-
ਅਖ਼ੀਰ ਉਨ੍ਹਾਂ ਦੇ ਘਰ ਮੁੰਡਾ ਹੋਇਆ!ਬਾਈਬਲ ਤੋਂ ਸਿੱਖੋ ਅਹਿਮ ਸਬਕ
-
-
ਪਾਠ 9
ਅਖ਼ੀਰ ਉਨ੍ਹਾਂ ਦੇ ਘਰ ਮੁੰਡਾ ਹੋਇਆ!
ਅਬਰਾਹਾਮ ਅਤੇ ਸਾਰਾਹ ਦੇ ਵਿਆਹ ਨੂੰ ਕਾਫ਼ੀ ਸਾਲ ਹੋ ਚੁੱਕੇ ਸਨ। ਉਹ ਊਰ ਸ਼ਹਿਰ ਵਿਚ ਆਪਣਾ ਸੋਹਣਾ ਘਰ ਛੱਡ ਕੇ ਚਲੇ ਗਏ ਅਤੇ ਤੰਬੂਆਂ ਵਿਚ ਰਹਿਣ ਲੱਗ ਪਏ। ਪਰ ਸਾਰਾਹ ਨੇ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਉਸ ਨੂੰ ਯਹੋਵਾਹ ʼਤੇ ਭਰੋਸਾ ਸੀ।
ਸਾਰਾਹ ਦਿਲੋਂ ਚਾਹੁੰਦੀ ਸੀ ਕਿ ਉਸ ਦੇ ਕੋਈ ਬੱਚਾ ਹੋਵੇ। ਇਸ ਲਈ ਉਸ ਨੇ ਅਬਰਾਹਾਮ ਨੂੰ ਕਿਹਾ: ‘ਜੇ ਮੇਰੀ ਨੌਕਰਾਣੀ ਹਾਜਰਾ ਦੇ ਬੱਚਾ ਹੋਵੇ, ਤਾਂ ਉਹ ਮੇਰੇ ਬੱਚੇ ਵਾਂਗ ਹੀ ਹੋਵੇਗਾ।’ ਕੁਝ ਸਮੇਂ ਬਾਅਦ ਹਾਜਰਾ ਦੇ ਮੁੰਡਾ ਹੋਇਆ। ਉਸ ਦਾ ਨਾਂ ਇਸਮਾਏਲ ਸੀ।
ਬਹੁਤ ਸਾਲਾਂ ਬਾਅਦ ਜਦੋਂ ਅਬਰਾਹਾਮ 99 ਅਤੇ ਸਾਰਾਹ 89 ਸਾਲਾਂ ਦੀ ਸੀ, ਤਾਂ ਉਨ੍ਹਾਂ ਦੇ ਘਰ ਤਿੰਨ ਪਰਾਹੁਣੇ ਆਏ। ਅਬਰਾਹਾਮ ਨੇ ਉਨ੍ਹਾਂ ਨੂੰ ਦਰਖ਼ਤ ਹੇਠਾਂ ਆਰਾਮ ਕਰਨ ਅਤੇ ਰੋਟੀ ਖਾਣ ਲਈ ਕਿਹਾ। ਕੀ ਤੁਹਾਨੂੰ ਪਤਾ ਉਹ ਤਿੰਨ ਜਣੇ ਕੌਣ ਸਨ? ਉਹ ਦੂਤ ਸਨ! ਉਨ੍ਹਾਂ ਨੇ ਅਬਰਾਹਾਮ ਨੂੰ ਕਿਹਾ: ‘ਅਗਲੇ ਸਾਲ ਇਸੇ ਸਮੇਂ ਤੇਰੇ ਘਰ ਮੁੰਡਾ ਹੋਵੇਗਾ।’ ਸਾਰਾਹ ਤੰਬੂ ਦੇ ਅੰਦਰੋਂ ਸਾਰੀ ਗੱਲ ਸੁਣ ਰਹੀ ਸੀ। ਉਹ ਆਪਣੇ ਮਨ ਵਿਚ ਹੱਸੀ ਅਤੇ ਸੋਚਣ ਲੱਗੀ: ‘ਮੇਰੇ ਮੁੰਡਾ ਕਿੱਦਾਂ ਹੋ ਸਕਦਾ? ਮੈਂ ਤਾਂ ਇੰਨੀ ਬੁੱਢੀ ਹੋ ਗਈ ਹਾਂ?’
