ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸਮੇਂ ਦੀ ਵਰਤੋਂ ਬਾਰੇ ਚੌਕਸ ਰਹੋ
    ਰਾਜ ਸੇਵਕਾਈ—2004 | ਜਨਵਰੀ
    • ਸਮੇਂ ਦੀ ਵਰਤੋਂ ਬਾਰੇ ਚੌਕਸ ਰਹੋ

      1. ਅੱਜ-ਕੱਲ੍ਹ ਹਰ ਥਾਂ ਲੋਕ ਕੀ ਸ਼ਿਕਾਇਤ ਕਰਦੇ ਹਨ?

      1 ਭਾਵੇਂ ਅੱਜ ਦੇ ਜ਼ਮਾਨੇ ਵਿਚ ਇਨਸਾਨ ਨੇ ਅਜਿਹੀਆਂ ਕਈ ਚੀਜ਼ਾਂ ਬਣਾ ਲਈਆਂ ਹਨ ਜਿਨ੍ਹਾਂ ਨਾਲ ਘੱਟ ਸਮੇਂ ਵਿਚ ਜ਼ਿਆਦਾ ਕੰਮ ਕੀਤਾ ਜਾ ਸਕਦਾ ਹੈ, ਪਰ ਫਿਰ ਵੀ ਬਹੁਤ ਸਾਰੇ ਲੋਕ ਸਮੇਂ ਦੀ ਘਾਟ ਦੀ ਸ਼ਿਕਾਇਤ ਕਰਦੇ ਹਨ। ਕੀ ਤੁਸੀਂ ਵੀ ਇਸ ਤਰ੍ਹਾਂ ਮਹਿਸੂਸ ਕਰਦੇ ਹੋ? ਕੀ ਤੁਹਾਨੂੰ ਅਧਿਆਤਮਿਕ ਕੰਮਾਂ ਲਈ ਸਮਾਂ ਕੱਢਣਾ ਮੁਸ਼ਕਲ ਲੱਗਦਾ ਹੈ? ਕੀ ਤੁਸੀਂ ਇੱਦਾਂ ਸੋਚਦੇ ਹੋ, ‘ਕਾਸ਼ ਮੈਂ ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾ ਸਕਦਾ’? ਜੇ ਤੁਸੀਂ ਇੱਦਾਂ ਮਹਿਸੂਸ ਕਰਦੇ ਹੋ, ਤਾਂ ਤੁਸੀਂ ਜ਼ਰੂਰ ਜਾਣਨਾ ਚਾਹੋਗੇ ਕਿ ਅਸੀਂ ਆਪਣੇ ਸਮੇਂ ਦੀ ਸਹੀ ਵਰਤੋਂ ਕਿਵੇਂ ਕਰ ਸਕਦੇ ਹਾਂ।—ਜ਼ਬੂ. 90:12; ਫ਼ਿਲਿ. 1:9-11.

      2, 3. ਤਕਨੀਕੀ ਚੀਜ਼ਾਂ ਵਿਚ ਹੋਈ ਤਰੱਕੀ ਨੇ ਸਾਡੇ ਲਈ ਕਿਹੜੇ ਖ਼ਤਰੇ ਪੈਦਾ ਕਰ ਦਿੱਤੇ ਹਨ ਅਤੇ ਅਸੀਂ ਆਪਣੀ ਜਾਂਚ ਕਿਵੇਂ ਕਰ ਸਕਦੇ ਹਾਂ?

