ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਤੁਹਾਨੂੰ ਕਿਸ ਦੀ ਗੱਲ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ?
    ਜਾਗਰੂਕ ਬਣੋ!—2006
    • ਤੁਹਾਨੂੰ ਕਿਸ ਦੀ ਗੱਲ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ?

      “ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਨ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।”—ਇਬਰਾਨੀਆਂ 3:4.

      ਕੀ ਤੁਹਾਨੂੰ ਲੱਗਦਾ ਹੈ ਕਿ ਬਾਈਬਲ ਦੇ ਇਸ ਲਿਖਾਰੀ ਦੀ ਗੱਲ ਵਿਚ ਸੱਚਾਈ ਹੈ? ਇਹ ਗੱਲ ਅੱਜ ਤੋਂ ਤਕਰੀਬਨ 2,000 ਸਾਲ ਪਹਿਲਾਂ ਲਿਖੀ ਗਈ ਸੀ। ਉਸ ਸਮੇਂ ਤੋਂ ਅੱਜ ਤਕ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਕੀ ਅਜੇ ਵੀ ਕੋਈ ਮੰਨਦਾ ਹੈ ਕਿ ਪਰਮੇਸ਼ੁਰ ਨੇ ਕੁਦਰਤ ਦੀਆਂ ਚੀਜ਼ਾਂ ਨੂੰ ਬਣਾਇਆ ਹੈ?

      ਹਾਂ, ਕਈ ਦੇਸ਼ਾਂ ਦੇ ਲੋਕ ਹਾਲੇ ਵੀ ਇਸ ਗੱਲ ਨੂੰ ਮੰਨਦੇ ਹਨ। ਉਦਾਹਰਣ ਲਈ, ਅਮਰੀਕਾ ਵਿਚ 2005 ਵਿਚ ਨਿਊਜ਼ਵੀਕ ਰਸਾਲੇ ਦੁਆਰਾ ਇਕ ਸਰਵੇਖਣ ਕਰਾਇਆ ਗਿਆ ਸੀ। ਇਸ ਤੋਂ ਪਤਾ ਲੱਗਾ ਕਿ 80 ਪ੍ਰਤਿਸ਼ਤ ਲੋਕ “ਮੰਨਦੇ ਹਨ ਕਿ ਪਰਮੇਸ਼ੁਰ ਨੇ ਪੂਰੇ ਬ੍ਰਹਿਮੰਡ ਨੂੰ ਬਣਾਇਆ ਹੈ।” ਕੀ ਇਹ ਲੋਕ ਇਸ ਕਰਕੇ ਇਸ ਗੱਲ ਨੂੰ ਮੰਨਦੇ ਹਨ ਕਿਉਂਕਿ ਉਹ ਘੱਟ ਪੜ੍ਹੇ-ਲਿਖੇ ਹਨ? ਕੀ ਵਿਗਿਆਨੀ ਵੀ ਪਰਮੇਸ਼ੁਰ ਨੂੰ ਮੰਨਦੇ ਹਨ? 1997 ਵਿਚ ਨੇਚਰ ਰਸਾਲੇ ਨੇ ਕੁਝ ਵਿਗਿਆਨੀਆਂ ਤੋਂ ਇਸ ਸੰਬੰਧੀ ਪੁੱਛਿਆ ਸੀ। ਰਸਾਲੇ ਨੇ ਦੱਸਿਆ ਕਿ 40 ਪ੍ਰਤਿਸ਼ਤ ਜੀਵ-ਵਿਗਿਆਨੀ, ਭੌਤਿਕ-ਵਿਗਿਆਨੀ ਅਤੇ ਗਣਿਤ-ਸ਼ਾਸਤਰੀ ਮੰਨਦੇ ਹਨ ਕਿ ਪਰਮੇਸ਼ੁਰ ਹੈ ਅਤੇ ਉਹ ਪ੍ਰਾਰਥਨਾਵਾਂ ਸੁਣਦਾ ਅਤੇ ਉਨ੍ਹਾਂ ਦਾ ਜਵਾਬ ਵੀ ਦਿੰਦਾ ਹੈ।

      ਪਰ ਕਈ ਵਿਗਿਆਨੀ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਨ। ਨੋਬਲ ਪੁਰਸਕਾਰ ਵਿਜੇਤਾ ਡਾਕਟਰ ਹਰਬਰਟ ਹਾਉਪਟਮੌਨ ਨੇ ਹਾਲ ਹੀ ਵਿਚ ਇਕ ਵਿਗਿਆਨਕ ਸੰਮੇਲਨ ਵਿਚ ਕਿਹਾ ਕਿ ਕਿਸੇ ਅਲੌਕਿਕ ਸ਼ਕਤੀ, ਖ਼ਾਸ ਕਰਕੇ ਪਰਮੇਸ਼ੁਰ ਵਿਚ ਵਿਸ਼ਵਾਸ ਕਰਨਾ ਵਿਗਿਆਨ ਦੇ ਉਲਟ ਹੈ। ਉਸ ਨੇ ਕਿਹਾ: “ਇਹ ਵਿਸ਼ਵਾਸ ਮਨੁੱਖੀ ਸਮਾਜ ਲਈ ਨੁਕਸਾਨਦੇਹ ਹੈ।” ਜਿਹੜੇ ਵਿਗਿਆਨੀ ਪਰਮੇਸ਼ੁਰ ਨੂੰ ਮੰਨਦੇ ਵੀ ਹਨ, ਉਹ ਵੀ ਇਹ ਕਹਿਣ ਤੋਂ ਹਿਚਕਿਚਾਉਂਦੇ ਹਨ ਕਿ ਪੇੜ-ਪੌਦਿਆਂ ਅਤੇ ਜਾਨਵਰਾਂ ਨੂੰ ਕਿਸੇ ਨੇ ਡੀਜ਼ਾਈਨ ਕੀਤਾ ਹੈ। ਕਿਉਂ? ਡਗਲਸ ਅਰਵਿਨ ਨਾਂ ਦੇ ਇਕ ਵਿਗਿਆਨੀ ਨੇ ਇਸ ਦਾ ਇਕ ਕਾਰਨ ਦੱਸਦੇ ਹੋਏ ਕਿਹਾ: “ਵਿਗਿਆਨ ਵਿਚ ਕਿਸੇ ਕਰਾਮਾਤ ਲਈ ਕੋਈ ਥਾਂ ਨਹੀਂ ਹੈ।”

      ਤੁਸੀਂ ਨਹੀਂ ਚਾਹੋਗੇ ਕਿ ਦੂਸਰੇ ਤੁਹਾਨੂੰ ਦੱਸਣ ਕਿ ਤੁਹਾਨੂੰ ਕਿਸ ਗੱਲ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਤੇ ਕਿਸ ਤੇ ਨਹੀਂ। ਤੁਸੀਂ ਆਪ ਸਬੂਤਾਂ ਦੀ ਜਾਂਚ ਕਰ ਕੇ ਇਸ ਗੱਲ ਦਾ ਫ਼ੈਸਲਾ ਕਰਨਾ ਚਾਹੋਗੇ। ਅਗਲੇ ਲੇਖਾਂ ਵਿਚ ਨਵੀਆਂ ਵਿਗਿਆਨਕ ਖੋਜਾਂ ਬਾਰੇ ਦਿੱਤੀ ਜਾਣਕਾਰੀ ਪੜ੍ਹ ਕੇ ਤੁਸੀਂ ਆਪਣੇ ਆਪ ਨੂੰ ਪੁੱਛ ਸਕਦੇ ਹੋ, ‘ਕੀ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਨਾ ਵਾਜਬ ਹੈ?’ (g 9/06)

      [ਸਫ਼ਾ 3 ਉੱਤੇ ਤਸਵੀਰ]

      ਤੁਸੀਂ ਆਪ ਸਬੂਤਾਂ ਦੀ ਜਾਂਚ ਕਰੋ

      [ਸਫ਼ਾ 3 ਉੱਤੇ ਡੱਬੀ]

      ਕੀ ਯਹੋਵਾਹ ਦੇ ਗਵਾਹ ਸ੍ਰਿਸ਼ਟੀਵਾਦੀ ਹਨ?

      ਯਹੋਵਾਹ ਦੇ ਗਵਾਹ ਬਾਈਬਲ ਦੀ ਉਤਪਤ ਦੀ ਪੋਥੀ ਵਿਚ ਦੱਸੇ ਗਏ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਸੱਚ ਮੰਨਦੇ ਹਨ। ਪਰ, ਯਹੋਵਾਹ ਦੇ ਗਵਾਹ ਸ੍ਰਿਸ਼ਟੀਵਾਦੀ ਨਹੀਂ ਹਨ। ਕਿਉਂ ਨਹੀਂ? ਪਹਿਲਾ ਕਾਰਨ ਇਹ ਹੈ ਕਿ ਬਹੁਤ ਸਾਰੇ ਸ੍ਰਿਸ਼ਟੀਵਾਦੀ ਮੰਨਦੇ ਹਨ ਕਿ ਬ੍ਰਹਿਮੰਡ ਅਤੇ ਧਰਤੀ ਤੇ ਸਾਰੀਆਂ ਜੀਉਂਦੀਆਂ ਚੀਜ਼ਾਂ ਨੂੰ ਤਕਰੀਬਨ 10,000 ਸਾਲ ਪਹਿਲਾਂ 6 ਦਿਨਾਂ ਵਿਚ ਬਣਾਇਆ ਗਿਆ ਸੀ ਤੇ ਹਰ ਦਿਨ 24 ਘੰਟੇ ਲੰਬਾ ਸੀ। ਪਰ ਬਾਈਬਲ ਵਿਚ ਇਸ ਤਰ੍ਹਾਂ ਨਹੀਂ ਦੱਸਿਆ ਗਿਆ।a ਇਸ ਤੋਂ ਇਲਾਵਾ ਸ੍ਰਿਸ਼ਟੀਵਾਦੀ ਅਜਿਹੀਆਂ ਹੋਰ ਕਈ ਗੱਲਾਂ ਮੰਨਦੇ ਹਨ ਜੋ ਬਾਈਬਲ ਵਿਚ ਨਹੀਂ ਦੱਸੀਆਂ ਗਈਆਂ। ਯਹੋਵਾਹ ਦੇ ਗਵਾਹਾਂ ਦੀਆਂ ਸਾਰੀਆਂ ਸਿੱਖਿਆਵਾਂ ਬਾਈਬਲ ਵਿੱਚੋਂ ਹਨ।

