ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਚਪਨ ਵਿਚ ਸਿਖਲਾਈ ਦੇਣੀ ਕਿੰਨੀ ਕੁ ਜ਼ਰੂਰੀ ਹੈ?
    ਜਾਗਰੂਕ ਬਣੋ!—2005 | ਜਨਵਰੀ
    • ਬਚਪਨ ਵਿਚ ਸਿਖਲਾਈ ਦੇਣੀ ਕਿੰਨੀ ਕੁ ਜ਼ਰੂਰੀ ਹੈ?

      ਫਲੋਰੈਂਸ 40 ਸਾਲਾਂ ਦੀ ਸੀ ਅਤੇ ਉਸ ਨੂੰ ਇਕ ਬੱਚੇ ਦੀ ਬੜੀ ਸੱਧਰ ਸੀ। ਪਰ ਅਫ਼ਸੋਸ, ਜਦੋਂ ਉਹ ਗਰਭਵਤੀ ਹੋਈ, ਤਾਂ ਇਕ ਡਾਕਟਰ ਨੇ ਉਸ ਨੂੰ ਖ਼ਬਰਦਾਰ ਕੀਤਾ ਕਿ ਬੱਚੇ ਦੇ ਦਿਮਾਗ਼ ਵਿਚ ਸ਼ਾਇਦ ਨੁਕਸ ਹੋਵੇ ਜਿਸ ਕਰਕੇ ਉਸ ਨੂੰ ਪੜ੍ਹਨ-ਲਿਖਣ ਵਿਚ ਸਮੱਸਿਆ ਹੋਵੇਗੀ। ਪਰ ਫਲੋਰੈਂਸ ਨੇ ਆਸ ਨਹੀਂ ਛੱਡੀ ਤੇ ਇਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ।

      ਆਪਣੇ ਪੁੱਤਰ ਸਟੀਵਨ ਦੇ ਜਨਮ ਤੋਂ ਕੁਝ ਸਮੇਂ ਬਾਅਦ ਫਲੋਰੈਂਸ ਨੇ ਉਸ ਨੂੰ ਪੜ੍ਹ ਕੇ ਸੁਣਾਉਣਾ ਸ਼ੁਰੂ ਕਰ ਦਿੱਤਾ। ਉਹ ਉਸ ਨਾਲ ਗੱਲਾਂ ਕਰਦੀ। ਜਿਉਂ-ਜਿਉਂ ਉਹ ਵੱਡਾ ਹੁੰਦਾ ਗਿਆ, ਮਾਂ-ਪੁੱਤ ਦੋਵੇਂ ਰਲ ਕੇ ਖੇਡਦੇ, ਬਾਹਰ ਘੁੰਮਣ-ਫਿਰਨ ਜਾਂਦੇ, ਗਿਣਤੀ ਦੀ ਪ੍ਰੈਕਟਿਸ ਕਰਦੇ ਤੇ ਗਾਣੇ ਗਾਉਂਦੇ। ਫਲੋਰੈਂਸ ਹੁਣ ਉਸ ਸਮੇਂ ਨੂੰ ਯਾਦ ਕਰਦੀ ਹੋਈ ਕਹਿੰਦੀ ਹੈ: “ਜਦੋਂ ਮੈਂ ਸਟੀਵਨ ਨੂੰ ਨਲਾਉਂਦੀ ਹੁੰਦੀ ਸੀ, ਉਸ ਵੇਲੇ ਵੀ ਅਸੀਂ ਕੋਈ-ਨ-ਕੋਈ ਖੇਡ ਖੇਡਦੇ ਸੀ।” ਉਸ ਨੂੰ ਆਪਣੀ ਮਿਹਨਤ ਦਾ ਚੰਗਾ ਫਲ ਮਿਲਿਆ।

