ਤੁਸੀਂ ਇਕ ਬੋਧੀ ਨੂੰ ਕੀ ਕਹੋਗੇ?
1 ਕੁਝ ਦੇਸ਼ਾਂ ਵਿਚ ਬਪਤਿਸਮਾ ਲੈ ਰਹੇ ਲੋਕਾਂ ਵਿੱਚੋਂ ਅੱਧੇ ਨਾਲੋਂ ਵੀ ਜ਼ਿਆਦਾ ਲੋਕ ਬੋਧੀ ਪਿਛੋਕੜ ਦੇ ਹਨ। ਇਨ੍ਹਾਂ ਵਿਅਕਤੀਆਂ ਨੂੰ ਸੱਚਾਈ ਵੱਲ ਕਿਹੜੀ ਗੱਲ ਆਕਰਸ਼ਿਤ ਕਰ ਰਹੀ ਹੈ? ਤੁਸੀਂ ਇਕ ਬੋਧੀ ਨੂੰ ਖ਼ੁਸ਼ ਖ਼ਬਰੀ ਕਿਵੇਂ ਪੇਸ਼ ਕਰ ਸਕਦੇ ਹੋ?
2 ਸੱਚੀ ਦਿਲਚਸਪੀ ਦਿਖਾਓ: ਬਹੁਤ ਸਾਰੇ ਭੈਣ-ਭਰਾਵਾਂ ਨੇ, ਜਿਹੜੇ ਪਹਿਲਾਂ ਬੋਧੀ ਸਨ, ਕਿਹਾ ਹੈ ਕਿ ਉਹ ਸੱਚਾਈ ਵੱਲ ਇਸ ਕਰਕੇ ਆਕਰਸ਼ਿਤ ਨਹੀਂ ਹੋਏ ਕਿ ਉਨ੍ਹਾਂ ਨਾਲ ਬਹੁਤ ਦਲੀਲਬਾਜ਼ੀ ਕੀਤੀ ਗਈ ਸੀ। ਇਸ ਦੀ ਬਜਾਇ, ਉਨ੍ਹਾਂ ਪ੍ਰਤੀ ਦਿਖਾਈ ਗਈ ਨਿੱਜੀ ਅਤੇ ਸੱਚੀ ਦਿਲਚਸਪੀ ਦਾ ਉਨ੍ਹਾਂ ਉੱਤੇ ਬਹੁਤ ਅਸਰ ਪਿਆ। ਸੰਯੁਕਤ ਰਾਜ ਅਮਰੀਕਾ ਵਿਚ ਰਹਿਣ ਵਾਲੀ ਇਕ ਏਸ਼ੀਆਈ ਤੀਵੀਂ, ਇਕ ਭੈਣ ਦੇ ਦੋਸਤਾਨਾ ਸੁਭਾਅ ਤੋਂ ਇੰਨੀ ਜ਼ਿਆਦਾ ਪ੍ਰਭਾਵਿਤ ਹੋਈ ਕਿ ਉਹ ਅਧਿਐਨ ਕਰਨ ਲਈ ਰਾਜ਼ੀ ਹੋ ਗਈ। ਭਾਵੇਂ ਕਿ ਉਹ ਤੀਵੀਂ ਅੰਗ੍ਰੇਜ਼ੀ ਚੰਗੀ ਤਰ੍ਹਾਂ ਨਹੀਂ ਬੋਲ ਸਕਦੀ ਸੀ, ਪਰ ਭੈਣ ਉਸ ਨਾਲ ਬਹੁਤ ਧੀਰਜ ਨਾਲ ਪੇਸ਼ ਆਈ। ਜਦੋਂ ਉਹ ਤੀਵੀਂ ਥੱਕੀ ਹੁੰਦੀ ਸੀ ਜਾਂ ਅਧਿਐਨ ਨਹੀਂ ਕਰ ਪਾਉਂਦੀ ਸੀ, ਤਾਂ ਭੈਣ ਉਸ ਨੂੰ ਸਿਰਫ਼ ਮਿਲ ਕੇ ਅਤੇ ਅਗਲੀ ਵਾਰ ਅਧਿਐਨ ਕਰਨ ਦਾ ਪ੍ਰਬੰਧ ਕਰ ਕੇ ਵਾਪਸ ਚਲੀ ਜਾਂਦੀ ਸੀ। ਆਖ਼ਰਕਾਰ, ਉਸ ਤੀਵੀਂ ਨੇ, ਉਸ ਦੇ ਦੋ ਪੁੱਤਰਾਂ ਨੇ ਅਤੇ ਉਸ ਦੀ ਬਜ਼ੁਰਗ ਮਾਂ ਨੇ ਬਪਤਿਸਮਾ ਲੈ ਲਿਆ। ਜਦੋਂ ਉਹ ਆਪਣੇ ਦੇਸ਼ ਵਾਪਸ ਮੁੜ ਗਈ, ਤਾਂ ਉੱਥੇ ਉਸ ਨੇ ਹੋਰ ਬਹੁਤ ਸਾਰੇ ਲੋਕਾਂ ਦੀ ਸੱਚਾਈ ਸਿੱਖਣ ਵਿਚ ਮਦਦ ਕੀਤੀ। ਉਸ ਭੈਣ ਦਾ ਇਕ ਪੁੱਤਰ ਹੁਣ ਸ਼ਾਖਾ ਦਫ਼ਤਰ ਵਿਖੇ ਸੇਵਾ ਕਰ ਰਿਹਾ ਹੈ। ਯਹੋਵਾਹ ਵਾਂਗ ‘ਮਨੁੱਖਾਂ ਲਈ ਦਿਆਲਗੀ ਅਤੇ ਪ੍ਰੇਮ’ ਨੂੰ ਦਿਖਾਉਣ ਦੇ ਨਤੀਜੇ ਵਜੋਂ ਕਿੰਨੀਆਂ ਹੀ ਅਸੀਸਾਂ ਮਿਲੀਆਂ!—ਤੀਤੁ. 3:4.
3 ਬੋਧੀ ਵਿਚਾਰ: ਆਮ ਕਰਕੇ ਬੋਧੀ ਲੋਕ ਦੂਸਰੇ ਧਰਮਾਂ ਦੇ ਵਿਚਾਰਾਂ ਦਾ ਆਦਰ ਕਰਦੇ ਹਨ, ਪਰ ਉਹ ਕਿਸੇ ਇਕ ਕੱਟੜ ਸਿਧਾਂਤ ਦਾ ਪਾਲਣ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਕਰਦੇ। ਇਸ ਕਰਕੇ ਉਨ੍ਹਾਂ ਦੇ ਨਿੱਜੀ ਵਿਚਾਰ ਵੱਖੋ-ਵੱਖਰੇ ਹਨ। ਬੋਧੀਆਂ ਦੇ ਇਕ ਫ਼ਿਰਕੇ ਦਾ ਇਕ ਆਮ ਵਿਸ਼ਵਾਸ ਇਹ ਹੈ ਕਿ ਜੀਵਨ ਦੁੱਖਾਂ ਨਾਲ ਭਰਿਆ ਹੋਇਆ ਹੈ, ਪਰ ਗਿਆਨ-ਪ੍ਰਾਪਤੀ ਦੇ ਜ਼ਰੀਏ ਇਕ ਵਿਅਕਤੀ ਪੁਨਰ-ਜਨਮ ਦੇ ਜਾਰੀ ਰਹਿਣ ਵਾਲੇ ਦੁਖਦਾਈ ਚੱਕਰ ਤੋਂ ਮੁਕਤ ਹੋ ਸਕਦਾ ਹੈ। ਇਹ ਕਿਹਾ ਜਾਂਦਾ ਹੈ ਕਿ ਇਸ ਚੱਕਰ ਤੋਂ ਮੁਕਤ ਹੋਣ ਲਈ ਇਕ ਵਿਅਕਤੀ ਨੂੰ ਨਿਰਵਾਣ ਪ੍ਰਾਪਤ ਕਰਨਾ ਪਏਗਾ। ਉਨ੍ਹਾਂ ਅਨੁਸਾਰ ਨਿਰਵਾਣ ਇਕ ਅਜਿਹੀ ਅਵਸਥਾ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਕੋਈ ਜਗ੍ਹਾ ਜਾਂ ਘਟਨਾ ਨਹੀਂ ਹੈ ਬਲਕਿ ਇਹ ਇਕ ਖਲਾਅ ਹੈ ਜਿੱਥੇ ਦੁੱਖ ਅਤੇ ਬੁਰਾਈ ਦੀ ਕੋਈ ਹੋਂਦ ਨਹੀਂ ਹੈ। (ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? [ਅੰਗ੍ਰੇਜ਼ੀ] ਦੇ ਸਫ਼ੇ 9-10 ਦੇਖੋ।) ਉਨ੍ਹਾਂ ਦਾ ਇਹ ਵਿਸ਼ਵਾਸ ਸਾਨੂੰ ਕੀ ਦੱਸਦਾ ਹੈ? ਇਹ ਦੱਸਦਾ ਹੈ ਕਿ ਲੋਕਾਂ ਨਾਲ ਬੋਧੀ ਫ਼ਲਸਫ਼ੇ ਉੱਤੇ ਬਹਿਸ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਇਸ ਦੀ ਬਜਾਇ, ਉਨ੍ਹਾਂ ਨਾਲ ਆਮ ਸਮੱਸਿਆਵਾਂ ਬਾਰੇ ਗੱਲ ਕਰੋ ਜਿਨ੍ਹਾਂ ਬਾਰੇ ਸਭ ਲੋਕ ਚਿੰਤਾ ਕਰਦੇ ਹਨ।
4 ਸਾਂਝੀ ਦਿਲਚਸਪੀ ਵਾਲੇ ਵਿਸ਼ਿਆਂ ਤੇ ਜ਼ੋਰ ਦਿਓ: ਕਿਉਂਕਿ ਆਮ ਕਰਕੇ ਬੋਧੀ ਲੋਕ ਇਹ ਮੰਨਦੇ ਹਨ ਕਿ ਧਰਤੀ ਉੱਤੇ ਜੀਵਨ ਦਾ ਮਤਲਬ ਹੀ ਦੁੱਖ ਹੈ, ਇਸ ਕਰਕੇ ਧਰਤੀ ਉੱਤੇ ਸਦੀਪਕ ਜੀਵਨ ਦੀ ਧਾਰਣਾ ਉਨ੍ਹਾਂ ਨੂੰ ਸ਼ਾਇਦ ਬੇਤੁਕੀ ਲੱਗੇ। ਫਿਰ ਵੀ, ਸਾਡੀ ਸਾਰਿਆਂ ਦੀ ਇੱਛਾ ਹੈ ਕਿ ਅਸੀਂ ਇਕ ਖ਼ੁਸ਼ ਪਰਿਵਾਰਕ ਜੀਵਨ ਦਾ ਆਨੰਦ ਮਾਣੀਏ, ਦੁੱਖਾਂ ਨੂੰ ਖ਼ਤਮ ਹੁੰਦੇ ਦੇਖੀਏ ਅਤੇ ਜੀਵਨ ਦੇ ਮਕਸਦ ਬਾਰੇ ਜਾਣੀਏ। ਧਿਆਨ ਦਿਓ ਕਿ ਇਹੋ ਜਿਹੀਆਂ ਆਮ ਲੋੜਾਂ ਉੱਤੇ ਕਿਵੇਂ ਜ਼ੋਰ ਦਿੱਤਾ ਜਾ ਸਕਦਾ ਹੈ।
5 ਤੁਸੀਂ ਇਸ ਪ੍ਰਸਤਾਵਨਾ ਨੂੰ ਅਜ਼ਮਾ ਸਕਦੇ ਹੋ:
