ਕੀ ਤੁਸੀਂ ਆਪਣੇ ਕਿੰਗਡਮ ਹਾਲ ਦਾ ਆਦਰ ਕਰਦੇ ਹੋ?
1 “ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!” (ਜ਼ਬੂ. 133:1) ਕਿੰਗਡਮ ਹਾਲ ਵਿਚ ਸਭਾਵਾਂ ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਮਿਲਣ ਦਾ ਮੌਕਾ ਦਿੰਦੀਆਂ ਹਨ ਤਾਂਕਿ ਆਪਾਂ ਇਕ-ਦੂਜੇ ਨੂੰ ਪ੍ਰੇਮ ਤੇ ਸ਼ੁਭ ਕਰਮਾਂ ਲਈ ਉਭਾਰ ਸਕੀਏ ਤੇ ਇਕ-ਦੂਜੇ ਨੂੰ ਹੌਸਲਾ ਦੇ ਸਕੀਏ।—ਇਬ. 10:24, 25.
2 ਕਿਉਂਕਿ ਕਿੰਗਡਮ ਹਾਲ ਸਾਡੀਆਂ ਜ਼ਿੰਦਗੀਆਂ ਵਿਚ ਇੰਨੀ ਅਹਿਮ ਭੂਮਿਕਾ ਨਿਭਾਉਂਦਾ ਹੈ, ਤਾਂ ਕੀ ਅਸੀਂ ਦਿਲੋਂ ਇਸ ਦਾ ਆਦਰ ਕਰਦੇ ਹਾਂ? ਕਿੰਗਡਮ ਹਾਲ ਸਾਡੇ ਇਲਾਕੇ ਵਿਚ ਸੱਚੀ ਭਗਤੀ ਦਾ ਕੇਂਦਰ ਹੈ। ਇਸ ਲਈ ਸਾਨੂੰ ਇਸ ਨੂੰ ਉੱਚਾ ਦਰਜਾ ਦੇਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਆਪਣੇ ਕਿੰਗਡਮ ਹਾਲ ਨੂੰ ਸਾਫ਼ ਤੇ ਚੰਗੀ ਹਾਲਤ ਵਿਚ ਰੱਖਣ ਦੀ ਲੋੜ ਨੂੰ ਪਛਾਣਨਾ ਚਾਹੀਦਾ ਹੈ। ਸਮੇਂ-ਸਮੇਂ ਤੇ ਸਾਡੇ ਬੁੱਕ ਸਟੱਡੀ ਗਰੁੱਪ ਨੂੰ ਹਾਲ ਦੀ ਸਫ਼ਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਜੇ ਇਸ ਕੰਮ ਵਿਚ ਸਾਡੇ ਲਈ ਹਿੱਸਾ ਲੈਣਾ ਮੁਮਕਿਨ ਹੈ, ਤਾਂ ਸਾਨੂੰ ਇਸ ਨੂੰ ਖ਼ੁਸ਼ੀ-ਖ਼ੁਸ਼ੀ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੀਆਂ ਸਭਾਵਾਂ ਦੀ ਥਾਂ ਨੂੰ ਸਾਫ਼-ਸੁਥਰਾ ਰੱਖਣਾ ਤੇ ਆਕਰਸ਼ਕ ਬਣਾਉਣਾ ਚਾਹੁੰਦੇ ਹਾਂ।
3 ਸਾਨੂੰ ਚਾਹੇ ਸਫ਼ਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜਾਂ ਨਹੀਂ, ਆਪਾਂ ਸਾਰੇ ਹੀ ਕਿੰਗਡਮ ਹਾਲ ਵਿਚ ਦਿਲਚਸਪੀ ਦਿਖਾ ਸਕਦੇ ਹਾਂ। ਕਿੱਦਾਂ? ਛੋਟੇ-ਛੋਟੇ ਕੰਮ ਕਰਕੇ, ਜਿੱਦਾਂ ਕਿ ਹਾਲ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਅਸੀਂ ਆਪਣੀਆਂ ਜੁੱਤੀਆਂ ਪੂੰਝ ਸਕਦੇ ਹਾਂ ਤਾਂਕਿ ਫ਼ਰਸ਼ ਗੰਦਾ ਨਾ ਹੋਵੇ। ਬਰਸਾਤ ਦੇ ਮੌਸਮ ਵਿਚ ਖ਼ਾਸ ਕਰਕੇ ਇਸ ਤਰ੍ਹਾਂ ਕਰਨ ਦੀ ਜ਼ਿਆਦਾ ਲੋੜ ਹੁੰਦੀ ਹੈ। ਜਦੋਂ ਅਸੀਂ ਬਾਥਰੂਮ ਜਾਂਦੇ ਹਾਂ, ਤਾਂ ਸਿੰਕ ਵਿਚ ਹੱਥ ਧੋਣ ਤੋਂ ਬਾਅਦ ਅਸੀਂ ਸਿੰਕ ਨੂੰ ਪੂੰਝ ਕੇ ਸਾਫ਼ ਕਰ ਸਕਦੇ ਹਾਂ ਤਾਂਕਿ ਅਗਲਾ ਵਿਅਕਤੀ ਇਸ ਨੂੰ ਵਰਤ ਸਕੇ। ਜੋ ਭਰਾ ਸਾਹਿੱਤ ਤੇ ਮੈਗਜ਼ੀਨ ਕਾਊਂਟਰ ਉੱਤੇ ਕੰਮ ਕਰਦੇ ਹਨ, ਉਹ ਖਾਲੀ ਡੱਬਿਆਂ ਨੂੰ ਫ਼ੌਰਨ ਸਹੀ ਥਾਂ ਤੇ ਰੱਖ ਕੇ ਹਾਲ ਨੂੰ ਸਾਫ਼-ਸੁਥਰਾ ਰੱਖ ਸਕਦੇ ਹਨ। ਸਾਰਾ ਕੂੜਾ-ਕਰਕਟ ਕੂੜੇਦਾਨ ਵਿਚ ਸੁੱਟਿਆ ਜਾਣਾ ਚਾਹੀਦਾ ਹੈ। ਜੇ ਅਸੀਂ ਫ਼ਰਸ਼ ਉੱਤੇ ਕੋਈ ਕਾਗਜ਼ ਜਾਂ ਹੋਰ ਕੂੜਾ-ਕਰਕਟ ਪਿਆ ਦੇਖਦੇ ਹਾਂ, ਤਾਂ ਸਾਨੂੰ ਚੁੱਕ ਕੇ ਕੂੜੇਦਾਨ ਵਿਚ ਪਾ ਦੇਣਾ ਚਾਹੀਦਾ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਦੂਜਾ ਆ ਕੇ ਸੁੱਟ ਦੇਵੇਗਾ।
4 ਜਦੋਂ ਅਸੀਂ ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਵਿਚ ਹਾਜ਼ਰ ਹੁੰਦੇ ਹਾਂ, ਤਾਂ ਉੱਥੇ ਵੀ ਇੱਦਾਂ ਹੀ ਕਰਨਾ ਚਾਹੀਦਾ ਹੈ। ਭਾਵੇਂ ਇਹ ਅਸੈਂਬਲੀ ਹਾਲ ਸਾਡਾ ਖ਼ੁਦ ਦਾ ਹੋਵੇ ਜਾਂ ਕਿਰਾਏ ਤੇ ਲਿਆ ਹੋਵੇ, ਪਰ ਇਹ ਸੱਚੀ ਭਗਤੀ ਦਾ ਕੇਂਦਰ ਹੁੰਦਾ ਹੈ ਇਸ ਲਈ ਸਾਨੂੰ ਇਸ ਦਾ ਆਦਰ ਕਰਨਾ ਚਾਹੀਦਾ ਹੈ। ਜਿੱਥੇ ਅਸੀਂ ਬੈਠਦੇ ਹਾਂ, ਉੱਥੋਂ ਉੱਠਣ ਲੱਗਿਆਂ ਹਮੇਸ਼ਾ ਸਾਨੂੰ ਦੇਖਣਾ ਚਾਹੀਦਾ ਹੈ ਕਿ ਅਸੀਂ ਉੱਥੇ ਕੋਈ ਕੂੜਾ-ਕਰਕਟ ਤਾਂ ਨਹੀਂ ਛੱਡਿਆ। ਸਾਨੂੰ ਹਮੇਸ਼ਾ ਮਦਦਗਾਰ ਰਵੱਈਆ ਦਿਖਾਉਣਾ ਚਾਹੀਦਾ ਹੈ ਤੇ ਇਹ ਨਹੀਂ ਸੋਚਣਾ ਚਾਹੀਦਾ ਕਿ ਜਿਨ੍ਹਾਂ ਨੂੰ ਸਫ਼ਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਸਾਡੇ ਜਾਣ ਤੋਂ ਬਾਅਦ ਆਪੇ ਇਹ ਕੂੜਾ-ਕਰਕਟ ਚੁੱਕ ਲੈਣਗੇ।
ਕਿੰਗਡਮ ਹਾਲ ਸਾਂਝਾ ਕਰਨਾ
