-
ਅਗਲੀਆਂ ਛੇ ਆਫ਼ਤਾਂਬਾਈਬਲ ਤੋਂ ਸਿੱਖੋ ਅਹਿਮ ਸਬਕ
-
-
ਪਾਠ 20
ਅਗਲੀਆਂ ਛੇ ਆਫ਼ਤਾਂ
ਮੂਸਾ ਅਤੇ ਹਾਰੂਨ ਨੇ ਫ਼ਿਰਊਨ ਨੂੰ ਪਰਮੇਸ਼ੁਰ ਦਾ ਸੰਦੇਸ਼ ਦਿੱਤਾ: ‘ਜੇ ਤੂੰ ਮੇਰੇ ਲੋਕਾਂ ਨੂੰ ਨਾ ਜਾਣ ਦਿੱਤਾ, ਤਾਂ ਮੈਂ ਦੇਸ਼ ਵਿਚ ਮੱਖ ਘੱਲਾਂਗਾ।’ ਅਮੀਰ-ਗ਼ਰੀਬ ਮਿਸਰੀਆਂ ਦੇ ਘਰਾਂ ਵਿਚ ਮੱਖਾਂ ਦੇ ਝੁੰਡਾਂ ਦੇ ਝੁੰਡ ਆ ਗਏ। ਦੇਸ਼ ਵਿਚ ਹਰ ਪਾਸੇ ਮੱਖ ਹੀ ਮੱਖ ਸਨ। ਪਰ ਗੋਸ਼ਨ ਨਾਂ ਦੇ ਇਲਾਕੇ ਵਿਚ, ਜਿੱਥੇ ਇਜ਼ਰਾਈਲੀ ਰਹਿੰਦੇ ਸਨ, ਕੋਈ ਮੱਖ ਨਹੀਂ ਸੀ। ਚੌਥੀ ਅਤੇ ਇਸ ਤੋਂ ਬਾਅਦ ਆਈਆਂ ਆਫ਼ਤਾਂ ਸਿਰਫ਼ ਮਿਸਰੀਆਂ ਉੱਤੇ ਆਈਆਂ। ਫ਼ਿਰਊਨ ਤਰਲੇ ਕਰਨ ਲੱਗਾ: ‘ਯਹੋਵਾਹ ਅੱਗੇ ਬੇਨਤੀ ਕਰੋ ਕਿ ਇਹ ਮੱਖ ਚਲੇ ਜਾਣ ਤੇ ਫਿਰ ਇਜ਼ਰਾਈਲੀ ਜਾ ਸਕਦੇ ਹਨ।’ ਪਰ ਜਦੋਂ ਯਹੋਵਾਹ ਨੇ ਆਫ਼ਤ ਖ਼ਤਮ ਕਰ ਦਿੱਤੀ, ਤਾਂ ਫ਼ਿਰਊਨ ਨੇ ਆਪਣਾ ਮਨ ਬਦਲ ਲਿਆ। ਕੀ ਫ਼ਿਰਊਨ ਨੇ ਕਦੇ ਕੋਈ ਸਬਕ ਸਿੱਖਣਾ ਸੀ?
