ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮੂਸਾ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕੀਤਾ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਫ਼ਿਰਊਨ ਦੀ ਧੀ ਨੇ ਨੰਨ੍ਹੇ ਮੂਸਾ ਨੂੰ ਦੇਖਿਆ ਅਤੇ ਮਿਰੀਅਮ ਦੂਰ ਖੜ੍ਹੀ ਦੇਖਦੀ ਹੋਈ

      ਪਾਠ 17

      ਮੂਸਾ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕੀਤਾ

      ਮਿਸਰ ਦੇ ਲੋਕ ਯਾਕੂਬ ਦੇ ਪਰਿਵਾਰ ਨੂੰ ਇਜ਼ਰਾਈਲੀਆਂ ਵਜੋਂ ਜਾਣਦੇ ਸਨ। ਯਾਕੂਬ ਤੇ ਯੂਸੁਫ਼ ਦੇ ਮਰਨ ਮਗਰੋਂ ਇਕ ਨਵਾਂ ਫ਼ਿਰਊਨ ਰਾਜ ਕਰਨ ਲੱਗਾ। ਉਸ ਨੂੰ ਡਰ ਸੀ ਕਿ ਇਜ਼ਰਾਈਲੀ ਮਿਸਰੀਆਂ ਨਾਲੋਂ ਜ਼ਿਆਦਾ ਤਾਕਤਵਰ ਬਣ ਰਹੇ ਸਨ। ਇਸ ਲਈ ਫ਼ਿਰਊਨ ਨੇ ਇਜ਼ਰਾਈਲੀਆਂ ਨੂੰ ਗ਼ੁਲਾਮ ਬਣਾ ਲਿਆ। ਉਸ ਨੇ ਉਨ੍ਹਾਂ ਨੂੰ ਇੱਟਾਂ ਬਣਾਉਣ ਤੇ ਖੇਤਾਂ ਵਿਚ ਸਖ਼ਤ ਮਿਹਨਤ ਕਰਨ ਲਈ ਮਜਬੂਰ ਕੀਤਾ। ਪਰ ਜਿੰਨਾ ਜ਼ਿਆਦਾ ਮਿਸਰੀ ਉਨ੍ਹਾਂ ਨੂੰ ਮਿਹਨਤ ਕਰਨ ਲਈ ਮਜਬੂਰ ਕਰਦੇ ਸਨ, ਉੱਨੇ ਜ਼ਿਆਦਾ ਇਜ਼ਰਾਈਲੀ ਗਿਣਤੀ ਵਿਚ ਵਧਦੇ ਸਨ। ਫ਼ਿਰਊਨ ਇਸ ਤੋਂ ਖ਼ੁਸ਼ ਨਹੀਂ ਸੀ, ਇਸ ਲਈ ਉਸ ਨੇ ਇਜ਼ਰਾਈਲੀਆਂ ਦੇ ਨਵ-ਜੰਮੇ ਮੁੰਡਿਆਂ ਨੂੰ ਮਾਰਨ ਦਾ ਹੁਕਮ ਦਿੱਤਾ। ਕੀ ਤੁਸੀਂ ਸੋਚ ਸਕਦੇ ਹੋ ਕਿ ਇਜ਼ਰਾਈਲੀ ਕਿੰਨੇ ਡਰ ਗਏ ਹੋਣੇ?

      ਯੋਕਬਦ ਨਾਂ ਦੀ ਇਕ ਇਜ਼ਰਾਈਲੀ ਤੀਵੀਂ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਉਸ ਨੇ ਮੁੰਡੇ ਨੂੰ ਬਚਾਉਣ ਲਈ ਉਸ ਨੂੰ ਟੋਕਰੀ ਵਿਚ ਪਾ ਕੇ ਨੀਲ ਦਰਿਆ ਦੇ ਕੰਢੇ ਪਾਣੀ ਵਿਚ ਉੱਗੇ ਸਰਕੰਡਿਆਂ ਵਿਚ ਲੁਕਾ ਦਿੱਤਾ। ਮੁੰਡੇ ਦੀ ਭੈਣ ਮਿਰੀਅਮ ਥੋੜ੍ਹੀ ਦੂਰ ਖੜ੍ਹੀ ਦੇਖਦੀ ਰਹੀ ਕਿ ਉਸ ਨਾਲ ਕੀ ਹੋਵੇਗਾ।

      ਫ਼ਿਰਊਨ ਦੀ ਧੀ ਨਦੀ ʼਤੇ ਨਹਾਉਣ ਆਈ ਤੇ ਉਸ ਨੇ ਟੋਕਰੀ ਦੇਖੀ। ਟੋਕਰੀ ਵਿਚ ਮੁੰਡਾ ਰੋ ਰਿਹਾ ਸੀ ਤੇ ਉਸ ਨੂੰ ਮੁੰਡੇ ʼਤੇ ਤਰਸ ਆਇਆ। ਮਿਰੀਅਮ ਨੇ ਪੁੱਛਿਆ: ‘ਕੀ ਮੈਂ ਕਿਸੇ ਔਰਤ ਨੂੰ ਬੁਲਾ ਲਿਆਵਾਂ ਜੋ ਤੁਹਾਡੇ ਲਈ ਇਸ ਮੁੰਡੇ ਨੂੰ ਦੁੱਧ ਚੁੰਘਾਵੇ?’ ਜਦੋਂ ਫ਼ਿਰਊਨ ਦੀ ਧੀ ਨੇ ਹਾਂ ਕਿਹਾ, ਤਾਂ ਮਿਰੀਅਮ ਆਪਣੀ ਮੰਮੀ ਯੋਕਬਦ ਨੂੰ ਬੁਲਾ ਲਿਆਈ। ਫ਼ਿਰਊਨ ਦੀ ਧੀ ਨੇ ਕਿਹਾ: ‘ਇਸ ਬੱਚੇ ਨੂੰ ਲੈ ਜਾ ਤੇ ਦੁੱਧ ਚੁੰਘਾ। ਮੈਂ ਤੈਨੂੰ ਇਸ ਲਈ ਪੈਸੇ ਦੇਵਾਂਗੀ।’

      ਮੂਸਾ ਭੱਜਦਾ ਹੋਇਆ

      ਜਦੋਂ ਬੱਚਾ ਥੋੜ੍ਹਾ ਵੱਡਾ ਹੋਇਆ, ਤਾਂ ਯੋਕਬਦ ਉਸ ਨੂੰ ਫ਼ਿਰਊਨ ਦੀ ਧੀ ਕੋਲ ਲੈ ਆਈ। ਉਸ ਨੇ ਮੁੰਡੇ ਦਾ ਨਾਂ ਮੂਸਾ ਰੱਖਿਆ ਤੇ ਆਪਣੇ ਮੁੰਡੇ ਵਜੋਂ ਉਸ ਨੂੰ ਪਾਲ਼ਿਆ। ਮੂਸਾ ਦਾ ਪਾਲਣ-ਪੋਸ਼ਣ ਰਾਜਕੁਮਾਰਾਂ ਵਾਂਗ ਹੋਇਆ ਤੇ ਉਹ ਜੋ ਚਾਹੁੰਦਾ ਸੀ, ਲੈ ਸਕਦਾ ਸੀ। ਪਰ ਮੂਸਾ ਕਦੇ ਯਹੋਵਾਹ ਨੂੰ ਨਹੀਂ ਭੁੱਲਿਆ। ਉਹ ਜਾਣਦਾ ਸੀ ਕਿ ਉਹ ਮਿਸਰੀ ਨਹੀਂ, ਸਗੋਂ ਇਜ਼ਰਾਈਲੀ ਸੀ। ਉਸ ਨੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ।

      40 ਸਾਲਾਂ ਦੀ ਉਮਰ ਵਿਚ ਮੂਸਾ ਨੇ ਆਪਣੇ ਲੋਕਾਂ ਨੂੰ ਬਚਾਉਣ ਦਾ ਫ਼ੈਸਲਾ ਕੀਤਾ। ਜਦੋਂ ਉਸ ਨੇ ਦੇਖਿਆ ਕਿ ਇਕ ਮਿਸਰੀ ਇਜ਼ਰਾਈਲੀ ਨੂੰ ਕੁੱਟ ਰਿਹਾ ਸੀ, ਤਾਂ ਉਸ ਨੇ ਮਿਸਰੀ ਨੂੰ ਇੰਨੀ ਜ਼ੋਰ ਨਾਲ ਮਾਰਿਆ ਕਿ ਉਹ ਮਰ ਗਿਆ। ਮੂਸਾ ਨੇ ਉਸ ਦੀ ਲਾਸ਼ ਰੇਤ ਵਿਚ ਦੱਬ ਦਿੱਤੀ। ਜਦੋਂ ਫ਼ਿਰਊਨ ਨੂੰ ਇਹ ਗੱਲ ਪਤਾ ਲੱਗੀ, ਤਾਂ ਉਸ ਨੇ ਮੂਸਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਮੂਸਾ ਮਿਦਿਆਨ ਦੇਸ਼ ਨੂੰ ਭੱਜ ਗਿਆ। ਯਹੋਵਾਹ ਨੇ ਉਸ ਨੂੰ ਸੰਭਾਲਿਆ।

      “ਨਿਹਚਾ ਨਾਲ ਮੂਸਾ ਨੇ . . . ਫ਼ਿਰਊਨ ਦੀ ਧੀ ਦਾ ਪੁੱਤਰ ਕਹਾਉਣ ਤੋਂ ਇਨਕਾਰ ਕੀਤਾ ਅਤੇ ਥੋੜ੍ਹੇ ਚਿਰ ਲਈ ਪਾਪ ਦਾ ਮਜ਼ਾ ਲੈਣ ਨਾਲੋਂ ਪਰਮੇਸ਼ੁਰ ਦੇ ਲੋਕਾਂ ਨਾਲ ਬਦਸਲੂਕੀ ਝੱਲਣੀ ਚੰਗੀ ਸਮਝੀ।”​—ਇਬਰਾਨੀਆਂ 11:24, 25

      ਸਵਾਲ: ਮਿਸਰੀ ਇਜ਼ਰਾਈਲੀਆਂ ਨਾਲ ਕਿੱਦਾਂ ਦਾ ਸਲੂਕ ਕਰਦੇ ਸਨ? ਮੂਸਾ ਮਿਸਰ ਤੋਂ ਕਿਉਂ ਭੱਜ ਗਿਆ?

      ਉਤਪਤ 49:33; ਕੂਚ 1:1-14, 22; 2:1-15; ਰਸੂਲਾਂ ਦੇ ਕੰਮ 7:17-29; ਇਬਰਾਨੀਆਂ 11:23-27

  • ਬਲ਼ਦੀ ਝਾੜੀ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਮੂਸਾ ਬਲ਼ਦੀ ਝਾੜੀ ਕੋਲ

      ਪਾਠ 18

      ਬਲ਼ਦੀ ਝਾੜੀ

      ਮੂਸਾ 40 ਸਾਲ ਮਿਦਿਆਨ ਵਿਚ ਰਿਹਾ। ਉਸ ਦਾ ਵਿਆਹ ਹੋਇਆ ਤੇ ਬੱਚੇ ਹੋਏ। ਇਕ ਦਿਨ ਜਦੋਂ ਮੂਸਾ ਸੀਨਈ ਪਹਾੜ ਦੇ ਨੇੜੇ ਆਪਣੀਆਂ ਭੇਡਾਂ ਚਾਰ ਰਿਹਾ ਸੀ, ਤਾਂ ਉਸ ਨੇ ਇਕ ਅਜੀਬ ਚੀਜ਼ ਦੇਖੀ। ਇਕ ਕੰਡਿਆਲ਼ੀ ਝਾੜੀ ਬਲ਼ ਰਹੀ ਸੀ, ਪਰ ਉਹ ਸੜ ਨਹੀਂ ਰਹੀ ਸੀ। ਜਦੋਂ ਮੂਸਾ ਇਹ ਦੇਖਣ ਲਈ ਹੋਰ ਨੇੜੇ ਗਿਆ ਕਿ ਇਹ ਝਾੜੀ ਸੜ ਕਿਉਂ ਨਹੀਂ ਰਹੀ, ਤਾਂ ਝਾੜੀ ਵਿੱਚੋਂ ਆਵਾਜ਼ ਆਈ: ‘ਮੂਸਾ! ਹੋਰ ਨੇੜੇ ਨਾ ਆਈਂ। ਆਪਣੀ ਜੁੱਤੀ ਲਾਹ ਦੇ ਕਿਉਂਕਿ ਤੂੰ ਪਵਿੱਤਰ ਜ਼ਮੀਨ ʼਤੇ ਖੜ੍ਹਾ ਹੈਂ।’ ਯਹੋਵਾਹ ਆਪਣੇ ਦੂਤ ਰਾਹੀਂ ਗੱਲ ਕਰ ਰਿਹਾ ਸੀ।

