-
ਯਿਸੂ ਜੀਉਂਦਾ ਹੈ!ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 128
ਯਿਸੂ ਜੀਉਂਦਾ ਹੈ!
ਜਦੋਂ ਔਰਤਾਂ ਯਿਸੂ ਦੀ ਕਬਰ ਖਾਲੀ ਪਾਉਂਦੀਆਂ ਹਨ, ਤਾਂ ਮਰਿਯਮ ਮਗਦਲੀਨੀ ਪਤਰਸ ਅਤੇ ਯੂਹੰਨਾ ਨੂੰ ਦੱਸਣ ਲਈ ਦੌੜ ਕੇ ਜਾਂਦੀ ਹੈ। ਪਰੰਤੂ, ਸਪੱਸ਼ਟ ਤੌਰ ਤੇ ਦੂਜੀਆਂ ਔਰਤਾਂ ਕਬਰ ਵਿਖੇ ਰਹਿੰਦੀਆਂ ਹਨ। ਜਲਦੀ ਹੀ ਇਕ ਦੂਤ ਪ੍ਰਗਟ ਹੁੰਦਾ ਹੈ ਅਤੇ ਉਨ੍ਹਾਂ ਨੂੰ ਅੰਦਰ ਸੱਦਦਾ ਹੈ।
ਔਰਤਾਂ ਇੱਥੇ ਇਕ ਹੋਰ ਦੂਤ ਨੂੰ ਦੇਖਦੀਆਂ ਹਨ, ਅਤੇ ਦੂਤਾਂ ਵਿੱਚੋਂ ਇਕ ਉਨ੍ਹਾਂ ਨੂੰ ਕਹਿੰਦਾ ਹੈ: “ਤੁਸੀਂ ਨਾ ਡਰੋ ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯਿਸੂ ਨੂੰ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ ਭਾਲਦੀਆਂ ਹੋ। ਉਹ ਐਥੇ ਹੈ ਨਹੀਂ ਕਿਉਂਕਿ ਜਿਵੇਂ ਉਸ ਨੇ ਕਿਹਾ ਸੀ ਉਹ ਜੀ ਉੱਠਿਆ ਹੈ। ਆਓ ਇਹ ਥਾਂ ਵੇਖੋ ਜਿੱਥੇ ਪ੍ਰਭੁ ਪਿਆ ਹੋਇਆ ਸੀ। ਅਰ ਛੇਤੀ ਜਾਕੇ ਉਹ ਦੇ ਚੇਲਿਆਂ ਨੂੰ ਆਖੋ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ।” ਇਸ ਲਈ ਡਰ ਅਤੇ ਵੱਡੇ ਆਨੰਦ ਨਾਲ ਇਹ ਔਰਤਾਂ ਵੀ ਦੌੜੀਆਂ ਜਾਂਦੀਆਂ ਹਨ।
ਐਨੇ ਨੂੰ, ਮਰਿਯਮ ਪਤਰਸ ਅਤੇ ਯੂਹੰਨਾ ਨੂੰ ਲੱਭ ਲੈਂਦੀ ਹੈ, ਅਤੇ ਉਹ ਉਨ੍ਹਾਂ ਨੂੰ ਸੂਚਨਾ ਦਿੰਦੀ ਹੈ: “ਪ੍ਰਭੁ ਨੂੰ ਕਬਰ ਵਿੱਚੋਂ ਕੱਢ ਲੈ ਗਏ ਅਤੇ ਸਾਨੂੰ ਪਤਾ ਨਹੀਂ ਭਈ ਉਹ ਨੂੰ ਕਿੱਥੇ ਰੱਖਿਆ!” ਤੁਰੰਤ ਹੀ ਉਹ ਦੋ ਰਸੂਲ ਦੌੜੇ ਜਾਂਦੇ ਹਨ। ਯੂਹੰਨਾ ਜ਼ਿਆਦਾ ਫੁਰਤੀਲਾ ਹੈ— ਸਪੱਸ਼ਟ ਤੌਰ ਤੇ ਉਮਰ ਵਿਚ ਛੋਟਾ ਹੋਣ ਦੇ ਕਾਰਨ— ਅਤੇ ਉਹ ਪਹਿਲਾਂ ਕਬਰ ਕੋਲ ਪਹੁੰਚ ਜਾਂਦਾ ਹੈ। ਐਨੇ ਨੂੰ ਔਰਤਾਂ ਉੱਥੋਂ ਚਲੀਆਂ ਗਈਆਂ ਹਨ, ਇਸ ਲਈ ਆਲੇ-ਦੁਆਲੇ ਕੋਈ ਨਹੀਂ ਹੈ। ਯੂਹੰਨਾ ਹੇਠਾਂ ਝੁਕਦੇ ਹੋਏ, ਕਬਰ ਵਿਚ ਝਾਕਦਾ ਹੈ ਅਤੇ ਪੱਟੀਆਂ ਦੇਖਦਾ ਹੈ, ਪਰੰਤੂ ਉਹ ਬਾਹਰ ਹੀ ਰਹਿੰਦਾ ਹੈ।