ਯਹੋਵਾਹ ਨੇ ਕਿਹਾ: ‘ਜੇ ਫ਼ਿਰਊਨ ਨੇ ਮੇਰੇ ਲੋਕਾਂ ਨੂੰ ਨਾ ਜਾਣ ਦਿੱਤਾ, ਤਾਂ ਮਿਸਰੀਆਂ ਦੇ ਪਸ਼ੂ ਬੀਮਾਰ ਹੋ ਕੇ ਮਰ ਜਾਣਗੇ।’ ਅਗਲੇ ਦਿਨ ਪਸ਼ੂ ਮਰਨ ਲੱਗ ਪਏ। ਪਰ ਇਜ਼ਰਾਈਲੀਆਂ ਦੇ ਪਸ਼ੂ ਨਹੀਂ ਮਰੇ। ਫ਼ਿਰਊਨ ਆਪਣੀ ਜ਼ਿੱਦ ʼਤੇ ਅੜਿਆ ਰਿਹਾ ਅਤੇ ਉਸ ਨੇ ਲੋਕਾਂ ਨੂੰ ਜਾਣ ਨਹੀਂ ਦਿੱਤਾ।
ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ ਕਿ ਉਹ ਦੁਬਾਰਾ ਫ਼ਿਰਊਨ ਕੋਲ ਜਾਵੇ ਅਤੇ ਹਵਾ ਵਿਚ ਸੁਆਹ ਉਡਾਵੇ। ਸੁਆਹ ਹਵਾ ਵਿਚ ਧੂੜ ਬਣ ਕੇ ਖਿੱਲਰ ਗਈ ਅਤੇ ਮਿਸਰੀਆਂ ਦੇ ਸਰੀਰਾਂ ʼਤੇ ਜਾ ਪਈ। ਇਸ ਨਾਲ ਮਿਸਰੀਆਂ ਅਤੇ ਉਨ੍ਹਾਂ ਦੇ ਜਾਨਵਰਾਂ ਦੇ ਫੋੜੇ ਹੋ ਗਏ ਜਿਨ੍ਹਾਂ ਕਰਕੇ ਉਨ੍ਹਾਂ ਦੇ ਬਹੁਤ ਦਰਦ ਹੁੰਦਾ ਸੀ। ਇਹ ਸਭ ਹੋਣ ਦੇ ਬਾਵਜੂਦ ਵੀ ਫ਼ਿਰਊਨ ਨੇ ਇਜ਼ਰਾਈਲੀਆਂ ਨੂੰ ਜਾਣ ਨਹੀਂ ਦਿੱਤਾ।
ਯਹੋਵਾਹ ਨੇ ਦੁਬਾਰਾ ਮੂਸਾ ਨੂੰ ਫ਼ਿਰਊਨ ਕੋਲ ਆਪਣਾ ਸੰਦੇਸ਼ ਦੇਣ ਲਈ ਭੇਜਿਆ: ‘ਕੀ ਤੂੰ ਅਜੇ ਵੀ ਮੇਰੇ ਲੋਕਾਂ ਨੂੰ ਜਾਣ ਤੋਂ ਮਨ੍ਹਾ ਕਰ ਰਿਹਾ ਹੈਂ? ਕੱਲ੍ਹ ਦੇਸ਼ ʼਤੇ ਗੜੇ ਪੈਣਗੇ।’ ਅਗਲੇ ਦਿਨ ਯਹੋਵਾਹ ਨੇ ਬੱਦਲਾਂ ਦੀ ਗਰਜ ਨਾਲ ਗੜੇ ਅਤੇ ਅੱਗ ਵਰ੍ਹਾਈ। ਇੱਦਾਂ ਦਾ ਭਿਆਨਕ ਤੂਫ਼ਾਨ ਮਿਸਰੀਆਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ। ਗੋਸ਼ਨ ਨੂੰ ਛੱਡ ਕੇ ਬਾਕੀ ਸਾਰੇ ਪਾਸੇ ਦਰਖ਼ਤ ਟੁੱਟ ਗਏ ਅਤੇ ਫ਼ਸਲਾਂ ਖ਼ਰਾਬ ਹੋ ਗਈਆਂ। ਫ਼ਿਰਊਨ ਨੇ ਕਿਹਾ: ‘ਯਹੋਵਾਹ ਅੱਗੇ ਬੇਨਤੀ ਕਰੋ ਕਿ ਆਫ਼ਤ ਖ਼ਤਮ ਹੋ ਜਾਵੇ! ਫਿਰ ਤੁਸੀਂ ਜਾ ਸਕਦੇ ਹੋ।’ ਪਰ ਜਿਉਂ ਹੀ ਗੜੇ ਅਤੇ ਮੀਂਹ ਪੈਣਾ ਬੰਦ ਹੋਇਆ, ਫ਼ਿਰਊਨ ਨੇ ਆਪਣਾ ਮਨ ਬਦਲ ਲਿਆ।
