ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਵਾਂ ਆਗੂ ਅਤੇ ਦੋ ਦਲੇਰ ਔਰਤਾਂ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਬਾਰਾਕ ਦਬੋਰਾਹ ਨੂੰ ਆਪਣੇ ਨਾਲ ਜਾਣ ਲਈ ਇਸ਼ਾਰਾ ਹੋਇਆ

      ਪਾਠ 32

      ਨਵਾਂ ਆਗੂ ਅਤੇ ਦੋ ਦਲੇਰ ਔਰਤਾਂ

      ਯਹੋਵਾਹ ਦੇ ਲੋਕਾਂ ਦੀ ਕਾਫ਼ੀ ਸਾਲ ਅਗਵਾਈ ਕਰਨ ਤੋਂ ਬਾਅਦ 110 ਸਾਲਾਂ ਦੀ ਉਮਰ ਵਿਚ ਯਹੋਸ਼ੁਆ ਦੀ ਮੌਤ ਹੋ ਗਈ। ਯਹੋਸ਼ੁਆ ਦੇ ਜੀਉਂਦੇ ਜੀ ਇਜ਼ਰਾਈਲੀ ਯਹੋਵਾਹ ਦੀ ਭਗਤੀ ਕਰਦੇ ਰਹੇ। ਪਰ ਯਹੋਸ਼ੁਆ ਦੀ ਮੌਤ ਤੋਂ ਬਾਅਦ ਉਹ ਵੀ ਕਨਾਨੀਆਂ ਵਾਂਗ ਮੂਰਤੀ-ਪੂਜਾ ਕਰਨ ਲੱਗ ਪਏ। ਇਜ਼ਰਾਈਲੀ ਯਹੋਵਾਹ ਦੇ ਹੁਕਮ ਮੰਨਣ ਤੋਂ ਹਟ ਗਏ। ਇਸ ਲਈ ਯਹੋਵਾਹ ਨੇ ਕਨਾਨੀ ਰਾਜੇ ਯਾਬੀਨ ਨੂੰ ਵਰਤਿਆ ਕਿ ਉਹ ਇਜ਼ਰਾਈਲੀਆਂ ਨੂੰ ਗ਼ੁਲਾਮ ਬਣਾ ਲਵੇ। ਲੋਕ ਯਹੋਵਾਹ ਨੂੰ ਮਦਦ ਲਈ ਤਰਲੇ ਕਰਨ ਲੱਗੇ। ਇਸ ਲਈ ਯਹੋਵਾਹ ਨੇ ਬਾਰਾਕ ਨੂੰ ਉਨ੍ਹਾਂ ਦਾ ਨਵਾਂ ਆਗੂ ਚੁਣਿਆ। ਉਸ ਨੇ ਦੁਬਾਰਾ ਯਹੋਵਾਹ ਨਾਲ ਰਿਸ਼ਤਾ ਜੋੜਨ ਵਿਚ ਉਨ੍ਹਾਂ ਦੀ ਮਦਦ ਕਰਨੀ ਸੀ।

      ਨਬੀਆ ਦਬੋਰਾਹ ਨੇ ਬਾਰਾਕ ਨੂੰ ਬੁਲਵਾਇਆ। ਉਸ ਨੇ ਬਾਰਾਕ ਨੂੰ ਯਹੋਵਾਹ ਦਾ ਸੰਦੇਸ਼ ਦਿੱਤਾ: ‘ਆਪਣੇ ਨਾਲ 10,000 ਆਦਮੀ ਲੈ ਜਾ ਅਤੇ ਕੀਸ਼ੋਨ ਨਦੀ ʼਤੇ ਯਾਬੀਨ ਦੀ ਫ਼ੌਜ ਨੂੰ ਮਿਲ। ਉੱਥੇ ਤੂੰ ਯਾਬੀਨ ਦੀ ਫ਼ੌਜ ਦੇ ਸੈਨਾਪਤੀ ਸੀਸਰਾ ਨੂੰ ਮਾਰੇਂਗਾ।’ ਬਾਰਾਕ ਨੇ ਦਬੋਰਾਹ ਨੂੰ ਕਿਹਾ: ‘ਮੈਂ ਤਾਂ ਹੀ ਜਾਣਾ ਜੇ ਤੂੰ ਮੇਰੇ ਨਾਲ ਚੱਲੇਂਗੀ।’ ਉਸ ਨੇ ਕਿਹਾ: ‘ਮੈਂ ਤੇਰੇ ਨਾਲ ਜ਼ਰੂਰ ਜਾਵਾਂਗੀ। ਪਰ ਇਹ ਜਾਣ ਲੈ ਕਿ ਤੂੰ ਸੀਸਰਾ ਨੂੰ ਨਹੀਂ ਮਾਰੇਂਗਾ। ਯਹੋਵਾਹ ਨੇ ਕਿਹਾ ਹੈ ਕਿ ਉਹ ਇਕ ਔਰਤ ਦੇ ਹੱਥੋਂ ਮਰੇਗਾ।’

