-
ਨਰੋਈ ਸਿਹਤ ਲਈ ਸਦੀਆਂ ਪੁਰਾਣਾ ਸੰਘਰਸ਼ਜਾਗਰੂਕ ਬਣੋ!—2004 | ਜੁਲਾਈ
-
-
ਨਰੋਈ ਸਿਹਤ ਲਈ ਸਦੀਆਂ ਪੁਰਾਣਾ ਸੰਘਰਸ਼
ਨਿਊਯਾਰਕ ਵਿਚ ਰਹਿੰਦੀ ਜੋਐਨ ਨੂੰ ਟੀ. ਬੀ. ਸੀ। ਉਸ ਨੂੰ ਇਕ ਨਵੀਂ ਕਿਸਮ ਦੀ ਟੀ. ਬੀ. ਹੋਈ ਸੀ ਜਿਸ ਉੱਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੋਇਆ। ਇਸ ਤਰ੍ਹਾਂ ਦੀ ਟੀ. ਬੀ. ਦੇ ਅੱਧੇ ਕੁ ਮਰੀਜ਼ ਮਰ ਜਾਂਦੇ ਹਨ। ਜੋਐਨ ਆਪਣੀ ਦਵਾਈ ਲਗਾਤਾਰ ਨਹੀਂ ਲੈਂਦੀ ਸੀ। ਉਸ ਦੀ ਲਾਪਰਵਾਹੀ ਕਾਰਨ ਇਹ ਬੀਮਾਰੀ ਹੋਰਨਾਂ ਲੋਕਾਂ ਵਿਚ ਵੀ ਫੈਲ ਗਈ। ਉਸ ਦਾ ਡਾਕਟਰ ਬੜਾ ਪਰੇਸ਼ਾਨ ਸੀ ਤੇ ਉਸ ਨੇ ਕਿਹਾ ਕਿ ‘ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਕਮਰੇ ਵਿਚ ਡੱਕ ਕੇ ਰੱਖਿਆ ਜਾਣਾ ਚਾਹੀਦਾ ਹੈ।’
ਟੀ. ਬੀ. ਇਕ ਪੁਰਾਣੀ ਮਹਾਂਮਾਰੀ ਹੈ। ਅਸਲ ਵਿਚ ਕਰੋੜਾਂ ਹੀ ਲੋਕ ਇਸ ਬੀਮਾਰੀ ਦੇ ਕਾਰਨ ਮਰ ਚੁੱਕੇ ਹਨ। ਪ੍ਰਾਚੀਨ ਮਿਸਰ ਅਤੇ ਪੀਰੂ ਦੇਸ਼ਾਂ ਦੀਆਂ ਮਮੀਆਂ (ਲੋਥਾਂ) ਦੀ ਜਾਂਚ ਕਰਨ ਤੋਂ ਪਤਾ ਲੱਗਾ ਹੈ ਕਿ ਉੱਥੇ ਵੀ ਲੋਕ ਟੀ. ਬੀ. ਕਾਰਨ ਮਰੇ ਸਨ। ਅੱਜ ਵੀ ਟੀ. ਬੀ. ਦੀਆਂ ਨਵੀਆਂ ਕਿਸਮਾਂ ਦੇ ਕਾਰਨ ਹਰ ਸਾਲ ਤਕਰੀਬਨ 20 ਲੱਖ ਲੋਕ ਮਰ ਜਾਂਦੇ ਹਨ।
ਅਫ਼ਰੀਕਾ ਦੇ ਰਹਿਣ ਵਾਲੇ ਕਾਰਲੀਟੌਸ ਦੀ ਮਿਸਾਲ ਉੱਤੇ ਗੌਰ ਕਰੋ। ਉਸ ਨੂੰ ਮਲੇਰੀਆ ਹੋਇਆ ਸੀ ਤੇ ਉਹ ਆਪਣੀ ਮੰਜੀ ਤੇ ਪਿਆ ਪਸੀਨੋ-ਪਸੀਨੀ ਹੋ ਰਿਹਾ ਸੀ। ਉਹ ਇੰਨਾ ਕਮਜ਼ੋਰ ਸੀ ਕਿ ਉਹ ਰੋ ਵੀ ਨਹੀਂ ਸਕਦਾ ਸੀ। ਉਸ ਦੇ ਮਾਪੇ ਬੇਹੱਦ ਪਰੇਸ਼ਾਨ ਸਨ ਕਿਉਂਕਿ ਉਨ੍ਹਾਂ ਕੋਲ ਨਾ ਉਸ ਦੇ ਇਲਾਜ ਲਈ ਕੋਈ ਪੈਸਾ ਸੀ ਅਤੇ ਨਾ ਹੀ ਲਾਗੇ ਕੋਈ ਹਸਪਤਾਲ ਸੀ। ਉਨ੍ਹਾਂ ਦੇ ਇਸ ਛੋਟੇ ਜਿਹੇ ਬੱਚੇ ਨੂੰ ਇੰਨਾ ਤੇਜ਼ ਬੁਖ਼ਾਰ ਚੜ੍ਹਿਆ ਕਿ ਉਹ 48 ਘੰਟਿਆਂ ਦੇ ਅੰਦਰ-ਅੰਦਰ ਮਰ ਗਿਆ।
ਹਰ ਸਾਲ ਕਾਰਲੀਟੌਸ ਵਰਗੇ 10 ਲੱਖ ਨਿਆਣੇ ਮਲੇਰੀਆ ਦੇ ਕਾਰਨ ਦਮ ਤੋੜ ਜਾਂਦੇ ਹਨ। ਪੂਰਬੀ ਅਫ਼ਰੀਕਾ ਦੇ ਪਿੰਡਾਂ ਦੀ ਹੀ ਮਿਸਾਲ ਲੈ ਲਓ ਜਿੱਥੇ ਤਕਰੀਬਨ ਹਰ ਬੱਚੇ ਨੂੰ ਹਰ ਮਹੀਨੇ 50 ਤੋਂ 80 ਵਾਰ ਮੱਛਰ ਲੜਦਾ ਹੈ। ਮੱਛਰ ਹੋਰਨਾਂ ਇਲਾਕਿਆਂ ਵਿਚ ਫੈਲ ਰਹੇ ਹਨ ਅਤੇ ਮਲੇਰੀਆ-ਰੋਕੂ ਦਵਾਈਆਂ ਹੁਣ ਬੇਅਸਰ ਸਾਬਤ ਹੋ ਰਹੀਆਂ ਹਨ। ਅੰਦਾਜ਼ਾ ਲਾਇਆ ਗਿਆ ਹੈ ਕਿ ਹਰ ਸਾਲ 30 ਕਰੋੜ ਲੋਕਾਂ ਨੂੰ ਮਲੇਰੀਆ ਦੀਆਂ ਗੰਭੀਰ ਅਲਾਮਤਾਂ ਲੱਗਦੀਆਂ ਹਨ।
ਤੀਹ-ਸਾਲਾ ਕੈਨੱਥ ਕੈਲੇਫ਼ੋਰਨੀਆ ਦੇ ਸਾਨ ਫ਼ਰਾਂਸਿਸਕੋ ਸ਼ਹਿਰ ਵਿਚ ਰਹਿੰਦਾ ਸੀ। ਥਕਾਵਟ ਤੇ ਦਸਤ ਦਾ ਮਾਰਿਆ ਉਹ ਪਹਿਲੀ ਵਾਰ 1980 ਵਿਚ ਆਪਣੇ ਡਾਕਟਰ ਕੋਲ ਗਿਆ। ਵਧੀਆ ਇਲਾਜ ਦੇ ਬਾਵਜੂਦ ਵੀ ਉਸ ਦਾ ਸਰੀਰ ਸੁੱਕੜਦਾ ਗਿਆ ਤੇ ਫਿਰ ਉਸ ਨੂੰ ਨਮੂਨੀਆ ਹੋ ਗਿਆ। ਇਕ ਸਾਲ ਦੇ ਅੰਦਰ-ਅੰਦਰ ਉਹ ਦਮ ਤੋੜ ਗਿਆ।
ਦੋ ਸਾਲ ਬਾਅਦ ਉੱਤਰੀ ਤਨਜ਼ਾਨੀਆ ਵਿਚ ਰਹਿਣ ਵਾਲੀ ਇਕ ਮੁਟਿਆਰ ਵਿਚ ਵੀ ਇਸੇ ਤਰ੍ਹਾਂ ਦੀ ਬੀਮਾਰੀ ਦੇ ਲੱਛਣ ਦਿਖਾਈ ਦੇਣ ਲੱਗੇ। ਕੁਝ ਹੀ ਹਫ਼ਤਿਆਂ ਦੇ ਅੰਦਰ-ਅੰਦਰ ਉਸ ਲਈ ਤੁਰਨਾ-ਫਿਰਨਾ ਮੁਸ਼ਕਲ ਹੋ ਗਿਆ ਅਤੇ ਥੋੜ੍ਹੇ ਚਿਰ ਬਾਅਦ ਉਹ ਗੁਜ਼ਰ ਗਈ। ਉਸ ਨੂੰ ਅਤੇ ਉੱਥੇ ਦੀਆਂ ਕੁਝ ਹੋਰਨਾਂ ਔਰਤਾਂ ਨੂੰ ਇਹ ਬੀਮਾਰੀ ਕੱਪੜੇ ਵੇਚਣ ਵਾਲੇ ਕਿਸੇ ਆਦਮੀ ਤੋਂ ਲੱਗੀ ਸੀ। ਪਿੰਡ ਵਾਲਿਆਂ ਨੇ ਇਸ ਅਜੀਬ ਬੀਮਾਰੀ ਨੂੰ ‘ਜੂਲੀਆਨਾ ਦੀ ਬੀਮਾਰੀ’ ਦਾ ਨਾਂ ਦਿੱਤਾ ਕਿਉਂਕਿ ਜੋ ਕੱਪੜਾ ਉਹ ਆਦਮੀ ਵੇਚ ਰਿਹਾ ਸੀ ਉਸ ਉੱਤੇ ਜੂਲੀਆਨਾ ਨਾਂ ਛਪਿਆ ਹੋਇਆ ਸੀ।
ਤੁਸੀਂ ਹੁਣ ਤਕ ਇਸ ਬੀਮਾਰੀ ਦਾ ਨਾਂ ਬੁੱਝ ਲਿਆ ਹੋਵੇਗਾ। ਜੀ ਹਾਂ, ਕੈਨੱਥ ਤੇ ਤਨਜ਼ਾਨੀਆ ਦੀ ਔਰਤ ਨੂੰ ਏਡਜ਼ ਦੀ ਬੀਮਾਰੀ ਸੀ। ਸੰਨ 1980 ਦੇ ਸ਼ੁਰੂ ਵਿਚ ਡਾਕਟਰਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਨੇ ਸਭ ਤੋਂ ਖ਼ਤਰਨਾਕ ਰੋਗਾਣੂਆਂ ਨੂੰ ਕਾਬੂ ਕਰ ਲਿਆ ਸੀ। ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਕ ਹੋਰ ਛੂਤ ਦੀ ਭਿਆਨਕ ਬੀਮਾਰੀ ਜਾਨਾਂ ਲੈਣ ਲਈ ਦਰ ਤੇ ਖੜ੍ਹੀ ਸੀ। ਵੀਹ ਸਾਲਾਂ ਦੇ ਅੰਦਰ-ਅੰਦਰ ਏਡਜ਼ ਦੀ ਬੀਮਾਰੀ ਨੇ ਉੱਨੀਆਂ ਹੀ ਜਾਨਾਂ ਲਈਆਂ ਜਿੰਨੀਆਂ 14 ਵੀਂ ਸਦੀ ਦੌਰਾਨ ਯੂਰੇਸ਼ੀਆ ਵਿਚ ਫੈਲੀ ਪਲੇਗ ਨੇ ਲਈਆਂ ਸਨ। ਯੂਰਪ ਦੇ ਲੋਕ ਹਾਲੇ ਵੀ ਉਸ ਚੰਦਰੀ ਬੀਮਾਰੀ ਨੂੰ ਨਹੀਂ ਭੁੱਲੇ।
ਕਾਲੀ ਮੌਤ ਨਾਂ ਦੀ ਪਲੇਗ
ਕਾਲੀ ਮੌਤ ਨਾਂ ਦੀ ਪਲੇਗ ਸੰਨ 1347 ਵਿਚ ਫੈਲਣੀ ਸ਼ੁਰੂ ਹੋਈ ਸੀ। ਕ੍ਰੀਮੀਆ ਦੇਸ਼ ਤੋਂ ਇਕ ਜਹਾਜ਼ ਸਿਸਲੀ ਟਾਪੂ ਦੀ ਮਸਿਨਾ ਬੰਦਰਗਾਹ ਤੇ ਆ ਖੜ੍ਹਾ ਹੋਇਆ। ਮਾਲ ਦੇ ਨਾਲ-ਨਾਲ ਇਹ ਜਹਾਜ਼ ਪਲੇਗ ਨੂੰ ਵੀ ਢੋ ਲਿਆਇਆ।a ਜਲਦੀ ਹੀ ਕਾਲੀ ਮੌਤ ਦੀ ਪਲੇਗ ਸਾਰੀ ਇਟਲੀ ਵਿਚ ਫੈਲ ਗਈ।
ਅਗਲੇ ਸਾਲ ਇਟਲੀ ਦੇ ਸੀਏਨਾ ਸ਼ਹਿਰ ਵਿਚ ਰਹਿਣ ਵਾਲੇ ਇਕ ਆਦਮੀ ਨੇ ਆਪਣੇ ਪਿੰਡ ਦੀ ਮਾਂਦਗੀ ਬਾਰੇ ਕਿਹਾ: ‘ਮਈ ਦੇ ਮਹੀਨੇ ਵਿਚ ਲੋਕ ਦਿਨ-ਰਾਤ ਮਰਨ ਲੱਗ ਪਏ। ਲੋਕ ਤੁਰੰਤ ਮਰ ਜਾਂਦੇ ਸਨ। ਲਾਸ਼ਾਂ ਦੇ ਢੇਰ ਲੱਗ ਗਏ। ਮੈਂ ਆਪਣੇ ਹੱਥਾਂ ਨਾਲ ਖ਼ੁਦ ਆਪਣੇ ਪੰਜ ਨਿਆਣੇ ਦਫ਼ਨਾਏ। ਦੂਜਿਆਂ ਲੋਕਾਂ ਉੱਤੇ ਵੀ ਇਹੀ ਗੁਜ਼ਰੀ। ਕੋਈ ਵੀ ਨਹੀਂ ਰੋਂਦਾ-ਕਲਾਉਂਦਾ ਸੀ, ਭਾਵੇਂ ਉਨ੍ਹਾਂ ਦੇ ਪਰਿਵਾਰ ਦੇ ਜਿੰਨੇ ਮਰਜ਼ੀ ਜੀ ਮਰਦੇ ਸਨ ਕਿਉਂਕਿ ਤਕਰੀਬਨ ਸਾਰਿਆਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਵਾਰੀ ਵੀ ਆਉਣ ਵਾਲੀ ਸੀ। ਇੰਨੇ ਲੋਕ ਮਰੇ ਕਿ ਸਾਨੂੰ ਸਾਰਿਆਂ ਨੂੰ ਲੱਗਦਾ ਸੀ ਕਿ ਦੁਨੀਆਂ ਦਾ ਅੰਤ ਆ ਰਿਹਾ ਸੀ।’
ਕਈ ਇਤਿਹਾਸਕਾਰਾਂ ਦੇ ਅਨੁਸਾਰ, ਚਾਰ ਸਾਲਾਂ ਦੇ ਅੰਦਰ-ਅੰਦਰ ਯੂਰਪ ਦੀ ਆਬਾਦੀ ਦਾ ਇਕ ਤਿਹਾਈ ਹਿੱਸਾ ਖ਼ਤਮ ਹੋ ਗਿਆ। ਅੰਦਾਜ਼ਾ ਲਾਇਆ ਗਿਆ ਹੈ ਕਿ ਉਸ ਸਮੇਂ ਦੌਰਾਨ ਕੁਝ ਦੋ ਜਾਂ ਤਿੰਨ ਕਰੋੜ ਮੌਤਾਂ ਹੋਈਆਂ ਸਨ। ਦੂਰ ਦੇ ਆਈਸਲੈਂਡ ਦੀਪ ਦੇ ਲੋਕ ਵੀ ਇਸ ਪਲੇਗ ਦੇ ਪੰਜੇ ਤੋਂ ਨਹੀਂ ਬਚ ਸਕੇ। ਉੱਥੇ ਦੀ ਵੀ ਕਾਫ਼ੀ ਆਬਾਦੀ ਤਬਾਹ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ਇਸ ਮਹਾਂਮਾਰੀ ਅਤੇ ਬਾਅਦ ਵਿਚ ਪਏ ਕਾਲ ਦੀ ਵਜ੍ਹਾ ਨਾਲ 13ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ 14ਵੀਂ ਸਦੀ ਦੌਰਾਨ ਚੀਨ ਦੀ ਆਬਾਦੀ 12.3 ਕਰੋੜ ਤੋਂ ਘੱਟ ਕੇ 6.5 ਕਰੋੜ ਰਹਿ ਗਈ ਸੀ।
ਇਸ ਤੋਂ ਪਹਿਲਾਂ ਕਿਸੇ ਹੋਰ ਮਹਾਂਮਾਰੀ, ਲੜਾਈ ਜਾਂ ਕਾਲ ਨੇ ਕਦੇ ਇੰਨਾ ਕਹਿਰ ਨਹੀਂ ਢਾਹਿਆ ਸੀ। ਅੰਗ੍ਰੇਜ਼ੀ ਵਿਚ ਇਨਸਾਨ ਅਤੇ ਰੋਗਾਣੂ ਨਾਂ ਦੀ ਕਿਤਾਬ ਅਨੁਸਾਰ “ਇਸ ਤਬਾਹੀ ਦੀ ਤੁਲਨਾ ਸੰਸਾਰ ਭਰ ਵਿਚ ਹੋਰ ਕਿਸੇ ਤਬਾਹੀ ਨਾਲ ਨਹੀਂ ਕੀਤੀ ਜਾ ਸਕਦੀ। ਇਸ ਤਬਾਹੀ ਕਾਰਨ ਯੂਰਪ, ਉੱਤਰੀ ਅਫ਼ਰੀਕਾ ਅਤੇ ਏਸ਼ੀਆ ਦੇ ਕੁਝ ਹਿੱਸਿਆਂ ਦੀ ਤਕਰੀਬਨ ਅੱਧੀ ਆਬਾਦੀ ਮਰ-ਮੁੱਕ ਗਈ।”
ਉੱਤਰੀ ਅਤੇ ਦੱਖਣੀ ਅਮਰੀਕਾ ਦੇ ਦੇਸ਼ ਕਾਲੀ ਮੌਤ ਤੋਂ ਬਚ ਗਏ ਕਿਉਂਕਿ ਉਹ ਦੂਸਰਿਆਂ ਦੇਸ਼ਾਂ ਤੋਂ ਕਾਫ਼ੀ ਦੂਰ ਸਨ। ਪਰ ਉਹ ਬਹੁਤੀ ਦੇਰ ਤਕ ਨਹੀਂ ਬਚ ਸਕੇ ਕਿਉਂਕਿ 16ਵੀਂ ਸਦੀ ਵਿਚ ਸਮੁੰਦਰੀ ਜਹਾਜ਼ਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਹੋਰ ਮਹਾਂਮਾਰੀਆਂ ਇਨ੍ਹਾਂ ਦੇਸ਼ਾਂ ਵਿਚ ਲਿਆਂਦੀਆਂ। ਇਹ ਮਹਾਂਮਾਰੀਆਂ ਪਲੇਗ ਤੋਂ ਵੀ ਵੱਧ ਘਾਤਕ ਸਾਬਤ ਹੋਈਆਂ।
ਚੇਚਕ ਦੇ ਕਬਜ਼ੇ ਵਿਚ ਉੱਤਰੀ ਤੇ ਦੱਖਣੀ ਅਮਰੀਕਾ
ਸੰਨ 1492 ਵਿਚ ਜਦੋਂ ਕਲੰਬਸ ਵੈੱਸਟ ਇੰਡੀਜ਼ ਵਿਚ ਪਹੁੰਚਿਆ, ਤਾਂ ਉਸ ਨੇ ਉੱਥੇ ਦੇ ਲੋਕਾਂ ਬਾਰੇ ਦੱਸਿਆ ਕਿ ‘ਉਹ ਦਰਮਿਆਨੇ ਕੱਦ ਦੇ ਸੋਹਣੇ-ਸੁਨੱਖੇ ਲੋਕ ਸਨ।’ ਭਾਵੇਂ ਉਹ ਦੇਖਣ ਵਿਚ ਕਾਫ਼ੀ ਸਿਹਤਮੰਦ ਲੱਗਦੇ ਸਨ, ਪਰ ਇਹ ਲੋਕ ਅਣਜਾਣ ਸਨ ਕਿ ਯੂਰਪ ਦੀਆਂ ਮਹਾਂਮਾਰੀਆਂ ਦਾ ਉਨ੍ਹਾਂ ਉੱਤੇ ਕਿੰਨਾ ਭੈੜਾ ਅਸਰ ਪੈਣ ਵਾਲਾ ਸੀ।