      ਮੂਸਾ ਡਰ ਗਿਆ ਜਿਸ ਕਰਕੇ ਉਸ ਨੇ ਆਪਣਾ ਮੂੰਹ ਢਕ ਲਿਆ। ਫਿਰ ਆਵਾਜ਼ ਆਈ: ‘ਮੈਂ ਇਜ਼ਰਾਈਲੀਆਂ ਦੇ ਦੁੱਖਾਂ ਨੂੰ ਦੇਖਿਆ ਹੈ। ਮੈਂ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਬਚਾਵਾਂਗਾ ਤੇ ਉਨ੍ਹਾਂ ਨੂੰ ਵਧੀਆ ਦੇਸ਼ ਵਿਚ ਲੈ ਜਾਵਾਂਗਾ। ਤੂੰ ਮੇਰੇ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਵੇਂਗਾ।’ ਕੀ ਤੁਹਾਨੂੰ ਨਹੀਂ ਲੱਗਦਾ ਕਿ ਮੂਸਾ ਇਹ ਸੁਣ ਕੇ ਹੈਰਾਨ ਰਹਿ ਗਿਆ ਹੋਣਾ?

      ਮੂਸਾ ਨੇ ਪੁੱਛਿਆ: ‘ਮੈਂ ਕੀ ਕਹਾਂਗਾ ਜਦੋਂ ਲੋਕ ਮੈਨੂੰ ਪੁੱਛਣਗੇ ਕਿ ਮੈਨੂੰ ਕਿਸ ਨੇ ਭੇਜਿਆ?’ ਪਰਮੇਸ਼ੁਰ ਨੇ ਜਵਾਬ ਦਿੱਤਾ: ‘ਉਨ੍ਹਾਂ ਨੂੰ ਕਹੀਂ ਕਿ ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ ਅਤੇ ਯਾਕੂਬ ਦੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।’ ਫਿਰ ਮੂਸਾ ਨੇ ਕਿਹਾ: ‘ਜੇ ਲੋਕ ਫਿਰ ਵੀ ਮੇਰੀ ਗੱਲ ਨਾ ਸੁਣਨ?’ ਯਹੋਵਾਹ ਨੇ ਮੂਸਾ ਨੂੰ ਸਬੂਤ ਦਿੱਤਾ ਕਿ ਉਹ ਉਸ ਦੀ ਮਦਦ ਕਰੇਗਾ। ਉਸ ਨੇ ਮੂਸਾ ਨੂੰ ਆਪਣਾ ਡੰਡਾ ਜ਼ਮੀਨ ʼਤੇ ਸੁੱਟਣ ਲਈ ਕਿਹਾ। ਉਹ ਡੰਡਾ ਸੱਪ ਬਣ ਗਿਆ! ਜਦੋਂ ਮੂਸਾ ਨੇ ਸੱਪ ਨੂੰ ਪੂਛ ਤੋਂ ਫੜਿਆ, ਤਾਂ ਉਹ ਫਿਰ ਡੰਡਾ ਬਣ ਗਿਆ। ਯਹੋਵਾਹ ਨੇ ਕਿਹਾ: ‘ਜਦੋਂ ਤੂੰ ਇਹ ਕਰਾਮਾਤ ਕਰੇਂਗਾ, ਤਾਂ ਇਸ ਤੋਂ ਪਤਾ ਲੱਗ ਜਾਵੇਗਾ ਕਿ ਮੈਂ ਹੀ ਤੈਨੂੰ ਭੇਜਿਆ ਹੈ।’