      2 ਸਮਾਂ ਬਰਬਾਦ ਕਰਨ ਵਾਲੇ ਕੰਮਾਂ ਨੂੰ ਪਛਾਣੋ: ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ਤੇ ਆਪਣੇ ਆਪ ਨੂੰ ਜਾਂਚਦੇ ਰਹਿਣਾ ਚਾਹੀਦਾ ਹੈ ਕਿ ਅਸੀਂ ਆਪਣਾ ਸਮਾਂ ਕਿਵੇਂ ਬਿਤਾਉਂਦੇ ਹਾਂ। ਬਾਈਬਲ ਸਾਨੂੰ ਕਹਿੰਦੀ ਹੈ: “ਚੌਕਸੀ ਨਾਲ ਵੇਖੋ ਭਈਂ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ।” (ਅਫ਼. 5:15, 16) ਜ਼ਰਾ ਇਸ ਗੱਲ ਉੱਤੇ ਗੌਰ ਕਰੋ ਕਿ ਤਕਨੀਕੀ ਚੀਜ਼ਾਂ ਵਿਚ ਤਰੱਕੀ ਹੋਣ ਨਾਲ ਸਾਡੇ ਲਈ ਕਿਹੜੇ ਖ਼ਤਰੇ ਪੈਦਾ ਹੋ ਗਏ ਹਨ। ਕੰਪਿਊਟਰ ਤੇ ਹੋਰ ਇਲੈਕਟ੍ਰਾਨਿਕ ਉਪਕਰਣਾਂ ਦੇ ਕਈ ਫ਼ਾਇਦੇ ਹਨ, ਪਰ ਜੇ ਅਸੀਂ ਇਨ੍ਹਾਂ ਉੱਤੇ ਹੱਦੋਂ ਵੱਧ ਸਮਾਂ ਲਗਾਉਂਦੇ ਹਾਂ, ਤਾਂ ਇਹ ਸਾਡੇ ਲਈ ਫੰਦਾ ਬਣ ਸਕਦੇ ਹਨ।—1 ਕੁਰਿੰ. 7:29, 31.

      3 ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ: ‘ਕੀ ਮੈਂ ਹਰ ਦਿਨ ਬੇਕਾਰ ਦੇ ਈ-ਮੇਲ ਸੰਦੇਸ਼ਾਂ ਨੂੰ ਪੜ੍ਹਨ ਜਾਂ ਉਨ੍ਹਾਂ ਦਾ ਜਵਾਬ ਦੇਣ ਵਿਚ ਬਹੁਤ ਸਮਾਂ ਲਗਾਉਂਦਾ ਹਾਂ? ਕੀ ਮੈਂ ਅਕਸਰ ਦੋਸਤਾਂ-ਮਿੱਤਰਾਂ ਨਾਲ ਬਿਨਾਂ ਵਜ੍ਹਾ ਟੈਲੀਫ਼ੋਨ ਤੇ ਗੱਲਾਂ ਕਰਨ ਵਿਚ ਲੱਗਾ ਰਹਿੰਦਾ ਹਾਂ ਜਾਂ ਮੋਬਾਇਲ ਫ਼ੋਨ ਰਾਹੀਂ ਸੰਦੇਸ਼ ਘੱਲਦਾ ਹਾਂ? (1 ਤਿਮੋ. 5:13) ਕੀ ਮੈਂ ਬਿਨਾਂ ਕਾਰਨ ਇੰਟਰਨੈੱਟ ਵਰਤਦਾ ਹਾਂ ਜਾਂ ਐਵੇਂ ਹੀ ਬੈਠਿਆਂ ਟੀ.ਵੀ. ਦੇ ਚੈਨਲ ਬਦਲਦਾ ਰਹਿੰਦਾ ਹਾਂ? ਕੀ ਵਿਡਿਓ ਗੇਮਾਂ ਦਾ ਮੇਰੇ ਉੱਤੇ ਇੰਨਾ ਭੂਤ ਸਵਾਰ ਹੈ ਕਿ ਮੇਰੇ ਕੋਲ ਬਾਈਬਲ ਪੜ੍ਹਨ ਦਾ ਵੀ ਸਮਾਂ ਨਹੀਂ ਬਚਦਾ?’ ਇਹੋ ਜਿਹੇ ਕੰਮ ਹੌਲੀ-ਹੌਲੀ ਸਾਨੂੰ ਅਧਿਆਤਮਿਕ ਤੌਰ ਤੇ ਕਮਜ਼ੋਰ ਕਰ ਸਕਦੇ ਹਨ।—ਕਹਾ. 12:11.

      4. ਇਕ ਨੌਜਵਾਨ ਨੇ ਆਪਣੇ ਵਿਚ ਕੀ ਸੁਧਾਰ ਕੀਤਾ ਅਤੇ ਕਿਉਂ?

      4 ਸਮੇਂ ਦੀ ਸਹੀ ਵਰਤੋਂ: ਜੇ ਸਾਡਾ ਧਿਆਨ ਇਲੈਕਟ੍ਰਾਨਿਕ ਉਪਕਰਣਾਂ ਵਿਚ ਹੀ ਲੱਗਿਆ ਰਹੇ, ਤਾਂ ਇਹ ਸਾਡਾ ਬਹੁਤ ਸਾਰਾ ਸਮਾਂ ਬਰਬਾਦ ਕਰ ਸਕਦੇ ਹਨ। ਇਕ ਨੌਜਵਾਨ ਹਰ ਵੇਲੇ ਕੰਪਿਊਟਰ ਗੇਮਾਂ ਖੇਡਣ ਵਿਚ ਹੀ ਰੁੱਝਿਆ ਰਹਿੰਦਾ ਸੀ। ਉਸ ਨੇ ਕਬੂਲ ਕੀਤਾ: “ਕਦੇ-ਕਦੇ ਮੈਂ ਸੇਵਕਾਈ ਜਾਂ ਸਭਾਵਾਂ ਵਿਚ ਜਾਣ ਤੋਂ ਪਹਿਲਾਂ ਵੀ ਗੇਮ ਖੇਡਦਾ ਸੀ ਜਿਸ ਕਰਕੇ ਸਭਾਵਾਂ ਵਿਚ ਮੇਰਾ ਧਿਆਨ ਨਹੀਂ ਲੱਗਦਾ ਸੀ। ਮੈਂ ਬੈਠਾ ਇਹੀ ਸੋਚਦਾ ਰਹਿੰਦਾ ਸੀ ਕਿ ਘਰ ਪਹੁੰਚਣ ਤੇ ਮੈਂ ਗੇਮ ਨੂੰ ਜਿੱਤਣ ਲਈ ਹੋਰ ਚੰਗੀ ਤਰ੍ਹਾਂ ਕਿਵੇਂ ਖੇਡ ਸਕਦਾ ਹਾਂ। ਮੈਂ ਨਿੱਜੀ ਅਧਿਐਨ ਕਰਨਾ ਅਤੇ ਬਾਈਬਲ ਪੜ੍ਹਨੀ ਵੀ ਛੱਡ ਦਿੱਤੀ। ਪਰਮੇਸ਼ੁਰ ਦੀ ਸੇਵਾ ਕਰਨ ਨੂੰ ਮੇਰਾ ਜੀਅ ਨਹੀਂ ਕਰਦਾ ਸੀ।” ਪਰ ਖ਼ੁਸ਼ੀ ਦੀ ਗੱਲ ਹੈ ਕਿ ਇਸ ਨੌਜਵਾਨ ਨੂੰ ਆਪਣੀ ਕਮਜ਼ੋਰੀ ਦਾ ਅਹਿਸਾਸ ਹੋ ਗਿਆ ਅਤੇ ਉਸ ਨੇ ਆਪਣੇ ਕੰਪਿਊਟਰ ਵਿੱਚੋਂ ਸਾਰੀਆਂ ਗੇਮਾਂ ਮਿਟਾ ਦਿੱਤੀਆਂ। ਉਹ ਦੱਸਦਾ ਹੈ, “ਮੇਰੇ ਲਈ ਵਿਡਿਓ ਗੇਮਾਂ ਛੱਡਣੀਆਂ ਬੜਾ ਹੀ ਔਖਾ ਸੀ ਕਿਉਂਕਿ ਮੈਨੂੰ ਇਨ੍ਹਾਂ ਦੀ ਬੁਰੀ ਆਦਤ ਲੱਗ ਚੁੱਕੀ ਸੀ। ਪਰ ਮੈਨੂੰ ਬਹੁਤ ਖ਼ੁਸ਼ੀ ਵੀ ਹੋਈ ਕਿ ਮੈਂ ਆਪਣੀ ਇਸ ਆਦਤ ਤੇ ਕਾਬੂ ਪਾ ਕੇ ਆਪਣਾ ਹੀ ਭਲਾ ਕੀਤਾ ਹੈ।”—ਮੱਤੀ 5:29, 30.

