅਤੇ ਲੋਕਾਂ ਨੂੰ ਉਨ੍ਹਾਂ ਵਿਚ ਪੈਸੇ ਪਾਉਂਦੇ ਹੋਏ ਦੇਖ ਸਕੇ। ਧਨਵਾਨ ਬਹੁਤ ਸਿੱਕੇ ਪਾਉਂਦੇ ਹਨ। ਪਰ ਫਿਰ ਇਕ ਕੰਗਾਲ ਵਿਧਵਾ ਆਉਂਦੀ ਹੈ ਅਤੇ ਬਹੁਤ ਘੱਟ ਕੀਮਤ ਦੇ ਦੋ ਛੋਟੇ ਸਿੱਕੇ ਪਾਉਂਦੀ ਹੈ।

      ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਯਿਸੂ ਕਹਿੰਦਾ ਹੈ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਿਹੜੇ ਖ਼ਜ਼ਾਨੇ ਵਿੱਚ ਪਾਉਂਦੇ ਹਨ ਉਨ੍ਹਾਂ ਸਭਨਾਂ ਨਾਲੋਂ ਇਸ ਕੰਗਾਲ ਵਿਧਵਾ ਨੇ ਬਹੁਤਾ ਪਾਇਆ।” ਉਹ ਜ਼ਰੂਰ ਹੈਰਾਨ ਹੋਏ ਹੋਣਗੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਇਸ ਲਈ ਯਿਸੂ ਵਿਆਖਿਆ ਕਰਦਾ ਹੈ: “ਸਭਨਾਂ ਨੇ ਆਪਣੇ ਵਾਫ਼ਰ ਮਾਲ ਤੋਂ ਕੁਝ ਪਾਇਆ ਪਰ ਇਸ ਨੇ ਆਪਣੀ ਥੁੜ ਵਿੱਚੋਂ ਜੋ ਕੁਝ ਇਹ ਦਾ ਸੀ ਅਰਥਾਤ ਆਪਣੀ ਸਾਰੀ ਪੂੰਜੀ ਪਾ ਦਿੱਤੀ।” ਇਨ੍ਹਾਂ ਗੱਲਾਂ ਨੂੰ ਕਹਿਣ ਦੇ ਬਾਅਦ, ਯਿਸੂ ਆਖ਼ਰੀ ਵਾਰੀ ਹੈਕਲ ਵਿੱਚੋਂ ਚਲਾ ਜਾਂਦਾ ਹੈ।

      ਹੈਕਲ ਦੇ ਆਕਾਰ ਅਤੇ ਸੁੰਦਰਤਾ ਉੱਤੇ ਅਚੰਭਾ ਕਰਦੇ ਹੋਏ, ਉਸ ਦੇ ਚੇਲਿਆਂ ਵਿੱਚੋਂ ਇਕ ਬੋਲ ਉਠਦਾ ਹੈ: “ਗੁਰੂ ਜੀ ਵੇਖੋ, ਏਹ ਕਿਹੇ ਜਿਹੇ ਪੱਥਰ ਅਤੇ ਕਿਹੀਆਂ ਇਮਾਰ­ਤਾਂ ਹਨ!” ਸੱਚ-ਮੁੱਚ ਹੀ, ਰਿਪੋਰਟ ਅਨੁਸਾਰ ਪੱਥਰ 11 ਮੀਟਰ ਤੋਂ ਜ਼ਿਆਦਾ ਲੰਬੇ, 5 ਮੀਟਰ ਤੋਂ ਜ਼ਿਆਦਾ ਚੌੜੇ, ਅਤੇ 3 ਮੀਟਰ ਤੋਂ ਜ਼ਿਆਦਾ ਉੱਚੇ ਹਨ!

      “ਕੀ ਤੂੰ ਵੱਡੀਆਂ ਇਮਾਰਤਾਂ ਨੂੰ ਵੇਖਦਾ ਹੈਂ?” ਯਿਸੂ ਜਵਾਬ ਦਿੰਦਾ ਹੈ। “ਐਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ ਜਿਹੜਾ ਡੇਗਿਆ ਨਾ ਜਾਏ।”

      ਇਨ੍ਹਾਂ ਗੱਲਾਂ ਨੂੰ ਕਹਿਣ ਦੇ ਬਾਅਦ, ਯਿਸੂ ਅਤੇ ਉਸ ਦੇ ਰਸੂਲ ਕਿਦਰੋਨ ਵਾਦੀ ਨੂੰ ਪਾਰ ਕਰ ਕੇ ਜ਼ੈਤੂਨ ਦੇ ਪਹਾੜ ਉੱਤੇ ਚੜ੍ਹ ਜਾਂਦੇ ਹਨ। ਇੱਥੋਂ ਦੀ ਉਹ ਹੇਠਾਂ ਉਸ ਸ਼ਾਨਦਾਰ ਹੈਕਲ ਨੂੰ ਦੇਖ ਸਕਦੇ ਹਨ। ਮੱਤੀ 23:​25–24:3; ਮਰਕੁਸ 12:​41–13:3; ਲੂਕਾ 21:​1-6; 2 ਇਤਹਾਸ 24:​20-22.

      ▪ ਹੈਕਲ ਦੀ ਆਪਣੀ ਆਖ਼ਰੀ ਯਾਤਰਾ ਦੇ ਦੌਰਾਨ ਯਿਸੂ ਕੀ ਕਰਦਾ ਹੈ?

      ▪ ਗ੍ਰੰਥੀਆਂ ਅਤੇ ਫ਼ਰੀਸੀਆਂ ਦਾ ਪਖੰਡ ਕਿਸ ਤਰ੍ਹਾਂ ਪ੍ਰਗਟ ਹੁੰਦਾ ਹੈ?

      ▪ ‘ਗ਼ਹੈਨਾ ਦੇ ਡੰਨ’ ਦਾ ਕੀ ਮਤਲਬ ਹੈ?

      ▪ ਯਿਸੂ ਕਿਉਂ ਕਹਿੰਦਾ ਹੈ ਕਿ ਵਿਧਵਾ ਨੇ ਧਨਵਾਨਾਂ ਨਾਲੋਂ ਜ਼ਿਆਦਾ ਚੰਦਾ ਦਿੱਤਾ ਹੈ?

  • ਅੰਤ ਦਿਆਂ ਦਿਨਾਂ ਦੇ ਲੱਛਣ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 111

      ਅੰਤ ਦਿਆਂ ਦਿਨਾਂ ਦੇ ਲੱਛਣ

      ਹੁਣ ਮੰਗਲਵਾਰ ਦੁਪਹਿਰ ਦਾ ਸਮਾਂ ਹੈ। ਜਿਉਂ ਹੀ ਯਿਸੂ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹੇਠਾਂ ਹੈਕਲ ਵੱਲ ਦੇਖ ਰਿਹਾ ਹੈ, ਪਤਰਸ, ਅੰਦ੍ਰਿਯਾਸ, ਯਾਕੂਬ, ਅਤੇ ਯੂਹੰਨਾ ਉਸ ਕੋਲ ਇਕਾਂਤ ਵਿਚ ਆਉਂਦੇ ਹਨ। ਉਹ ਹੈਕਲ ਦੇ ਬਾਰੇ ਚਿੰਤਿਤ ਹਨ, ਕਿਉਂਕਿ ਯਿਸੂ ਨੇ ਹੁਣੇ-ਹੁਣੇ ਪੂਰਵ-ਸੂਚਿਤ ਕੀਤਾ ਹੈ ਕਿ ਇਸ ਵਿਚ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ।

      ਪਰੰਤੂ ਸਪੱਸ਼ਟ ਹੈ ਕਿ ਉਨ੍ਹਾਂ ਦੇ ਮਨਾਂ ਵਿਚ ਕੁਝ ਹੋਰ ਵੀ ਗੱਲ ਹੈ ਜਿਉਂ ਹੀ ਉਹ ਯਿਸੂ ਕੋਲ ਆਉਂਦੇ ਹਨ। ਕੁਝ ਹਫ਼ਤੇ ਪਹਿਲਾਂ, ਉਸ ਨੇ ਆਪਣੀ “ਮੌਜੂਦਗੀ,” (ਨਿ ਵ) ਬਾਰੇ ਗੱਲ ਕੀਤੀ ਸੀ, ਜਿਸ ਸਮੇਂ ਦੇ ਦੌਰਾਨ “ਮਨੁੱਖ ਦਾ ਪੁੱਤ੍ਰ ਪਰਗਟ ਹੋਵੇਗਾ।” ਅਤੇ ਇਸ ਤੋਂ ਪਹਿਲਾਂ ਵੀ ਇਕ ਅਵਸਰ ਤੇ, ਉਸ ਨੇ ਉਨ੍ਹਾਂ ਨੂੰ “ਰੀਤੀ-ਵਿਵਸਥਾ ਦੀ ­ਸਮਾਪਤੀ,” (ਨਿ ਵ) ਬਾਰੇ ਦੱਸਿਆ ਸੀ। ਇਸ ਕਰਕੇ ਰਸੂਲ ਬਹੁਤ ਜਿਗਿਆਸੂ ਹਨ।

      “ਸਾਨੂੰ ਦੱਸ,” ਉਹ ਕਹਿੰਦੇ ਹਨ, “ਇਹ ਗੱਲਾਂ [ਜੋ ਯਰੂਸ਼ਲਮ ਅਤੇ ਉਸ ਦੀ ਹੈਕਲ ਦੇ ਨਾਸ਼ ਵਿਚ ਪਰਿਣਿਤ ਹੋਣਗੀਆਂ] ਕਦੋਂ ਹੋਣਗੀਆਂ, ਅਤੇ ਤੇਰੀ ਮੌਜੂਦਗੀ ਦਾ ਅਤੇ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ?” (ਨਿ ਵ) ਅਸਲ ਵਿਚ, ਉਨ੍ਹਾਂ ਦਾ ਸਵਾਲ ਤਿੰਨ ਹਿੱਸਿਆਂ ਵਾਲਾ ਹੈ। ਪਹਿਲਾ, ਉਹ ਯਰੂਸ਼ਲਮ ਅਤੇ ਇਸ ਦੀ ਹੈਕਲ ਦੇ ਅੰਤ ਬਾਰੇ ਜਾਣਨਾ ਚਾਹੁੰਦੇ ਹਨ, ਫਿਰ ਰਾਜ ਸ਼ਕਤੀ ਵਿਚ ਯਿਸੂ ਦੀ ਮੌਜੂਦਗੀ ਬਾਰੇ, ਅਤੇ ਆਖ਼ਰ ਵਿਚ ਪੂਰੀ ਰੀਤੀ-ਵਿਵਸਥਾ ਦੇ ਅੰਤ ਦੇ ਬਾਰੇ।