ਜਦੋਂ ਪਤਰਸ ਪਹੁੰਚਦਾ ਹੈ ਤਾਂ ਉਹ ਝਿਜਕਦਾ ਨਹੀਂ ਹੈ ਪਰੰਤੂ ਸਿੱਧਾ ਅੰਦਰ ਜਾਂਦਾ ਹੈ। ਉਹ ਉੱਥੇ ਪੱਟੀਆਂ ਅਤੇ ਉਹ ਕੱਪੜਾ ਵੀ ਪਿਆ ਦੇਖਦਾ ਹੈ ਜਿਹੜਾ ਯਿਸੂ ਦਾ ਸਿਰ ਵਲ੍ਹੇਟਣ ਲਈ ਇਸਤੇਮਾਲ ਕੀਤਾ ਗਿਆ ਸੀ। ਇਹ ਇਕ ਥਾਂ ਇਕੱਠੇ ਪਏ ਹੋਏ ਹਨ। ਹੁਣ ਯੂਹੰਨਾ ਵੀ ਕਬਰ ਦੇ ਅੰਦਰ ਆਉਂਦਾ ਹੈ, ਅਤੇ ਉਹ ਮਰਿਯਮ ਦੀ ਸੂਚਨਾ ਉੱਤੇ ਵਿਸ਼ਵਾਸ ਕਰਦਾ ਹੈ। ਪਰੰਤੂ ਨਾ ਹੀ ਪਤਰਸ ਅਤੇ ਨਾ ਹੀ ਯੂਹੰਨਾ ਸਮਝਦੇ ਹਨ ਕਿ ਯਿਸੂ ਜੀ ਉਠਾਇਆ ਗਿਆ ਹੈ, ਭਾਵੇਂ ਕਿ ਉਸ ਨੇ ਉਨ੍ਹਾਂ ਨੂੰ ਕਈ ਵਾਰ ਦੱਸਿਆ ਸੀ ਕਿ ਉਹ ਜੀ ਉੱਠੇਗਾ। ਪਰੇਸ਼ਾਨ ਹੋ ਕੇ ਦੋਨੋਂ ਘਰ ਨੂੰ ਮੁੜ ਜਾਂਦੇ ਹਨ, ਪਰੰਤੂ ਮਰਿਯਮ ਜਿਹੜੀ ਕਿ ਵਾਪਸ ਕਬਰ ਵਿਖੇ ਆ ਜਾਂਦੀ ਹੈ, ਉੱਥੇ ਹੀ ਰਹਿੰਦੀ ਹੈ।
ਇਸ ਸਮੇਂ ਦੇ ਦੌਰਾਨ, ਬਾਕੀ ਔਰਤਾਂ ਚੇਲਿਆਂ ਨੂੰ ਦੱਸਣ ਲਈ ਕਿ ਯਿਸੂ ਪੁਨਰ-ਉਥਿਤ ਹੋ ਗਿਆ ਹੈ, ਜਲਦੀ ਨਾਲ ਦੌੜੀਆਂ ਜਾਂਦੀਆਂ ਹਨ, ਜਿਵੇਂ ਕਿ ਦੂਤ ਨੇ ਉਨ੍ਹਾਂ ਨੂੰ ਕਰਨ ਲਈ ਹੁਕਮ ਦਿੱਤਾ ਸੀ। ਜਿਉਂ ਹੀ ਉਹ ਪੂਰੀ ਤੇਜ਼ੀ ਨਾਲ ਦੌੜੀਆਂ ਜਾਂਦੀਆਂ ਹਨ, ਯਿਸੂ ਉਨ੍ਹਾਂ ਨੂੰ ਮਿਲਦਾ ਹੈ ਅਤੇ ਕਹਿੰਦਾ ਹੈ: “ਸੁਖੀ ਰਹੋ!” ਉਸ ਦੇ ਪੈਰਾਂ ਤੇ ਡਿੱਗ ਕੇ ਉਹ ਉਸ ਨੂੰ ਮੱਥਾ ਟੇਕਦੀਆਂ ਹਨ। ਫਿਰ ਯਿਸੂ ਕਹਿੰਦਾ ਹੈ: “ਡਰੋ ਨਾ, ਜਾਓ, ਮੇਰੇ ਭਾਈਆਂ ਨੂੰ ਆਖੋ ਜੋ ਗਲੀਲ ਨੂੰ ਜਾਣ ਅਤੇ ਓਹ ਉੱਥੇ ਮੈਨੂੰ ਵੇਖਣਗੇ।”
ਕੁਝ ਸਮਾਂ ਪਹਿਲਾਂ, ਜਦੋਂ ਭੁਚਾਲ ਆਇਆ ਸੀ ਅਤੇ ਦੂਤ ਪ੍ਰਗਟ ਹੋਏ ਸਨ ਤਾਂ ਪਹਿਰੇਦਾਰੀ ਕਰਦੇ ਸਿਪਾਹੀ ਆਪਣੀ ਹੋਸ਼ ਗੁਆ ਕੇ ਮੁਰਦਿਆਂ ਵਰਗੇ ਹੋ ਗਏ ਸਨ। ਹੋਸ਼ ਵਿਚ ਆਉਂਦੇ ਹੀ, ਉਹ ਤੁਰੰਤ ਸ਼ਹਿਰ ਨੂੰ ਗਏ ਅਤੇ ਜੋ ਕੁਝ ਵਾਪਰਿਆ ਸੀ, ਮੁੱਖ ਜਾਜਕਾਂ ਨੂੰ ਦੱਸਿਆ। ਯਹੂਦੀਆਂ ਦੇ “ਬਜੁਰਗਾਂ” ਨਾਲ ਸਲਾਹ ਕਰਨ ਤੋਂ ਬਾਅਦ, ਉਹ ਇਸ ਫ਼ੈਸਲੇ ਤੇ ਪਹੁੰਚੇ ਕਿ ਸਿਪਾਹੀਆਂ ਨੂੰ ਰਿਸ਼ਵਤ ਦੇ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਨੂੰ ਇਹ ਹਿਦਾਇਤ ਦਿੱਤੀ ਗਈ ਸੀ: “ਤੁਸੀਂ ਇਹ ਕਹਿਣਾ ਕਿ ਜਦ ਅਸੀਂ ਸੁੱਤੇ ਹੋਏ ਸਾਂ ਉਹ ਦੇ ਚੇਲੇ ਰਾਤ ਨੂੰ ਆਣ ਕੇ ਉਹ ਨੂੰ ਚੁਰਾ ਲੈ ਗਏ।”
ਕਿਉਂਕਿ ਸਿਪਾਹੀਆਂ ਨੂੰ ਉਨ੍ਹਾਂ ਦੇ ਤੈਨਾਇਤੀ ਸਮੇਂ ਸੌਂਣ ਲਈ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ, ਜਾਜਕ ਵਾਅਦਾ ਕਰਦੇ ਹਨ: “ਜੇ ਇਹ ਗੱਲ [ਤੁਹਾਡੇ ਸੌਂਣ ਦੀ ਸੂਚਨਾ] ਹਾਕਮ ਦੇ ਕੰਨਾਂ ਤੀਕਰ ਪਹੁੰਚੇ ਤਾਂ ਅਸੀਂ ਉਹ ਨੂੰ ਮਨਾ ਕੇ ਤੁਹਾਨੂੰ ਨਿਚਿੰਤ ਕਰ ਦਿਆਂਗੇ।” ਕਿਉਂਕਿ ਕਾਫ਼ੀ ਵੱਡੀ ਰਿਸ਼ਵਤ ਦਿੱਤੀ ਗਈ ਸੀ, ਸਿਪਾਹੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਉਨ੍ਹਾਂ ਨੂੰ ਹਿਦਾਇਤ ਦਿੱਤੀ ਗਈ ਸੀ। ਨਤੀਜੇ ਵਜੋਂ, ਯਿਸੂ ਦੀ ਲਾਸ਼ ਦੀ ਚੋਰੀ ਹੋਣ ਦੀ ਝੂਠੀ ਸੂਚਨਾ ਯਹੂਦੀਆਂ ਵਿਚ ਸਭ ਜਗ੍ਹਾ ਫੈਲ ਗਈ।
ਮਰਿਯਮ ਮਗਦਲੀਨੀ, ਜਿਹੜੀ ਕਿ ਪਿੱਛੇ ਕਬਰ ਕੋਲ ਹੀ ਰਹਿੰਦੀ ਹੈ, ਸੋਗ ਵਜੋਂ ਬੇਬੱਸ ਹੈ। ਯਿਸੂ ਕਿੱਥੇ ਹੋ ਸਕਦਾ ਹੈ? ਕਬਰ ਦੇ ਅੰਦਰ ਦੇਖਣ ਲਈ ਅੱਗੇ ਨੂੰ ਝੁਕਦੇ ਹੋਏ, ਉਹ ਦੋ ਦੂਤਾਂ ਨੂੰ ਚਿੱਟੇ ਬਸਤਰ ਵਿਚ ਦੇਖਦੀ ਹੈ ਜਿਹੜੇ ਦੁਬਾਰਾ ਪ੍ਰਗਟ ਹੋਏ ਹਨ! ਇਕ ਸਿਰਹਾਣੇ ਅਤੇ ਦੂਜਾ ਪੈਰਾਂ ਵੱਲ ਬੈਠਾ ਹੋਇਆ ਹੈ ਜਿੱਥੇ ਪਹਿਲਾਂ ਯਿਸੂ ਦੀ ਲਾਸ਼ ਪਈ ਹੋਈ ਸੀ। “ਹੇ ਬੀਬੀ, ਤੂੰ ਕਿਉਂ ਰੋਂਦੀ ਹੈਂ?” ਉਹ ਪੁੱਛਦੇ ਹਨ।
“ਇਸ ਲਈ ਜੋ ਮੇਰੇ ਪ੍ਰਭੁ ਨੂੰ ਲੈ ਗਏ,” ਮਰਿਯਮ ਜਵਾਬ ਦਿੰਦੀ ਹੈ, “ਅਤੇ ਮੈਨੂੰ ਪਤਾ ਨਹੀਂ ਜੋ ਉਹ ਨੂੰ ਕਿੱਥੇ ਰੱਖਿਆ।” ਫਿਰ ਉਹ ਮੁੜਦੀ ਅਤੇ ਇਕ ਵਿਅਕਤੀ ਨੂੰ ਦੇਖਦੀ ਹੈ ਜਿਹੜਾ ਉਹੋ ਸਵਾਲ ਦੁਹਰਾਉਂਦਾ ਹੈ: “ਹੇ ਬੀਬੀ ਤੂੰ ਕਿਉਂ ਰੋਂਦੀ ਹੈਂ?” ਅਤੇ ਉਹ ਇਹ ਵੀ ਪੁੱਛਦਾ ਹੈ: “ਕਿਹ ਨੂੰ ਭਾਲਦੀ ਹੈਂ?”
