ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਧੀਰਜ ਰੱਖਣ ਨਾਲ ਸਾਨੂੰ ਫ਼ਾਇਦਾ ਹੋਵੇਗਾ
    ਰਾਜ ਸੇਵਕਾਈ—2004 | ਅਗਸਤ
    • ਧੀਰਜ ਰੱਖਣ ਨਾਲ ਸਾਨੂੰ ਫ਼ਾਇਦਾ ਹੋਵੇਗਾ

      1 “ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਓਗੇ।” (ਲੂਕਾ 21:19) ਇਹ ਸ਼ਬਦ ਯਿਸੂ ਦੁਆਰਾ ਕੀਤੀ “ਜੁਗ ਦੇ ਅੰਤ” ਦੀ ਭਵਿੱਖਬਾਣੀ ਦਾ ਹਿੱਸਾ ਹਨ। ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਵਫ਼ਾਦਾਰ ਰਹਿਣ ਲਈ ਸਾਨੂੰ ਬਹੁਤ ਸਾਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਰਹਿਣਾ ਪਵੇਗਾ। ਪਰ ਯਹੋਵਾਹ ਦੀ ਤਾਕਤ ਨਾਲ ਅਸੀਂ ਸਾਰੇ ‘ਅੰਤ ਤੋੜੀ ਸਹਿ’ ਸਕਦੇ ਹਾਂ ਅਤੇ ‘ਬਚਾਏ ਜਾ’ ਸਕਦੇ ਹਾਂ।—ਮੱਤੀ 24:3, 13; ਫ਼ਿਲਿ. 4:13.

      2 ਅਤਿਆਚਾਰ, ਮਾੜੀ ਸਿਹਤ, ਪੈਸੇ ਦੀ ਤੰਗੀ ਅਤੇ ਮਾਨਸਿਕ ਪਰੇਸ਼ਾਨੀਆਂ ਜੀਣਾ ਮੁਸ਼ਕਲ ਕਰ ਸਕਦੀਆਂ ਹਨ। ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸ਼ਤਾਨ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਰ ਰੋਜ਼ ਆਪਣੇ ਪਿਤਾ ਪ੍ਰਤੀ ਵਫ਼ਾਦਾਰ ਰਹਿ ਕੇ ਅਸੀਂ ਮੇਹਣਾ ਮਾਰਨ ਵਾਲੇ ਨੂੰ ਮੂੰਹ-ਤੋੜ ਜਵਾਬ ਦਿੰਦੇ ਹਾਂ। ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਅਜ਼ਮਾਇਸ਼ਾਂ ਸਹਿੰਦੇ ਹੋਏ ਅਸੀਂ ਜੋ ਵੀ ‘ਅੰਝੂ’ ਵਹਾਉਂਦੇ ਹਾਂ, ਉਨ੍ਹਾਂ ਨੂੰ ਪਰਮੇਸ਼ੁਰ ਭੁੱਲਦਾ ਨਹੀਂ! ਸਾਡੇ ਅੰਝੂ ਪਰਮੇਸ਼ੁਰ ਲਈ ਬਹੁਤ ਅਨਮੋਲ ਹਨ ਅਤੇ ਸਾਡੀ ਵਫ਼ਾਦਾਰੀ ਦੇਖ ਕੇ ਉਸ ਦਾ ਦਿਲ ਖ਼ੁਸ਼ ਹੁੰਦਾ ਹੈ!—ਜ਼ਬੂ. 56:8; ਕਹਾ. 27:11.