      ਸਟੀਵਨ ਨੇ 14 ਸਾਲ ਦੀ ਉਮਰ ਤੇ ਮਿਆਮੀ ਯੂਨੀਵਰਸਿਟੀ ਤੋਂ ਆਨਰਜ਼ ਦੀ ਡਿਗਰੀ ਲਈ। ਦੋ ਸਾਲ ਬਾਅਦ 16 ਸਾਲ ਦੀ ਉਮਰ ਤੇ ਉਸ ਨੇ ਵਕਾਲਤ ਦੀ ਪੜ੍ਹਾਈ ਕੀਤੀ। ਆਪਣੀ ਜੀਵਨੀ ਵਿਚ ਉਸ ਨੇ ਲਿਖਿਆ ਕਿ ਉਹ ਬਾਅਦ ਵਿਚ ਅਮਰੀਕਾ ਦਾ ਸਭ ਤੋਂ ਛੋਟੀ ਉਮਰ ਦਾ ਵਕੀਲ ਬਣਿਆ। ਉਸ ਦੀ ਮਾਂ ਡਾਕਟਰ ਫਲੋਰੈਂਸ ਬੈਕਸ ਜੋ ਇਕ ਅਧਿਆਪਕ ਅਤੇ ਸਲਾਹਕਾਰ ਰਹਿ ਚੁੱਕੀ ਹੈ, ਨੇ ਬੱਚਿਆਂ ਨੂੰ ਬਚਪਨ ਵਿਚ ਸਿਖਲਾਈ ਦੇਣ ਬਾਰੇ ਡੂੰਘਾ ਅਧਿਐਨ ਕੀਤਾ ਹੈ। ਉਸ ਨੂੰ ਪੂਰਾ ਯਕੀਨ ਹੈ ਕਿ ਬਚਪਨ ਵਿਚ ਸਟੀਵਨ ਵੱਲ ਪੂਰਾ-ਪੂਰਾ ਧਿਆਨ ਦੇਣ ਅਤੇ ਉਸ ਨੂੰ ਸਿਖਲਾਈ ਦੇਣ ਕਰਕੇ ਹੀ ਸਟੀਵਨ ਵੱਡਾ ਹੋ ਕੇ ਇਕ ਸਫ਼ਲ ਇਨਸਾਨ ਬਣ ਸਕਿਆ।

      ਪੈਦਾਇਸ਼ੀ ਗੁਣ ਜਾਂ ਪਰਵਰਿਸ਼

      ਬਾਲ ਮਨੋਵਿਗਿਆਨੀ ਇਸ ਗੱਲ ਤੇ ਆਪਸ ਵਿਚ ਸਹਿਮਤ ਨਹੀਂ ਹਨ ਕਿ ਬੱਚੇ ਦੇ ਵਧਣ-ਫੁੱਲਣ ਵਿਚ ਪੈਦਾਇਸ਼ੀ ਗੁਣਾਂ ਦਾ ਕਿੰਨਾ ਕੁ ਯੋਗਦਾਨ ਹੁੰਦਾ ਹੈ ਅਤੇ ਪਰਵਰਿਸ਼ ਦਾ ਕਿੰਨਾ ਕੁ। ਜ਼ਿਆਦਾਤਰ ਖੋਜਕਾਰ ਮੰਨਦੇ ਹਨ ਕਿ ਬੱਚੇ ਦੇ ਵਧਣ-ਫੁੱਲਣ ਵਿਚ ਪਰਵਰਿਸ਼ ਅਤੇ ਪੈਦਾਇਸ਼ੀ ਗੁਣ ਦੋਵੇਂ ਹੀ ਯੋਗਦਾਨ ਪਾਉਂਦੇ ਹਨ।

      ਬਾਲ-ਵਿਕਾਸ ਦੇ ਮਾਹਰ ਡਾਕਟਰ ਜੇ. ਫਰੇਜ਼ਰ ਮਸਟਰਡ ਦਾ ਕਹਿਣਾ ਹੈ: “ਵੱਖ-ਵੱਖ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਬੱਚਿਆਂ ਦੇ ਪਹਿਲੇ ਕੁਝ ਸਾਲਾਂ ਦੇ ਤਜਰਬਿਆਂ ਦਾ ਉਨ੍ਹਾਂ ਦੇ ਦਿਮਾਗ਼ੀ ਵਿਕਾਸ ਉੱਤੇ ਅਸਰ ਪੈਂਦਾ ਹੈ।” ਪ੍ਰੋਫ਼ੈਸਰ ਸੂਜ਼ਨ ਗ੍ਰੀਨਫੀਲਡ ਦਾ ਵੀ ਇਹੋ ਕਹਿਣਾ ਹੈ: ‘ਉਦਾਹਰਣ ਲਈ, ਅਸੀਂ ਜਾਣਦੇ ਹਾਂ ਕਿ ਵਾਇਲਨ ਵਜਾਉਣ ਵਾਲੇ ਆਪਣੇ ਖੱਬੇ ਹੱਥ ਦੀਆਂ ਉਂਗਲਾਂ ਜ਼ਿਆਦਾ ਇਸਤੇਮਾਲ ਕਰਦੇ ਹਨ ਜਿਸ ਕਰਕੇ ਉਨ੍ਹਾਂ ਦੇ ਦਿਮਾਗ਼ ਵਿਚ ਉਨ੍ਹਾਂ ਦੇ ਖੱਬੇ ਹੱਥ ਦੀਆਂ ਉਂਗਲਾਂ ਲਈ ਜ਼ਿਆਦਾ ਸਨੈਪਟਿਕ ਕਨੈਕਸ਼ਨ ਬਣਦੇ ਹਨ।’