      ਆਪਣੇ ਲੰਬੇ ਜਵਾਬ ਵਿਚ, ਯਿਸੂ ਸਵਾਲ ਦੇ ਸਾਰੇ ਤਿੰਨਾਂ ਹਿੱਸਿਆਂ ਦੇ ਜਵਾਬ ਦਿੰਦਾ ਹੈ। ਉਹ ਇਕ ਲੱਛਣ ਮੁਹੱਈਆ ਕਰਦਾ ਹੈ ਜੋ ਸ਼ਨਾਖਤ ਕਰਦਾ ਹੈ ਕਿ ਯਹੂਦੀ ਰੀਤੀ-ਵਿਵਸਥਾ ਦਾ ਅੰਤ ਕਦੋਂ ਹੋਵੇਗਾ; ਪਰੰਤੂ ਉਹ ਇਸ ਤੋਂ ਵੀ ਵੱਧ ਮੁਹੱਈਆ ਕਰਦਾ ਹੈ। ਉਹ ਇਕ ਹੋਰ ਲੱਛਣ ਵੀ ਦਿੰਦਾ ਹੈ ਜੋ ਉਸ ਦੇ ਭਾਵੀ ਚੇਲਿਆਂ ਨੂੰ ਚੌਕਸ ਕਰੇਗਾ ਤਾਂਕਿ ਉਹ ਜਾਣ ਸਕਣ ਕਿ ਉਹ ਉਸ ਦੀ ਮੌਜੂਦਗੀ ਦੇ ਦੌਰਾਨ ਅਤੇ ਪੂਰੀ ਰੀਤੀ-ਵਿਵਸਥਾ ਦੇ ਅੰਤ ਦੇ ਨੇੜੇ ਰਹਿ ਰਹੇ ਹਨ।

      ਜਿਉਂ-ਜਿਉਂ ਵਰ੍ਹੇ ਬੀਤਦੇ ਜਾਂਦੇ ਹਨ, ਰਸੂਲ ਯਿਸੂ ਦੀ ਭਵਿੱਖਬਾਣੀ ਨੂੰ ਪੂਰਿਆਂ ਹੁੰਦੇ ਹੋਏ ਦੇਖਦੇ ਹਨ। ਜੀ ਹਾਂ, ਠੀਕ ਉਹੀ ਗੱਲਾਂ ਜਿਨ੍ਹਾਂ ਦੇ ਬਾਰੇ ਉਸ ਨੇ ਪੂਰਵ-ਸੂਚਨਾ ਦਿੱਤੀ ਸੀ, ਉਹ ਉਨ੍ਹਾਂ ਦੇ ਦਿਨਾਂ ਵਿਚ ਹੋਣੀਆਂ ਸ਼ੁਰੂ ਹੋਈਆਂ। ਇਸ ਕਰਕੇ, ਉਹ ਮਸੀਹੀ ਜਿਹੜੇ 37 ਵਰ੍ਹਿਆਂ ਬਾਅਦ, 70 ਸਾ.ਯੁ. ਵਿਚ ਜੀਉਂਦੇ ਹਨ, ਯਹੂਦੀ ਰੀਤੀ-ਵਿਵਸਥਾ ਅਤੇ ਉਸ ਦੀ ਹੈਕਲ ਦੇ ਨਾਸ਼ ਦੁਆਰਾ ਬੇਖ਼ਬਰੇ ਨਹੀਂ ਫੜੇ ਜਾਂਦੇ ਹਨ।

      ਫਿਰ ਵੀ, ਮਸੀਹ ਦੀ ਮੌਜੂਦਗੀ ਅਤੇ ਰੀਤੀ-ਵਿਵਸਥਾ ਦੀ ਸਮਾਪਤੀ 70 ਸਾ.ਯੁ. ਵਿਚ ਨਹੀਂ ਹੁੰਦੀ ਹੈ। ਰਾਜ ਸ਼ਕਤੀ ਵਿਚ ਉਸ ਦੀ ਮੌਜੂਦਗੀ ਬਹੁਤ ਸਮੇਂ ਬਾਅਦ ਵਾਪਰਦੀ ਹੈ। ਪਰੰਤੂ ਕਦੋਂ? ਯਿਸੂ ਦੀ ਭਵਿੱਖਬਾਣੀ ਉੱਤੇ ਧਿਆਨ ਦੇਣ ਨਾਲ ਇਹ ਪ੍ਰਗਟ ਹੁੰਦਾ ਹੈ।

      ਯਿਸੂ ਪੂਰਵ-ਸੂਚਿਤ ਕਰਦਾ ਹੈ ਕਿ “ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ” ਹੋਣਗੀਆਂ। ‘ਕੌਮ ਕੌਮ ਉੱਤੇ ਚੜ੍ਹਾਈ ਕਰੇਗੀ,’ ਉਹ ਕਹਿੰਦਾ ਹੈ, ਅਤੇ ਕਾਲ, ਭੁਚਾਲ, ਅਤੇ ਮਰੀਆਂ ਪੈਣਗੀਆਂ। ਉਸ ਦੇ ਚੇਲੇ ਨਫ਼ਰਤ ਕੀਤੇ ਜਾਣਗੇ ਅਤੇ ਮਾਰੇ ਜਾਣਗੇ। ਝੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇ ਵਿਚ ਪਾਉਣਗੇ। ਕੁਧਰਮ ਵਿਚ ਵਾਧਾ ਹੋਵੇਗਾ, ਅਤੇ ਬਹੁਤਿਆਂ ਦੀ ਪ੍ਰੀਤ ਠੰਢੀ ਹੋ ਜਾਵੇਗੀ। ਉਸੇ ਸਮੇਂ, ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸਾਰੀਆਂ ਕੌਮਾਂ ਨੂੰ ਗਵਾਹੀ ਦੇ ਤੌਰ ਤੇ ਪ੍ਰਚਾਰ ਕੀਤੀ ਜਾਵੇਗੀ।

      ਭਾਵੇਂ ਕਿ ਯਿਸੂ ਦੀ ਭਵਿੱਖਬਾਣੀ ਦੀ ਇਕ ਸੀਮਿਤ ਪੂਰਤੀ 70 ਸਾ.ਯੁ. ਵਿਚ ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਹੋਈ ਹੈ, ਇਸ ਦੀ ਪ੍ਰਮੁੱਖ ਪੂਰਤੀ ਉਸ ਦੀ ਮੌਜੂਦਗੀ ਅਤੇ ਇਸ ਰੀਤੀ-ਵਿਵਸਥਾ ਦੀ ਸਮਾਪਤੀ ਦੇ ਦੌਰਾਨ ਹੋਣੀ ਹੈ। 1914 ਤੋਂ ਲੈ ਕੇ ਹੁਣ ਤਕ ਦੀਆਂ ਸੰਸਾਰਕ ਘਟਨਾਵਾਂ ਦਾ ਧਿਆਨਪੂਰਵਕ ਪੁਨਰ-ਵਿਚਾਰ ਪ੍ਰਗਟ ਕਰਦਾ ਹੈ ਕਿ ਯਿਸੂ ਦੀ ਅਤਿ ਮਹੱਤਵਪੂਰਣ ਭਵਿੱਖਬਾਣੀ ਦੀ ਪ੍ਰਮੁੱਖ ਪੂਰਤੀ ਉਸੇ ਵਰ੍ਹੇ ਤੋਂ ਹੋ ਰਹੀ ਹੈ।

      ਲੱਛਣ ਦਾ ਇਕ ਹੋਰ ਹਿੱਸਾ ਜੋ ਯਿਸੂ ਦਿੰਦਾ ਹੈ, ਉਹ ਹੈ “ਉਸ ਉਜਾੜਨ ਵਾਲੀ ਘਿਣਾਉਣੀ ਚੀਜ਼” ਦਾ ਪ੍ਰਗਟ ਹੋਣਾ। 66 ਸਾ.ਯੁ. ਵਿਚ ਉਹ ਘਿਣਾਉਣੀ ਚੀਜ਼ ਰੋਮੀ “ਫ਼ੌਜਾਂ” ਦੇ ਰੂਪ ਵਿਚ ਪ੍ਰਗਟ ਹੁੰਦੀ ਹੈ, ਜੋ ਯਰੂਸ਼ਲਮ ਨੂੰ ਘੇਰ ਲੈਂਦੀ ਹੈ ਅਤੇ ਉਸ ਦੀ ਹੈਕਲ ਦੀ ਕੰਧ ਨੂੰ ਨਸ਼ਟ ਕਰ ਦਿੰਦੀ ਹੈ। ਉਹ “ਘਿਣਾਉਣੀ ਚੀਜ਼,” ਉੱਥੇ ਖੜ੍ਹੀ ਹੈ ਜਿੱਥੇ ਇਸ ਨੂੰ ਨਹੀਂ ਹੋਣਾ ਚਾਹੀਦਾ ਹੈ।

      ਲੱਛਣ ਦੀ ਪ੍ਰਮੁੱਖ ਪੂਰਤੀ ਵਿਚ, ਘਿਣਾਉਣੀ ਚੀਜ਼ ਰਾਸ਼ਟਰ-ਸੰਘ ਅਤੇ ਉਸ ਦਾ ਉਤਰਾਧਿਕਾਰੀ, ਸੰਯੁਕਤ ਰਾਸ਼ਟਰ-ਸੰਘ ਹੈ। ਮਸੀਹੀ-ਜਗਤ, ਵਿਸ਼ਵ ਸ਼ਾਂਤੀ ਦੇ ਇਸ ਸੰਗਠਨ ਨੂੰ ਪਰਮੇਸ਼ੁਰ ਦੇ ਰਾਜ ਦੀ ਇਵਜ਼ੀ ਸਮਝਦਾ ਹੈ। ਕਿੰਨਾ ਘਿਣਾਉਣਾ! ਇਸ ਲਈ, ਸਮਾਂ ਆਉਣ ਤੇ, ਸੰਯੁਕਤ ਰਾਸ਼ਟਰ-ਸੰਘ ਨਾਲ ਸੰਬੰਧਿਤ ਰਾਜਨੀਤਿਕ ਸ਼ਕਤੀਆਂ ਮਸੀਹੀ-ਜਗਤ (ਪ੍ਰਤਿਰੂਪੀ ਯਰੂਸ਼ਲਮ) ਦੇ ਖਿਲਾਫ਼ ਹੋ ਜਾਣਗੀਆਂ ਅਤੇ ਉਸ ਨੂੰ ਨਾਸ਼ ਕਰਨਗੀਆਂ।

      ਇਸ ਤਰ੍ਹਾਂ ਯਿਸੂ ਪੂਰਵ-ਸੂਚਿਤ ਕਰਦਾ ਹੈ: “ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” ਸੰਨ 70 ਸਾ.ਯੁ. ਵਿਚ ਯਰੂਸ਼ਲਮ ਦਾ ਨਾਸ਼ ਸੱਚ-ਮੁੱਚ ਹੀ ਇਕ ਵੱਡਾ ਕਸ਼ਟ ਹੈ, ਜਿਸ ਵਿਚ ਰਿਪੋਰਟ ਅਨੁਸਾਰ ਦਸ ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ। ਯਿਸੂ ਦੀ ਭਵਿੱਖਬਾਣੀ ਦੇ ਇਸ ਭਾਗ ਦੀ ਪ੍ਰਮੁੱਖ ਪੂਰਤੀ ਹੋਰ ਵੀ ਜ਼ਿਆਦਾ ਵੱਡੀ ਹੋਵੇਗੀ।