ਇਸ ਵਿਅਕਤੀ ਨੂੰ ਉਸ ਬਾਗ਼ ਦਾ ਬਾਗ਼ਵਾਨ ਸਮਝਦੇ ਹੋਏ, ਜਿੱਥੇ ਕਬਰ ਸਥਿਤ ਹੈ, ਉਹ ਉਸ ਨੂੰ ਕਹਿੰਦੀ ਹੈ: “ਮਹਾਰਾਜ ਜੇ ਉਹ ਨੂੰ ਤੂੰ ਲੈ ਗਿਆ ਹੈਂ ਤਾਂ ਮੈਨੂੰ ਦੱਸ ਭਈ ਤੈਂ ਉਹ ਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਹ ਨੂੰ ਲੈ ਜਾਵਾਂਗੀ।”
“ਹੇ ਮਰਿਯਮ!” ਉਹ ਵਿਅਕਤੀ ਕਹਿੰਦਾ ਹੈ। ਅਤੇ ਉਸ ਦੇ ਉਸ ਨਾਲ ਗੱਲ ਕਰਨ ਦੇ ਜਾਣੇ-ਪਛਾਣੇ ਢੰਗ ਤੋਂ ਉਹ ਤੁਰੰਤ ਜਾਣ ਜਾਂਦੀ ਹੈ ਕਿ ਇਹ ਯਿਸੂ ਹੈ। “ਹੇ ਰੱਬੋਨੀ!” (ਅਰਥਾਤ “ਹੇ ਗੁਰੂ!”) ਉਹ ਚਿਲਾਉਂਦੀ ਹੈ। ਅਤੇ ਬੇਹੱਦ ਆਨੰਦ ਨਾਲ ਉਹ ਉਸ ਨੂੰ ਫੜ ਲੈਂਦੀ ਹੈ। ਪਰੰਤੂ ਯਿਸੂ ਕਹਿੰਦਾ ਹੈ: “ਮੈਨੂੰ ਨਾ ਛੋਹ ਕਿਉਂ ਜੋ ਮੈਂ ਅਜੇ ਪਿਤਾ ਦੇ ਕੋਲ ਉੱਪਰ ਨਹੀਂ ਗਿਆ ਹਾਂ ਪਰ ਮੇਰੇ ਭਰਾਵਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਆਖ ਭਈ ਮੈਂ ਉੱਪਰ ਆਪਣੇ ਪਿਤਾ ਅਰ ਤੁਹਾਡੇ ਪਿਤਾ ਕੋਲ ਅਤੇ ਆਪਣੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾਂਦਾ ਹਾਂ।”
ਹੁਣ ਮਰਿਯਮ ਦੌੜਦੀ ਹੋਈ ਉੱਥੇ ਜਾਂਦੀ ਹੈ ਜਿੱਥੇ ਰਸੂਲ ਅਤੇ ਸੰਗੀ ਚੇਲੇ ਇਕੱਠੇ ਹੋਏ ਹਨ। ਉਹ ਵੀ ਆਪਣਾ ਬਿਰਤਾਂਤ ਉਸ ਸੂਚਨਾ ਨਾਲ ਜੋੜਦੀ ਹੈ ਜਿਹੜੀ ਦੂਜੀਆਂ ਔਰਤਾਂ ਨੇ ਪੁਨਰ-ਉਥਿਤ ਯਿਸੂ ਨੂੰ ਦੇਖਣ ਬਾਰੇ ਪਹਿਲਾਂ ਹੀ ਦਿੱਤੀ ਸੀ। ਫਿਰ ਵੀ, ਇਹ ਆਦਮੀ ਜਿਨ੍ਹਾਂ ਨੇ ਪਹਿਲੀਆਂ ਔਰਤਾਂ ਦਾ ਵਿਸ਼ਵਾਸ ਨਹੀਂ ਕੀਤਾ, ਸਪੱਸ਼ਟ ਤੌਰ ਤੇ ਮਰਿਯਮ ਦਾ ਵੀ ਵਿਸ਼ਵਾਸ ਨਹੀਂ ਕਰਦੇ ਹਨ। ਮੱਤੀ 28:3-15; ਮਰਕੁਸ 16:5-8; ਲੂਕਾ 24:4-12; ਯੂਹੰਨਾ 20:2-18.
▪ ਕਬਰ ਨੂੰ ਖਾਲੀ ਪਾਉਣ ਤੋਂ ਬਾਅਦ, ਮਰਿਯਮ ਮਗਦਲੀਨੀ ਕੀ ਕਰਦੀ ਹੈ, ਅਤੇ ਦੂਜੀਆਂ ਔਰਤਾਂ ਦਾ ਕੀ ਅਨੁਭਵ ਹੁੰਦਾ ਹੈ?
▪ ਕਬਰ ਨੂੰ ਖਾਲੀ ਪਾਉਣ ਤੇ ਪਤਰਸ ਅਤੇ ਯੂਹੰਨਾ ਦੀ ਕੀ ਪ੍ਰਤਿਕ੍ਰਿਆ ਹੁੰਦੀ ਹੈ?
▪ ਜਦੋਂ ਦੂਜੀਆਂ ਔਰਤਾਂ ਯਿਸੂ ਦੇ ਪੁਨਰ-ਉਥਾਨ ਦੀ ਸੂਚਨਾ ਚੇਲਿਆਂ ਨੂੰ ਦੇਣ ਲਈ ਜਾ ਰਹੀਆਂ ਹੁੰਦੀਆਂ ਹਨ ਤਾਂ ਰਾਹ ਵਿਚ ਉਹ ਕਿਸ ਨੂੰ ਮਿਲਦੀਆਂ ਹਨ?
▪ ਪਹਿਰੇਦਾਰ ਸਿਪਾਹੀਆਂ ਨੂੰ ਕੀ ਹੋਇਆ ਸੀ, ਅਤੇ ਉਨ੍ਹਾਂ ਵੱਲੋਂ ਜਾਜਕਾਂ ਨੂੰ ਸੂਚਨਾ ਦੇਣ ਤੇ ਕੀ ਪ੍ਰਤਿਕ੍ਰਿਆ ਹੁੰਦੀ ਹੈ?