ਸੰਨ 1518 ਵਿਚ ਹਿਸਪੈਨੀਓਲਾ ਨਾਂ ਦੇ ਟਾਪੂ ਵਿਚ ਚੇਚਕ ਦੀ ਛੂਤ ਦੀ ਬੀਮਾਰੀ ਫੈਲ ਗਈ। ਉੱਥੇ ਦੇ ਮੂਲ ਨਿਵਾਸੀਆਂ ਨੂੰ ਇਹ ਛੂਤ ਪਹਿਲਾਂ ਕਦੇ ਵੀ ਨਹੀਂ ਲੱਗੀ ਸੀ ਜਿਸ ਕਰਕੇ ਉਨ੍ਹਾਂ ਦਾ ਬਹੁਤ ਬੁਰਾ ਹਾਲ ਹੋਇਆ। ਇਕ ਸਪੇਨੀ ਚਸ਼ਮਦੀਦ ਗਵਾਹ ਦੇ ਅਨੁਸਾਰ ਇਸ ਟਾਪੂ ਦੇ ਸਿਰਫ਼ ਹਜ਼ਾਰ ਕੁ ਲੋਕ ਬਚੇ। ਇਹ ਮਹਾਂਮਾਰੀ ਛੇਤੀ ਹੀ ਮੈਕਸੀਕੋ ਤੇ ਪੀਰੂ ਤਕ ਫੈਲ ਗਈ ਤੇ ਉੱਥੇ ਵੀ ਕਾਫ਼ੀ ਆਬਾਦੀ ਤਬਾਹ ਹੋ ਗਈ।
ਅਗਲੀ ਸਦੀ ਵਿਚ ਜਦੋਂ ਯੂਰਪ ਤੋਂ ਅੰਗ੍ਰੇਜ਼ ਉੱਤਰੀ ਅਮਰੀਕਾ ਵਿਚ ਰਹਿਣ ਆਏ, ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਚੇਚਕ ਦੀ ਛੂਤ ਕਾਰਨ ਮੈਸੇਚਿਉਸੇਟਸ ਦੀ ਤਕਰੀਬਨ ਸਾਰੀ ਆਬਾਦੀ ਤਬਾਹ ਹੋ ਚੁੱਕੀ ਸੀ। ਉਨ੍ਹਾਂ ਦੇ ਇਕ ਆਗੂ ਜੌਨ ਵਿੰਥੌਰਪ ਨੇ ਲਿਖਿਆ ਕਿ “ਇੱਥੇ ਦੀ ਤਕਰੀਬਨ ਸਾਰੀ ਆਬਾਦੀ ਚੇਚਕ ਦੀ ਛੂਤ ਕਾਰਨ ਮਰ ਚੁੱਕੀ ਹੈ।”
ਚੇਚਕ ਦੇ ਮਗਰੋਂ ਹੋਰ ਵੀ ਮਹਾਂਮਾਰੀਆਂ ਨੇ ਆ ਡੇਰਾ ਲਾਇਆ ਸੀ। ਇਕ ਕਿਤਾਬ ਦੇ ਮੁਤਾਬਕ ਕਲੰਬਸ ਦੇ ਆਉਣ ਤੋਂ ਬਾਅਦ 100 ਸਾਲਾਂ ਦੇ ਅੰਦਰ-ਅੰਦਰ ਵਿਦੇਸ਼ੀਆਂ ਦੁਆਰਾ ਲਿਆਂਦੀਆਂ ਬੀਮਾਰੀਆਂ ਨੇ ਦੱਖਣੀ ਅਤੇ ਉੱਤਰੀ ਅਮਰੀਕਾ ਦੀ 90 ਫੀ ਸਦੀ ਆਬਾਦੀ ਨੂੰ ਮਿਟਾ ਦਿੱਤਾ ਸੀ। ਮੈਕਸੀਕੋ ਦੀ ਆਬਾਦੀ 3 ਕਰੋੜ ਤੋਂ ਘੱਟ ਕੇ 30 ਲੱਖ ਰਹਿ ਗਈ ਸੀ ਤੇ ਪੀਰੂ ਦੀ ਆਬਾਦੀ 80 ਲੱਖ ਤੋਂ ਘੱਟ ਕੇ 10 ਲੱਖ ਰਹਿ ਗਈ ਸੀ। ਕੇਵਲ ਅਮਰੀਕਾ ਦੇ ਮੂਲ ਵਾਸੀ ਹੀ ਚੇਚਕ ਤੋਂ ਬਚੇ ਰਹੇ। ਇਕ ਕਿਤਾਬ ਦੇ ਅਨੁਸਾਰ ‘ਚੇਚਕ ਦੀ ਛੂਤ ਕਰਕੇ ਹੁਣ ਤਕ ਕਰੋੜਾਂ ਹੀ ਲੋਕ ਮਰ ਚੁੱਕੇ ਹਨ। ਵੀਹਵੀਂ ਸਦੀ ਦੇ ਯੁੱਧਾਂ ਵਿਚ ਅਤੇ ਯੂਰਪ ਦੀ ਪਲੇਗ ਕਾਰਨ ਇੰਨੇ ਲੋਕ ਨਹੀਂ ਮਰੇ ਜਿੰਨੇ ਚੇਚਕ ਕਾਰਨ ਮਰੇ ਹਨ।’ (ਮਹਾਂਮਾਰੀ—ਇਤਿਹਾਸ ਅਤੇ ਭਵਿੱਖ ਵਿਚ ਚੇਚਕ ਦਾ ਖ਼ਤਰਾ [ਅੰਗ੍ਰੇਜ਼ੀ]।)
ਬੀਮਾਰੀਆਂ ਵਿਰੁੱਧ ਲੜਾਈ ਜਾਰੀ ਹੈ
ਅਸੀਂ ਸ਼ਾਇਦ ਸੋਚੀਏ ਕਿ ਹੁਣ ਪਲੇਗ ਤੇ ਚੇਚਕ ਵਰਗੀਆਂ ਛੂਤ ਦੀਆਂ ਬੀਮਾਰੀਆਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਹਨ। ਵੀਹਵੀਂ ਸਦੀ ਦੌਰਾਨ ਇਨਸਾਨਾਂ ਨੇ ਕਈ ਬੀਮਾਰੀਆਂ ਉੱਤੇ ਕਾਬੂ ਪਾਇਆ ਹੈ, ਖ਼ਾਸ ਕਰਕੇ ਅਮੀਰ ਦੇਸ਼ਾਂ ਵਿਚ। ਡਾਕਟਰਾਂ ਨੂੰ ਹੁਣ ਕਈਆਂ ਬੀਮਾਰੀਆਂ ਦਾ ਕਾਰਨ ਪਤਾ ਹੈ ਤੇ ਉਨ੍ਹਾਂ ਨੇ ਕਈਆਂ ਦੇ ਇਲਾਜ ਵੀ ਲੱਭ ਲਏ ਹਨ। (ਥੱਲੇ ਡੱਬੀ ਦੇਖੋ।) ਲੋਕ ਆਸ ਲਾਈ ਬੈਠੇ ਹਨ ਕਿ ਨਵੇਂ ਟੀਕੇ ਤੇ ਐਂਟੀਬਾਇਓਟਿਕਸ ਜਾਦੂ ਵਾਂਗ ਅਸਰ ਕਰਨਗੇ ਤੇ ਬੁਰੀਆਂ ਤੋਂ ਬੁਰੀਆਂ ਬੀਮਾਰੀਆਂ ਮਿਟ ਜਾਣਗੀਆਂ।
ਅਮਰੀਕਾ ਵਿਚ ਅਲਰਜੀ ਤੇ ਛੂਤ ਦੀਆਂ ਬੀਮਾਰੀਆਂ ਉੱਤੇ ਖੋਜ ਕਰਨ ਵਾਲੀ ਇਕ ਸੰਸਥਾ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ “ਯਕੀਨਨ ਜਿਸ ਤਰ੍ਹਾਂ ਅਸੀਂ ਟੈਕਸ ਅਦਾ ਕਰਨ ਤੋਂ ਅਤੇ ਮੌਤ ਤੋਂ ਨਹੀਂ ਬਚ ਸਕਦੇ, ਉਸੇ ਤਰ੍ਹਾਂ ਅਸੀਂ ਮਹਾਂਮਾਰੀਆਂ ਤੋਂ ਨਹੀਂ ਬਚ ਸਕਦੇ।” ਹਾਲੇ ਵੀ ਲੋਕਾਂ ਨੂੰ ਟੀ. ਬੀ. ਅਤੇ ਮਲੇਰੀਏ ਦੀਆਂ ਬੀਮਾਰੀਆਂ ਲੱਗਦੀਆਂ ਹਨ। ਹੁਣ ਸੰਸਾਰ ਭਰ ਵਿਚ ਫੈਲੀ ਹੋਈ ਏਡਜ਼ ਦੀ ਮਹਾਂਮਾਰੀ ਸਾਫ਼-ਸਾਫ਼ ਸੰਕੇਤ ਕਰਦੀ ਹੈ ਕਿ ਮਹਾਂਮਾਰੀਆਂ ਹਾਲੇ ਵੀ ਲੋਕਾਂ ਦੀਆਂ ਜਾਨਾਂ ਲੈ ਰਹੀਆਂ ਹਨ। ਇਨਸਾਨ ਅਤੇ ਰੋਗਾਣੂ ਨਾਂ ਦੀ ਕਿਤਾਬ ਦੱਸਦੀ ਹੈ ਕਿ “ਛੂਤ ਦੀਆਂ ਬੀਮਾਰੀਆਂ ਮੌਤ ਦਾ ਸਭ ਤੋਂ ਮੁੱਖ ਕਾਰਨ ਹਨ ਅਤੇ ਹਾਲੇ ਇਨ੍ਹਾਂ ਦੇ ਮਿਟਣ ਦੀ ਕੋਈ ਆਸ ਨਹੀਂ ਹੈ।”
ਡਾਕਟਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਭਾਵੇਂ ਉਨ੍ਹਾਂ ਨੇ ਬੀਮਾਰੀਆਂ ਨੂੰ ਕਾਬੂ ਕਰਨ ਵਿਚ ਕਾਫ਼ੀ ਤਰੱਕੀ ਕੀਤੀ ਹੈ, ਪਰ ਉਨ੍ਹਾਂ ਨੂੰ ਹਾਲੇ ਹੋਰ ਵੀ ਤਰੱਕੀ ਕਰਨ ਦੀ ਲੋੜ ਹੈ। ਇਕ ਡਾਕਟਰ ਦਾ ਕਹਿਣਾ ਹੈ ਕਿ “ਛੂਤ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਨਹੀਂ ਰਿਹਾ, ਸਗੋਂ ਵਧਦਾ ਜਾ ਰਿਹਾ ਹੈ।” ਸਾਡਾ ਅਗਲਾ ਲੇਖ ਦੱਸੇਗਾ ਕਿ ਇਹ ਵਾਧਾ ਕਿਉਂ ਹੋ ਰਿਹਾ ਹੈ। (g04 5/22)
[ਫੁਟਨੋਟ]
a ਇਸ ਪਲੇਗ ਵਿਚ ਬਿਊਬੋਨਿਕ ਪਲੇਗ (ਗਿਲਟੀ-ਪਲੇਗ) ਅਤੇ ਨਮੂਨੀਏ ਦਾ ਰੋਗ ਵੀ ਸ਼ਾਮਲ ਸਨ। ਚੂਹਿਆਂ ਤੇ ਚਿੰਬੜੇ ਪਿੱਸੂ ਬਿਊਬੋਨਿਕ ਪਲੇਗ ਫੈਲਾਉਂਦੇ ਸਨ ਅਤੇ ਛੂਤ ਵਾਲੇ ਲੋਕਾਂ ਦੀਆਂ ਛਿੱਕਾਂ ਤੇ ਖੰਘ ਤੋਂ ਅਕਸਰ ਦੂਸਰਿਆਂ ਲੋਕਾਂ ਵਿਚ ਨਮੂਨੀਆ ਫੈਲਦਾ ਸੀ।
[ਸਫ਼ੇ 5 ਉੱਤੇ ਸੁਰਖੀ]
ਵੀਹ ਸਾਲਾਂ ਦੇ ਅੰਦਰ-ਅੰਦਰ ਏਡਜ਼ ਦੀ ਬੀਮਾਰੀ ਨੇ ਉੱਨੀਆਂ ਹੀ ਜਾਨਾਂ ਲਈਆਂ ਜਿੰਨੀਆਂ 14ਵੀਂ ਸਦੀ ਦੌਰਾਨ ਯੂਰੇਸ਼ੀਆ ਵਿਚ ਫੈਲੀ ਪਲੇਗ ਨੇ ਲਈਆਂ।
[ਸਫ਼ੇ 6 ਉੱਤੇ ਡੱਬੀ/ਤਸਵੀਰ]
ਗਿਆਨ ਦੇ ਮੁਕਾਬਲੇ ਵਿਚ ਵਹਿਮ
ਚੌਦਵੀਂ ਸਦੀ ਵਿਚ ਅਵਿਨਿਓ ਸ਼ਹਿਰ ਵਿਚ ਰਹਿੰਦੇ ਪੋਪ ਦੇ ਘਰਾਣੇ ਉੱਤੇ ਜਦੋਂ ਕਾਲੀ ਮੌਤ ਦੀ ਪਲੇਗ ਦਾ ਖ਼ਤਰਾ ਮੰਡਰਾ ਰਿਹਾ ਸੀ, ਤਾਂ ਹਕੀਮ ਨੇ ਆਪਣੀ ਸਮਝ ਅਨੁਸਾਰ ਪੋਪ ਨੂੰ ਦੱਸਿਆ ਕਿ ਕੁੰਭ ਰਾਸ਼ੀ ਦੇ ਚਿੰਨ੍ਹ ਵਿਚ ਸ਼ਨੀ, ਬ੍ਰਹਿਸਪਤੀ ਅਤੇ ਮੰਗਲ ਗ੍ਰਹਿਆਂ ਦੇ ਇੱਕੋ ਸੇਧ ਵਿਚ ਆ ਜਾਣ ਨਾਲ ਇਹ ਪਲੇਗ ਫੈਲੀ ਹੈ।
ਇਸ ਤੋਂ ਚਾਰ ਕੁ ਸਦੀਆਂ ਬਾਅਦ, ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜੋਰਜ ਵਾਸ਼ਿੰਗਟਨ ਦੀ ਮਿਸਾਲ ਉੱਤੇ ਗੌਰ ਕਰੋ। ਇਕ ਵਾਰ ਜਦੋਂ ਉਸ ਦਾ ਗਲਾ ਦੁੱਖ ਰਿਹਾ ਸੀ, ਤਾਂ ਉਹ ਜਾ ਕੇ ਆਪਣੇ ਬਿਸਤਰ ਤੇ ਲੇਟ ਗਿਆ। ਇਸ ਛੂਤ ਦਾ ਇਲਾਜ ਕਰਨ ਲਈ ਤਿੰਨ ਵੱਡੇ-ਵੱਡੇ ਡਾਕਟਰਾਂ ਨੇ ਉਸ ਦੀਆਂ ਨਾੜੀਆਂ ਵਿੱਚੋਂ 2 ਲੀਟਰ ਖ਼ੂਨ ਕੱਢਿਆ। ਕੁਝ ਹੀ ਘੰਟਿਆਂ ਦੇ ਅੰਦਰ-ਅੰਦਰ ਉਹ ਮਰ ਗਿਆ। ਤਕਰੀਬਨ 2,500 ਸਾਲਾਂ ਤਕ ਮਰੀਜ਼ਾਂ ਦੇ ਇਲਾਜ ਲਈ ਖ਼ੂਨ ਕੱਢਣ ਦੀ ਇਹ ਕ੍ਰਿਆ ਚੱਲਦੀ ਆ ਰਹੀ ਸੀ ਯਾਨੀ ਹਿਪੋਕ੍ਰਾਟੀਸ ਨਾਂ ਦੇ ਯੂਨਾਨੀ ਡਾਕਟਰ ਦੇ ਸਮੇਂ ਤੋਂ ਲੈ ਕੇ 19ਵੀਂ ਸਦੀ ਦੇ ਮੱਧ ਤਕ।
ਭਾਵੇਂ ਕਿ ਵਹਿਮਾਂ ਤੇ ਰੀਤਾਂ-ਰਿਵਾਜਾਂ ਕਾਰਨ ਡਾਕਟਰੀ ਤਰੱਕੀ ਵਿਚ ਰੁਕਾਵਟਾਂ ਆਈਆਂ ਹਨ, ਫਿਰ ਵੀ ਡਾਕਟਰਾਂ ਨੇ ਛੂਤ ਦੀਆਂ ਬੀਮਾਰੀਆਂ ਦੇ ਕਾਰਨ ਅਤੇ ਉਨ੍ਹਾਂ ਦੇ ਇਲਾਜ ਲੱਭਣ ਵਿਚ ਬਹੁਤ ਹੀ ਮਿਹਨਤ ਕੀਤੀ ਹੈ। ਉਨ੍ਹਾਂ ਦੀਆਂ ਕੁਝ ਮੁੱਖ ਕਾਮਯਾਬੀਆਂ ਦਾ ਬਿਆਨ ਹੇਠਾਂ ਕੀਤਾ ਗਿਆ ਹੈ।
▪ ਚੇਚਕ। ਸੰਨ 1798 ਵਿਚ ਐਡਵਰਡ ਜੈਨਰ ਨੇ ਚੇਚਕ ਦੀ ਛੂਤ ਦੇ ਇਲਾਜ ਦਾ ਇਕ ਟੀਕਾ ਤਿਆਰ ਕੀਤਾ। ਵੀਹਵੀਂ ਸਦੀ ਦੌਰਾਨ ਪੋਲੀਓ, ਪੀਲਾ ਤਾਪ ਅਤੇ ਖਸਰਾ ਵਰਗੇ ਹੋਰ ਰੋਗਾਂ ਦੀ ਰੋਕਥਾਮ ਵਾਸਤੇ ਟੀਕੇ ਲੱਭ ਲਏ ਗਏ।
▪ ਟੀ. ਬੀ. ਸੰਨ 1882 ਵਿਚ ਖੋਜ ਕਰਦੇ-ਕਰਦੇ ਰੌਬਰਟ ਕੋਖ਼ ਨੂੰ ਟੀ. ਬੀ. ਦੇ ਜੀਵਾਣੂਆਂ ਬਾਰੇ ਪਤਾ ਚੱਲਿਆ ਤੇ ਉਸ ਨੇ ਮਰੀਜ਼ਾਂ ਵਿਚ ਇਸ ਬੀਮਾਰੀ ਦੀ ਪਛਾਣ ਕਰਨ ਵਾਸਤੇ ਇਕ ਟੈੱਸਟ ਤਿਆਰ ਕੀਤਾ। ਕੁਝ 60 ਸਾਲ ਬਾਅਦ, ਟੀ. ਬੀ. ਦੇ ਜੀਵਾਣੂ ਨਾਸ਼ ਕਰਨ ਵਾਲੀ ਸਟ੍ਰੈਪਟੋਮਾਈਸਿਨ ਨਾਂ ਦੀ ਐਂਟੀਬਾਇਓਟਿਕ ਦੀ ਖੋਜ ਕੀਤੀ ਗਈ। ਇਹੀ ਦਵਾਈ ਬਿਊਬੋਨਿਕ ਪਲੇਗ ਲਈ ਵੀ ਬਹੁਤ ਅਸਰਦਾਰ ਸਾਬਤ ਹੋਈ।
▪ ਮਲੇਰੀਆ। ਸਤਾਰ੍ਹਵੀਂ ਸਦੀ ਤੋਂ ਲੈ ਕੇ ਹੁਣ ਤਕ ਇਸ ਬੀਮਾਰੀ ਦੇ ਇਲਾਜ ਲਈ ਕੁਨੀਨ ਵਰਤੀ ਗਈ ਹੈ। ਇਹ ਦਵਾਈ ਸਿਨਕੋਨਾ ਦਰਖ਼ਤ ਦੇ ਸੱਕ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਇਸ ਦਵਾਈ ਨੇ ਕਰੋੜਾਂ ਹੀ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਹਨ। ਸੰਨ 1897 ਵਿਚ ਰੋਨਲਡ ਰੌਸ ਨੂੰ ਪਤਾ ਚੱਲਿਆ ਕਿ ਮਲੇਰੀਆ ਐਨੋਫਲੀਜ਼ ਨਾਂ ਦੇ ਮੱਛਰਾਂ ਤੋਂ ਫੈਲਦਾ ਹੈ। ਮੱਛਰਾਂ ਨੂੰ ਘਟਾਉਣ ਤੋਂ ਬਾਅਦ ਨਤੀਜਾ ਇਹ ਹੋਇਆ ਕਿ ਹੁਣ ਗਰਮ ਦੇਸ਼ਾਂ ਵਿਚ ਮਲੇਰੀਏ ਕਾਰਨ ਘੱਟ ਲੋਕ ਮਰਦੇ ਹਨ।
[ਤਸਵੀਰ]