      ਕਈ ਦੇਸ਼ਾਂ ਵਿਚ ਸ੍ਰਿਸ਼ਟੀਵਾਦੀਆਂ ਨੂੰ ਕੱਟੜਪੰਥੀ ਧੜਿਆਂ ਵਿਚ ਗਿਣਿਆ ਜਾਂਦਾ ਹੈ ਜੋ ਰਾਜਨੀਤੀ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇਹ ਧੜੇ ਸਿਆਸਤਦਾਨਾਂ, ਜੱਜਾਂ ਤੇ ਸਿੱਖਿਆ-ਸ਼ਾਸਤਰੀਆਂ ਉੱਤੇ ਜ਼ੋਰ ਪਾਉਂਦੇ ਹਨ ਕਿ ਉਹ ਸ੍ਰਿਸ਼ਟੀਵਾਦੀਆਂ ਦੀਆਂ ਧਾਰਮਿਕ ਸਿੱਖਿਆਵਾਂ ਦੇ ਮੁਤਾਬਕ ਕਾਨੂੰਨ ਤੇ ਪਾਠ-ਪੁਸਤਕਾਂ ਤਿਆਰ ਕਰਨ।

      ਪਰ ਯਹੋਵਾਹ ਦੇ ਗਵਾਹ ਰਾਜਨੀਤੀ ਤੋਂ ਦੂਰ ਰਹਿੰਦੇ ਹਨ। ਉਹ ਮੰਨਦੇ ਹਨ ਕਿ ਸਰਕਾਰ ਕੋਲ ਕਾਨੂੰਨ ਬਣਾਉਣ ਤੇ ਲਾਗੂ ਕਰਨ ਦਾ ਅਧਿਕਾਰ ਹੈ। (ਰੋਮੀਆਂ 13:1-7) ਪਰ ਉਹ ਯਿਸੂ ਦੀ ਇਸ ਗੱਲ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹਨ ਕਿ ਉਸ ਦੇ ਚੇਲੇ “ਜਗਤ ਦੇ ਨਹੀਂ ਹਨ।” (ਯੂਹੰਨਾ 17:14-16) ਪ੍ਰਚਾਰ ਕਰ ਕੇ ਉਹ ਲੋਕਾਂ ਨੂੰ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਜੀਣ ਦੇ ਫ਼ਾਇਦਿਆਂ ਬਾਰੇ ਸਿੱਖਣ ਦਾ ਮੌਕਾ ਦਿੰਦੇ ਹਨ। ਪਰ ਉਹ ਸਿਆਸੀ ਤੌਰ ਤੇ ਨਿਰਪੱਖ ਰਹਿੰਦੇ ਹੋਏ ਉਨ੍ਹਾਂ ਕੱਟੜਪੰਥੀ ਧੜਿਆਂ ਦਾ ਸਮਰਥਨ ਨਹੀਂ ਕਰਦੇ ਜੋ ਕਾਨੂੰਨ ਦਾ ਸਹਾਰਾ ਲੈ ਕੇ ਲੋਕਾਂ ਨੂੰ ਬਾਈਬਲ ਦੇ ਮਿਆਰਾਂ ਉੱਤੇ ਚੱਲਣ ਲਈ ਮਜਬੂਰ ਕਰਨਾ ਚਾਹੁੰਦੇ ਹਨ।—ਯੂਹੰਨਾ 18:36.

      [ਫੁਟਨੋਟ]

      a ਕਿਰਪਾ ਕਰ ਕੇ ਇਸ ਰਸਾਲੇ ਦੇ ਸਫ਼ਾ 18 ਉੱਤੇ ਲੇਖ “ਬਾਈਬਲ ਦਾ ਦ੍ਰਿਸ਼ਟੀਕੋਣ: ਕੀ ਵਿਗਿਆਨ ਸ੍ਰਿਸ਼ਟੀ ਦੇ ਬਿਰਤਾਂਤ ਦਾ ਖੰਡਨ ਕਰਦਾ ਹੈ?” ਪੜ੍ਹੋ।

  • ਸ੍ਰਿਸ਼ਟੀ ਤੋਂ ਅਸੀਂ ਕੀ ਸਿੱਖਦੇ ਹਾਂ?
    ਜਾਗਰੂਕ ਬਣੋ!—2006
    • ਸ੍ਰਿਸ਼ਟੀ ਤੋਂ ਅਸੀਂ ਕੀ ਸਿੱਖਦੇ ਹਾਂ?

      “ਡੰਗਰਾਂ ਤੋਂ ਪੁੱਛ ਅਤੇ ਓਹ ਤੈਨੂੰ ਸਿਖਾਉਣਗੇ, ਅਤੇ ਅਕਾਸ਼ ਦੇ ਪੰਛੀਆਂ ਤੋਂ, ਓਹ ਤੈਨੂੰ ਦੱਸਣਗੇ, ਯਾ ਧਰਤੀ ਨਾਲ ਗੱਲ ਕਰ, ਉਹ ਤੈਨੂੰ ਸਿਖਾਵੇਗੀ, ਅਤੇ ਸਮੁੰਦਰ ਦੀਆਂ ਮੱਛੀਆਂ ਤੇਰੇ ਲਈ ਨਿਰਨਾ ਕਰਨਗੀਆਂ!”—ਅੱਯੂਬ 12:7, 8.

      ਬੀਤੇ ਕੁਝ ਸਾਲਾਂ ਤੋਂ ਵਿਗਿਆਨੀ ਅਤੇ ਇੰਜੀਨੀਅਰ ਪੇੜ-ਪੌਦਿਆਂ ਤੇ ਜਾਨਵਰਾਂ ਤੋਂ ਬਹੁਤ ਕੁਝ ਸਿੱਖ ਰਹੇ ਹਨ। ਉਹ ਕੁਦਰਤ ਵਿਚ ਪਾਈਆਂ ਜਾਂਦੀਆਂ ਚੀਜ਼ਾਂ ਤੇ ਖੋਜ ਕਰ ਰਹੇ ਹਨ ਤਾਂਕਿ ਉਹ ਕੁਦਰਤੀ ਚੀਜ਼ਾਂ ਦੇ ਡੀਜ਼ਾਈਨਾਂ ਦੀ ਨਕਲ ਕਰ ਕੇ ਨਵੀਆਂ-ਨਵੀਆਂ ਚੀਜ਼ਾਂ ਬਣਾ ਸਕਣ ਜਾਂ ਫਿਰ ਮੌਜੂਦਾ ਮਸ਼ੀਨਾਂ ਵਿਚ ਸੁਧਾਰ ਕਰ ਸਕਣ। ਇਸ ਤਰ੍ਹਾਂ ਦੀ ਇੰਜੀਨੀਅਰੀ ਨੂੰ ਬਾਇਓਮਿਮੈਟਿਕਸ ਕਿਹਾ ਜਾਂਦਾ ਹੈ। ਅੱਗੇ ਦੱਸੀਆਂ ਉਦਾਹਰਣਾਂ ਪੜ੍ਹਦੇ ਸਮੇਂ ਆਪਣੇ ਆਪ ਨੂੰ ਪੁੱਛੋ, ‘ਇਨ੍ਹਾਂ ਚੀਜ਼ਾਂ ਨੂੰ ਬਣਾਉਣ ਦਾ ਸਿਹਰਾ ਕਿਸ ਨੂੰ ਜਾਣਾ ਚਾਹੀਦਾ ਹੈ?’

      ਵੇਲ੍ਹ ਮੱਛੀ ਦੇ ਖੰਭ

      ਹਵਾਈ ਜਹਾਜ਼ ਡੀਜ਼ਾਈਨ ਕਰਨ ਵਾਲੇ ਵਿਗਿਆਨੀ ਹੰਪਬੈਕ ਵ੍ਹੇਲ ਮੱਛੀ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਹੰਪਬੈਕ ਵ੍ਹੇਲ ਦਾ ਭਾਰ ਤਕਰੀਬਨ 30 ਟਨ ਯਾਨੀ ਇਕ ਲੱਦੇ ਹੋਏ ਟਰੱਕ ਜਿੰਨਾ ਹੁੰਦਾ ਹੈ। ਇਸ ਦਾ ਸਰੀਰ ਲਚਕੀਲਾ ਨਹੀਂ ਹੁੰਦਾ ਅਤੇ ਇਸ ਦੇ ਵੱਡੇ-ਵੱਡੇ ਖੰਭ ਹੁੰਦੇ ਹਨ। ਇਹ 40 ਫੁੱਟ ਲੰਬੀ ਮੱਛੀ ਪਾਣੀ ਵਿਚ ਬਹੁਤ ਫੁਰਤੀ ਨਾਲ ਤੈਰਦੀ ਹੈ। ਇਹ ਮੱਛੀ ਝੀਂਗੇ, ਕੇਕੜੇ, ਮੱਛੀਆਂ ਵਗੈਰਾ ਖਾਂਦੀ ਹੈ। ਆਪਣੇ ਭੋਜਨ ਨੂੰ ਪਾਣੀ ਦੀ ਸਤਹ ਤੇ ਇਕੱਠਾ ਕਰਨ ਲਈ ਇਹ ਉੱਪਰ ਵੱਲ ਨੂੰ ਵਲ-ਵਲੇਵੇਂ ਖਾਂਦੀ ਹੋਈ ਤੈਰਦੀ ਹੈ। ਤੈਰਦੀ ਹੋਈ ਇਹ ਪਾਣੀ ਵਿਚ ਬੁਲਬੁਲੇ ਛੱਡਦੀ ਹੈ ਜੋ ਤਕਰੀਬਨ ਪੰਜ ਫੁੱਟ ਦੇ ਘੇਰੇ ਵਿਚ ਫੈਲੇ ਹੋਏ ਹੁੰਦੇ ਹਨ। ਇਨ੍ਹਾਂ ਬੁਲਬੁਲਿਆਂ ਨਾਲ ਉਸ ਦਾ ਭੋਜਨ ਪਾਣੀ ਦੀ ਸਤਹ ਤੇ ਇਕੱਠਾ ਹੋ ਜਾਂਦਾ ਹੈ ਅਤੇ ਉਹ ਇੱਕੋ ਝਟਕੇ ਨਾਲ ਇਸ ਨੂੰ ਖਾ ਜਾਂਦੀ ਹੈ।

      ਵਿਗਿਆਨੀਆਂ ਨੂੰ ਇਸ ਗੱਲ ਵਿਚ ਬਹੁਤ ਦਿਲਚਸਪੀ ਹੈ ਕਿ ਇਹ ਆਕੜੇ ਹੋਏ ਸਰੀਰ ਵਾਲੀ ਮੱਛੀ ਕਿਵੇਂ ਇੰਨੇ ਛੋਟੇ-ਛੋਟੇ ਚੱਕਰਾਂ ਵਿਚ ਵਲ-ਵਲੇਵੇਂ ਖਾ ਕੇ ਤੈਰ ਸਕਦੀ ਹੈ। ਉਨ੍ਹਾਂ ਨੇ ਦੇਖਿਆ ਹੈ ਕਿ ਇਸ ਦਾ ਰਾਜ਼ ਉਸ ਦੇ ਖੰਭਾਂ ਵਿਚ ਹੈ। ਇਸ ਦੇ ਖੰਭਾਂ ਦੇ ਉਪਰਲੇ ਸਿਰੇ ਮੁਲਾਇਮ ਨਹੀਂ ਹੁੰਦੇ, ਸਗੋਂ ਆਰੇ ਵਰਗੇ ਦੰਦੇਦਾਰ ਹੁੰਦੇ ਹਨ ਅਤੇ ਉਨ੍ਹਾਂ ਉੱਤੇ ਗੰਢਾਂ ਜਿਹੀਆਂ ਹੁੰਦੀਆਂ ਹਨ।