▪ ਜਦੋਂ ਮਰਿਯਮ ਮਗਦਲੀਨੀ ਕਬਰ ਵਿਖੇ ਇਕੱਲੀ ਹੁੰਦੀ ਹੈ ਤਾਂ ਕੀ ਹੁੰਦਾ ਹੈ, ਅਤੇ ਔਰਤਾਂ ਦੀਆਂ ਸੂਚਨਾਵਾਂ ਦੇ ਪ੍ਰਤੀ ਚੇਲਿਆਂ ਦੀ ਕੀ ਪ੍ਰਤਿਕ੍ਰਿਆ ਹੁੰਦੀ ਹੈ?
-
-
ਹੋਰ ਪ੍ਰਗਟਾਵੇਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 129
ਹੋਰ ਪ੍ਰਗਟਾਵੇ
ਚੇਲੇ ਅਜੇ ਵੀ ਉਦਾਸ ਹਨ। ਉਹ ਖਾਲੀ ਕਬਰ ਦਾ ਅਰਥ ਨਹੀਂ ਸਮਝਦੇ ਹਨ, ਅਤੇ ਨਾ ਹੀ ਔਰਤਾਂ ਦੀਆਂ ਸੂਚਨਾਵਾਂ ਦਾ ਵਿਸ਼ਵਾਸ ਕਰਦੇ ਹਨ। ਇਸ ਲਈ ਬਾਅਦ ਵਿਚ ਐਤਵਾਰ ਨੂੰ, ਕਲਿਉਪਸ ਅਤੇ ਇਕ ਹੋਰ ਚੇਲਾ ਯਰੂਸ਼ਲਮ ਤੋਂ ਲਗਭਗ 11 ਕਿਲੋਮੀਟਰ ਦੂਰ ਇੰਮਊਸ ਨੂੰ ਜਾਂਦੇ ਹਨ।
ਰਾਹ ਵਿਚ, ਜਦੋਂ ਕਿ ਉਹ ਦਿਨ ਦੀਆਂ ਘਟਨਾਵਾਂ ਬਾਰੇ ਗੱਲਾਂ ਕਰ ਰਹੇ ਹੁੰਦੇ ਹਨ, ਇਕ ਅਜਨਬੀ ਉਨ੍ਹਾਂ ਨਾਲ ਆ ਮਿਲਦਾ ਹੈ। “ਤੁਸੀਂ ਤੁਰੇ ਜਾਂਦੇ ਏਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ?” ਉਹ ਪੁੱਛਦਾ ਹੈ।
ਚੇਲੇ ਰੁਕ ਜਾਂਦੇ ਹਨ, ਉਨ੍ਹਾਂ ਦੇ ਮੂੰਹ ਉੱਤਰੇ ਹੋਏ ਹਨ, ਅਤੇ ਕਲਿਉਪਸ ਜਵਾਬ ਦਿੰਦਾ ਹੈ: “ਭਲਾ, ਤੂੰਏਂ ਕੱਲਾ ਯਰੂਸ਼ਲਮ ਵਿੱਚ ਓਪਰਾ ਹੈਂ ਅਤੇ ਅੱਜ ਕੱਲ ਜਿਹੜੀਆਂ ਵਾਰਤਾਂ ਉਸ ਵਿੱਚ ਬੀਤੀਆਂ ਹਨ ਨਹੀਂ ਜਾਣਦਾ ਹੈਂ?” ਉਹ ਪੁੱਛਦਾ ਹੈ: “ਕਿਹੜੀਆਂ ਵਾਰਤਾਂ?”
“ਯਿਸੂ ਨਾਸਰੀ ਦੇ ਵਿਖੇ,” ਉਹ ਜਵਾਬ ਦਿੰਦੇ ਹਨ। “ਪਰਧਾਨ ਜਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ [“ਸੂਲੀ,” ਨਿ ਵ] ਉੱਤੇ ਚੜ੍ਹਾਇਆ। ਪਰ ਸਾਨੂੰ ਇਹ ਆਸ ਸੀ ਭਈ ਇਹ ਉਹੋ ਹੈ ਜੋ ਇਸਰਾਏਲ ਦਾ ਨਿਸਤਾਰਾ ਕਰੇ।”
ਕਲਿਉਪਸ ਅਤੇ ਉਸ ਦਾ ਸਾਥੀ ਦਿਨ ਦੀਆਂ ਹੈਰਾਨੀਜਨਕ ਘਟਨਾਵਾਂ—ਦੂਤਾਂ ਦੇ ਅਲੌਕਿਕ ਦ੍ਰਿਸ਼ ਅਤੇ ਖਾਲੀ ਕਬਰ ਬਾਰੇ ਸੂਚਨਾ—ਦੀ ਵਿਆਖਿਆ ਕਰਦੇ ਹਨ, ਪਰੰਤੂ ਫਿਰ ਇਨ੍ਹਾਂ ਗੱਲਾਂ ਦੇ ਮਤਲਬ ਦੇ ਸੰਬੰਧ ਵਿਚ ਆਪਣੀ ਹੈਰਾਨੀ ਕਬੂਲ ਕਰਦੇ ਹਨ। ਅਜਨਬੀ ਉਨ੍ਹਾਂ ਨੂੰ ਝਿੜਕਦਾ ਹੈ: “ਹੇ ਬੇਸਮਝੋ ਅਰ ਨਬੀਆਂ ਦਿਆਂ ਸਾਰਿਆਂ ਬਚਨਾਂ ਉੱਤੇ ਪਰਤੀਤ ਕਰਨ ਵਿੱਚ ਢਿੱਲਿਓ! ਕੀ ਮਸੀਹ ਨੂੰ ਜ਼ਰੂਰੀ ਨਾ ਸੀ ਜੋ ਏਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ ਕਰੇ?” ਫਿਰ ਉਹ ਪਵਿੱਤਰ ਲਿਖਤਾਂ ਵਿੱਚੋਂ ਮਸੀਹ ਨਾਲ ਸੰਬੰਧਿਤ ਹਿੱਸਿਆਂ ਨੂੰ ਉਨ੍ਹਾਂ ਲਈ ਵਿਆਖਿਆ ਕਰਦਾ ਹੈ।
