ਬਲ ਲਈ ਯਹੋਵਾਹ ਉੱਤੇ ਭਰੋਸਾ ਰੱਖੋ
1 ਸਾਨੂੰ ਕਈ ਕਾਰਨਾਂ ਕਰਕੇ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਲੋੜ ਹੈ। “ਸਾਰੀ ਦੁਨੀਆਂ ਵਿਚ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਇਕ ਚੁਣੌਤੀ ਭਰਿਆ ਕੰਮ ਹੈ। (ਮੱਤੀ 24:14) ਸਾਨੂੰ ਲਗਾਤਾਰ ਆਪਣੇ ਨਾਮੁਕੰਮਲ ਸਰੀਰ ਨਾਲ ਲੜਨਾ ਪੈਂਦਾ ਹੈ। (ਰੋਮੀ. 7:21-23) ਇਸ ਤੋਂ ਇਲਾਵਾ, “ਸਾਡੀ ਲੜਾਈ. . .ਇਸ ਅੰਧਘੋਰ ਦੇ [ਅਲੌਕਿਕ] ਮਹਾਰਾਜਿਆਂ” ਨਾਲ ਹੁੰਦੀ ਹੈ। (ਅਫ਼. 6:11,12) ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਾਨੂੰ ਮਦਦ ਦੀ ਲੋੜ ਹੈ। ਅਸੀਂ ਯਹੋਵਾਹ ਤੋਂ ਬਲ ਕਿਵੇਂ ਲੈ ਸਕਦੇ ਹਾਂ?
2 ਪ੍ਰਾਰਥਨਾ ਰਾਹੀਂ: ਯਹੋਵਾਹ ਆਪਣੇ ਮੰਗਣ ਵਾਲੇ ਸੇਵਕਾਂ ਨੂੰ ਖੁੱਲ੍ਹੇ ਦਿਲ ਨਾਲ ਆਪਣੀ ਸ਼ਕਤੀਸ਼ਾਲੀ ਪਵਿੱਤਰ ਆਤਮਾ ਦਿੰਦਾ ਹੈ। (ਲੂਕਾ 11:13) ਕੀ ਤੁਸੀਂ ਘਰ-ਘਰ ਪ੍ਰਚਾਰ ਕਰਨ, ਸੜਕ ਉੱਤੇ ਜਾਂ ਫ਼ੋਨ ਰਾਹੀਂ ਲੋਕਾਂ ਨੂੰ ਗਵਾਹੀ ਦੇਣ ਤੋਂ ਡਰਦੇ ਹੋ? ਕੀ ਤੁਸੀਂ ਗ਼ੈਰ-ਰਸਮੀ ਗਵਾਹੀ ਦੇਣ ਤੋਂ ਝਿਜਕਦੇ ਹੋ? ਕੀ ਖੇਤਰ ਵਿਚ ਲੋਕਾਂ ਦੁਆਰਾ ਗੱਲ ਨਾ ਸੁਣਨ ਕਾਰਨ ਤੁਹਾਡਾ ਜੋਸ਼ ਘੱਟ ਗਿਆ ਹੈ? ਉਦੋਂ ਕੀ ਜਦੋਂ ਤੁਹਾਡੇ ਉੱਤੇ ਆਪਣੀ ਨਿਹਚਾ ਜਾਂ ਖਰਿਆਈ ਦਾ ਸਮਝੌਤਾ ਕਰਨ ਲਈ ਦਬਾਅ ਪਾਇਆ ਜਾਂਦਾ ਹੈ? ਯਹੋਵਾਹ ਉੱਤੇ ਭਰੋਸਾ ਰੱਖੋ। ਬਲ ਲਈ ਉਸ ਨੂੰ ਪ੍ਰਾਰਥਨਾ ਕਰੋ।—ਫ਼ਿਲਿ. 4:13.