◼ “ਅੱਜ-ਕੱਲ੍ਹ ਅਸੀਂ ਅਜਿਹੇ ਸੰਸਾਰ ਵਿਚ ਰਹਿੰਦੇ ਹਾਂ ਜਿੱਥੇ ਬਹੁਤ ਸਾਰੇ ਭੋਲੇ-ਭਾਲੇ ਲੋਕ ਦੁੱਖ ਸਹਿੰਦੇ ਹਨ। ਤੁਹਾਡੇ ਖ਼ਿਆਲ ਵਿਚ ਇਨ੍ਹਾਂ ਸਾਰੇ ਦੁੱਖਾਂ ਅਤੇ ਬਿਪਤਾਵਾਂ ਦਾ ਹਮੇਸ਼ਾ ਲਈ ਅੰਤ ਕਰਨ ਲਈ ਕਿਸ ਚੀਜ਼ ਦੀ ਲੋੜ ਹੈ? [ਜਵਾਬ ਲਈ ਸਮਾਂ ਦਿਓ।] ਬਹੁਤ ਸਮਾਂ ਪਹਿਲਾਂ ਇਕ ਵਾਅਦਾ ਕੀਤਾ ਗਿਆ ਸੀ ਜਿਸ ਤੋਂ ਮੈਨੂੰ ਬਹੁਤ ਦਿਲਾਸਾ ਮਿਲਿਆ ਹੈ। [ਪਰਕਾਸ਼ ਦੀ ਪੋਥੀ 21:4 ਪੜ੍ਹੋ।] ਬੇਸ਼ੱਕ, ਉਹ ਸਮਾਂ ਅਜੇ ਨਹੀਂ ਆਇਆ ਹੈ, ਪਰ ਜਦੋਂ ਇਹ ਆਵੇਗਾ, ਤਾਂ ਅਸੀਂ ਇਸ ਨੂੰ ਜ਼ਰੂਰ ਦੇਖਣਾ ਚਾਹਾਂਗੇ, ਹੈ ਨਾ?” ਇਸ ਤੋਂ ਬਾਅਦ ਇਕ ਪ੍ਰਕਾਸ਼ਨ ਪੇਸ਼ ਕਰੋ ਜਿਹੜਾ ਇਹ ਦੱਸੇ ਕਿ ਦੁੱਖ ਕਿੱਦਾ ਖ਼ਤਮ ਹੋਣਗੇ।
6 ਇਕ ਬਜ਼ੁਰਗ ਵਿਅਕਤੀ ਨੂੰ ਤੁਸ ਇਹ ਕਹਿ ਸਕਦੇ ਹੋ:
◼ “ਹਾਲ ਵਿਚ ਹੀ ਆਏ ਘਟੀਆ ਵਿਚਾਰਾਂ ਦੇ ਹੜ੍ਹ ਅਤੇ ਇਨ੍ਹਾਂ ਦਾ ਸਾਡੇ ਬੱਚਿਆਂ ਉੱਤੇ ਪੈ ਰਹੇ ਪ੍ਰਭਾਵ ਬਾਰੇ ਸ਼ਾਇਦ ਤੁਸੀਂ ਵੀ ਮੇਰੇ ਵਾਂਗ ਹੀ ਕਾਫ਼ੀ ਫ਼ਿਕਰਮੰਦ ਹੋ। ਨੌਜਵਾਨਾਂ ਵਿਚ ਅਨੈਤਿਕਤਾ ਕਿਉਂ ਇੰਨੀ ਵੱਧ ਗਈ ਹੈ? [ਜਵਾਬ ਲਈ ਸਮਾਂ ਦਿਓ।] ਕੀ ਤੁਸੀਂ ਜਾਣਦੇ ਹੋ ਕਿ ਇਸ ਬਾਰੇ ਪਹਿਲਾਂ ਹੀ ਇਕ ਅਜਿਹੀ ਕਿਤਾਬ ਵਿਚ ਭਵਿੱਖਬਾਣੀ ਕੀਤੀ ਗਈ ਸੀ ਜਿਸ ਨੂੰ ਇਸਲਾਮ ਧਰਮ, ਈਸਾਈ ਧਰਮ ਅਤੇ ਹਿੰਦੂ ਧਰਮ ਦੇ ਸ਼ੁਰੂ ਹੋਣ ਤੋਂ ਬਹੁਤ ਸਮਾਂ ਪਹਿਲਾਂ ਲਿਖਣਾ ਸ਼ੁਰੂ ਕੀਤਾ ਗਿਆ ਸੀ? [2 ਤਿਮੋਥਿਉਸ 3:1-3 ਪੜ੍ਹੋ।] ਧਿਆਨ ਦਿਓ ਕਿ ਗਿਆਨ ਦੀ ਲਗਾਤਾਰ ਪ੍ਰਾਪਤੀ ਦੇ ਬਾਵਜੂਦ ਵੀ ਇਹ ਹਾਲਤਾਂ ਅਜੇ ਵੀ ਮੌਜੂਦ ਹਨ। [ਆਇਤ 7 ਪੜ੍ਹੋ।] ਇਸ ਪ੍ਰਕਾਸ਼ਨ ਨੇ ਉਹ ਸੱਚਾਈ ਜਾਣਨ ਵਿਚ ਮੇਰੀ ਮਦਦ ਕੀਤੀ ਹੈ ਜਿਸ ਨੂੰ ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ। ਕੀ ਤੁਸੀਂ ਇਸ ਨੂੰ ਪੜ੍ਹਨਾ ਪਸੰਦ ਕਰੋਗੇ?” ਇਕ ਢੁਕਵੀਂ ਕਿਤਾਬ ਜਾਂ ਬਰੋਸ਼ਰ ਪੇਸ਼ ਕਰੋ।
7 ਆਮ ਕਰਕੇ ਬੋਧੀ ਲੋਕ ਬਾਈਬਲ ਦਾ ਇਕ ਪਵਿੱਤਰ ਗ੍ਰੰਥ ਵਜੋਂ ਆਦਰ ਕਰਦੇ ਹਨ। ਇਸ ਲਈ ਬਾਈਬਲ ਵਿੱਚੋਂ ਪੜ੍ਹ ਕੇ ਉਨ੍ਹਾਂ ਨੂੰ ਸੁਣਾਓ। (ਇਬ. 4:12) ਜੇਕਰ ਇਕ ਵਿਅਕਤੀ ਪੱਛਮੀ ਸਭਿਆਚਾਰ ਦੇ ਪ੍ਰਭਾਵ ਨੂੰ ਚੰਗਾ ਨਹੀਂ ਸਮਝਦਾ, ਤਾਂ ਉਸ ਨੂੰ ਦੱਸੋ ਕਿ ਬਾਈਬਲ ਦੇ ਸਾਰੇ ਲਿਖਾਰੀ ਏਸ਼ੀਆ ਦੇ ਰਹਿਣ ਵਾਲੇ ਸਨ।
8 ਕਿਹੜੇ ਪ੍ਰਕਾਸ਼ਨ ਸਭ ਤੋਂ ਜ਼ਿਆਦਾ ਪ੍ਰਭਾਵਕਾਰੀ ਹਨ? ਬਹੁਤ ਸਾਰੇ ਪ੍ਰਕਾਸ਼ਕਾਂ ਨੇ ਹੇਠ ਦਿੱਤੇ ਪ੍ਰਕਾਸ਼ਨਾਂ ਨੂੰ ਸਫ਼ਲਤਾਪੂਰਵਕ ਇਸਤੇਮਾਲ ਕੀਤਾ ਹੈ: ਕਿਤਾਬਾਂ ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ (ਅੰਗ੍ਰੇਜ਼ੀ), ਪਰਿਵਾਰਕ ਖ਼ੁਸ਼ੀ ਦਾ ਰਾਜ਼, ਅਤੇ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਅੰਗ੍ਰੇਜ਼ੀ); ਬਰੋਸ਼ਰ “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਅਤੇ ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ; ਅਤੇ ਜੇ ਉਪਲਬਧ ਹੋਵੇ, ਤਾਂ ਕਿੰਗਡਮ ਨਿਊਜ਼ ਨੰ. 35, “ਕੀ ਸਾਰੇ ਲੋਕ ਕਦੇ ਵੀ ਇਕ ਦੂਜੇ ਨਾਲ ਪਿਆਰ ਕਰਨਗੇ?” ਹੁਣ ਸੱਚਾਈ ਸਿੱਖ ਰਹੇ ਜ਼ਿਆਦਾਤਰ ਬੋਧੀ ਪਹਿਲਾਂ ਮੰਗ ਬਰੋਸ਼ਰ ਦਾ ਅਤੇ ਉਸ ਤੋਂ ਬਾਅਦ ਵਿਚ ਗਿਆਨ ਕਿਤਾਬ ਦਾ ਅਧਿਐਨ ਕਰਦੇ ਹਨ।
9 ਭਾਵੇਂ ਇਹ ਕਿਹਾ ਜਾਂਦਾ ਹੈ ਕਿ ਅਥੇਨੈ ਵਿਚ ਪੌਲੁਸ ਦੇ ਪ੍ਰਚਾਰ ਕਰਨ ਤੋਂ ਲਗਭਗ 400 ਸਾਲ ਪਹਿਲਾਂ ਹੀ ਬੋਧੀ ਭਿਕਸ਼ੂ ਉੱਥੇ ਪਹੁੰਚ ਗਏ ਸਨ, ਪਰ ਇਹ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਪੌਲੁਸ ਬੋਧੀ ਵਿਚਾਰਾਂ ਤੋਂ ਪ੍ਰਭਾਵਿਤ ਕਿਸੇ ਵਿਅਕਤੀ ਨੂੰ ਕਦੇ ਮਿਲਿਆ ਸੀ। ਫਿਰ ਵੀ, ਅਸੀਂ ਜਾਣਦੇ ਹਾਂ ਕਿ ਪੌਲੁਸ ਹਰ ਤਰ੍ਹਾਂ ਦੇ ਲੋਕਾਂ ਨੂੰ ਗਵਾਹੀ ਦੇਣ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਸੀ। ਉਸ ਨੇ ਆਪਣੇ ਆਪ ਨੂੰ “ਸਭਨਾਂ ਦਾ ਦਾਸ” ਬਣਾਇਆ ਤਾਂਕਿ ਉਹ ‘ਹਰ ਤਰਾਂ ਨਾਲ ਕਈਆਂ ਨੂੰ ਬਚਾ ਸਕੇ।’ (1 ਕੁਰਿੰ. 9:19-23) ਅਸੀਂ ਵੀ ਸਾਰੇ ਲੋਕਾਂ ਨੂੰ ਗਵਾਹੀ ਦਿੰਦੇ ਸਮੇਂ ਉਨ੍ਹਾਂ ਵਿਚ ਨਿੱਜੀ ਦਿਲਚਸਪੀ ਦਿਖਾ ਕੇ ਅਤੇ ਆਪਣੀ ਸਾਂਝੀ ਆਸ ਉੱਤੇ ਜ਼ੋਰ ਦੇ ਕੇ ਇੰਜ ਕਰ ਸਕਦੇ ਹਾਂ।