ਕੀ ਤੁਸੀਂ ਪ੍ਰਚਾਰ ਕਰਨ ਵਿਚ ਲੱਗੇ ਰਹਿੰਦੇ ਹੋ?
1 ‘ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।’ (3 ਯੂਹੰ. 4) ਯੂਹੰਨਾ ਆਪਣੇ ਅਧਿਆਤਮਿਕ ਬੱਚਿਆਂ ਨੂੰ ਜੋਸ਼ ਨਾਲ ਪ੍ਰਚਾਰ ਕਰਦਾ ਵੇਖ ਕੇ ਬੜਾ ਖ਼ੁਸ਼ ਹੋਇਆ ਸੀ। ਇਸ ਤੋਂ ਵੀ ਕਿਤੇ ਵੱਧ ਸਾਡਾ ਸਵਰਗੀ ਪਿਤਾ ਆਪਣੇ ਭਾਵੀ ਬੱਚਿਆਂ ਨੂੰ ‘ਸਚਿਆਈ ਉੱਤੇ ਚੱਲਦਾ’ ਵੇਖ ਕੇ ਕਿੰਨਾ ਖ਼ੁਸ਼ ਹੁੰਦਾ ਹੋਵੇਗਾ!—ਕਹਾ. 23:15, 16; 27:11.
2 ਭਾਵੇਂ ਕਿ ਪਰਮੇਸ਼ੁਰ ਦੇ ਜ਼ਿਆਦਾਤਰ ਲੋਕ ਬੜੇ ਜੋਸ਼ ਨਾਲ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ, ਪਰ ਕੁਝ ਹੌਲੀ-ਹੌਲੀ ਠੰਢੇ ਪੈ ਗਏ ਹਨ। ਜਦੋਂ ਸ਼ੁਰੂ-ਸ਼ੁਰੂ ਵਿਚ ਉਨ੍ਹਾਂ ਨੇ ਸੱਚਾਈ ਸਿੱਖੀ ਸੀ, ਤਾਂ ਉਦੋਂ ਉਨ੍ਹਾਂ ਵਿਚ ਬੜਾ ਜੋਸ਼ ਸੀ। ਪਰ ਸਮਾਂ ਬੀਤਣ ਤੇ ਉਨ੍ਹਾਂ ਦੀ ਇਹ ਆਦਤ ਬਣ ਗਈ ਹੈ ਕਿ ਉਹ ਪ੍ਰਚਾਰ ਵਿਚ ਘੱਟ ਹੀ ਹਿੱਸਾ ਲੈਂਦੇ ਹਨ ਜਾਂ ਫਿਰ ਆਉਂਦੇ ਹੀ ਨਹੀਂ ਹਨ।
3 ਪਰ ਕੁਝ ਭੈਣ-ਭਰਾ ਬੀਮਾਰ ਰਹਿਣ ਕਾਰਨ ਜਾਂ ਢਲਦੀ ਉਮਰ ਕਾਰਨ ਉੱਨੀ ਸੇਵਾ ਨਹੀਂ ਕਰ ਪਾਉਂਦੇ ਜਿੰਨੀ ਉਹ ਪਹਿਲਾਂ ਕਰਦੇ ਸਨ। ਪਰ ਫਿਰ ਵੀ ਇਹ ਗੱਲ ਸ਼ਲਾਘਾਯੋਗ ਹੈ ਕਿ ਉਹ ਆਪਣੇ ਵੱਲੋਂ ਪੂਰੀ-ਪੂਰੀ ਕੋਸ਼ਿਸ਼ ਕਰਦੇ ਹਨ। ਪਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਪਰਮੇਸ਼ੁਰ ਨੂੰ ਸਮਰਪਿਤ ਕੀਤੀ ਹੈ ਉਨ੍ਹਾਂ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਆਪਣੇ ਕੰਮਾਂ-ਕਾਰਾਂ ਵਿਚ ਇੰਨਾ ਰੁੱਝਿਆ ਹੋਇਆ ਹਾਂ ਕਿ ਮੈਨੂੰ ਰਾਜ ਦੇ ਕੰਮ ਕਰਨ ਲਈ ਸਮਾਂ ਹੀ ਨਹੀਂ ਮਿਲਦਾ? ਕੀ ਮੈਂ “ਸੀਲਗਰਮ” ਬਣ ਗਿਆ ਹਾਂ ਜਾਂ ਮੈਂ “ਵੱਡਾ ਜਤਨ” ਕਰ ਰਿਹਾ ਹਾਂ?’ (ਪਰ. 3:15, 16; ਲੂਕਾ 13:24) ਇਸ ਲਈ ਆਓ ਆਪਾਂ ਸਾਰੇ ਆਪਣੀ ਸੇਵਕਾਈ ਤੇ ਪ੍ਰਾਰਥਨਾਪੂਰਵਕ ਸੋਚ-ਵਿਚਾਰ ਕਰੀਏ ਅਤੇ ਆਪਣੇ ਵਿਚ ਲੋੜੀਂਦੇ ਸੁਧਾਰ ਕਰੀਏ। ਯਹੋਵਾਹ ਦਾ ਇਹ ਵਾਅਦਾ ਵੀ ਚੇਤੇ ਰੱਖੋ ਕਿ ਉਹ “ਹਰੇਕ ਨੂੰ ਜਿਹੜਾ ਭਲਿਆਈ ਕਰਦਾ ਹੈ ਮਹਿਮਾ, ਆਦਰ ਅਤੇ ਸ਼ਾਂਤ” ਦੇਵੇਗਾ।—ਰੋਮੀ. 2:10.
4 ਕਿਵੇਂ ਲੱਗੇ ਰਹੀਏ: ਯਿਸੂ ਕਿਹੜੀ ਗੱਲ ਕਰਕੇ ਲੱਗਿਆ ਰਿਹਾ? ਪੌਲੁਸ ਨੇ ਕਿਹਾ: ‘ਉਹ ਨੇ ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।’ (ਇਬ. 12:1-3) ਯਿਸੂ ਸਾਮ੍ਹਣੇ ਜੋ ਆਨੰਦ ਰੱਖਿਆ ਸੀ ਉਹ ਥੋੜ੍ਹੇ ਸਮੇਂ ਦੀਆਂ ਅਜ਼ਮਾਇਸ਼ਾਂ ਨਾਲੋਂ ਕਿਤੇ ਵੱਡਾ ਸੀ। ਜੇ ਅਸੀਂ ਵੀ ਆਪਣੇ ਸਾਮ੍ਹਣੇ ਰੱਖੇ ਗਏ ਆਨੰਦ ਨੂੰ ਧਿਆਨ ਵਿਚ ਰੱਖੀਏ, ਤਾਂ ਅਸੀਂ ਵੀ ਲੱਗੇ ਰਹਿ ਸਕਦੇ ਹਾਂ। (ਪਰ. 21:4, 7; 22:12) ਜੇ ਅਸੀਂ ਧਿਆਨ ਨਾਲ ਬਾਈਬਲ ਪੜ੍ਹ ਕੇ, ਬਾਕਾਇਦਾ ਸਭਾਵਾਂ ਵਿਚ ਹਾਜ਼ਰ ਹੋ ਕੇ ਅਤੇ ਲਗਾਤਾਰ ਪ੍ਰਾਰਥਨਾ ਕਰ ਕੇ ਯਹੋਵਾਹ ਕੋਲੋਂ ਮਦਦ ਮੰਗਾਂਗੇ, ਤਾਂ ਉਸ ਦੇ ਦਿੱਤੇ ਹੋਏ ਕੰਮ ਨੂੰ ਅਸੀਂ ਲਗਨ ਨਾਲ ਕਰਦੇ ਰਹਾਂਗੇ।
5 ਯਹੋਵਾਹ ਆਪਣੇ ਵਫ਼ਾਦਾਰ ਲੋਕਾਂ ਦੇ ਧੀਰਜ ਨੂੰ ਦੇਖ ਕੇ ਬੜਾ ਖ਼ੁਸ਼ ਹੁੰਦਾ ਹੈ। ਇਸ ਲਈ, ਆਓ ਆਪਾਂ ਲਗਾਤਾਰ “ਸਚਿਆਈ ਉੱਤੇ ਚੱਲਦੇ” ਰਹਿ ਕੇ ਉਸ ਦੇ ਦਿਲ ਨੂੰ ਹੋਰ ਵੀ ਖ਼ੁਸ਼ ਕਰੀਏ।