ਫਿਰ ਮੂਸਾ ਨੇ ਕਿਹਾ: ‘ਗੜਿਆਂ ਦੀ ਮਾਰ ਤੋਂ ਬਚੇ ਦਰਖ਼ਤਾਂ ਨੂੰ ਹੁਣ ਟਿੱਡੀਆਂ ਖਾ ਜਾਣਗੀਆਂ।’ ਬਚੀਆਂ ਹੋਈਆਂ ਫ਼ਸਲਾਂ ਅਤੇ ਦਰਖ਼ਤਾਂ ʼਤੇ ਜੋ ਕੁਝ ਵੀ ਸੀ, ਉਹ ਸਭ ਲੱਖਾਂ ਹੀ ਟਿੱਡੀਆਂ ਖਾ ਗਈਆਂ। ਫ਼ਿਰਊਨ ਤਰਲੇ ਕਰਨ ਲੱਗਾ: ‘ਯਹੋਵਾਹ ਨੂੰ ਬੇਨਤੀ ਕਰੋ ਕਿ ਉਹ ਆਫ਼ਤ ਖ਼ਤਮ ਕਰ ਦੇਵੇ।’ ਪਰ ਯਹੋਵਾਹ ਦੇ ਆਫ਼ਤ ਖ਼ਤਮ ਕਰਨ ਤੋਂ ਬਾਅਦ ਵੀ ਫ਼ਿਰਊਨ ਆਪਣੀ ਜ਼ਿੱਦ ʼਤੇ ਅੜਿਆ ਰਿਹਾ।
ਯਹੋਵਾਹ ਨੇ ਮੂਸਾ ਨੂੰ ਕਿਹਾ: ‘ਆਪਣਾ ਹੱਥ ਆਕਾਸ਼ ਵੱਲ ਚੁੱਕ।’ ਆਕਾਸ਼ ਵਿਚ ਇਕਦਮ ਹਨੇਰਾ ਛਾ ਗਿਆ। ਤਿੰਨ ਦਿਨਾਂ ਤਕ ਮਿਸਰੀ ਕੁਝ ਨਾ ਦੇਖ ਸਕੇ। ਉਹ ਇਕ-ਦੂਜੇ ਨੂੰ ਵੀ ਨਹੀਂ ਦੇਖ ਸਕੇ। ਪਰ ਜਿੱਥੇ ਇਜ਼ਰਾਈਲੀ ਰਹਿੰਦੇ ਸਨ, ਉੱਥੇ ਚਾਨਣ ਸੀ।
ਫ਼ਿਰਊਨ ਨੇ ਮੂਸਾ ਨੂੰ ਕਿਹਾ: ‘ਤੂੰ ਅਤੇ ਤੇਰੇ ਲੋਕ ਜਾ ਸਕਦੇ ਹਨ। ਆਪਣੇ ਜਾਨਵਰ ਇੱਥੇ ਛੱਡ ਜਾਓ।’ ਮੂਸਾ ਨੇ ਕਿਹਾ: ‘ਅਸੀਂ ਆਪਣੇ ਜਾਨਵਰ ਨਾਲ ਲੈ ਕੇ ਜਾਣੇ ਹਨ ਤਾਂਕਿ ਅਸੀਂ ਆਪਣੇ ਪਰਮੇਸ਼ੁਰ ਅੱਗੇ ਬਲ਼ੀ ਚੜ੍ਹਾ ਸਕੀਏ।’ ਫ਼ਿਰਊਨ ਨੂੰ ਬਹੁਤ ਗੁੱਸਾ ਆਇਆ। ਉਹ ਉੱਚੀ-ਉੱਚੀ ਕਹਿਣ ਲੱਗਾ: ‘ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਹ! ਜੇ ਮੈਂ ਤੈਨੂੰ ਦੁਬਾਰਾ ਦੇਖ ਲਿਆ, ਤਾਂ ਮੈਂ ਤੈਨੂੰ ਮਾਰ ਦੇਣਾ।’