ਆਖ਼ਰਕਾਰ ਉਹ ਇੰਮਊਸ ਦੇ ਨੇੜੇ ਪਹੁੰਚ ਜਾਂਦੇ ਹਨ, ਅਤੇ ਇਹ ਅਜਨਬੀ ਅੱਗੇ ਚੱਲਦੇ ਜਾਣ ਨੂੰ ਪ੍ਰਤੀਤ ਹੁੰਦਾ ਹੈ। ਹੋਰ ਸੁਣਨ ਦੀ ਇੱਛਾ ਕਰਦੇ ਹੋਏ, ਚੇਲੇ ਜ਼ੋਰ ਦਿੰਦੇ ਹਨ: ‘ਸਾਡੇ ਨਾਲ ਰਹੋ ਕਿਉਂ ਜੋ ਸੰਝ ਪੈ ਗਈ ਹੈ।’ ਇਸ ਲਈ ਉਹ ਭੋਜਨ ਲਈ ਰੁਕ ਜਾਂਦਾ ਹੈ। ਜਿਉਂ ਹੀ ਉਹ ਪ੍ਰਾਰਥਨਾ ਕਰਦਾ ਅਤੇ ਰੋਟੀ ਤੋੜ ਕੇ ਉਨ੍ਹਾਂ ਨੂੰ ਦਿੰਦਾ ਹੈ, ਉਹ ਪਛਾਣ ਲੈਂਦੇ ਹਨ ਕਿ ਇਹ ਤਾਂ ਅਸਲ ਵਿਚ ਭੌਤਿਕ ਮਨੁੱਖੀ ਸਰੀਰ ਵਿਚ ਯਿਸੂ ਹੈ। ਪਰੰਤੂ ਫਿਰ ਉਹ ਅਲੋਪ ਹੋ ਜਾਂਦਾ ਹੈ।
ਹੁਣ ਉਹ ਸਮਝ ਜਾਂਦੇ ਹਨ ਕਿ ਉਹ ਅਜਨਬੀ ਕਿਸ ਤਰ੍ਹਾਂ ਇੰਨਾ ਕੁਝ ਜਾਣਦਾ ਸੀ! “ਜਾਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ?” ਉਹ ਪੁੱਛਦੇ ਹਨ। ਬਿਨਾਂ ਦੇਰੀ ਕੀਤੇ ਉਹ ਉਠ ਕੇ ਜਲਦੀ ਨਾਲ ਯਰੂਸ਼ਲਮ ਨੂੰ ਮੁੜ ਜਾਂਦੇ ਹਨ, ਜਿੱਥੇ ਉਹ ਰਸੂਲਾਂ ਅਤੇ ਜਿਹੜੇ ਉਨ੍ਹਾਂ ਨਾਲ ਇਕੱਠੇ ਸਨ, ਨੂੰ ਪਾਉਂਦੇ ਹਨ। ਕਲਿਉਪਸ ਅਤੇ ਉਸ ਦੇ ਸਾਥੀ ਦੇ ਕੁਝ ਕਹਿ ਸਕਣ ਤੋਂ ਪਹਿਲਾਂ ਹੀ, ਦੂਜੇ ਲੋਕ ਉਤੇਜਿਤ ਹੋ ਕੇ ਖ਼ਬਰ ਦਿੰਦੇ ਹਨ: “ਪ੍ਰਭੁ ਸੱਚੀ ਮੁੱਚੀ ਜੀ ਉੱਠਿਆ ਅਰ ਸ਼ਮਊਨ ਨੂੰ ਵਿਖਾਈ ਦਿੱਤਾ!” ਫਿਰ ਇਹ ਦੋਨੋਂ ਦੱਸਦੇ ਹਨ ਕਿ ਕਿਸ ਤਰ੍ਹਾਂ ਯਿਸੂ ਉਨ੍ਹਾਂ ਨੂੰ ਵੀ ਪ੍ਰਗਟ ਹੋਇਆ ਹੈ। ਇਸ ਨੂੰ ਮਿਲਾ ਕੇ ਦਿਨ ਵਿਚ ਚਾਰ ਵਾਰੀ ਹੁੰਦਾ ਹੈ ਕਿ ਉਹ ਆਪਣੇ ਚੇਲਿਆਂ ਵਿੱਚੋਂ ਵੱਖੋ-ਵੱਖਰੇ ਨੂੰ ਪ੍ਰਗਟ ਹੋਇਆ ਹੈ।