      5. ਅਸੀਂ ਅਧਿਆਤਮਿਕ ਕੰਮਾਂ ਲਈ ਕਿੱਥੋਂ ਸਮਾਂ ਕੱਢ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨ ਨਾਲ ਸਾਨੂੰ ਕੀ ਲਾਭ ਹੋਵੇਗਾ?

      5 ਹੋ ਸਕਦਾ ਹੈ ਕਿ ਤੁਹਾਨੂੰ ਵੀ ਕਿਸੇ ਮਾਮਲੇ ਵਿਚ ਸੁਧਾਰ ਕਰਨ ਦੀ ਲੋੜ ਹੋਵੇ। ਕੀ ਤੁਸੀਂ ਹਰ ਦਿਨ ਬੇਲੋੜੇ ਕੰਮਾਂ ਵਿੱਚੋਂ ਅੱਧਾ ਕੁ ਘੰਟਾ ਕੱਢ ਸਕਦੇ ਹੋ? ਜੇ ਤੁਸੀਂ ਇਹੋ ਸਮਾਂ ਬਾਈਬਲ ਪੜ੍ਹਨ ਵਿਚ ਲਗਾਓਗੇ, ਤਾਂ ਤੁਸੀਂ ਇਕ ਸਾਲ ਵਿਚ ਪੂਰੀ ਬਾਈਬਲ ਪੜ੍ਹ ਲਓਗੇ। ਜ਼ਰਾ ਸੋਚੋ ਕਿ ਇਸ ਨਾਲ ਸਾਨੂੰ ਅਧਿਆਤਮਿਕ ਤੌਰ ਤੇ ਕਿੰਨਾ ਫ਼ਾਇਦਾ ਹੋਵੇਗਾ! (ਜ਼ਬੂ. 19:7-11; 119:97-100) ਬਾਈਬਲ ਪੜ੍ਹਨ, ਸਭਾਵਾਂ ਦੀ ਤਿਆਰੀ ਕਰਨ ਅਤੇ ਸੇਵਕਾਈ ਲਈ ਸਮਾਂ ਨਿਸ਼ਚਿਤ ਕਰੋ। (1 ਕੁਰਿੰ. 15:58) ਇਹ ਤੁਹਾਨੂੰ ਬੇਕਾਰ ਚੀਜ਼ਾਂ ਵਿਚ ਸਮਾਂ ਬਰਬਾਦ ਕਰਨ ਤੋਂ ਬਚਾਵੇਗਾ ਅਤੇ ‘ਪ੍ਰਭੁ ਦੀ ਇੱਛਿਆ ਨੂੰ ਸਮਝਣ’ ਵਿਚ ਤੁਹਾਡੀ ਮਦਦ ਕਰੇਗਾ।—ਅਫ਼. 5:17.

  • ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
    ਰਾਜ ਸੇਵਕਾਈ—2004 | ਜਨਵਰੀ
    • ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ

      ਜਾਗਰੂਕ ਬਣੋ! ਜਨ.-ਮਾਰ.

      “ਤੁਸੀਂ ਸ਼ਾਇਦ ਕਿਸੇ ਨੂੰ ਜਾਣਦੇ ਹੋਵੋਗੇ ਜਿਸ ਨੂੰ ਡਾਈਬੀਟੀਜ਼ ਹੈ। ਕੀ ਤੁਸੀਂ ਇਸ ਬੀਮਾਰੀ ਬਾਰੇ ਕੁਝ ਜਾਣਦੇ ਹੋ? [ਰਸਾਲੇ ਦਾ ਕਵਰ ਦਿਖਾਓ ਅਤੇ ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਡਾਈਬੀਟੀਜ਼ ਦੇ ਕਾਰਨਾਂ ਤੇ ਇਲਾਜ ਬਾਰੇ ਦੱਸਦਾ ਹੈ। ਇਸ ਵਿਚ ਬਾਈਬਲ ਦੇ ਵਾਅਦੇ ਬਾਰੇ ਵੀ ਦੱਸਿਆ ਗਿਆ ਹੈ ਕਿ ਬਹੁਤ ਜਲਦੀ ਸਾਰੀਆਂ ਬੀਮਾਰੀਆਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।” ਅਖ਼ੀਰ ਵਿਚ ਯਸਾਯਾਹ 33:24 ਪੜ੍ਹੋ।