      ਦਬੋਰਾਹ ਬਾਰਾਕ ਅਤੇ ਉਸ ਦੀ ਫ਼ੌਜ ਨਾਲ ਲੜਾਈ ਦੀ ਤਿਆਰੀ ਲਈ ਤਾਬੋਰ ਪਹਾੜ ʼਤੇ ਚਲੀ ਗਈ। ਜਿਉਂ ਹੀ ਸੀਸਰਾ ਨੂੰ ਇਹ ਪਤਾ ਲੱਗਾ, ਉਸ ਨੇ ਆਪਣੇ ਯੁੱਧ ਦੇ ਰਥ ਅਤੇ ਫ਼ੌਜਾਂ ਵਾਦੀ ਦੇ ਥੱਲੇ ਇਕੱਠੀਆਂ ਕਰ ਲਈਆਂ। ਦਬੋਰਾਹ ਨੇ ਬਾਰਾਕ ਨੂੰ ਕਿਹਾ: ‘ਅੱਜ ਯਹੋਵਾਹ ਤੈਨੂੰ ਜਿੱਤ ਦਿਵਾਏਗਾ।’ ਬਾਰਾਕ ਅਤੇ ਉਸ ਦੇ 10,000 ਆਦਮੀ ਸੀਸਰਾ ਦੀ ਤਾਕਤਵਰ ਫ਼ੌਜ ਨਾਲ ਲੜਨ ਲਈ ਪਹਾੜ ਤੋਂ ਥੱਲੇ ਆ ਗਏ।

      ਫਿਰ ਯਹੋਵਾਹ ਕੀਸ਼ੋਨ ਨਦੀ ਵਿਚ ਹੜ੍ਹ ਲੈ ਆਇਆ। ਸੀਸਰਾ ਦੇ ਰਥ ਚਿੱਕੜ ਵਿਚ ਫਸ ਗਏ। ਸੀਸਰਾ ਆਪਣਾ ਰਥ ਛੱਡ ਕੇ ਭੱਜ ਗਿਆ। ਬਾਰਾਕ ਅਤੇ ਉਸ ਦੇ ਫ਼ੌਜੀਆਂ ਨੇ ਸੀਸਰਾ ਦੀ ਫ਼ੌਜ ਨੂੰ ਹਰਾ ਦਿੱਤਾ, ਪਰ ਸੀਸਰਾ ਬਚ ਗਿਆ! ਉਹ ਭੱਜ ਕੇ ਯਾਏਲ ਨਾਂ ਦੀ ਔਰਤ ਦੇ ਤੰਬੂ ਵਿਚ ਲੁਕ ਗਿਆ। ਉਸ ਨੇ ਸੀਸਰਾ ਨੂੰ ਪੀਣ ਲਈ ਦੁੱਧ ਦਿੱਤਾ ਅਤੇ ਉਸ ʼਤੇ ਕੰਬਲ ਦੇ ਦਿੱਤਾ। ਸੀਸਰਾ ਥੱਕਿਆ-ਟੁੱਟਿਆ ਹੋਣ ਕਰਕੇ ਸੌਂ ਗਿਆ। ਫਿਰ ਯਾਏਲ ਦੱਬੇ ਪੈਰੀਂ ਉਸ ਕੋਲ ਗਈ ਅਤੇ ਉਸ ਦੇ ਸਿਰ ਵਿਚ ਕਿੱਲ ਠੋਕ ਦਿੱਤਾ ਤੇ ਉਹ ਮਰ ਗਿਆ।