ਯਿਸੂ ਅਚਾਨਕ ਹੀ ਪੰਜਵਾਂ ਪ੍ਰਗਟਾਵਾ ਕਰਦਾ ਹੈ। ਭਾਵੇਂ ਕਿ ਦਰਵਾਜ਼ੇ ਬੰਦ ਹਨ ਕਿਉਂਕਿ ਚੇਲੇ ਯਹੂਦੀਆਂ ਤੋਂ ਭਰਦੇ ਹਨ, ਉਹ ਅੰਦਰ ਦਾਖ਼ਲ ਹੁੰਦਾ ਹੈ, ਅਤੇ ਠੀਕ ਉਨ੍ਹਾਂ ਦੇ ਦਰਮਿਆਨ ਖੜ੍ਹਾ ਹੋ ਕੇ ਕਹਿੰਦਾ ਹੈ: “ਤੁਹਾਡੀ ਸ਼ਾਂਤੀ ਹੋਵੇ।” ਉਹ ਭੈਭੀਤ ਹੁੰਦੇ ਹਨ, ਇਹ ਸਮਝਦੇ ਹੋਏ ਕਿ ਉਹ ਇਕ ਭੂਤ ਦੇਖ ਰਹੇ ਹਨ। ਇਸ ਲਈ, ਵਿਆਖਿਆ ਕਰਦੇ ਹੋਏ ਕਿ ਉਹ ਭੂਤ ਨਹੀਂ ਹੈ, ਯਿਸੂ ਕਹਿੰਦਾ ਹੈ: “ਤੁਸੀਂ ਕਾਹਨੂੰ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿੱਚ ਚਿੰਤਾਂ ਕਿਉਂ ਉਪਜੀਆਂ ਹਨ? ਮੇਰੇ ਹੱਥ ਅਰ ਮੇਰੇ ਪੈਰ ਵੇਖੋ ਜੋ ਮੈਂ ਹੀ ਹਾਂ। ਮੈਨੂੰ ਟੋਹੋ ਅਤੇ ਵੇਖੋ ਕਿਉਂਕਿ ਭੂਤ ਦੇ ਮਾਸ ਅਰ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਵਿੱਚ ਵੇਖਦੇ ਹੋ।” ਫਿਰ ਵੀ, ਉਹ ਵਿਸ਼ਵਾਸ ਕਰਨ ਤੋਂ ਹਿਚਕਿਚਾਉਂਦੇ ਹਨ।
ਉਨ੍ਹਾਂ ਨੂੰ ਸਮਝਣ ਵਿਚ ਮਦਦ ਕਰਨ ਲਈ ਕਿ ਉਹ ਅਸਲ ਵਿਚ ਯਿਸੂ ਹੀ ਹੈ, ਉਹ ਪੁੱਛਦਾ ਹੈ: “ਐੱਥੇ ਤੁਹਾਡੇ ਕੋਲ ਕੁਝ ਭੋਜਨ ਹੈ?” ਭੁੰਨੀ ਹੋਈ ਮੱਛੀ ਲੈ ਕੇ ਇਸ ਨੂੰ ਖਾਣ ਤੋਂ ਬਾਅਦ, ਉਹ ਕਹਿੰਦਾ ਹੈ: “ਏਹ ਮੇਰੀਆਂ ਓਹੋ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਹੋਇਆਂ [ਮੇਰੀ ਮੌਤ ਤੋਂ ਪਹਿਲਾਂ] ਤੁਹਾਨੂੰ ਆਖੀਆਂ ਭਈ ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰ ਹੈ ਜੋ ਮੂਸਾ ਦੀ ਤੁਰੇਤ ਅਤੇ ਨਬੀਆਂ ਦੇ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ।”
ਉਨ੍ਹਾਂ ਨਾਲ ਗੱਲਾਂ ਜਾਰੀ ਰੱਖਦੇ ਹੋਏ, ਜੋ ਕਿ ਅਸਲ ਵਿਚ ਇਕ ਬਾਈਬਲ ਅਧਿਐਨ ਦੇ ਬਰਾਬਰ ਹੈ, ਯਿਸੂ ਸਿਖਾਉਂਦਾ ਹੈ: “ਇਉਂ ਲਿਖਿਆ ਹੈ ਜੋ ਮਸੀਹ ਦੁਖ ਝੱਲੇਗਾ ਅਰ ਤੀਏ ਦਿਨ ਮੁਰਦਿਆਂ ਵਿੱਚੋਂ ਫੇਰ ਜੀ ਉੱਠੇਗਾ। ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਹ ਦੇ ਨਾਮ ਉੱਤੇ ਤੋਬਾ ਅਰ ਪਾਪਾਂ ਦੀ ਮਾਫ਼ੀ ਦਾ ਪਰਚਾਰ ਕੀਤਾ ਜਾਵੇਗਾ। ਤੁਸੀਂ ਇਨ੍ਹਾਂ ਗੱਲਾਂ ਦੇ ਗਵਾਹ ਹੋ।”
ਕਿਸੇ ਕਾਰਨ ਥੋਮਾ ਇਸ ਅਤਿ-ਮਹੱਤਵਪੂਰਣ ਐਤਵਾਰ ਸ਼ਾਮ ਦੀ ਸਭਾ ਵਿਚ ਹਾਜ਼ਰ ਨਹੀਂ ਹੈ। ਇਸ ਲਈ ਅਗਲੇ ਦਿਨਾਂ ਦੇ ਦੌਰਾਨ, ਦੂਜੇ ਉਸ ਨੂੰ ਆਨੰਦ ਨਾਲ ਦੱਸਦੇ ਹਨ: “ਅਸਾਂ ਪ੍ਰਭੁ ਨੂੰ ਵੇਖਿਆ ਹੈ!”