      ਪਹਿਰਾਬੁਰਜ 15 ਜਨ.

      “ਅੱਜ-ਕੱਲ੍ਹ ਜ਼ਿਆਦਾਤਰ ਲੋਕ ਆਪਣੇ ਵਾਅਦਿਆਂ ਤੇ ਪੱਕੇ ਨਹੀਂ ਰਹਿੰਦੇ, ਇਸੇ ਲਈ ਇਨਸਾਨਾਂ ਦਾ ਇਕ ਦੂਸਰੇ ਉੱਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਤੁਹਾਡੇ ਖ਼ਿਆਲ ਵਿਚ ਕੀ ਕੋਈ ਹੈ ਜਿਸ ਦੇ ਵਾਅਦਿਆਂ ਉੱਤੇ ਅਸੀਂ ਭਰੋਸਾ ਰੱਖ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ। ਫਿਰ ਯਹੋਸ਼ੁਆ 23:14 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਅਸੀਂ ਬਾਈਬਲ ਵਿਚ ਦਿੱਤੇ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਕਿਉਂ ਪੂਰਾ ਭਰੋਸਾ ਰੱਖ ਸਕਦੇ ਹਾਂ।”

      ਜਾਗਰੂਕ ਬਣੋ! ਜਨ.-ਮਾਰ.

      “ਜਦੋਂ ਕੋਈ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੋਂਹਦਾ ਹੈ, ਤਾਂ ਅਕਸਰ ਲੋਕ ਉਸ ਨਾਲ ਈਰਖਾ ਕਰਦੇ ਹਨ ਜਾਂ ਆਪਣੇ ਆਪ ਨੂੰ ਉਸ ਨਾਲੋਂ ਨੀਵਾਂ ਸਮਝਣ ਲੱਗਦੇ ਹਨ। ਕੀ ਤੁਸੀਂ ਕਦੇ ਇੱਦਾਂ ਮਹਿਸੂਸ ਕੀਤਾ ਹੈ? [ਜਵਾਬ ਲਈ ਸਮਾਂ ਦਿਓ ਅਤੇ 13ਵੇਂ ਸਫ਼ੇ ਉੱਤੇ ਲੇਖ ਦਿਖਾਓ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਅਸੀਂ ਇਸ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਕਿਵੇਂ ਸਿੱਝ ਸਕਦੇ ਹਾਂ।”

      ਪਹਿਰਾਬੁਰਜ 1 ਫਰ.

      “ਅਸੀਂ ਆਮ ਤੌਰ ਤੇ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਹਾਲ ਹੀ ਵਿਚ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਅਧਿਆਤਮਿਕ ਗੱਲਾਂ ਵਿਚ ਰੁਚੀ ਲੈਣ ਨਾਲ ਵੀ ਸਾਡੀ ਸਿਹਤ ਉੱਤੇ ਚੰਗਾ ਅਸਰ ਪੈਂਦਾ ਹੈ। ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ। ਫਿਰ ਮੱਤੀ 5:3 ਪੜ੍ਹੋ।] ਇਸ ਪਹਿਰਾਬੁਰਜ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਅਸੀਂ ਆਪਣੀਆਂ ਅਧਿਆਤਮਿਕ ਲੋੜਾਂ ਕਿਵੇਂ ਪੂਰੀਆਂ ਕਰ ਸਕਦੇ ਹਾਂ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