      ਜਦੋਂ ਵ੍ਹੇਲ ਪਾਣੀ ਵਿਚ ਉੱਪਰ ਵੱਲ ਤੈਰਦੀ ਹੈ, ਤਾਂ ਇਹ ਗੰਢਾਂ ਪਾਣੀ ਦੇ ਵਿਰੋਧ ਨੂੰ ਘਟਾ ਦਿੰਦੀਆਂ ਹਨ ਜਿਸ ਨਾਲ ਵ੍ਹੇਲ ਨੂੰ ਉੱਪਰ ਵੱਲ ਤੈਰਨ ਵਿਚ ਮਦਦ ਮਿਲਦੀ ਹੈ। ਕਿਵੇਂ? ਨੈਚੁਰਲ ਹਿਸਟਰੀ ਨਾਂ ਦਾ ਰਸਾਲਾ ਦੱਸਦਾ ਹੈ ਕਿ ਇਹ ਗੰਢਾਂ ਪਾਣੀ ਨੂੰ ਖੰਭਾਂ ਉੱਤੇ ਘੁਮਾਉਂਦੀਆਂ ਹਨ ਅਤੇ ਪਾਣੀ ਦੀ ਰਫ਼ਤਾਰ ਕਾਰਨ ਵ੍ਹੇਲ ਉੱਪਰ ਨੂੰ ਚੁੱਕੀ ਜਾਂਦੀ ਹੈ। ਜੇ ਖੰਭਾਂ ਦੇ ਉਪਰਲੇ ਸਿਰੇ ਮੁਲਾਇਮ ਹੁੰਦੇ, ਤਾਂ ਵ੍ਹੇਲ ਲਈ ਇਸ ਤਰ੍ਹਾਂ ਛੋਟੇ-ਛੋਟੇ ਚੱਕਰ ਕੱਢਦੇ ਹੋਏ ਉੱਪਰ ਵੱਲ ਤੈਰਨਾ ਮੁਸ਼ਕਲ ਹੋਣਾ ਸੀ ਕਿਉਂਕਿ ਪਾਣੀ ਨੇ ਖੰਭਾਂ ਦੇ ਉੱਪਰ ਘੁੰਮਣਾ ਨਹੀਂ ਸੀ, ਸਗੋਂ ਥੱਲੇ ਚਲਾ ਜਾਂਦਾ।

      ਇਸ ਜਾਣਕਾਰੀ ਤੋਂ ਵਿਗਿਆਨੀਆਂ ਨੂੰ ਕੀ ਫ਼ਾਇਦਾ ਹੋ ਸਕਦਾ ਹੈ? ਹਵਾਈ ਜਹਾਜ਼ ਦੇ ਖੰਭਾਂ ਨੂੰ ਵ੍ਹੇਲ ਦੇ ਖੰਭਾਂ ਵਾਂਗ ਬਣਾਉਣ ਨਾਲ ਉਨ੍ਹਾਂ ਉੱਤੇ ਹਵਾ ਦੇ ਵਹਾਅ ਨੂੰ ਬਦਲਣ ਲਈ ਘੱਟ ਫ਼ਲੈਪ ਜਾਂ ਘੱਟ ਮਸ਼ੀਨੀ ਉਪਕਰਣ ਲਾਉਣ ਦੀ ਲੋੜ ਪਵੇਗੀ। ਅਜਿਹੇ ਖੰਭ ਜ਼ਿਆਦਾ ਸੁਰੱਖਿਅਤ ਹੋਣਗੇ ਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨੀ ਆਸਾਨ ਹੋਵੇਗੀ। ਜੌਨ ਲਾਂਗ ਨਾਂ ਦਾ ਵਿਗਿਆਨੀ ਕਹਿੰਦਾ ਹੈ ਕਿ ਇਕ ਦਿਨ “ਹਰ ਹਵਾਈ ਜਹਾਜ਼ ਦੇ ਖੰਭਾਂ ਉੱਤੇ ਗੰਢਾਂ ਹੋਣਗੀਆਂ ਜਿਵੇਂ ਹੰਪਬੈਕ ਵ੍ਹੇਲ ਮੱਛੀ ਦੇ ਖੰਭਾਂ ਉੱਤੇ ਹਨ।”

      ਸੀ-ਗੱਲ ਦੇ ਖੰਭਾਂ ਦੀ ਨਕਲ

      ਹਵਾਈ ਜਹਾਜ਼ ਦੇ ਖੰਭ ਪੰਛੀਆਂ ਦੇ ਖੰਭਾਂ ਦੇ ਆਧਾਰ ਤੇ ਬਣਾਏ ਗਏ ਹਨ। ਪਰ ਹਾਲ ਹੀ ਵਿਚ ਇੰਜੀਨੀਅਰਾਂ ਨੇ ਇਸ ਸੰਬੰਧੀ ਹੋਰ ਬਹੁਤ ਕੁਝ ਸਿੱਖਿਆ ਹੈ। ਨਿਊ ਸਾਇੰਟਿਸਟ ਨਾਂ ਦੇ ਰਸਾਲੇ ਵਿਚ ਦੱਸਿਆ ਹੈ ਕਿ “ਯੂਨੀਵਰਸਿਟੀ ਆਫ਼ ਫਲੋਰਿਡਾ ਦੇ ਖੋਜਕਾਰਾਂ ਨੇ ਰਿਮੋਟ ਨਾਲ ਚੱਲਣ ਵਾਲਾ ਇਕ ਛੋਟਾ ਜਿਹਾ ਹਵਾਈ ਜਹਾਜ਼ ਬਣਾਇਆ ਹੈ ਜੋ ਸੀ-ਗੱਲ ਨਾਂ ਦੇ ਇਕ ਸਮੁੰਦਰੀ ਪੰਛੀ ਵਾਂਗ ਹਵਾ ਵਿਚ ਮੰਡਲਾ ਸਕਦਾ ਹੈ, ਅੱਖ ਦੇ ਫੋਰ ਨਾਲ ਥੱਲੇ ਵੱਲ ਨੂੰ ਆ ਕੇ ਦੁਬਾਰਾ ਉੱਪਰ ਨੂੰ ਉੱਡ ਸਕਦਾ ਹੈ।”

      ਸੀ-ਗੱਲ ਕੁਹਣੀ ਅਤੇ ਮੋਢੇ ਦੇ ਜੋੜਾਂ ਦੀ ਮਦਦ ਨਾਲ ਆਪਣੇ ਖੰਭ ਇਕੱਠੇ ਕਰਨ ਜਾਂ ਫੈਲਾ ਕੇ ਹਵਾ ਵਿਚ ਕਲਾਬਾਜ਼ੀਆਂ ਲਾਉਂਦਾ ਹੈ। ਨਿਊ ਸਾਇੰਟਿਸਟ ਰਸਾਲੇ ਵਿਚ ਦੱਸਿਆ ਹੈ ਕਿ ਸੀ-ਗੱਲ ਦੇ ਖੰਭਾਂ ਵਾਂਗ ਰਿਮੋਟ ਨਾਲ ਚੱਲਣ ਵਾਲੇ “24 ਇੰਚ ਲੰਬੇ ਜਹਾਜ਼ ਵਿਚ ਛੋਟੀ ਮੋਟਰ ਲੱਗੀ ਹੋਈ ਹੈ ਜੋ ਖੰਭਾਂ ਨੂੰ ਹਿਲਾਉਣ ਵਾਲੀਆਂ ਧਾਤ ਦੀਆਂ ਸੀਖਾਂ ਨੂੰ ਕੰਟ੍ਰੋਲ ਕਰਦੀ ਹੈ।” ਵਧੀਆ ਢੰਗ ਨਾਲ ਡੀਜ਼ਾਈਨ ਕੀਤੇ ਗਏ ਖੰਭਾਂ ਦੀ ਮਦਦ ਨਾਲ ਇਹ ਜਹਾਜ਼ ਉੱਚੀਆਂ-ਉੱਚੀਆਂ ਬਿਲਡਿੰਗਾਂ ਵਿਚਾਲੇ ਵੀ ਉੱਡ ਸਕਦਾ ਹੈ। ਅਮਰੀਕਾ ਦੀ ਹਵਾਈ ਸੈਨਾ ਇਸ ਤਰ੍ਹਾਂ ਦਾ ਜਹਾਜ਼ ਬਣਾਉਣ ਵਿਚ ਦਿਲਚਸਪੀ ਦਿਖਾ ਰਹੀ ਹੈ ਤਾਂਕਿ ਇਸ ਨੂੰ ਵੱਡੇ-ਵੱਡੇ ਸ਼ਹਿਰਾਂ ਵਿਚ ਕੈਮੀਕਲ ਜਾਂ ਬਾਇਓਲਾਜੀਕਲ ਹਥਿਆਰਾਂ ਦਾ ਪਤਾ ਲਗਾਉਣ ਲਈ ਵਰਤਿਆ ਜਾ ਸਕੇ।

      ਗੈੱਕੋ ਦੇ ਪੈਰਾਂ ਦੀ ਨਕਲ

      ਜ਼ਮੀਨ ਤੇ ਚੱਲਣ ਵਾਲੇ ਜਾਨਵਰਾਂ ਤੋਂ ਵੀ ਇਨਸਾਨ ਬਹੁਤ ਕੁਝ ਸਿੱਖ ਸਕਦਾ ਹੈ। ਉਦਾਹਰਣ ਲਈ, ਗੈੱਕੋ ਨਾਂ ਦੀ ਇਕ ਕਿਰਲੀ ਕੰਧਾਂ ਤੇ ਚੜ੍ਹ ਸਕਦੀ ਹੈ ਤੇ ਛੱਤ ਨਾਲ ਉਲਟੀ ਚਿੰਬੜੀ ਰਹਿ ਸਕਦੀ ਹੈ। ਕਿਰਲੀ ਕੰਧਾਂ ਜਾਂ ਛੱਤਾਂ ਤੇ ਕਿਵੇਂ ਚੜ੍ਹ ਸਕਦੀ ਹੈ?