“ਤੁਸੀਂ ਫਿਰ ਤੋਂ ਧਰਮੀ ਤੇ ਦੁਸ਼ਟ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਅਤੇ ਨਾ ਕਰਨ ਵਾਲੇ ਵਿਚ ਫ਼ਰਕ ਦੇਖੋਗੇ।”—ਮਲਾਕੀ 3:18
-
-
ਦਸਵੀਂ ਆਫ਼ਤਬਾਈਬਲ ਤੋਂ ਸਿੱਖੋ ਅਹਿਮ ਸਬਕ
-
-
ਪਾਠ 21
ਦਸਵੀਂ ਆਫ਼ਤ
ਮੂਸਾ ਨੇ ਫ਼ਿਰਊਨ ਨੂੰ ਕਿਹਾ ਕਿ ਉਹ ਦੁਬਾਰਾ ਉਸ ਦੇ ਸਾਮ੍ਹਣੇ ਨਹੀਂ ਆਵੇਗਾ। ਉਸ ਨੇ ਜਾਣ ਤੋਂ ਪਹਿਲਾਂ ਫ਼ਿਰਊਨ ਨੂੰ ਕਿਹਾ: ‘ਅੱਧੀ ਰਾਤ ਨੂੰ ਫ਼ਿਰਊਨ ਦੇ ਜੇਠੇ ਮੁੰਡੇ ਦੇ ਨਾਲ-ਨਾਲ ਬਾਕੀ ਸਾਰੇ ਮਿਸਰੀਆਂ ਦੇ ਜੇਠੇ ਮੁੰਡੇ ਮਰ ਜਾਣਗੇ।’
ਯਹੋਵਾਹ ਨੇ ਇਜ਼ਰਾਈਲੀਆਂ ਨੂੰ ਖ਼ਾਸ ਭੋਜਨ ਖਾਣ ਲਈ ਕਿਹਾ। ਉਸ ਨੇ ਕਿਹਾ: ‘ਇਕ ਸਾਲ ਦੇ ਭੇਡੂ ਜਾਂ ਬੱਕਰੇ ਨੂੰ ਮਾਰੋ ਅਤੇ ਉਸ ਦਾ ਥੋੜ੍ਹਾ ਜਿਹਾ ਖ਼ੂਨ ਆਪਣੇ ਦਰਵਾਜ਼ਿਆਂ ਦੀਆਂ ਚੁਗਾਠਾਂ ʼਤੇ ਲਾਓ। ਉਸ ਦਾ ਮੀਟ ਭੁੰਨ ਕੇ ਬੇਖ਼ਮੀਰੀ ਰੋਟੀ ਨਾਲ ਖਾਓ। ਕੱਪੜੇ ਅਤੇ ਜੁੱਤੀ ਪਾ ਕੇ ਤਿਆਰ ਰਹੋ। ਮੈਂ ਅੱਜ ਰਾਤ ਨੂੰ ਤੁਹਾਨੂੰ ਆਜ਼ਾਦ ਕਰਾਵਾਂਗਾ।’ ਕੀ ਤੁਸੀਂ ਸੋਚ ਸਕਦੇ ਕਿ ਇਜ਼ਰਾਈਲੀ ਕਿੰਨੇ ਖ਼ੁਸ਼ ਹੋਏ ਹੋਣੇ?
ਯਹੋਵਾਹ ਦਾ ਦੂਤ ਅੱਧੀ ਰਾਤ ਨੂੰ ਮਿਸਰ ਦੇ ਹਰ ਘਰ ਉੱਤੋਂ ਦੀ ਲੰਘਿਆ। ਜਿਨ੍ਹਾਂ ਘਰਾਂ ਦੇ ਦਰਵਾਜ਼ਿਆਂ ʼਤੇ ਖ਼ੂਨ ਨਹੀਂ ਲੱਗਾ ਸੀ, ਦੂਤ ਨੇ ਉਨ੍ਹਾਂ ਦੇ ਜੇਠੇ ਮੁੰਡੇ ਮਾਰ ਦਿੱਤੇ। ਪਰ ਜਿਨ੍ਹਾਂ ਘਰਾਂ ਦੇ ਦਰਵਾਜ਼ਿਆਂ ʼਤੇ ਖ਼ੂਨ ਲੱਗਾ ਸੀ, ਦੂਤ ਨੇ ਉਹ ਘਰ ਛੱਡ ਦਿੱਤੇ। ਮਿਸਰੀਆਂ ਦੇ ਅਮੀਰ-ਗ਼ਰੀਬ, ਸਾਰੇ ਪਰਿਵਾਰਾਂ ਦੇ ਜੇਠੇ ਮੁੰਡੇ ਮਾਰੇ ਗਏ। ਪਰ ਇਜ਼ਰਾਈਲੀਆਂ ਦੇ ਮੁੰਡੇ ਜੀਉਂਦੇ ਰਹੇ।