      ਬੱਚਿਆਂ ਨੂੰ ਕਿਸ ਤਰ੍ਹਾਂ ਦੀ ਸਿਖਲਾਈ ਦਿੱਤੀ ਜਾਵੇ

      ਇਨ੍ਹਾਂ ਖੋਜਾਂ ਨੂੰ ਦੇਖ ਕੇ ਮਾਪੇ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆ ਡੇ ਕੇਅਰ ਸੈਂਟਰਾਂ ਵਿਚ ਘੱਲਦੇ ਹਨ ਅਤੇ ਇਸ ਦੇ ਨਾਲ-ਨਾਲ ਸੰਗੀਤ ਤੇ ਹੋਰ ਕੋਈ ਕਲਾ ਸਿਖਾਉਣ ਲਈ ਦਿਲ ਖੋਲ੍ਹ ਕੇ ਪੈਸਾ ਖ਼ਰਚ ਕਰਦੇ ਹਨ। ਕੁਝ ਇਹ ਮੰਨਦੇ ਹਨ ਕਿ ਜੇ ਬੱਚੇ ਬਚਪਨ ਵਿਚ ਹੀ ਸਭ ਕੁਝ ਕਰਨਾ ਸਿੱਖ ਲੈਣ, ਤਾਂ ਉਹ ਵੱਡੇ ਹੋ ਕੇ ਕਿਸੇ ਵੀ ਗੱਲ ਵਿਚ ਪਿੱਛੇ ਨਹੀਂ ਰਹਿਣਗੇ। ਇਸੇ ਕਰਕੇ ਖ਼ਾਸ ਟ੍ਰੇਨਿੰਗ ਪ੍ਰੋਗ੍ਰਾਮ ਅਤੇ ਡੇ ਕੇਅਰ ਸੈਂਟਰ ਖੁੰਭਾਂ ਵਾਂਗ ਸਭ ਪਾਸੇ ਫੈਲ ਰਹੇ ਹਨ। ਕਈ ਮਾਪੇ ਆਪਣੇ ਬੱਚਿਆਂ ਲਈ ਕੁਝ ਵੀ ਕਰਨ ਲਈ ਤਿਆਰ ਹਨ ਤਾਂਕਿ ਉਨ੍ਹਾਂ ਦੇ ਬੱਚੇ ਦੂਜਿਆਂ ਤੋਂ ਪਿੱਛੇ ਨਾ ਰਹਿ ਜਾਣ।

      ਕੀ ਇੰਨਾ ਸਭ ਕੁਝ ਕਰਨ ਦਾ ਨਤੀਜਾ ਵਧੀਆ ਨਿਕਲਦਾ ਹੈ? ਇਨ੍ਹਾਂ ਸਭ ਗੱਲਾਂ ਤੋਂ ਲੱਗਦਾ ਹੈ ਕਿ ਇਸ ਨਾਲ ਬੱਚੇ ਨੂੰ ਬਹੁਤ ਕੁਝ ਸਿੱਖਣ ਦੇ ਮੌਕੇ ਮਿਲਦੇ ਹਨ। ਪਰ ਇਨ੍ਹਾਂ ਹਾਲਾਤਾਂ ਵਿਚ ਬੱਚਾ ਉਹ ਸਭ ਕੁਝ ਨਹੀਂ ਸਿੱਖ ਪਾਉਂਦਾ ਜੋ ਉਹ ਸਹਿਜ-ਸੁਭਾਅ ਖੇਡ ਕੇ ਸਿੱਖਦਾ ਹੈ। ਸਿੱਖਿਆ-ਸ਼ਾਸਤਰੀ ਕਹਿੰਦੇ ਹਨ ਕਿ ਜਦੋਂ ਬੱਚਾ ਸਹਿਜ-ਸੁਭਾਅ ਖੇਡਦਾ ਹੈ, ਤਾਂ ਉਸ ਦਾ ਦਿਮਾਗ਼ ਤੇਜ਼ ਹੁੰਦਾ ਹੈ, ਉਹ ਨਵੀਆਂ-ਨਵੀਆਂ ਚੀਜ਼ਾਂ ਬਣਾਉਣੀਆਂ ਸਿੱਖਦਾ ਹੈ, ਉਸ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਚੰਗੇ ਸੁਭਾਅ ਦਾ ਬਣਦਾ ਹੈ।