      ਅੰਤ ਦਿਆਂ ਦਿਨਾਂ ਦੇ ਦੌਰਾਨ ਭਰੋਸਾ

      ਜਿਉਂ-ਜਿਉਂ ਮੰਗਲਵਾਰ, ਨੀਸਾਨ 11 ਦਾ ਦਿਨ ਖ਼ਤਮ ਹੁੰਦਾ ਹੈ, ਯਿਸੂ ਆਪਣੇ ਰਸੂਲਾਂ ਨਾਲ ਰਾਜ ਸ਼ਕਤੀ ਵਿਚ ਆਪਣੀ ਮੌਜੂਦਗੀ ਅਤੇ ਰੀਤੀ-ਵਿਵਸਥਾ ਦੇ ਅੰਤ ਦੇ ਲੱਛਣ ਸੰਬੰਧੀ ਚਰਚਾ ਜਾਰੀ ਰੱਖਦਾ ਹੈ। ਉਹ ਉਨ੍ਹਾਂ ਨੂੰ ਝੂਠੇ ਮਸੀਹਾਂ ਦੇ ਪਿੱਛੇ ਲੱਗਣ ਬਾਰੇ ਚੇਤਾਵਨੀ ਦਿੰਦਾ ਹੈ। ਉਹ ਕਹਿੰਦਾ ਹੈ ਕਿ “ਜੇ ਹੋ ਸੱਕਦਾ ਤਾਂ ਓਹ ਚੁਣਿਆਂ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ” ਦੇਣ ਦੀਆਂ ਕੋਸ਼ਿਸ਼ਾਂ ਕਰਨਗੇ। ਪਰੰਤੂ, ਦੂਰ-ਦ੍ਰਿਸ਼ਟੀ ਵਾਲੀਆਂ ਗਿਰਝਾ ਵਾਂਗੂ, ਇਹ ਚੁਣੇ ਹੋਏ ਉੱਥੇ ਇਕੱਠੇ ਹੋਣਗੇ ਜਿੱਥੇ ਸੱਚਾ ਅਧਿਆਤਮਿਕ ਭੋਜਨ ਮਿਲਦਾ ਹੈ, ਅਰਥਾਤ ਸੱਚੇ ਮਸੀਹ ਦੇ ਕੋਲ ਉਸ ਦੀ ਅਦਿੱਖ ਮੌਜੂਦਗੀ ਦੇ ਸਮੇਂ। ਉਹ ਭੁਲਾਵੇਂ ਵਿਚ ਪੈ ਕੇ ਕਿਸੇ ਝੂਠੇ ਮਸੀਹ ਦੇ ਕੋਲ ਇਕੱਠੇ ਨਹੀਂ ਹੋਣਗੇ।

      ਝੂਠੇ ਮਸੀਹ ਸਿਰਫ਼ ਇਕ ਦ੍ਰਿਸ਼ਟ ਪ੍ਰਗਟਾਵਾ ਕਰ ਸਕਦੇ ਹਨ। ਇਸ ਦੀ ਤੁਲਨਾ ਵਿਚ, ਯਿਸੂ ਦੀ ਮੌਜੂਦਗੀ ਅਦਿੱਖ ਹੋਵੇਗੀ। ਯਿਸੂ ਕਹਿੰਦਾ ਹੈ ਕਿ ਕਸ਼ਟ ਸ਼ੁਰੂ ਹੋਣ ਤੋਂ ਬਾਅਦ: “ਸੂਰਜ ਅਨ੍ਹੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ।” ਜੀ ਹਾਂ, ਇਹ ਮਨੁੱਖਜਾਤੀ ਦੀ ਹੋਂਦ ਦਾ ਸਭ ਤੋਂ ਵੱਧ ਅੰਧਕਾਰ ਦਾ ਸਮਾਂ ਹੋਵੇਗਾ। ਇਹ ਇਸ ਤਰ੍ਹਾਂ ਲੱਗੇਗਾ ਜਿਵੇਂ ਕਿ ਸੂਰਜ ਦਿਨ ਸਮੇਂ ਅਨ੍ਹੇਰਾ ਹੋ ਗਿਆ ਹੋਵੇ, ਅਤੇ ਜਿਵੇਂ ਕਿ ਚੰਦ ਰਾਤ ਦੇ ਵੇਲੇ ਆਪਣੀ ਚਾਨਣੀ ਨਾ ਦੇ ਰਿਹਾ ਹੋਵੇ।

      “ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ,” ਯਿਸੂ ਜਾਰੀ ਰੱਖਦਾ ਹੈ। ਇਸ ਤਰ੍ਹਾਂ ਉਹ ਸੰਕੇਤ ਕਰਦਾ ਹੈ ਕਿ ਭੌਤਿਕ ਆਕਾਸ਼ ਨਹਿਸ਼ ਦਿੱਖ ਅਪਣਾ ਲੈਣਗੇ। ਉਸ ਸਮੇਂ ਡਰ ਅਤੇ ਹਿੰਸਾ, ਪਿਛਲੇ ਮਾਨਵ ਇਤਿਹਾਸ ਵਿਚ ਅਨੁਭਵ ਕੀਤੇ ਗਏ ਡਰ ਅਤੇ ਹਿੰਸਾ ਨਾਲੋਂ ਕਿਤੇ ਹੀ ਜ਼ਿਆਦਾ ਹੋਵੇਗਾ।

      ਨਤੀਜੇ ਵਜੋਂ, ਯਿਸੂ ਕਹਿੰਦਾ ਹੈ ਕਿ “ਸਮੁੰਦਰ ਅਰ ਉਹਦੀਆਂ ਲਹਿਰਾਂ ਦੇ ਗਰਜਨੇ ਦੇ ਕਾਰਨ ਕੌਮਾਂ ਨੂੰ ਕਸ਼ਟ ਅਤੇ ਘਬਰਾਹਟ ਹੋਵੇਗੀ। ਅਰ ਡਰ ਦੇ ਮਾਰੇ ਅਤੇ ਉਨ੍ਹਾਂ ਗੱਲਾਂ ਦੀ ਉਡੀਕ ਤੋਂ ਜੋ ਦੁਨੀਆਂ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਜੀ ਡੁੱਬ ਜਾਣਗੇ।” ਦਰਅਸਲ, ਜਿਉਂ-ਜਿਉਂ ਮਾਨਵੀ ਹੋਂਦ ਦਾ ਇਹ ਸਭ ਤੋਂ ਵੱਧ ਅੰਧਕਾਰ ਦਾ ਸਮਾਂ ਆਪਣੇ ਅੰਤ ਦੇ ਨੇੜੇ ਆਉਂਦਾ ਹੈ, “ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਰ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ।”

      ਪਰੰਤੂ ਜਦੋਂ ‘ਮਨੁੱਖ ਦਾ ਪੁੱਤ੍ਰ ਆਪਣੇ ਸਮਰੱਥ ਨਾਲ’ ਇਸ ਦੁਸ਼ਟ ਰੀਤੀ-ਵਿਵਸਥਾ ਨੂੰ ਨਾਸ਼ ਕਰਨ ਲਈ ਆਉਂਦਾ ਹੈ ਤਾਂ ਸਾਰੇ ਨਹੀਂ ਪਿੱਟਣਗੇ। ‘ਚੁਣੇ ਹੋਏ,’ ਉਹ ­1,44,000 ਵਿਅਕਤੀ ਜਿਹੜੇ ਮਸੀਹ ਨਾਲ ਉਸ ਦੇ ਸਵਰਗੀ ਰਾਜ ਵਿਚ ਸਾਂਝੀ ਹੋਣਗੇ, ਨਹੀਂ ਪਿੱਟਣਗੇ ਅਤੇ ਨਾ ਹੀ ਉਨ੍ਹਾਂ ਦੇ ਸਾਥੀ, ਜਿਨ੍ਹਾਂ ਨੂੰ ਯਿਸੂ ਨੇ ਅੱਗੇ ‘ਹੋਰ ਭੇਡਾਂ’ ਸੱਦਿਆ ਸੀ। ਮਾਨਵ ਇਤਿਹਾਸ ਦੇ ਸਭ ਤੋਂ ਵੱਧ ਅੰਧਕਾਰ ਦੇ ਸਮੇਂ ਦੇ ਦੌਰਾਨ ਰਹਿਣ ਦੇ ਬਾਵਜੂਦ, ਇਹ ਲੋਕ ਯਿਸੂ ਦੇ ਹੌਸਲੇ ਦੇ ਪ੍ਰਤੀ ਪ੍ਰਤਿਕ੍ਰਿਆ ਦਿਖਾਉਂਦੇ ਹਨ: “ਜਾਂ ਏਹ ਗੱਲਾਂ ਹੋਣ ਲੱਗਣਗੀਆਂ ਤਾਂ ਉਤਾਹਾਂ ਵੇਖੋ ਅਤੇ ਆਪਣੇ ਸਿਰ ਚੁੱਕੋ ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ।”

      ਤਾਂਕਿ ਅੰਤ ਦਿਆਂ ਦਿਨਾਂ ਦੇ ਦੌਰਾਨ ਜੀਉਣ ਵਾਲੇ ਉਸ ਦੇ ਚੇਲੇ ਅੰਤ ਦੀ ਨੇੜਤਾ ਨੂੰ ਨਿਸ਼ਚਿਤ ਕਰ ਸਕਣ, ਯਿਸੂ ਇਹ ਦ੍ਰਿਸ਼ਟਾਂਤ ਦਿੰਦਾ ਹੈ: “ਹੰਜੀਰ ਦੇ ਬੂਟੇ ਨੂੰ ਅਤੇ ਸਾਰਿਆਂ ਰੁੱਖਾਂ ਨੂੰ ਵੇਖੋ। ਜਦ ਉਨ੍ਹਾਂ ਦੇ ਪੱਤਰ ਨਿੱਕਲਦੇ ਹਨ ਤਾਂ ਤੁਸੀਂ ਵੇਖ ਕੇ ਆਪੇ ਜਾਣ ਲੈਂਦੇ ਹੋ ਜੋ ਹੁਣ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰਾਂ ਨਾਲ ਜਾਂ ਤੁਸੀਂ ਵੇਖੋ ਭਈ ਏਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ੁਰ ਦਾ ਰਾਜ ਨੇੜੇ ਹੈ। ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਤੋੜੀ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।”

      ਇਸ ਕਰਕੇ, ਜਦ ਉਸ ਦੇ ਚੇਲੇ ਲੱਛਣ ਦਿਆਂ ਬਹੁਤ ਵੱਖ-ਵੱਖ ਪਹਿਲੂਆਂ ਨੂੰ ਪੂਰੇ ਹੁੰਦੇ ਹੋਏ ਦੇਖਦੇ ਹਨ, ਤਾਂ ਉਨ੍ਹਾਂ ਨੂੰ ਅਹਿਸਾਸ ਕਰ ਲੈਣਾ ਚਾਹੀਦਾ ਹੈ ਕਿ ਇਸ ਰੀਤੀ-ਵਿਵਸਥਾ ਦਾ ਅੰਤ ਨੇੜੇ ਹੈ ਅਤੇ ਕਿ ਪਰਮੇਸ਼ੁਰ ਦਾ ਰਾਜ ਸਾਰੀ ਦੁਸ਼ਟਤਾ ਨੂੰ ਜਲਦੀ ਹੀ ਸਾਫ਼ ਕਰੇਗਾ। ਅਸਲ ਵਿਚ, ਅੰਤ ਉਨ੍ਹਾਂ ਲੋਕਾਂ ਦੇ ਜੀਵਨਕਾਲ ਵਿਚ ਹੀ ਵਾਪਰੇਗਾ ਜਿਨ੍ਹਾਂ ਨੇ ਯਿਸੂ ਦੀਆਂ ਸਾਰੀਆਂ ਪੂਰਵ-ਸੂਚਿਤ ਗੱਲਾਂ ਦੀ ਪੂਰਤੀ ਦੇਖੀ ਹੈ! ਉਨ੍ਹਾਂ ਚੇਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਜਿਹੜੇ ਉਸ ਅਤਿ ਮਹੱਤਵਪੂਰਣ ਅੰਤ ਦਿਆਂ ਦਿਨਾਂ ਦੇ ਦੌਰਾਨ ਜੀਉਂਦੇ ਹੋਣਗੇ, ਯਿਸੂ ਕਹਿੰਦਾ ਹੈ:

      “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ! ਕਿਉਂ ਜੋ ਉਹ ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ। ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸੱਕੋ।”

      ਚਤੁਰ ਅਤੇ ਮੂਰਖ ਕੁਆਰੀਆਂ

      ਯਿਸੂ ਰਾਜ ਸ਼ਕਤੀ ਵਿਚ ਆਪਣੀ ਮੌਜੂਦਗੀ ਦੇ ਲੱਛਣ ਲਈ ਆਪਣੇ ਰਸੂਲਾਂ ਦੀ ਬੇਨਤੀ ਦਾ ਜਵਾਬ ਦੇ ਰਿਹਾ ਸੀ। ਹੁਣ ਉਹ ਤਿੰਨ ਨੀਤੀ-ਕਥਾਵਾਂ, ਜਾਂ ਦ੍ਰਿਸ਼ਟਾਂਤਾਂ ਵਿਚ ਲੱਛਣ ਦੇ ਹੋਰ ਪਹਿਲੂ ਦਿੰਦਾ ਹੈ।

      ਉਸ ਦੀ ਮੌਜੂਦਗੀ ਦੇ ਦੌਰਾਨ ਜੀਉਣ ਵਾਲੇ ਲੋਕ ਹਰੇਕ ਦ੍ਰਿਸ਼ਟਾਂਤ ਦੀ ਪੂਰਤੀ ਨੂੰ ਦੇਖ ਸਕਣਗੇ। ਉਹ ਪਹਿਲਾ ਦ੍ਰਿਸ਼ਟਾਂਤ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਕਰਦਾ ਹੈ: “ਉਸ ਵੇਲੇ ਸੁਰਗ ਦਾ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੀਆਂ ਮਸਾਲਾਂ ਲੈਕੇ ਲਾੜੇ ਦੇ ਮਿਲਨ ਨੂੰ ਨਿੱਕਲੀਆਂ। ਅਰ ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਚਤਰ ਸਨ।”

      “ਸੁਰਗ ਦਾ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ,” ਇਸ ਅਭਿਵਿਅਕਤੀ ਦੁਆਰਾ ਯਿਸੂ ਦਾ ਇਹ ਮਤਲਬ ਨਹੀਂ ਹੈ ਕਿ ਸਵਰਗੀ ਰਾਜ ਦੇ ਵਾਰਸਾਂ ਵਿੱਚੋਂ ਅੱਧੇ ਮੂਰਖ ਹੋਣਗੇ ਅਤੇ ਅੱਧੇ ਚਤੁਰ ਵਿਅਕਤੀ ਹੋਣਗੇ! ਨਹੀਂ, ਬਲਕਿ ਉਸ ਦਾ ਮਤਲਬ ਹੈ ਕਿ ਸਵਰਗੀ ਰਾਜ ਦੇ ਸੰਬੰਧ ਵਿਚ, ਇਸ ਤਰ੍ਹਾਂ ਦਾ ਜਾਂ ਉਸ ਤਰ੍ਹਾਂ ਦਾ ਇਕ ਪਹਿਲੂ ਹੈ, ਜਾਂ ਰਾਜ ਨਾਲ ਸੰਬੰਧਿਤ ਵਿਸ਼ੇ ਫਲਾਨੀ-ਫਲਾਨੀ ਚੀਜ਼ ਵਰਗੇ ਹੋਣਗੇ।

      ਦਸ ਕੁਆਰੀਆਂ ਸਾਰੇ ਮਸੀਹੀਆਂ ਨੂੰ ਸੰਕੇਤ ਕਰਦੀਆਂ ਹਨ ਜਿਹੜੇ ਸਵਰਗੀ ਰਾਜ ਵਿਚ ਜਾਣ ਦੀ ਸਥਿਤੀ ਵਿਚ ਹਨ ਜਾਂ ਹੋਣ ਦਾ ਦਾਅਵਾ ਕਰਦੇ ਹਨ। ਇਹ ਪੰਤੇਕੁਸਤ 33 ਸਾ.ਯੁ. ਵਿਚ ਸੀ ਕਿ ਮਸੀਹੀ ਕਲੀਸਿਯਾ ਨੂੰ ਪੁਨਰ-ਉਥਿਤ, ਮਹਿਮਾਯੁਕਤ ਲਾੜੇ, ਯਿਸੂ ਮਸੀਹ ਨਾਲ ਵਿਆਹ ਲਈ ਵਾਅਦਾ ਕੀਤਾ ਗਿਆ ਸੀ। ਪਰੰਤੂ ਵਿਆਹ ਸਵਰਗ ਵਿਚ ਭਵਿੱਖ ਵਿਚ ਕਿਸੇ ਅਨਿਸ਼ਚਿਤ ਸਮੇਂ ਤੇ ਹੋਣਾ ਸੀ।

      ਦ੍ਰਿਸ਼ਟਾਂਤ ਵਿਚ, ਦਸ ਕੁਆਰੀਆਂ ਲਾੜੇ ਦਾ ਸੁਆਗਤ ਕਰਨ ਅਤੇ ਵਿਆਹ ਦੇ ਜਲੂਸ ਵਿਚ ਸ਼ਾਮਲ ਹੋਣ ਦੇ ਉਦੇਸ਼ ਨਾਲ ਨਿਕਲਦੀਆਂ ਹਨ। ਜਦੋਂ ਉਹ ਆਉਂਦਾ ਹੈ, ਤਾਂ ਉਹ ਆਪਣੀਆਂ ਮਸਾਲਾਂ ਨਾਲ ਜਲੂਸ ਵਾਲੇ ਰਾਹ ਵਿਚ ਰੌਸ਼ਨੀ ਕਰਨਗੀਆਂ, ਅਤੇ ਇਸ ਤਰ੍ਹਾਂ ਉਸ ਦਾ ਆਦਰ ਕਰਦੀਆਂ ਹਨ ਜਿਉਂ ਉਹ ਆਪਣੀ ਲਾੜੀ ਨੂੰ ਉਸ ਲਈ ਤਿਆਰ ਕੀਤੇ ਹੋਏ ਘਰ ਨੂੰ ਲਿਆਉਂਦਾ ਹੈ। ਪਰੰਤੂ, ਯਿਸੂ ਵਿਆਖਿਆ ਕਰਦਾ ਹੈ: “ਜਿਹੜੀਆਂ ਮੂਰਖਣੀਆਂ ਸਨ ਉਨ੍ਹਾਂ ਨੇ ਆਪਣੀਆਂ ਮਸਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ। ਪਰ ਚਤਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸਾਲਾਂ ਨਾਲ ਲੈ ਲਿਆ। ਅਤੇ ਜਦ ਲਾੜੇ ਨੇ ਚਿਰ ਲਾਇਆ ਓਹ ਸਭ ਊਂਘ ਪਈਆਂ ਅਤੇ ਸੌਂ ਗਈਆਂ”।

      ਲਾੜੇ ਵੱਲੋਂ ਅਤਿ ਦੇਰੀ ਸੰਕੇਤ ਕਰਦੀ ਹੈ ਕਿ ਸੱਤਾਧਾਰੀ ਰਾਜੇ ਦੇ ਤੌਰ ਤੇ ਮਸੀਹ ਦੀ ਮੌਜੂਦਗੀ ਅਜੇ ਦੂਰ ਭਵਿੱਖ ਵਿਚ ਹੋਣੀ ਹੈ। ਉਹ ਆਖ਼ਰਕਾਰ ਸੰਨ 1914 ਵਿਚ ਆਪਣੇ ਸਿੰਘਾਸਣ ਤੇ ਆਉਂਦਾ ਹੈ। ਉਸ ਤੋਂ ਪਹਿਲਾਂ ਦੀ ਲੰਬੀ ਰਾਤ ਦੇ ਦੌਰਾਨ ਸਾਰੀਆਂ ਕੁਆਰੀਆਂ ਸੌਂ ਜਾਂਦੀਆਂ ਹਨ। ਪਰੰਤੂ ਉਨ੍ਹਾਂ ਨੂੰ ਇਸ ਲਈ ਦੋਸ਼ੀ ਨਹੀਂ ­ਠਹਿਰਾਇਆ ਜਾਂਦਾ ਹੈ। ਮੂਰਖ ਕੁਆਰੀਆਂ ਨੂੰ ਉਨ੍ਹਾਂ ਦੇ ਭਾਂਡਿਆਂ ਵਿਚ ਤੇਲ ਨਾ ਹੋਣ ਦੇ ਕਾਰਨ ਦੋਸ਼ੀ ਠਹਿਰਾਇਆ ਜਾਂਦਾ ਹੈ। ਯਿਸੂ ਵਿਆਖਿਆ ਕਰਦਾ ਹੈ ਕਿ ਕਿਸ ਤਰ੍ਹਾਂ ਕੁਆਰੀਆਂ ਲਾੜੇ ਦੇ ਪਹੁੰਚਣ ਤੋਂ ਪਹਿਲਾਂ ਜਾਗਦੀਆਂ ਹਨ: “ਅੱਧੀ ਰਾਤ ਨੂੰ ਧੁੰਮ ਪਈ, ਔਹ ਲਾੜਾ ਆਇਆ, ਉਹ ਦੇ ਮਿਲਣ ਨੂੰ ਨਿੱਕਲੋ! ਤਦ ਉਨ੍ਹਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸਾਲਾਂ ਤਿਆਰ ਕੀਤੀਆਂ। ਅਤੇ ਮੂਰਖਾਂ ਨੇ ਚਤਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁਝ ਸਾਨੂੰ ਦਿਓ ਕਿਉਂ ਜੋ ਸਾਡੀਆਂ ਮਸਾਲਾਂ ਬੁਝਦੀਆਂ ਜਾਂਦੀਆਂ ਹਨ। ਪਰ ਚਤਰਾਂ ਨੇ ਉੱਤਰ ਦਿੱਤਾ, ਨਾ, ਕਿਤੇ ਸਾਡੇ ਅਤੇ ਤੁਹਾਡੇ ਲਈ ਥੁੜ ਨਾ ਜਾਏ ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾਕੇ ਆਪਣੇ ਲਈ ਮੁੱਲ ਲਓ।”

      ਤੇਲ ਉਸ ਚੀਜ਼ ਨੂੰ ਸੰਕੇਤ ਕਰਦਾ ਹੈ ਜੋ ਪ੍ਰਕਾਸ਼ਕਾਰੀਆਂ ਦੇ ਤੌਰ ਤੇ ਸੱਚੇ ਮਸੀਹੀਆਂ ਦੀ ਚਮਕ ਨੂੰ ਕਾਇਮ ਰੱਖਦੀ ਹੈ। ਇਹ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਹੈ, ਜਿਸ ਨੂੰ ਮਸੀਹੀ ਘੁਟ ਕੇ ਫੜੀ ਰੱਖਦੇ ਹਨ, ਨਾਲ ਹੀ ਪਵਿੱਤਰ ਆਤਮਾ, ਜਿਹੜੀ ਉਸ ਬਚਨ ਨੂੰ ਸਮਝਣ ਵਿਚ ਉਨ੍ਹਾਂ ਦੀ ਮਦਦ ਕਰਦੀ ਹੈ। ਇਹ ਅਧਿਆਤਮਿਕ ਤੇਲ ਚਤੁਰ ਕੁਆਰੀਆਂ ਨੂੰ ਯੋਗ ਬਣਾਉਂਦਾ ਹੈ ਕਿ ਉਹ ਵਿਆਹ ਦੀ ਦਾਅਵਤ ਨੂੰ ਜਾਣ ਵਾਲੇ ਜਲੂਸ ਦੇ ਦੌਰਾਨ ਲਾੜੇ ਦੇ ਸੁਆਗਤ ਵਿਚ ਰੌਸ਼ਨੀ ਪਾਉਣ। ਪਰੰਤੂ ਮੂਰਖ ਕੁਆਰੀਆਂ ਦੇ ਆਪਣੇ ਆਪ ਵਿਚ, ਅਰਥਾਤ ਆਪਣੇ ਭਾਂਡਿਆਂ ਵਿਚ, ਲੋੜੀਂਦਾ ਅਧਿਆਤਮਿਕ ਤੇਲ ਨਹੀਂ ਹੈ। ਇਸ ਲਈ ਯਿਸੂ ਵਿਆਖਿਆ ਕਰਦਾ ਹੈ ਕਿ ਕੀ ਹੁੰਦਾ ਹੈ:

      “ਜਦ ਓਹ [ਮੂਰਖ ਕੁਆਰੀਆਂ ਤੇਲ] ਮੁੱਲ ਲੈਣ ਗਈਆਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹ ਦੇ ਨਾਲ ਵਿਆਹ ਵਿੱਚ ਜਾ ਵੜੀਆਂ ਅਤੇ ਬੂਹਾ ਮਾਰਿਆ ਗਿਆ। ਅਰ ਪਿੱਛੋਂ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ, ਹੇ ਮਹਾਰਾਜ, ਹੇ ਮਹਾਰਾਜ! ਸਾਡੇ ਲਈ ਖੋਲ੍ਹ ਦਿਓ! ਪਰ ਉਹ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਮੈਂ ਤੁਹਾਨੂੰ ਨਹੀਂ ਪਛਾਣਦਾ।”

      ਮਸੀਹ ਦੇ ਆਪਣੇ ਸਵਰਗੀ ਰਾਜ ਵਿਚ ਪਹੁੰਚਣ ਤੋਂ ਬਾਅਦ, ਮਸਹ ਕੀਤੇ ਹੋਏ ਸੱਚੇ ਮਸੀਹੀਆਂ ਦਾ ਚਤੁਰ ਕੁਆਰੀਆਂ ਦਾ ਵਰਗ, ਵਾਪਸ ਆਏ ਹੋਏ ਲਾੜੇ ਦੀ ਵਡਿਆਈ ਵਿਚ ਇਸ ਅੰਧਕਾਰ ਭਰੀ ਦੁਨੀਆਂ ਵਿਚ ਰੌਸ਼ਨੀ ਪਾਉਣ ਦੇ ਆਪਣੇ ਵਿਸ਼ੇਸ਼-ਸਨਮਾਨ ਦੇ ਪ੍ਰਤੀ ਜਾਗਦਾ ਹੈ। ਪਰੰਤੂ ਮੂਰਖ ਕੁਆਰੀਆਂ ਦੁਆਰਾ ਚਿਤ੍ਰਿਤ ਕੀਤੇ ਹੋਏ ਲੋਕ, ਇਹ ਸੁਆਗਤੀ ਵਡਿਆਈ ਦੇਣ ਦੇ ਲਈ ਤਿਆਰ ਨਹੀਂ ਹਨ। ਇਸ ਲਈ ਜਦੋਂ ਸਮਾਂ ਆਉਂਦਾ ਹੈ, ਤਾਂ ਮਸੀਹ ਸਵਰਗ ਵਿਚ ਉਨ੍ਹਾਂ ਲਈ ਵਿਆਹ ਦੀ ਦਾਅਵਤ ਦਾ ਦਰਵਾਜ਼ਾ ਨਹੀਂ ਖੋਲ੍ਹਦਾ ਹੈ। ਉਹ ਉਨ੍ਹਾਂ ਨੂੰ ਬਾਕੀ ਸਾਰੇ ਬੁਰਿਆਰਾਂ ਦੇ ਨਾਲ ਨਾਸ਼ ਹੋਣ ਲਈ, ਸੰਸਾਰ ਦੀ ਸਭ ਤੋਂ ਗਹਿਰੀ ਰਾਤ ਦੇ ਅਨ੍ਹੇਰੇ ਵਿਚ ਬਾਹਰ ਛੱਡ ਦਿੰਦਾ ਹੈ। “ਇਸ ਕਰਕੇ ਜਾਗਦੇ ਰਹੋ,” ਯਿਸੂ ਸਮਾਪਤ ਕਰਦਾ ਹੈ, “ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ।”

      ਤੋੜਿਆਂ ਦਾ ਦ੍ਰਿਸ਼ਟਾਂਤ

      ਯਿਸੂ ਜ਼ੈਤੂਨ ਦੇ ਪਹਾੜ ਉੱਤੇ ਆਪਣੇ ਰਸੂਲਾਂ ਨੂੰ ਇਕ ਹੋਰ ਦ੍ਰਿਸ਼ਟਾਂਤ ਦੱਸਦੇ ਹੋਏ ਉਨ੍ਹਾਂ ਨਾਲ ਆਪਣੇ ਚਰਚੇ ਨੂੰ ਜਾਰੀ ਰੱਖਦਾ ਹੈ, ਅਤੇ ਇਹ ਤਿੰਨ ਦ੍ਰਿਸ਼ਟਾਂਤਾਂ ਦੀ ਲੜੀ ਵਿੱਚੋਂ ਦੂਜਾ ਹੈ। ਕੁਝ ਦਿਨ ਪਹਿਲਾਂ, ਜਦੋਂ ਉਹ ਯਰੀਹੋ ਵਿਖੇ ਸੀ, ਉਸ ਨੇ ਇਹ ਦਿਖਾਉਣ ਲਈ ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ ਦਿੱਤਾ ਸੀ ਕਿ ਰਾਜ ਅਜੇ ਕਾਫ਼ੀ ਸਮੇਂ ਬਾਅਦ ਭਵਿੱਖ ਵਿਚ ਆਵੇਗਾ। ਹੁਣ ਜਿਹੜਾ ਦ੍ਰਿਸ਼ਟਾਂਤ ਉਹ ਦੱਸਦਾ ਹੈ, ਜਦ ਕਿ ਇਸ ਦੇ ਕਈ ਸਮਾਨ ਪਹਿਲੂ ਹਨ, ਇਹ ਆਪਣੀ ਪੂਰਤੀ ਵਿਚ ਮਸੀਹ ਦੀ ਰਾਜ ਸ਼ਕਤੀ ਵਿਚ ਮੌਜੂਦਗੀ ਦੇ ਦੌਰਾਨ ਹੋਣ ਵਾਲੇ ਕਾਰਜਾਂ ਨੂੰ ਵਰਣਿਤ ਕਰਦਾ ਹੈ। ਇਹ ਸਪੱਸ਼ਟ ਕਰਦਾ ਹੈ ਕਿ ਉਸ ਦੇ ਚੇਲਿਆਂ ਨੂੰ ਧਰਤੀ ਉੱਤੇ ਰਹਿੰਦਿਆਂ, ‘ਉਸ ਦੇ ਮਾਲ’ ਨੂੰ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ।

      ਯਿਸੂ ਸ਼ੁਰੂ ਕਰਦਾ ਹੈ: “ਇਹ ਗੱਲ [ਯਾਨੀ ਕਿ, ਰਾਜ ਦੇ ਨਾਲ ਸੰਬੰਧਿਤ ਹਾਲਾਤਾਂ] ਤਾਂ ਉਸ ਮਨੁੱਖ ਵਰਗੀ ਹੈ ਜਿਹ ਨੇ ਪਰਦੇਸ ਨੂੰ ਜਾਣ ਲੱਗਿਆਂ ਆਪਣੇ ਚਾਕਰਾਂ ਨੂੰ ਸੱਦ ਕੇ ਆਪਣਾ ਮਾਲ ਉਨ੍ਹਾਂ ਨੂੰ ਸੌਂਪਿਆ।” ਯਿਸੂ ਉਹ ਆਦਮੀ ਹੈ, ਜਿਹੜਾ ਸਵਰਗ ਨੂੰ ਸਫਰ ਕਰਨ ਤੋਂ ਪਹਿਲਾਂ, ਆਪਣੇ ਚਾਕਰਾਂ​— ਉਹ ਚੇਲੇ ਜੋ ਸਵਰਗੀ ਰਾਜ ਹਾਸਲ ਕਰਨਗੇ​— ਨੂੰ ਆਪਣਾ ਮਾਲ ਸੌਂਪਦਾ ਹੈ। ਇਹ ਮਾਲ ਭੌਤਿਕ ਜਾਇਦਾਦ ਨਹੀਂ ਹੈ, ਬਲਕਿ ਇਹ ਇਕ ਵਾਹੇ ਹੋਏ ਖੇਤਰ ਨੂੰ ਦਰਸਾਉਂਦਾ ਹੈ ਜਿਸ ਵਿਚ ਉਸ ਨੇ ਹੋਰ ਚੇਲੇ ਉਤਪੰਨ ਕਰਨ ਦੀ ਸੰਭਾਵਨਾ ਕਾਇਮ ਕੀਤੀ ਹੈ।

      ਯਿਸੂ ਸਵਰਗ ਨੂੰ ਚੜ੍ਹਨ ਤੋਂ ਥੋੜ੍ਹੀ ਦੇਰ ਪਹਿਲਾਂ ਆਪਣੇ ਮਾਲ ਨੂੰ ਆਪਣੇ ਚਾਕਰਾਂ ਨੂੰ ਸੌਂਪ ਦਿੰਦਾ ਹੈ। ਉਹ ਇਹ ਕਿਸ ਤਰ੍ਹਾਂ ਕਰਦਾ ਹੈ? ਉਹ ਉਨ੍ਹਾਂ ਨੂੰ ਧਰਤੀ ਦੇ ਕੋਨੇ-ਕੋਨੇ ਤਕ ਰਾਜ ਸੰਦੇਸ਼ ਨੂੰ ਪ੍ਰਚਾਰ ਕਰਨ ਦੇ ਦੁਆਰਾ ਵਾਹੇ ਹੋਏ ਖੇਤਰ ਵਿਚ ਕੰਮ ਕਰਦੇ ਰਹਿਣ ਦੀ ਹਿਦਾਇਤ ਦਿੰਦੇ ਹੋਏ ਇੰਜ ਕਰਦਾ ਹੈ। ਜਿਵੇਂ ਯਿਸੂ ਕਹਿੰਦਾ ਹੈ: “ਇੱਕ ਨੂੰ ਪੰਜ ਤੋੜੇ, ਦੂਏ ਨੂੰ ਦੋ ਅਤੇ ਤੀਏ ਨੂੰ ਇੱਕ, ਹਰੇਕ ਨੂੰ ਉਹ ਦੇ ਗੁਣ ਦੇ ਅਨੁਸਾਰ ਦਿੱਤਾ ਤਾਂ ਪਰਦੇਸ ਨੂੰ ਚੱਲਿਆ ਗਿਆ।”