      ਮੂਸਾ ਨੇ ਕਿਹਾ: ‘ਮੈਨੂੰ ਤਾਂ ਗੱਲ ਕਰਨੀ ਵੀ ਨਹੀਂ ਆਉਂਦੀ।’ ਯਹੋਵਾਹ ਨੇ ਵਾਅਦਾ ਕੀਤਾ: ‘ਮੈਂ ਤੈਨੂੰ ਦੱਸਾਂਗਾ ਕਿ ਤੂੰ ਕੀ ਕਹਿਣਾ ਹੈ। ਨਾਲੇ ਮੈਂ ਤੇਰੀ ਮਦਦ ਲਈ ਤੇਰੇ ਭਰਾ ਹਾਰੂਨ ਨੂੰ ਤੇਰੇ ਨਾਲ ਭੇਜਾਂਗਾ।’ ਯਹੋਵਾਹ ਮੂਸਾ ਨਾਲ ਸੀ। ਇਹ ਜਾਣ ਕੇ ਉਹ ਆਪਣੀ ਪਤਨੀ ਤੇ ਆਪਣੇ ਮੁੰਡਿਆਂ ਨਾਲ ਮਿਸਰ ਨੂੰ ਤੁਰ ਪਿਆ।

      “ਚਿੰਤਾ ਨਾ ਕਰਿਓ ਕਿ ਤੁਸੀਂ ਕਿਵੇਂ ਗੱਲ ਕਰਨੀ ਹੈ ਜਾਂ ਕੀ ਕਹਿਣਾ ਹੈ ਕਿਉਂਕਿ ਤੁਸੀਂ ਜੋ ਕਹਿਣਾ ਹੈ ਉਹ ਤੁਹਾਨੂੰ ਉਸੇ ਵੇਲੇ ਦੱਸਿਆ ਜਾਵੇਗਾ।”​—ਮੱਤੀ 10:19

      ਸਵਾਲ: ਆਪਣੀਆਂ ਭੇਡਾਂ ਨੂੰ ਚਾਰਦਿਆਂ ਮੂਸਾ ਨੇ ਕੀ ਦੇਖਿਆ? ਯਹੋਵਾਹ ਨੇ ਮੂਸਾ ਨੂੰ ਕਿਹੜਾ ਕੰਮ ਦਿੱਤਾ?

      ਕੂਚ 3:1–4:20; ਰਸੂਲਾਂ ਦੇ ਕੰਮ 7:30-36

  • ਪਹਿਲੀਆਂ ਤਿੰਨ ਆਫ਼ਤਾਂ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਮੂਸਾ ਅਤੇ ਹਾਰੂਨ ਫ਼ਿਰਊਨ ਸਾਮ੍ਹਣੇ ਖੜ੍ਹੇ ਹੋਏ

