ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮਾਵਾਂ ਦੀਆਂ ਸਮੱਸਿਆਵਾਂ
    ਜਾਗਰੂਕ ਬਣੋ!—2005 | ਅਪ੍ਰੈਲ
    • ਮਾਵਾਂ ਦੀਆਂ ਸਮੱਸਿਆਵਾਂ

      ‘ਘਰ-ਗ੍ਰਹਿਸਥੀ ਦੀ ਦੇਖ-ਭਾਲ ਕਰਨੀ ਜ਼ਰੂਰੀ ਕੰਮ ਹੈ। ਜੇ ਮਾਂ ਆਪਣਾ ਫ਼ਰਜ਼ ਨਾ ਨਿਭਾਵੇ, ਤਾਂ ਅਗਲੀ ਪੀੜ੍ਹੀ ਰਹੇਗੀ ਹੀ ਨਹੀਂ ਜਾਂ ਫਿਰ ਇਹ ਇੰਨੀ ਭੈੜੀ ਹੋਵੇਗੀ ਕਿ ਇਸ ਦਾ ਨਾ ਹੋਣਾ ਹੀ ਚੰਗਾ ਸੀ।’—ਥੀਓਡੋਰ ਰੁਜ਼ਾਵਲਟ, ਅਮਰੀਕਾ ਦਾ 26ਵਾਂ ਰਾਸ਼ਟਰਪਤੀ।

      ਮਨੁੱਖਜਾਤੀ ਦੇ ਵਾਧੇ ਲਈ ਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਸਿਰਫ਼ ਬੱਚੇ ਹੀ ਪੈਦਾ ਕਰਦੀ ਹੈ। ਉਹ ਹੋਰ ਵੀ ਬਹੁਤ ਕੁਝ ਕਰਦੀ ਹੈ। ਇਕ ਲੇਖਕ ਨੇ ਮਾਵਾਂ ਦੀ ਅਹਿਮ ਭੂਮਿਕਾ ਬਾਰੇ ਕਿਹਾ: ‘ਮਾਂ ਹੀ ਖ਼ਾਸ ਕਰਕੇ ਆਪਣੇ ਬੱਚੇ ਦੀ ਸਿਹਤ, ਸਿੱਖਿਆ, ਬੁੱਧੀ, ਸ਼ਖ਼ਸੀਅਤ ਤੇ ਆਚਰਣ ਦੀ ਰਾਖੀ ਕਰਦੀ ਹੈ ਤੇ ਉਸ ਨੂੰ ਜਜ਼ਬਾਤੀ ਤੌਰ ਤੇ ਮਜ਼ਬੂਤ ਬਣਾਉਂਦੀ ਹੈ।’

      ਮਾਂ ਨੂੰ ਕਈ ਕੰਮ ਕਰਨੇ ਪੈਂਦੇ ਹਨ, ਪਰ ਉਸ ਦਾ ਇਕ ਕੰਮ ਹੈ ਬੱਚਿਆਂ ਨੂੰ ਸਿੱਖਿਆ ਦੇਣੀ। ਆਮ ਕਰਕੇ ਬੱਚਾ ਆਪਣੀ ਮਾਂ ਤੋਂ ਹੀ ਬੋਲਣਾ ਸਿੱਖਦਾ ਹੈ। ਇਸ ਲਈ ਉਸ ਦੀ ਭਾਸ਼ਾ ਨੂੰ ਮਾਂ ਬੋਲੀ ਕਿਹਾ ਜਾਂਦਾ ਹੈ। ਹਰ ਰੋਜ਼ ਬੱਚੇ ਪਿਤਾ ਨਾਲੋਂ ਮਾਂ ਨਾਲ ਜ਼ਿਆਦਾ ਸਮਾਂ ਰਹਿੰਦੇ ਹਨ। ਇਸ ਲਈ ਬੱਚੇ ਜ਼ਿਆਦਾਤਰ ਆਪਣੀ ਮਾਂ ਤੋਂ ਸਿੱਖਿਆ ਲੈਂਦੇ ਹਨ ਅਤੇ ਉਸ ਦੀ ਸੇਧ ਵਿਚ ਚੱਲਦੇ ਹਨ। ਕਿਹਾ ਜਾਂਦਾ ਹੈ ਕਿ ਬੱਚਾ ਦੁੱਧ ਚੁੰਘਣ ਦੇ ਨਾਲ-ਨਾਲ ਮਾਂ ਤੋਂ ਕਈ ਗੱਲਾਂ ਸਿੱਖਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਨੂੰ ਸਿਖਾਉਣ ਦੀ ਮਾਵਾਂ ਦੀ ਜ਼ਿੰਮੇਵਾਰੀ ਬਹੁਤ ਮਹੱਤਵਪੂਰਣ ਹੈ ਜਿਸ ਕਰਕੇ ਉਹ ਕਾਬਲ-ਏ-ਤਾਰੀਫ਼ ਹਨ।

      ਸਾਡਾ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਵੀ ਮਾਵਾਂ ਦੀ ਤਾਰੀਫ਼ ਕਰਦਾ ਹੈ। ਦਰਅਸਲ ਉਹ ਬੱਚਿਆਂ ਨੂੰ ਹੁਕਮ ਦਿੰਦਾ ਹੈ: ‘ਤੂੰ ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ।’ (ਕੂਚ 20:12; 31:18; ਬਿਵਸਥਾ ਸਾਰ 9:10) ਇਸ ਤੋਂ ਇਲਾਵਾ, ਬਾਈਬਲ ਦੀ ਇਕ ਕਹਾਵਤ ਵਿਚ “ਮਾਂ ਦੀ ਤਾਲੀਮ” ਦਾ ਜ਼ਿਕਰ ਆਉਂਦਾ ਹੈ। (ਕਹਾਉਤਾਂ 1:8) ਆਮ ਤੌਰ ਤੇ ਜ਼ਿਆਦਾਤਰ ਬੱਚੇ ਛੋਟੇ ਹੁੰਦਿਆਂ ਮਾਂ ਦੀ ਦੇਖ-ਰੇਖ ਹੇਠ ਹੁੰਦੇ ਹਨ। ਇਸ ਲਈ ਹੁਣ ਆਮ ਹੀ ਮੰਨਿਆ ਜਾਂਦਾ ਹੈ ਕਿ ਬੱਚਿਆਂ ਨੂੰ ਪਹਿਲੇ ਤਿੰਨ ਸਾਲਾਂ ਦੌਰਾਨ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ।

      ਮਾਵਾਂ ਅੱਗੇ ਕਿਹੜੀਆਂ ਕੁਝ ਸਮੱਸਿਆਵਾਂ ਹਨ?

      ਕਈ ਮਾਵਾਂ ਨੂੰ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਨੌਕਰੀ ਕਰਨੀ ਪੈਂਦੀ ਹੈ, ਇਸ ਲਈ ਉਨ੍ਹਾਂ ਵਾਸਤੇ ਨਾਜ਼ੁਕ ਉਮਰ ਦੇ ਆਪਣੇ ਬੱਚਿਆਂ ਨੂੰ ਸਿਖਾਉਣਾ ਮੁਸ਼ਕਲ ਹੁੰਦਾ ਹੈ। ਸੰਯੁਕਤ ਰਾਸ਼ਟਰ ਸੰਘ ਦੁਆਰਾ ਇਕੱਠੇ ਕੀਤੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਅਮੀਰ ਦੇਸ਼ਾਂ ਵਿਚ ਤਿੰਨ ਸਾਲ ਤੋਂ ਵੀ ਘੱਟ ਉਮਰ ਦੇ ਬੱਚਿਆਂ ਵਾਲੀਆਂ 50 ਪ੍ਰਤਿਸ਼ਤ ਤੋਂ ਜ਼ਿਆਦਾ ਅਜਿਹੀਆਂ ਮਾਵਾਂ ਹਨ ਜਿਨ੍ਹਾਂ ਨੂੰ ਨੌਕਰੀ ਕਰਨੀ ਪੈਂਦੀ ਹੈ।

