-
ਅਸੀਂ ਅਸੈਂਬਲੀਆਂ ਵਿਚ ਕਿਉਂ ਜਾਂਦੇ ਹਾਂ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 11
ਅਸੀਂ ਅਸੈਂਬਲੀਆਂ ਵਿਚ ਕਿਉਂ ਜਾਂਦੇ ਹਾਂ?
ਮੈਕਸੀਕੋ
ਜਰਮਨੀ
ਬਾਤਸਵਾਨਾ
ਨਿਕਾਰਾਗੁਆ
ਇਟਲੀ
ਇਨ੍ਹਾਂ ਲੋਕਾਂ ਦੇ ਚਿਹਰਿਆਂ ʼਤੇ ਇੰਨੀ ਖ਼ੁਸ਼ੀ ਕਿਉਂ ਹੈ? ਉਹ ਯਹੋਵਾਹ ਦੇ ਗਵਾਹਾਂ ਦੀ ਇਕ ਅਸੈਂਬਲੀ ਵਿਚ ਇਕੱਠੇ ਹੋਏ ਹਨ। ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਦੇ ਸੇਵਕਾਂ ਨੂੰ ਸਾਲ ਵਿਚ ਤਿੰਨ ਵਾਰ ਇਕੱਠੇ ਹੋਣ ਲਈ ਕਿਹਾ ਗਿਆ ਸੀ। ਉਨ੍ਹਾਂ ਵਾਂਗ ਅਸੀਂ ਵੀ ਭਗਤੀ ਲਈ ਆਪਣੇ ਭੈਣਾਂ-ਭਰਾਵਾਂ ਨਾਲ ਇਕੱਠੇ ਹੋ ਕੇ ਖ਼ੁਸ਼ ਹੁੰਦੇ ਹਾਂ। (ਬਿਵਸਥਾ ਸਾਰ 16:16) ਸਾਲ ਵਿਚ ਤਿੰਨ ਖ਼ਾਸ ਮੌਕਿਆਂ ਤੇ ਅਸੀਂ ਇਕੱਠੇ ਹੁੰਦੇ ਹਾਂ, ਉਹ ਹਨ: ਇਕ-ਇਕ ਦਿਨ ਦੀਆਂ ਦੋ ਸਰਕਟ ਅਸੈਂਬਲੀਆਂ ਅਤੇ ਤਿੰਨ ਦਿਨ ਦਾ ਵੱਡਾ ਸੰਮੇਲਨ। ਇਨ੍ਹਾਂ ਵਿਚ ਜਾ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
ਇਹ ਸਾਡੇ ਮਸੀਹੀ ਭਾਈਚਾਰੇ ਨੂੰ ਮਜ਼ਬੂਤ ਕਰਦੀਆਂ ਹਨ। ਜਿਵੇਂ ਇਜ਼ਰਾਈਲੀ “ਸੰਗਤਾਂ ਵਿੱਚ” ਯਹੋਵਾਹ ਦੀ ਮਹਿਮਾ ਕਰ ਕੇ ਖ਼ੁਸ਼ ਹੁੰਦੇ ਸਨ, ਇਸੇ ਤਰ੍ਹਾਂ ਅਸੀਂ ਵੀ ਇਨ੍ਹਾਂ ਖ਼ਾਸ ਮੌਕਿਆਂ ਤੇ ਉਸ ਦੀ ਭਗਤੀ ਕਰ ਕੇ ਖ਼ੁਸ਼ ਹੁੰਦੇ ਹਾਂ। (ਜ਼ਬੂਰਾਂ ਦੀ ਪੋਥੀ 26:12; 111:1) ਇਨ੍ਹਾਂ ਅਸੈਂਬਲੀਆਂ ਵਿਚ ਸਾਨੂੰ ਹੋਰਨਾਂ ਮੰਡਲੀਆਂ ਜਾਂ ਹੋਰਨਾਂ ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਦੁਪਹਿਰ ਨੂੰ ਅਸੀਂ ਇਕੱਠੇ ਖਾਣਾ ਖਾਂਦੇ ਹਾਂ ਜਿਸ ਦੌਰਾਨ ਅਸੀਂ ਇਕ-ਦੂਜੇ ਦੀ ਸੰਗਤ ਦਾ ਆਨੰਦ ਮਾਣਦੇ ਹਾਂ। (ਰਸੂਲਾਂ ਦੇ ਕੰਮ 2:42) ਇਨ੍ਹਾਂ ਅਸੈਂਬਲੀਆਂ ਵਿਚ ਅਸੀਂ ਆਪਣੀ ਅੱਖੀਂ ਦੇਖ ਸਕਦੇ ਹਾਂ ਕਿ ਸਾਰੇ ਭੈਣਾਂ-ਭਰਾਵਾਂ ਵਿਚ ਕਿੰਨਾ ਪਿਆਰ ਹੈ।—1 ਪਤਰਸ 2:17.