      ਬਾਰਾਕ ਤੇ ਦਬੋਰਾਹ ਯਹੋਵਾਹ ਦੀ ਮਹਿਮਾ ਲਈ ਗੀਤ ਗਾਉਂਦੇ ਹੋਏ

      ਬਾਰਾਕ ਸੀਸਰਾ ਦਾ ਪਿੱਛਾ ਕਰਦਾ ਹੋਇਆ ਉੱਥੇ ਆ ਗਿਆ। ਯਾਏਲ ਤੰਬੂ ਵਿੱਚੋਂ ਬਾਹਰ ਆਈ ਅਤੇ ਉਸ ਨੂੰ ਕਿਹਾ: ‘ਅੰਦਰ ਆਜਾ। ਮੈਂ ਤੈਨੂੰ ਉਹ ਆਦਮੀ ਦਿਖਾਉਂਦੀ ਹਾਂ ਜਿਸ ਨੂੰ ਤੂੰ ਲੱਭ ਰਿਹਾ ਹੈਂ।’ ਬਾਰਾਕ ਅੰਦਰ ਗਿਆ ਅਤੇ ਦੇਖਿਆ ਕਿ ਸੀਸਰਾ ਮਰਿਆ ਪਿਆ ਸੀ। ਬਾਰਾਕ ਅਤੇ ਦਬੋਰਾਹ ਨੇ ਯਹੋਵਾਹ ਦੀ ਮਹਿਮਾ ਲਈ ਗੀਤ ਗਾਇਆ ਕਿਉਂਕਿ ਉਸ ਨੇ ਇਜ਼ਰਾਈਲੀਆਂ ਨੂੰ ਦੁਸ਼ਮਣਾਂ ʼਤੇ ਜਿੱਤ ਦਿਵਾਈ ਸੀ। ਅਗਲੇ 40 ਸਾਲਾਂ ਤਕ ਇਜ਼ਰਾਈਲ ਵਿਚ ਸ਼ਾਂਤੀ ਰਹੀ।

      “ਖ਼ੁਸ਼ ਖ਼ਬਰੀ ਸੁਣਾਉਣ ਵਾਲੀਆਂ ਔਰਤਾਂ ਦੀ ਵੱਡੀ ਫ਼ੌਜ ਹੈ।”—ਜ਼ਬੂਰ 68:11

      ਸਵਾਲ: ਦਬੋਰਾਹ ਨੇ ਇਜ਼ਰਾਈਲੀਆਂ ਦੀ ਕਿਵੇਂ ਮਦਦ ਕੀਤੀ? ਯਾਏਲ ਨੇ ਦਲੇਰੀ ਕਿਵੇਂ ਦਿਖਾਈ?

      ਨਿਆਈਆਂ 4:1–5:31

  • ਰੂਥ ਤੇ ਨਾਓਮੀ
    ਬਾਈਬਲ ਤੋਂ ਸਿੱਖੋ ਅਹਿਮ ਸਬਕ
    • ਨਾਓਮੀ ਰੂਥ ਨੂੰ ਘਰ ਵਾਪਸ ਜਾਣ ਲਈ ਕਹਿੰਦੀ ਹੋਈ

      ਪਾਠ 33

      ਰੂਥ ਤੇ ਨਾਓਮੀ

      ਇਜ਼ਰਾਈਲ ਵਿਚ ਕਾਲ਼ ਪੈਣ ਕਰਕੇ ਨਾਓਮੀ ਨਾਂ ਦੀ ਇਕ ਇਜ਼ਰਾਈਲੀ ਔਰਤ ਆਪਣੇ ਪਤੀ ਤੇ ਦੋ ਮੁੰਡਿਆਂ ਨਾਲ ਮੋਆਬ ਦੇਸ਼ ਚਲੀ ਗਈ। ਬਾਅਦ ਵਿਚ ਉੱਥੇ ਨਾਓਮੀ ਦੇ ਪਤੀ ਦੀ ਮੌਤ ਹੋ ਗਈ। ਉਸ ਦੇ ਮੁੰਡਿਆਂ ਨੇ ਮੋਆਬੀ ਕੁੜੀਆਂ ਰੂਥ ਤੇ ਆਰਪਾਹ ਨਾਲ ਵਿਆਹ ਕਰਾ ਲਏ। ਪਰ ਦੁੱਖ ਦੀ ਗੱਲ ਹੈ ਕਿ ਥੋੜ੍ਹੀ ਦੇਰ ਬਾਅਦ ਨਾਓਮੀ ਦੇ ਮੁੰਡੇ ਵੀ ਮਰ ਗਏ।