“ਜਿੰਨਾ ਚਿਰ ਮੈਂ ਉਹ ਦੇ ਹੱਥਾਂ ਵਿੱਚ ਕਿੱਲਾਂ ਦਾ ਨਿਸ਼ਾਨ ਨਾ ਵੇਖਾਂ,” ਥੋਮਾ ਵਿਰੋਧ ਕਰਦਾ ਹੈ, “ਅਤੇ ਕਿੱਲਾਂ ਦੇ ਨਿਸ਼ਾਨ ਵਿੱਚ ਆਪਣੀ ਉਂਗਲ ਨਾ ਵਾੜਾਂ ਅਰ ਉਹ ਦੀ ਵੱਖੀ ਵਿੱਚ ਆਪਣਾ ਹੱਥ ਨਾ ਵਾੜਾਂ ਓੱਨਾ ਚਿਰ ਮੈਂ ਕਦੇ ਸਤ ਨਾ ਮੰਨਾਂਗਾ।”
ਖ਼ੈਰ, ਅੱਠ ਦਿਨਾਂ ਬਾਅਦ ਚੇਲੇ ਫਿਰ ਇਕ ਕਮਰੇ ਵਿਚ ਇਕੱਠੇ ਮਿਲ ਰਹੇ ਹੁੰਦੇ ਹਨ। ਇਸ ਵਾਰੀ ਥੋਮਾ ਉਨ੍ਹਾਂ ਦੇ ਨਾਲ ਹੈ। ਭਾਵੇਂ ਕਿ ਦਰਵਾਜ਼ੇ ਬੰਦ ਹਨ, ਯਿਸੂ ਇਕ ਵਾਰੀ ਫਿਰ ਉਨ੍ਹਾਂ ਦੇ ਦਰਮਿਆਨ ਖੜ੍ਹਾ ਹੋ ਕੇ ਕਹਿੰਦਾ ਹੈ: “ਤੁਹਾਡੀ ਸ਼ਾਂਤੀ ਹੋਵੇ।” ਫਿਰ, ਥੋਮਾ ਵੱਲ ਮੁੜਦੇ ਹੋਏ, ਉਹ ਸੱਦਾ ਦਿੰਦਾ ਹੈ: “ਆਪਣੀ ਉਂਗਲ ਉਰੇ ਕਰ ਅਤੇ ਮੇਰੇ ਹੱਥਾਂ ਨੂੰ ਵੇਖ ਅਰ ਆਪਣਾ ਹੱਥ ਉਰੇ ਕਰ ਕੇ ਮੇਰੀ ਵੱਖੀ ਵਿੱਚ ਵਾੜ ਅਤੇ ਬੇਪਰਤੀਤਾ ਨਾ ਹੋ।”
“ਹੇ ਮੇਰੇ ਪ੍ਰਭੁ ਅਤੇ ਮੇਰੇ ਪਰਮੇਸ਼ੁਰ!” ਥੋਮਾ ਚਿਲਾਉਂਦਾ ਹੈ।
“ਤੈਂ ਜੋ ਮੈਨੂੰ ਵੇਖਿਆ ਇਸੇ ਕਰਕੇ ਪਰਤੀਤ ਕੀਤੀ ਹੈ?” ਯਿਸੂ ਪੁੱਛਦਾ ਹੈ। “ਧੰਨ ਓਹ ਜਿਨ੍ਹਾਂ ਨਹੀਂ ਵੇਖਿਆ ਤਾਂ ਵੀ ਪਰਤੀਤ ਕਰਦੇ ਹਨ।” ਲੂਕਾ 24:11, 13-48; ਯੂਹੰਨਾ 20:19-29.
▪ ਇੰਮਊਸ ਜਾਣ ਦੇ ਰਾਹ ਤੇ ਇਕ ਅਜਨਬੀ ਦੋ ਚੇਲਿਆਂ ਤੋਂ ਕਿਹੜੇ ਸਵਾਲ ਪੁੱਛਦਾ ਹੈ?
▪ ਅਜਨਬੀ ਕੀ ਕਹਿੰਦਾ ਹੈ ਜਿਸ ਨਾਲ ਚੇਲਿਆਂ ਦੇ ਅੰਦਰ ਉਨ੍ਹਾਂ ਦੇ ਦਿਲ ਗਰਮ ਹੁੰਦੇ ਹਨ?
▪ ਚੇਲੇ ਕਿਸ ਤਰ੍ਹਾਂ ਸਮਝ ਜਾਂਦੇ ਹਨ ਕਿ ਅਜਨਬੀ ਕੌਣ ਹੈ?
▪ ਜਦੋਂ ਕਲਿਉਪਸ ਅਤੇ ਉਸ ਦਾ ਸਾਥੀ ਯਰੂਸ਼ਲਮ ਨੂੰ ਮੁੜਦੇ ਹਨ, ਤਾਂ ਉਹ ਕਿਹੜੀ ਉਤੇਜਕ ਸੂਚਨਾ ਸੁਣਦੇ ਹਨ?
▪ ਯਿਸੂ ਆਪਣੇ ਚੇਲਿਆਂ ਨੂੰ ਕਿਹੜਾ ਪੰਜਵਾਂ ਪ੍ਰਗਟਾਵਾ ਕਰਦਾ ਹੈ, ਅਤੇ ਇਸ ਦੌਰਾਨ ਕੀ ਵਾਪਰਦਾ ਹੈ?
▪ ਯਿਸੂ ਦੇ ਪੰਜਵੇਂ ਪ੍ਰਗਟਾਵੇ ਤੋਂ ਅੱਠ ਦਿਨਾਂ ਦੇ ਬਾਅਦ ਕੀ ਹੁੰਦਾ ਹੈ, ਅਤੇ ਅਖ਼ੀਰ ਵਿਚ ਥੋਮਾ ਕਿਸ ਤਰ੍ਹਾਂ ਕਾਇਲ ਹੁੰਦਾ ਹੈ ਕਿ ਯਿਸੂ ਜੀਉਂਦਾ ਹੈ?
-