      ਇਸ ਤੋਂ ਇਲਾਵਾ, ਕਈ ਮਾਵਾਂ ਨੂੰ ਇਕੱਲਿਆਂ ਹੀ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਦੇ ਪਤੀ ਕਿਸੇ ਹੋਰ ਸ਼ਹਿਰ ਜਾਂ ਦੇਸ਼ ਵਿਚ ਕੰਮ ਕਰਨ ਗਏ ਹੁੰਦੇ ਹਨ। ਮਿਸਾਲ ਲਈ, ਕਿਹਾ ਜਾਂਦਾ ਹੈ ਕਿ ਆਰਮੀਨੀਆ ਦੇਸ਼ ਦੇ ਕੁਝ ਇਲਾਕਿਆਂ ਦੇ ਲਗਭਗ ਇਕ-ਤਿਹਾਈ ਆਦਮੀ ਕੰਮ ਦੀ ਭਾਲ ਵਿਚ ਵਿਦੇਸ਼ ਗਏ ਹੋਏ ਹਨ। ਹੋਰਨਾਂ ਮਾਵਾਂ ਨੂੰ ਇਸ ਲਈ ਇਕੱਲਿਆਂ ਆਪਣੇ ਬੱਚੇ ਪਾਲਣੇ ਪੈਂਦੇ ਹਨ ਕਿਉਂਕਿ ਉਹ ਵਿਧਵਾ ਹੋ ਜਾਂਦੀਆਂ ਹਨ ਜਾਂ ਫਿਰ ਉਨ੍ਹਾਂ ਦੇ ਪਤੀਆਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ।

      ਕੁਝ ਦੇਸ਼ਾਂ ਵਿਚ ਕਈ ਮਾਵਾਂ ਅੱਗੇ ਦੂਸਰੀ ਸਮੱਸਿਆ ਇਹ ਹੈ ਕਿ ਉਹ ਪੜ੍ਹੀਆਂ-ਲਿਖੀਆਂ ਨਹੀਂ ਹਨ। ਆਰਥਿਕ ਤੇ ਸਮਾਜਕ ਮਾਮਲਿਆਂ ਨਾਲ ਨਜਿੱਠਣ ਵਾਲਾ ਯੂ. ਐੱਨ. ਵਿਭਾਗ ਅੰਦਾਜ਼ੇ ਨਾਲ ਕਹਿੰਦਾ ਹੈ ਕਿ ਦੁਨੀਆਂ ਦੀਆਂ ਕੁੱਲ 87,60,00,000 ਔਰਤਾਂ ਵਿੱਚੋਂ ਦੋ-ਤਿਹਾਈ ਔਰਤਾਂ ਅਨਪੜ੍ਹ ਹਨ। ਯੂਨੈਸਕੋ ਅਨੁਸਾਰ ਅਫ਼ਰੀਕਾ, ਅਰਬ ਦੇਸ਼ਾਂ ਅਤੇ ਪੂਰਬੀ ਤੇ ਦੱਖਣੀ ਏਸ਼ੀਆ ਵਿਚ 60 ਪ੍ਰਤਿਸ਼ਤ ਤੋਂ ਵੱਧ ਔਰਤਾਂ ਅਨਪੜ੍ਹ ਹਨ। ਇਸ ਤੋਂ ਇਲਾਵਾ, ਬਹੁਤ ਸਾਰੇ ਆਦਮੀਆਂ ਦਾ ਮੰਨਣਾ ਹੈ ਕਿ ਔਰਤਾਂ ਨੂੰ ਪੜ੍ਹਾਉਣਾ ਫ਼ਜ਼ੂਲ ਹੈ ਅਤੇ ਪੜ੍ਹਨ-ਲਿਖਣ ਨਾਲ ਉਹ ਬੱਚੇ ਪੈਦਾ ਕਰਨ ਦੇ ਲਾਇਕ ਨਹੀਂ ਰਹਿੰਦੀਆਂ।

      ਆਉਟਲੁਕ ਰਸਾਲਾ ਕਹਿੰਦਾ ਹੈ ਕਿ ਭਾਰਤ ਵਿਚ ਕੇਰਲਾ ਰਾਜ ਦੇ ਇਕ ਜ਼ਿਲ੍ਹੇ ਵਿਚ (ਜਿੱਥੇ 15 ਸਾਲ ਦੀ ਉਮਰ ਵਿਚ ਹੀ ਕੁੜੀਆਂ ਮਾਵਾਂ ਬਣ ਜਾਂਦੀਆਂ ਹਨ) ਕੋਈ ਵੀ ਆਦਮੀ ਪੜ੍ਹੀ-ਲਿਖੀ ਕੁੜੀ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ। ਪਾਕਿਸਤਾਨ ਵਿਚ ਪੁੱਤਾਂ ਦੀ ਪੜ੍ਹਾਈ-ਲਿਖਾਈ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਮਾਪਿਆਂ ਦਾ ਮੰਨਣਾ ਹੈ ਕਿ ਪੜ੍ਹ-ਲਿਖ ਕੇ ਉਨ੍ਹਾਂ ਦੇ ਪੁੱਤ ਚੰਗਾ ਕਮਾਉਣਗੇ ਤੇ ਬੁਢਾਪੇ ਵਿਚ ਉਨ੍ਹਾਂ ਦਾ ਸਹਾਰਾ ਬਣਨਗੇ। ਦੂਜੇ ਪਾਸੇ, ਵਿਕਾਸਸ਼ੀਲ ਦੇਸ਼ਾਂ ਵਿਚ ਔਰਤਾਂ ਦੀ ਪੜ੍ਹਾਈ (ਅੰਗ੍ਰੇਜ਼ੀ) ਨਾਮਕ ਕਿਤਾਬ ਕਹਿੰਦੀ ਹੈ ਕਿ “ਮਾਪੇ ਆਪਣੀਆਂ ਧੀਆਂ ਦੀ ਪੜ੍ਹਾਈ ਤੇ ਪੈਸਾ ਨਹੀਂ ਖ਼ਰਚਦੇ ਕਿਉਂਕਿ ਉਹ ਸੋਚਦੇ ਹਨ ਕਿ ਧੀਆਂ ਘਰ ਚਲਾਉਣ ਵਿਚ ਪੈਸੇ-ਧੇਲੇ ਪੱਖੋਂ ਯੋਗਦਾਨ ਨਹੀਂ ਪਾਉਣਗੀਆਂ।”

      ਮਾਵਾਂ ਦੀ ਅਗਲੀ ਸਮੱਸਿਆ ਹੈ ਸਥਾਨਕ ਰੀਤਾਂ-ਰਸਮਾਂ। ਮਿਸਾਲ ਲਈ, ਕੁਝ ਦੇਸ਼ਾਂ ਵਿਚ ਮਾਵਾਂ ਤੋਂ ਉਮੀਦ ਰੱਖੀ ਜਾਂਦੀ ਹੈ ਕਿ ਉਹ ਵਿਆਹ ਦੇ ਨਾਂ ਤੇ ਧੀਆਂ ਨੂੰ ਵੇਚਣ ਅਤੇ ਕੁੜੀਆਂ ਦੀ ਸੁੰਨਤ ਕਰਨ ਵਰਗੀਆਂ ਰਸਮਾਂ ਦਾ ਸਮਰਥਨ ਕਰਨ। ਮਾਵਾਂ ਨੂੰ ਆਪਣੇ ਪੁੱਤਰਾਂ ਨੂੰ ਸਿਖਾਉਣ ਅਤੇ ਅਨੁਸ਼ਾਸਨ ਦੇਣ ਦੀ ਵੀ ਖੁੱਲ੍ਹ ਨਹੀਂ ਹੁੰਦੀ। ਕੀ ਮਾਵਾਂ ਨੂੰ ਅਜਿਹੀਆਂ ਰੀਤਾਂ ਤੇ ਚੱਲਣਾ ਚਾਹੀਦਾ ਹੈ ਤੇ ਆਪਣੇ ਪੁੱਤਰਾਂ ਨੂੰ ਸਿਖਾਉਣ ਦਾ ਕੰਮ ਹੋਰਨਾਂ ਤੇ ਛੱਡ ਦੇਣਾ ਚਾਹੀਦਾ ਹੈ?