      ਜਦੋਂ ਨਾਓਮੀ ਨੇ ਸੁਣਿਆ ਕਿ ਇਜ਼ਰਾਈਲ ਵਿਚ ਕਾਲ਼ ਖ਼ਤਮ ਹੋ ਗਿਆ, ਤਾਂ ਉਸ ਨੇ ਵਾਪਸ ਜਾਣ ਦਾ ਫ਼ੈਸਲਾ ਕੀਤਾ। ਰੂਥ ਤੇ ਆਰਪਾਹ ਵੀ ਉਸ ਨਾਲ ਤੁਰ ਪਈਆਂ, ਪਰ ਰਾਹ ਵਿਚ ਨਾਓਮੀ ਨੇ ਉਨ੍ਹਾਂ ਨੂੰ ਕਿਹਾ: ‘ਤੁਸੀਂ ਮੇਰੇ ਮੁੰਡਿਆਂ ਦੀਆਂ ਚੰਗੀਆਂ ਪਤਨੀਆਂ ਸੀ ਤੇ ਮੇਰੀਆਂ ਚੰਗੀਆਂ ਨੂੰਹਾਂ। ਮੈਂ ਚਾਹੁੰਦੀ ਹਾਂ ਕਿ ਤੁਹਾਡੇ ਦੁਬਾਰਾ ਵਿਆਹ ਹੋ ਜਾਣ। ਮੋਆਬ ਨੂੰ ਵਾਪਸ ਚਲੀਆਂ ਜਾਓ।’ ਉਨ੍ਹਾਂ ਨੇ ਕਿਹਾ: ‘ਅਸੀਂ ਤੈਨੂੰ ਪਿਆਰ ਕਰਦੀਆਂ ਹਾਂ। ਅਸੀਂ ਤੈਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀਆਂ।’ ਨਾਓਮੀ ਉਨ੍ਹਾਂ ਨੂੰ ਵਾਰ-ਵਾਰ ਜਾਣ ਲਈ ਕਹਿੰਦੀ ਰਹੀ। ਅਖ਼ੀਰ ਆਰਪਾਹ ਆਪਣੇ ਘਰ ਚਲੀ ਗਈ, ਪਰ ਰੂਥ ਨਾ ਗਈ। ਨਾਓਮੀ ਨੇ ਉਸ ਨੂੰ ਕਿਹਾ: ‘ਆਰਪਾਹ ਆਪਣੇ ਲੋਕਾਂ ਅਤੇ ਆਪਣੇ ਦੇਵਤਿਆਂ ਕੋਲ ਮੁੜ ਗਈ ਹੈ। ਤੂੰ ਵੀ ਉਸ ਨਾਲ ਮੁੜ ਜਾਹ ਅਤੇ ਆਪਣੀ ਮਾਂ ਦੇ ਘਰ ਚਲੀ ਜਾਹ।’ ਪਰ ਰੂਥ ਨੇ ਕਿਹਾ: ‘ਮੈਂ ਤੈਨੂੰ ਛੱਡ ਕੇ ਨਹੀਂ ਜਾਣਾ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ ਮੇਰਾ ਪਰਮੇਸ਼ੁਰ ਹੋਵੇਗਾ।’ ਤੁਸੀਂ ਕੀ ਸੋਚਦੇ ਹੋ ਕਿ ਨਾਓਮੀ ਨੂੰ ਰੂਥ ਦੀ ਗੱਲ ਸੁਣ ਕੇ ਕਿਵੇਂ ਲੱਗਾ ਹੋਣਾ?

      ਰੂਥ ਤੇ ਨਾਓਮੀ ਜੌਂਆਂ ਦੀ ਵਾਢੀ ਵੇਲੇ ਇਜ਼ਰਾਈਲ ਪਹੁੰਚੀਆਂ। ਇਕ ਦਿਨ ਰੂਥ ਰਾਹਾਬ ਦੇ ਮੁੰਡੇ ਬੋਅਜ਼ ਦੇ ਖੇਤਾਂ ਵਿਚ ਸਿੱਟੇ ਚੁਗਣ ਗਈ। ਬੋਅਜ਼ ਨੇ ਸੁਣਿਆ ਸੀ ਕਿ ਮੋਆਬਣ ਰੂਥ ਨਾਓਮੀ ਦੀ ਵਫ਼ਾਦਾਰ ਰਹੀ। ਬੋਅਜ਼ ਨੇ ਕਾਮਿਆਂ ਨੂੰ ਕਿਹਾ ਕਿ ਉਹ ਰੂਥ ਦੇ ਚੁਗਣ ਲਈ ਜ਼ਿਆਦਾ ਸਿੱਟੇ ਖੇਤ ਵਿਚ ਛੱਡ ਦੇਣ।