      ਗੈੱਕੋ ਕੱਚ ਵਰਗੀ ਮੁਲਾਇਮ ਸਤਹ ਤੇ ਚਿੰਬੜੀ ਰਹਿ ਸਕਦੀ ਹੈ ਕਿਉਂਕਿ ਇਸ ਦੇ ਪੈਰਾਂ ਉੱਤੇ ਬਹੁਤ ਹੀ ਛੋਟੇ-ਛੋਟੇ ਵਾਲ ਹੁੰਦੇ ਹਨ। ਇਸ ਦੇ ਪੈਰਾਂ ਵਿੱਚੋਂ ਕੋਈ ਗੂੰਦ ਨਹੀਂ ਨਿਕਲਦਾ ਜਿਸ ਕਰਕੇ ਇਹ ਚਿੰਬੜੀ ਰਹਿੰਦੀ ਹੈ। ਇਸ ਦੀ ਬਜਾਇ ਇਹ ਸੂਖਮ ਅਣੂਦਾਰ ਬਲ (molecular force) ਨੂੰ ਵਰਤਦੀ ਹੈ। ਇਸ ਬਲ ਨੂੰ ਵਾਨ ਡਰ ਵਾਲਜ਼ ਬਲ ਕਿਹਾ ਜਾਂਦਾ ਹੈ। ਇਸ ਬਲ ਕਰਕੇ ਗੈੱਕੋ ਦੇ ਪੈਰਾਂ ਦੇ ਅਣੂ ਸਤਹ ਦੇ ਅਣੂਆਂ ਨਾਲ ਚਿੰਬੜ ਜਾਂਦੇ ਹਨ। ਆਮ ਤੌਰ ਤੇ ਗੁਰੂਤਾ-ਖਿੱਚ ਇਸ ਬਲ ਤੇ ਹਾਵੀ ਹੋ ਜਾਂਦੀ ਹੈ। ਇਸੇ ਕਰਕੇ ਤੁਸੀਂ ਕੰਧ ਉੱਤੇ ਬਸ ਹੱਥ ਲਾ ਕੇ ਚੜ੍ਹ ਨਹੀਂ ਸਕਦੇ। ਪਰ ਗੈੱਕੋ ਦੇ ਪੈਰਾਂ ਦੇ ਹਜ਼ਾਰਾਂ ਵਾਲਾਂ ਕਰਕੇ ਉਸ ਨੂੰ ਕਾਫ਼ੀ ਪਕੜ ਮਿਲਦੀ ਹੈ ਜਿਸ ਕਰਕੇ ਇਹ ਕੰਧ ਜਾਂ ਛੱਤ ਨਾਲ ਚਿੰਬੜੀ ਰਹਿੰਦੀ ਹੈ।

      ਇਸ ਖੋਜ ਨੂੰ ਕਿੱਦਾਂ ਵਰਤਿਆ ਜਾ ਸਕਦਾ ਹੈ? ਗੈੱਕੋ ਦੇ ਪੈਰਾਂ ਦੀ ਨਕਲ ਕਰ ਕੇ ਬਣਾਈ ਗਈ ਟੇਪ ਵੈਲਕਰੋ (ਇਹ ਵੀ ਕੁਦਰਤ ਦੀ ਨਕਲ ਕਰ ਕੇ ਬਣਾਈ ਗਈ ਸੀ) ਨਾਲੋਂ ਵੀ ਅਸਰਦਾਰ ਸਾਬਤ ਹੋ ਸਕਦੀ ਹੈ।a ਦ ਇਕਨੋਮਿਸਟ ਨਾਂ ਦੇ ਰਸਾਲੇ ਵਿਚ ਇਕ ਖੋਜਕਾਰ ਨੇ ਕਿਹਾ ਕਿ “ਗੈੱਕੋ ਟੇਪ” “ਜ਼ਖ਼ਮਾਂ ਤੇ ਲਾਈ ਜਾ ਸਕਦੀ ਹੈ ਜਿਨ੍ਹਾਂ ਤੇ ਕੈਮੀਕਲ ਯੁਕਤ ਟੇਪਾਂ ਨਹੀਂ ਵਰਤੀਆਂ ਜਾ ਸਕਦੀਆਂ।”

      ਇਸ ਦਾ ਸਿਹਰਾ ਕਿਸ ਨੂੰ ਜਾਂਦਾ ਹੈ?

      ਪੁਲਾੜ ਏਜੰਸੀ ਨਾਸਾ (NASA) ਬਿੱਛੂ ਵਾਂਗ ਚੱਲਣ ਵਾਲਾ ਕਈ ਲੱਤਾਂ ਵਾਲਾ ਇਕ ਰੋਬੋਟ ਬਣਾ ਰਹੀ ਹੈ। ਫਿਨਲੈਂਡ ਵਿਚ ਇੰਜੀਨੀਅਰਾਂ ਨੇ ਛੇ ਲੱਤਾਂ ਵਾਲਾ ਟ੍ਰੈਕਟਰ ਬਣਾਇਆ ਹੈ ਜੋ ਵੱਡੀ ਮੱਕੜੀ ਵਾਂਗ ਅੜਿੱਕਿਆਂ ਨੂੰ ਪਾਰ ਕਰ ਸਕਦਾ ਹੈ। ਦੂਸਰੇ ਖੋਜਕਾਰਾਂ ਨੇ ਇਕ ਕੱਪੜਾ ਤਿਆਰ ਕੀਤਾ ਹੈ ਜਿਸ ਉੱਤੇ ਛੋਟੇ-ਛੋਟੇ ਫ਼ਲੈਪ ਹਨ ਜੋ ਹਵਾ ਵਿਚ ਨਮੀ ਦੀ ਮਾਤਰਾ ਮੁਤਾਬਕ ਪਾਈਨਕੋਨ ਵਾਂਗ ਖੁੱਲ੍ਹਦੇ ਤੇ ਬੰਦ ਹੁੰਦੇ ਹਨ। ਇਕ ਕਾਰ ਕੰਪਨੀ ਬਾਕਸਫਿਸ਼ ਨਾਂ ਦੀ ਮੱਛੀ ਦੇ ਆਕਾਰ ਦੀ ਨਕਲ ਕਰ ਕੇ ਕਾਰ ਬਣਾ ਰਹੀ ਹੈ। ਦੂਸਰੇ ਕਈ ਖੋਜਕਾਰ ਕੰਨਸਿੱਪੀ ਉੱਤੇ ਖੋਜ ਕਰ ਰਹੇ ਹਨ ਜਿਸ ਵਿਚ ਝਟਕੇ ਸਹਿਣ ਦੀ ਤਾਕਤ ਹੈ। ਇਸ ਦੀ ਨਕਲ ਕਰ ਕੇ ਖੋਜਕਾਰ ਹਲਕਾ ਤੇ ਮਜ਼ਬੂਤ ਕਵਚ ਬਣਾਉਣਾ ਚਾਹੁੰਦੇ ਹਨ।

      ਵਿਗਿਆਨੀਆਂ ਨੂੰ ਕੁਦਰਤ ਤੋਂ ਇੰਨੀ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਨੇ ਇਸ ਸਾਰੀ ਜਾਣਕਾਰੀ ਨੂੰ ਕੰਪਿਊਟਰ ਵਿਚ ਪਾ ਦਿੱਤਾ ਹੈ। ਜਿਹੜਾ ਵੀ ਵਿਗਿਆਨੀ ਆਪਣੀ ਮਸ਼ੀਨਰੀ ਦੇ ਡੀਜ਼ਾਈਨ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਚਾਹੁੰਦਾ ਹੈ, ਉਹ ਇਸ ਜਾਣਕਾਰੀ ਦੀ ਮਦਦ ਲੈ ਸਕਦਾ ਹੈ। ਇਸ ਜਾਣਕਾਰੀ ਨੂੰ “ਬਾਇਓਲਾਜੀਕਲ ਪੇਟੈਂਟ” ਦਾ ਨਾਂ ਦਿੱਤਾ ਗਿਆ ਹੈ। ਆਮ ਤੌਰ ਤੇ ਕੋਈ ਨਵੀਂ ਚੀਜ਼ ਬਣਾਉਣ ਵਾਲੀ ਕੰਪਨੀ ਜਾਂ ਵਿਅਕਤੀ ਕੋਲ ਪੇਟੈਂਟ ਅਧਿਕਾਰ ਹੁੰਦਾ ਹੈ। ਇਸ ਜਾਣਕਾਰੀ ਬਾਰੇ ਚਰਚਾ ਕਰਦੇ ਹੋਏ ਦ ਇਕਨੋਮਿਸਟ ਰਸਾਲੇ ਨੇ ਕਿਹਾ: “ਸ੍ਰਿਸ਼ਟੀ ਦੀ ਨਕਲ ਕਰ ਕੇ ਬਣਾਈਆਂ ਚੀਜ਼ਾਂ ਨੂੰ ‘ਬਾਇਓਲਾਜੀਕਲ ਪੇਟੈਂਟ’ ਕਹਿ ਕੇ ਖੋਜਕਾਰ ਕਬੂਲ ਕਰ ਰਹੇ ਹਨ ਕਿ ਪੇਟੈਂਟ ਅਧਿਕਾਰ ਕੁਦਰਤ ਕੋਲ ਹੈ।”

      ਕੁਦਰਤ ਵਿਚ ਇੰਨੇ ਸੋਹਣੇ-ਸੋਹਣੇ ਡੀਜ਼ਾਈਨ ਦੀਆਂ ਚੀਜ਼ਾਂ ਕਿੱਥੋਂ ਆ ਗਈਆਂ? ਬਹੁਤ ਸਾਰੇ ਖੋਜਕਾਰ ਕਹਿੰਦੇ ਹਨ ਕਿ ਇਹ ਸ਼ਾਨਦਾਰ ਡੀਜ਼ਾਈਨ ਕਰੋੜਾਂ ਸਾਲਾਂ ਦੌਰਾਨ ਹੋਏ ਵਿਕਾਸਵਾਦ ਦਾ ਨਤੀਜਾ ਹਨ। ਕਈ ਖੋਜਕਾਰ ਇਸ ਦਾ ਵੱਖਰਾ ਕਾਰਨ ਦੱਸਦੇ ਹਨ। ਮਾਈਕ੍ਰੋਬਾਇਓਲਾਜਿਸਟ ਮਾਈਕਲ ਬੀਹੀ ਨੇ 2005 ਵਿਚ ਦ ਨਿਊ ਯਾਰਕ ਟਾਈਮਜ਼ ਵਿਚ ਲਿਖਿਆ: “[ਕੁਦਰਤ ਵਿਚ ਪਾਏ ਜਾਂਦੇ] ਡੀਜ਼ਾਈਨ ਨੂੰ ਇਸ ਆਸਾਨ ਉਦਾਹਰਣ ਨਾਲ ਸਮਝਿਆ ਜਾ ਸਕਦਾ ਹੈ: ਜੇ ਕੋਈ ਚੀਜ਼ ਬੱਤਖ ਵਰਗੀ ਦਿੱਸਦੀ ਹੈ, ਉਸ ਵਾਂਗ ਚੱਲਦੀ ਹੈ ਤੇ ਉਸ ਵਾਂਗ ਆਵਾਜ਼ਾਂ ਕੱਢਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਇਹ ਬੱਤਖ ਹੀ ਹੈ।” ਉਸ ਨੇ ਕੀ ਸਿੱਟਾ ਕੱਢਿਆ? ‘ਕੁਦਰਤ ਵਿਚ ਡੀਜ਼ਾਈਨ ਸਾਫ਼ ਨਜ਼ਰ ਆਉਂਦਾ ਹੈ, ਇਸ ਲਈ ਇਹ ਮੰਨਣਾ ਗ਼ਲਤ ਨਹੀਂ ਹੋਵੇਗਾ ਕਿ ਕੁਦਰਤੀ ਚੀਜ਼ਾਂ ਡੀਜ਼ਾਈਨ ਕੀਤੀਆਂ ਗਈਆਂ ਹਨ।’