      ਅਗਲੇ ਲੇਖਾਂ ਵਿਚ ਅਸੀਂ ਦੇਖਾਂਗੇ ਕਿ ਕੁਝ ਮਾਵਾਂ ਇਨ੍ਹਾਂ ਸਮੱਸਿਆਵਾਂ ਨਾਲ ਕਿਵੇਂ ਸਿੱਝ ਰਹੀਆਂ ਹਨ। ਅਸੀਂ ਮਾਵਾਂ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਸਿੱਖਾਂਗੇ ਅਤੇ ਦੇਖਾਂਗੇ ਕਿ ਬੱਚਿਆਂ ਨੂੰ ਸਿੱਖਿਆ ਦੇਣ ਲਈ ਮਾਵਾਂ ਕੀ-ਕੀ ਕਰ ਸਕਦੀਆਂ ਹਨ। (g05 2/22)

      [ਸਫ਼ੇ 4 ਉੱਤੇ ਡੱਬੀ/​ਤਸਵੀਰ]

      “ਬੱਚੇ ਦੀ ਬੁੱਧ ਨੂੰ ਤੇਜ਼ ਕਰਨ, ਉਸ ਦੀ ਉਤਸੁਕਤਾ ਨੂੰ ਜਗਾਉਣ ਅਤੇ ਉਸ ਵਿਚ ਰਚਨਾਤਮਕ ਕਲਾ ਪੈਦਾ ਕਰਨ ਵਿਚ ਮਾਂ ਅਹਿਮ ਭੂਮਿਕਾ ਨਿਭਾਉਂਦੀ ਹੈ।”—ਬੱਚਿਆਂ ਦੇ ਹੱਕਾਂ ਸੰਬੰਧੀ ਸੰਮੇਲਨ, ਬੁਰਕੀਨਾ ਫਾਸੋ, 1997.

      [ਸਫ਼ੇ 3 ਉੱਤੇ ਤਸਵੀਰ]

      ਆਪਣੇ ਹਰ ਬੱਚੇ ਦੀ ਸਿਹਤ, ਸਿੱਖਿਆ, ਸ਼ਖ਼ਸੀਅਤ ਅਤੇ ਜਜ਼ਬਾਤੀ ਤੌਰ ਤੇ ਮਜ਼ਬੂਤ ਕਰਨ ਵਿਚ ਮਾਵਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ

  • ਸਮੱਸਿਆਵਾਂ ਨਾਲ ਸਿੱਝ ਰਹੀਆਂ ਮਾਵਾਂ
    ਜਾਗਰੂਕ ਬਣੋ!—2005 | ਅਪ੍ਰੈਲ
    • ਸਮੱਸਿਆਵਾਂ ਨਾਲ ਸਿੱਝ ਰਹੀਆਂ ਮਾਵਾਂ

      ਅੱਜ ਬਹੁਤ ਸਾਰੀਆਂ ਮਾਵਾਂ ਅੱਗੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਵਿਚ ਮਦਦ ਲਈ ਨੌਕਰੀ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ, ਕਿਸੇ-ਨ-ਕਿਸੇ ਵਜ੍ਹਾ ਕਰਕੇ ਕੁਝ ਮਾਵਾਂ ਨੂੰ ਇਕੱਲਿਆਂ ਹੀ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਪੈਂਦੀ ਹੈ।

      ਮੈਕਸੀਕੋ ਵਿਚ ਮਾਰਗਾਰੀਟਾ ਦੋ ਬੱਚਿਆਂ ਦਾ ਪਾਲਣ-ਪੋਸਣ ਇਕੱਲੀ ਕਰਦੀ ਹੈ। ਉਹ ਕਹਿੰਦੀ ਹੈ: “ਉਨ੍ਹਾਂ ਨੂੰ ਸਹੀ-ਗ਼ਲਤ ਅਤੇ ਰੱਬ ਦੀ ਸਿੱਖਿਆ ਦੇਣੀ ਬਹੁਤ ਮੁਸ਼ਕਲ ਕੰਮ ਸੀ। ਇਕ ਦਿਨ ਮੇਰਾ ਅੱਲ੍ਹੜ ਉਮਰ ਦਾ ਮੁੰਡਾ ਪਾਰਟੀ ਵਿਚ ਕਾਫ਼ੀ ਸ਼ਰਾਬ ਪੀ ਕੇ ਘਰ ਮੁੜਿਆ। ਮੈਂ ਉਸ ਨੂੰ ਸਖ਼ਤ ਤਾੜਨਾ ਦਿੱਤੀ ਕਿ ਜੇ ਉਹ ਫਿਰ ਕਦੀ ਨਸ਼ੇ ਵਿਚ ਘਰ ਆਇਆ, ਤਾਂ ਮੈਂ ਉਸ ਨੂੰ ਘਰ ਨਹੀਂ ਵੜਨ ਦਿਆਂਗੀ। ਪਰ ਉਹ ਅਗਲੀ ਵਾਰ ਫਿਰ ਬਹੁਤੀ ਸ਼ਰਾਬ ਪੀ ਕੇ ਆ ਗਿਆ। ਮੈਂ ਆਪਣੇ ਦਿਲ ਤੇ ਪੱਥਰ ਰੱਖ ਕੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਤੇ ਉਸ ਨੂੰ ਅੰਦਰ ਨਹੀਂ ਵਾੜਿਆ। ਰੱਬ ਦਾ ਸ਼ੁਕਰ ਹੈ ਕਿ ਉਸ ਨੇ ਦੁਬਾਰਾ ਇਹ ਹਰਕਤ ਨਹੀਂ ਕੀਤੀ।”

      ਇਸ ਤੋਂ ਕੁਝ ਚਿਰ ਬਾਅਦ ਮਾਰਗਾਰੀਟਾ ਬਾਈਬਲ ਦੀ ਸਟੱਡੀ ਕਰਨ ਲੱਗ ਪਈ। ਇਸ ਨਾਲ ਉਸ ਨੂੰ ਆਪਣੇ ਬੱਚਿਆਂ ਦੇ ਦਿਲਾਂ ਵਿਚ ਨੈਤਿਕ ਅਸੂਲ ਬਿਠਾਉਣ ਵਿਚ ਮਦਦ ਮਿਲੀ। ਹੁਣ ਦੋਵੇਂ ਬੱਚੇ ਯਹੋਵਾਹ ਦੇ ਗਵਾਹ ਹਨ ਤੇ ਪੂਰਾ ਸਮਾਂ ਪਰਮੇਸ਼ੁਰ ਦੀ ਸੇਵਾ ਵਿਚ ਗੁਜ਼ਾਰਦੇ ਹਨ।

      ਜਦੋਂ ਪਤੀ ਵਿਦੇਸ਼ ਚਲੇ ਜਾਂਦੇ ਹਨ

      ਗ਼ਰੀਬ ਦੇਸ਼ਾਂ ਤੋਂ ਬਹੁਤ ਸਾਰੇ ਪਤੀ ਨੌਕਰੀ ਕਰਨ ਲਈ ਅਮੀਰ ਦੇਸ਼ਾਂ ਨੂੰ ਚਲੇ ਜਾਂਦੇ ਹਨ ਅਤੇ ਬੱਚਿਆਂ ਨੂੰ ਪਾਲਣ-ਪੋਸ਼ਣ ਦੀ ਸਾਰੀ ਜ਼ਿੰਮੇਵਾਰੀ ਪਤਨੀਆਂ ਤੇ ਆ ਜਾਂਦੀ ਹੈ। ਨੇਪਾਲ ਵਿਚ ਰਹਿੰਦੀ ਲਕਸ਼ਮੀ ਕਹਿੰਦੀ ਹੈ: “ਮੇਰਾ ਪਤੀ ਸੱਤਾਂ ਸਾਲਾਂ ਤੋਂ ਵਿਦੇਸ਼ ਵਿਚ ਹੈ। ਬੱਚੇ ਜਿੰਨਾ ਕਹਿਣਾ ਆਪਣੇ ਪਿਤਾ ਦਾ ਮੰਨਦੇ ਹਨ, ਉੱਨਾ ਮੇਰਾ ਨਹੀਂ ਮੰਨਦੇ। ਜੇ ਉਨ੍ਹਾਂ ਦਾ ਪਿਤਾ ਇੱਥੇ ਹੁੰਦਾ, ਤਾਂ ਬੱਚਿਆਂ ਦੀ ਪਰਵਰਿਸ਼ ਕਰਨੀ ਜ਼ਿਆਦਾ ਆਸਾਨ ਹੁੰਦੀ।”