      ਪਾਠ 19

      ਪਹਿਲੀਆਂ ਤਿੰਨ ਆਫ਼ਤਾਂ

      ਇਜ਼ਰਾਈਲੀਆਂ ਨੂੰ ਗ਼ੁਲਾਮਾਂ ਵਜੋਂ ਬਹੁਤ ਮਿਹਨਤ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਫ਼ਿਰਊਨ ਕੋਲ ਇਹ ਸੰਦੇਸ਼ ਦੇਣ ਲਈ ਭੇਜਿਆ: ‘ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਉਜਾੜ ਵਿਚ ਜਾ ਕੇ ਮੇਰੀ ਭਗਤੀ ਕਰ ਸਕਣ।’ ਫ਼ਿਰਊਨ ਨੇ ਘਮੰਡ ਨਾਲ ਕਿਹਾ: ‘ਮੈਨੂੰ ਕੋਈ ਪਰਵਾਹ ਨਹੀਂ ਕਿ ਯਹੋਵਾਹ ਕੀ ਕਹਿੰਦਾ ਹੈ ਤੇ ਮੈਂ ਇਜ਼ਰਾਈਲੀਆਂ ਨੂੰ ਨਹੀਂ ਜਾਣ ਦੇਣਾ।’ ਫਿਰ ਫ਼ਿਰਊਨ ਨੇ ਉਨ੍ਹਾਂ ਨੂੰ ਹੋਰ ਜ਼ਿਆਦਾ ਕੰਮ ਕਰਨ ਲਈ ਮਜਬੂਰ ਕੀਤਾ। ਯਹੋਵਾਹ ਨੇ ਫ਼ਿਰਊਨ ਨੂੰ ਸਬਕ ਸਿਖਾਇਆ। ਤੁਹਾਨੂੰ ਪਤਾ ਕਿਵੇਂ? ਉਹ ਮਿਸਰ ʼਤੇ 10 ਆਫ਼ਤਾਂ ਲੈ ਕੇ ਆਇਆ। ਯਹੋਵਾਹ ਨੇ ਮੂਸਾ ਨੂੰ ਕਿਹਾ: ‘ਫ਼ਿਰਊਨ ਨੇ ਮੇਰੀ ਗੱਲ ਨਹੀਂ ਮੰਨੀ। ਉਹ ਕੱਲ੍ਹ ਸਵੇਰੇ ਨੀਲ ਦਰਿਆ ʼਤੇ ਹੋਵੇਗਾ। ਤੂੰ ਉਸ ਕੋਲ ਜਾਈਂ ਤੇ ਉਸ ਨੂੰ ਕਹੀਂ ਕਿ ਤੂੰ ਮੇਰੇ ਲੋਕਾਂ ਨੂੰ ਜਾਣ ਨਹੀਂ ਦਿੱਤਾ। ਇਸ ਲਈ ਨੀਲ ਦਰਿਆ ਦਾ ਪਾਣੀ ਖ਼ੂਨ ਬਣ ਜਾਵੇਗਾ।’ ਮੂਸਾ ਨੇ ਯਹੋਵਾਹ ਦਾ ਕਹਿਣਾ ਮੰਨਿਆ ਤੇ ਫ਼ਿਰਊਨ ਕੋਲ ਗਿਆ। ਫ਼ਿਰਊਨ ਨੇ ਹਾਰੂਨ ਨੂੰ ਨੀਲ ਦਰਿਆ ਨੂੰ ਆਪਣੇ ਡੰਡੇ ਨਾਲ ਮਾਰਦਿਆਂ ਦੇਖਿਆ ਤੇ ਪਾਣੀ ਖ਼ੂਨ ਬਣ ਗਿਆ। ਦਰਿਆ ਵਿੱਚੋਂ ਬਦਬੂ ਆਉਣ ਲੱਗ ਪਈ, ਮੱਛੀਆਂ ਮਰ ਗਈਆਂ ਤੇ ਨੀਲ ਦਰਿਆ ਤੋਂ ਕੋਈ ਵੀ ਪਾਣੀ ਨਹੀਂ ਪੀ ਸਕਦਾ ਸੀ। ਫ਼ਿਰਊਨ ਨੇ ਅਜੇ ਵੀ ਇਜ਼ਰਾਈਲੀਆਂ ਨੂੰ ਜਾਣ ਨਹੀਂ ਦਿੱਤਾ।