      ਬਾਲ ਵਿਕਾਸ ਦੇ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਮਾਂ-ਬਾਪ ਆਪਣੇ ਬੱਚਿਆਂ ਲਈ ਖੇਡਾਂ ਦੀ ਚੋਣ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਮਨ-ਮਰਜ਼ੀ ਅਨੁਸਾਰ ਖੇਡਣ ਦੀ ਆਜ਼ਾਦੀ ਨਹੀਂ ਦਿੰਦੇ, ਤਾਂ ਬੱਚੇ ਮਾਨਸਿਕ ਦਬਾਅ ਮਹਿਸੂਸ ਕਰਦੇ ਹਨ, ਚਿੜਚਿੜੇ ਹੋ ਜਾਂਦੇ ਹਨ, ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦੇ ਅਤੇ ਉਨ੍ਹਾਂ ਦਾ ਕੁਝ-ਨਾ-ਕੁਝ ਦੁਖਦਾ ਰਹਿੰਦਾ ਹੈ। ਇਕ ਮਨੋਵਿਗਿਆਨੀ ਕਹਿੰਦਾ ਹੈ ਕਿ ਜਦੋਂ ਇਹ ਬੱਚੇ ਵੱਡੇ ਹੁੰਦੇ ਹਨ, ਤਾਂ ਉਨ੍ਹਾਂ ਵਿਚ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਕਾਬਲੀਅਤ ਨਹੀਂ ਹੁੰਦੀ ਤੇ ਉਹ “ਦਿਮਾਗ਼ੀ ਤੌਰ ਤੇ ਥੱਕੇ ਹੁੰਦੇ ਹਨ, ਦੂਜਿਆਂ ਤੋਂ ਦੂਰ ਰਹਿੰਦੇ ਹਨ ਤੇ ਬਾਗ਼ੀ ਸੁਭਾਅ ਦੇ ਬਣ ਜਾਂਦੇ ਹਨ।”

      ਇਸ ਕਰਕੇ ਬਹੁਤ ਸਾਰੇ ਮਾਪਿਆਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰਨ। ਉਹ ਆਪਣੇ ਬੱਚਿਆਂ ਦੀ ਮਦਦ ਕਰਨੀ ਚਾਹੁੰਦੇ ਹਨ ਤਾਂਕਿ ਉਹ ਜ਼ਿੰਦਗੀ ਵਿਚ ਕਾਮਯਾਬ ਬਣ ਸਕਣ। ਪਰ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਬੱਚਿਆਂ ਤੇ ਇੰਨਾ ਬੋਝ ਪਾਉਣਾ ਠੀਕ ਨਹੀਂ ਹੈ। ਕੀ ਕੋਈ ਤਰੀਕਾ ਹੈ ਜਿਸ ਨੂੰ ਵਰਤ ਕੇ ਬੱਚਿਆਂ ਦੀ ਸਹੀ ਤਰੀਕੇ ਨਾਲ ਪਰਵਰਿਸ਼ ਕੀਤੀ ਜਾ ਸਕੇ ਤੇ ਉਨ੍ਹਾਂ ਤੇ ਬੋਝ ਵੀ ਨਾ ਪਵੇ? ਬੱਚਿਆਂ ਵਿਚ ਸਿੱਖਣ ਦੀ ਕਿੰਨੀ ਕੁ ਕਾਬਲੀਅਤ ਹੈ ਅਤੇ ਇਸ ਕਾਬਲੀਅਤ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ? ਆਪਣੇ ਬੱਚਿਆਂ ਨੂੰ ਜ਼ਿੰਦਗੀ ਵਿਚ ਕਾਮਯਾਬ ਇਨਸਾਨ ਬਣਾਉਣ ਲਈ ਮਾਪੇ ਕੀ ਕਰ ਸਕਦੇ ਹਨ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। (g04 10/22)

      [ਸਫ਼ੇ 3 ਉੱਤੇ ਤਸਵੀਰ]

      ਬਚਪਨ ਦੇ ਤਜਰਬਿਆਂ ਦਾ ਬੱਚੇ ਦੇ ਦਿਮਾਗ਼ੀ ਵਿਕਾਸ ਉੱਤੇ ਅਸਰ ਪੈ ਸਕਦਾ ਹੈ

      [ਸਫ਼ੇ 4 ਉੱਤੇ ਤਸਵੀਰ]