      ਮੁਸ਼ਕਲਾਂ ਦੇ ਬਾਵਜੂਦ ਲਕਸ਼ਮੀ ਬੱਚਿਆਂ ਨੂੰ ਸਿਖਾਉਣ ਵਾਸਤੇ ਆਪਣੀ ਪੂਰੀ ਵਾਹ ਲਾ ਰਹੀ ਹੈ। ਉਹ ਜ਼ਿਆਦਾ ਪੜ੍ਹੀ-ਲਿਖੀ ਨਹੀਂ ਹੈ, ਇਸ ਲਈ ਉਸ ਨੇ ਆਪਣੇ ਵੱਡਿਆਂ ਬੱਚਿਆਂ ਦੀਆਂ ਟਿਊਸ਼ਨਾਂ ਰਖਵਾਈਆਂ ਹੋਈਆਂ ਹਨ। ਪਰ ਉਹ ਆਪਣੇ ਬੱਚਿਆਂ ਨੂੰ ਪਰਮੇਸ਼ੁਰੀ ਸਿੱਖਿਆ ਦੇਣ ਵੱਲ ਖ਼ਾਸ ਧਿਆਨ ਦਿੰਦੀ ਹੈ। ਇਸ ਦੇ ਲਈ ਉਹ ਹਰ ਹਫ਼ਤੇ ਬੱਚਿਆਂ ਨਾਲ ਬਾਈਬਲ ਦਾ ਅਧਿਐਨ ਕਰਦੀ ਹੈ। ਉਹ ਉਨ੍ਹਾਂ ਨਾਲ ਹਰ ਰੋਜ਼ ਬਾਈਬਲ ਤੇ ਚਰਚਾ ਕਰਦੀ ਹੈ ਅਤੇ ਉਨ੍ਹਾਂ ਨੂੰ ਬਾਕਾਇਦਾ ਮਸੀਹੀ ਸਭਾਵਾਂ ਵਿਚ ਲੈ ਜਾਂਦੀ ਹੈ।

      ਘੱਟ ਪੜ੍ਹੀਆਂ-ਲਿਖੀਆਂ ਮਾਵਾਂ

      ਕੁਝ ਦੇਸ਼ਾਂ ਵਿਚ ਇਕ ਹੋਰ ਸਮੱਸਿਆ ਇਹ ਹੈ ਕਿ ਉੱਥੇ ਦੀਆਂ ਔਰਤਾਂ ਵੱਡੀ ਗਿਣਤੀ ਵਿਚ ਅਨਪੜ੍ਹ ਹਨ। ਮੈਕਸੀਕੋ ਵਿਚ ਛੇ ਬੱਚਿਆਂ ਦੀ ਮਾਂ ਔਰੀਲਿਆ ਦੱਸਦੀ ਹੈ ਕਿ ਅਨਪੜ੍ਹ ਮਾਂ ਹੋਣ ਦੇ ਕੀ ਨੁਕਸਾਨ ਹਨ। ਉਹ ਕਹਿੰਦੀ ਹੈ: “ਮੇਰੀ ਮਾਂ ਹਮੇਸ਼ਾ ਮੈਨੂੰ ਕਹਿੰਦੀ ਸੀ ਕਿ ਔਰਤਾਂ ਲਈ ਪੜ੍ਹਨਾ ਜ਼ਰੂਰੀ ਨਹੀਂ ਹੈ। ਇਸ ਲਈ ਮੈਂ ਪੜ੍ਹਨਾ ਨਹੀਂ ਸਿੱਖਿਆ ਜਿਸ ਕਰਕੇ ਸਕੂਲ ਦਾ ਕੰਮ ਕਰਨ ਵਿਚ ਮੈਂ ਆਪਣੇ ਬੱਚਿਆਂ ਦੀ ਮਦਦ ਨਹੀਂ ਕਰ ਸਕੀ। ਇਸ ਦਾ ਮੈਨੂੰ ਅਫ਼ਸੋਸ ਹੈ। ਪਰ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਵੀ ਮੇਰੇ ਵਾਂਗ ਅਨਪੜ੍ਹ ਰਹਿਣ, ਇਸ ਲਈ ਉਨ੍ਹਾਂ ਨੂੰ ਪੜ੍ਹਾਉਣ ਲਈ ਮੈਂ ਜੀ-ਤੋੜ ਮਿਹਨਤ ਕੀਤੀ।”

      ਜੇ ਮਾਂ ਥੋੜ੍ਹਾ ਜਿਹਾ ਵੀ ਪੜ੍ਹੀ-ਲਿਖੀ ਹੈ, ਉਸ ਨਾਲ ਵੀ ਕਾਫ਼ੀ ਫ਼ਾਇਦਾ ਹੁੰਦਾ ਹੈ। ਇਹ ਕਹਾਵਤ ਸੱਚ ਹੀ ਕਹਿੰਦੀ ਹੈ: “ਔਰਤਾਂ ਨੂੰ ਪੜ੍ਹਾ ਕੇ ਤੁਸੀਂ ਮਰਦਾਂ ਦੀਆਂ ਅਧਿਆਪਕਾਵਾਂ ਨੂੰ ਪੜ੍ਹਾਉਂਦੇ ਹੋ।” ਨੇਪਾਲ ਵਿਚ ਤਿੰਨ ਪੁੱਤਰਾਂ ਦੀ ਮਾਂ ਬਿਸ਼ਨੂ ਅਨਪੜ੍ਹ ਸੀ। ਪਰ ਉਹ ਬਾਈਬਲ ਦੀਆਂ ਸੱਚਾਈਆਂ ਨੂੰ ਜਾਣਨਾ ਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੀ ਸੀ ਜਿਸ ਕਰਕੇ ਉਸ ਨੇ ਪੜ੍ਹਨਾ-ਲਿਖਣਾ ਸਿੱਖਣ ਦੀ ਪੂਰੀ ਕੋਸ਼ਿਸ਼ ਕੀਤੀ। ਉਹ ਇਸ ਦੀ ਖ਼ਬਰ ਰੱਖਦੀ ਸੀ ਕਿ ਉਸ ਦੇ ਬੱਚਿਆਂ ਨੇ ਸਕੂਲ ਦਾ ਕੰਮ ਕੀਤਾ ਕਿ ਨਹੀਂ। ਉਹ ਬਾਕਾਇਦਾ ਉਨ੍ਹਾਂ ਦੇ ਸਕੂਲ ਜਾ ਕੇ ਅਧਿਆਪਕਾਂ ਤੋਂ ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਪੁੱਛਦੀ ਸੀ।

      ਆਪਣੀ ਮਾਂ ਤੋਂ ਲਈ ਪਰਮੇਸ਼ੁਰੀ ਤੇ ਨੈਤਿਕ ਸਿੱਖਿਆ ਬਾਰੇ ਬਿਸ਼ਨੂ ਦਾ ਪੁੱਤਰ ਸੀਲਾਸ਼ ਕਹਿੰਦਾ ਹੈ: “ਸਿੱਖਿਆ ਦੇਣ ਸੰਬੰਧੀ ਮੈਨੂੰ ਆਪਣੇ ਮਾਤਾ ਜੀ ਦੀ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਜਦੋਂ ਅਸੀਂ ਗ਼ਲਤੀਆਂ ਕਰਦੇ ਸਾਂ, ਤਾਂ ਉਹ ਸਾਨੂੰ ਸੁਧਾਰਨ ਵਾਸਤੇ ਬਾਈਬਲ ਦੀਆਂ ਮਿਸਾਲਾਂ ਦਿੰਦੇ ਸਨ। ਸਿਖਾਉਣ ਦਾ ਇਹ ਤਰੀਕਾ ਬਹੁਤ ਅਸਰਕਾਰੀ ਸੀ ਤੇ ਇਸ ਨਾਲ ਮੈਨੂੰ ਤਾੜਨਾ ਕਬੂਲ ਕਰਨ ਵਿਚ ਮਦਦ ਮਿਲੀ।” ਬਿਸ਼ਨੂ ਆਪਣੇ ਪੁੱਤਰਾਂ ਨੂੰ ਸਿਖਾਉਣ ਵਿਚ ਕਾਮਯਾਬ ਸਿੱਖਿਅਕ ਸਾਬਤ ਹੋਈ। ਇਸ ਵੇਲੇ ਉਸ ਦੇ ਤਿੰਨੇ ਪੁੱਤਰ ਪਰਮੇਸ਼ੁਰ ਦਾ ਭੈ ਮੰਨਣ ਵਾਲੇ ਨੌਜਵਾਨ ਹਨ।

      ਮੈਕਸੀਕੋ ਵਿਚ ਦੋ ਬੱਚਿਆਂ ਦੀ ਮਾਂ ਅਨਟੋਨੀਆ ਕਹਿੰਦੀ ਹੈ: “ਮੈਂ ਸਿਰਫ਼ ਛੋਟੇ ਸਕੂਲ ਵਿਚ ਪੜ੍ਹੀ ਹਾਂ। ਅਸੀਂ ਇਕ ਦੂਰ-ਦੁਰੇਡੇ ਪਿੰਡ ਵਿਚ ਰਹਿੰਦੇ ਸਾਂ ਤੇ ਵੱਡਾ ਸਕੂਲ ਸਾਡੇ ਘਰ ਤੋਂ ਬਹੁਤ ਦੂਰ ਸੀ। ਪਰ ਮੈਂ ਚਾਹੁੰਦੀ ਸੀ ਕਿ ਮੇਰੇ ਬੱਚੇ ਮੇਰੇ ਤੋਂ ਜ਼ਿਆਦਾ ਪੜ੍ਹ-ਲਿਖ ਜਾਣ, ਇਸ ਲਈ ਮੈਂ ਉਨ੍ਹਾਂ ਨੂੰ ਸਿਖਾਉਣ ਲਈ ਬਹੁਤ ਮਿਹਨਤ ਕੀਤੀ। ਮੈਂ ਉਨ੍ਹਾਂ ਨੂੰ ਏ. ਬੀ. ਸੀ. ਪੜ੍ਹਨੀ-ਲਿਖਣੀ ਅਤੇ ਗਿਣਤੀ ਸਿਖਾਈ। ਮੇਰੀ ਕੁੜੀ ਸਕੂਲ ਜਾਣ ਤੋਂ ਪਹਿਲਾਂ ਹੀ ਵਰਣਮਾਲਾ ਦੇ ਸਾਰੇ ਅੱਖਰ, ਇੱਥੋਂ ਤਕ ਕਿ ਆਪਣਾ ਨਾਂ ਵੀ ਲਿਖ ਸਕਦੀ ਸੀ। ਜਦੋਂ ਤਕ ਮੇਰਾ ਮੁੰਡਾ ਬਾਲਵਾੜੀ ਜਾਣ ਦੇ ਲਾਇਕ ਹੋਇਆ, ਤਦ ਤਕ ਉਹ ਚੰਗੀ ਤਰ੍ਹਾਂ ਪੜ੍ਹ ਸਕਦਾ ਸੀ।”

      ਜਦੋਂ ਅਨਟੋਨੀਆ ਨੂੰ ਪੁੱਛਿਆ ਗਿਆ ਕਿ ਉਸ ਨੇ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਬਾਰੇ ਅਤੇ ਸਹੀ-ਗ਼ਲਤ ਦੀ ਸਿੱਖਿਆ ਦੇਣ ਲਈ ਕੀ ਕੀਤਾ, ਤਾਂ ਉਸ ਨੇ ਦੱਸਿਆ: “ਮੈਂ ਉਨ੍ਹਾਂ ਨੂੰ ਬਾਈਬਲ ਦੀਆਂ ਕਹਾਣੀਆਂ ਸਿਖਾਈਆਂ। ਮੇਰੀ ਕੁੜੀ ਜਦੋਂ ਅਜੇ ਬੋਲਣਾ ਵੀ ਨਹੀਂ ਜਾਣਦੀ ਸੀ, ਉਹ ਹਾਵ-ਭਾਵਾਂ ਨਾਲ ਬਾਈਬਲ ਦੀਆਂ ਕਹਾਣੀਆਂ ਦੱਸ ਦਿੰਦੀ ਸੀ। ਮੁੰਡਾ ਮੇਰਾ ਅਜੇ ਚਾਰ ਸਾਲ ਦਾ ਸੀ ਜਦੋਂ ਉਸ ਨੇ ਮੀਟਿੰਗ ਵਿਚ ਪਹਿਲੀ ਵਾਰ ਬਾਈਬਲ-ਰੀਡਿੰਗ ਕੀਤੀ।” ਘੱਟ ਪੜ੍ਹੀਆਂ-ਲਿਖੀਆਂ ਬਹੁਤ ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਵਿਚ ਆਉਂਦੀਆਂ ਸਮੱਸਿਆਵਾਂ ਦਾ ਡੱਟ ਕੇ ਮੁਕਾਬਲਾ ਕਰ ਰਹੀਆਂ ਹਨ।

      ਨੁਕਸਾਨਦੇਹ ਰੀਤਾਂ ਦਾ ਵਿਰੋਧ ਕਰਨਾ

      ਮੈਕਸੀਕੋ ਵਿਚ ਟਸੌਟਸੀਲ ਲੋਕਾਂ ਦੀ ਰੀਤ ਹੈ ਕਿ ਉਹ 12-13 ਸਾਲਾਂ ਦੀਆਂ ਆਪਣੀਆਂ ਧੀਆਂ ਨੂੰ ਵਿਆਹ ਵਿਚ ਵੇਚ ਦਿੰਦੇ ਹਨ। ਕੁੜੀਆਂ ਨੂੰ ਅਕਸਰ ਉਨ੍ਹਾਂ ਤੋਂ ਕਈ ਸਾਲ ਵੱਡੇ ਆਦਮੀਆਂ ਨੂੰ ਵੇਚਿਆ ਜਾਂਦਾ ਹੈ ਜੋ ਦੂਜੀ ਜਾਂ ਤੀਜੀ ਪਤਨੀ ਦੀ ਤਲਾਸ਼ ਵਿਚ ਹੁੰਦੇ ਹਨ। ਜੇ ਵਿਆਹ ਤੋਂ ਬਾਅਦ ਆਦਮੀ ਕੁੜੀ ਤੋਂ ਖ਼ੁਸ਼ ਨਹੀਂ ਹੁੰਦਾ, ਤਾਂ ਉਹ ਕੁੜੀ ਮੋੜ ਕੇ ਆਪਣੇ ਪੈਸੇ ਵਾਪਸ ਲੈ ਸਕਦਾ ਹੈ। ਬਚਪਨ ਵਿਚ ਪੈੱਟਰੋਨਾ ਨੂੰ ਇਸ ਰੀਤ ਦਾ ਸਾਮ੍ਹਣਾ ਕਰਨਾ ਪਿਆ ਸੀ। ਉਸ ਦੀ ਮਾਂ ਨੂੰ ਪਤਨੀ ਦੇ ਤੌਰ ਤੇ ਵੇਚਿਆ ਗਿਆ ਸੀ ਤੇ ਇਕ ਬੱਚੇ ਦੇ ਜਨਮ ਤੋਂ ਬਾਅਦ ਉਸ ਨੂੰ ਤਲਾਕ ਦੇ ਦਿੱਤਾ ਗਿਆ। ਉਦੋਂ ਉਹ ਸਿਰਫ਼ ਤੇਰਾਂ ਸਾਲ ਦੀ ਸੀ! ਉਸ ਦਾ ਪਹਿਲਾ ਬੱਚਾ ਮਰ ਗਿਆ ਤੇ ਬਾਅਦ ਵਿਚ ਉਸ ਨੂੰ ਦੋ ਵਾਰ ਹੋਰ ਵੇਚਿਆ ਗਿਆ। ਕੁੱਲ ਮਿਲਾ ਕੇ ਪੈੱਟਰੋਨਾ ਦੀ ਮਾਂ ਦੇ ਅੱਠ ਬੱਚੇ ਪੈਦਾ ਹੋਏ।