      ਅੱਠ ਤੋੜੇ​— ਮਸੀਹ ਦਾ ਮਾਲ​— ਇਸ ਤਰ੍ਹਾਂ ਚਾਕਰਾਂ ਦੀਆਂ ਯੋਗਤਾਵਾਂ, ਜਾਂ ਅਧਿਆਤਮਿਕ ਸੰਭਾਵਨਾਵਾਂ, ਦੇ ਅਨੁਸਾਰ ਵੰਡੇ ਜਾਂਦੇ ਹਨ। ਚਾਕਰ ਚੇਲਿਆਂ ਦੇ ਵਰਗਾਂ ਨੂੰ ਦਰਸਾਉਂਦੇ ਹਨ। ਪਹਿਲੀ ਸਦੀ ਵਿਚ, ਉਹ ਵਰਗ ਜਿਸ ਨੇ ਪੰਜ ਤੋੜੇ ਪ੍ਰਾਪਤ ਕੀਤੇ ਸਨ, ਸਪੱਸ਼ਟ ਤੌਰ ਤੇ ਰਸੂਲਾਂ ਨੂੰ ਵੀ ਸ਼ਾਮਲ ਕਰਦਾ ਸੀ। ਯਿਸੂ ਅੱਗੇ ਦੱਸਦਾ ਹੈ ਕਿ ਪੰਜ ਅਤੇ ਦੋ ਤੋੜੇ ਪ੍ਰਾਪਤ ਕਰਨ ਵਾਲੇ ਦੋਨਾਂ ਚਾਕਰਾਂ ਨੇ ਰਾਜ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਆਪਣੇ ਕੰਮ ਦੇ ਦੁਆਰਾ ਉਨ੍ਹਾਂ ਨੂੰ ਦੁਗਣਾ ਕੀਤਾ। ਪਰੰਤੂ, ਜਿਸ ਚਾਕਰ ਨੂੰ ਇਕ ਤੋੜਾ ਮਿਲਿਆ ਸੀ ਉਸ ਨੇ ਜਾ ਕੇ ਉਸ ਨੂੰ ਧਰਤੀ ਵਿਚ ਲੁਕਾ ਦਿੱਤਾ।

      “ਬਹੁਤ ਚਿਰ ਪਿੱਛੋਂ,” ਯਿਸੂ ਜਾਰੀ ਰੱਖਦਾ ਹੈ, “ਉਨ੍ਹਾਂ ਚਾਕਰਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਲੇਖਾ ਲੈਣ ਲੱਗਾ।” ਮਸੀਹ ਲੇਖਾ ਲੈਣ ਲਈ ਕੇਵਲ 20ਵੀਂ ਸਦੀ ਵਿਚ, ਕੋਈ 1,900 ਵਰ੍ਹਿਆਂ ਬਾਅਦ ਹੀ ਵਾਪਸ ਆਇਆ, ਇਸ ਲਈ ਇਹ ਸੱਚ-ਮੁੱਚ ਹੀ “ਬਹੁਤ ਚਿਰ ਪਿੱਛੋਂ” ਸੀ। ਫਿਰ ਯਿਸੂ ਵਿਆਖਿਆ ਕਰਦਾ ਹੈ:

      “ਜਿਹ ਨੇ ਪੰਜ ਤੋੜੇ ਲਏ ਸਨ ਉਹ ਨੇ ਕੋਲ ਆਣ ਕੇ ਹੋਰ ਪੰਜ ਤੋੜੇ ਉਹ ਦੇ ਅੱਗੇ ਰੱਖੇ ਅਤੇ ਕਿਹਾ, ਸੁਆਮੀ ਜੀ ਤੁਸਾਂ ਮੈਨੂੰ ਪੰਜ ਤੋੜੇ ਸੌਂਪੇ ਸਨ। ਵੇਖੋ ਮੈਂ ਪੰਜ ਤੋੜੇ ਹੋਰ ਭੀ ਖੱਟੇ। ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਮਾਤਬਰ ਚਾਕਰ ਸ਼ਾਬਾਸ਼ੇ! ਤੂੰ ਤਾਂ ਥੋੜੇ ਜਿਹੇ ਵਿੱਚ ਮਾਤਬਰ ਨਿੱਕਲਿਆ, ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖ਼ਤਿਆਰ ਦਿਆਂਗਾ। ਤੂੰ ਆਪਣੇ ਮਾਲਕ ਦੀ ਖ਼ੁਸ਼ੀ ਵਿੱਚ ਦਾਖਿਲ ਹੋ।” ਉਸੇ ਤਰ੍ਹਾਂ, ਦੋ ਤੋੜੇ ਪ੍ਰਾਪਤ ਕਰਨ ਵਾਲੇ ਚਾਕਰ ਨੇ ਆਪਣੇ ਤੋੜਿਆਂ ਨੂੰ ਦੁਗਣਾ ਕੀਤਾ, ਅਤੇ ਉਸ ਨੇ ਵੀ ਉਹੋ ਪ੍ਰਸ਼ੰਸਾ ਅਤੇ ਇਨਾਮ ਪ੍ਰਾਪਤ ਕੀਤਾ।

      ਫਿਰ ਵੀ, ਇਹ ਮਾਤਬਰ ਚਾਕਰ ਆਪਣੇ ਮਾਲਕ ਦੀ ਖ਼ੁਸ਼ੀ ਵਿਚ ਕਿਸ ਤਰ੍ਹਾਂ ਦਾਖ਼ਲ ਹੁੰਦੇ ਹਨ? ਖ਼ੈਰ, ਉਨ੍ਹਾਂ ਦੇ ਮਾਲਕ, ਯਿਸੂ ਮਸੀਹ ਦੀ ਖ਼ੁਸ਼ੀ ਰਾਜ ਪ੍ਰਾਪਤ ਕਰਨ ਦੀ ਖ਼ੁਸ਼ੀ ਹੈ ਜਦੋਂ ਉਹ ਸਵਰਗ ਵਿਚ ਆਪਣੇ ਪਿਤਾ ਦੇ ਕੋਲ ਗਿਆ ਸੀ। ਜਿੱਥੇ ਤਕ ਆਧੁਨਿਕ ਸਮੇਂ ਦੇ ਮਾਤਬਰ ਚਾਕਰਾਂ ਦਾ ਸਵਾਲ ਉਠਦਾ ਹੈ, ਉਹ ਰਾਜ ਦੀਆਂ ਹੋਰ ਜ਼ਿੰਮੇਵਾਰੀਆਂ ਸੌਂਪੇ ਜਾਣ ਤੇ ਬਹੁਤ ਆਨੰਦਿਤ ਹੁੰਦੇ ਹਨ, ਅਤੇ ਜਿਉਂ ਹੀ ਉਹ ਆਪਣੇ ਪਾਰਥਿਵ ਜੀਵਨ ਨੂੰ ਸਮਾਪਤ ਕਰਦੇ ਹਨ, ਉਹ ਸਵਰਗੀ ਰਾਜ ਵਿਚ ਪੁਨਰ-ਉਥਿਤ ਕੀਤੇ ਜਾਣ ਦੀ ਉੱਚਤਮ ਖ਼ੁਸ਼ੀ ਪ੍ਰਾਪਤ ਕਰਨਗੇ। ਪਰੰਤੂ ਤੀਜੇ ਚਾਕਰ ਬਾਰੇ ਕੀ?

      “ਸੁਆਮੀ ਜੀ ਮੈਂ ਤੁਹਾਨੂੰ ਜਾਣਿਆ ਜੋ ਤੁਸੀਂ ਕਰੜੇ ਆਦਮੀ ਹੋ,” ਇਹ ਚਾਕਰ ਸ਼ਿਕਵਾ ਕਰਦਾ ਹੈ। “ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ। ਏਹ ਆਪਣਾ ਲੈ ਲਓ।” ਇਸ ਚਾਕਰ ਨੇ ਜਾਣ-ਬੁੱਝ ਕੇ ਵਾਹੇ ਹੋਏ ਖੇਤਰ ਵਿਚ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਤੋਂ ਇਨਕਾਰ ਕੀਤਾ। ਇਸ ਲਈ ਮਾਲਕ ਉਸ ਨੂੰ “ਦੁਸ਼ਟ ਅਤੇ ਆਲਸੀ” ਸੱਦਦਾ ਹੈ ਅਤੇ ਉਸ ਨੂੰ ਸਜ਼ਾ ਸੁਣਾਉਂਦਾ ਹੈ: “ਉਹ ਤੋੜਾ ਉਸ ਕੋਲੋਂ ਲੈ ਲਓ ਅਤੇ . . . ਇਸ ਨਿਕੰਮੇ ਚਾਕਰ ਨੂੰ ਬਾਹਰ ਦੇ ਅੰਧਘੋਰ ਵਿੱਚ ਕੱਢ ਦਿਓ। ਓੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।” ਜਿਹੜੇ ਇਸ ਦੁਸ਼ਟ ਚਾਕਰ ਵਰਗ ਦੇ ਹਨ, ਉਹ ਬਾਹਰ ਸੁੱਟੇ ਜਾਣ ਦੇ ਕਾਰਨ, ਹਰ ਤਰ੍ਹਾਂ ਦੀ ਅਧਿਆਤਮਿਕ ਖ਼ੁਸ਼ੀ ਤੋਂ ਵਾਂਝੇ ਕੀਤੇ ਜਾਂਦੇ ਹਨ।

      ਇਹ ਉਨ੍ਹਾਂ ਸਾਰਿਆਂ ਲਈ ਜਿਹੜੇ ਮਸੀਹ ਦੇ ਅਨੁਯਾਈ ਹੋਣ ਦਾ ਦਾਅਵਾ ਕਰਦੇ ਹਨ, ਇਕ ਗੰਭੀਰ ਸਬਕ ਪੇਸ਼ ਕਰਦਾ ਹੈ। ਜੇਕਰ ਉਨ੍ਹਾਂ ਨੇ ਉਸ ਦੀ ਪ੍ਰਸ਼ੰਸਾ ਅਤੇ ਇਨਾਮ ਦਾ ਆਨੰਦ ਲੈਣਾ ਹੈ, ਅਤੇ ਬਾਹਰ ਅੰਧਘੋਰ ਵਿਚ ਸੁੱਟੇ ਜਾਣ ਤੋਂ ਅਤੇ ਅੰਤਿਮ ਨਾਸ਼ ਤੋਂ ਬਚਣਾ ਹੈ, ਤਾਂ ਉਨ੍ਹਾਂ ਨੂੰ ਪ੍ਰਚਾਰ ਕੰਮ ਵਿਚ ਪੂਰਾ ਹਿੱਸਾ ਲੈਣ ਦੁਆਰਾ ਆਪਣੇ ਸਵਰਗੀ ਮਾਲਕ ਦੇ ਮਾਲ ਨੂੰ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ। ਕੀ ਤੁਸੀਂ ਇਸ ਕੰਮ ਵਿਚ ਮਿਹਨਤੀ ਹੋ?