      ਸੱਤ ਦਿਨਾਂ ਬਾਅਦ ਯਹੋਵਾਹ ਨੇ ਦੁਬਾਰਾ ਮੂਸਾ ਨੂੰ ਫ਼ਿਰਊਨ ਕੋਲ ਇਹ ਕਹਿਣ ਲਈ ਭੇਜਿਆ: ‘ਜੇ ਤੂੰ ਮੇਰੇ ਲੋਕਾਂ ਨੂੰ ਨਾ ਜਾਣ ਦਿੱਤਾ, ਤਾਂ ਪੂਰੇ ਮਿਸਰ ਵਿਚ ਡੱਡੂ ਹੀ ਡੱਡੂ ਹੋ ਜਾਣਗੇ।’ ਫ਼ਿਰਊਨ ਨੇ ਇਜ਼ਰਾਈਲੀਆਂ ਨੂੰ ਜਾਣ ਨਾ ਦਿੱਤਾ। ਇਸ ਲਈ ਹਾਰੂਨ ਨੇ ਆਪਣਾ ਡੰਡਾ ਉੱਪਰ ਚੁੱਕਿਆ ਤੇ ਸਾਰੇ ਦੇਸ਼ ਵਿਚ ਡੱਡੂ ਹੀ ਡੱਡੂ ਹੋ ਗਏ। ਲੋਕਾਂ ਦੇ ਘਰਾਂ, ਬਿਸਤਰਿਆਂ ਅਤੇ ਭਾਂਡਿਆਂ ਵਿਚ ਡੱਡੂ ਹੀ ਸਨ। ਹਰ ਪਾਸੇ ਡੱਡੂ ਹੀ ਡੱਡੂ ਸਨ। ਫ਼ਿਰਊਨ ਨੇ ਮੂਸਾ ਨੂੰ ਕਿਹਾ ਕਿ ਉਹ ਯਹੋਵਾਹ ਨੂੰ ਇਹ ਆਫ਼ਤ ਹਟਾਉਣ ਲਈ ਕਹੇ। ਫ਼ਿਰਊਨ ਨੇ ਵਾਅਦਾ ਕੀਤਾ ਕਿ ਉਹ ਇਜ਼ਰਾਈਲੀਆਂ ਨੂੰ ਜਾਣ ਦੇਵੇਗਾ। ਇਸ ਲਈ ਯਹੋਵਾਹ ਨੇ ਆਫ਼ਤ ਹਟਾ ਦਿੱਤੀ। ਮਿਸਰੀਆਂ ਨੇ ਮਰੇ ਡੱਡੂ ਇਕੱਠੇ ਕੀਤੇ ਤੇ ਹਰ ਪਾਸੇ ਡੱਡੂਆਂ ਦੇ ਢੇਰ ਲੱਗ ਗਏ। ਸਾਰੇ ਦੇਸ਼ ਵਿਚ ਬਦਬੂ ਫੈਲ ਗਈ। ਪਰ ਫ਼ਿਰਊਨ ਨੇ ਇਜ਼ਰਾਈਲੀਆਂ ਨੂੰ ਜਾਣ ਨਹੀਂ ਦਿੱਤਾ।

      ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: ‘ਹਾਰੂਨ ਆਪਣਾ ਡੰਡਾ ਜ਼ਮੀਨ ʼਤੇ ਮਾਰੇ ਅਤੇ ਮਿੱਟੀ ਮੱਛਰ ਬਣ ਜਾਵੇਗੀ।’ ਛੇਤੀ ਹੀ ਇਹ ਮੱਛਰ ਸਾਰੇ ਪਾਸੇ ਫੈਲ ਗਏ। ਫ਼ਿਰਊਨ ਦੇ ਕੁਝ ਲੋਕਾਂ ਨੇ ਉਸ ਨੂੰ ਕਿਹਾ: ‘ਇਹ ਆਫ਼ਤ ਰੱਬ ਵੱਲੋਂ ਹੈ।’ ਪਰ ਅਜੇ ਵੀ ਫ਼ਿਰਊਨ ਨੇ ਇਜ਼ਰਾਈਲੀਆਂ ਨੂੰ ਜਾਣ ਨਹੀਂ ਦਿੱਤਾ।

      ਮਿਸਰ ਵਿਚ 10 ਆਫ਼ਤਾਂ ਵਿੱਚੋਂ ਤਿੰਨ ਆਫ਼ਤਾਂ: ਨੀਲ ਦਰਿਆ ਵਿਚ ਖ਼ੂਨ, ਡੱਡੂ ਅਤੇ ਮੱਛਰ

      “ਮੈਂ ਉਨ੍ਹਾਂ ਨੂੰ ਆਪਣੀ ਤਾਕਤ ਅਤੇ ਆਪਣਾ ਬਲ ਦਿਖਾਵਾਂਗਾ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੇਰਾ ਨਾਂ ਯਹੋਵਾਹ ਹੈ।”​—ਯਿਰਮਿਯਾਹ 16:21

      ਸਵਾਲ: ਪਹਿਲੀਆਂ ਤਿੰਨ ਆਫ਼ਤਾਂ ਕਿਹੜੀਆਂ ਸਨ? ਯਹੋਵਾਹ ਨੇ ਇਹ ਆਫ਼ਤਾਂ ਕਿਉਂ ਆਉਣ ਦਿੱਤੀਆਂ?

      ਕੂਚ 5:1-18; 7:8–8:19; ਨਹਮਯਾਹ 9:9, 10

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