      ਪੈੱਟਰੋਨਾ ਇਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਜੀਉਣਾ ਚਾਹੁੰਦੀ ਸੀ। ਉਹ ਦੱਸਦੀ ਹੈ ਕਿ ਉਹ ਇੱਦਾਂ ਕਿਵੇਂ ਕਰ ਸਕੀ: “ਜਦੋਂ ਮੈਂ ਛੋਟੇ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ, ਤਾਂ ਮੈਂ ਆਪਣੇ ਮਾਤਾ ਜੀ ਨੂੰ ਕਿਹਾ ਕਿ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ, ਮੈਂ ਅੱਗੋਂ ਪੜ੍ਹਨਾ ਚਾਹੁੰਦੀ ਹਾਂ। ਮਾਤਾ ਜੀ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਕੁਝ ਨਹੀਂ ਕਰ ਸਕਦੇ ਤੇ ਮੈਂ ਆਪਣੇ ਪਿਤਾ ਜੀ ਨਾਲ ਗੱਲ ਕਰਾਂ।”

      “ਮੈਂ ਤਾਂ ਤੇਰਾ ਵਿਆਹ ਕਰਨਾ ਹੀ ਹੈ,” ਪਿਤਾ ਜੀ ਨੇ ਮੈਨੂੰ ਕਿਹਾ। “ਤੂੰ ਸਪੈਨਿਸ਼ ਬੋਲ ਲੈਂਦੀ ਹੈ। ਤੈਨੂੰ ਪੜ੍ਹਨਾ ਆਉਂਦਾ ਹੈ। ਹੋਰ ਤੈਨੂੰ ਕੀ ਚਾਹੀਦਾ? ਜੇ ਤੂੰ ਪੜ੍ਹਾਈ ਕਰਨੀ ਚਾਹੁੰਦੀ ਹੈ, ਤਾਂ ਆਪਣੀ ਪੜ੍ਹਾਈ ਦਾ ਖ਼ਰਚ ਖ਼ੁਦ ਚੁੱਕ।”

      “ਸੋ ਮੈਂ ਇੱਦਾਂ ਹੀ ਕੀਤਾ,” ਪੈੱਟਰੋਨਾ ਕਹਿੰਦੀ ਹੈ। “ਮੈਂ ਕਢਾਈ ਦਾ ਕੰਮ ਕਰ ਕੇ ਆਪਣੇ ਖ਼ਰਚੇ ਪੂਰੇ ਕਰਦੀ ਸੀ।” ਇਸ ਤਰ੍ਹਾਂ ਉਹ ਵਿਕਣ ਤੋਂ ਬਚ ਗਈ। ਪੈੱਟਰੋਨਾ ਦੇ ਵੱਡੀ ਹੋਣ ਤੋਂ ਬਾਅਦ ਉਸ ਦੀ ਮਾਂ ਬਾਈਬਲ ਦੀ ਸਟੱਡੀ ਕਰਨ ਲੱਗ ਪਈ। ਇਸ ਨਾਲ ਉਸ ਨੂੰ ਹਿੰਮਤ ਮਿਲੀ ਕਿ ਉਹ ਪੈੱਟਰੋਨਾ ਦੀਆਂ ਛੋਟੀਆਂ ਭੈਣਾਂ ਦੇ ਦਿਲਾਂ ਵਿਚ ਵੀ ਬਾਈਬਲ ਦੇ ਅਸੂਲ ਬਿਠਾਵੇ। ਆਪਣੇ ਖ਼ੁਦ ਦੇ ਤਜਰਬੇ ਤੋਂ ਉਹ ਆਪਣੀਆਂ ਧੀਆਂ ਨੂੰ ਸਿਖਾ ਸਕੀ ਕਿ ਛੋਟੀ ਉਮਰ ਵਿਚ ਕੁੜੀਆਂ ਨੂੰ ਵਿਆਹ ਵਿਚ ਵੇਚਣ ਦੀ ਰੀਤ ਦੇ ਬੜੇ ਦੁਖਦਾਈ ਨਤੀਜੇ ਨਿਕਲਦੇ ਹਨ।

      ਬਹੁਤ ਸਾਰੇ ਲੋਕਾਂ ਵਿਚ ਇਕ ਹੋਰ ਰੀਤ ਪ੍ਰਚਲਿਤ ਹੈ। ਉਹ ਇਹ ਹੈ ਕਿ ਪਰਿਵਾਰ ਵਿਚ ਪੁੱਤਰਾਂ ਨੂੰ ਅਨੁਸ਼ਾਸਨ ਸਿਰਫ਼ ਪਿਤਾ ਹੀ ਦਿੰਦੇ ਹਨ। ਪੈੱਟਰੋਨਾ ਦੱਸਦੀ ਹੈ: “ਟਸੌਟਸੀਲ ਤੀਵੀਆਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਮਰਦਾਂ ਤੋਂ ਨੀਵੀਆਂ ਹਨ। ਆਦਮੀ ਬਹੁਤ ਰੋਹਬ ਜਮਾਉਂਦੇ ਹਨ। ਛੋਟੇ-ਛੋਟੇ ਮੁੰਡੇ ਆਪਣੇ ਪਿਤਾਵਾਂ ਦੀ ਨਕਲ ਕਰਦਿਆਂ ਆਪਣੀਆਂ ਮਾਵਾਂ ਨੂੰ ਕਹਿੰਦੇ ਹਨ: ‘ਇਹ ਦੱਸਣਾ ਤੇਰਾ ਕੰਮ ਨਹੀਂ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ। ਮੈਂ ਤਦ ਹੀ ਕਹਿਣਾ ਮੰਨਾਂਗਾ ਜੇ ਪਿਤਾ ਜੀ ਮੈਨੂੰ ਕਹਿਣਗੇ।’ ਇਸ ਤਰ੍ਹਾਂ ਮਾਵਾਂ ਆਪਣੇ ਪੁੱਤਰਾਂ ਨੂੰ ਸਿੱਖਿਆ ਨਹੀਂ ਦੇ ਸਕਦੀਆਂ। ਪਰ ਮੇਰੇ ਮਾਤਾ ਜੀ ਨੇ ਬਾਈਬਲ ਦੀ ਸਟੱਡੀ ਕੀਤੀ ਹੈ ਤੇ ਉਹ ਮੇਰੇ ਭਰਾਵਾਂ ਨੂੰ ਸਿਖਾਉਣ ਵਿਚ ਕਾਮਯਾਬ ਰਹੇ ਹਨ। ਮੇਰੇ ਭਰਾਵਾਂ ਨੇ ਅਫ਼ਸੀਆਂ 6:1, 2 ਨੂੰ ਦਿਲੋਂ ਮੰਨਿਆ ਹੈ: ‘ਹੇ ਬਾਲਕੋ, ਆਪਣੇ ਮਾਪਿਆਂ ਦੇ ਆਗਿਆਕਾਰ ਰਹੋ। ਆਪਣੇ ਮਾਂ ਪਿਉ ਦਾ ਆਦਰ ਕਰੋ।’”