ਰਾਸ਼ੀ-ਮੰਡਲ ਦਾ ਚਾਰਟ (ਉੱਪਰ) ਅਤੇ ਖ਼ੂਨ ਕੱਢੇ ਜਾਣ ਦਾ ਦ੍ਰਿਸ਼
[ਕ੍ਰੈਡਿਟ ਲਾਈਨ]
Both: Biblioteca Histórica “Marqués de Valdecilla”
[ਸਫ਼ੇ 3 ਉੱਤੇ ਤਸਵੀਰਾਂ]
ਅੱਜ ਵੀ ਟੀ. ਬੀ. ਦੀਆਂ ਨਵੀਆਂ ਕਿਸਮਾਂ ਦੇ ਕਾਰਨ ਹਰ ਸਾਲ ਕੁਝ 20 ਲੱਖ ਲੋਕ ਮਰਦੇ ਹਨ
[ਕ੍ਰੈਡਿਟ ਲਾਈਨ]
X ray: New Jersey Medical School–National Tuberculosis Center; man: Photo: WHO/Thierry Falise
[ਸਫ਼ੇ 4 ਉੱਤੇ ਤਸਵੀਰ]
ਸੰਨ 1500 ਦੀ ਇਕ ਜਰਮਨ ਤਸਵੀਰ। ਕਾਲੀ ਮੌਤ ਤੋਂ ਬਚਣ ਲਈ ਡਾਕਟਰ ਦਾ ਚਿਹਰਾ ਢਕਿਆ ਹੋਇਆ। ਚੁੰਝ ਵਿਚ ਅਤਰ ਪਾਇਆ ਜਾਂਦਾ ਸੀ
[ਕ੍ਰੈਡਿਟ ਲਾਈਨ]
Godo-Foto
[ਸਫ਼ੇ 4 ਉੱਤੇ ਤਸਵੀਰ]
ਬੈਕਟੀਰੀਆ ਜਿਸ ਤੋਂ ਬਿਊਬੋਨਿਕ ਪਲੇਗ ਫੈਲੀ
[ਕ੍ਰੈਡਿਟ ਲਾਈਨ]
© Gary Gaugler/Visuals Unlimited
-
-
ਬੀਮਾਰੀਆਂ ਨੂੰ ਜੜ੍ਹੋਂ ਉਖਾੜਨ ਵਿਚ ਕਾਮਯਾਬੀਆਂ ਤੇ ਨਾਕਾਮਯਾਬੀਆਂਜਾਗਰੂਕ ਬਣੋ!—2004 | ਜੁਲਾਈ
-
-
ਬੀਮਾਰੀਆਂ ਨੂੰ ਜੜ੍ਹੋਂ ਉਖਾੜਨ ਵਿਚ ਕਾਮਯਾਬੀਆਂ ਤੇ ਨਾਕਾਮਯਾਬੀਆਂ
ਅਗਸਤ 5, 1942 ਦੇ ਦਿਨ ਡਾ. ਐਲੇਗਜ਼ੈਂਡਰ ਫਲੇਮਿੰਗ ਨੂੰ ਪਤਾ ਚੱਲਿਆ ਕਿ ਉਸ ਦਾ ਇਕ ਮਰੀਜ਼ ਮਰ ਰਿਹਾ ਸੀ। ਅਸਲ ਵਿਚ ਇਹ ਮਰੀਜ਼ ਉਸ ਦਾ ਆਪਣਾ ਦੋਸਤ ਸੀ। ਇਸ 52 ਸਾਲਾਂ ਦੇ ਬੰਦੇ ਦੀ ਰੀੜ੍ਹ ਦੀ ਹੱਡੀ ਦੀਆਂ ਝਿੱਲੀਆਂ ਨੂੰ ਸੋਜ (spinal meningitis) ਪੈ ਚੁੱਕੀ ਸੀ। ਫਲੇਮਿੰਗ ਨੇ ਆਪਣੇ ਦੋਸਤ ਦਾ ਇਲਾਜ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਪਰ ਮਰੀਜ਼ ਦੀ ਸਿਹਤ ਵਿਗੜਦੀ ਗਈ ਤੇ ਉਹ ਬੇਸੁਰਤੀ (coma) ਦੀ ਹਾਲਤ ਵਿਚ ਚਲਾ ਗਿਆ।
ਪੰਦਰਾਂ ਸਾਲ ਪਹਿਲਾਂ ਅਚਾਨਕ ਹੀ ਫਲੇਮਿੰਗ ਨੇ ਨੀਲੀ-ਹਰੀ ਉੱਲੀ ਤੋਂ ਬਣੇ ਇਕ ਪਦਾਰਥ ਦੀ ਕਾਢ ਕੱਢੀ ਜਿਸ ਨੂੰ ਉਸ ਨੇ ਪੈਨਸਲੀਨ ਨਾਂ ਦਿੱਤਾ ਸੀ। ਉਸ ਨੇ ਦੇਖਿਆ ਕਿ ਪੈਨਸਲੀਨ ਬੈਕਟੀਰੀਆ ਨੂੰ ਖ਼ਤਮ ਕਰ ਸਕਦੀ ਸੀ। ਪਰ ਉਸ ਨੂੰ ਇਸ ਉੱਲੀ ਤੋਂ ਸੁਧੀ ਪੈਨਸਲੀਨ ਨਹੀਂ ਕੱਢਣੀ ਆਉਂਦੀ ਸੀ ਅਤੇ ਉਸ ਨੇ ਇਸ ਨੂੰ ਸਿਰਫ਼ ਐਂਟੀਸੈਪਟਿਕ ਦਵਾਈ ਦੇ ਤੌਰ ਤੇ ਹੀ ਅਜ਼ਮਾ ਕੇ ਦੇਖਿਆ ਸੀ। ਉਨੀਂ ਦਿਨੀਂ 1938 ਵਿਚ ਆਕਸਫੋਰਡ ਯੂਨੀਵਰਸਿਟੀ ਦੇ ਹਾਵਰਡ ਫ਼ਲੌਰੀ ਤੇ ਉਸ ਦੀ ਟੀਮ ਵੱਡੀ ਮਾਤਰਾ ਵਿਚ ਪੈਨਸਲੀਨ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂਕਿ ਉਹ ਮਰੀਜ਼ਾਂ ਉੱਤੇ ਇਸ ਦਵਾਈ ਨੂੰ ਅਜ਼ਮਾ ਕੇ ਦੇਖ ਸਕਣ। ਫਲੇਮਿੰਗ ਨੇ ਫ਼ਲੌਰੀ ਨੂੰ ਟੈਲੀਫ਼ੋਨ ਕਰ ਕੇ ਉਸ ਕੋਲ ਜਿੰਨੀ ਵੀ ਪੈਨਸਲੀਨ ਸੀ ਮੰਗਵਾ ਲਈ ਕਿਉਂਕਿ ਉਹ ਜਾਣਦਾ ਸੀ ਕਿ ਇਹ ਉਸ ਦੇ ਦੋਸਤ ਨੂੰ ਬਚਾਉਣ ਦੀ ਆਖ਼ਰੀ ਉਮੀਦ ਸੀ।
ਜਦੋਂ ਉਸ ਦੇ ਦੋਸਤ ਦੇ ਪੱਠਿਆਂ ਵਿਚ ਪੈਨਸਲੀਨ ਦਾ ਟੀਕਾ ਲਾਉਣ ਨਾਲ ਕੋਈ ਅਸਰ ਨਹੀਂ ਪਿਆ, ਤਾਂ ਫਲੇਮਿੰਗ ਨੇ ਉਸ ਦੀ ਰੀੜ੍ਹ ਦੀ ਹੱਡੀ ਵਿਚ ਟੀਕਾ ਲਗਾ ਦਿੱਤਾ। ਪੈਨਸਲੀਨ ਨਾਲ ਰੋਗਾਣੂ ਫਟਾਫਟ ਖ਼ਤਮ ਹੋਣ ਲੱਗ ਪਏ ਅਤੇ ਇਕ ਹੀ ਹਫ਼ਤੇ ਵਿਚ ਫਲੇਮਿੰਗ ਦਾ ਦੋਸਤ ਬਿਲਕੁਲ ਠੀਕ ਹੋ ਕੇ ਘਰ ਚਲਾ ਗਿਆ। ਇਸ ਘਟਨਾ ਨਾਲ ਐਂਟੀਬਾਇਓਟਿਕਸ ਦਾ ਯੁਗ ਸ਼ੁਰੂ ਹੋ ਗਿਆ। ਜੀ ਹਾਂ, ਛੂਤ ਦੀਆਂ ਬੀਮਾਰੀਆਂ ਦਾ ਇਕ ਨਵਾਂ ਇਲਾਜ ਲੱਭਣ ਵਿਚ ਕਾਮਯਾਬੀ ਮਿਲੀ!
ਐਂਟੀਬਾਇਓਟਿਕਸ ਦਾ ਯੁਗ
ਪਹਿਲਾਂ-ਪਹਿਲਾਂ ਇਸ ਤਰ੍ਹਾਂ ਲੱਗਿਆ ਕਿ ਐਂਟੀਬਾਇਓਟਿਕਸ ਜਾਦੂ ਵਾਂਗ ਅਸਰ ਕਰਨ ਵਾਲੀਆਂ ਦਵਾਈਆਂ ਹਨ। ਹੁਣ ਬੈਕਟੀਰੀਆ, ਉੱਲੀ ਜਾਂ ਹੋਰ ਸੂਖਮ-ਜੀਵਾਂ ਤੋਂ ਲੱਗਣ ਵਾਲੀਆਂ ਛੂਤ ਦੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਸੀ। ਇਨ੍ਹਾਂ ਨਵੀਆਂ ਦਵਾਈਆਂ ਸਦਕਾ ਹੁਣ ਮੇਨਿਨਜਾਈਟਸ ਯਾਨੀ ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਬੀਮਾਰੀਆਂ, ਨਮੂਨੀਆ ਤੇ ਲਾਲ ਬੁਖ਼ਾਰ ਵਰਗੀਆਂ ਬੀਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਗਈ ਹੈ। ਪਹਿਲਾਂ-ਪਹਿਲਾਂ ਲੋਕ ਜਦੋਂ ਇਲਾਜ ਕਰਾਉਣ ਲਈ ਹਸਪਤਾਲਾਂ ਵਿਚ ਦਾਖ਼ਲ ਹੁੰਦੇ ਸਨ, ਤਾਂ ਉਨ੍ਹਾਂ ਨੂੰ ਹਸਪਤਾਲਾਂ ਵਿੱਚੋਂ ਹੀ ਕੋਈ-ਨ-ਕੋਈ ਛੂਤ ਲੱਗ ਜਾਂਦੀ ਸੀ ਤੇ ਉਹ ਮਰ ਜਾਂਦੇ ਸਨ, ਪਰ ਹੁਣ ਇਨ੍ਹਾਂ ਛੂਤਾਂ ਤੇ ਕੁਝ ਹੀ ਦਿਨਾਂ ਵਿਚ ਠੱਲ੍ਹ ਪਾਈ ਜਾਂਦੀ ਹੈ।
ਫਲੇਮਿੰਗ ਦੇ ਜ਼ਮਾਨੇ ਤੋਂ ਲੈ ਕੇ ਹੁਣ ਤਕ ਖੋਜਕਾਰਾਂ ਨੇ ਤਰ੍ਹਾਂ-ਤਰ੍ਹਾਂ ਦੇ ਐਂਟੀਬਾਇਓਟਿਕਸ ਬਣਾ ਲਏ ਹਨ ਅਤੇ ਉਹ ਹੋਰ ਨਵੀਆਂ ਤੋਂ ਨਵੀਆਂ ਦਵਾਈਆਂ ਦੀ ਖੋਜ ਕੱਢ ਰਹੇ ਹਨ। ਪਿਛਲੇ 60 ਸਾਲਾਂ ਤੋਂ ਐਂਟੀਬਾਇਓਟਿਕਸ ਦੀ ਦਵਾਈ ਇਕ ਬਹੁਤ ਅਹਿਮ ਦਵਾਈ ਬਣ ਗਈ ਹੈ। ਜੇ ਜੋਰਜ ਵਾਸ਼ਿੰਗਟਨ ਅੱਜ ਜ਼ਿੰਦਾ ਹੁੰਦਾ, ਤਾਂ ਬਿਨਾਂ ਸ਼ੱਕ ਡਾਕਟਰ ਉਸ ਦਾ ਇਲਾਜ ਐਂਟੀਬਾਇਓਟਿਕਸ ਨਾਲ ਹੀ ਕਰਦੇ ਤੇ ਸੰਭਵ ਹੈ ਕਿ ਉਹ ਇਕ-ਦੋ ਹਫ਼ਤਿਆਂ ਵਿਚ ਠੀਕ ਹੋ ਜਾਂਦਾ। ਹੋ ਸਕਦਾ ਹੈ ਕਿ ਅਸੀਂ ਸਾਰਿਆਂ ਨੇ ਕਿਸੇ-ਨ-ਕਿਸੇ ਤਰ੍ਹਾਂ ਦੀ ਛੂਤ ਦੇ ਇਲਾਜ ਵਾਸਤੇ ਐਂਟੀਬਾਇਓਟਿਕਸ ਦਵਾਈ ਲਈ ਹੋਵੇਗੀ। ਪਰ ਦੇਖਿਆ ਗਿਆ ਹੈ ਕਿ ਐਂਟੀਬਾਇਓਟਿਕਸ ਹਰ ਮਰਜ਼ ਦੀ ਦਵਾਈ ਨਹੀਂ ਹਨ।
ਵਾਇਰਸਾਂ ਤੋਂ ਹੋਣ ਵਾਲੀਆਂ ਏਡਜ਼ ਜਾਂ ਇਨਫਲੂਐਂਜ਼ਾ ਵਰਗੀਆਂ ਬੀਮਾਰੀਆਂ ਉੱਤੇ ਐਂਟੀਬਾਇਓਟਿਕਸ ਕੰਮ ਨਹੀਂ ਕਰਦੇ। ਇਸ ਤੋਂ ਇਲਾਵਾ, ਕਈਆਂ ਲੋਕਾਂ ਨੂੰ ਐਂਟੀਬਾਇਓਟਿਕਸ ਤੋਂ ਅਲਰਜੀ ਹੋ ਜਾਂਦੀ ਹੈ। ਨਾਲੇ ਬਹੁਤ ਸਾਰੇ ਐਂਟੀਬਾਇਓਟਿਕਸ ਜੋ ਅਨੇਕ ਬੀਮਾਰੀਆਂ ਲਈ ਵਰਤੇ ਜਾਂਦੇ ਹਨ, ਸਾਡੇ ਸਰੀਰਾਂ ਵਿਚਲੇ ਫ਼ਾਇਦੇਮੰਦ ਸੂਖਮ-ਜੀਵਾਂ ਨੂੰ ਵੀ ਮਾਰ ਦਿੰਦੇ ਹਨ। ਪਰ ਐਂਟੀਬਾਇਓਟਿਕਸ ਲੈਣ ਦੀ ਸਭ ਤੋਂ ਵੱਡੀ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਇਨ੍ਹਾਂ ਨੂੰ ਲੋੜ ਤੋਂ ਵੱਧ ਜਾਂ ਘੱਟ ਵਰਤਦੇ ਹਾਂ।
ਜਦੋਂ ਮਰੀਜ਼ ਥੋੜ੍ਹਾ ਜਿਹਾ ਠੀਕ ਮਹਿਸੂਸ ਕਰਨ ਲੱਗ ਪੈਂਦੇ ਹਨ ਜਾਂ ਉਹ ਸੋਚਦੇ ਹਨ ਕਿ ਦਵਾਈ ਇੰਨੇ ਚਿਰ ਲਈ ਖਾਣ ਦੀ ਕੋਈ ਜ਼ਰੂਰਤ ਨਹੀਂ, ਤਾਂ ਉਹ ਪੂਰੀ ਤਰ੍ਹਾਂ ਠੀਕ ਹੋਣ ਤੋਂ ਪਹਿਲਾਂ ਹੀ ਐਂਟੀਬਾਇਓਟਿਕਸ ਦਵਾਈਆਂ ਲੈਣੀਆਂ ਬੰਦ ਕਰ ਦਿੰਦੇ ਹਨ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਐਂਟੀਬਾਇਓਟਿਕਸ ਸਾਰੇ ਬੈਕਟੀਰੀਆ ਨੂੰ ਨਹੀਂ ਖ਼ਤਮ ਕਰਦੇ ਤੇ ਛੂਤ ਠੀਕ ਹੋਣ ਦੀ ਬਜਾਇ ਵਧ ਜਾਂਦੀ ਹੈ। ਟੀ. ਬੀ. ਦੇ ਕਈ ਮਰੀਜ਼ਾਂ ਨਾਲ ਇਸੇ ਤਰ੍ਹਾਂ ਹੋਇਆ ਹੈ।
ਡਾਕਟਰ ਤੇ ਕਿਸਾਨ ਦੋਵੇਂ ਇਨ੍ਹਾਂ ਨਵੀਆਂ ਦਵਾਈਆਂ ਦੀ ਕੁਵਰਤੋਂ ਕਰਦੇ ਆਏ ਹਨ। ਅੰਗ੍ਰੇਜ਼ੀ ਵਿਚ ਇਨਸਾਨ ਅਤੇ ਰੋਗਾਣੂ ਨਾਂ ਦੀ ਕਿਤਾਬ ਕਹਿੰਦੀ ਹੈ ਕਿ “ਅਮਰੀਕਾ ਤੇ ਹੋਰਨਾਂ ਦੇਸ਼ਾਂ ਵਿਚ ਵੀ ਐਂਟੀਬਾਇਓਟਿਕਸ ਬੇਲੋੜੇ ਵਰਤੇ ਜਾਂਦੇ ਹਨ। ਪਸ਼ੂਆਂ ਦੇ ਖਾਣੇ ਵਿਚ ਇਨ੍ਹਾਂ ਦੀ ਕਾਫ਼ੀ ਮਿਲਾਵਟ ਕੀਤੀ ਜਾਂਦੀ ਹੈ। ਇਹ ਇਲਾਜ ਦੇ ਤੌਰ ਤੇ ਨਹੀਂ, ਸਗੋਂ ਪਸ਼ੂਆਂ ਨੂੰ ਮੋਟਾ ਕਰਨ ਲਈ ਵਰਤੇ ਜਾਂਦੇ ਹਨ। ਇਸ ਕਰਕੇ ਰੋਗਾਣੂਆਂ ਉੱਤੇ ਇਨ੍ਹਾਂ ਦਾ ਅਸਰ ਘੱਟ ਜਾਂਦਾ ਹੈ।” ਨਤੀਜੇ ਵਜੋਂ ਕਿਤਾਬ ਦੱਸਦੀ ਹੈ ਕਿ “ਹੁਣ ਸਾਡੇ ਕੋਲ ਬਹੁਤ ਘੱਟ ਨਵੇਂ ਐਂਟੀਬਾਇਓਟਿਕਸ ਹਨ।”
ਭਾਵੇਂ ਕਿ ਐਂਟੀਬਾਇਓਟਿਕਸ ਦੇ ਘੱਟ ਰਹੇ ਅਸਰ ਇਕ ਵੱਡੀ ਸਮੱਸਿਆ ਹੈ, ਫਿਰ ਵੀ ਵੀਹਵੀਂ ਸਦੀ ਦੇ ਆਖ਼ਰੀ 50 ਸਾਲਾਂ ਵਿਚ ਡਾਕਟਰੀ ਖੇਤਰ ਵਿਚ ਕਾਫ਼ੀ ਤਰੱਕੀ ਕੀਤੀ ਗਈ ਸੀ। ਇਸ ਸਮੇਂ ਦੌਰਾਨ ਲੱਗਦਾ ਸੀ ਕਿ ਤਕਰੀਬਨ ਹਰੇਕ ਬੀਮਾਰੀ ਦੇ ਇਲਾਜ ਲਈ ਵਿਗਿਆਨੀ ਕੋਈ-ਨ-ਕੋਈ ਦਵਾ-ਦਾਰੂ ਜ਼ਰੂਰ ਲੱਭ ਲੈਣਗੇ। ਬੀਮਾਰੀਆਂ ਦੇ ਰੋਕਥਾਮ ਲਈ ਕਈ ਪ੍ਰਕਾਰ ਦੇ ਟੀਕੇ ਤਿਆਰ ਕੀਤੇ ਜਾ ਰਹੇ ਸਨ।
ਬੀਮਾਰੀਆਂ ਨੂੰ ਜੜ੍ਹੋਂ ਉਖਾੜਨ ਵਿਚ ਕਾਮਯਾਬੀਆਂ