      3 ਸ਼ਖ਼ਸੀਅਤ ਵਿਚ ਨਿਖਾਰ: ਮੁਸੀਬਤਾਂ ਆਉਣ ਤੇ ਸਾਨੂੰ ਸ਼ਾਇਦ ਪਤਾ ਲੱਗੇ ਕਿ ਸਾਡੀ ਨਿਹਚਾ ਕਮਜ਼ੋਰ ਹੈ ਜਾਂ ਸਾਡੇ ਵਿਚ ਘਮੰਡ ਜਾਂ ਧੀਰਜ ਦੀ ਘਾਟ ਵਰਗੇ ਔਗੁਣ ਹਨ। ਗ਼ਲਤ ਤਰੀਕਿਆਂ ਨਾਲ ਅਜ਼ਮਾਇਸ਼ਾਂ ਤੋਂ ਬਚਣ ਜਾਂ ਇਨ੍ਹਾਂ ਨੂੰ ਰੋਕਣ ਦੀ ਬਜਾਇ, ਸਾਨੂੰ ਪਰਮੇਸ਼ੁਰ ਦੇ ਬਚਨ ਦੀ ਇਸ ਸਲਾਹ ਨੂੰ ਮੰਨਣਾ ਚਾਹੀਦਾ ਹੈ: “ਧੀਰਜ ਦੇ ਕੰਮ ਨੂੰ ਪੂਰਿਆਂ ਹੋ ਲੈਣ ਦਿਓ।” ਕਿਉਂ? ਕਿਉਂਕਿ ਵਫ਼ਾਦਾਰੀ ਨਾਲ ਅਜ਼ਮਾਇਸ਼ਾਂ ਨੂੰ ਸਹਿਣ ਨਾਲ ਅਸੀਂ ‘ਸਿੱਧ ਅਤੇ ਸੰਪੂਰਨ ਹੋਵਾਂਗੇ।’ (ਯਾਕੂ. 1:2-4) ਧੀਰਜ ਸਾਡੀ ਅਨਮੋਲ ਗੁਣ ਵਿਕਸਿਤ ਕਰਨ ਵਿਚ ਮਦਦ ਕਰ ਸਕਦਾ ਹੈ ਜਿਵੇਂ ਕਿ ਸਮਝਦਾਰੀ, ਰਹਿਮਦਿਲੀ ਅਤੇ ਦਇਆ।—ਰੋਮੀ. 12:15.

      4 ਪਰਖੀ ਹੋਈ ਨਿਹਚਾ: ਜਦੋਂ ਅਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਸਾਡੀ ਨਿਹਚਾ ਪਰਮੇਸ਼ੁਰ ਲਈ ਅਨਮੋਲ ਬਣ ਜਾਂਦੀ ਹੈ। (1 ਪਤ. 1:6, 7) ਮਜ਼ਬੂਤ ਨਿਹਚਾ ਸਾਨੂੰ ਭਵਿੱਖ ਵਿਚ ਆਉਣ ਵਾਲੇ ਪਰਤਾਵਿਆਂ ਦਾ ਸਾਮ੍ਹਣਾ ਕਰਨ ਦੀ ਤਾਕਤ ਦਿੰਦੀ ਹੈ। ਇਸ ਤੋਂ ਇਲਾਵਾ, ਸਾਡੇ ਵੱਲੋਂ ਧੀਰਜ ਧਰਨ ਨਾਲ ਯਹੋਵਾਹ ਸਾਡੇ ਤੋਂ ਖ਼ੁਸ਼ ਹੁੰਦਾ ਹੈ। ਇਹ ਜਾਣ ਕੇ ਸਾਡੀ ਉਮੀਦ ਹੋਰ ਪੱਕੀ ਹੁੰਦੀ ਹੈ।—ਰੋਮੀ. 5:3-5.

      5 ਧੀਰਜ ਦੇ ਸਭ ਤੋਂ ਵੱਡੇ ਫ਼ਾਇਦੇ ਬਾਰੇ ਯਾਕੂਬ 1:12 ਵਿਚ ਦੱਸਿਆ ਗਿਆ ਹੈ: “ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ ਕਿਉਂਕਿ ਜਾਂ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ . . . ਮੁਕਟ ਪਰਾਪਤ ਹੋਵੇਗਾ।” ਇਸ ਲਈ ਆਓ ਆਪਾਂ ਪੱਕੇ ਇਰਾਦੇ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੀਏ ਅਤੇ ਭਰੋਸਾ ਰੱਖੀਏ ਕਿ ਉਹ “ਆਪਣਿਆਂ ਪ੍ਰੇਮੀਆਂ” ਨੂੰ ਇਨਾਮ ਦੇਵੇਗਾ।

  • ਭਾਗ 2—ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ
    ਰਾਜ ਸੇਵਕਾਈ—2004 | ਅਗਸਤ
    • ਭਾਗ 2​—ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ

      ਬਾਈਬਲ ਸਟੱਡੀ ਕਰਾਉਣ ਤੋਂ ਪਹਿਲਾਂ ਤਿਆਰੀ ਕਰਨੀ

      1 ਚੰਗੇ ਤਰੀਕੇ ਨਾਲ ਬਾਈਬਲ ਸਟੱਡੀ ਕਰਾਉਣ ਦਾ ਮਤਲਬ ਇਹੀ ਨਹੀਂ ਹੈ ਕਿ ਅਸੀਂ ਪੈਰਿਆਂ ਉੱਤੇ ਚਰਚਾ ਕਰੀਏ ਅਤੇ ਦਿੱਤੇ ਹਵਾਲਿਆਂ ਨੂੰ ਪੜ੍ਹੀਏ। ਸਾਨੂੰ ਇਸ ਤਰੀਕੇ ਨਾਲ ਸਿਖਾਉਣਾ ਚਾਹੀਦਾ ਹੈ ਕਿ ਵਿਦਿਆਰਥੀ ਦੇ ਮਨ ਉੱਤੇ ਇਸ ਦਾ ਗਹਿਰਾ ਅਸਰ ਪਵੇ। ਇਸ ਲਈ ਵਿਦਿਆਰਥੀ ਨੂੰ ਧਿਆਨ ਵਿਚ ਰੱਖਦੇ ਹੋਏ ਚੰਗੀ ਤਰ੍ਹਾਂ ਤਿਆਰੀ ਕਰਨੀ ਜ਼ਰੂਰੀ ਹੈ।—ਕਹਾ. 15:28.

      2 ਤਿਆਰੀ ਕਰਨ ਦਾ ਢੰਗ: ਸਭ ਤੋਂ ਪਹਿਲਾਂ ਯਹੋਵਾਹ ਨੂੰ ਵਿਦਿਆਰਥੀ ਅਤੇ ਉਸ ਦੀਆਂ ਲੋੜਾਂ ਬਾਰੇ ਪ੍ਰਾਰਥਨਾ ਕਰੋ। ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਵਿਦਿਆਰਥੀ ਦੇ ਦਿਲ ਤਕ ਪਹੁੰਚਣ ਵਿਚ ਤੁਹਾਡੀ ਮਦਦ ਕਰੇ। (ਕੁਲੁ. 1:9, 10) ਜਿਸ ਅਧਿਆਇ ਵਿੱਚੋਂ ਤੁਸੀਂ ਸਟੱਡੀ ਕਰਾਉਣੀ ਹੈ, ਉਸ ਦਾ ਮੁੱਖ ਵਿਸ਼ਾ ਸਮਝਣ ਲਈ ਅਧਿਆਇ ਦੇ ਸਿਰਲੇਖ, ਉਪ-ਸਿਰਲੇਖਾਂ ਅਤੇ ਤਸਵੀਰਾਂ ਵਗੈਰਾ ਉੱਤੇ ਵਿਚਾਰ ਕਰੋ। ਆਪਣੇ ਆਪ ਤੋਂ ਪੁੱਛੋ, ‘ਇਸ ਜਾਣਕਾਰੀ ਦਾ ਮੁੱਖ ਮਕਸਦ ਕੀ ਹੈ?’ ਇਹ ਜਾਣ ਕੇ ਤੁਸੀਂ ਸਟੱਡੀ ਕਰਾਉਣ ਵੇਲੇ ਮੁੱਖ ਨੁਕਤਿਆਂ ਉੱਤੇ ਜ਼ਿਆਦਾ ਧਿਆਨ ਦੇ ਪਾਓਗੇ।

      3 ਇਕ-ਇਕ ਪੈਰਾ ਪੜ੍ਹ ਕੇ ਉਸ ਉੱਤੇ ਵਿਚਾਰ ਕਰੋ। ਦਿੱਤੇ ਗਏ ਸਵਾਲਾਂ ਦੇ ਜਵਾਬ ਲੱਭੋ ਅਤੇ ਖ਼ਾਸ ਸ਼ਬਦਾਂ ਅਤੇ ਵਾਕਾਂ ਉੱਤੇ ਨਿਸ਼ਾਨ ਲਾਓ। ਬਾਈਬਲ ਦੀਆਂ ਆਇਤਾਂ ਉੱਤੇ ਸੋਚ-ਵਿਚਾਰ ਕਰ ਕੇ ਦੇਖੋ ਕਿ ਇਨ੍ਹਾਂ ਦਾ ਪੈਰੇ ਦੇ ਮੁੱਖ ਨੁਕਤੇ ਨਾਲ ਕੀ ਸੰਬੰਧ ਹੈ ਅਤੇ ਫਿਰ ਦੇਖੋ ਕਿ ਤੁਸੀਂ ਕਿਹੜੀਆਂ ਆਇਤਾਂ ਸਟੱਡੀ ਦੌਰਾਨ ਪੜ੍ਹੋਗੇ। ਤੁਸੀਂ ਕਿਤਾਬ ਜਾਂ ਬਰੋਸ਼ਰ ਵਿਚ ਖਾਲੀ ਥਾਂ ਉੱਤੇ ਆਇਤਾਂ ਬਾਰੇ ਕੁਝ ਗੱਲਾਂ ਲਿਖ ਵੀ ਸਕਦੇ ਹੋ। ਵਿਦਿਆਰਥੀ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਜੋ ਵੀ ਸਿੱਖ ਰਿਹਾ ਹੈ, ਪਰਮੇਸ਼ੁਰ ਦੇ ਬਚਨ ਵਿੱਚੋਂ ਹੈ।—1 ਥੱਸ. 2:13.