ਅਗਲੇ ਸਾਲ ਯਹੋਵਾਹ ਦੇ ਦੂਤ ਦੇ ਕਹੇ ਅਨੁਸਾਰ ਸਾਰਾਹ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਅਬਰਾਹਾਮ ਨੇ ਉਸ ਦਾ ਨਾਂ ਇਸਹਾਕ ਰੱਖਿਆ ਜਿਸ ਦਾ ਮਤਲਬ ਸੀ “ਹਾਸਾ।”
ਜਦੋਂ ਇਸਹਾਕ ਪੰਜ ਕੁ ਸਾਲਾਂ ਦਾ ਸੀ, ਤਾਂ ਸਾਰਾਹ ਨੇ ਦੇਖਿਆ ਕਿ ਇਸਮਾਏਲ ਇਸਹਾਕ ਦਾ ਮਜ਼ਾਕ ਉਡਾ ਰਿਹਾ ਸੀ। ਉਹ ਆਪਣੇ ਮੁੰਡੇ ਨੂੰ ਬਚਾਉਣਾ ਚਾਹੁੰਦੀ ਸੀ। ਇਸ ਲਈ ਉਸ ਨੇ ਅਬਰਾਹਾਮ ਨੂੰ ਕਿਹਾ ਕਿ ਉਹ ਹਾਜਰਾ ਅਤੇ ਇਸਮਾਏਲ ਨੂੰ ਦੂਰ ਭੇਜ ਦੇਵੇ। ਪਹਿਲਾਂ ਤਾਂ ਅਬਰਾਹਾਮ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ ਸੀ। ਪਰ ਯਹੋਵਾਹ ਨੇ ਅਬਰਾਹਾਮ ਨੂੰ ਕਿਹਾ: ‘ਸਾਰਾਹ ਦੀ ਗੱਲ ਸੁਣ। ਮੈਂ ਇਸਮਾਏਲ ਦੀ ਦੇਖ-ਭਾਲ ਕਰਾਂਗਾ। ਪਰ ਮੇਰੇ ਸਾਰੇ ਵਾਅਦੇ ਇਸਹਾਕ ਰਾਹੀਂ ਪੂਰੇ ਹੋਣਗੇ।’
“ਨਿਹਚਾ ਨਾਲ ਸਾਰਾਹ ਨੇ ਗਰਭਵਤੀ ਹੋਣ ਦੀ ਸ਼ਕਤੀ ਪ੍ਰਾਪਤ ਕੀਤੀ, . . . ਕਿਉਂਕਿ ਉਸ ਨੂੰ ਭਰੋਸਾ ਸੀ ਕਿ ਵਾਅਦਾ ਕਰਨ ਵਾਲਾ ਵਫ਼ਾਦਾਰ ਹੈ।”—ਇਬਰਾਨੀਆਂ 11:11
-
-
ਲੂਤ ਦੀ ਪਤਨੀ ਨੂੰ ਯਾਦ ਰੱਖੋਬਾਈਬਲ ਤੋਂ ਸਿੱਖੋ ਅਹਿਮ ਸਬਕ
-
-
ਪਾਠ 10
ਲੂਤ ਦੀ ਪਤਨੀ ਨੂੰ ਯਾਦ ਰੱਖੋ
ਲੂਤ ਆਪਣੇ ਚਾਚੇ ਅਬਰਾਹਾਮ ਨਾਲ ਕਨਾਨ ਵਿਚ ਰਹਿੰਦਾ ਸੀ। ਹੌਲੀ-ਹੌਲੀ ਅਬਰਾਹਾਮ ਅਤੇ ਲੂਤ ਕੋਲ ਬਹੁਤ ਸਾਰੇ ਜਾਨਵਰ ਹੋ ਗਏ ਅਤੇ ਉਨ੍ਹਾਂ ਕੋਲ ਜਾਨਵਰਾਂ ਨੂੰ ਚਾਰਨ ਲਈ ਜਗ੍ਹਾ ਘੱਟ ਸੀ। ਅਬਰਾਹਾਮ ਨੇ ਲੂਤ ਨੂੰ ਕਿਹਾ: ‘ਹੁਣ ਅਸੀਂ ਇਕੱਠੇ ਇਕ ਜਗ੍ਹਾ ਨਹੀਂ ਰਹਿ ਸਕਦੇ। ਤੂੰ ਆਪਣੇ ਰਹਿਣ ਲਈ ਕੋਈ ਵੀ ਜਗ੍ਹਾ ਚੁਣ ਅਤੇ ਮੈਂ ਦੂਸਰੇ ਪਾਸੇ ਚਲਾ ਜਾਵਾਂਗਾ।’ ਅਬਰਾਹਾਮ ਨੇ ਆਪਣੇ ਬਾਰੇ ਨਹੀਂ ਸੋਚਿਆ, ਹੈਨਾ?