ਵਿਸ਼ਵ ਸਿਹਤ ਰਿਪੋਰਟ 1999 ਦੇ ਅਨੁਸਾਰ “ਟੀਕਿਆਂ ਕਰਕੇ ਹੁਣ ਲੋਕਾਂ ਨੂੰ ਪਹਿਲਾਂ ਨਾਲੋਂ ਬਹੁਤ ਘੱਟ ਬੀਮਾਰੀਆਂ ਲੱਗਦੀਆਂ ਹਨ।” ਦੁਨੀਆਂ ਭਰ ਵਿਚ ਟੀਕਿਆਂ ਦੁਆਰਾ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਗਈਆਂ ਹਨ। ਚੇਚਕ ਦੀ ਮਾਰੂ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਦੁਨੀਆਂ ਭਰ ਵਿਚ ਲੋਕਾਂ ਨੂੰ ਟੀਕੇ ਲਾਏ ਗਏ ਸਨ ਜਿਸ ਕਰਕੇ ਇਹ ਬੀਮਾਰੀ ਹੁਣ ਖ਼ਤਮ ਹੋ ਚੁੱਕੀ ਹੈ। ਇਸ ਬੀਮਾਰੀ ਨੇ 20 ਵੀਂ ਸਦੀ ਦੀਆਂ ਸਾਰੀਆਂ ਲੜਾਈਆਂ ਵਿਚ ਮਰੇ ਲੋਕਾਂ ਨਾਲੋਂ ਜ਼ਿਆਦਾ ਜਾਨਾਂ ਲਈਆਂ। ਇਸੇ ਤਰ੍ਹਾਂ ਪੋਲੀਓ ਦੀ ਬੀਮਾਰੀ ਵੀ ਹੁਣ ਤਕਰੀਬਨ ਖ਼ਤਮ ਹੋ ਹੀ ਚੁੱਕੀ ਹੈ। (“ਚੇਚਕ ਤੇ ਪੋਲੀਓ ਉੱਤੇ ਕਾਬੂ” ਨਾਮਕ ਡੱਬੀ ਦੇਖੋ।) ਬੱਚਿਆਂ ਨੂੰ ਟੀਕੇ ਲਗਾਏ ਜਾਂਦੇ ਹਨ ਤਾਂਕਿ ਉਹ ਆਮ ਜਾਨਲੇਵਾ ਬੀਮਾਰੀਆਂ ਤੋਂ ਬਚ ਸਕਣ।
ਦੂਸਰੀਆਂ ਬੀਮਾਰੀਆਂ ਉੱਤੇ ਕਾਬੂ ਪਾਉਣ ਲਈ ਇੰਨਾ ਕੁਝ ਨਹੀਂ ਕਰਨਾ ਪਿਆ। ਜਿਨ੍ਹਾਂ ਇਲਾਕਿਆਂ ਵਿਚ ਮਲ-ਮੂਤਰ ਨੂੰ ਸਹੀ ਢੰਗ ਨਾਲ ਟਿਕਾਣੇ ਲਗਾਉਣ ਦੇ ਪ੍ਰਬੰਧ ਹਨ ਅਤੇ ਸਾਫ਼ ਪਾਣੀ ਉਪਲਬਧ ਹੈ, ਉੱਥੇ ਹੈਜ਼ਾ ਵਰਗੀਆਂ ਬੀਮਾਰੀਆਂ ਘੱਟ ਹੀ ਫੈਲਦੀਆਂ ਹਨ। ਹੈਜ਼ਾ ਦੀ ਬੀਮਾਰੀ ਗੰਦੇ ਪਾਣੀ ਤੋਂ ਫੈਲਦੀ ਹੈ। ਅੱਜ-ਕੱਲ੍ਹ ਬਹੁਤ ਸਾਰਿਆਂ ਦੇਸ਼ਾਂ ਵਿਚ ਲੋਕ ਆਸਾਨੀ ਨਾਲ ਡਾਕਟਰ ਕੋਲ ਜਾਂ ਹਸਪਤਾਲ ਵੀ ਜਾ ਸਕਦੇ ਹਨ ਤੇ ਜ਼ਿਆਦਾਤਰ ਬੀਮਾਰੀਆਂ ਦੀ ਜਲਦੀ ਪਛਾਣ ਕਰ ਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਚੰਗੀ ਖ਼ੁਰਾਕ ਤੇ ਘਰਾਂ ਵਿਚ ਸਫ਼ਾਈ ਨੇ ਵੀ ਲੋਕਾਂ ਦੀ ਸਿਹਤ ਉੱਤੇ ਅਸਰ ਪਾਇਆ ਹੈ। ਨਾਲੇ ਜਿਨ੍ਹਾਂ ਇਲਾਕਿਆਂ ਵਿਚ ਸਰਕਾਰੀ ਅਧਿਕਾਰੀ ਮੰਗ ਕਰਦੇ ਹਨ ਕਿ ਭੋਜਨ ਪਕਾਉਂਦੇ ਸਮੇਂ ਹਰ ਤਰ੍ਹਾਂ ਦੀ ਸਫ਼ਾਈ ਹੋਣੀ ਚਾਹੀਦੀ ਹੈ ਤੇ ਭੋਜਨ ਨੂੰ ਰੈਫ੍ਰਿਜਰੇਟਰਾਂ ਜਾਂ ਸਾਫ਼ ਜਗ੍ਹਾ ਤੇ ਰੱਖਿਆ ਜਾਣਾ ਚਾਹੀਦਾ ਹੈ, ਉੱਥੇ ਵੀ ਪਬਲਿਕ ਦੀ ਸਿਹਤ ਵਿਚ ਫ਼ਰਕ ਪੈਣ ਲੱਗ ਪਿਆ ਹੈ।
ਜੇ ਵਿਗਿਆਨੀਆਂ ਨੂੰ ਛੂਤ ਦੀ ਬੀਮਾਰੀ ਦਾ ਕਾਰਨ ਪਤਾ ਚੱਲ ਜਾਵੇ, ਤਾਂ ਸਿਹਤ ਅਧਿਕਾਰੀ ਇਸ ਦੀ ਰੋਕਥਾਮ ਲਈ ਕੁਝ-ਨ-ਕੁਝ ਕਰ ਸਕਦੇ ਹਨ। ਮਿਸਾਲ ਲਈ, ਸੰਨ 1907 ਵਿਚ ਜਦੋਂ ਸਾਨ ਫ਼ਰਾਂਸਿਸਕੋ ਵਿਚ ਬਿਊਬੋਨਿਕ ਪਲੇਗ ਫੈਲ ਗਈ ਸੀ, ਤਾਂ ਇਸ ਸ਼ਹਿਰ ਵਿਚ ਬਹੁਤ ਹੀ ਥੋੜ੍ਹੇ ਲੋਕ ਮਰੇ ਕਿਉਂਕਿ ਸਿਹਤ ਅਧਿਕਾਰੀਆਂ ਨੇ ਫਟਾਫਟ ਉਨ੍ਹਾਂ ਚੂਹਿਆਂ ਨੂੰ ਮਾਰਨ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਸਨ ਜਿਨ੍ਹਾਂ ਦੇ ਸਰੀਰਾਂ ਤੇ ਬੀਮਾਰੀ ਫੈਲਾਉਣ ਵਾਲੇ ਪਿੱਸੂ ਸਨ। ਦੂਜੇ ਪਾਸੇ, ਭਾਰਤ ਵਿਚ ਸੰਨ 1896 ਤੋਂ ਸ਼ੁਰੂ ਹੋ ਕੇ ਅਗਲੇ 12 ਸਾਲਾਂ ਦੇ ਅੰਦਰ-ਅੰਦਰ ਇਸੇ ਬੀਮਾਰੀ ਦੇ ਕਾਰਨ ਇਕ ਕਰੋੜ ਲੋਕ ਮਰ ਗਏ ਕਿਉਂਕਿ ਉੱਥੇ ਕਿਸੇ ਨੂੰ ਵੀ ਇਸ ਬੀਮਾਰੀ ਦਾ ਕਾਰਨ ਨਹੀਂ ਸੀ ਪਤਾ।
ਬੀਮਾਰੀਆਂ ਤੇ ਕਾਬੂ ਪਾਉਣ ਵਿਚ ਨਾਕਾਮਯਾਬੀਆਂ
ਇਸ ਵਿਚ ਕੋਈ ਸ਼ੱਕ ਨਹੀਂ ਕਿ ਬੀਮਾਰੀਆਂ ਨੂੰ ਕਾਬੂ ਕਰਨ ਵਿਚ ਸਾਇੰਸ ਨੇ ਕਾਫ਼ੀ ਕਾਮਯਾਬੀ ਹਾਸਲ ਕੀਤੀ ਹੈ। ਪਰ ਕੁਝ ਕਾਮਯਾਬੀਆਂ ਸਿਰਫ਼ ਅਮੀਰ ਦੇਸ਼ਾਂ ਵਿਚ ਹੀ ਦੇਖੀਆਂ ਗਈਆਂ ਹਨ। ਗ਼ਰੀਬ ਦੇਸ਼ਾਂ ਵਿਚ ਹਾਲੇ ਵੀ ਕਰੋੜਾਂ ਹੀ ਲੋਕ ਉਨ੍ਹਾਂ ਬੀਮਾਰੀਆਂ ਦੇ ਕਾਰਨ ਮਰ ਜਾਂਦੇ ਹਨ ਜਿਨ੍ਹਾਂ ਦਾ ਹੁਣ ਇਲਾਜ ਕੀਤਾ ਜਾ ਸਕਦਾ ਹੈ। ਗ਼ਰੀਬ ਦੇਸ਼ਾਂ ਵਿਚ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਸਾਫ਼ ਪਾਣੀ, ਡਾਕਟਰੀ ਸੇਵਾਵਾਂ ਅਤੇ ਮਲ-ਮੂਤਰ ਨੂੰ ਸਹੀ ਢੰਗ ਨਾਲ ਟਿਕਾਣੇ ਲਗਾਉਣ ਦੀਆਂ ਸਹੂਲਤਾਂ ਉਪਲਬਧ ਨਹੀਂ ਹਨ। ਇਨ੍ਹਾਂ ਸਾਧਾਰਣ ਲੋੜਾਂ ਨੂੰ ਪੂਰਾ ਕਰਨਾ ਇਸ ਕਰਕੇ ਵੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਗ਼ਰੀਬ ਦੇਸ਼ਾਂ ਦੇ ਲੋਕ ਆਪਣੇ ਪਿੰਡ ਛੱਡ ਕੇ ਹੁਣ ਅਮੀਰ ਦੇਸ਼ਾਂ ਦੇ ਵੱਡੇ-ਵੱਡੇ ਸ਼ਹਿਰਾਂ ਵਿਚ ਰਹਿਣ ਲੱਗ ਪਏ ਹਨ। ਇਸ ਕਰਕੇ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਅਮੀਰ ਦੇਸ਼ਾਂ ਨਾਲੋਂ ਗ਼ਰੀਬ ਦੇਸ਼ਾਂ ਵਿਚ ਜ਼ਿਆਦਾ ਬੀਮਾਰੀਆਂ ਦੇਖੀਆਂ ਜਾਂਦੀਆਂ ਹਨ।
ਅਮੀਰ-ਗ਼ਰੀਬ ਦੇਸ਼ਾਂ ਵਿਚ ਫ਼ਰਕ ਦੀ ਇਕ ਵਜ੍ਹਾ ਇਹ ਵੀ ਹੈ ਕਿ ਕੁਝ ਲੋਕ ਬਹੁਤ ਹੀ ਸੁਆਰਥੀ ਹਨ। ਇਨਸਾਨ ਅਤੇ ਰੋਗਾਣੂ ਨਾਂ ਦੀ ਕਿਤਾਬ ਕਹਿੰਦੀ ਹੈ: “ਸੰਸਾਰ ਦੀਆਂ ਸਭ ਤੋਂ ਘਾਤਕ ਛੂਤ ਦੀਆਂ ਬੀਮਾਰੀਆਂ ਸਿਰਫ਼ ਗ਼ਰੀਬ ਦੇਸ਼ਾਂ ਵਿਚ ਹੀ ਪਾਈਆਂ ਜਾਂਦੀਆਂ ਹਨ। ਕੁਝ ਬੀਮਾਰੀਆਂ ਸਿਰਫ਼ ਦੁਨੀਆਂ ਦੇ ਗ਼ਰੀਬ ਗਰਮ ਦੇਸ਼ਾਂ ਤਕ ਸੀਮਿਤ ਹਨ।” ਇਹ ਗੱਲ ਵੀ ਧਿਆਨ ਰੱਖਣ ਯੋਗ ਹੈ ਕਿ ਅਮੀਰ ਦੇਸ਼ਾਂ ਵਿਚ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਗ਼ਰੀਬ ਦੇਸ਼ਾਂ ਦੀਆਂ ਬੀਮਾਰੀਆਂ ਦੇ ਇਲਾਜ ਲਈ ਪੈਸਾ ਖ਼ਰਚ ਨਹੀਂ ਕਰਨਾ ਚਾਹੁੰਦੀਆਂ ਕਿਉਂਕਿ ਉਨ੍ਹਾਂ ਨੂੰ ਉੱਥੋਂ ਕੋਈ ਨਫ਼ਾ ਨਹੀਂ ਹੁੰਦਾ।
ਬੀਮਾਰੀਆਂ ਉਦੋਂ ਵੀ ਫੈਲਦੀਆਂ ਹਨ ਜਦੋਂ ਲੋਕ ਆਪਣੇ ਚਾਲ-ਚਲਣ ਪ੍ਰਤੀ ਲਾਪਰਵਾਹ ਹੁੰਦੇ ਹਨ। ਅਸੀਂ ਇਸ ਗੱਲ ਦੀ ਅਸਲੀਅਤ ਏਡਜ਼ ਦੀ ਬੀਮਾਰੀ ਤੋਂ ਦੇਖ ਸਕਦੇ ਹਾਂ ਜੋ ਕਿ ਗ਼ਲਤ ਜਿਨਸੀ ਸੰਬੰਧ ਰੱਖਣ ਨਾਲ ਇਕ-ਦੂਜੇ ਤੋਂ ਲੱਗਦੀ ਹੈ। ਥੋੜ੍ਹੇ ਹੀ ਸਮੇਂ ਵਿਚ ਇਹ ਮਹਾਂਮਾਰੀ ਪੂਰੀ ਧਰਤੀ ਉੱਤੇ ਫੈਲ ਗਈ ਹੈ। (“ਏਡਜ਼—ਸਾਡੇ ਜ਼ਮਾਨੇ ਦੀ ਮਹਾਂਮਾਰੀ” ਨਾਮਕ ਡੱਬੀ ਦੇਖੋ।) ਇਕ ਡਾਕਟਰ ਨੇ ਕਿਹਾ: “ਤੁਸੀਂ ਸ਼ਾਇਦ ਸੋਚੋ ਕਿ ਮੈਂ ਦੂਸਰਿਆਂ ਦੇ ਚਾਲ-ਚਲਣ ਦੀ ਨੁਕਤਾਚੀਨੀ ਕਰ ਰਿਹਾ ਹਾਂ, ਪਰ ਅਸਲੀਅਤ ਤਾਂ ਇਹ ਹੈ ਕਿ ਲੋਕਾਂ ਨੇ ਇਹ ਮੁਸੀਬਤ ਆਪ ਆਪਣੇ ਉੱਤੇ ਲਿਆਂਦੀ ਹੈ।”
ਅਣਜਾਣਪੁਣੇ ਵਿਚ ਲੋਕਾਂ ਨੇ ਏਡਜ਼ ਵਾਇਰਸ ਕਿਸ ਤਰ੍ਹਾਂ ਫੈਲਾਇਆ ਹੈ? ਅੰਗ੍ਰੇਜ਼ੀ ਵਿਚ ਆ ਰਹੀ ਪਲੇਗ ਨਾਂ ਦੀ ਕਿਤਾਬ ਨੇ ਇਹ ਕੁਝ ਕਾਰਨ ਦੱਸੇ: ਬਦਲ ਰਿਹਾ ਸਮਾਜ—ਖ਼ਾਸ ਕਰਕੇ ਇਸ ਗੱਲ ਵਿਚ ਕਿ ਅੱਜ-ਕੱਲ੍ਹ ਲੋਕ ਕਈ-ਕਈ ਆਦਮੀਆਂ ਜਾਂ ਔਰਤਾਂ ਨਾਲ ਸੈਕਸ ਸੰਬੰਧ ਰੱਖਦੇ ਹਨ। ਨਤੀਜੇ ਵਜੋਂ ਇਹ ਵਾਇਰਸ ਇਕ ਜਣੇ ਤੋਂ ਕਈਆਂ ਵਿਚ ਫੈਲ ਜਾਂਦਾ ਹੈ। ਇਕ ਹੋਰ ਕਾਰਨ ਇਹ ਹੈ ਕਿ ਗ਼ਰੀਬ ਦੇਸ਼ਾਂ ਵਿਚ ਡਾਕਟਰ ਅਤੇ ਅਮਲੀ ਗੰਦੀਆਂ ਸੂਈਆਂ ਇਸਤੇਮਾਲ ਕਰਦੇ ਹਨ। ਨਾਲੇ ਅੱਜ-ਕੱਲ੍ਹ ਖ਼ੂਨ ਲੈਣਾ ਜਾਂ ਦੇਣਾ ਇਕ ਵੱਡਾ ਬਿਜ਼ਨਿਸ ਬਣ ਚੁੱਕਾ ਹੈ ਜਿਸ ਤੋਂ ਅਨੇਕ ਮਰੀਜ਼ਾਂ ਵਿਚ ਏਡਜ਼ ਦਾ ਵਾਇਰਸ ਦਾਖ਼ਲ ਹੋ ਜਾਂਦਾ ਹੈ।
ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਜ਼ਿਆਦਾ ਜਾਂ ਘੱਟ ਐਂਟੀਬਾਇਓਟਿਕਸ ਲੈਣ ਨਾਲ ਕਈ ਰੋਗਾਣੂ ਰੋਕੇ ਨਹੀਂ ਜਾ ਸਕਦੇ। ਇਹ ਗੰਭੀਰ ਸਮੱਸਿਆ ਹੈ ਜੋ ਵਧਦੀ ਹੀ ਜਾ ਰਹੀ ਹੈ। ਇਕ ਸਮੇਂ ਪੈਨਸਲੀਨ ਦੀਆਂ ਦਵਾਈਆਂ ਸਟੈਫਿਲੋਕੋਕਾਈ (Staphylococcus) ਨਾਂ ਦੇ ਬੈਕਟੀਰੀਏ ਨੂੰ ਖ਼ਤਮ ਕਰ ਦਿੰਦੀਆਂ ਸਨ। ਇਸ ਬੈਕਟੀਰੀਏ ਕਰਕੇ ਜ਼ਖ਼ਮਾਂ ਵਿਚ ਪੀਕ ਪੈ ਜਾਂਦੀ ਹੈ, ਪਰ ਹੁਣ ਇਸ ਉੱਤੇ ਆਮ ਐਂਟੀਬਾਇਓਟਿਕਸ ਦਾ ਕੋਈ ਅਸਰ ਨਹੀਂ ਹੁੰਦਾ। ਇਸ ਲਈ ਡਾਕਟਰਾਂ ਨੂੰ ਨਵੇਂ ਤੇ ਮਹਿੰਗੇ ਐਂਟੀਬਾਇਓਟਿਕਸ ਵਰਤਣੇ ਪੈਂਦੇ ਹਨ ਜਿਨ੍ਹਾਂ ਲਈ ਗ਼ਰੀਬ ਦੇਸ਼ਾਂ ਦੇ ਹਸਪਤਾਲਾਂ ਕੋਲ ਪੈਸਾ ਨਹੀਂ ਹੁੰਦਾ। ਨਵੇਂ ਤੋਂ ਨਵੇਂ ਐਂਟੀਬਾਇਓਟਿਕਸ ਵੀ ਸ਼ਾਇਦ ਕਈ ਰੋਗਾਣੂਆਂ ਨੂੰ ਨਾ ਮਾਰ ਸਕਣ ਜਿਸ ਕਰਕੇ ਹਸਪਤਾਲ ਵਿੱਚੋਂ ਲੱਗਦੀਆਂ ਛੂਤਾਂ ਹੋਰ ਵੀ ਘਾਤਕ ਸਾਬਤ ਹੋ ਰਹੀਆਂ ਹਨ। ਅਮਰੀਕਾ ਵਿਚ ਅਲਰਜੀ ਤੇ ਛੂਤ ਦੀਆਂ ਬੀਮਾਰੀਆਂ ਉੱਤੇ ਖੋਜ ਕਰਨ ਵਾਲੀ ਇਕ ਸੰਸਥਾ ਦੇ ਸਾਬਕਾ ਡਾਇਰੈਕਟਰ ਨੇ ਸਾਫ਼-ਸਾਫ਼ ਕਿਹਾ ਕਿ ਹੁਣ “ਉਹ ਰੋਗਾਣੂ ਬੇਸ਼ੁਮਾਰ ਹਨ ਜਿਨ੍ਹਾਂ ਉੱਤੇ ਕਿਸੇ ਦਵਾਈ ਦਾ ਅਸਰ ਨਹੀਂ ਹੁੰਦਾ।”
“ਕੀ ਹੁਣ ਦੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਹਨ?”