      ਨਾਈਜੀਰੀਆ ਵਿਚ ਮੈਰੀ ਵੀ ਕਹਿੰਦੀ ਹੈ: “ਮੈਂ ਜਿਸ ਖੇਤਰ ਵਿਚ ਪੈਦਾ ਹੋਈ ਹਾਂ, ਉੱਥੇ ਦੇ ਸਭਿਆਚਾਰ ਅਨੁਸਾਰ ਮਾਂ ਨੂੰ ਇਜਾਜ਼ਤ ਨਹੀਂ ਹੈ ਕਿ ਉਹ ਮੁੰਡਿਆਂ ਨੂੰ ਸਿਖਾਵੇ ਜਾਂ ਅਨੁਸ਼ਾਸਨ ਦੇਵੇ। ਪਰ ਮੈਂ ਬਾਈਬਲ ਵਿਚ ਤਿਮੋਥਿਉਸ ਦੀ ਨਾਨੀ ਲੋਇਸ ਅਤੇ ਮਾਤਾ ਯੂਨੀਕਾ ਦੀ ਦਿੱਤੀ ਮਿਸਾਲ ਤੇ ਚੱਲੀ। ਮੈਂ ਪੱਕਾ ਇਰਾਦਾ ਕੀਤਾ ਕਿ ਮੈਂ ਆਪਣੇ ਪੁੱਤਰਾਂ ਨੂੰ ਸਿੱਖਿਆ ਦੇਣ ਵਿਚ ਰੀਤੀ-ਰਿਵਾਜਾਂ ਨੂੰ ਰੁਕਾਵਟ ਨਹੀਂ ਬਣਨ ਦਿਆਂਗੀ।”—2 ਤਿਮੋਥਿਉਸ 1:5.

      ਕੁਝ ਦੇਸ਼ਾਂ ਵਿਚ ਇਕ ਹੋਰ ਰੀਤ ਪ੍ਰਚਲਿਤ ਹੈ। ਉਹ ਹੈ “ਕੁੜੀਆਂ ਦੀ ਸੁੰਨਤ।” ਓਪਰੇਸ਼ਨ ਕਰ ਕੇ ਕੁੜੀ ਦੇ ਜਣਨ-ਅੰਗਾਂ ਦਾ ਥੋੜ੍ਹਾ ਜਾਂ ਪੂਰੇ ਦਾ ਪੂਰਾ ਬਾਹਰੀ ਹਿੱਸਾ ਕੱਟ ਕੇ ਹਟਾ ਦਿੱਤਾ ਜਾਂਦਾ ਹੈ। ਇਸ ਨੂੰ FGM (female genital mutilation) ਕਿਹਾ ਜਾਂਦਾ ਹੈ। ਇਸ ਰੀਤ ਬਾਰੇ ਵੌਰਿਸ ਡੀਰੀ ਨੇ ਜਾਣਕਾਰੀ ਛਾਪੀ ਸੀ ਜੋ ਪ੍ਰਸਿੱਧ ਫ਼ੈਸ਼ਨ ਮਾਡਲ ਤੇ ਸੰਯੁਕਤ ਰਾਸ਼ਟਰ ਆਬਾਦੀ ਫ਼ੰਡ ਨਾਂ ਦੇ ਸੰਗਠਨ ਦੀ ਖ਼ਾਸ ਪ੍ਰਤਿਨਿਧ ਹੈ। ਸੋਮਾਲੀ ਰੀਤ ਅਨੁਸਾਰ ਉਸ ਦੀ ਮਾਂ ਨੇ ਉਸ ਦੇ ਜਣਨ-ਅੰਗਾਂ ਨੂੰ ਕਟਵਾ ਦਿੱਤਾ ਸੀ। ਇਕ ਰਿਪੋਰਟ ਅਨੁਸਾਰ ਮੱਧ ਪੂਰਬੀ ਦੇਸ਼ਾਂ ਅਤੇ ਅਫ਼ਰੀਕਾ ਦੀਆਂ ਅੱਸੀ ਲੱਖ ਤੋਂ ਇਕ ਕਰੋੜ ਦੇ ਵਿਚਕਾਰ ਔਰਤਾਂ ਤੇ ਬੱਚੀਆਂ ਇਸ ਰੀਤ ਦਾ ਸ਼ਿਕਾਰ ਹੋਣ ਦੇ ਖ਼ਤਰੇ ਵਿਚ ਹਨ। ਅਮਰੀਕਾ ਵਿਚ ਵੀ ਅੰਦਾਜ਼ਨ 10,000 ਕੁੜੀਆਂ ਉੱਤੇ ਇਹ ਖ਼ਤਰਾ ਮੰਡਰਾ ਰਿਹਾ ਹੈ।

      ਕਿਨ੍ਹਾਂ ਵਿਸ਼ਵਾਸਾਂ ਨੇ ਇਸ ਰੀਤ ਨੂੰ ਜਨਮ ਦਿੱਤਾ? ਕੁਝ ਸੋਚਦੇ ਹਨ ਕਿ ਔਰਤਾਂ ਦੇ ਜਣਨ-ਅੰਗ ਪਾਪ ਦੀ ਜੜ੍ਹ ਹਨ ਅਤੇ ਇਹ ਕੁੜੀਆਂ ਨੂੰ ਅਸ਼ੁੱਧ ਕਰਦੇ ਹਨ ਜਿਸ ਕਰਕੇ ਉਹ ਵਿਆਹ ਦੇ ਕਾਬਲ ਨਹੀਂ ਰਹਿੰਦੀਆਂ। ਇਸ ਤੋਂ ਇਲਾਵਾ, ਮੰਨਿਆ ਜਾਂਦਾ ਹੈ ਕਿ ਜਣਨ-ਅੰਗ ਕੱਟਣ ਨਾਲ ਬੱਚੀ ਪਾਕ ਤੇ ਵਫ਼ਾਦਾਰ ਰਹੇਗੀ। ਜੇ ਮਾਂ ਨੇ ਇਹ ਰੀਤ ਨਾ ਨਿਭਾਈ, ਤਾਂ ਉਸ ਨੂੰ ਆਪਣੇ ਪਤੀ ਜਾਂ ਸਮਾਜ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ।

      ਪਰ ਕਈ ਮਾਵਾਂ ਸਮਝ ਗਈਆਂ ਹਨ ਕਿ ਇਸ ਦੁਖਦਾਈ ਰੀਤ ਨੂੰ ਸਹੀ ਠਹਿਰਾਉਣ ਵਾਲਾ ਕੋਈ ਵੀ ਧਾਰਮਿਕ, ਡਾਕਟਰੀ ਜਾਂ ਵਿਗਿਆਨਕ ਆਧਾਰ ਨਹੀਂ ਹੈ। ਨਾਈਜੀਰੀਆ ਦੀ ਇਕ ਕਿਤਾਬ ਘਿਣਾਉਣੀਆਂ ਰੀਤਾਂ ਨੂੰ ਠੁਕਰਾਉਣਾ (ਅੰਗ੍ਰੇਜ਼ੀ) ਦੱਸਦੀ ਹੈ ਕਿ ਬਹੁਤ ਸਾਰੀਆਂ ਮਾਵਾਂ ਨੇ ਹਿੰਮਤ ਨਾਲ ਇਸ ਰੀਤ ਨੂੰ ਠੁਕਰਾ ਕੇ ਆਪਣੀਆਂ ਧੀਆਂ ਨੂੰ ਇਸ ਦਾ ਸ਼ਿਕਾਰ ਹੋਣ ਤੋਂ ਬਚਾਇਆ ਹੈ।