      ਸੁਰੱਖਿਅਤ ਤੇ ਵਧੀਆ ਤਰੀਕੇ ਨਾਲ ਕੰਮ ਕਰਨ ਵਾਲੇ ਹਵਾਈ ਜਹਾਜ਼ ਦੇ ਖੰਭ ਬਣਾਉਣ ਵਾਲੇ ਇੰਜੀਨੀਅਰ ਸੱਚ-ਮੁੱਚ ਤਾਰੀਫ਼ ਦੇ ਕਾਬਲ ਹਨ। ਇਸੇ ਤਰ੍ਹਾਂ ਜ਼ਖ਼ਮਾਂ ਤੇ ਲਾਉਣ ਲਈ ਵਧੀਆ ਪੱਟੀਆਂ ਜਾਂ ਜ਼ਿਆਦਾ ਆਰਾਮਦੇਹ ਕੱਪੜੇ ਜਾਂ ਵਧੀਆ ਕਾਰਾਂ ਬਣਾਉਣ ਵਾਲੇ ਇੰਜੀਨੀਅਰਾਂ ਨੂੰ ਨਵੇਂ ਡੀਜ਼ਾਈਨ ਬਣਾਉਣ ਦਾ ਸਿਹਰਾ ਜਾਂਦਾ ਹੈ। ਜੇ ਕੋਈ ਵਿਅਕਤੀ ਕਿਸੇ ਦੂਸਰੇ ਦੇ ਡੀਜ਼ਾਈਨ ਦੀ ਨਕਲ ਕਰ ਕੇ ਕੋਈ ਚੀਜ਼ ਬਣਾਉਂਦਾ ਹੈ, ਪਰ ਇਸ ਦਾ ਸਿਹਰਾ ਅਸਲੀ ਡੀਜ਼ਾਈਨਰ ਨੂੰ ਨਹੀਂ ਦਿੰਦਾ, ਤਾਂ ਉਸ ਨੂੰ ਅਪਰਾਧੀ ਸਮਝਿਆ ਜਾਂਦਾ ਹੈ।

      ਤਾਂ ਫਿਰ ਕੀ ਤੁਹਾਨੂੰ ਇਹ ਸਹੀ ਲੱਗਦਾ ਹੈ ਕਿ ਕੁਦਰਤੀ ਚੀਜ਼ਾਂ ਦੀ ਨਕਲ ਕਰ ਕੇ ਨਵੀਆਂ ਕਾਢਾਂ ਕੱਢਣ ਵਾਲੇ ਹੁਨਰਮੰਦ ਖੋਜਕਾਰ ਇਹ ਕਹਿੰਦੇ ਹਨ ਕਿ ਕੁਦਰਤ ਦੀਆਂ ਚੀਜ਼ਾਂ ਵਿਕਾਸਵਾਦ ਰਾਹੀਂ ਆਪਣੇ ਆਪ ਹੀ ਬਣ ਗਈਆਂ ਸਨ? ਜੇ ਕਿਸੇ ਚੀਜ਼ ਦੀ ਨਕਲ ਕਰਨ ਲਈ ਇਕ ਹੁਸ਼ਿਆਰ ਡੀਜ਼ਾਈਨਰ ਦੀ ਲੋੜ ਹੈ, ਤਾਂ ਫਿਰ ਕੀ ਅਸਲੀ ਡੀਜ਼ਾਈਨ ਬਣਾਉਣ ਲਈ ਡੀਜ਼ਾਈਨਰ ਦੀ ਲੋੜ ਨਹੀਂ? ਕੁਦਰਤ ਵਿਚ ਪਾਏ ਜਾਂਦੇ ਸ਼ਾਨਦਾਰ ਡੀਜ਼ਾਈਨਾਂ ਦਾ ਸਿਹਰਾ ਕਿਸ ਨੂੰ ਜਾਂਦਾ ਹੈ, ਉਸਤਾਦ ਕਾਰੀਗਰ ਨੂੰ ਜਾਂ ਫਿਰ ਇਨਸਾਨ ਨੂੰ ਜੋ ਉਸ ਦੇ ਤਰੀਕੇ ਦੀ ਨਕਲ ਕਰਦਾ ਹੈ?

      ਸਹੀ ਸਿੱਟਾ

      ਕੁਦਰਤ ਵਿਚ ਪਾਈਆਂ ਜਾਂਦੀਆਂ ਚੀਜ਼ਾਂ ਉੱਤੇ ਚਰਚਾ ਕਰ ਕੇ ਬਹੁਤ ਸਾਰੇ ਲੋਕ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿਣ ਲਈ ਪ੍ਰੇਰਿਤ ਹੁੰਦੇ ਹਨ ਜਿਸ ਨੇ ਲਿਖਿਆ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!” (ਜ਼ਬੂਰਾਂ ਦੀ ਪੋਥੀ 104:24) ਬਾਈਬਲ ਦਾ ਇਕ ਹੋਰ ਲਿਖਾਰੀ ਪੌਲੁਸ ਵੀ ਇਸੇ ਸਿੱਟੇ ਤੇ ਪਹੁੰਚਿਆ। ਉਸ ਨੇ ਕਿਹਾ: “ਪਰਮੇਸ਼ਰ ਦੇ ਅਦਿਖ ਗੁਣ ਅਰਥਾਤ ਉਸ ਦੀ ਸਦੀਵੀ ਸ਼ਕਤੀ ਅਤੇ ਦੈਵੀ ਸਭਾਉ ਸੰਸਾਰ ਦੇ ਸ਼ੁਰੂ ਤੋਂ ਹੀ ਰਚਨਾ ਵਿਚ ਵਿੱਦਮਾਨ ਹਨ। ਇਹ ਉਸ ਦੀਆਂ ਰਚੀਆਂ ਹੋਇਆਂ ਚੀਜ਼ਾਂ ਵਿਚ ਅਨੁਭਵ ਕੀਤੇ ਜਾ ਸਕਦੇ ਹਨ।”—ਰੋਮ 1:19, 20, ਪਵਿੱਤਰ ਬਾਈਬਲ ਨਵਾਂ ਅਨੁਵਾਦ।

      ਪਰ ਬਾਈਬਲ ਪ੍ਰਤੀ ਸ਼ਰਧਾ ਰੱਖਣ ਵਾਲੇ ਅਤੇ ਪਰਮੇਸ਼ੁਰ ਨੂੰ ਮੰਨਣ ਵਾਲੇ ਕਈ ਨੇਕਦਿਲ ਲੋਕ ਕਹਿੰਦੇ ਹਨ ਕਿ ਪਰਮੇਸ਼ੁਰ ਨੇ ਸਾਰੀਆਂ ਕੁਦਰਤੀ ਚੀਜ਼ਾਂ ਬਣਾਉਣ ਲਈ ਸ਼ਾਇਦ ਵਿਕਾਸਵਾਦ ਨੂੰ ਇਸਤੇਮਾਲ ਕੀਤਾ ਸੀ। ਪਰ ਬਾਈਬਲ ਕੀ ਸਿਖਾਉਂਦੀ ਹੈ? (g 9/06)

      [ਫੁਟਨੋਟ]

      a ਵੈਲਕਰੋ ਵਿਚ ਕੁੰਡੀਆਂ ਤੇ ਲੁੱਪੀਆਂ ਹੁੰਦੀਆਂ ਹਨ ਜੋ ਆਪਸ ਵਿਚ ਚਿੰਬੜ ਜਾਂਦੀਆਂ ਹਨ। ਵੈਲਕਰੋ ਬਰਡੌਕ ਨਾਂ ਦੇ ਦਰਖ਼ਤ ਦੇ ਬੀਆਂ ਦੀ ਨਕਲ ਕਰ ਕੇ ਬਣਾਈ ਗਈ ਹੈ।

      [ਸਫ਼ਾ 5 ਉੱਤੇ ਸੁਰਖੀ]

      ਕੁਦਰਤ ਵਿਚ ਇੰਨੇ ਸੋਹਣੇ-ਸੋਹਣੇ ਡੀਜ਼ਾਈਨ ਦੀਆਂ ਚੀਜ਼ਾਂ ਕਿੱਥੋਂ ਆ ਗਈਆਂ?

      [ਸਫ਼ਾ 6 ਉੱਤੇ ਸੁਰਖੀ]

      ਕੁਦਰਤੀ ਚੀਜ਼ਾਂ ਦਾ ਪੇਟੈਂਟ ਅਧਿਕਾਰ ਕਿਸ ਕੋਲ ਹੈ?

      [ਸਫ਼ਾ 7 ਉੱਤੇ ਤਸਵੀਰ/ਡੱਬੀ]

      ਜੇ ਕਿਸੇ ਚੀਜ਼ ਦੀ ਨਕਲ ਕਰਨ ਲਈ ਇਕ ਹੁਸ਼ਿਆਰ ਡੀਜ਼ਾਈਨਰ ਦੀ ਲੋੜ ਹੈ, ਤਾਂ ਫਿਰ ਕੀ ਅਸਲੀ ਡੀਜ਼ਾਈਨ ਬਣਾਉਣ ਲਈ ਡੀਜ਼ਾਈਨਰ ਦੀ ਲੋੜ ਨਹੀਂ?

      ਗੈੱਕੋ ਕਿਰਲੀ ਦੇ ਪੈਰ ਗੰਦੇ ਨਹੀਂ ਹੁੰਦੇ, ਨਾ ਇਹ ਨਿਸ਼ਾਨ ਛੱਡਦੇ ਹਨ। ਟੈਫਲਾਨ ਤੋਂ ਸਿਵਾਇ ਇਹ ਹਰ ਚੀਜ਼ ਨਾਲ ਆਸਾਨੀ ਨਾਲ ਚਿੰਬੜ ਸਕਦੀ ਹੈ। ਖੋਜਕਾਰ ਇਸ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ

      ਤੇਜ਼ੀ ਨਾਲ ਕਲਾਬਾਜ਼ੀਆਂ ਲਾਉਣ ਵਾਲਾ ਇਹ ਜਹਾਜ਼ ਸੀ-ਗੱਲ ਦੇ ਖੰਭਾਂ ਦੀ ਨਕਲ ਤੇ ਬਣਾਇਆ ਗਿਆ ਹੈ

      ਬਾਕਸਫਿਸ਼ ਦੇ ਆਕਾਰ ਨੂੰ ਦੇਖ ਕੇ ਕਾਰਾਂ ਬਣਾਈਆਂ ਜਾ ਰਹੀਆਂ ਹਨ

      [ਕ੍ਰੈਡਿਟ ਲਾਈਨਾਂ]

      Airplane: Kristen Bartlett/ University of Florida; gecko foot: Breck P. Kent; box fish and car: Mercedes-Benz USA

      [ਸਫ਼ਾ 8 ਉੱਤੇ ਡੱਬੀ/ਤਸਵੀਰ]