ਹੁਣ 21ਵੀਂ ਸਦੀ ਦੇ ਸ਼ੁਰੂ ਵਿਚ ਅਸੀਂ ਦੇਖਦੇ ਹਾਂ ਕਿ ਬੀਮਾਰੀਆਂ ਦਾ ਖ਼ਤਰਾ ਅੱਗੇ ਨਾਲੋਂ ਘਟਿਆ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਏਡਜ਼ ਦੀ ਬੀਮਾਰੀ ਘੱਟ ਨਹੀਂ ਰਹੀ ਸਗੋਂ ਵਧਦੀ ਹੀ ਜਾ ਰਹੀ ਹੈ। ਹੁਣ ਬਹੁਤ ਸਾਰੀਆਂ ਅਜਿਹੀਆਂ ਬੀਮਾਰੀਆਂ ਹਨ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੈ। ਟੀ. ਬੀ. ਤੇ ਮਲੇਰੀਏ ਵਰਗੀਆਂ ਘਾਤਕ ਬੀਮਾਰੀਆਂ ਸਾਬਤ ਕਰਦੀਆਂ ਹਨ ਕਿ ਬੀਮਾਰੀਆਂ ਨੂੰ ਖ਼ਤਮ ਕਰਨ ਦਾ ਸੰਘਰਸ਼ ਹਾਲੇ ਵੀ ਜਾਰੀ ਹੈ।
ਜੌਸ਼ੁਆ ਲੈਡਰਬਰਗ ਨਾਂ ਦੇ ਇਕ ਨੋਬਲ ਪੁਰਸਕਾਰ ਵਿਜੇਤਾ ਨੇ ਇਹ ਸਵਾਲ ਕੀਤਾ: “ਕੀ ਹੁਣ ਦੇ ਹਾਲਾਤ ਇਕ ਸਦੀ ਪਹਿਲਾਂ ਦੇ ਹਾਲਾਤਾਂ ਨਾਲੋਂ ਬਿਹਤਰ ਹਨ?” ਫਿਰ ਉਸ ਨੇ ਜਵਾਬ ਵਿਚ ਅੱਗੇ ਕਿਹਾ: “ਤਕਰੀਬਨ ਸਾਰੀਆਂ ਗੱਲਾਂ ਵਿਚ ਸਾਡੇ ਹਾਲਾਤ ਪਹਿਲਾਂ ਨਾਲੋਂ ਜ਼ਿਆਦਾ ਖ਼ਰਾਬ ਹੋ ਗਏ ਹਨ। ਅਸੀਂ ਰੋਗਾਣੂਆਂ ਬਾਰੇ ਬਹੁਤ ਲਾਪਰਵਾਹੀ ਵਰਤਦੇ ਆਏ ਹਾਂ ਤੇ ਅਸੀਂ ਉਹੀ ਵੱਢ ਰਹੇ ਹਾਂ ਜੋ ਅਸੀਂ ਬੀਜਿਆ ਹੈ।” ਜੇ ਦੁਨੀਆਂ ਦੇ ਸਾਰੇ ਡਾਕਟਰ ਇਕੱਠੇ ਮਿਲ ਕੇ ਕੰਮ ਕਰਨ, ਤਾਂ ਕੀ ਇਸ ਵਿਗਾੜ ਨੂੰ ਸੁਧਾਰਿਆ ਜਾ ਸਕਦਾ ਹੈ? ਕੀ ਦੁਨੀਆਂ ਵਿਚ ਫੈਲੀਆਂ ਮੁੱਖ ਛੂਤ ਦੀਆਂ ਬੀਮਾਰੀਆਂ ਕਦੇ ਖ਼ਤਮ ਕੀਤੀਆਂ ਜਾਣਗੀਆਂ ਜਿਸ ਤਰ੍ਹਾਂ ਚੇਚਕ ਦਾ ਰੋਗ ਖ਼ਤਮ ਕੀਤਾ ਗਿਆ ਸੀ? ਸਾਡਾ ਅਗਲਾ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ। (g04 5/22)
[ਸਫ਼ੇ 8 ਉੱਤੇ ਡੱਬੀ/ਤਸਵੀਰ]
ਚੇਚਕ ਤੇ ਪੋਲੀਓ ਉੱਤੇ ਕਾਬੂ
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਚੇਚਕ ਦਾ ਅਖ਼ੀਰਲਾ ਕੇਸ ਅਕਤੂਬਰ 1977 ਦੇ ਅੰਤ ਵਿਚ ਦੇਖਿਆ ਗਿਆ ਸੀ। ਇਹ ਸੀ ਸੋਮਾਲੀਆ ਦੇਸ਼ ਵਿਚ ਰਹਿਣ ਵਾਲਾ ਅਲੀ ਮਾਓ ਮਾਲਿਨ ਦਾ ਕੇਸ। ਅਲੀ ਹਸਪਤਾਲ ਵਿਚ ਰਸੋਈਏ ਦੇ ਤੌਰ ਤੇ ਕੰਮ ਕਰਦਾ ਸੀ। ਉਸ ਦੀ ਹਾਲਤ ਇੰਨੀ ਖ਼ਰਾਬ ਨਹੀਂ ਹੋਈ ਸੀ ਅਤੇ ਕੁਝ ਹੀ ਹਫ਼ਤਿਆਂ ਵਿਚ ਉਹ ਠੀਕ ਹੋ ਗਿਆ ਸੀ। ਉਸ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਟੀਕੇ ਲਗਾਏ ਗਏ ਸਨ।
ਇਸ ਘਟਨਾ ਤੋਂ ਬਾਅਦ ਦੋ ਸਾਲ ਤਕ ਡਾਕਟਰਾਂ ਨੂੰ ਫ਼ਿਕਰ ਲੱਗਾ ਰਿਹਾ ਕਿ ਸ਼ਾਇਦ ਇਹ ਬੀਮਾਰੀ ਫਿਰ ਤੋਂ ਫੈਲਰ ਜਾਵੇਗੀ। ਸਿਹਤ ਅਧਿਕਾਰੀਆਂ ਨੇ ਉਸ ਵਿਅਕਤੀ ਲਈ ਪੰਜਾਹ ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਜੋ ਉਨ੍ਹਾਂ ਕੋਲ ਚੇਚਕ ਬੀਮਾਰੀ ਦਾ ਇਕ ਨਵਾਂ-ਤਾਜ਼ਾ ਕੇਸ ਪੇਸ਼ ਕਰ ਸਕਦਾ ਸੀ। ਇਸ ਇਨਾਮ ਦਾ ਕੋਈ ਹੱਕਦਾਰ ਨਹੀਂ ਹੋਇਆ ਤੇ 8 ਮਈ 1980 ਨੂੰ ਵਿਸ਼ਵ ਸਿਹਤ ਸੰਗਠਨ ਨੇ ਐਲਾਨ ਕੀਤਾ ਕਿ “ਸੰਸਾਰ ਭਰ ਵਿਚ ਲੋਕਾਂ ਨੂੰ ਚੇਚਕ ਤੋਂ ਹੁਣ ਕੋਈ ਖ਼ਤਰਾ ਨਹੀਂ ਰਿਹਾ।” ਇਸ ਤੋਂ ਕੁਝ ਦਸ ਸਾਲ ਪਹਿਲਾਂ ਚੇਚਕ ਕਰਕੇ ਹਰ ਸਾਲ 20 ਲੱਖ ਲੋਕ ਮਰਦੇ ਸਨ। ਇਤਿਹਾਸ ਵਿਚ ਪਹਿਲੀ ਵਾਰ ਇਕ ਵੱਡੀ ਛੂਤ ਦੀ ਬੀਮਾਰੀ ਖ਼ਤਮ ਕਰ ਦਿੱਤੀ ਗਈ।a
ਇਸ ਤਰ੍ਹਾਂ ਲੱਗਦਾ ਸੀ ਕਿ ਪੋਲੀਓ ਵੀ ਇਸੇ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ। ਇਹ ਬੀਮਾਰੀ ਜ਼ਿਆਦਾਤਰ ਬੱਚਿਆਂ ਨੂੰ ਹੁੰਦੀ ਹੈ। ਸੰਨ 1955 ਵਿਚ ਜੋਨੱਸ ਸੌਲਕ ਨੇ ਪੋਲੀਓ ਟੀਕੇ ਦੀ ਅਸਰਦਾਰ ਕਾਢ ਕੱਢੀ ਤੇ ਇਸ ਤੋਂ ਬਾਅਦ ਅਮਰੀਕਾ ਤੇ ਹੋਰਨਾਂ ਦੇਸ਼ਾਂ ਵਿਚ ਇਸ ਦੀ ਵਰਤੋਂ ਉੱਤੇ ਜ਼ੋਰ ਦਿੱਤਾ ਜਾਣ ਲੱਗਾ। ਬਾਅਦ ਵਿਚ ਇਹ ਦਵਾਈ ਮੂੰਹ ਰਾਹੀਂ ਪਿਲਾਈ ਜਾਣ ਲੱਗੀ। ਸੰਨ 1988 ਵਿਚ ਵਿਸ਼ਵ ਸਿਹਤ ਸੰਗਠਨ ਨੇ ਸੰਸਾਰ ਭਰ ਵਿਚ ਪੋਲੀਓ ਨੂੰ ਖ਼ਤਮ ਕਰਨ ਦੇ ਜਤਨ ਕੀਤੇ।
ਇਸ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਕਿਹਾ: “ਸੰਨ 1988 ਵਿਚ ਜਦੋਂ ਅਸੀਂ ਪੋਲੀਓ ਖ਼ਤਮ ਕਰਨ ਦਾ ਆਪਣਾ ਪ੍ਰੋਗ੍ਰਾਮ ਸ਼ੁਰੂ ਕੀਤਾ ਸੀ, ਤਾਂ ਉਦੋਂ ਰੋਜ਼ਾਨਾ 1,000 ਤੋਂ ਜ਼ਿਆਦਾ ਬੱਚੇ ਇਸ ਬੀਮਾਰੀ ਦੇ ਸ਼ਿਕਾਰ ਬਣਦੇ ਸਨ। ਪਰ ਸਾਲ 2001 ਦੌਰਾਨ 1,000 ਤੋਂ ਘੱਟ ਕੇਸ ਦੇਖੇ ਗਏ ਸਨ।” ਪੋਲੀਓ ਹੁਣ ਸਿਰਫ਼ ਦਸ ਕੁ ਦੇਸ਼ਾਂ ਵਿਚ ਪਾਇਆ ਜਾਂਦਾ ਹੈ। ਇਨ੍ਹਾਂ ਦੇਸ਼ਾਂ ਨੂੰ ਪੋਲੀਓ ਤੋਂ ਬਿਲਕੁਲ ਮੁਕਤ ਕਰਨ ਲਈ ਹੋਰ ਪੈਸੇ ਦੀ ਲੋੜ ਹੈ।
[ਫੁਟਨੋਟ]
a ਸੰਸਾਰ ਭਰ ਵਿਚ ਟੀਕਿਆਂ ਦੇ ਜ਼ਰੀਏ ਚੇਚਕ ਦੀ ਬੀਮਾਰੀ ਖ਼ਤਮ ਕੀਤੀ ਗਈ ਹੈ। ਇਹ ਇਸ ਲਈ ਮੁਮਕਿਨ ਹੋ ਸਕਿਆ ਹੈ ਕਿਉਂਕਿ ਚੇਚਕ ਦਾ ਵਾਇਰਸ ਇਨਸਾਨਾਂ ਵਿਚ ਇਕ-ਦੂਜੇ ਤੋਂ ਫੈਲਦਾ ਹੈ, ਜਦ ਕਿ ਕਈ ਦੂਜੀਆਂ ਬੀਮਾਰੀਆਂ ਚੂਹਿਆਂ ਜਾਂ ਕੀੜੇ-ਮਕੌੜਿਆਂ ਤੋਂ ਲੱਗਦੀਆਂ ਹਨ।
[ਤਸਵੀਰ]
ਇਕ ਇਥੋਪੀਆਈ ਮੁੰਡੇ ਨੂੰ ਪੋਲੀਓ ਦੀ ਦਵਾਈ ਪਿਆਈ ਜਾ ਰਹੀ ਹੈ
[ਕ੍ਰੈਡਿਟ ਲਾਈਨ]
© WHO/P. Virot
[ਸਫ਼ੇ 10 ਉੱਤੇ ਡੱਬੀ/ਤਸਵੀਰ]
ਏਡਜ਼—ਸਾਡੇ ਜ਼ਮਾਨੇ ਦੀ ਮਹਾਂਮਾਰੀ
ਸੰਸਾਰ ਭਰ ਵਿਚ ਏਡਜ਼ ਦੀ ਬੀਮਾਰੀ ਬਹੁਤ ਵੱਡਾ ਖ਼ਤਰਾ ਪੇਸ਼ ਕਰ ਰਹੀ ਹੈ। ਇਸ ਬੀਮਾਰੀ ਦੀ ਪਛਾਣ ਕੁਝ 20 ਸਾਲ ਪਹਿਲਾਂ ਕੀਤੀ ਗਈ ਸੀ। ਹੁਣ ਤਕ ਇਸ ਦੀ ਛੂਤ ਤਕਰੀਬਨ ਛੇ ਕਰੋੜ ਤੋਂ ਵੱਧ ਲੋਕਾਂ ਨੂੰ ਲੱਗ ਚੁੱਕੀ ਹੈ। ਏਡਜ਼ ਦੇ ਫੈਲਾਅ ਬਾਰੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ “ਅਸੀਂ ਅਜੇ ਕੁਝ ਵੀ ਨਹੀਂ ਦੇਖਿਆ। ਪਹਿਲਾਂ-ਪਹਿਲਾਂ ਕਿਸੇ ਨੂੰ ਵੀ ਕੋਈ ਅੰਦਾਜ਼ਾ ਨਹੀਂ ਸੀ ਕਿ ਦਿਨ-ਬ-ਦਿਨ ਇਹ ਛੂਤ ਕਿੰਨੀ ਜ਼ਿਆਦਾ ਫੈਲਰ ਜਾਵੇਗੀ।” ਇਸ ਦੇ ਅਸਰਾਂ ਕਾਰਨ ਕਈ ਇਲਾਕੇ ਬੁਰੀ ਤਰ੍ਹਾਂ ਇਸ ਬੀਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ।
ਸੰਯੁਕਤ ਰਾਸ਼ਟਰ-ਸੰਘ ਦੀ ਇਕ ਰਿਪੋਰਟ ਦੇ ਅਨੁਸਾਰ, “ਐੱਚ. ਆਈ. ਵੀ./ਏਡਜ਼ ਨਾਲ ਪੀੜਿਤ ਜ਼ਿਆਦਾਤਰ ਲੋਕ ਅਜੇ ਜਵਾਨ ਹਨ।” ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਸ ਦਾ ਨਤੀਜਾ ਇਹ ਹੋਵੇਗਾ ਕਿ 2005 ਤਕ ਦੱਖਣੀ ਅਫ਼ਰੀਕਾ ਦੇ 10 ਤੋਂ ਲੈ ਕੇ 20 ਫੀ ਸਦੀ ਕਾਮੇ ਮਰ ਜਾਣਗੇ। ਇਹ ਰਿਪੋਰਟ ਅੱਗੇ ਕਹਿੰਦੀ ਹੈ: “ਆਮ ਤੌਰ ਤੇ ਏਡਜ਼ ਤੋਂ ਬਿਨਾਂ ਅਫ਼ਰੀਕੀ ਲੋਕਾਂ ਦੀ ਉਮਰ 62 ਸਾਲ ਹੋਣੀ ਸੀ, ਪਰ ਏਡਜ਼ ਕਾਰਨ ਹੁਣ ਉਹ ਸਿਰਫ਼ 47 ਸਾਲ ਦੀ ਉਮਰ ਤਕ ਜੀਉਂਦੇ ਹਨ।”
ਹੁਣ ਤਕ ਇਸ ਬੀਮਾਰੀ ਦਾ ਕੋਈ ਟੀਕਾ ਨਹੀਂ ਮਿਲਿਆ ਅਤੇ ਗ਼ਰੀਬ ਦੇਸ਼ਾਂ ਵਿਚ 60 ਲੱਖ ਪੀੜਿਤ ਲੋਕਾਂ ਵਿੱਚੋਂ ਸਿਰਫ਼ 4 ਫੀ ਸਦੀ ਮਰੀਜ਼ਾਂ ਨੂੰ ਹੀ ਦਵਾਈ ਮਿਲ ਰਹੀ ਹੈ। ਡਾਕਟਰਾਂ ਨੂੰ ਇਹ ਚਿੰਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਏਡਜ਼ ਦੀ ਛੂਤ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਇਸ ਬੀਮਾਰੀ ਦੇ ਸ਼ਿਕਾਰ ਬਣ ਜਾਣਗੇ ਕਿਉਂਕਿ ਇਸ ਦਾ ਕੋਈ ਇਲਾਜ ਨਹੀਂ ਹੈ।
[ਤਸਵੀਰ]
ਐੱਚ. ਆਈ. ਵੀ. ਵਾਇਰਸ ਦੀ ਛੂਤ ਵਾਲੇ ਟੀ ਲਿਮਫੋਸਾਈਟ ਸੈੱਲ
[ਕ੍ਰੈਡਿਟ ਲਾਈਨ]
Godo-Foto
[ਸਫ਼ੇ 7 ਉੱਤੇ ਤਸਵੀਰ]
ਖ਼ਤਰਨਾਕ ਵਾਇਰਸ ਦੀ ਜਾਂਚ ਕਰ ਰਿਹਾ ਇਕ ਲੈਬਾਰਟਰੀ ਕਾਮਾ
[ਕ੍ਰੈਡਿਟ ਲਾਈਨ]
CDC/Anthony Sanchez
-
-
ਬੀਮਾਰੀਆਂ ਤੋਂ ਮੁਕਤ ਸੰਸਾਰਜਾਗਰੂਕ ਬਣੋ!—2004 | ਜੁਲਾਈ
-
-
ਬੀਮਾਰੀਆਂ ਤੋਂ ਮੁਕਤ ਸੰਸਾਰ
“ਸਾਰਿਆਂ ਦੇਸ਼ਾਂ ਨੂੰ ਇਕ-ਦੂਸਰੇ ਦਾ ਸਾਥ ਦੇਣਾ ਚਾਹੀਦਾ ਹੈ ਤਾਂਕਿ ਦੁਨੀਆਂ ਦੇ ਸਾਰਿਆਂ ਲੋਕਾਂ ਨੂੰ ਬੁਨਿਆਦੀ ਡਾਕਟਰੀ ਸਹੂਲਤਾਂ ਉਪਲਬਧ ਹੋ ਸਕਣ। ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਇਕ ਦੇਸ਼ ਦੇ ਲੋਕਾਂ ਦੀ ਸਿਹਤ ਦਾ ਅਸਰ ਦੂਸਰੇ ਦੇਸ਼ਾਂ ਦੇ ਲੋਕਾਂ ਤੇ ਪੈਂਦਾ ਹੈ, ਚਾਹੇ ਭਲਾ ਚਾਹੇ ਬੁਰਾ।”—ਆਲਮਾਆਤਾ ਘੋਸ਼ਣਾ-ਪੱਤਰ, 12 ਸਤੰਬਰ 1978.