      ਖੇਡਾਂ ਖੇਡ ਕੇ ਬੱਚੇ ਦਾ ਦਿਮਾਗ਼ ਤੇਜ਼ ਹੁੰਦਾ ਹੈ ਅਤੇ ਉਹ ਨਵੀਆਂ-ਨਵੀਆਂ ਚੀਜ਼ਾਂ ਬਣਾਉਣੀਆਂ ਸਿੱਖਦਾ ਹੈ

  • ਬੱਚਿਆਂ ਦੀ ਸਹੀ ਪਰਵਰਿਸ਼ ਕਰਨ ਦੀ ਅਹਿਮੀਅਤ
    ਜਾਗਰੂਕ ਬਣੋ!—2005 | ਜਨਵਰੀ
    • ਬੱਚਿਆਂ ਦੀ ਸਹੀ ਪਰਵਰਿਸ਼ ਕਰਨ ਦੀ ਅਹਿਮੀਅਤ

      ਬੱਚਾ ਕੀ ਸਿੱਖਦਾ ਹੈ ਅਤੇ ਕੀ ਨਹੀਂ, ਇਸ ਦਾ ਉਸ ਦੀ ਭਵਿੱਖ ਵਿਚ ਸਿੱਖਣ ਦੀ ਕਾਬਲੀਅਤ ਉੱਤੇ ਅਸਰ ਪੈਂਦਾ ਹੈ। ਤਾਂ ਫਿਰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕਿੱਦਾਂ ਸਿਖਲਾਈ ਦੇਣੀ ਚਾਹੀਦੀ ਹੈ ਤਾਂਕਿ ਬੱਚੇ ਵੱਡੇ ਹੋ ਕੇ ਸਮਝਦਾਰ ਤੇ ਕਾਮਯਾਬ ਇਨਸਾਨ ਬਣ ਸਕਣ? ਧਿਆਨ ਦਿਓ ਕਿ ਹਾਲ ਹੀ ਦੇ ਦਹਾਕਿਆਂ ਵਿਚ ਕੁਝ ਵਿਦਵਾਨਾਂ ਨੇ ਖੋਜਾਂ ਦੇ ਆਧਾਰ ਤੇ ਕੀ ਸਿੱਟਾ ਕੱਢਿਆ ਹੈ।

      ਸਨੈਪਸਿੱਸ ਦਾ ਕੰਮ

      ਬਿਹਤਰੀਨ ਕਿਸਮ ਦੀਆਂ ਮਸ਼ੀਨਾਂ ਨਾਲ ਦਿਮਾਗ਼ ਦੇ ਅੰਦਰ ਦੇਖਣ ਤੇ ਤਸਵੀਰਾਂ ਖਿੱਚਣ ਕਰਕੇ ਹੁਣ ਵਿਗਿਆਨੀ ਦਿਮਾਗ਼ ਦਾ ਜ਼ਿਆਦਾ ਚੰਗੀ ਤਰ੍ਹਾਂ ਅਧਿਐਨ ਕਰ ਸਕਦੇ ਹਨ। ਇਨ੍ਹਾਂ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਬੱਚੇ ਦੇ ਪਹਿਲੇ ਕੁਝ ਸਾਲਾਂ ਦੌਰਾਨ ਉਸ ਦਾ ਦਿਮਾਗ਼ ਤੇਜ਼ੀ ਨਾਲ ਵਿਕਸਿਤ ਹੁੰਦਾ ਹੈ ਜਿਸ ਕਰਕੇ ਬੱਚਾ ਜਾਣਕਾਰੀ ਲੈਣ ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦੇ ਯੋਗ ਬਣਦਾ ਹੈ ਅਤੇ ਭਾਸ਼ਾ ਸਿੱਖਦਾ ਹੈ। ਨੇਸ਼ਨ ਨਾਂ ਦਾ ਰਸਾਲਾ ਦੱਸਦਾ ਹੈ: “ਬਚਪਨ ਦੇ ਸ਼ੁਰੂਆਤੀ ਸਾਲਾਂ ਵਿਚ ਦਿਮਾਗ਼ ਦੇ ਕਨੈਕਸ਼ਨ ਤੇਜ਼ੀ ਨਾਲ ਬਣਦੇ ਹਨ। ਜਮਾਂਦਰੂ ਗੁਣਾਂ ਤੋਂ ਇਲਾਵਾ, ਬੱਚਾ ਹਰ ਪਲ ਜੋ ਦੇਖਦਾ ਤੇ ਸੁਣਦਾ ਹੈ, ਉਸ ਦਾ ਉਸ ਦੇ ਦਿਮਾਗ਼ ਦੀ ਰਚਨਾ ਉੱਤੇ ਅਸਰ ਪੈਂਦਾ ਹੈ।”