ਇਹ ਸਾਡੀ ਨਿਹਚਾ ਮਜ਼ਬੂਤ ਕਰਦੀਆਂ ਹਨ। ਜਦੋਂ ਇਜ਼ਰਾਈਲੀਆਂ ਨੂੰ ਧਰਮ-ਗ੍ਰੰਥ ਵਿੱਚੋਂ ਗੱਲਾਂ ਸਮਝਾਈਆਂ ਗਈਆਂ ਸਨ, ਤਾਂ ਉਨ੍ਹਾਂ ਨੂੰ ਇਸ ਦਾ ਬਹੁਤ ਫ਼ਾਇਦਾ ਹੋਇਆ। (ਨਹਮਯਾਹ 8:8, 12) ਅਸੀਂ ਵੀ ਅਸੈਂਬਲੀਆਂ ਵਿਚ ਦਿੱਤੀ ਜਾਂਦੀ ਬਾਈਬਲ ਦੀ ਸਿੱਖਿਆ ਦੀ ਕਦਰ ਕਰਦੇ ਹਾਂ। ਹਰ ਪ੍ਰੋਗ੍ਰਾਮ ਬਾਈਬਲ ਦੀ ਕਿਸੇ ਆਇਤ ʼਤੇ ਆਧਾਰਿਤ ਹੁੰਦਾ ਹੈ। ਵਧੀਆ ਭਾਸ਼ਣਾਂ, ਭਾਸ਼ਣ-ਲੜੀਆਂ ਅਤੇ ਪ੍ਰਦਰਸ਼ਨਾਂ ਰਾਹੀਂ ਸਾਨੂੰ ਸਿਖਾਇਆ ਜਾਂਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਕਿਵੇਂ ਪੂਰੀ ਕਰ ਸਕਦੇ ਹਾਂ। ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਦੇ ਤਜਰਬੇ ਸੁਣ ਕੇ ਹੌਸਲਾ ਮਿਲਦਾ ਹੈ ਜੋ ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਯਿਸੂ ਦੇ ਚੇਲੇ ਹੋਣ ਕਰਕੇ ਮੁਸ਼ਕਲਾਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਰ ਰਹੇ ਹਨ। ਵੱਡੇ ਸੰਮੇਲਨਾਂ ਵਿਚ ਬਾਈਬਲ ਦੇ ਬਿਰਤਾਂਤਾਂ ਉੱਤੇ ਆਧਾਰਿਤ ਡਰਾਮੇ ਦਿਖਾਏ ਜਾਂਦੇ ਹਨ ਜਿਨ੍ਹਾਂ ਤੋਂ ਅਸੀਂ ਵਧੀਆ ਸਬਕ ਸਿੱਖਦੇ ਹਾਂ। ਜਿਹੜੇ ਲੋਕ ਆਪਣੇ ਆਪ ਨੂੰ ਪਰਮੇਸ਼ੁਰ ਦੀ ਸੇਵਾ ਲਈ ਸਮਰਪਿਤ ਕਰਦੇ ਹਨ, ਉਨ੍ਹਾਂ ਨੂੰ ਅਸੈਂਬਲੀ ਵਿਚ ਬਪਤਿਸਮਾ ਦਿੱਤਾ ਜਾਂਦਾ ਹੈ।
ਅਸੈਂਬਲੀਆਂ ਤੇ ਸੰਮੇਲਨ ਖ਼ੁਸ਼ੀ ਦੇ ਮੌਕੇ ਕਿਉਂ ਹਨ?
ਅਸੈਂਬਲੀ ਵਿਚ ਜਾ ਕੇ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?
-
-
ਰਾਜ ਦਾ ਪ੍ਰਚਾਰ ਕਿਵੇਂ ਕੀਤਾ ਜਾਂਦਾ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 12
ਰਾਜ ਦਾ ਪ੍ਰਚਾਰ ਕਿਵੇਂ ਕੀਤਾ ਜਾਂਦਾ ਹੈ?