5 ਜ਼ਮੀਨ ਮਹਿੰਗੀ ਹੋਣ ਕਰਕੇ, ਕਈ ਕਲੀਸਿਯਾਵਾਂ ਇੱਕੋ ਕਿੰਗਡਮ ਹਾਲ ਨੂੰ ਵਰਤਦੀਆਂ ਹਨ। ਸ਼ਹਿਰੀ ਇਲਾਕਿਆਂ ਵਿਚ ਕਦੀ-ਕਦੀ ਇੱਕੋ ਕਿੰਗਡਮ ਹਾਲ ਨੂੰ ਪੰਜ ਜਾਂ ਛੇ ਕਲੀਸਿਯਾਵਾਂ ਵਰਤਦੀਆਂ ਹਨ। ਹਰ ਕਲੀਸਿਯਾ ਨੂੰ ਇਹ ਗੱਲ ਧਿਆਨ ਵਿਚ ਰੱਖ ਕੇ ਕਿੰਗਡਮ ਹਾਲ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ ਕਿ ਇਹ ਹਾਲ ਯਹੋਵਾਹ ਦਾ ਹੈ ਤੇ ਇਹ ਉਸ ਦੀ ਭਗਤੀ ਕਰਨ ਲਈ ਵਰਤਿਆ ਜਾਂਦਾ ਹੈ। ਇਸ ਲਈ ਕਿੰਗਡਮ ਹਾਲ ਲਈ ਆਦਰ ਦਿਖਾਉਣ ਦੁਆਰਾ ਨਾ ਸਿਰਫ਼ ਅਸੀਂ ਯਹੋਵਾਹ ਲਈ ਆਪਣਾ ਪਿਆਰ ਦਿਖਾਉਂਦੇ ਹਾਂ, ਸਗੋਂ ਇਸ ਕਿੰਗਡਮ ਹਾਲ ਨੂੰ ਵਰਤਣ ਵਾਲੀਆਂ ਦੂਜੀਆਂ ਕਲੀਸਿਯਾਵਾਂ ਦੇ ਭੈਣ-ਭਰਾਵਾਂ ਲਈ ਵੀ ਪਿਆਰ ਦਿਖਾਉਂਦੇ ਹਾਂ।
6 ਆਮ ਤੌਰ ਤੇ ਕਿੰਗਡਮ ਹਾਲ ਦੀ ਸਫ਼ਾਈ ਹਫ਼ਤੇ ਵਿਚ ਇਕ ਵਾਰ ਕੀਤੀ ਜਾਂਦੀ ਹੈ। ਪਰ ਜਿੱਥੇ ਹਾਲ ਨੂੰ ਇਕ ਨਾਲੋਂ ਜ਼ਿਆਦਾ ਕਲੀਸਿਯਾਵਾਂ ਵਰਤਦੀਆਂ ਹਨ, ਉੱਥੇ ਹਰ ਸਭਾ ਤੋਂ ਬਾਅਦ ਥੋੜ੍ਹੀ-ਬਹੁਤੀ ਸਫ਼ਾਈ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਤਾਂਕਿ ਦੂਜੀ ਕਲੀਸਿਯਾ ਨੂੰ ਹਾਲ ਸਾਫ਼-ਸੁਥਰਾ ਮਿਲੇ। ਇਹੀ ਨਿਯਮ ਐਤਵਾਰ ਵਾਲੇ ਦਿਨ ਵੀ ਲਾਗੂ ਹੁੰਦਾ ਹੈ ਜਦੋਂ ਇਕ ਕਲੀਸਿਯਾ ਦੀ ਸਭਾ ਖ਼ਤਮ ਹੋਣ ਤੋਂ ਬਾਅਦ ਦੂਜੀ ਕਲੀਸਿਯਾ ਹਾਲ ਵਿਚ ਸਭਾ ਵਾਸਤੇ ਆਉਂਦੀ ਹੈ। ਜਿੰਨਾ ਵੀ ਸਮਾਂ ਮਿਲੇ ਉਸ ਦੌਰਾਨ ਅਗਲੀ ਕਲੀਸਿਯਾ ਦੀ ਸਭਾ ਲਈ ਥੋੜ੍ਹੀ-ਬਹੁਤੀ ਸਫ਼ਾਈ ਕਰਨੀ ਚੰਗੀ ਹੈ। ਜਦੋਂ ਇੱਕੋ ਦਿਨ ਕਈ ਕਲੀਸਿਯਾਵਾਂ ਹਾਲ ਵਰਤਦੀਆਂ ਹਨ ਤੇ ਕੋਈ ਵੀ ਹਾਲ ਦੀ ਪਰਵਾਹ ਨਹੀਂ ਕਰਦਾ, ਤਾਂ ਸ਼ਾਮ ਤਕ ਹਾਲ ਪੂਰੀ ਤਰ੍ਹਾਂ ਗੰਦਾ ਹੋ ਸਕਦਾ ਹੈ।
7 ਜਿਵੇਂ ਕਿ ਆਪਾਂ ਅਧਿਆਤਮਿਕ ਮਾਮਲਿਆਂ ਵਿਚ “ਇੱਕੋ ਮਨ ਅਤੇ ਇੱਕੋ ਵਿਚਾਰ ਵਿੱਚ ਪੂਰੇ” ਹਾਂ, ਉਵੇਂ ਹੀ ਆਓ ਆਪਾਂ ਆਪਣੇ ਕਿੰਗਡਮ ਹਾਲ ਲਈ ਆਦਰ ਦਿਖਾਉਣ ਵਿਚ ਵੀ ਇਕ ਹੋਈਏ।—1 ਕੁਰਿੰ. 1:10.