      ਵਿਗਿਆਨੀ ਮੰਨਦੇ ਹਨ ਕਿ ਦਿਮਾਗ਼ ਦੇ ਕਨੈਕਸ਼ਨ, ਜਿਨ੍ਹਾਂ ਨੂੰ ਸਨੈਪਸਿੱਸ ਕਿਹਾ ਜਾਂਦਾ ਹੈ, ਜ਼ਿਆਦਾ ਕਰਕੇ ਬਚਪਨ ਦੇ ਸ਼ੁਰੂਆਤੀ ਸਾਲਾਂ ਵਿਚ ਬਣਦੇ ਹਨ। ਬਾਲ ਵਿਕਾਸ ਦੇ ਮਾਹਰ ਡਾਕਟਰ ਟੀ. ਬੈਰੀ ਬ੍ਰੇਜ਼ਲਟਨ ਦਾ ਕਹਿਣਾ ਹੈ ਕਿ ਇਸ ਉਮਰ ਵਿਚ “ਬੱਚੇ ਦੇ ਦਿਮਾਗ਼ ਦੇ ਉਹ ਕਨੈਕਸ਼ਨ ਬਣਦੇ ਹਨ ਜਿਸ ਦੇ ਆਧਾਰ ਤੇ ਉਸ ਵਿਚ ਸੋਚਣ-ਸਮਝਣ, ਆਪਣੀ ਪਛਾਣ ਬਣਾਉਣ ਤੇ ਭਰੋਸਾ ਕਰਨ ਦੀ ਕਾਬਲੀਅਤ ਅਤੇ ਸਿੱਖਣ ਦੀ ਇੱਛਾ ਪੈਦਾ ਹੁੰਦੀ ਹੈ।”

      ਬੱਚੇ ਦੇ ਪਹਿਲੇ ਕੁਝ ਸਾਲਾਂ ਦੌਰਾਨ ਉਸ ਦੇ ਦਿਮਾਗ਼ ਦਾ ਆਕਾਰ ਤੇਜ਼ੀ ਨਾਲ ਵਧਦਾ ਹੈ, ਇਸ ਵਿਚ ਨਵੇਂ-ਨਵੇਂ ਨਿਊਰੋਨ ਕਨੈਕਸ਼ਨ ਬਣਦੇ ਹਨ ਅਤੇ ਵੱਖ-ਵੱਖ ਕੰਮ ਕਰਨ ਦੀ ਦਿਮਾਗ਼ੀ ਯੋਗਤਾ ਵਧਦੀ ਹੈ। ਜਦੋਂ ਬੱਚੇ ਦੀ ਦਿਮਾਗ਼ੀ ਕਸਰਤ ਹੁੰਦੀ ਹੈ ਅਤੇ ਉਸ ਨੂੰ ਸਿੱਖਣ ਦੇ ਵਧੀਆ ਮੌਕੇ ਮਿਲਦੇ ਹਨ, ਤਾਂ ਉਸ ਦੇ ਦਿਮਾਗ਼ ਵਿਚ ਹੋਰ ਜ਼ਿਆਦਾ ਸਨੈਪਟਿੱਕ ਕਨੈਕਸ਼ਨ ਬਣਦੇ ਹਨ ਅਤੇ ਤੰਤੂਆਂ ਦਾ ਜਾਲ ਵੱਡਾ ਹੁੰਦਾ ਜਾਂਦਾ ਹੈ। ਇਸ ਕਰਕੇ ਬੱਚਾ ਸੋਚਣ, ਸਿੱਖਣ ਤੇ ਤਰਕ-ਵਿਤਰਕ ਕਰਨ ਦੇ ਕਾਬਲ ਬਣਦਾ ਹੈ।

      ਬੱਚੇ ਨੂੰ ਜਿੰਨਾ ਜ਼ਿਆਦਾ ਉਤਸ਼ਾਹ ਭਰਿਆ ਮਾਹੌਲ ਮਿਲਦਾ ਹੈ, ਉੱਨੇ ਹੀ ਜ਼ਿਆਦਾ ਉਸ ਦੇ ਤੰਤੂ ਸੈੱਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਕਰਕੇ ਹੋਰ ਜ਼ਿਆਦਾ ਦਿਮਾਗ਼ੀ ਕਨੈਕਸ਼ਨ ਬਣਦੇ ਹਨ। ਬੱਚੇ ਨੂੰ ਤਰ੍ਹਾਂ-ਤਰ੍ਹਾਂ ਦੀ ਜਾਣਕਾਰੀ ਦੇ ਕੇ, ਗਿਣਤੀ ਸਿਖਾ ਕੇ ਜਾਂ ਫਿਰ ਭਾਸ਼ਾ ਸਿਖਾ ਕੇ ਹੀ ਉਸ ਦੇ ਦਿਮਾਗ਼ ਨੂੰ ਉਭਾਰਨਾ ਕਾਫ਼ੀ ਨਹੀਂ ਹੈ। ਇਸ ਦੇ ਨਾਲ-ਨਾਲ ਉਸ ਦੇ ਦਿਮਾਗ਼ ਨੂੰ ਜਜ਼ਬਾਤੀ ਤੌਰ ਤੇ ਵੀ ਉਭਾਰਿਆ ਜਾਣਾ ਚਾਹੀਦਾ ਹੈ। ਖੋਜਾਂ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਗੋਦੀ ਨਹੀਂ ਚੁੱਕਦੇ, ਲਾਡ-ਪਿਆਰ ਨਹੀਂ ਕਰਦੇ ਜਾਂ ਉਨ੍ਹਾਂ ਨਾਲ ਖੇਡਦੇ ਨਹੀਂ ਹਨ, ਉਨ੍ਹਾਂ ਦੇ ਬੱਚਿਆਂ ਦੇ ਦਿਮਾਗ਼ ਵਿਚ ਘੱਟ ਸਨੈਪਟਿੱਕ ਕਨੈਕਸ਼ਨ ਬਣਦੇ ਹਨ।

      ਪਰਵਰਿਸ਼ ਦਾ ਕਾਬਲੀਅਤ ਉੱਤੇ ਪ੍ਰਭਾਵ

      ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਹੈ, ਉਸ ਦੇ ਦਿਮਾਗ਼ ਵਿਚ ਕਾਂਟ-ਛਾਂਟ ਹੁੰਦੀ ਹੈ। ਸਰੀਰ ਬੇਲੋੜੇ ਸਨੈਪਟਿੱਕ ਕਨੈਕਸ਼ਨਾਂ ਨੂੰ ਖ਼ਤਮ ਕਰ ਦਿੰਦਾ ਹੈ। ਇਸ ਦਾ ਬੱਚੇ ਦੀ ਕਾਬਲੀਅਤ ਉੱਤੇ ਬਹੁਤ ਪ੍ਰਭਾਵ ਪੈ ਸਕਦਾ ਹੈ। ਦਿਮਾਗ਼ ਦੇ ਵਿਗਿਆਨੀ ਮੈਕਸ ਸੀਨਾਡਰ ਦਾ ਕਹਿਣਾ ਹੈ: “ਜੇ ਸਹੀ ਉਮਰ ਤੇ ਬੱਚੇ ਦੇ ਦਿਮਾਗ਼ ਨੂੰ ਸਹੀ ਤਰੀਕੇ ਨਾਲ ਉਭਾਰਿਆ ਨਹੀਂ ਜਾਂਦਾ, ਤਾਂ ਦਿਮਾਗ਼ ਦੇ ਕਨੈਕਸ਼ਨ ਸਹੀ ਨਹੀਂ ਬਣਦੇ।” ਡਾਕਟਰ ਜੇ. ਫਰੇਜ਼ਰ ਮਸਟਰਡ ਦਾ ਕਹਿਣਾ ਹੈ ਕਿ ਇਸ ਕਰਕੇ ਬੱਚਾ ਸ਼ਾਇਦ ਮੰਦ-ਬੁੱਧੀ ਵਾਲਾ ਹੋਵੇ, ਉਸ ਵਿਚ ਚੰਗੀ ਤਰ੍ਹਾਂ ਗੱਲ ਕਰਨ ਤੇ ਹਿਸਾਬ ਕਰਨ ਦੀ ਕਾਬਲੀਅਤ ਨਾ ਹੋਵੇ, ਵੱਡਾ ਹੋ ਕੇ ਸਿਹਤ ਸਮੱਸਿਆਵਾਂ ਦਾ ਸਾਮ੍ਹਣਾ ਕਰੇ, ਇੱਥੋਂ ਤਕ ਕਿ ਉਹ ਚਿੜਚਿੜੇ ਸੁਭਾਅ ਦਾ ਵੀ ਬਣ ਸਕਦਾ ਹੈ।

      ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਬਚਪਨ ਦੇ ਤਜਰਬਿਆਂ ਦਾ ਬੱਚੇ ਦੇ ਭਵਿੱਖ ਉੱਤੇ ਅਸਰ ਪੈ ਸਕਦਾ ਹੈ ਜਿਵੇਂ ਕਿ ਉਹ ਵੱਡਾ ਹੋ ਕੇ ਸਮੱਸਿਆਵਾਂ ਦਾ ਸਾਮ੍ਹਣਾ ਕਰ ਸਕੇਗਾ ਜਾਂ ਨਹੀਂ, ਉਸ ਵਿਚ ਸੋਚਣ-ਸਮਝਣ ਦੀ ਕਾਬਲੀਅਤ ਹੋਵੇਗੀ ਜਾਂ ਨਹੀਂ, ਉਹ ਦੂਸਰਿਆਂ ਦੇ ਦੁੱਖ-ਦਰਦ ਸਮਝ ਸਕੇਗਾ ਜਾਂ ਨਹੀਂ। ਇਸ ਲਈ ਮਾਪਿਆਂ ਦੀ ਜ਼ਿੰਮੇਵਾਰੀ ਬਹੁਤ ਗੰਭੀਰ ਹੈ। ਬੱਚਿਆਂ ਦੇ ਇਕ ਡਾਕਟਰ ਦਾ ਕਹਿਣਾ ਹੈ: “ਬੱਚੇ ਲਈ ਹਮਦਰਦ ਮਾਂ-ਬਾਪ ਦੀ ਪਿਆਰ ਭਰੀ ਪਰਵਰਿਸ਼ ਬਹੁਤ ਹੀ ਜ਼ਰੂਰੀ ਹੈ।”

      ਇਹ ਕਹਿਣਾ ਆਸਾਨ ਹੈ: ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰੋ, ਉਹ ਵਧਣ-ਫੁੱਲਣਗੇ। ਪਰ ਮਾਤਾ-ਪਿਤਾ ਹੀ ਜਾਣਦੇ ਹਨ ਕਿ ਬੱਚੇ ਦੀ ਸਹੀ ਪਰਵਰਿਸ਼ ਕਰਨੀ ਆਸਾਨ ਕੰਮ ਨਹੀਂ ਹੈ। ਮਾਪੇ ਆਪਣੇ ਬੱਚਿਆਂ ਦੀ ਸਹੀ ਤਰੀਕੇ ਨਾਲ ਪਰਵਰਿਸ਼ ਕਰਨੀ ਆਪਣੇ ਆਪ ਹੀ ਨਹੀਂ ਸਿੱਖ ਜਾਂਦੇ।

      ਇਕ ਅਧਿਐਨ ਵਿਚ ਇਸ ਬਾਰੇ ਮਾਪਿਆਂ ਦੀ ਰਾਇ ਪੁੱਛੀ ਗਈ। ਪੱਚੀ ਪ੍ਰਤਿਸ਼ਤ ਮਾਪੇ ਇਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਨੇ ਜੋ ਵੀ ਕੀਤਾ, ਉਸ ਦਾ ਉਨ੍ਹਾਂ ਦੇ ਬੱਚਿਆਂ ਦੀ ਬੁੱਧੀ, ਆਤਮ-ਵਿਸ਼ਵਾਸ ਤੇ ਸਿੱਖਣ ਦੀ ਇੱਛਾ ਉੱਤੇ ਚੰਗਾ ਜਾਂ ਮਾੜਾ ਅਸਰ ਪੈ ਸਕਦਾ ਸੀ। ਇਸ ਕਰਕੇ ਇਹ ਸਵਾਲ ਖੜ੍ਹੇ ਹੁੰਦੇ ਹਨ: ਆਪਣੇ ਬੱਚੇ ਨੂੰ ਕਾਬਲ ਬਣਾਉਣ ਦਾ ਬਿਹਤਰੀਨ ਤਰੀਕਾ ਕੀ ਹੈ? ਤੁਸੀਂ ਬੱਚੇ ਲਈ ਸਹੀ ਮਾਹੌਲ ਕਿਵੇਂ ਪੈਦਾ ਕਰ ਸਕਦੇ ਹੋ? ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ। (g04 10/22)

      [ਸਫ਼ੇ 6 ਉੱਤੇ ਤਸਵੀਰ]

      ਜਿਨ੍ਹਾਂ ਬੱਚਿਆਂ ਨੂੰ ਉਤਸ਼ਾਹ ਭਰਿਆ ਮਾਹੌਲ ਨਹੀਂ ਮਿਲਦਾ, ਉਨ੍ਹਾਂ ਦਾ ਵਿਕਾਸ ਦੂਸਰਿਆਂ ਨਾਲੋਂ ਘੱਟ ਹੁੰਦਾ ਹੈ

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