      4 ਸਟੱਡੀ ਨੂੰ ਵਿਦਿਆਰਥੀ ਦੀਆਂ ਲੋੜਾਂ ਮੁਤਾਬਕ ਢਾਲ਼ੋ: ਇਸ ਤੋਂ ਬਾਅਦ, ਆਪਣੇ ਵਿਦਿਆਰਥੀ ਨੂੰ ਮਨ ਵਿਚ ਰੱਖ ਕੇ ਪਾਠ ਨੂੰ ਤਿਆਰ ਕਰੋ। ਸੋਚੋ ਕਿ ਉਹ ਕਿਹੜੇ ਸਵਾਲ ਪੁੱਛ ਸਕਦਾ ਹੈ ਜਾਂ ਉਸ ਨੂੰ ਕਿਹੜੇ ਨੁਕਤੇ ਸਮਝਣ ਜਾਂ ਸਵੀਕਾਰ ਕਰਨ ਵਿਚ ਮੁਸ਼ਕਲ ਲੱਗਣਗੇ। ਆਪਣੇ ਆਪ ਨੂੰ ਪੁੱਛੋ: ‘ਉਸ ਨੂੰ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਲਈ ਕੀ ਸਮਝਣ ਦੀ ਲੋੜ ਹੈ ਜਾਂ ਆਪਣੇ ਵਿਚ ਕੀ ਸੁਧਾਰ ਕਰਨ ਦੀ ਲੋੜ ਹੈ? ਮੈਂ ਉਸ ਦੇ ਦਿਲ ਤਕ ਕਿੱਦਾਂ ਪਹੁੰਚ ਸਕਦਾ ਹਾਂ?’ ਫਿਰ ਇਸ ਦੇ ਮੁਤਾਬਕ ਉਸ ਨੂੰ ਸਿਖਾਓ। ਕੋਈ ਖ਼ਾਸ ਨੁਕਤਾ ਜਾਂ ਆਇਤ ਸਮਝਣ ਵਿਚ ਆਪਣੇ ਵਿਦਿਆਰਥੀ ਦੀ ਮਦਦ ਕਰਨ ਲਈ ਤੁਹਾਨੂੰ ਸ਼ਾਇਦ ਕੋਈ ਉਦਾਹਰਣ ਜਾਂ ਕਈ ਸਵਾਲ ਤਿਆਰ ਕਰਨੇ ਪੈਣ। (ਨਹ. 8:8) ਪਰ ਬਿਨਾਂ ਵਜ੍ਹਾ ਵਾਧੂ ਜਾਣਕਾਰੀ ਨਾ ਦਿਓ ਜਿਸ ਦਾ ਮੁੱਖ ਵਿਸ਼ੇ ਨਾਲ ਕੋਈ ਸੰਬੰਧ ਨਹੀਂ। ਸਟੱਡੀ ਦੇ ਅਖ਼ੀਰ ਵਿਚ ਖ਼ਾਸ ਨੁਕਤਿਆਂ ਉੱਤੇ ਮੁੜ ਵਿਚਾਰ ਕਰਨ ਨਾਲ ਵਿਦਿਆਰਥੀ ਇਨ੍ਹਾਂ ਨੂੰ ਯਾਦ ਰੱਖ ਸਕੇਗਾ।

      5 ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਨਵੇਂ ਲੋਕ ਧਰਮ ਦੇ ਫਲ ਪੈਦਾ ਕਰ ਕੇ ਯਾਨੀ ਯਹੋਵਾਹ ਦੀ ਸੇਵਾ ਕਰ ਕੇ ਉਸ ਦੀ ਮਹਿਮਾ ਕਰਦੇ ਹਨ! (ਫ਼ਿਲਿ. 1:11) ਇਸ ਟੀਚੇ ਤਕ ਪਹੁੰਚਣ ਵਿਚ ਵਿਦਿਆਰਥੀ ਦੀ ਮਦਦ ਕਰਨ ਲਈ ਹਰ ਵਾਰ ਚੰਗੀ ਤਰ੍ਹਾਂ ਤਿਆਰੀ ਕਰ ਕੇ ਸਟੱਡੀ ਕਰਾਓ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