      ਆਪਣੀ ਮੰਜ਼ਲ ਤੋਂ ਨਾ ਭਟਕਣ ਵਾਲੇ ਮੁਸਾਫ਼ਰ

      ਬਹੁਤ ਸਾਰੇ ਜੀਵ-ਜੰਤੂ ਸਹਿਜ-ਸੁਭਾਅ ਹੀ ‘ਬੜੇ ਸਿਆਣੇ’ ਹੁੰਦੇ ਹਨ ਜਿਸ ਕਰਕੇ ਉਹ ਆਪਣੀ ਮੰਜ਼ਲ ਤੋਂ ਕਦੀ ਨਹੀਂ ਭਟਕਦੇ। (ਕਹਾਉਤਾਂ 30:24, 25) ਦੋ ਉਦਾਹਰਣਾਂ ਉੱਤੇ ਗੌਰ ਕਰੋ।

      ◼ ਕੀੜੀਆਂ ਦਾ ਨਕਸ਼ਾ: ਭੋਜਨ ਲੱਭਣ ਗਈਆਂ ਕੀੜੀਆਂ ਵਾਪਸ ਆਪਣੀ ਖੁੱਡ ਤਕ ਕਿਵੇਂ ਪਹੁੰਚਦੀਆਂ ਹਨ? ਬ੍ਰਿਟੇਨ ਦੇ ਖੋਜੀਆਂ ਨੇ ਦੇਖਿਆ ਕਿ ਕੀੜੀਆਂ ਆਪਣੀ ਖੁੱਡ ਤੋਂ ਜਾਣ ਵੇਲੇ ਰਾਹ ਵਿਚ ਥਾਂ-ਥਾਂ ਮੁਸ਼ਕ ਛੱਡ ਕੇ ਨਿਸ਼ਾਨ ਲਾਉਂਦੀਆਂ ਹਨ ਤੇ ਇਨ੍ਹਾਂ ਨਿਸ਼ਾਨਾਂ ਦੇ ਸਹਾਰੇ ਉਹ ਵਾਪਸ ਆਪਣੀ ਖੁੱਡ ਵਿਚ ਆਉਂਦੀਆਂ ਹਨ। ਪਰ ਕਈ ਕੀੜੀਆਂ ਰੇਖਾ-ਗਣਿਤ (geometry) ਵਰਤ ਕੇ ਰਾਹ ਬਣਾਉਂਦੀਆਂ ਹਨ ਜਿਨ੍ਹਾਂ ਤੇ ਚੱਲ ਕੇ ਉਹ ਆਸਾਨੀ ਨਾਲ ਆਪਣੀ ਖੁੱਡ ਲੱਭ ਲੈਂਦੀਆਂ ਹਨ। ਉਦਾਹਰਣ ਲਈ, ਨਿਊ ਸਾਇੰਟਿਸਟ ਰਸਾਲਾ ਦੱਸਦਾ ਹੈ ਕਿ ਫੈਰੋ ਨਾਂ ਦੀ ਕੀੜੀ ‘ਆਪਣੀ ਖੁੱਡ ਦੇ ਆਲੇ-ਦੁਆਲੇ ਰਾਹ ਬਣਾਉਂਦੀ ਹੈ ਜੋ ਅੱਗੇ ਜਾ ਕੇ 50 ਤੋਂ 60 ਡਿਗਰੀ ਦੇ ਕੋਣ ਤੇ ਦੋ ਹੋ ਜਾਂਦੇ ਹਨ।’ ਇਸ ਵਿਚ ਕਿਹੜੀ ਖ਼ਾਸ ਗੱਲ ਹੈ? ਆਪਣੀ ਖੁੱਡ ਵੱਲ ਵਾਪਸ ਆਉਂਦੇ ਵਕਤ ਜਦੋਂ ਕੀੜੀ ਉਸ ਜਗ੍ਹਾ ਪਹੁੰਚਦੀ ਹੈ ਜਿੱਥੋਂ ਰਾਹ ਦੋ ਹਿੱਸਿਆਂ ਵਿਚ ਵੰਡਿਆ ਹੁੰਦਾ ਹੈ, ਤਾਂ ਉਹ ਸਹਿਜ-ਸੁਭਾਅ ਹੀ ਉਹ ਰਾਹ ਫੜ੍ਹਦੀ ਹੈ ਜੋ ਘੱਟ ਮੁੜਿਆ ਹੁੰਦਾ ਹੈ ਅਤੇ ਉਸ ਨੂੰ ਸਿੱਧਾ ਖੁੱਡ ਤਕ ਪਹੁੰਚਾ ਦਿੰਦਾ ਹੈ। ਰਸਾਲਾ ਦੱਸਦਾ ਹੈ ਕਿ “ਰੇਖਾ-ਗਣਿਤ ਦੀ ਮਦਦ ਨਾਲ ਰਾਹ ਬਣਾਉਣ ਨਾਲ ਕੀੜੀਆਂ ਲਈ ਆਉਣਾ-ਜਾਣਾ ਆਸਾਨ ਹੁੰਦਾ ਹੈ, ਖ਼ਾਸ ਕਰਕੇ ਜੇ ਕੀੜੀਆਂ ਦੋ ਉਲਟ ਦਿਸ਼ਾਵਾਂ ਵਿਚ ਜਾ ਰਹੀਆਂ ਹੁੰਦੀਆਂ ਹਨ। ਕੀੜੀਆਂ ਭਟਕਦੀਆਂ ਵੀ ਨਹੀਂ ਹਨ ਜਿਸ ਕਰਕੇ ਉਨ੍ਹਾਂ ਦੀ ਤਾਕਤ ਦੀ ਬਚਤ ਹੁੰਦੀ ਹੈ।”

      ◼ ਪੰਛੀਆਂ ਦੀ ਕੰਪਾਸ: ਬਹੁਤ ਸਾਰੇ ਪੰਛੀ ਬਿਨਾਂ ਭਟਕੇ ਹਰ ਮੌਸਮ ਵਿਚ ਦੂਰ-ਦੂਰ ਤਕ ਸਫ਼ਰ ਕਰਦੇ ਹਨ। ਕਿਵੇਂ? ਖੋਜਕਾਰਾਂ ਨੇ ਪਾਇਆ ਹੈ ਕਿ ਪੰਛੀ ਧਰਤੀ ਦੇ ਚੁੰਬਕੀ ਖੇਤਰ (magnetic field) ਨੂੰ ਮਹਿਸੂਸ ਕਰ ਸਕਦੇ ਹਨ। ਪਰ, ਸਾਇੰਸ ਰਸਾਲੇ ਦਾ ਕਹਿਣਾ ਹੈ ਕਿ ਧਰਤੀ ਦੇ ‘ਚੁੰਬਕੀ ਖੇਤਰ ਦੀਆਂ ਲਾਈਨਾਂ ਹਰ ਜਗ੍ਹਾ ਇੱਕੋ ਜਿਹੀਆਂ ਨਹੀਂ ਹੁੰਦੀਆਂ ਤੇ ਹਮੇਸ਼ਾ ਉੱਤਰ ਵੱਲ ਇਸ਼ਾਰਾ ਨਹੀਂ ਕਰਦੀਆਂ।’ ਤਾਂ ਫਿਰ ਪਰਵਾਸੀ ਪੰਛੀ ਕਿਸ ਚੀਜ਼ ਦੀ ਮਦਦ ਨਾਲ ਸਹੀ ਦਿਸ਼ਾ ਵੱਲ ਉੱਡਦੇ ਰਹਿੰਦੇ ਹਨ? ਪੰਛੀ ਆਪਣੀ ਅੰਦਰੂਨੀ ਕੰਪਾਸ ਨੂੰ ਹਰ ਦਿਨ ਸੂਰਜ ਡੁੱਬਣ ਦੇ ਸਮੇਂ ਨਾਲ ਸਹੀ-ਸਹੀ ਮਿਲਾ ਲੈਂਦੇ ਹਨ। ਪਰ ਸੂਰਜ ਡੁੱਬਣ ਦੀ ਸਥਿਤੀ ਅਕਸ਼ਾਂਸ (latitude) ਅਤੇ ਮੌਸਮ ਅਨੁਸਾਰ ਬਦਲ ਜਾਂਦੀ ਹੈ। ਇਸ ਕਰਕੇ ਖੋਜਕਾਰ ਸੋਚਦੇ ਹਨ ਕਿ ਇਹ ਪੰਛੀ ਸਾਲ ਦਾ ਸਮਾਂ ਦੱਸਣ ਵਾਲੀ ਆਪਣੀ ਸਰੀਰਕ ਘੜੀ ਦੀ ਮਦਦ ਨਾਲ ਇਨ੍ਹਾਂ ਤਬਦੀਲੀਆਂ ਅਨੁਸਾਰ ਉੱਡਦੇ ਹਨ।

      ਕੀੜੀਆਂ ਨੂੰ ਰੇਖਾ-ਗਣਿਤ ਦੀ ਜਾਣਕਾਰੀ ਕਿਸ ਨੇ ਦਿੱਤੀ ਹੈ? ਪੰਛੀਆਂ ਨੂੰ ਕੰਪਾਸ, ਸਰੀਰਕ ਘੜੀ ਅਤੇ ਇਨ੍ਹਾਂ ਨੂੰ ਵਰਤਣ ਲਈ ਦਿਮਾਗ਼ ਕਿਸ ਨੇ ਦਿੱਤਾ ਹੈ? ਕੀ ਬੁੱਧੀਹੀਣ ਵਿਕਾਸਵਾਦ ਨੇ? ਜਾਂ ਫਿਰ ਬੁੱਧੀਮਾਨ ਸਿਰਜਣਹਾਰ ਨੇ?

      [ਕ੍ਰੈਡਿਟ ਲਾਈਨ]

      © E.J.H. Robinson 2004

  • ਕੀ ਪਰਮੇਸ਼ੁਰ ਨੇ ਜੀਵ-ਜੰਤੂਆਂ ਨੂੰ ਬਣਾਉਣ ਲਈ ਵਿਕਾਸਵਾਦ ਨੂੰ ਵਰਤਿਆ ਸੀ?
    ਜਾਗਰੂਕ ਬਣੋ!—2006
    • ਕੀ ਪਰਮੇਸ਼ੁਰ ਨੇ ਜੀਵ-ਜੰਤੂਆਂ ਨੂੰ ਬਣਾਉਣ ਲਈ ਵਿਕਾਸਵਾਦ ਨੂੰ ਵਰਤਿਆ ਸੀ?

      “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!” —ਪਰਕਾਸ਼ ਦੀ ਪੋਥੀ 4:11.