ਫ਼ਿਰਊਨ ਦਾ ਮੁੰਡਾ ਵੀ ਮਰ ਗਿਆ। ਫ਼ਿਰਊਨ ਹੁਣ ਹੋਰ ਦੁੱਖ ਨਹੀਂ ਦੇਖ ਸਕਦਾ ਸੀ। ਉਸ ਨੇ ਮੂਸਾ ਅਤੇ ਹਾਰੂਨ ਨੂੰ ਕਿਹਾ: ‘ਉੱਠੋ ਅਤੇ ਇੱਥੋਂ ਫਟਾਫਟ ਨਿਕਲ ਜਾਓ। ਜਾਓ ਆਪਣੇ ਰੱਬ ਦੀ ਭਗਤੀ ਕਰੋ। ਆਪਣੇ ਜਾਨਵਰਾਂ ਨੂੰ ਵੀ ਨਾਲ ਲੈ ਜਾਓ!’
ਜਦੋਂ ਇਜ਼ਰਾਈਲੀ ਮਿਸਰ ਵਿੱਚੋਂ ਨਿਕਲੇ, ਉਸ ਰਾਤ ਪੂਰਾ ਚੰਦ ਨਿਕਲਿਆ ਸੀ ਜਿਸ ਕਰਕੇ ਕਾਫ਼ੀ ਰੌਸ਼ਨੀ ਸੀ। ਉਹ ਪਰਿਵਾਰਾਂ ਤੇ ਗੋਤਾਂ ਮੁਤਾਬਕ ਵੰਡੇ ਹੋਏ ਸਨ। ਉਨ੍ਹਾਂ ਵਿਚ 6 ਲੱਖ ਆਦਮੀ ਸਨ ਅਤੇ ਬਹੁਤ ਸਾਰੀਆਂ ਔਰਤਾਂ ਤੇ ਬੱਚੇ ਸਨ। ਨਾਲੇ ਹੋਰ ਲੋਕ ਵੀ ਉਨ੍ਹਾਂ ਨਾਲ ਗਏ ਤਾਂਕਿ ਉਹ ਵੀ ਯਹੋਵਾਹ ਦੀ ਭਗਤੀ ਕਰ ਸਕਣ। ਅਖ਼ੀਰ ਇਜ਼ਰਾਈਲੀਆਂ ਨੂੰ ਆਜ਼ਾਦੀ ਮਿਲ ਹੀ ਗਈ।
ਇਹ ਗੱਲ ਯਾਦ ਰੱਖਣ ਲਈ ਕਿ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਵੇਂ ਆਜ਼ਾਦ ਕਰਾਇਆ ਸੀ, ਉਨ੍ਹਾਂ ਨੂੰ ਹਰ ਸਾਲ ਇਹੀ ਖ਼ਾਸ ਭੋਜਨ ਖਾਣ ਦੀ ਲੋੜ ਸੀ। ਇਸ ਨੂੰ ਪਸਾਹ ਦਾ ਤਿਉਹਾਰ ਕਿਹਾ ਜਾਂਦਾ ਸੀ।
“ਮੈਂ ਤੈਨੂੰ ਇਸ ਕਰਕੇ ਅਜੇ ਤਕ ਜੀਉਂਦਾ ਰੱਖਿਆ ਤਾਂਕਿ ਮੈਂ ਤੇਰੇ ਮਾਮਲੇ ਵਿਚ ਆਪਣੀ ਤਾਕਤ ਦਿਖਾਵਾਂ ਅਤੇ ਪੂਰੀ ਧਰਤੀ ਉੱਤੇ ਮੇਰੇ ਨਾਂ ਬਾਰੇ ਲੋਕਾਂ ਨੂੰ ਪਤਾ ਲੱਗੇ।”—ਰੋਮੀਆਂ 9:17
-