      ਰੂਥ ਬੋਅਜ਼ ਦੇ ਖੇਤਾਂ ਵਿਚ ਸਿੱਟੇ ਚੁਗਦੀ ਹੋਈ

      ਉਸ ਸ਼ਾਮ ਨਾਓਮੀ ਨੇ ਰੂਥ ਨੂੰ ਪੁੱਛਿਆ: ‘ਅੱਜ ਤੂੰ ਕਿਹਦੇ ਖੇਤਾਂ ਵਿਚ ਕੰਮ ਕੀਤਾ?’ ਰੂਥ ਨੇ ਕਿਹਾ: ‘ਬੋਅਜ਼ ਨਾਂ ਦੇ ਆਦਮੀ ਦੇ ਖੇਤਾਂ ਵਿਚ।’ ਨਾਓਮੀ ਨੇ ਉਸ ਨੂੰ ਦੱਸਿਆ: ‘ਬੋਅਜ਼ ਮੇਰੇ ਪਤੀ ਦਾ ਰਿਸ਼ਤੇਦਾਰ ਹੈ। ਉਸ ਦੇ ਖੇਤਾਂ ਵਿਚ ਹੋਰ ਕੁੜੀਆਂ ਨਾਲ ਸਿੱਟੇ ਚੁਗਦੀ ਰਹੀਂ। ਤੈਨੂੰ ਉੱਥੇ ਕੋਈ ਡਰ ਨਹੀਂ ਹੋਵੇਗਾ।’

      ਨਾਓਮੀ ਬੋਅਜ਼, ਰੂਥ ਤੇ ਓਬੇਦ ਨਾਲ

      ਵਾਢੀ ਖ਼ਤਮ ਹੋਣ ਤਕ ਰੂਥ ਬੋਅਜ਼ ਦੇ ਖੇਤਾਂ ਵਿਚ ਕੰਮ ਕਰਦੀ ਰਹੀ। ਬੋਅਜ਼ ਨੇ ਦੇਖਿਆ ਕਿ ਰੂਥ ਮਿਹਨਤੀ ਤੇ ਨੇਕ ਔਰਤ ਸੀ। ਉਨ੍ਹਾਂ ਦਿਨਾਂ ਵਿਚ ਜੇ ਕੋਈ ਆਦਮੀ ਮਰ ਜਾਂਦਾ ਸੀ ਤੇ ਉਸ ਦੇ ਕੋਈ ਮੁੰਡਾ ਨਹੀਂ ਸੀ ਹੁੰਦਾ, ਤਾਂ ਉਸ ਦਾ ਕੋਈ ਰਿਸ਼ਤੇਦਾਰ ਉਸ ਦੀ ਵਿਧਵਾ ਪਤਨੀ ਨਾਲ ਵਿਆਹ ਕਰਵਾ ਸਕਦਾ ਸੀ। ਇਸ ਲਈ ਬੋਅਜ਼ ਨੇ ਰੂਥ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਘਰ ਇਕ ਮੁੰਡਾ ਪੈਦਾ ਹੋਇਆ ਜਿਸ ਦਾ ਨਾਂ ਓਬੇਦ ਸੀ ਜੋ ਬਾਅਦ ਵਿਚ ਦਾਊਦ ਦਾ ਦਾਦਾ ਬਣਿਆ। ਨਾਓਮੀ ਦੀਆਂ ਸਹੇਲੀਆਂ ਖ਼ੁਸ਼ ਸਨ। ਉਨ੍ਹਾਂ ਨੇ ਕਿਹਾ: ‘ਪਹਿਲਾਂ ਯਹੋਵਾਹ ਨੇ ਤੈਨੂੰ ਰੂਥ ਦਿੱਤੀ ਜਿਸ ਨੇ ਤੇਰੇ ਨਾਲ ਚੰਗਾ ਸਲੂਕ ਕੀਤਾ ਤੇ ਹੁਣ ਤੈਨੂੰ ਪੋਤਾ ਦਿੱਤਾ। ਯਹੋਵਾਹ ਦੀ ਮਹਿਮਾ ਹੋਵੇ।’

      “ਇਕ ਦੋਸਤ ਅਜਿਹਾ ਹੈ ਜੋ ਭਰਾ ਨਾਲੋਂ ਵੱਧ ਕੇ ਵਫ਼ਾ ਨਿਭਾਉਂਦਾ ਹੈ।”​—ਕਹਾਉਤਾਂ 18:24

      ਸਵਾਲ: ਰੂਥ ਨੇ ਨਾਓਮੀ ਲਈ ਪਿਆਰ ਕਿਵੇਂ ਦਿਖਾਇਆ? ਯਹੋਵਾਹ ਨੇ ਰੂਥ ਤੇ ਨਾਓਮੀ ਦੀ ਦੇਖ-ਭਾਲ ਕਿਵੇਂ ਕੀਤੀ?

      ਰੂਥ 1:1–4:22; ਮੱਤੀ 1:5

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