ਪੱਚੀ ਸਾਲ ਪਹਿਲਾਂ ਇਸ ਤਰ੍ਹਾਂ ਸੋਚਿਆ ਜਾਂਦਾ ਸੀ ਕਿ ਧਰਤੀ ਦੇ ਹਰੇਕ ਇਨਸਾਨ ਨੂੰ ਬੁਨਿਆਦੀ ਡਾਕਟਰੀ ਸਹੂਲਤਾਂ ਉਪਲਬਧ ਹੋ ਸਕਦੀਆਂ ਹਨ। ਉਸ ਸਮੇਂ ਆਲਮਾਆਤਾ ਸ਼ਹਿਰ (ਹੁਣ ਕਾਜ਼ਕਸਥਾਨ) ਵਿਚ ਬੁਨਿਆਦੀ ਡਾਕਟਰੀ ਸਹੂਲਤਾਂ ਬਾਰੇ ਕੀਤੀ ਗਈ ਇਕ ਅੰਤਰਰਾਸ਼ਟਰੀ ਕਾਨਫ਼ਰੰਸ ਦੌਰਾਨ ਸਾਰੇ ਡੈਲੀਗੇਟਾਂ ਨੇ ਇਹ ਫ਼ੈਸਲਾ ਕੀਤਾ ਕਿ ਸਾਲ 2000 ਤਕ ਦੁਨੀਆਂ ਦੇ ਹਰੇਕ ਬੰਦੇ ਨੂੰ ਸਭ ਤੋਂ ਭੈੜੀਆਂ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਾਏ ਜਾਣ। ਉਨ੍ਹਾਂ ਦੀ ਇਹ ਵੀ ਉਮੀਦ ਸੀ ਕਿ ਸਾਲ 2000 ਤਕ ਦੁਨੀਆਂ ਵਿਚ ਸਾਰਿਆਂ ਲਈ ਮਲ-ਮੂਤਰ ਨੂੰ ਸਹੀ ਢੰਗ ਨਾਲ ਟਿਕਾਣੇ ਲਗਾਉਣ ਦੇ ਪ੍ਰਬੰਧ ਕੀਤੇ ਜਾਣਗੇ ਤੇ ਸਾਫ਼ ਪਾਣੀ ਉਪਲਬਧ ਹੋਵੇਗਾ। ਵਿਸ਼ਵ ਸਿਹਤ ਸੰਗਠਨ ਦੇ ਸਾਰੇ ਮੈਂਬਰਾਂ ਨੇ ਇਸ ਐਲਾਨ ਦੀ ਹਿਮਾਇਤ ਕੀਤੀ ਤੇ ਉਨ੍ਹਾਂ ਨੇ ਇਸ ਘੋਸ਼ਣਾ-ਪੱਤਰ ਉੱਤੇ ਦਸਤਖਤ ਕੀਤੇ।
ਇਹ ਇਕ ਵਧੀਆ ਟੀਚਾ ਸੀ, ਪਰ ਅਸਲੀਅਤ ਕੁਝ ਹੋਰ ਸੀ। ਨਾ ਹੀ ਧਰਤੀ ਦੇ ਹਰੇਕ ਇਨਸਾਨ ਨੂੰ ਬੁਨਿਆਦੀ ਡਾਕਟਰੀ ਸਹੂਲਤਾਂ ਉਪਲਬਧ ਹੋਈਆਂ ਤੇ ਨਾ ਹੀ ਛੂਤ ਦੀਆਂ ਬੀਮਾਰੀਆਂ ਦਾ ਇਲਾਜ ਕੀਤਾ ਗਿਆ। ਹਾਲੇ ਵੀ ਅਰਬਾਂ ਹੀ ਲੋਕਾਂ ਨੂੰ ਇਨ੍ਹਾਂ ਬੀਮਾਰੀਆਂ ਤੋਂ ਖ਼ਤਰਾ ਹੈ। ਆਮ ਤੌਰ ਤੇ ਇਹ ਘਾਤਕ ਬੀਮਾਰੀਆਂ ਸਿਆਣਿਆਂ ਦੇ ਨਾਲ-ਨਾਲ ਨਿਆਣਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ।
ਏਡਜ਼, ਟੀ. ਬੀ. ਤੇ ਮਲੇਰੀਏ ਵਰਗੀਆਂ ਬੀਮਾਰੀਆਂ ਦਾ ਸਾਮ੍ਹਣਾ ਕਰਨ ਵਿਚ ਵੀ ਦੇਸ਼ਾਂ ਨੇ ‘ਇਕ-ਦੂਸਰੇ ਦਾ ਸਾਥ ਨਹੀਂ ਦਿੱਤਾ।’ ਹਾਲ ਹੀ ਵਿਚ ਏਡਜ਼, ਟੀ. ਬੀ. ਤੇ ਮਲੇਰੀਏ ਵਰਗੀਆਂ ਬੀਮਾਰੀਆਂ ਦੀ ਰੋਕਥਾਮ ਕਰਨ ਲਈ ਇਕ ਵਿਸ਼ਵ-ਵਿਆਪੀ ਫ਼ੰਡ ਨਿਸ਼ਚਿਤ ਕੀਤਾ ਗਿਆ ਸੀ। ਇਸ ਫ਼ੰਡ ਨੂੰ ਨਿਸ਼ਚਿਤ ਕਰਨ ਵਾਲਿਆਂ ਨੇ ਸਰਕਾਰ ਤੋਂ 610 ਅਰਬ ਰੁਪਏ ਮੰਗੇ। ਪਰ ਸਾਲ 2002 ਦੀਆਂ ਗਰਮੀਆਂ ਤਕ ਸਰਕਾਰ ਨੇ ਸਿਰਫ਼ 94 ਅਰਬ ਰੁਪਏ ਭੇਟ ਕੀਤੇ ਸਨ। ਦੇਖਣ ਵਾਲੀ ਗੱਲ ਹੈ ਕਿ ਇਸੇ ਸਾਲ ਦੌਰਾਨ ਸਰਕਾਰ ਨੇ ਮਿਲਟਰੀ ਦੇ ਕੰਮਾਂ ਲਈ 329 ਖਰਬ ਰੁਪਏ ਉਡਾਏ! ਇਹ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਦੁਨੀਆਂ ਵਿਚ ਜ਼ਰਾ ਵੀ ਏਕਤਾ ਨਹੀਂ ਹੈ ਜਿਸ ਕਰਕੇ ਭੈੜੇ ਤੋਂ ਭੈੜੇ ਖ਼ਤਰੇ ਵੀ ਲੋਕਾਂ ਨੂੰ ਇਕ-ਦੂਜੇ ਦਾ ਸਾਥ ਦੇਣ ਲਈ ਪ੍ਰੇਰਿਤ ਨਹੀਂ ਕਰਦੇ।
ਭਾਵੇਂ ਕਿ ਸਿਹਤ-ਸੰਭਾਲ ਸੰਸਥਾਵਾਂ ਛੂਤ ਦੀਆਂ ਬੀਮਾਰੀਆਂ ਨੂੰ ਖ਼ਤਮ ਕਰਨ ਵਿਚ ਪੂਰੀ ਮਿਹਨਤ ਕਰਨੀ ਚਾਹੁੰਦੀਆਂ ਹਨ, ਫਿਰ ਵੀ ਉਹ ਸਫ਼ਲ ਨਹੀਂ ਹੋ ਰਹੀਆਂ। ਸਰਕਾਰਾਂ ਉਨ੍ਹਾਂ ਨੂੰ ਚੋਖਾ ਪੈਸਾ ਨਹੀਂ ਦਿੰਦੀਆਂ। ਹੁਣ ਇਕ ਪਾਸੇ ਤਾਂ ਸਮੱਸਿਆ ਇਹ ਹੈ ਕਿ ਕਈ ਦਵਾਈਆਂ ਰੋਗਾਣੂਆਂ ਉੱਤੇ ਕੋਈ ਅਸਰ ਨਹੀਂ ਕਰਦੀਆਂ ਤੇ ਦੂਜੇ ਪਾਸੇ ਲਾਪਰਵਾਹ ਲੋਕ ਬਦਚਲਣ ਜ਼ਿੰਦਗੀ ਬਤੀਤ ਕਰਦੇ ਹਨ। ਇਸ ਤੋਂ ਇਲਾਵਾ, ਕੁਝ ਇਲਾਕਿਆਂ ਵਿਚ ਗ਼ਰੀਬੀ, ਲੜਾਈਆਂ ਤੇ ਕਾਲ ਵਰਗੀਆਂ ਮੁਸ਼ਕਲਾਂ ਕਰਕੇ ਕਰੋੜਾਂ ਹੀ ਲੋਕਾਂ ਨੂੰ ਬੀਮਾਰੀਆਂ ਨੇ ਘੇਰਿਆ ਹੋਇਆ ਹੈ।
ਰੱਬ ਚਾਹੁੰਦਾ ਹੈ ਕਿ ਅਸੀਂ ਤੰਦਰੁਸਤ ਰਹੀਏ
ਖ਼ੁਸ਼ੀ ਦੀ ਗੱਲ ਹੈ ਕਿ ਬੀਮਾਰੀਆਂ ਨੂੰ ਖ਼ਤਮ ਕੀਤਾ ਜਾਵੇਗਾ! ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਪਰਮੇਸ਼ੁਰ ਮਨੁੱਖਾਂ ਦੀ ਸਿਹਤ ਵਿਚ ਬਹੁਤ ਦਿਲਚਸਪੀ ਲੈਂਦਾ ਹੈ। ਸਾਡੇ ਸਰੀਰ ਦੀ ਰੱਖਿਆ ਪ੍ਰਣਾਲੀ (immune system) ਇਸ ਗੱਲ ਦਾ ਇਕ ਵੱਡਾ ਸਬੂਤ ਹੈ। ਯਹੋਵਾਹ ਨੇ ਪ੍ਰਾਚੀਨ ਇਸਰਾਏਲ ਨੂੰ ਕਈ ਨਿਯਮ ਦਿੱਤੇ ਸਨ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਉਹ ਉਨ੍ਹਾਂ ਨੂੰ ਛੂਤ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਣਾ ਚਾਹੁੰਦਾ ਸੀ।a
ਇਸੇ ਤਰ੍ਹਾਂ ਯਿਸੂ ਮਸੀਹ ਵੀ ਆਪਣੇ ਪਿਤਾ ਯਹੋਵਾਹ ਵਾਂਗ ਬੀਮਾਰ ਲੋਕਾਂ ਤੇ ਤਰਸ ਖਾਂਦਾ ਸੀ। ਮਰਕੁਸ ਦੀ ਇੰਜੀਲ ਵਿਚ ਅਸੀਂ ਉਸ ਘਟਨਾ ਬਾਰੇ ਪੜ੍ਹ ਸਕਦੇ ਹਾਂ ਜਦੋਂ ਯਿਸੂ ਨੂੰ ਇਕ ਕੋੜ੍ਹੀ ਬੰਦਾ ਮਿਲਿਆ। ਕੋੜ੍ਹੀ ਨੇ ਯਿਸੂ ਨੂੰ ਕਿਹਾ: “ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ।” ਯਿਸੂ ਨੇ ਦੇਖਿਆ ਕਿ ਦੁੱਖਾਂ ਦਾ ਮਾਰਿਆ ਇਹ ਬੰਦਾ ਬਹੁਤ ਤੜਫ ਰਿਹਾ ਸੀ ਤੇ ਉਸ ਨੂੰ ਉਸ ਉੱਤੇ ਬਹੁਤ ਹੀ ਤਰਸ ਆਇਆ। ਯਿਸੂ ਨੇ ਕਿਹਾ: “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ।”—ਮਰਕੁਸ 1:40, 41.
ਯਿਸੂ ਨੇ ਸਿਰਫ਼ ਥੋੜ੍ਹੇ ਜਿਹੇ ਲੋਕਾਂ ਨੂੰ ਹੀ ਚੰਗਾ ਨਹੀਂ ਕੀਤਾ ਸੀ। ਬਾਈਬਲ ਦਾ ਇਕ ਲਿਖਾਰੀ ਦੱਸਦਾ ਹੈ ਕਿ ਯਿਸੂ ‘ਸਾਰੀ ਗਲੀਲ ਵਿੱਚ ਫਿਰਦਾ ਹੋਇਆ ਉਪਦੇਸ਼ ਦਿੰਦਾ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ।’ (ਮੱਤੀ 4:23) ਇਨ੍ਹਾਂ ਚਮਤਕਾਰਾਂ ਕਾਰਨ ਸਿਰਫ਼ ਯਹੂਦਿਯਾ ਤੇ ਗਲੀਲ ਦੇ ਲੋਕਾਂ ਦੀ ਹੀ ਮਦਦ ਨਹੀਂ ਹੋਈ, ਸਗੋਂ ਇਨ੍ਹਾਂ ਤੋਂ ਸਾਨੂੰ ਵੀ ਹੌਸਲਾ ਮਿਲਦਾ ਹੈ। ਅਸੀਂ ਯਕੀਨ ਕਰ ਸਕਦੇ ਹਾਂ ਕਿ ਜਦੋਂ ਪਰਮੇਸ਼ੁਰ ਦਾ ਰਾਜ ਆਵੇਗਾ, ਤਾਂ ਕੋਈ ਮਾਂਦਗੀ ਨਹੀਂ ਹੋਵੇਗੀ। ਇਸ ਰਾਜ ਬਾਰੇ ਯਿਸੂ ਨੇ ਪ੍ਰਚਾਰ ਕੀਤਾ ਸੀ ਅਤੇ ਇਸ ਰਾਜ ਨੂੰ ਆਉਣ ਤੋਂ ਕੋਈ ਨਹੀਂ ਰੋਕ ਸਕਦਾ।
ਵਿਸ਼ਵ-ਵਿਆਪੀ ਤੰਦਰੁਸਤੀ ਇਕ ਸੁਪਨਾ ਨਹੀਂ
ਬਾਈਬਲ ਸਾਨੂੰ ਯਕੀਨ ਦਿਲਾਉਂਦੀ ਹੈ ਕਿ ਹਰ ਇਨਸਾਨ ਦਾ ਤੰਦਰੁਸਤੀ ਲਈ ਦੇਖਿਆ ਸੁਪਨਾ ਪੂਰਾ ਹੋਵੇਗਾ। ਯੂਹੰਨਾ ਰਸੂਲ ਨੇ ਭਵਿੱਖਬਾਣੀ ਕੀਤੀ ਸੀ ਕਿ ‘ਪਰਮੇਸ਼ੁਰ ਮਨੁੱਖਾਂ ਨਾਲ ਡੇਰਾ ਕਰੇਗਾ।’ ਇਸ ਕਰਕੇ “ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” ਕੀ ਇਹ ਸ਼ਬਦ ਸੱਚ-ਮੁੱਚ ਪੂਰੇ ਹੋਣਗੇ? ਅਗਲੀ ਆਇਤ ਵਿਚ ਪਰਮੇਸ਼ੁਰ ਖ਼ੁਦ ਕਹਿੰਦਾ ਹੈ ਕਿ “ਏਹ ਬਚਨ ਨਿਹਚਾ ਜੋਗ ਅਤੇ ਸਤ ਹਨ।”—ਪਰਕਾਸ਼ ਦੀ ਪੋਥੀ 21:3-5.
ਬੀਮਾਰੀ ਦੇ ਨਾਲ-ਨਾਲ ਗ਼ਰੀਬੀ, ਕਾਲ ਤੇ ਲੜਾਈਆਂ ਨੂੰ ਖ਼ਤਮ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਅਕਸਰ ਇਨ੍ਹਾਂ ਬਿਪਤਾਵਾਂ ਦੁਆਰਾ ਹੀ ਛੂਤ ਦੇ ਰੋਗਾਣੂ ਫੈਲਦੇ ਹਨ। ਇਸ ਕਰਕੇ ਇਹ ਵੱਡਾ ਕੰਮ ਯਹੋਵਾਹ ਨੇ ਆਪਣੇ ਪੁੱਤਰ ਯਿਸੂ ਮਸੀਹ ਦੇ ਹੱਥਾਂ ਵਿਚ ਸੌਂਪਿਆ ਹੈ ਜੋ ਆਪਣੇ ਸਵਰਗੀ ਰਾਜ ਦੁਆਰਾ ਇਹ ਕੰਮ ਪੂਰਾ ਕਰੇਗਾ। ਅੱਜ ਲੱਖਾਂ ਹੀ ਲੋਕ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਰੱਬ ਅੱਗੇ ਤਰਲੇ ਕਰ ਰਹੇ ਹਨ। ਪਰਮੇਸ਼ੁਰ ਨੇ ਉਨ੍ਹਾਂ ਦੀਆਂ ਬੇਨਤੀਆਂ ਸੁਣ ਲਈਆਂ ਹਨ ਅਤੇ ਜਲਦੀ ਇਸ ਰਾਜ ਦੁਆਰਾ ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕੀਤੀ ਜਾਵੇਗੀ।—ਮੱਤੀ 6:9, 10.
ਤਾਂ ਫਿਰ ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਯਿਸੂ ਨੇ ਦੱਸਿਆ ਕਿ ਧਰਤੀ ਉੱਤੇ ਕੁਝ ਖ਼ਾਸ ਘਟਨਾਵਾਂ ਵਾਪਰਨਗੀਆਂ ਜਿਨ੍ਹਾਂ ਤੋਂ ਸਾਨੂੰ ਪਤਾ ਚੱਲੇਗਾ ਕਿ ਉਸ ਦਾ ਰਾਜ ਹੁਣ ਆਉਣ ਵਾਲਾ ਹੈ। ਉਸ ਨੇ ਦੱਸਿਆ ਕਿ ‘ਥਾਂ ਥਾਂ ਮਰੀਆਂ ਪੈਣਗੀਆਂ।’ (ਲੂਕਾ 21:10, 11; ਮੱਤੀ 24:3, 7) ਯੂਨਾਨੀ ਭਾਸ਼ਾ ਤੋਂ ਤਰਜਮਾ ਕੀਤਾ ਗਿਆ “ਮਰੀਆਂ” ਸ਼ਬਦ ਦਾ ਅਰਥ ਹੈ “ਛੂਤ ਫੈਲਣ ਕਾਰਨ ਲੱਗਣ ਵਾਲੀ ਕੋਈ ਵੀ ਘਾਤਕ ਬੀਮਾਰੀ।” ਵੀਹਵੀਂ ਸਦੀ ਵਿਚ ਇੰਨੀ ਡਾਕਟਰੀ ਤਰੱਕੀ ਦੇ ਬਾਵਜੂਦ ਅਸੀਂ ਬਹੁਤ ਖ਼ਤਰਨਾਕ ਬੀਮਾਰੀਆਂ ਦੇਖੀਆਂ ਹਨ।—“ਸੰਨ 1914 ਤੋਂ ਮਹਾਂਮਾਰੀਆਂ ਦੁਆਰਾ ਮੌਤਾਂ” ਡੱਬੀ ਦੇਖੋ।
ਇੰਜੀਲਾਂ ਵਿਚ ਦਰਜ ਯਿਸੂ ਦੀਆਂ ਗੱਲਾਂ ਅਤੇ ਪਰਕਾਸ਼ ਦੀ ਪੋਥੀ ਦੀਆਂ ਭਵਿੱਖਬਾਣੀਆਂ ਦੋਵੇਂ ਮਿਲਦੀਆਂ-ਜੁਲਦੀਆਂ ਹਨ। ਪਰਕਾਸ਼ ਦੀ ਪੋਥੀ ਵਿਚ ਦੱਸਿਆ ਹੈ ਕਿ ਜਦੋਂ ਯਿਸੂ ਮਸੀਹ ਸਵਰਗ ਵਿਚ ਹਕੂਮਤ ਪ੍ਰਾਪਤ ਕਰਦਾ ਹੈ, ਤਾਂ ਉਹ ਇਕ ਘੋੜੇ ਉੱਤੇ ਸਵਾਰ ਹੁੰਦਾ ਹੈ ਅਤੇ ਉਸ ਦੇ ਨਾਲ ਤਿੰਨ ਹੋਰ ਘੋੜਸਵਾਰ ਵੀ ਹਨ। ਇਸ ਦਰਸ਼ਣ ਵਿਚ ਚੌਥਾ ਘੋੜਸਵਾਰ ‘ਇੱਕ ਕੁੱਲੇ ਘੋੜੇ’ ਤੇ ਬੈਠਾ ਹੈ ਤੇ ਉਹ ਧਰਤੀ ਤੇ ‘ਮਰੀਆਂ’ ਲਿਆਉਂਦਾ ਹੈ। (ਪਰਕਾਸ਼ ਦੀ ਪੋਥੀ 6:2, 4, 5, 8) ਸੰਨ 1914 ਤੋਂ ਬੁਰੀਆਂ ਤੋਂ ਬੁਰੀਆਂ ਬੀਮਾਰੀਆਂ ਕਾਰਨ ਹੋਈਆਂ ਮੌਤਾਂ ਇਸ ਗੱਲ ਦਾ ਸਬੂਤ ਹਨ ਕਿ ਇਹ ਘੋੜਸਵਾਰ ਹੁਣ ਆਪਣੇ ਘੋੜੇ ਤੇ ਸਵਾਰ ਹੈ। ਇਨ੍ਹਾਂ ‘ਮਰੀਆਂ’ ਦੇ ਕਾਰਨ ਇਨਸਾਨਾਂ ਉੱਤੇ ਆਉਂਦੇ ਦੁੱਖ-ਤਕਲੀਫ਼ ਹੋਰ ਸਬੂਤ ਹੈ ਕਿ ਪਰਮੇਸ਼ੁਰ ਦਾ ਰਾਜ ਨੇੜੇ ਹੈ।b—ਮਰਕੁਸ 13:29.