      ਚਾਰਲਸ ਡਾਰਵਿਨ ਦੁਆਰਾ ਆਪਣੇ ਵਿਕਾਸਵਾਦ ਦੇ ਸਿਧਾਂਤ ਨੂੰ ਮਸ਼ਹੂਰ ਕਰਨ ਤੋਂ ਕੁਝ ਸਮੇਂ ਬਾਅਦ ਹੀ ਈਸਾਈ ਧਰਮ ਦੇ ਬਹੁਤ ਸਾਰੇ ਗੁੱਟ ਵਿਕਾਸਵਾਦ ਦੇ ਸਿਧਾਂਤ ਨੂੰ ਅਪਣਾਉਣ ਦੇ ਤਰੀਕੇ ਲੱਭਣ ਲੱਗੇ।

      ਅੱਜ ਜ਼ਿਆਦਾਤਰ ਮੁੱਖ “ਈਸਾਈ” ਧਾਰਮਿਕ ਗੁੱਟ ਇਸ ਗੱਲ ਨੂੰ ਮੰਨਦੇ ਹਨ ਕਿ ਪਰਮੇਸ਼ੁਰ ਨੇ ਜੀਵ-ਜੰਤੂਆਂ ਨੂੰ ਬਣਾਉਣ ਲਈ ਵਿਕਾਸਵਾਦ ਨੂੰ ਵਰਤਿਆ ਸੀ। ਕੁਝ ਧਾਰਮਿਕ ਗੁੱਟ ਇਹ ਸਿਖਾਉਂਦੇ ਹਨ ਕਿ ਪਰਮੇਸ਼ੁਰ ਨੇ ਬ੍ਰਹਿਮੰਡ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਤਾਂਕਿ ਬੇਜਾਨ ਰਸਾਇਣਾਂ ਦਾ ਵਿਕਾਸ ਹੋ ਕੇ ਜਾਨਦਾਰ ਚੀਜ਼ਾਂ ਬਣ ਜਾਣ ਅਤੇ ਉਨ੍ਹਾਂ ਤੋਂ ਅਖ਼ੀਰ ਵਿਚ ਆਦਮਜਾਤ। ਜੋ ਲੋਕ ਇਸ ਸਿੱਖਿਆ ਉੱਤੇ ਵਿਸ਼ਵਾਸ ਕਰਦੇ ਹਨ, ਉਹ ਕਹਿੰਦੇ ਹਨ ਕਿ ਵਿਕਾਸਵਾਦ ਦੀ ਪ੍ਰਕ੍ਰਿਆ ਸ਼ੁਰੂ ਕਰਨ ਤੋਂ ਬਾਅਦ ਪਰਮੇਸ਼ੁਰ ਨੇ ਦਖ਼ਲਅੰਦਾਜ਼ੀ ਨਹੀਂ ਕੀਤੀ। ਹੋਰ ਕਈ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਨੇ ਜ਼ਿਆਦਾਤਰ ਪੇੜ-ਪੌਦਿਆਂ ਅਤੇ ਜਾਨਵਰਾਂ ਦਾ ਵਿਕਾਸ ਹੋਣ ਦਿੱਤਾ, ਪਰ ਸਮੇਂ-ਸਮੇਂ ਤੇ ਦਖ਼ਲਅੰਦਾਜ਼ੀ ਕਰਦਾ ਰਿਹਾ, ਤਾਂਕਿ ਇਹ ਪ੍ਰਕ੍ਰਿਆ ਸਹੀ ਤਰੀਕੇ ਨਾਲ ਚੱਲਦੀ ਰਹੇ।

      ਕੀ ਇਨ੍ਹਾਂ ਸਿੱਖਿਆਵਾਂ ਦਾ ਕੋਈ ਮੇਲ ਹੈ?

      ਕੀ ਵਿਕਾਸਵਾਦ ਦੇ ਸਿਧਾਂਤ ਦਾ ਬਾਈਬਲ ਦੀਆਂ ਸਿੱਖਿਆਵਾਂ ਨਾਲ ਕੋਈ ਮੇਲ ਹੈ? ਜੇ ਵਿਕਾਸਵਾਦ ਦਾ ਸਿਧਾਂਤ ਸਹੀ ਹੈ, ਤਾਂ ਬਾਈਬਲ ਵਿਚ ਦਿੱਤੀ ਪਹਿਲੇ ਆਦਮੀ ਆਦਮ ਦੀ ਸ੍ਰਿਸ਼ਟੀ ਦਾ ਵਰਣਨ ਸਿਰਫ਼ ਨੈਤਿਕ ਸਿੱਖਿਆ ਦੇਣ ਵਾਲੀ ਇਕ ਮਨਘੜਤ ਕਹਾਣੀ ਹੀ ਰਹਿ ਜਾਂਦੀ ਹੈ। (ਉਤਪਤ 1:26, 27; 2:18-24) ਕੀ ਯਿਸੂ ਨੇ ਵੀ ਇਸ ਬਿਰਤਾਂਤ ਨੂੰ ਮਨਘੜਤ ਕਹਾਣੀ ਸਮਝਿਆ ਸੀ? ਨਹੀਂ। ਯਿਸੂ ਨੇ ਕਿਹਾ ਸੀ: “ਕੀ ਤੁਸਾਂ ਇਹ ਨਹੀਂ ਪੜ੍ਹਿਆ ਭਈ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ? ਅਤੇ ਕਿਹਾ ਜੋ ਏਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ। ਸੋ ਹੁਣ ਓਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।”—ਮੱਤੀ 19:4-6.

      ਯਿਸੂ ਨੇ ਇੱਥੇ ਉਤਪਤ ਦੇ ਦੂਜੇ ਅਧਿਆਇ ਵਿਚ ਦਰਜ ਸ੍ਰਿਸ਼ਟੀ ਦੇ ਬਿਰਤਾਂਤ ਵਿੱਚੋਂ ਹਵਾਲਾ ਦਿੱਤਾ ਸੀ। ਜੇ ਯਿਸੂ ਵਿਸ਼ਵਾਸ ਕਰਦਾ ਹੁੰਦਾ ਕਿ ਪਹਿਲਾ ਵਿਆਹ ਮਨਘੜਤ ਕਹਾਣੀ ਸੀ, ਤਾਂ ਕੀ ਉਹ ਵਿਆਹੁਤਾ ਬੰਧਨ ਦੀ ਪਵਿੱਤਰਤਾ ਉੱਤੇ ਜ਼ੋਰ ਦੇਣ ਲਈ ਇਸ ਦਾ ਹਵਾਲਾ ਦਿੰਦਾ? ਨਹੀਂ। ਯਿਸੂ ਨੇ ਇਸ ਬਿਰਤਾਂਤ ਦਾ ਹਵਾਲਾ ਇਸ ਕਰਕੇ ਦਿੱਤਾ ਕਿਉਂਕਿ ਉਹ ਜਾਣਦਾ ਸੀ ਕਿ ਇਸ ਤਰ੍ਹਾਂ ਸੱਚ-ਮੁੱਚ ਹੋਇਆ ਸੀ।—ਯੂਹੰਨਾ 17:17.

      ਯਿਸੂ ਦੇ ਚੇਲੇ ਵੀ ਉਤਪਤ ਦੀ ਪੋਥੀ ਵਿਚ ਦਰਜ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਸਹੀ ਮੰਨਦੇ ਸਨ। ਉਦਾਹਰਣ ਲਈ, ਲੂਕਾ ਦੀ ਇੰਜੀਲ ਵਿਚ ਆਦਮ ਤੋਂ ਲੈ ਕੇ ਯਿਸੂ ਤਕ ਦੀ ਪੂਰੀ ਵੰਸ਼ਾਵਲੀ ਦਿੱਤੀ ਗਈ ਹੈ। (ਲੂਕਾ 3:23-38) ਜੇ ਆਦਮ ਸੱਚ-ਮੁੱਚ ਨਾ ਹੋਇਆ ਹੁੰਦਾ, ਤਾਂ ਇਹ ਵੰਸ਼ਾਵਲੀ ਦੀ ਸੂਚੀ ਹਕੀਕਤ ਨਹੀਂ ਸੀ ਹੋਣੀ। ਜੇ ਇਹ ਵੰਸ਼ਾਵਲੀ ਮਨਘੜਤ ਸੀ, ਤਾਂ ਯਿਸੂ ਕਿੱਦਾਂ ਪੂਰੇ ਵਿਸ਼ਵਾਸ ਨਾਲ ਦਾਅਵਾ ਕਰ ਸਕਦਾ ਸੀ ਕਿ ਉਹੀ ਮਸੀਹਾ ਸੀ ਤੇ ਉਸ ਨੇ ਦਾਊਦ ਦੇ ਘਰਾਣੇ ਵਿਚ ਜਨਮ ਲਿਆ ਸੀ? (ਮੱਤੀ 1:1) ਲੂਕਾ ਨੇ ‘ਸਿਰੇ ਤੋਂ ਸਾਰੀ ਵਾਰਤਾ ਦੀ ਵੱਡੇ ਜਤਨ ਨਾਲ ਭਾਲ ਕੀਤੀ।’ ਲੂਕਾ ਵੀ ਉਤਪਤ ਵਿਚ ਦਰਜ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਸੱਚ ਮੰਨਦਾ ਸੀ।—ਲੂਕਾ 1:3.

      ਯਿਸੂ ਉੱਤੇ ਪੌਲੁਸ ਦੇ ਵਿਸ਼ਵਾਸ ਦਾ ਆਧਾਰ ਸ੍ਰਿਸ਼ਟੀ ਦਾ ਬਿਰਤਾਂਤ ਸੀ। ਉਸ ਨੇ ਲਿਖਿਆ: “ਜਾਂ ਮਨੁੱਖ ਦੇ ਰਾਹੀਂ ਮੌਤ ਹੋਈ ਤਾਂ ਮਨੁੱਖ ਹੀ ਦੇ ਰਾਹੀਂ ਮੁਰਦਿਆਂ ਦੀ ਕਿਆਮਤ ਵੀ ਹੋਈ। ਜਿਸ ਤਰਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰਾਂ ਮਸੀਹ ਵਿੱਚ ਸੱਭੇ ਜੁਆਏ ਜਾਣਗੇ।” (1 ਕੁਰਿੰਥੀਆਂ 15:21, 22) ਜੇ ਆਦਮ ਹਕੀਕਤ ਵਿਚ ਪਹਿਲਾ ਇਨਸਾਨ ਨਹੀਂ ਸੀ ਜਿਸ ਦੁਆਰਾ “ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ,” ਤਾਂ ਇਸ ਪਾਪ ਨੂੰ ਮਿਟਾਉਣ ਲਈ ਯਿਸੂ ਨੂੰ ਕਿਉਂ ਮਰਨਾ ਪਿਆ?—ਰੋਮੀਆਂ 5:12; 6:23.

      ਉਤਪਤ ਦੀ ਪੋਥੀ ਵਿਚ ਦਰਜ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਝੂਠ ਕਹਿਣ ਦਾ ਮਤਲਬ ਹੈ ਮਸੀਹੀ ਵਿਸ਼ਵਾਸ ਦੀਆਂ ਨੀਹਾਂ ਨੂੰ ਕਮਜ਼ੋਰ ਕਰਨਾ। ਵਿਕਾਸਵਾਦ ਦੇ ਸਿਧਾਂਤ ਅਤੇ ਮਸੀਹ ਦੀਆਂ ਸਿੱਖਿਆਵਾਂ ਵਿਚ ਕੋਈ ਮੇਲ ਨਹੀਂ ਹੈ। ਜੇ ਕੋਈ ਇਨ੍ਹਾਂ ਦੋਵਾਂ ਨੂੰ ਰਲਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸ ਨਾਲ ਲੋਕ ਉਲਝਣ ਵਿਚ ਪੈ ਜਾਣਗੇ ਅਤੇ ‘ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ ਫਿਰਨਗੇ।’—ਅਫ਼ਸੀਆਂ 4:14.