ਲੂਤ ਨੇ ਸਦੂਮ ਸ਼ਹਿਰ ਦੇ ਨੇੜੇ ਹੀ ਆਪਣੇ ਲਈ ਇਕ ਸੋਹਣੀ ਜਗ੍ਹਾ ਚੁਣੀ। ਉੱਥੇ ਪਾਣੀ ਅਤੇ ਘਾਹ ਦੀ ਕੋਈ ਕਮੀ ਨਹੀਂ ਸੀ। ਇਸ ਲਈ ਉਹ ਉੱਥੇ ਆਪਣੇ ਪਰਿਵਾਰ ਨਾਲ ਰਹਿਣ ਚਲਾ ਗਿਆ।
ਸਦੂਮ ਅਤੇ ਇਸ ਦੇ ਨੇੜਲੇ ਸ਼ਹਿਰ ਗਮੋਰਾ ਦੇ ਲੋਕ ਬਹੁਤ ਬੁਰੇ ਸਨ। ਦਰਅਸਲ ਉਹ ਇੰਨੇ ਬੁਰੇ ਸਨ ਕਿ ਯਹੋਵਾਹ ਨੇ ਉਨ੍ਹਾਂ ਸ਼ਹਿਰਾਂ ਨੂੰ ਨਾਸ਼ ਕਰਨ ਦਾ ਫ਼ੈਸਲਾ ਕੀਤਾ। ਪਰ ਪਰਮੇਸ਼ੁਰ ਲੂਤ ਅਤੇ ਉਸ ਦੇ ਪਰਿਵਾਰ ਨੂੰ ਬਚਾਉਣਾ ਚਾਹੁੰਦਾ ਸੀ। ਇਸ ਲਈ ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਉਸ ਨੇ ਦੋ ਦੂਤ ਭੇਜੇ: ‘ਜਲਦੀ ਕਰੋ! ਇਸ ਸ਼ਹਿਰ ਨੂੰ ਛੱਡ ਕੇ ਚਲੇ ਜਾਓ! ਯਹੋਵਾਹ ਇਸ ਸ਼ਹਿਰ ਨੂੰ ਨਾਸ਼ ਕਰਨ ਵਾਲਾ ਹੈ!’
ਲੂਤ ਉਸੇ ਵੇਲੇ ਨਹੀਂ ਭੱਜਿਆ। ਉਹ ਭੱਜਣ ਵਿਚ ਦੇਰੀ ਕਰ ਰਿਹਾ ਸੀ। ਇਸ ਲਈ ਦੂਤਾਂ ਨੇ ਲੂਤ, ਉਸ ਦੀ ਪਤਨੀ ਅਤੇ ਉਸ ਦੀਆਂ ਦੋ ਕੁੜੀਆਂ ਨੂੰ ਹੱਥੋਂ ਫੜ ਕੇ ਸ਼ਹਿਰੋਂ ਬਾਹਰ ਕੱਢ ਦਿੱਤਾ ਅਤੇ ਕਿਹਾ: ‘ਭੱਜੋ! ਆਪਣੀ ਜਾਨ ਬਚਾਓ ਅਤੇ ਪਿੱਛੇ ਮੁੜ ਕੇ ਨਾ ਦੇਖਿਓ। ਜੇ ਤੁਸੀਂ ਪਿੱਛੇ ਮੁੜ ਕੇ ਦੇਖਿਆ, ਤਾਂ ਤੁਸੀਂ ਮਰ ਜਾਓਗੇ!’
ਜਦੋਂ ਉਹ ਸੋਆਰ ਸ਼ਹਿਰ ਪਹੁੰਚੇ, ਤਾਂ ਯਹੋਵਾਹ ਨੇ ਸਦੂਮ ਅਤੇ ਗਮੋਰਾ ʼਤੇ ਅੱਗ ਅਤੇ ਗੰਧਕ ਵਰ੍ਹਾਈ। ਉਨ੍ਹਾਂ ਸ਼ਹਿਰਾਂ ਦਾ ਪੂਰੀ ਤਰ੍ਹਾਂ ਨਾਸ਼ ਹੋ ਗਿਆ। ਲੂਤ ਦੀ ਪਤਨੀ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਤੇ ਪਿੱਛੇ ਮੁੜ ਕੇ ਦੇਖਿਆ। ਇਸ ਕਰਕੇ ਉਹ ਲੂਣ ਦਾ ਥੰਮ੍ਹ ਬਣ ਗਈ। ਪਰ ਯਹੋਵਾਹ ਦਾ ਕਹਿਣਾ ਮੰਨਣ ਕਰਕੇ ਲੂਤ ਅਤੇ ਉਸ ਦੀਆਂ ਕੁੜੀਆਂ ਦੀਆਂ ਜਾਨਾਂ ਬਚ ਗਈਆਂ। ਉਹ ਜ਼ਰੂਰ ਉਦਾਸ ਹੋਏ ਹੋਣੇ ਕਿ ਲੂਤ ਦੀ ਪਤਨੀ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਅਸੀਂ ਇਸ ਤੋਂ ਸਿੱਖ ਸਕਦੇ ਹਾਂ ਕਿ ਯਹੋਵਾਹ ਦਾ ਕਹਿਣਾ ਮੰਨਣਾ ਕਿੰਨਾ ਜ਼ਰੂਰੀ ਹੈ!
“ਲੂਤ ਦੀ ਪਤਨੀ ਨੂੰ ਯਾਦ ਰੱਖੋ!”—ਲੂਕਾ 17:32
-