ਭਾਵੇਂ ਕਿ ਪਿਛਲੇ ਕੁਝ ਦਹਾਕਿਆਂ ਤੋਂ ਡਾਕਟਰ ਕੁਝ ਹੱਦ ਤਕ ਛੂਤ ਦੀਆਂ ਬੀਮਾਰੀਆਂ ਨੂੰ ਘਟਾਉਣ ਵਿਚ ਸਫ਼ਲ ਹੋਏ ਹਨ, ਪਰ ਹੁਣ ਸਾਨੂੰ ਨਵੀਆਂ ਬੀਮਾਰੀਆਂ ਦਾ ਖ਼ਤਰਾ ਹੈ। ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਸਾਨੂੰ ਇਨ੍ਹਾਂ ਬੀਮਾਰੀਆਂ ਦੇ ਪੂਰੇ ਖ਼ਾਤਮੇ ਲਈ ਰੱਬ ਦੀ ਲੋੜ ਹੈ। ਰੱਬ ਇਹੀ ਕਰਨ ਦਾ ਵਾਅਦਾ ਕਰਦਾ ਹੈ। ਯਸਾਯਾਹ ਨਬੀ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਰੱਬ ਦੇ ਰਾਜ ਵਿਚ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” ਇਸ ਤੋਂ ਇਲਾਵਾ, “[ਰੱਬ] ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।” (ਯਸਾਯਾਹ 25:8; 33:22, 24) ਜਦੋਂ ਇਹ ਸਮਾਂ ਆਵੇਗਾ, ਬੀਮਾਰੀਆਂ ਤੇ ਸਦਾ ਲਈ ਠੱਲ੍ਹ ਪਾ ਲਈ ਜਾਵੇਗੀ। (g04 5/22)
[ਫੁਟਨੋਟ]
a ਮੂਸਾ ਦੀ ਬਿਵਸਥਾ ਵਿਚ ਮਲ-ਮੂਤਰ ਨੂੰ ਟਿਕਾਣੇ ਲਾਉਣ, ਸਾਫ਼-ਸਫ਼ਾਈ, ਸਿਹਤ ਦੀ ਸਾਂਭ-ਸੰਭਾਲ ਅਤੇ ਛੂਤ ਦੇ ਰੋਗੀਆਂ ਨੂੰ ਵੱਖਰੇ ਰੱਖਣ ਦੇ ਨਿਯਮ ਦਿੱਤੇ ਗਏ ਸਨ। ਇਕ ਡਾਕਟਰ ਨੇ ਕਿਹਾ: “ਬਾਈਬਲ ਵਿਚ ਸਿਹਤ ਸੰਬੰਧੀ ਗੱਲਾਂ ਹਿਪੋਕ੍ਰਾਟੀਸ ਵੈਦ ਦੀਆਂ ਗੱਲਾਂ ਨਾਲੋਂ ਕਿਤੇ ਵਧੀਆ ਅਤੇ ਭਰੋਸੇਯੋਗ ਹਨ। ਬਾਈਬਲ ਲਿੰਗੀ ਮਾਮਲਿਆਂ, ਬੀਮਾਰੀਆਂ ਦੀ ਪਛਾਣ ਤੇ ਉਨ੍ਹਾਂ ਦੀ ਰੋਕਥਾਮ ਤੇ ਇਲਾਜ ਬਾਰੇ ਬਹੁਤ ਕੁਝ ਦੱਸਦੀ ਹੈ।”
b ਹੋਰ ਸਬੂਤ ਲਈ ਕਿ ਪਰਮੇਸ਼ੁਰ ਦਾ ਰਾਜ ਨੇੜੇ ਹੈ, ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਦਾ 11ਵਾਂ ਅਧਿਆਇ ਦੇਖੋ।
[ਸਫ਼ੇ 12 ਉੱਤੇ ਡੱਬੀ]
ਸੰਨ 1914 ਤੋਂ ਮਹਾਂਮਾਰੀਆਂ ਦੁਆਰਾ ਹੋਈਆਂ ਮੌਤਾਂ
ਹੇਠ ਦਿੱਤੇ ਗਏ ਅੰਕੜੇ ਅੰਦਾਜ਼ੇ ਮੁਤਾਬਕ ਹੀ ਹਨ। ਫਿਰ ਵੀ ਇਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਸੰਨ 1914 ਤੋਂ ਕਿਸ ਹੱਦ ਤਕ ਮਹਾਂਮਾਰੀਆਂ ਫੈਲੀਆਂ ਹਨ।
▪ ਚੇਚਕ (30 ਕਰੋੜ ਤੋਂ ਲੈ ਕੇ 50 ਕਰੋੜ ਮੌਤਾਂ) ਚੇਚਕ ਲਈ ਕੋਈ ਅਸਰਦਾਰ ਇਲਾਜ ਨਹੀਂ ਸੀ। ਪਰ 1980 ਵਿਚ ਟੀਕੇ ਲਗਾਉਣ ਦਾ ਇਕ ਅੰਤਰਰਾਸ਼ਟਰੀ ਪ੍ਰੋਗ੍ਰਾਮ ਚਲਾਇਆ ਗਿਆ ਜਿਸ ਦੁਆਰਾ ਇਹ ਬੀਮਾਰੀ ਖ਼ਤਮ ਕੀਤੀ ਗਈ।
▪ ਟੀ. ਬੀ. (10 ਕਰੋੜ ਤੋਂ ਲੈ ਕੇ 15 ਕਰੋੜ ਮੌਤਾਂ) ਟੀ. ਬੀ. ਕਾਰਨ ਹਾਲੇ ਵੀ ਤਕਰੀਬਨ 20 ਲੱਖ ਲੋਕ ਹਰ ਸਾਲ ਮਰਦੇ ਹਨ ਤੇ ਦੁਨੀਆਂ ਦੇ 3 ਵਿੱਚੋਂ 1 ਇਨਸਾਨ ਵਿਚ ਟੀ. ਬੀ. ਦੇ ਜੀਵਾਣੂ ਹਨ।
▪ ਮਲੇਰੀਆ (8 ਕਰੋੜ ਤੋਂ ਲੈ ਕੇ 12 ਕਰੋੜ ਮੌਤਾਂ) 20 ਵੀਂ ਸਦੀ ਦੇ ਪਹਿਲੇ ਹਿੱਸੇ ਵਿਚ ਹਰ ਸਾਲ ਮਲੇਰੀਏ ਕਾਰਨ ਤਕਰੀਬਨ 20 ਲੱਖ ਲੋਕ ਮਰਦੇ ਸਨ। ਹੁਣ ਸਿਰਫ਼ ਅਫ਼ਰੀਕਾ ਵਿਚ ਹੀ ਇਸ ਬੀਮਾਰੀ ਦੇ ਸਭ ਤੋਂ ਜ਼ਿਆਦਾ ਸ਼ਿਕਾਰ ਹਨ ਜਿੱਥੇ ਹਰ ਸਾਲ 10 ਲੱਖ ਲੋਕ ਮਰਦੇ ਹਨ।
▪ ਸਪੈਨਿਸ਼ ਇਨਫਲੂਐਂਜ਼ਾ (2 ਕਰੋੜ ਤੋਂ ਲੈ ਕੇ 3 ਕਰੋੜ ਮੌਤਾਂ) ਕੁਝ ਇਤਿਹਾਸਕਾਰ ਮੰਨਦੇ ਹਨ ਕਿ ਇਸ ਛੂਤ ਦੁਆਰਾ ਹੋਈਆਂ ਮੌਤਾਂ ਦੀ ਗਿਣਤੀ ਇਸ ਤੋਂ ਵੀ ਕਿਤੇ ਵੱਧ ਸੀ। ਸੰਨ 1918 ਤੇ 1919 ਵਿਚ, ਮਤਲਬ ਕਿ ਪਹਿਲੇ ਮਹਾਂ ਯੁੱਧ ਤੋਂ ਜਲਦੀ ਹੀ ਬਾਅਦ ਇਹ ਘਾਤਕ ਮਹਾਂਮਾਰੀ ਸਾਰੇ ਸੰਸਾਰ ਵਿਚ ਫੈਲ ਗਈ ਸੀ। ਅੰਗ੍ਰੇਜ਼ੀ ਵਿਚ ਇਨਸਾਨ ਅਤੇ ਰੋਗਾਣੂ ਨਾਂ ਦੀ ਕਿਤਾਬ ਦੇ ਅਨੁਸਾਰ “ਬਿਊਬੋਨਿਕ ਪਲੇਗ ਨੇ ਵੀ ਇੰਨੇ ਥੋੜ੍ਹੇ ਸਮੇਂ ਵਿਚ ਇੰਨੀਆਂ ਜਾਨਾਂ ਨਹੀਂ ਲਈਆਂ।”
▪ ਟਾਈਫਸ ਪਲੇਗ (ਤਕਰੀਬਨ 2 ਕਰੋੜ ਮੌਤਾਂ) ਆਮ ਤੌਰ ਤੇ ਲੜਾਈਆਂ ਦੇ ਸਮੇਂ ਟਾਈਫਸ ਦੀ ਛੂਤ ਫੈਲਰ ਜਾਂਦੀ ਹੈ ਤੇ ਪਹਿਲੇ ਮਹਾਂ ਯੁੱਧ ਵਿਚ ਇਹ ਬੀਮਾਰੀ ਇੰਨੀ ਫੈਲਰੀ ਕਿ ਪੂਰਬੀ ਯੂਰਪ ਦੇ ਕਈ ਦੇਸ਼ ਭਿਆਨਕ ਰੂਪ ਨਾਲ ਇਸ ਦੀ ਮਾਰ ਹੇਠ ਆ ਗਏ।
▪ ਏਡਜ਼ (2 ਕਰੋੜ ਮੌਤਾਂ) ਇਸ ਮਹਾਂਮਾਰੀ ਕਾਰਨ ਹੁਣ ਹਰ ਸਾਲ 30 ਲੱਖ ਲੋਕ ਮਰਦੇ ਹਨ। ਏਡਜ਼ ਬੀਮਾਰੀ ਸੰਬੰਧੀ ਚਲਾਏ ਸੰਯੁਕਤ ਰਾਸ਼ਟਰ-ਸੰਘ ਦੇ ਇਕ ਪ੍ਰੋਗ੍ਰਾਮ ਅਨੁਸਾਰ “ਜੇ ਹੁਣ ਰੋਕਥਾਮ ਤੇ ਇਲਾਜ ਦੇ ਹੋਰ ਪ੍ਰਬੰਧ ਨਾ ਕੀਤੇ ਗਏ, ਤਾਂ 2000 ਤੇ 2020 ਦੇ ਸਮੇਂ ਦੌਰਾਨ 6.8 ਕਰੋੜ ਲੋਕ ਮਰ ਜਾਣਗੇ।”
[ਸਫ਼ੇ 11 ਉੱਤੇ ਤਸਵੀਰਾਂ]
ਪਰਮੇਸ਼ੁਰ ਦੇ ਰਾਜ ਵਿਚ ਇਸ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਕੋਈ ਖ਼ਤਰਾ ਨਹੀਂ ਹੋਵੇਗਾ
ਏਡਜ਼
ਮਲੇਰੀਆ
ਟੀ. ਬੀ.
[ਕ੍ਰੈਡਿਟ ਲਾਈਨ]
AIDS: CDC; malaria: CDC/Dr. Melvin; TB: © 2003 Dennis Kunkel Microscopy, Inc.
[ਸਫ਼ੇ 13 ਉੱਤੇ ਤਸਵੀਰ]
ਯਿਸੂ ਨੇ ਹਰ ਤਰ੍ਹਾਂ ਦੀ ਬੀਮਾਰੀ ਅਤੇ ਰੋਗ ਨੂੰ ਠੀਕ ਕੀਤਾ ਸੀ
-
-
ਰੱਬ ਦੁੱਖਾਂ ਨੂੰ ਹਟਾਉਂਦਾ ਕਿਉਂ ਨਹੀਂ?ਜਾਗਰੂਕ ਬਣੋ!—2004 | ਜੁਲਾਈ
-
-
ਨੌਜਵਾਨ ਪੁੱਛਦੇ ਹਨ . . .
ਰੱਬ ਦੁੱਖਾਂ ਨੂੰ ਹਟਾਉਂਦਾ ਕਿਉਂ ਨਹੀਂ?
“ਪਰਮੇਸ਼ੁਰ ਆਪ ਤਾਂ ਸਵਰਗ ਵਿਚ ਚੈਨ ਨਾਲ ਬੈਠਾ ਹੋਇਆ ਹੈ ਤੇ ਅਸੀਂ ਇੱਥੇ ਧਰਤੀ ਉੱਤੇ ਦੁੱਖ ਭੋਗ ਰਹੇ ਹਾਂ।”—ਮੈਰੀ।a
ਅੱਜ ਦੇ ਨੌਜਵਾਨ ਅਜਿਹੀ ਦੁਨੀਆਂ ਵਿਚ ਪੈਦਾ ਹੋਏ ਹਨ ਜੋ ਬਹੁਤ ਹੀ ਬੇਰਹਿਮ ਹੈ। ਉਨ੍ਹਾਂ ਨੇ ਭਿਆਨਕ ਭੁਚਾਲਾਂ ਅਤੇ ਹੋਰ ਕੁਦਰਤੀ ਆਫ਼ਤਾਂ ਨੂੰ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲੈਂਦੇ ਦੇਖਿਆ ਹੈ। ਹਰ ਰੋਜ਼ ਖ਼ਬਰਾਂ ਵਿਚ ਉਹ ਲੜਾਈਆਂ ਤੇ ਅੱਤਵਾਦੀ ਹਮਲਿਆਂ ਬਾਰੇ ਪੜ੍ਹਦੇ ਤੇ ਸੁਣਦੇ ਹਨ। ਬੀਮਾਰੀਆਂ, ਜੁਰਮ ਅਤੇ ਭਿਆਨਕ ਹਾਦਸਿਆਂ ਕਰਕੇ ਲੋਕ ਆਪਣੇ ਪਿਆਰਿਆਂ ਨੂੰ ਦਮ ਤੋੜਦੇ ਦੇਖਦੇ ਹਨ। ਉੱਪਰ ਜ਼ਿਕਰ ਕੀਤੀ ਗਈ ਮੈਰੀ ਨਾਂ ਦੀ ਕੁੜੀ ਨੇ ਵੀ ਇਸ ਤਰ੍ਹਾਂ ਦਾ ਦੁੱਖ ਸਹਿਆ ਹੈ। ਉਸ ਨੇ ਇਹ ਗੁੱਸੇ ਭਰੇ ਸ਼ਬਦ ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ ਕਹੇ ਸਨ।
ਜਦੋਂ ਸਾਡੇ ਨਾਲ ਕੋਈ ਤ੍ਰਾਸਦੀ ਵਾਪਰਦੀ ਹੈ, ਤਾਂ ਸਾਡੇ ਦਿਲਾਂ ਵਿਚ ਦੁੱਖ, ਮਾਯੂਸੀ ਜਾਂ ਗੁੱਸੇ ਦੀਆਂ ਭਾਵਨਾਵਾਂ ਪੈਦਾ ਹੋਣੀਆਂ ਕੁਦਰਤੀ ਹਨ। ਅਜਿਹੇ ਮੌਕਿਆਂ ਤੇ ਅਸੀਂ ਸ਼ਾਇਦ ਮਨ ਹੀ ਮਨ ਸੋਚੀਏ: ‘ਇਹ ਕਿਉਂ ਹੋਇਆ? ਇਹ ਮੇਰੇ ਨਾਲ ਹੀ ਕਿਉਂ ਹੋਣਾ ਸੀ? ਇਹ ਹੁਣੇ ਹੀ ਕਿਉਂ ਹੋਣਾ ਸੀ?’ ਇਨ੍ਹਾਂ ਜਾਇਜ਼ ਸਵਾਲਾਂ ਦੇ ਸੰਤੋਖਜਨਕ ਜਵਾਬ ਲੱਭਣੇ ਜ਼ਰੂਰੀ ਹਨ। ਪਰ ਸਹੀ ਜਵਾਬ ਪਾਉਣ ਲਈ ਸਾਨੂੰ ਸਹੀ ਸੋਮੇ ਕੋਲ ਜਾਣਾ ਪਵੇਗਾ। ਪਰ ਜਿਵੇਂ ਕਿ ਟਰਲ ਨਾਂ ਦੇ ਇਕ ਨੌਜਵਾਨ ਨੇ ਸਹੀ ਕਿਹਾ ਹੈ, ਕਦੇ-ਕਦੇ ਲੋਕ “ਆਪਣੇ ਗਮ ਵਿਚ ਇੰਨੇ ਡੁੱਬ ਜਾਂਦੇ ਹਨ ਕਿ ਉਨ੍ਹਾਂ ਵਿਚ ਸੋਚਣ ਦੀ ਤਾਕਤ ਹੀ ਨਹੀਂ ਰਹਿੰਦੀ।” ਇਸ ਲਈ, ਤੁਹਾਨੂੰ ਸ਼ਾਇਦ ਪਹਿਲਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਪਾਉਣ ਦੀ ਲੋੜ ਹੈ ਤਾਂਕਿ ਤੁਸੀਂ ਸਹੀ ਤਰੀਕੇ ਨਾਲ ਸੋਚ-ਵਿਚਾਰ ਕਰ ਸਕੋ।
ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਨਾਲ ਜੂਝਣਾ
ਭਾਵੇਂ ਲੋਕ ਮੌਤ ਅਤੇ ਦੁੱਖਾਂ ਬਾਰੇ ਸੋਚਣਾ ਪਸੰਦ ਨਹੀਂ ਕਰਦੇ, ਪਰ ਇਹ ਜ਼ਿੰਦਗੀ ਦੀਆਂ ਹਕੀਕਤਾਂ ਹਨ ਜਿਨ੍ਹਾਂ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਅੱਯੂਬ ਨਾਂ ਦੇ ਆਦਮੀ ਨੇ ਕਿਹਾ: “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।”—ਅੱਯੂਬ 14:1.
ਬਾਈਬਲ ਇਕ ਨਵੀਂ ਦੁਨੀਆਂ ਦਾ ਵਾਅਦਾ ਕਰਦੀ ਹੈ ਜਿਸ ਵਿਚ ਅਮਨ-ਚੈਨ ਅਤੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ। (2 ਪਤਰਸ 3:13; ਪਰਕਾਸ਼ ਦੀ ਪੋਥੀ 21:3, 4) ਪਰ ਇਹ ਨਵਾਂ ਸੰਸਾਰ ਆਉਣ ਤੋਂ ਪਹਿਲਾਂ ਮਨੁੱਖਜਾਤੀ ਨੂੰ ਬੁਰੇ ਸਮੇਂ ਵਿੱਚੋਂ ਲੰਘਣਾ ਪਵੇਗਾ। ਬਾਈਬਲ ਦੱਸਦੀ ਹੈ ਕਿ “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ।”—2 ਤਿਮੋਥਿਉਸ 3:1.
ਇਹ ਭੈੜਾ ਸਮਾਂ ਕਿੰਨਾ ਚਿਰ ਰਹੇਗਾ? ਯਿਸੂ ਦੇ ਚੇਲਿਆਂ ਨੇ ਵੀ ਉਸ ਤੋਂ ਇਸੇ ਤਰ੍ਹਾਂ ਦਾ ਸਵਾਲ ਪੁੱਛਿਆ ਸੀ। ਪਰ ਯਿਸੂ ਨੇ ਉਨ੍ਹਾਂ ਨੂੰ ਇਸ ਦੁੱਖਾਂ-ਭਰੀ ਦੁਨੀਆਂ ਦੇ ਅੰਤ ਦਾ ਪੱਕਾ ਦਿਨ ਜਾਂ ਘੜੀ ਨਹੀਂ ਦੱਸੀ। ਇਸ ਦੀ ਬਜਾਇ ਉਸ ਨੇ ਕਿਹਾ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:3, 13) ਯਿਸੂ ਸਾਨੂੰ ਦੂਰ ਦੀ ਸੋਚਣ ਲਈ ਕਹਿ ਰਿਹਾ ਸੀ। ਦੁੱਖ-ਤਕਲੀਫ਼ਾਂ ਦਾ ਅੰਤ ਹੋਣ ਤੋਂ ਪਹਿਲਾਂ ਸਾਨੂੰ ਕਈ ਦੁਖਦਾਈ ਹਾਲਾਤ ਸਹਿਣ ਲਈ ਤਿਆਰ ਰਹਿਣਾ ਪੈਣਾ ਹੈ।
ਕੀ ਪਰਮੇਸ਼ੁਰ ਦਾ ਦੋਸ਼ ਹੈ?
ਕੀ ਪਰਮੇਸ਼ੁਰ ਨਾਲ ਗੁੱਸੇ ਹੋਣਾ ਜਾਇਜ਼ ਹੈ ਕਿਉਂਕਿ ਉਹ ਦੁੱਖਾਂ ਨੂੰ ਨਹੀਂ ਹਟਾਉਂਦਾ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਨੇ ਸਾਰੇ ਦੁੱਖਾਂ ਨੂੰ ਹਟਾਉਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ, ਪਰਮੇਸ਼ੁਰ ਸਾਡੇ ਉੱਤੇ ਦੁੱਖ ਨਹੀਂ ਲਿਆਉਂਦਾ। ਤ੍ਰਾਸਦੀ ਅਤੇ ਭੈੜੀਆਂ ਵਾਰਦਾਤਾਂ ਕਿਸੇ ਦਾ ਲਿਹਾਜ਼ ਨਹੀਂ ਕਰਦੀਆਂ। ਮਿਸਾਲ ਲਈ, ਜਦੋਂ ਤੂਫ਼ਾਨੀ ਹਵਾਵਾਂ ਕਾਰਨ ਦਰਖ਼ਤ ਡਿੱਗਣ ਨਾਲ ਕੋਈ ਵਿਅਕਤੀ ਫੱਟੜ ਹੋ ਜਾਂਦਾ ਹੈ, ਤਾਂ ਲੋਕ ਸ਼ਾਇਦ ਇਸ ਨੂੰ ਰੱਬੀ ਕਰੋਪ ਕਹਿਣ। ਪਰ ਹਕੀਕਤ ਤਾਂ ਇਹ ਹੈ ਕਿ ਪਰਮੇਸ਼ੁਰ ਨੇ ਉਹ ਦਰਖ਼ਤ ਨਹੀਂ ਡੇਗਿਆ ਸੀ। ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।”—ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਕਈ ਵਾਰ ਅਸੀਂ ਆਪਣੀ ਗ਼ਲਤੀ ਕਰਕੇ ਵੀ ਦੁੱਖ ਭੋਗਦੇ ਹਾਂ। ਮਿਸਾਲ ਲਈ, ਕਲਪਨਾ ਕਰੋ ਕਿ ਕਈ ਨੌਜਵਾਨ ਖੂਬ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹਨ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਕੀ ਇਸ ਹਾਦਸੇ ਲਈ ਅਸੀਂ ਪਰਮੇਸ਼ੁਰ ਨੂੰ ਦੋਸ਼ ਦਿਆਂਗੇ? ਨਹੀਂ, ਸਗੋਂ ਉਨ੍ਹਾਂ ਨੌਜਵਾਨਾਂ ਨੇ ਆਪਣੀ ਗ਼ਲਤੀ ਦਾ ਫਲ ਭੋਗਿਆ।—ਗਲਾਤੀਆਂ 6:7.