ਸਪੇਨ
ਬੈਲਾਰੁਸ
ਹਾਂਗ ਕਾਂਗ
ਪੀਰੂ
ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਯਿਸੂ ਨੇ ਕਿਹਾ ਸੀ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।” (ਮੱਤੀ 24:14) ਪਰ ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਕਿਵੇਂ ਕੀਤਾ ਜਾਣਾ ਸੀ? ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਉਸ ਨੇ ਆਪ ਪ੍ਰਚਾਰ ਕਰ ਕੇ ਦਿਖਾਇਆ ਕਿ ਇਹ ਕੰਮ ਕਿੱਦਾਂ ਕਰਨਾ ਹੈ।—ਲੂਕਾ 8:1.
ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ। ਯਿਸੂ ਨੇ ਆਪਣੇ ਚੇਲਿਆਂ ਨੂੰ ਘਰ-ਘਰ ਪ੍ਰਚਾਰ ਕਰਨ ਦੀ ਸਿਖਲਾਈ ਦਿੱਤੀ ਸੀ। (ਮੱਤੀ 10:11-13; ਰਸੂਲਾਂ ਦੇ ਕੰਮ 5:42; 20:20) ਪਹਿਲੀ ਸਦੀ ਵਿਚ ਉਨ੍ਹਾਂ ਪ੍ਰਚਾਰਕਾਂ ਨੂੰ ਖ਼ਾਸ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਭੇਜਿਆ ਗਿਆ ਸੀ। (ਮੱਤੀ 10:5, 6; 2 ਕੁਰਿੰਥੀਆਂ 10:13) ਅੱਜ ਵੀ ਪ੍ਰਚਾਰ ਕਰਨ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਅਤੇ ਹਰੇਕ ਮੰਡਲੀ ਨੂੰ ਪ੍ਰਚਾਰ ਕਰਨ ਲਈ ਇਲਾਕਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਅਸੀਂ ‘ਲੋਕਾਂ ਨੂੰ ਚੰਗੀ ਤਰ੍ਹਾਂ ਪ੍ਰਚਾਰ ਕਰ ਕੇ’ ਯਿਸੂ ਦੇ ਹੁਕਮ ਨੂੰ ਪੂਰਾ ਕਰ ਸਕਾਂਗੇ।—ਰਸੂਲਾਂ ਦੇ ਕੰਮ 10:42.
ਸਾਨੂੰ ਜਿੱਥੇ ਵੀ ਲੋਕ ਮਿਲਦੇ ਹਨ ਅਸੀਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਯਿਸੂ ਨੇ ਵੀ ਲੋਕਾਂ ਨੂੰ ਵੱਖੋ-ਵੱਖਰੀਆਂ ਥਾਵਾਂ ʼਤੇ ਪ੍ਰਚਾਰ ਕੀਤਾ ਸੀ ਜਿਵੇਂ ਝੀਲ ਦੇ ਕੰਢੇ ਅਤੇ ਖੂਹ ʼਤੇ। (ਮਰਕੁਸ 4:1; ਯੂਹੰਨਾ 4:5-15) ਅਸੀਂ ਵੀ ਸੜਕਾਂ ʼਤੇ, ਦੁਕਾਨਾਂ ਵਿਚ, ਪਾਰਕਾਂ ਵਿਚ ਜਾਂ ਟੈਲੀਫ਼ੋਨ ʼਤੇ ਲੋਕਾਂ ਨਾਲ ਬਾਈਬਲ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨਾਲੇ ਅਸੀਂ ਆਪਣੇ ਗੁਆਂਢੀਆਂ, ਆਪਣੇ ਨਾਲ ਕੰਮ ਕਰਨ ਵਾਲਿਆਂ, ਆਪਣੇ ਸਕੂਲ ਦੇ ਵਿਦਿਆਰਥੀਆਂ ਅਤੇ ਰਿਸ਼ਤੇਦਾਰਾਂ ਨਾਲ ਵੀ ਬਾਈਬਲ ਬਾਰੇ ਗੱਲ ਕਰਨ ਦੇ ਮੌਕੇ ਭਾਲਦੇ ਹਾਂ। ਇਸ ਤਰ੍ਹਾਂ ਦੁਨੀਆਂ ਭਰ ਵਿਚ ਲੱਖਾਂ ਲੋਕਾਂ ਨੂੰ ‘ਮੁਕਤੀ ਦਾ ਪਰਚਾਰ’ ਕੀਤਾ ਜਾਂਦਾ ਹੈ।—ਜ਼ਬੂਰਾਂ ਦੀ ਪੋਥੀ 96:2.
ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਸ ਨੂੰ ਤੁਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਸਕਦੇ ਹੋ? ਜ਼ਰਾ ਸੋਚੋ ਕਿ ਇਸ ਵਧੀਆ ਸੰਦੇਸ਼ ਦਾ ਉਸ ਦੇ ਭਵਿੱਖ ʼਤੇ ਕੀ ਅਸਰ ਪਵੇਗਾ। ਖ਼ੁਸ਼ ਖ਼ਬਰੀ ਨੂੰ ਆਪਣੇ ਕੋਲ ਹੀ ਨਾ ਰੱਖੋ, ਸਗੋਂ ਜਲਦ ਤੋਂ ਜਲਦ ਇਸ ਬਾਰੇ ਹੋਰ ਲੋਕਾਂ ਨੂੰ ਦੱਸੋ!
ਕਿਹੜੀ “ਖ਼ੁਸ਼ ਖ਼ਬਰੀ” ਬਾਰੇ ਸਾਰਿਆਂ ਨੂੰ ਦੱਸਣ ਦੀ ਲੋੜ ਹੈ?
ਯਹੋਵਾਹ ਦੇ ਗਵਾਹ ਪ੍ਰਚਾਰ ਦੇ ਕੰਮ ਵਿਚ ਯਿਸੂ ਦੀ ਰੀਸ ਕਿਵੇਂ ਕਰ ਰਹੇ ਹਨ?
-
-
ਪਾਇਨੀਅਰ ਕਿਸ ਨੂੰ ਕਿਹਾ ਜਾਂਦਾ ਹੈ?ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
-
-
ਪਾਠ 13
ਪਾਇਨੀਅਰ ਕਿਸ ਨੂੰ ਕਿਹਾ ਜਾਂਦਾ ਹੈ?
ਕੈਨੇਡਾ
ਘਰ-ਘਰ ਜਾਂਦਿਆਂ
ਬਾਈਬਲ ਸਟੱਡੀ
ਨਿੱਜੀ ਸਟੱਡੀ
“ਪਾਇਨੀਅਰ” ਅਕਸਰ ਉਨ੍ਹਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜੋ ਨਵੇਂ ਇਲਾਕਿਆਂ ਵਿਚ ਜਾ ਕੇ ਖੋਜਬੀਨ ਕਰਦੇ ਹਨ ਅਤੇ ਦੂਸਰਿਆਂ ਲਈ ਵੀ ਉੱਥੇ ਜਾਣ ਦਾ ਰਾਹ ਖੋਲ੍ਹਦੇ ਹਨ। ਯਿਸੂ ਮਸੀਹ ਨੂੰ ਵੀ ਪਾਇਨੀਅਰ ਕਿਹਾ ਜਾ ਸਕਦਾ ਹੈ ਕਿਉਂਕਿ ਉਸ ਨੇ ਧਰਤੀ ਉੱਤੇ ਆ ਕੇ ਲੋਕਾਂ ਨੂੰ ਜੀਵਨ ਦੇਣ ਵਾਲਾ ਸੰਦੇਸ਼ ਸੁਣਾਇਆ ਸੀ ਅਤੇ ਉਨ੍ਹਾਂ ਲਈ ਮੁਕਤੀ ਪਾਉਣ ਦਾ ਰਾਹ ਖੋਲ੍ਹਿਆ ਸੀ। (ਮੱਤੀ 20:28) ਅੱਜ ਉਸ ਦੇ ਚੇਲੇ ਉਸ ਦੀ ਰੀਸ ਕਰਦਿਆਂ ‘ਚੇਲੇ ਬਣਾਉਣ’ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। (ਮੱਤੀ 28:19, 20) ਕਈਆਂ ਨੇ ਪਾਇਨੀਅਰ ਸੇਵਾ ਕਰਨੀ ਸ਼ੁਰੂ ਕੀਤੀ ਹੈ।
ਪਾਇਨੀਅਰ ਪੂਰਾ ਸਮਾਂ ਪ੍ਰਚਾਰ ਕਰਦੇ ਹਨ। ਯਹੋਵਾਹ ਦਾ ਹਰ ਗਵਾਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੈ। ਪਰ ਕੁਝ ਭੈਣ-ਭਰਾ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰਦੇ ਹਨ ਤਾਂਕਿ ਉਹ ਰੈਗੂਲਰ ਪਾਇਨੀਅਰ ਬਣ ਸਕਣ ਅਤੇ ਹਰ ਮਹੀਨੇ 70 ਘੰਟੇ ਪ੍ਰਚਾਰ ਕਰ ਸਕਣ। ਇਸ ਤਰ੍ਹਾਂ ਕਰਨ ਲਈ ਕਈ ਆਪਣੇ ਕੰਮ ਦੇ ਘੰਟੇ ਘਟਾ ਦਿੰਦੇ ਹਨ। ਹੋਰਨਾਂ ਭੈਣਾਂ-ਭਰਾਵਾਂ ਨੂੰ ਸਪੈਸ਼ਲ ਪਾਇਨੀਅਰ ਬਣਾਇਆ ਜਾਂਦਾ ਹੈ। ਇਹ ਭੈਣ-ਭਰਾ ਉਨ੍ਹਾਂ ਇਲਾਕਿਆਂ ਵਿਚ ਜਾ ਕੇ ਪ੍ਰਚਾਰ ਕਰਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੁੰਦੀ ਹੈ। ਉਹ ਹਰ ਮਹੀਨੇ ਤਕਰੀਬਨ 130 ਘੰਟੇ ਪ੍ਰਚਾਰ ਕਰਦੇ ਹਨ। ਇਹ ਭੈਣ-ਭਰਾ ਆਪਣੀ ਜ਼ਿੰਦਗੀ ਸਾਦੀ ਰੱਖ ਕੇ ਖ਼ੁਸ਼ ਹਨ ਕਿਉਂਕਿ ਇਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਗੁਜ਼ਾਰਾ ਤੋਰਨ ਲਈ ਯਹੋਵਾਹ ਉਨ੍ਹਾਂ ਦੀ ਮਦਦ ਕਰੇਗਾ। (ਮੱਤੀ 6:31-33; 1 ਤਿਮੋਥਿਉਸ 6:6-8) ਜਿਹੜੇ ਭੈਣ-ਭਰਾ ਰੈਗੂਲਰ ਪਾਇਨੀਅਰਿੰਗ ਨਹੀਂ ਕਰ ਸਕਦੇ, ਉਹ ਜਦੋਂ ਹੋ ਸਕੇ, ਔਗਜ਼ੀਲਰੀ ਪਾਇਨੀਅਰਾਂ ਵਜੋਂ ਸੇਵਾ ਕਰਦੇ ਹਨ ਅਤੇ ਮਹੀਨੇ ਵਿਚ 30 ਜਾਂ 50 ਘੰਟੇ ਪ੍ਰਚਾਰ ਕਰਦੇ ਹਨ।
ਪਾਇਨੀਅਰ ਪਰਮੇਸ਼ੁਰ ਅਤੇ ਲੋਕਾਂ ਨਾਲ ਪਿਆਰ ਕਰਦੇ ਹਨ। ਯਿਸੂ ਵਾਂਗ ਅਸੀਂ ਵੀ ਜਾਣਦੇ ਹਾਂ ਕਿ ਲੋਕਾਂ ਨੂੰ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਜਾਣਨ ਦੀ ਕਿੰਨੀ ਲੋੜ ਹੈ। (ਮਰਕੁਸ 6:34) ਅਸੀਂ ਉਨ੍ਹਾਂ ਨੂੰ ਅਜਿਹਾ ਗਿਆਨ ਦੇ ਸਕਦੇ ਹਾਂ ਜਿਸ ਨਾਲ ਉਨ੍ਹਾਂ ਦੀ ਹੁਣ ਮਦਦ ਹੋਵੇਗੀ ਅਤੇ ਉਨ੍ਹਾਂ ਨੂੰ ਚੰਗੇ ਭਵਿੱਖ ਲਈ ਪੱਕੀ ਉਮੀਦ ਮਿਲੇਗੀ। ਲੋਕਾਂ ਨਾਲ ਪਿਆਰ ਹੋਣ ਕਰਕੇ ਪਾਇਨੀਅਰ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੀ ਪੂਰੀ ਵਾਹ ਅਤੇ ਸਮਾਂ ਲਾਉਂਦੇ ਹਨ। (ਮੱਤੀ 22:39; 1 ਥੱਸਲੁਨੀਕੀਆਂ 2:8) ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਪਾਇਨੀਅਰਾਂ ਦੀ ਨਿਹਚਾ ਮਜ਼ਬੂਤ ਹੁੰਦੀ ਹੈ, ਪਰਮੇਸ਼ੁਰ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਪੱਕਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਬੇਅੰਤ ਖ਼ੁਸ਼ੀ ਮਿਲਦੀ ਹੈ।—ਰਸੂਲਾਂ ਦੇ ਕੰਮ 20:35.
ਪਾਇਨੀਅਰ ਕਿਸ ਨੂੰ ਕਿਹਾ ਜਾਂਦਾ ਹੈ?
ਪੂਰਾ ਸਮਾਂ ਪ੍ਰਚਾਰ ਕਰਨ ਲਈ ਪਾਇਨੀਅਰਾਂ ਨੂੰ ਕਿਹੜੀ ਗੱਲ ਪ੍ਰੇਰਿਤ ਕਰਦੀ ਹੈ?
-