      ਜਦੋਂ ਮਸੀਹ ਰਾਜ ਸ਼ਕਤੀ ਵਿਚ ਆਉਂਦਾ ਹੈ

      ਯਿਸੂ ਅਜੇ ਵੀ ਆਪਣੇ ਰਸੂਲਾਂ ਨਾਲ ਜ਼ੈਤੂਨ ਦੇ ਪਹਾੜ ਉੱਤੇ ਹੈ। ਆਪਣੀ ਮੌਜੂਦ­ਗੀ ਅਤੇ ਇਸ ਰੀਤੀ-ਵਿਵਸਥਾ ਦੀ ਸਮਾਪਤੀ ਦੇ ਲੱਛਣ ਲਈ ਉਨ੍ਹਾਂ ਦੀ ਬੇਨਤੀ ਦੇ ਜਵਾਬ ਵਿਚ, ਉਹ ਹੁਣ ਉਨ੍ਹਾਂ ਨੂੰ ਤਿੰਨ ਦ੍ਰਿਸ਼ਟਾਂਤਾਂ ਦੀ ਲੜੀ ਵਿਚ ਆਖ਼ਰੀ ­ਦ੍ਰਿਸ਼ਟਾਂਤ ਦੱਸਦਾ ਹੈ। ਯਿਸੂ ਸ਼ੁਰੂ ਕਰਦਾ ਹੈ: “ਜਦ ਮਨੁੱਖ ਦਾ ਪੁੱਤ੍ਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ।”

      ਮਾਨਵ ਦੂਤਾਂ ਨੂੰ ਉਨ੍ਹਾਂ ਦੀ ਸਵਰਗੀ ਮਹਿਮਾ ਵਿਚ ਨਹੀਂ ਦੇਖ ਸਕਦੇ ਹਨ। ਇਸ ਲਈ ਮਨੁੱਖ ਦੇ ਪੁੱਤਰ, ਯਿਸੂ ਮਸੀਹ ਦਾ ਦੂਤਾਂ ਨਾਲ ਆਉਣਾ ਜ਼ਰੂਰ ਹੀ ਮਾਨਵੀ ਅੱਖਾਂ ਲਈ ਅਦਿੱਖ ਹੋਵੇਗਾ। ਇਹ ਆਗਮਨ ਸੰਨ 1914 ਵਿਚ ਵਾਪਰਦਾ ਹੈ। ਪਰੰਤੂ ਕਿਹੜੇ ਮਕਸਦ ਲਈ? ਯਿਸੂ ਵਿਆਖਿਆ ਕਰਦਾ ਹੈ: “ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਰ ਜਿਸ ਤਰਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਿਆਂ ਕਰਦਾ ਹੈ ਓਸੇ ਤਰਾਂ ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ। ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਰ ਬੱਕਰੀਆਂ ਨੂੰ ਖੱਬੇ ਪਾਸੇ ਖੜਿਆਂ ਕਰੇਗਾ।”

      ਕਿਰਪਾ ਵਾਲੇ ਪੱਖ ਵਿਚ ਵੱਖਰੇ ਕੀਤਿਆਂ ਹੋਇਆਂ ਦਾ ਕੀ ਹੋਵੇਗਾ, ਇਸ ਦਾ ਵਰਣਨ ਕਰਦੇ ਹੋਏ ਯਿਸੂ ਕਹਿੰਦਾ ਹੈ: “ਤਦ ਪਾਤਸ਼ਾਹ ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ।” ਇਸ ਦ੍ਰਿਸ਼ਟਾਂਤ ਦੀਆਂ ਭੇਡਾਂ ਮਸੀਹ ਨਾਲ ਸਵਰਗ ਵਿਚ ਸ਼ਾਸਨ ਨਹੀਂ ਕਰਨ­ਗੀਆਂ ਬਲਕਿ ਰਾਜ ਦੀ ਪਾਰਥਿਵ ਪਰਜਾ ਬਣਨ ਦੇ ਅਰਥ ਵਿਚ ਰਾਜ ਦੀਆਂ ਵਾਰਸ ਹੋਣਗੀਆਂ। ‘ਸੰਸਾਰ ਦਾ ਮੁੱਢ’ ਉਦੋਂ ਹੋਇਆ, ਜਦੋਂ ਆਦਮ ਅਤੇ ਹਵਾਹ ਨੇ ਪਹਿਲੀ ਵਾਰ ਬੱਚਿਆਂ ਨੂੰ ਪੈਦਾ ਕੀਤਾ, ਜੋ ਮਨੁੱਖਜਾਤੀ ਦੇ ਨਿਸਤਾਰੇ ਲਈ ਪਰਮੇਸ਼ੁਰ ਦੇ ਪ੍ਰਬੰਧ ਤੋਂ ਲਾਭ ਲੈ ਸਕਦੇ ਸਨ।

      ਪਰੰਤੂ ਭੇਡਾਂ ਰਾਜੇ ਦੇ ਕਿਰਪਾ ਵਾਲੇ ਸੱਜੇ ਪੱਖ ਵਿਚ ਕਿਉਂ ਵੱਖਰੀਆਂ ਕੀਤੀਆਂ ਗਈਆਂ ਹਨ? ਰਾਜਾ ਜਵਾਬ ਦਿੰਦਾ ਹੈ: “ਕਿਉਂ ਜੋ ਮੈਂ ਭੁੱਖਾ ਸਾਂ ਅਤੇ ਤੁਸਾਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਿਹਾਇਆ ਸਾਂ ਅਤੇ ਤੁਸਾਂ ਮੈਨੂੰ ਪਿਆਇਆ, ਮੈਂ ਪਰਦੇਸੀ ਸਾਂ ਅਰ ਤੁਸਾਂ ਮੈਨੂੰ ਆਪਣੇ ਘਰ ਉਤਾਰਿਆ। ਨੰਗਾ ਸਾਂ ਅਰ ਤੁਸਾਂ ਮੈਨੂੰ ਪਹਿਨਾਇਆ, ਮੈਂ ਰੋਗੀ ਸਾਂ ਅਰ ਤੁਸਾਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸਾਂ ਅਤੇ ਤੁਸੀਂ ਮੇਰੇ ਕੋਲ ਆਏ।”

      ਜਦੋਂ ਕਿ ਭੇਡਾਂ ਧਰਤੀ ਉੱਤੇ ਹਨ, ਉਹ ਜਾਣਨਾ ਚਾਹੁੰਦੀਆਂ ਹਨ ਕਿ ਉਹ ਕਿਸ ਤਰ੍ਹਾਂ ਆਪਣੇ ਸਵਰਗੀ ਰਾਜਾ ਲਈ ਇਹ ਚੰਗੇ ਕੰਮ ਕਰ ਸਕੀਆਂ ਹਨ। “ਪ੍ਰਭੁ ਜੀ ਅਸਾਂ ਕਦ ਤੈਨੂੰ ਭੁੱਖਾ ਵੇਖਿਆ ਅਤੇ ਖੁਆਇਆ,” ਉਹ ਪੁੱਛਦੀਆਂ ਹਨ, “ਯਾ ਤਿਹਾਇਆ ਅਤੇ ਪਿਲਾਇਆ? ਕਦ ਅਸਾਂ ਤੈਨੂੰ ਪਰਦੇਸੀ ਵੇਖਿਆ ਅਤੇ ਆਪਣੇ ਘਰ ਉਤਾਰਿਆ ਯਾ ਨੰਗਾ ਵੇਖਿਆ ਅਤੇ ਪਹਿਨਾਇਆ? ਕਦ ਅਸਾਂ ਤੈਨੂੰ ਰੋਗੀ ਯਾ ਕੈਦੀ ਵੇਖਿਆ ਅਰ ਤੇਰੇ ਕੋਲ ਆਏ?”

      “ਮੈਂ ਤੁਹਾਨੂੰ ਸਤ ਆਖਦਾ ਹਾਂ,” ਰਾਜਾ ਜਵਾਬ ਦਿੰਦਾ ਹੈ, “ਭਈ ਜਦ ਤੁਸਾਂ ਮੇਰੇ ਇਨ੍ਹਾਂ ਸਭਨਾਂ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ।” ਮਸੀਹ ਦੇ ਭਰਾ, 1,44,000 ਜਿਹੜੇ ਸਵਰਗ ਵਿਚ ਉਸ ਦੇ ਨਾਲ ਰਾਜ ਕਰਨਗੇ, ਦੇ ਧਰਤੀ ਉੱਤੇ ਬਾਕੀ ਰਹਿੰਦੇ ਵਿਅਕਤੀ ਹਨ। ਅਤੇ ਉਨ੍ਹਾਂ ਨਾਲ ਚੰਗਾ ਕਰਨਾ, ਯਿਸੂ ਕਹਿੰਦਾ ਹੈ, ਖ਼ੁਦ ਉਸ ਦੇ ਨਾਲ ਚੰਗਾ ਕਰਨ ਦੇ ਬਰਾਬਰ ਹੈ।

      ਅੱਗੇ, ਰਾਜਾ ਬੱਕਰੀਆਂ ਨੂੰ ਸੰਬੋਧਿਤ ਕਰਦਾ ਹੈ। “ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ। ਕਿਉਂ ਜੋ ਮੈਂ ਭੁੱਖਾਂ ਸਾਂ ਅਰ ਤੁਸਾਂ ਮੈਨੂੰ ਨਾ ਖੁਆਇਆ, ਮੈਂ ਤਿਹਾਇਆ ਸਾਂ ਅਤੇ ਤੁਸਾਂ ਮੈਨੂੰ ਨਾ ਪਿਆਇਆ। ਮੈਂ ਪਰਦੇਸੀ ਸਾਂ ਅਤੇ ਤੁਸਾਂ ਮੈਨੂੰ ਆਪਣੇ ਘਰ ਨਾ ਉਤਾਰਿਆ, ਨੰਗਾ ਸਾਂ ਅਤੇ ਤੁਸਾਂ ਮੈਨੂੰ ਨਾ ਪਹਿਨਾਇਆ, ਰੋਗੀ ਅਤੇ ਕੈਦੀ ਸਾਂ ਅਰ ਤੁਸਾਂ ਮੇਰੀ ਖ਼ਬਰ ਨਾ ਲਈ।”

      ਪਰੰਤੂ, ਬੱਕਰੀਆਂ ਸ਼ਿਕਵਾ ਕਰਦੀਆਂ ਹਨ: “ਪ੍ਰਭੁ ਜੀ ਕਦ ਅਸਾਂ ਤੈਨੂੰ ਭੁੱਖਾ ਯਾ ਤਿਹਾਇਆ ਯਾ ਪਰਦੇਸੀ ਯਾ ਨੰਗਾ ਯਾ ਰੋਗੀ ਯਾ ਕੈਦੀ ਵੇਖਿਆ ਅਤੇ ਤੇਰੀ ਟਹਿਲ ਨਾ ਕੀਤੀ?” ਬੱਕਰੀਆਂ ਦਾ ਉਸੇ ਆਧਾਰ ਉੱਤੇ ਪ੍ਰਤਿਕੂਲ ਨਿਆਉਂ ਹੁੰਦਾ ਹੈ ਜਿਸ ਆਧਾਰ ਉੱਤੇ ਭੇਡਾਂ ਦਾ ਅਨੁਕੂਲ ਨਿਆਉਂ ਹੁੰਦਾ ਹੈ। “ਜਦ ਤੁਸਾਂ ਇਨ੍ਹਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ [ਮੇਰੇ ਭਰਾਵਾਂ ਦੇ] ਨਾਲ ਇਹ ਨਾ ਕੀਤਾ,” ਯਿਸੂ ਜਵਾਬ ਦਿੰਦਾ ਹੈ, “ਤਾਂ ਮੇਰੇ ਨਾਲ ਨਾ ਕੀਤਾ।”

      ਸੋ ਰਾਜ ਸ਼ਕਤੀ ਵਿਚ ਮਸੀਹ ਦੀ ਮੌਜੂਦਗੀ, ਵੱਡੇ ਕਸ਼ਟ ਵਿਚ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਤੋਂ ਥੋੜ੍ਹਾ ਚਿਰ ਪਹਿਲਾਂ, ਨਿਆਉਂ ਦਾ ਇਕ ਸਮਾਂ ਹੋਵੇਗਾ। ਬੱਕਰੀਆਂ ‘ਸਦੀਪਕ ਸਜ਼ਾ ਵਿੱਚ ਜਾਣਗੀਆਂ ਪਰ ਧਰਮੀ [ਭੇਡਾਂ] ਸਦੀਪਕ ਜੀਉਣ ਵਿੱਚ।’ ਮੱਤੀ 24:​2–25:46; 13:​40, 49; ਮਰਕੁਸ 13:​3-37; ਲੂਕਾ 21:​7-36; 19:​43, 44; 17:​­20-30; 2 ਤਿਮੋਥਿਉਸ 3:​1-5; ਯੂਹੰਨਾ 10:16; ਪਰਕਾਸ਼ ਦੀ ਪੋਥੀ 14:​1-3.