      ਸੱਚਾਈ ਤੇ ਆਧਾਰਿਤ ਨਿਹਚਾ

      ਸਦੀਆਂ ਤੋਂ ਬਾਈਬਲ ਦੀ ਆਲੋਚਨਾ ਹੁੰਦੀ ਆਈ ਹੈ। ਬਾਈਬਲ ਵਾਰ-ਵਾਰ ਸੱਚ ਸਾਬਤ ਹੋਈ ਹੈ। ਬਾਈਬਲ ਵਿਚ ਦਰਜ ਇਤਿਹਾਸ, ਸਿਹਤ ਤੇ ਸਾਇੰਸ ਸੰਬੰਧੀ ਗੱਲਾਂ ਹਮੇਸ਼ਾ ਸਹੀ ਸਾਬਤ ਹੋਈਆਂ ਹਨ। ਇਸ ਵਿਚ ਮਨੁੱਖੀ ਰਿਸ਼ਤਿਆਂ ਬਾਰੇ ਦਿੱਤੀ ਸਲਾਹ ਤੋਂ ਅੱਜ ਵੀ ਫ਼ਾਇਦਾ ਹੁੰਦਾ ਹੈ। ਹਰੇ ਘਾਹ ਵਾਂਗ ਮਨੁੱਖੀ ਫ਼ਲਸਫ਼ੇ ਤੇ ਸਿਧਾਂਤ ਵਧਦੇ ਹਨ ਅਤੇ ਸਮੇਂ ਦੇ ਬੀਤਣ ਨਾਲ ਮੁਰਝਾ ਜਾਂਦੇ ਹਨ, ਪਰ ਪਰਮੇਸ਼ੁਰ ਦਾ ਬਚਨ ‘ਸਦਾ ਤੀਕ ਕਾਇਮ ਰਹਿੰਦਾ ਹੈ।’—ਯਸਾਯਾਹ 40:8.

      ਵਿਕਾਸਵਾਦ ਦੀ ਸਿੱਖਿਆ ਸਿਰਫ਼ ਇਕ ਵਿਗਿਆਨਕ ਥਿਊਰੀ ਹੀ ਨਹੀਂ ਹੈ। ਅਸਲ ਵਿਚ ਇਹ ਇਕ ਇਨਸਾਨੀ ਫ਼ਲਸਫ਼ਾ ਹੈ ਜੋ ਕਈ ਦਹਾਕਿਆਂ ਤੋਂ ਜ਼ੋਰ ਫੜ ਰਿਹਾ ਹੈ। ਪਰ ਹਾਲ ਹੀ ਦੇ ਸਾਲਾਂ ਵਿਚ, ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਦਾ ਵੀ ਵਿਕਾਸ ਹੁੰਦਾ ਰਿਹਾ ਹੈ। ਵਿਕਾਸਵਾਦੀਆਂ ਨੇ ਕੁਦਰਤ ਦੀਆਂ ਚੀਜ਼ਾਂ ਵਿਚ ਪਾਏ ਜਾਂਦੇ ਡੀਜ਼ਾਈਨ ਬਾਰੇ ਆਪਣੇ ਦਾਅਵਿਆਂ ਨੂੰ ਸਿੱਧ ਕਰਨ ਲਈ ਮੁਢਲੇ ਵਿਕਾਸਵਾਦ ਦੇ ਸਿਧਾਂਤ ਵਿਚ ਕਈ ਤਬਦੀਲੀਆਂ ਕੀਤੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਲਓ। ਇਸ ਅੰਕ ਦੇ ਦੂਸਰੇ ਲੇਖ ਪੜ੍ਹ ਕੇ ਤੁਸੀਂ ਇਸ ਵਿਸ਼ੇ ਬਾਰੇ ਹੋਰ ਜਾਣ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਸਫ਼ੇ ਉੱਤੇ ਅਤੇ ਸਫ਼ਾ 32 ਉੱਤੇ ਦਿਖਾਈਆਂ ਕਿਤਾਬਾਂ ਵੀ ਪੜ੍ਹ ਸਕਦੇ ਹੋ।

      ਇਸ ਵਿਸ਼ੇ ਬਾਰੇ ਹੋਰ ਪੜ੍ਹ ਕੇ ਤੁਸੀਂ ਦੇਖੋਗੇ ਕਿ ਬਾਈਬਲ ਵਿਚ ਜੋ ਬੀਤੇ ਸਮੇਂ ਬਾਰੇ ਲਿਖਿਆ ਹੈ, ਉਹ ਸਹੀ ਹੈ। ਇਸ ਤੋਂ ਇਲਾਵਾ, ਚੰਗੇ ਭਵਿੱਖ ਬਾਰੇ ਬਾਈਬਲ ਵਿਚ ਜੋ ਵਾਅਦੇ ਦਰਜ ਹਨ, ਉਨ੍ਹਾਂ ਉੱਤੇ ਵੀ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ। (ਇਬਰਾਨੀਆਂ 11:1) ਤੁਹਾਡਾ ਦਿਲ ਆਕਾਸ਼ ਤੇ ਧਰਤੀ ਦੇ ਸ੍ਰਿਸ਼ਟੀਕਰਤਾ, ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰਨ ਲਈ ਵੀ ਪ੍ਰੇਰਿਤ ਹੋਵੇਗਾ।—ਜ਼ਬੂਰਾਂ ਦੀ ਪੋਥੀ 146:6. (g 9/06)

      ਹੋਰ ਕਿਤਾਬਾਂ

      ਤਮਾਮ ਲੋਕਾਂ ਲਈ ਇਕ ਪੁਸਤਕ ਇਸ ਬਰੋਸ਼ਰ ਵਿਚ ਬਾਈਬਲ ਦੇ ਸਹੀ ਹੋਣ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ

      ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਇਸ ਵਿਚ ਹੋਰ ਵਿਗਿਆਨਕ ਸਬੂਤ ਪੜ੍ਹੋ ਅਤੇ ਦੇਖੋ ਕਿ ਪਰਮੇਸ਼ੁਰ ਨੇ ਦੁੱਖਾਂ ਨੂੰ ਕਿਉਂ ਰਹਿਣ ਦਿੱਤਾ ਹੈ

      ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਇਸ ਕਿਤਾਬ ਦੇ ਤੀਜੇ ਅਧਿਆਇ ਵਿਚ ਦੱਸਿਆ ਹੈ ਕਿ ਧਰਤੀ ਲਈ ਯਹੋਵਾਹ ਦਾ ਕੀ ਮਕਸਦ ਹੈ

      [ਸਫ਼ਾ 10 ਉੱਤੇ ਸੁਰਖੀ]

      ਯਿਸੂ ਨੇ ਉਤਪਤ ਦੀ ਕਿਤਾਬ ਵਿਚ ਦਰਜ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਸੱਚ ਮੰਨਿਆ ਸੀ। ਕੀ ਉਸ ਨੂੰ ਗ਼ਲਤੀ ਲੱਗੀ ਸੀ?

      [ਸਫ਼ਾ 9 ਉੱਤੇ ਤਸਵੀਰ]

      ਵਿਕਾਸਵਾਦ ਕੀ ਹੈ?

      “ਵਿਕਾਸ” ਦਾ ਇਕ ਅਰਥ ਹੈ, ‘ਕਿਸੇ ਖ਼ਾਸ ਰੂਪ ਵਿਚ ਬਦਲਣ ਦੀ ਪ੍ਰਕ੍ਰਿਆ।’ ਪਰ ਇਹ ਸ਼ਬਦ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ। ਉਦਾਹਰਣ ਲਈ, ਇਹ ਬੇਜਾਨ ਚੀਜ਼ਾਂ ਵਿਚ ਹੋਈਆਂ ਵੱਡੀਆਂ ਤਬਦੀਲੀਆਂ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਬ੍ਰਹਿਮੰਡ ਦਾ ਵਿਕਾਸ। ਇਸ ਤੋਂ ਇਲਾਵਾ, ਇਹ ਸ਼ਬਦ ਜਾਨਦਾਰ ਚੀਜ਼ਾਂ ਵਿਚ ਹੋਣ ਵਾਲੀਆਂ ਛੋਟੀਆਂ ਤਬਦੀਲੀਆਂ ਨੂੰ ਦਰਸਾਉਣ ਲਈ ਵੀ ਵਰਤਿਆ ਜਾਂਦਾ ਹੈ, ਜਿਵੇਂ ਕਿ ਪੇੜ-ਪੌਦਿਆਂ ਅਤੇ ਜਾਨਵਰਾਂ ਦਾ ਆਪਣੇ ਵਾਤਾਵਰਣ ਅਨੁਸਾਰ ਢਲ ਜਾਣਾ। ਪਰ ਜ਼ਿਆਦਾ ਕਰਕੇ ਇਹ ਸ਼ਬਦ ਇਸ ਸਿਧਾਂਤ ਲਈ ਵਰਤਿਆ ਜਾਂਦਾ ਹੈ ਕਿ ਜੀਵਨ ਦੀ ਸ਼ੁਰੂਆਤ ਬੇਜਾਨ ਰਸਾਇਣਾਂ ਤੋਂ ਹੋਈ, ਜੋ ਹੌਲੀ-ਹੌਲੀ ਸੈੱਲ ਵਿਚ ਵਿਕਸਿਤ ਹੋ ਗਏ। ਇਹ ਸੈੱਲ ਆਪ ਆਪਣੇ ਵਰਗੇ ਸੈੱਲ ਬਣਾਉਣ ਲੱਗ ਪਏ ਅਤੇ ਸਮੇਂ ਦੇ ਬੀਤਣ ਨਾਲ ਇਨ੍ਹਾਂ ਸੈੱਲਾਂ ਦਾ ਹੌਲੀ-ਹੌਲੀ ਵਿਕਾਸ ਹੁੰਦਾ ਗਿਆ ਅਤੇ ਜੀਵ-ਜੰਤੂ ਬਣਦੇ ਗਏ ਜਿਨ੍ਹਾਂ ਵਿੱਚੋਂ ਇਨਸਾਨ ਸਭ ਤੋਂ ਅਕਲਮੰਦ ਹੈ। ਇਸ ਲੇਖ ਵਿਚ “ਵਿਕਾਸਵਾਦ” ਇਸੇ ਤੀਸਰੇ ਅਰਥ ਵਿਚ ਵਰਤਿਆ ਗਿਆ ਹੈ।

      [ਸਫ਼ਾ 10 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

      Space photo: J. Hester and P. Scowen (AZ State Univ.), NASA

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