ਪਰ ਕੋਈ ਪੁੱਛ ਸਕਦਾ ਹੈ ਕਿ ‘ਕੀ ਰੱਬ ਕੋਲ ਇੰਨੀ ਸ਼ਕਤੀ ਨਹੀਂ ਕਿ ਉਹ ਹੁਣੇ ਦੁੱਖਾਂ ਨੂੰ ਖ਼ਤਮ ਕਰ ਸਕੇ?’ ਪੁਰਾਣੇ ਸਮਿਆਂ ਵਿਚ ਵੀ ਪਰਮੇਸ਼ੁਰ ਦੇ ਕਈ ਭਗਤਾਂ ਨੇ ਇਹੋ ਸਵਾਲ ਪੁੱਛਿਆ ਸੀ। ਬਾਈਬਲ ਮੁਤਾਬਕ, ਇਕ ਵਾਰ ਹਬੱਕੂਕ ਨਬੀ ਨੇ ਪਰਮੇਸ਼ੁਰ ਨੂੰ ਪੁੱਛਿਆ: “ਤੂੰ ਛਲੀਆਂ ਉੱਤੇ ਨਿਗਾਹ ਕਿਉਂ ਰੱਖਦਾ ਹੈਂ? ਤੂੰ ਕਿਉਂ ਚੁੱਪ ਰਹਿੰਦਾ ਹੈਂ ਜਦ ਦੁਸ਼ਟ ਉਹ ਨੂੰ ਨਿਗਲ ਲੈਂਦਾ ਹੈ, ਜੋ ਉਸ ਤੋਂ ਧਰਮੀ ਹੈ?” ਫਿਰ ਵੀ ਹਬੱਕੂਕ ਨੇ ਧੀਰਜ ਨਾਲ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ। ਉਸ ਨੇ ਕਿਹਾ: “ਮੈਂ . . . ਤੱਕਾਂਗਾ ਭਈ ਮੈਂ ਵੇਖਾਂ ਕਿ ਉਹ ਮੈਨੂੰ ਕੀ ਆਖੇ।” ਬਾਅਦ ਵਿਚ ਪਰਮੇਸ਼ੁਰ ਨੇ ਉਸ ਨੂੰ ਭਰੋਸਾ ਦਿਵਾਇਆ ਕਿ “ਠਹਿਰਾਏ ਹੋਏ ਸਮੇਂ” ਤੇ ਉਹ ਦੁੱਖਾਂ ਨੂੰ ਜ਼ਰੂਰ ਖ਼ਤਮ ਕਰੇਗਾ। (ਹਬੱਕੂਕ 1:13; 2:1-3) ਇਸ ਲਈ ਸਾਨੂੰ ਧੀਰਜ ਧਰਨ ਦੀ ਲੋੜ ਹੈ ਜਦ ਤਕ ਕਿ ਪਰਮੇਸ਼ੁਰ ਆਪਣੇ ਠਹਿਰਾਏ ਹੋਏ ਸਮੇਂ ਤੇ ਸਾਰੀ ਬੁਰਾਈ ਨੂੰ ਹਟਾ ਨਹੀਂ ਦਿੰਦਾ।
ਇਹ ਸਿੱਟਾ ਕੱਢਣ ਵਿਚ ਕਾਹਲੀ ਨਾ ਕਰੋ ਕਿ ਪਰਮੇਸ਼ੁਰ ਸਾਨੂੰ ਦੁਖੀ ਦੇਖਣਾ ਚਾਹੁੰਦਾ ਹੈ ਜਾਂ ਉਹ ਸਾਨੂੰ ਪਰਤਾ ਰਿਹਾ ਹੈ। ਇਹ ਸੱਚ ਹੈ ਕਿ ਜਦੋਂ ਅਸੀਂ ਦੁੱਖਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਇਸ ਨਾਲ ਸਾਡੀ ਸ਼ਖ਼ਸੀਅਤ ਵਿਚ ਨਿਖਾਰ ਆ ਸਕਦਾ ਹੈ। ਬਾਈਬਲ ਵੀ ਕਹਿੰਦੀ ਹੈ ਕਿ ਜਦੋਂ ਪਰਮੇਸ਼ੁਰ ਸਾਨੂੰ ਅਜ਼ਮਾਇਸ਼ਾਂ ਵਿੱਚੋਂ ਲੰਘਣ ਦਿੰਦਾ ਹੈ, ਤਾਂ ਇਸ ਨਾਲ ਸਾਡੀ ਨਿਹਚਾ ਹੋਰ ਮਜ਼ਬੂਤ ਹੋ ਸਕਦੀ ਹੈ। (ਇਬਰਾਨੀਆਂ 5:8; 1 ਪਤਰਸ 1:7) ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਲੋਕ ਜੋ ਦੁਖਦਾਈ ਹਾਲਾਤਾਂ ਵਿੱਚੋਂ ਲੰਘੇ ਹਨ, ਉਹ ਜ਼ਿਆਦਾ ਧੀਰਜਵਾਨ ਜਾਂ ਹਮਦਰਦ ਹੁੰਦੇ ਹਨ। ਪਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਨੇ ਹੀ ਉਨ੍ਹਾਂ ਉੱਤੇ ਦੁੱਖ ਲਿਆਂਦੇ ਸਨ। ਅਜਿਹੀ ਸੋਚ ਪਰਮੇਸ਼ੁਰ ਦੇ ਪਿਆਰ ਅਤੇ ਬੁੱਧੀ ਨਾਲ ਮੇਲ ਨਹੀਂ ਖਾਂਦੀ। ਬਾਈਬਲ ਸਾਫ਼ ਦੱਸਦੀ ਹੈ: “ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” ਸਗੋਂ ਪਰਮੇਸ਼ੁਰ ਤਾਂ ਸਾਨੂੰ ‘ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ’ ਦਿੰਦਾ ਹੈ!—ਯਾਕੂਬ 1:13, 17.
ਪਰਮੇਸ਼ੁਰ ਬੁਰਾਈ ਨੂੰ ਖ਼ਤਮ ਕਿਉਂ ਨਹੀਂ ਕਰਦਾ?
ਤਾਂ ਫਿਰ ਦੁੱਖਾਂ-ਤਕਲੀਫ਼ਾਂ ਲਈ ਕੌਣ ਜ਼ਿੰਮੇਵਾਰ ਹੈ? ਯਾਦ ਰੱਖੋ ਕਿ ਪਰਮੇਸ਼ੁਰ ਦੇ ਕਈ ਵੈਰੀ ਹਨ। ਇਨ੍ਹਾਂ ਵਿੱਚੋਂ ਮੁੱਖ ਵੈਰੀ ‘ਇਬਲੀਸ ਅਤੇ ਸ਼ਤਾਨ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ।’ (ਪਰਕਾਸ਼ ਦੀ ਪੋਥੀ 12:9) ਪਰਮੇਸ਼ੁਰ ਨੇ ਸਾਡੇ ਪਹਿਲੇ ਮਾਤਾ-ਪਿਤਾ ਆਦਮ ਤੇ ਹੱਵਾਹ ਨੂੰ ਰਚ ਕੇ ਦੁੱਖਾਂ ਤੋਂ ਆਜ਼ਾਦ ਇਕ ਸੋਹਣੀ ਧਰਤੀ ਉੱਤੇ ਰੱਖਿਆ ਸੀ। ਪਰ ਦੁੱਖ ਦੀ ਗੱਲ ਹੈ ਕਿ ਹੱਵਾਹ ਸ਼ਤਾਨ ਦੇ ਧੋਖੇ ਵਿਚ ਆ ਗਈ। ਉਹ ਵਿਸ਼ਵਾਸ ਕਰਨ ਲੱਗ ਪਈ ਕਿ ਪਰਮੇਸ਼ੁਰ ਦੀ ਹਕੂਮਤ ਤੋਂ ਆਜ਼ਾਦ ਹੋ ਕੇ ਉਹ ਜ਼ਿਆਦਾ ਖ਼ੁਸ਼ ਰਹੇਗੀ। (ਉਤਪਤ 3:1-5) ਇਸ ਲਈ ਉਸ ਨੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ ਅਤੇ ਆਦਮ ਨੇ ਵੀ ਇਸ ਬਗਾਵਤ ਵਿਚ ਉਸ ਦਾ ਸਾਥ ਦਿੱਤਾ। ਨਤੀਜਾ ਕੀ ਨਿਕਲਿਆ? ਬਾਈਬਲ ਦੱਸਦੀ ਹੈ ਕਿ ਨਤੀਜੇ ਵਜੋਂ “ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ।”—ਰੋਮੀਆਂ 5:12.
ਇਸ ਬਗਾਵਤ ਨੂੰ ਤੁਰੰਤ ਕੁਚਲਣ ਦੀ ਬਜਾਇ, ਪਰਮੇਸ਼ੁਰ ਨੇ ਬਾਗ਼ੀਆਂ ਨੂੰ ਸਮਾਂ ਦੇਣ ਦਾ ਫ਼ੈਸਲਾ ਕੀਤਾ। ਇਸ ਦਾ ਕੀ ਫ਼ਾਇਦਾ ਹੁੰਦਾ? ਇਕ ਤਾਂ ਇਹ ਫ਼ਾਇਦਾ ਹੁੰਦਾ ਕਿ ਸਮਾਂ ਬੀਤਣ ਨਾਲ ਆਪ ਹੀ ਸ਼ਤਾਨ ਦੇ ਝੂਠ ਦਾ ਪਰਦਾ ਫ਼ਾਸ਼ ਹੋ ਜਾਂਦਾ! ਇਸ ਤੋਂ ਇਲਾਵਾ, ਇਹ ਗੱਲ ਜਗਜ਼ਾਹਰ ਹੋ ਜਾਂਦੀ ਕਿ ਪਰਮੇਸ਼ੁਰ ਦੀ ਹਕੂਮਤ ਨੂੰ ਤਿਆਗ ਕੇ ਇਨਸਾਨਾਂ ਨੂੰ ਦੁੱਖਾਂ ਤੇ ਤਬਾਹੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਣਾ। ਕੀ ਅੱਜ ਦੇ ਹਾਲਾਤ ਇਸ ਗੱਲ ਦਾ ਸਬੂਤ ਨਹੀਂ ਹਨ? “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਇਸ ਤੋਂ ਇਲਾਵਾ, ‘ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਨੁਕਸਾਨ ਕਰਦਾ ਹੈ।’ (ਉਪਦੇਸ਼ਕ ਦੀ ਪੋਥੀ 8:9) ਇਨਸਾਨਾਂ ਦੇ ਬਣਾਏ ਧਰਮ ਢੇਰ ਸਾਰੀਆਂ ਵਿਰੋਧੀ ਗੱਲਾਂ ਸਿਖਾਉਂਦੇ ਹਨ। ਅੱਜ ਲੋਕ ਬਦਚਲਣੀ ਦੀ ਹੱਦ ਪਾਰ ਕਰ ਚੁੱਕੇ ਹਨ। ਇਨਸਾਨਾਂ ਨੇ ਹਰ ਤਰ੍ਹਾਂ ਦੀ ਹਕੂਮਤ ਅਜ਼ਮਾ ਕੇ ਦੇਖ ਲਈ ਹੈ। ਉਹ ਸੰਧੀਆਂ ਤੇ ਦਸਤਖਤ ਕਰਦੇ ਅਤੇ ਨਵੇਂ-ਨਵੇਂ ਨਿਯਮ ਬਣਾਉਂਦੇ ਹਨ, ਪਰ ਫਿਰ ਵੀ ਸਾਧਾਰਣ ਲੋਕਾਂ ਦੀਆਂ ਲੋੜਾਂ ਅਜੇ ਅਧੂਰੀਆਂ ਹੀ ਹਨ। ਯੁੱਧਾਂ ਨੇ ਲੋਕਾਂ ਉੱਤੇ ਇਕ ਤੋਂ ਬਾਅਦ ਇਕ ਦੁੱਖ ਲਿਆਂਦੇ ਹਨ।
ਤਾਂ ਫਿਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਿਰਫ਼ ਪਰਮੇਸ਼ੁਰ ਹੀ ਬੁਰਾਈ ਨੂੰ ਖ਼ਤਮ ਕਰ ਸਕਦਾ ਹੈ! ਪਰ ਉਹ ਆਪਣੇ ਠਹਿਰਾਏ ਹੋਏ ਸਮੇਂ ਤੇ ਹੀ ਕਦਮ ਚੁੱਕੇਗਾ। ਉਦੋਂ ਤਕ ਸਾਡੇ ਕੋਲ ਇਹ ਮੌਕਾ ਹੈ ਕਿ ਅਸੀਂ ਬਾਈਬਲ ਵਿਚ ਦੱਸੇ ਗਏ ਉਸ ਦੇ ਹੁਕਮਾਂ ਤੇ ਅਸੂਲਾਂ ਉੱਤੇ ਚੱਲ ਕੇ ਉਸ ਦੀ ਹਕੂਮਤ ਦਾ ਪੂਰਾ-ਪੂਰਾ ਸਮਰਥਨ ਕਰੀਏ। ਜਦੋਂ ਸਾਡੇ ਉੱਤੇ ਦੁੱਖ-ਤਕਲੀਫ਼ਾਂ ਆਉਂਦੀਆਂ ਹਨ, ਤਾਂ ਅਸੀਂ ਪਰਮੇਸ਼ੁਰ ਦੇ ਇਸ ਵਾਅਦੇ ਨੂੰ ਚੇਤੇ ਕਰ ਕੇ ਹੌਸਲਾ ਰੱਖ ਸਕਦੇ ਹਾਂ ਕਿ ਉਹ ਛੇਤੀ ਹੀ ਇਸ ਦੁਨੀਆਂ ਵਿੱਚੋਂ ਸਾਰੇ ਦੁੱਖ ਮਿਟਾ ਦੇਵੇਗਾ।
ਅਸੀਂ ਇਕੱਲੇ ਨਹੀਂ ਹਾਂ
ਇਹ ਸਭ ਕੁਝ ਜਾਣਦੇ ਹੋਏ ਵੀ ਅਸੀਂ ਸ਼ਾਇਦ ਦੁੱਖਾਂ ਦਾ ਸਾਮ੍ਹਣਾ ਕਰਨ ਵੇਲੇ ਸੋਚੀਏ ਕਿ ‘ਇਹ ਮੇਰੇ ਨਾਲ ਹੀ ਕਿਉਂ ਹੋਇਆ?’ ਪਰ ਪੌਲੁਸ ਰਸੂਲ ਸਾਨੂੰ ਚੇਤੇ ਕਰਾਉਂਦਾ ਹੈ ਕਿ ਅਸੀਂ ਇਕੱਲੇ ਹੀ ਦੁੱਖ ਨਹੀਂ ਭੋਗ ਰਹੇ। ਉਹ ਕਹਿੰਦਾ ਹੈ ਕਿ ‘ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।’ (ਰੋਮੀਆਂ 8:22) ਇਸ ਗੱਲ ਨੂੰ ਯਾਦ ਰੱਖਣ ਨਾਲ ਤੁਹਾਨੂੰ ਆਪਣੇ ਦੁੱਖ ਸਹਿਣ ਵਿਚ ਮਦਦ ਮਿਲੇਗੀ। ਮਿਸਾਲ ਲਈ, ਨੀਕੋਲ ਨੂੰ ਬਹੁਤ ਵੱਡਾ ਸਦਮਾ ਪਹੁੰਚਿਆ ਸੀ ਜਦੋਂ 11 ਸਤੰਬਰ 2001 ਨੂੰ ਨਿਊਯਾਰਕ ਸਿਟੀ ਅਤੇ ਵਾਸ਼ਿੰਗਟਨ ਡੀ.ਸੀ. ਉੱਤੇ ਅੱਤਵਾਦੀ ਹਮਲੇ ਹੋਏ ਸਨ। ਨੀਕੋਲ ਦੱਸਦੀ ਹੈ ਕਿ ਉਹ “ਬਹੁਤ ਹੀ ਡਰ ਗਈ ਸੀ।” ਪਰ ਜਦੋਂ ਉਸ ਨੇ ਆਪਣੇ ਸੰਗੀ ਮਸੀਹੀਆਂ ਬਾਰੇ ਪੜ੍ਹਿਆ ਕਿ ਉਨ੍ਹਾਂ ਨੇ ਇਸ ਤ੍ਰਾਸਦੀ ਨਾਲ ਕਿਵੇਂ ਨਜਿੱਠਿਆ, ਤਾਂ ਉਹ ਆਪਣੇ ਜਜ਼ਬਾਤਾਂ ਨੂੰ ਕਾਬੂ ਕਰ ਸਕੀ।b “ਮੈਨੂੰ ਅਹਿਸਾਸ ਹੋਇਆ ਕਿ ਮੈਂ ਇਕੱਲੀ ਨਹੀਂ ਸੀ। ਇਸ ਹਕੀਕਤ ਨੇ ਮੇਰੇ ਦੁੱਖ ਨੂੰ ਘਟਾਉਣ ਵਿਚ ਮਦਦ ਕੀਤੀ।”
ਕਈ ਵਾਰ ਕਿਸੇ ਭਰੋਸੇਯੋਗ ਵਿਅਕਤੀ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨੀਆਂ ਸ਼ਾਇਦ ਫ਼ਾਇਦੇਮੰਦ ਸਾਬਤ ਹੋਣ। ਅਸੀਂ ਆਪਣੇ ਮੰਮੀ, ਡੈਡੀ, ਸੂਝਵਾਨ ਮਿੱਤਰ ਜਾਂ ਮਸੀਹੀ ਨਿਗਾਹਬਾਨ ਨਾਲ ਗੱਲ ਕਰ ਕੇ ਮਨ ਹਲਕਾ ਕਰ ਸਕਦੇ ਹਾਂ। ਬਦਲੇ ਵਿਚ ਉਹ ਸਾਨੂੰ “ਚੰਗਾ ਬਚਨ” ਸੁਣਾ ਕੇ ਸਾਨੂੰ ਹੌਸਲਾ ਦੇ ਸਕਦੇ ਹਨ। (ਕਹਾਉਤਾਂ 12:25) ਇਕ ਬ੍ਰਾਜ਼ੀਲੀ ਨੌਜਵਾਨ ਮਸੀਹੀ ਯਾਦ ਕਰਦਾ ਹੈ: “ਮੇਰੇ ਪਿਤਾ ਜੀ ਨੂੰ ਗੁਜ਼ਰੇ ਨੌਂ ਸਾਲ ਹੋ ਗਏ ਹਨ ਅਤੇ ਮੈਂ ਜਾਣਦਾ ਹਾਂ ਕਿ ਯਹੋਵਾਹ ਇਕ ਦਿਨ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕਰ ਕੇ ਨਵੀਂ ਜ਼ਿੰਦਗੀ ਦੇਵੇਗਾ। ਪਰ ਇਸ ਤੋਂ ਇਲਾਵਾ ਮੈਨੂੰ ਆਪਣੇ ਜਜ਼ਬਾਤਾਂ ਨੂੰ ਡਾਇਰੀ ਵਿਚ ਲਿਖਣ ਨਾਲ ਵੀ ਆਪਣੇ ਗਮ ਉੱਤੇ ਕਾਬੂ ਪਾਉਣ ਵਿਚ ਬਹੁਤ ਮਦਦ ਮਿਲੀ। ਇਸ ਤੋਂ ਇਲਾਵਾ, ਮੈਂ ਆਪਣੇ ਮਸੀਹੀ ਦੋਸਤਾਂ ਨੂੰ ਵੀ ਆਪਣੀਆਂ ਭਾਵਨਾਵਾਂ ਦੱਸਦਾ ਸੀ।” ਕੀ ਤੁਹਾਡੇ ਅਜਿਹੇ “ਮਿੱਤ੍ਰ” ਹਨ ਜਿਨ੍ਹਾਂ ਨੂੰ ਤੁਸੀਂ ਦਿਲ ਦੀ ਗੱਲ ਦੱਸ ਸਕੋ? (ਕਹਾਉਤਾਂ 17:17) ਜੇ ਤੁਹਾਡੇ ਅਜਿਹੇ ਦੋਸਤ-ਮਿੱਤਰ ਹਨ, ਤਾਂ ਉਨ੍ਹਾਂ ਦੀ ਮਦਦ ਕਬੂਲ ਕਰੋ! ਰੋਣ ਜਾਂ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਨਾਲ ਮਨ ਹਲਕਾ ਹੋ ਜਾਂਦਾ ਹੈ। ਇਸ ਲਈ ਆਪਣੇ ਆਪ ਨੂੰ ਇਸ ਤਰ੍ਹਾਂ ਕਰਨ ਤੋਂ ਨਾ ਰੋਕੋ। ਹੰਝੂ ਵਹਾਉਣੇ ਸ਼ਰਮ ਦੀ ਗੱਲ ਨਹੀਂ ਹੈ ਕਿਉਂਕਿ ਜਦੋਂ ਯਿਸੂ ਦਾ ਪਿਆਰਾ ਦੋਸਤ ਮਰਿਆ ਸੀ, ਤਾਂ ਉਹ ਵੀ “ਰੋਇਆ” ਸੀ!—ਯੂਹੰਨਾ 11:35.
ਬਾਈਬਲ ਸਾਨੂੰ ਭਰੋਸਾ ਦਿੰਦੀ ਹੈ ਕਿ ਇਕ ਦਿਨ ਅਸੀਂ “ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਹਾਸਲ ਕਰਾਂਗੇ। (ਰੋਮੀਆਂ 8:21) ਪਰੰਤੂ ਜਦੋਂ ਤਕ ਉਹ ਸਮਾਂ ਨਹੀਂ ਆਉਂਦਾ, ਉਦੋਂ ਤਕ ਚੰਗੇ ਲੋਕਾਂ ਨੂੰ ਦੁੱਖਾਂ ਦਾ ਸਾਮ੍ਹਣਾ ਕਰਨਾ ਹੀ ਪੈਣਾ ਹੈ। ਪਰ ਅਸੀਂ ਆਪਣਾ ਹੌਸਲਾ ਬੁਲੰਦ ਰੱਖ ਸਕਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੇ ਉੱਤੇ ਦੁੱਖ-ਤਕਲੀਫ਼ਾਂ ਕਿਉਂ ਆਉਂਦੀਆਂ ਹਨ ਅਤੇ ਇਹ ਛੇਤੀ ਹੀ ਖ਼ਤਮ ਕਰ ਦਿੱਤੀਆਂ ਜਾਣਗੀਆਂ। (g04 3/22)
[ਫੁਟਨੋਟ]
a ਕੁਝ ਨਾਂ ਬਦਲ ਦਿੱਤੇ ਗਏ ਹਨ।
b ਜਾਗਰੂਕ ਬਣੋ! ਦੇ 8 ਜਨਵਰੀ 2002 (ਅੰਗ੍ਰੇਜ਼ੀ) ਦੇ ਅੰਕ ਵਿਚ “ਉਨ੍ਹਾਂ ਨੇ ਹਿੰਮਤ ਨਾਲ ਸੰਕਟ ਦਾ ਮੁਕਾਬਲਾ ਕੀਤਾ” ਨਾਮਕ ਲੇਖ-ਮਾਲਾ ਦੇਖੋ।
[ਸਫ਼ੇ 16 ਉੱਤੇ ਤਸਵੀਰ]
ਤੁਸੀਂ ਆਪਣੇ ਦਿਲ ਦੀ ਗੱਲ ਦੱਸ ਕੇ ਮਨ ਹਲਕਾ ਕਰ ਸਕਦੇ ਹੋ
-