      ▪ ਰਸੂਲਾਂ ਦੇ ਸਵਾਲ ਨੂੰ ਕਿਹੜੀ ਚੀਜ਼ ਪ੍ਰੇਰਿਤ ਕਰਦੀ ਹੈ, ਪਰੰਤੂ ਸਪੱਸ਼ਟ ਹੈ ਕਿ ਉਨ੍ਹਾਂ ਦੇ ਮਨਾਂ ਵਿਚ ਹੋਰ ਕਿਹੜੀ ਗੱਲ ਹੈ?

      ▪ ਯਿਸੂ ਦੀ ਭਵਿੱਖਬਾਣੀ ਦਾ ਕਿਹੜਾ ਹਿੱਸਾ 70 ਸਾ.ਯੁ. ਵਿਚ ਪੂਰਾ ਹੁੰਦਾ ਹੈ, ਪਰੰਤੂ ਉਦੋਂ ਕੀ ਨਹੀਂ ਵਾਪਰਦਾ ਹੈ?

      ▪ ਯਿਸੂ ਦੀ ਭਵਿੱਖਬਾਣੀ ਦੀ ਪਹਿਲੀ ਪੂਰਤੀ ਕਦੋਂ ਹੁੰਦੀ ਹੈ, ਪਰੰਤੂ ਇਸ ਦੀ ਪ੍ਰਮੁੱਖ ਪੂਰਤੀ ਕਦੋਂ ਹੁੰਦੀ ਹੈ?

      ▪ ਆਪਣੀ ਪਹਿਲੀ ਅਤੇ ਆਖ਼ਰੀ ਪੂਰਤੀ ਵਿਚ ਘਿਣਾਉਣੀ ਚੀਜ਼ ਕੀ ਹੈ?

      ▪ ਯਰੂਸ਼ਲਮ ਦੇ ਨਾਸ਼ ਹੋਣ ਦੇ ਸਮੇਂ ਵੱਡੇ ਕਸ਼ਟ ਦੀ ਆਖ਼ਰੀ ਪੂਰਤੀ ਕਿਉਂ ਨਹੀਂ ਹੋਈ?

      ▪ ਸੰਸਾਰ ਦੀਆਂ ਕਿਹੜੀਆਂ ਹਾਲਤਾਂ ਮਸੀਹ ਦੀ ਮੌਜੂਦਗੀ ਨੂੰ ਚਿੰਨ੍ਹਿਤ ਕਰਦੀਆਂ ਹਨ?

      ▪ ਕਦੋਂ “ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ,” ਪਰੰਤੂ ਮਸੀਹ ਦੇ ਅਨੁਯਾਈ ਕੀ ਕਰਦੇ ਹੋਣਗੇ?

      ▪ ਆਪਣੇ ਭਾਵੀ ਚੇਲਿਆਂ ਨੂੰ ਇਹ ਸਮਝਣ ਵਿਚ ਮਦਦ ਕਰਨ ਲਈ ਕਿ ਕਦੋਂ ਅੰਤ ਨੇੜੇ ਹੈ ਯਿਸੂ ਕਿਹੜਾ ਦ੍ਰਿਸ਼ਟਾਂਤ ਦਿੰਦਾ ਹੈ?

      ▪ ਅੰਤ ਦਿਆਂ ਦਿਨਾਂ ਦੇ ਦੌਰਾਨ ਜੀਉਣ ਵਾਲੇ ਆਪਣੇ ਚੇਲਿਆਂ ਨੂੰ ਯਿਸੂ ਕਿਹੜੀ ਚੇਤਾਵਨੀ ਦਿੰਦਾ ਹੈ?

      ▪ ਦਸ ਕੁਆਰੀਆਂ ਦੁਆਰਾ ਕੌਣ ਦਰਸਾਏ ਜਾਂਦੇ ਹਨ?

      ▪ ਮਸੀਹੀ ਕਲੀਸਿਯਾ ਨੂੰ ਕਦੋਂ ਲਾੜੇ ਨਾਲ ਵਿਆਹ ਦਾ ਵਾਅਦਾ ਕੀਤਾ ਗਿਆ ਸੀ, ਪਰੰਤੂ ਲਾੜਾ ਕਦੋਂ ਆਪਣੀ ਲਾੜੀ ਨੂੰ ਵਿਆਹ ਦੀ ਦਾਅਵਤ ਵਿਚ ਲਿਜਾਣ ਲਈ ਆਉਂਦਾ ਹੈ?

      ▪ ਤੇਲ ਕਿਸ ਚੀਜ਼ ਨੂੰ ਦਰਸਾਉਂਦਾ ਹੈ, ਅਤੇ ਇਸ ਦਾ ਹੋਣਾ ਕੁਆਰੀਆਂ ਨੂੰ ਕੀ ਕਰਨ ਦੇ ਯੋਗ ਬਣਾਉਂਦਾ ਹੈ?

      ▪ ਵਿਆਹ ਦੀ ਦਾਅਵਤ ਕਿੱਥੇ ਹੁੰਦੀ ਹੈ?

      ▪ ਮੂਰਖ ਕੁਆਰੀਆਂ ਕਿਹੜਾ ਮਹਾਨ ਇਨਾਮ ਗੁਆ ਬੈਠਦੀਆਂ ਹਨ, ਅਤੇ ਅੰਤ ਵਿਚ ਉਨ੍ਹਾਂ ਦਾ ਕੀ ਹੁੰਦਾ ਹੈ?

      ▪ ਤੋੜਿਆਂ ਦਾ ਦ੍ਰਿਸ਼ਟਾਂਤ ਕਿਹੜਾ ਸਬਕ ਸਿਖਾਉਂਦਾ ਹੈ?

      ▪ ਚਾਕਰ ਕੌਣ ਹਨ, ਅਤੇ ਉਨ੍ਹਾਂ ਨੂੰ ਸੌਂਪਿਆ ਗਿਆ ਮਾਲ ਕੀ ਹੈ?

      ▪ ਮਾਲਕ ਕਦੋਂ ਲੇਖਾ ਲੈਣ ਆਉਂਦਾ ਹੈ, ਅਤੇ ਉਹ ਕੀ ਪਾਉਂਦਾ ਹੈ?

      ▪ ਉਹ ਖ਼ੁਸ਼ੀ ਕੀ ਹੈ ਜਿਸ ਵਿਚ ਮਾਤਬਰ ਚਾਕਰ ਦਾਖ਼ਲ ਹੁੰਦੇ ਹਨ, ਅਤੇ ਤੀਜੇ ਚਾਕਰ, ਅਰਥਾਤ ਦੁਸ਼ਟ ਚਾਕਰ ਦਾ ਕੀ ਹੁੰਦਾ ਹੈ?

      ▪ ਮਸੀਹ ਦੀ ਮੌਜੂਦਗੀ ਕਿਉਂ ਜ਼ਰੂਰ ਅਦਿੱਖ ਹੋਣੀ ਹੈ, ਅਤੇ ਉਸ ਸਮੇਂ ਉਹ ਕਿਹੜਾ ਕੰਮ ਕਰਦਾ ਹੈ?

      ▪ ਭੇਡਾਂ ਕਿਸ ਅਰਥ ਵਿਚ ਰਾਜ ਦੀਆਂ ਵਾਰਸ ਹੋਣਗੀਆਂ?

      ▪ ‘ਸੰਸਾਰ ਦਾ ਮੁੱਢ’ ਕਦੋਂ ਹੋਇਆ ਸੀ?

      ▪ ਭੇਡਾਂ ਜਾਂ ਬੱਕਰੀਆਂ ਦੇ ਤੌਰ ਤੇ ਲੋਕਾਂ ਦਾ ਨਿਆਉਂ ਕਿਸ ਆਧਾਰ ਤੇ ਕੀਤਾ ਜਾਂਦਾ ਹੈ?

  • ਯਿਸੂ ਦਾ ਆਖ਼ਰੀ ਪਸਾਹ ਨੇੜੇ ਹੈ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
    • ਅਧਿਆਇ 112

      ਯਿਸੂ ਦਾ ਆਖ਼ਰੀ ਪਸਾਹ ਨੇੜੇ ਹੈ

      ਜਿਉਂ-ਜਿਉਂ ਮੰਗਲਵਾਰ, ਨੀਸਾਨ 11, ਦਾ ਦਿਨ ਖ਼ਤਮ ਹੋਣ ਨੂੰ ਆਉਂਦਾ ਹੈ, ਯਿਸੂ ਆਪਣੇ ਰਸੂਲਾਂ ਨੂੰ ਜ਼ੈਤੂਨ ਦੇ ਪਹਾੜ ਉੱਤੇ ਸਿੱਖਿਆ ਦੇਣੀ ਸਮਾਪਤ ਕਰਦਾ ਹੈ। ਇਹ ਕਿੰਨਾ ਹੀ ਵਿਅਸਤ ਅਤੇ ਕਠਿਨ ਦਿਨ ਰਿਹਾ ਹੈ! ਸ਼ਾਇਦ ਹੁਣ ਰਾਤ ਵਾਸਤੇ ਬੈਤਅਨੀਆ ਨੂੰ ਮੁੜਦੇ ਹੋਏ, ਉਹ ਆਪਣੇ ਰਸੂਲਾਂ ਨੂੰ ਦੱਸਦਾ ਹੈ: “ਤੁਸੀਂ ਜਾਣਦੇ ਹੋ ਜੋ ਦੋਹੁੰ ਦਿਨਾਂ ਦੇ ਪਿੱਛੋਂ ਪਸਾਹ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤ੍ਰ ਸਲੀਬ [“ਸੂਲੀ,” ਨਿ ਵ] ਦਿੱਤੇ ਜਾਣ ਲਈ ਫੜਵਾਇਆ ਜਾਵੇਗਾ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