      ਜੀ ਹਾਂ, ਦੁਨੀਆਂ ਭਰ ਵਿਚ ਕਈ ਸਮੱਸਿਆਵਾਂ ਦੇ ਬਾਵਜੂਦ ਬਹੁਤ ਸਾਰੀਆਂ ਮਾਵਾਂ ਆਪਣੇ ਬੱਚਿਆਂ ਦੀ ਰਾਖੀ ਕਰਨ ਤੇ ਉਨ੍ਹਾਂ ਨੂੰ ਸਿੱਖਿਆ ਦੇਣ ਵਿਚ ਸਫ਼ਲ ਹੋ ਰਹੀਆਂ ਹਨ। ਕੀ ਉਨ੍ਹਾਂ ਦੇ ਇਨ੍ਹਾਂ ਜਤਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ? (g05 2/22)

      [ਸਫ਼ੇ 5 ਉੱਤੇ ਡੱਬੀ/​ਤਸਵੀਰ]

      “ਬਹੁਤ ਸਾਰੇ ਅਧਿਐਨਾਂ ਨੇ ਦਿਖਾਇਆ ਹੈ ਕਿ ਔਰਤਾਂ ਨੇ ਸਮਾਜ ਦੇ ਹਰ ਖੇਤਰ ਦੀ ਤਰੱਕੀ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਜਦ ਔਰਤਾਂ ਜੀ-ਜਾਨ ਨਾਲ ਕੰਮ ਕਰਦੀਆਂ ਹਨ, ਤਾਂ ਇਸ ਦੇ ਫ਼ਾਇਦੇ ਤੁਰੰਤ ਦੇਖੇ ਜਾ ਸਕਦੇ ਹਨ: ਪਰਿਵਾਰ ਸਿਹਤਮੰਦ ਹੁੰਦੇ ਹਨ ਤੇ ਚੰਗਾ ਖਾਂਦੇ-ਪੀਂਦੇ ਹਨ; ਉਨ੍ਹਾਂ ਦੀ ਆਮਦਨ, ਜੋੜਿਆ ਧਨ ਅਤੇ ਕਿਸੇ ਕੰਮ ਵਿਚ ਲਾਇਆ ਪੈਸਾ ਵਧਦਾ ਹੈ। ਇਹ ਸਿਰਫ਼ ਪਰਿਵਾਰਾਂ ਬਾਰੇ ਹੀ ਸੱਚ ਨਹੀਂ ਹੈ, ਸਗੋਂ ਸਮਾਜਾਂ ਅਤੇ ਸਮੁੱਚੇ ਦੇਸ਼ਾਂ ਬਾਰੇ ਵੀ ਸੱਚ ਹੈ।”—ਯੂ. ਐੱਨ. ਸੈਕਟਰੀ-ਜਨਰਲ ਕੋਫੀ ਆਨਾਨ, 8 ਮਾਰਚ 2003.

      [ਕ੍ਰੈਡਿਟ ਲਾਈਨ]

      UN/DPI photo by Milton Grant

      [ਸਫ਼ੇ 8 ਉੱਤੇ ਡੱਬੀ/​ਤਸਵੀਰਾਂ]

      ਉਸ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ

      ਇਕ ਬ੍ਰਾਜ਼ੀਲੀ ਨੌਜਵਾਨ ਜੂਲੀਆਨੋ ਕਹਿੰਦਾ ਹੈ: “ਜਦ ਮੈਂ ਪੰਜਾਂ ਸਾਲਾਂ ਦਾ ਸੀ, ਤਾਂ ਮੇਰੇ ਮਾਤਾ ਜੀ ਬਹੁਤ ਵਧੀਆ ਨੌਕਰੀ ਕਰਦੇ ਸਨ। ਮੇਰੀ ਭੈਣ ਦੇ ਪੈਦਾ ਹੋਣ ਤੇ ਮੇਰੇ ਮਾਤਾ ਜੀ ਨੇ ਨੌਕਰੀ ਛੱਡਣ ਦਾ ਫ਼ੈਸਲਾ ਕੀਤਾ ਤਾਂਕਿ ਉਹ ਸਾਡੀ ਦੇਖ-ਭਾਲ ਕਰ ਸਕਣ। ਉਨ੍ਹਾਂ ਦੀ ਕੰਪਨੀ ਦੇ ਸਲਾਹਕਾਰਾਂ ਨੇ ਮਾਤਾ ਜੀ ਨੂੰ ਨੌਕਰੀ ਨਾ ਛੱਡਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦਾ ਵਿਆਹ ਹੋਣ ਤੇ ਬੱਚੇ ਘਰ ਛੱਡ ਜਾਣਗੇ ਤੇ ਇਸ ਤਰ੍ਹਾਂ ਮਾਤਾ ਜੀ ਦਾ ਸਭ ਕੀਤਾ-ਕਰਾਇਆ ਖੂਹ ਵਿਚ ਪੈ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਅਜਿਹਾ ਕੰਮ ਕਰਨ ਜਾ ਰਹੀ ਸੀ ਜਿਸ ਦਾ ਉਸ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। ਪਰ ਮੈਂ ਕਹਿ ਸਕਦਾ ਹਾਂ ਕਿ ਉਹ ਗ਼ਲਤ ਸਨ। ਮੈਂ ਆਪਣੇ ਮਾਤਾ ਜੀ ਦੇ ਪਿਆਰ ਨੂੰ ਕਦੇ ਨਹੀਂ ਭੁੱਲਾਂਗਾ।”

      [ਤਸਵੀਰਾਂ]

      ਜੂਲੀਆਨੋ ਦੀ ਮਾਂ ਆਪਣੇ ਬੱਚਿਆਂ ਨਾਲ; ਖੱਬੇ ਪਾਸੇ: ਜੂਲੀਆਨੋ ਜਦ ਉਹ ਪੰਜਾਂ ਸਾਲਾਂ ਦਾ ਸੀ

      [ਸਫ਼ੇ 6 ਉੱਤੇ ਤਸਵੀਰ]

      ਬਿਸ਼ਨੂ ਨੇ ਪੜ੍ਹਨਾ-ਲਿਖਣਾ ਸਿੱਖਿਆ ਅਤੇ ਫਿਰ ਆਪਣੇ ਪੁੱਤਰਾਂ ਨੂੰ ਚੰਗੀ ਤਰ੍ਹਾਂ ਪੜ੍ਹਾਇਆ-ਲਿਖਾਇਆ

      [ਸਫ਼ੇ 7 ਉੱਤੇ ਤਸਵੀਰ]

      ਅਨਟੋਨੀਆ ਦਾ ਪੁੱਤਰ ਮੀਟਿੰਗਾਂ ਵਿਚ ਬਾਈਬਲ-ਰੀਡਿੰਗ ਕਰਦਾ ਹੈ

      [ਸਫ਼ੇ 7 ਉੱਤੇ ਤਸਵੀਰ]

      ਪੈੱਟਰੋਨਾ ਯਹੋਵਾਹ ਦੇ ਗਵਾਹਾਂ ਦੀ ਮੈਕਸੀਕੋ ਬ੍ਰਾਂਚ ਵਿਚ ਸੇਵਾ ਕਰਦੀ ਹੈ। ਉਸ ਦੀ ਮਾਂ ਗਵਾਹ ਬਣਨ ਤੋਂ ਬਾਅਦ ਪੈੱਟਰੋਨਾ ਦੇ ਛੋਟੇ ਭੈਣ-ਭਰਾਵਾਂ ਨੂੰ ਸਿੱਖਿਆ ਦਿੰਦੀ ਹੈ

      [ਸਫ਼ੇ 8 ਉੱਤੇ ਤਸਵੀਰ]

      ਵੌਰਿਸ ਡੀਰੀ ਔਰਤਾਂ ਦੀ ਸੁੰਨਤ ਵਿਰੁੱਧ ਆਵਾਜ਼ ਉਠਾਉਣ ਵਾਲੀ ਪ੍ਰਸਿੱਧ ਔਰਤ ਹੈ

      [ਕ੍ਰੈਡਿਟ ਲਾਈਨ]

      Photo by Sean Gallup/ Getty Images

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