3 ਨਿੱਜੀ ਅਧਿਐਨ ਰਾਹੀਂ: ਜਿਵੇਂ ਭੋਜਨ ਖਾਣ ਨਾਲ ਸਾਨੂੰ ਤਾਕਤ ਮਿਲਦੀ ਹੈ, ਉਸੇ ਤਰ੍ਹਾਂ ਪਰਮੇਸ਼ੁਰ ਦੇ ਬਚਨ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਪ੍ਰਕਾਸ਼ਨਾਂ ਤੋਂ ਬਾਕਾਇਦਾ ਅਧਿਆਤਮਿਕ ਭੋਜਨ ਖਾ ਕੇ ਸਾਨੂੰ ਬਲ ਮਿਲਦਾ ਹੈ। (ਮੱਤੀ 4:4; 24:45) ਸਟੈਨਲੀ ਜੋਨਜ਼ ਨੂੰ ਜਦੋਂ ਪੁੱਛਿਆ ਗਿਆ ਕਿ ਬਾਈਬਲ ਤੋਂ ਬਿਨਾਂ ਚੀਨ ਦੀ ਕਾਲ-ਕੋਠਰੀ ਵਿਚ ਸਾਲਾਂ ਬੱਧੀ ਸਜ਼ਾ ਕੱਟਣ ਲਈ ਕਿਹੜੀ ਗੱਲ ਨੇ ਉਸ ਨੂੰ ਬਲ ਦਿੱਤਾ, ਤਾਂ ਉਸ ਨੇ ਕਿਹਾ: “ਅਸੀਂ ਨਿਹਚਾ ਵਿਚ ਮਜ਼ਬੂਤ ਖੜ੍ਹੇ ਰਹਿ ਸਕਦੇ ਹਾਂ। ਪਰ, ਇਸ ਦੇ ਲਈ ਪਹਿਲਾਂ ਸਾਨੂੰ ਅਧਿਐਨ ਕਰਨ ਦੀ ਲੋੜ ਹੈ। ਜੇ ਅਸੀਂ ਅਧਿਐਨ ਨਹੀਂ ਕਰਦੇ, ਤਾਂ ਸਾਨੂੰ ਅੰਦਰੂਨੀ ਬਲ ਨਹੀਂ ਮਿਲੇਗਾ।”
4 ਸਭਾਵਾਂ ਵਿਚ ਹਾਜ਼ਰ ਹੋਣ ਰਾਹੀਂ: ਪਹਿਲੀ ਸਦੀ ਵਿਚ ਇਕ ਸਭਾ ਵਿਚ ਯਹੂਦਾ ਅਤੇ ਸੀਲਾਸ ਨੇ “ਭਾਈਆਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਉਪਦੇਸ਼ ਦੇ ਕੇ ਤਕੜੇ ਕੀਤਾ।” (ਰਸੂ. 15:32) ਉਸੇ ਤਰ੍ਹਾਂ ਅੱਜ ਅਸੀਂ ਜੋ ਵੀ ਗੱਲਾਂ ਸਭਾਵਾਂ ਵਿਚ ਸੁਣਦੇ ਹਾਂ, ਉਹ ਯਹੋਵਾਹ ਲਈ ਸਾਡੀ ਕਦਰ ਨੂੰ ਵਧਾਉਂਦੀਆਂ ਹਨ, ਸਾਡੀ ਨਿਹਚਾ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਸੇਵਕਾਈ ਕਰਨ ਲਈ ਸਾਨੂੰ ਉਕਸਾਉਂਦੀਆਂ ਹਨ। ਸਭਾਵਾਂ ਵਿਚ ਅਸੀਂ ‘ਪਰਮੇਸ਼ੁਰ ਦੇ ਰਾਜ ਲਈ ਆਪਣੇ ਨਾਲ ਕੰਮ ਕਰਨ ਵਾਲਿਆਂ’ ਨਾਲ ਬਾਕਾਇਦਾ ਮਿਲਦੇ-ਗਿਲਦੇ ਹਾਂ ਜਿਨ੍ਹਾਂ ਤੋਂ ਸਾਨੂੰ “ਤਸੱਲੀ” ਜਾਂ ਹੌਸਲਾ ਮਿਲਦਾ ਹੈ।—ਕੁਲੁ. 4:11.
5. ਸਾਨੂੰ ਇਨ੍ਹਾਂ ‘ਅੰਤ ਦਿਆਂ ਦਿਨਾਂ ਦੇ ਭੈੜੇ ਸਮੇਂ’ ਵਿਚ ਮਦਦ ਦੀ ਲੋੜ ਹੈ। (2 ਤਿਮੋ. 3:1) ਸਾਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਜਿਹੜੇ ਲੋਕ ਯਹੋਵਾਹ ਕੋਲੋਂ ਬਲ ਹਾਸਲ ਕਰਦੇ ਹਨ “ਓਹ ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡਣਗੇ, ਓਹ ਦੌੜਨਗੇ ਤੇ ਨਾ ਥੱਕਣਗੇ, ਓਹ ਫਿਰਨਗੇ ਅਰ ਹੁੱਸਣਗੇ ਨਹੀਂ।”—ਯਸਾ. 40:31