ਭਵਿੱਖਬਾਣੀ ਕੀ ਹੈ?
ਬਾਈਬਲ ਕਹਿੰਦੀ ਹੈ
ਬਾਈਬਲ ਦੀਆਂ ਭਵਿੱਖਬਾਣੀਆਂ ਪਰਮੇਸ਼ੁਰ ਵੱਲੋਂ ਸੰਦੇਸ਼ ਹਨ। ਬਾਈਬਲ ਦੱਸਦੀ ਹੈ ਕਿ ਨਬੀ “ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਪਰਮੇਸ਼ੁਰ ਵੱਲੋਂ ਬੋਲੇ ਸਨ।” (2 ਪਤਰਸ 1:20, 21) ਇਸ ਲਈ ਨਬੀ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਪਰਮੇਸ਼ੁਰ ਵੱਲੋਂ ਸੰਦੇਸ਼ ਮਿਲਦਾ ਹੈ ਅਤੇ ਉਹ ਸੰਦੇਸ਼ ਦੂਜਿਆਂ ਨੂੰ ਦੱਸਦਾ ਹੈ।—ਰਸੂਲਾਂ ਦੇ ਕੰਮ 3:18.
ਨਬੀਆਂ ਨੂੰ ਪਰਮੇਸ਼ੁਰ ਵੱਲੋਂ ਜਾਣਕਾਰੀ ਕਿਵੇਂ ਮਿਲਦੀ ਸੀ?
ਨਬੀਆਂ ਨੂੰ ਆਪਣੇ ਵਿਚਾਰ ਦੱਸਣ ਲਈ ਪਰਮੇਸ਼ੁਰ ਨੇ ਅਲੱਗ-ਅਲੱਗ ਤਰੀਕੇ ਵਰਤੇ:
ਲਿਖ ਕੇ। ਪਰਮੇਸ਼ੁਰ ਨੇ ਇਹ ਤਰੀਕਾ ਘੱਟੋ-ਘੱਟ ਇਕ ਵਾਰ ਵਰਤਿਆ ਜਦੋਂ ਉਸ ਨੇ ਮੂਸਾ ਨੂੰ ਦਸ ਕਾਨੂੰਨ ਲਿਖ ਕੇ ਦਿੱਤੇ ਸਨ।—ਕੂਚ 31:18.
ਦੂਤਾਂ ਰਾਹੀਂ ਬੋਲ ਕੇ। ਮਿਸਾਲ ਲਈ, ਪਰਮੇਸ਼ੁਰ ਨੇ ਇਕ ਦੂਤ ਰਾਹੀਂ ਮੂਸਾ ਨੂੰ ਦੱਸਿਆ ਸੀ ਕਿ ਉਹ ਮਿਸਰ ਦੇ ਰਾਜੇ ਫ਼ਿਰਊਨ ਨੂੰ ਕਿਹੜਾ ਸੰਦੇਸ਼ ਸੁਣਾਵੇਗਾ। (ਕੂਚ 3:2-4, 10) ਜਦੋਂ ਇਹ ਦੱਸਣਾ ਜ਼ਰੂਰੀ ਸੀ ਕਿ ਮੂਸਾ ਨੇ ਕੀ-ਕੀ ਕਹਿਣਾ ਸੀ, ਤਾਂ ਪਰਮੇਸ਼ੁਰ ਨੇ ਦੂਤ ਰਾਹੀਂ ਸ਼ਬਦ-ਬ-ਸ਼ਬਦ ਮੂਸਾ ਨੂੰ ਸੰਦੇਸ਼ ਦਿੱਤਾ। ਉਸ ਨੇ ਮੂਸਾ ਨੂੰ ਕਿਹਾ: “ਤੂੰ ਇਹ ਸਾਰੀਆਂ ਗੱਲਾਂ ਲਿਖੀਂ ਕਿਉਂਕਿ ਮੈਂ ਇਨ੍ਹਾਂ ਗੱਲਾਂ ਮੁਤਾਬਕ ਤੇਰੇ ਅਤੇ ਇਜ਼ਰਾਈਲ ਨਾਲ ਇਕਰਾਰ ਕੀਤਾ ਹੈ।”—ਕੂਚ 34:27.a
ਦਰਸ਼ਣ ਦਿਖਾ ਕੇ। ਕਦੀ-ਕਦਾਈਂ ਜਦੋਂ ਦਰਸ਼ਣ ਦਿਖਾਏ ਜਾਂਦੇ ਸਨ, ਤਾਂ ਨਬੀ ਪੂਰੀ ਤਰ੍ਹਾਂ ਹੋਸ਼ ਵਿਚ ਹੁੰਦੇ ਸਨ। (ਯਸਾਯਾਹ 1:1; ਹੱਬਕੂਕ 1:1) ਕਈ ਵਾਰ ਤਾਂ ਦਰਸ਼ਣ ਇੰਨੇ ਸਾਫ਼-ਸਾਫ਼ ਦਿਖਾਈ ਦਿੰਦੇ ਸਨ ਕਿ ਨਬੀ ਖ਼ੁਦ ਉਨ੍ਹਾਂ ਵਿਚ ਹਿੱਸਾ ਲੈਂਦੇ ਸਨ। (ਲੂਕਾ 9:28-36; ਪ੍ਰਕਾਸ਼ ਦੀ ਕਿਤਾਬ 1:10-17) ਹੋਰ ਮੌਕਿਆਂ ਤੇ ਦਰਸ਼ਣ ਦੇਖਦੇ ਵੇਲੇ ਉਹ ਬੇਸੁਧ ਹੁੰਦੇ ਸਨ। (ਰਸੂਲਾਂ ਦੇ ਕੰਮ 10:10, 11; 22:17-21) ਨਾਲੇ ਪਰਮੇਸ਼ੁਰ ਨੇ ਆਪਣੇ ਸੰਦੇਸ਼ ਸੁਪਨਿਆਂ ਰਾਹੀਂ ਵੀ ਨਬੀਆਂ ਨੂੰ ਦਿੱਤੇ।—ਦਾਨੀਏਲ 7:1; ਰਸੂਲਾਂ ਦੇ ਕੰਮ 16:9, 10.
ਆਪਣੇ ਵਿਚਾਰ ਉਨ੍ਹਾਂ ਦੇ ਮਨਾਂ ਵਿਚ ਪਾ ਕੇ। ਪਰਮੇਸ਼ੁਰ ਨੇ ਆਪਣਾ ਸੰਦੇਸ਼ ਦੇਣ ਲਈ ਆਪਣੇ ਵਿਚਾਰ ਨਬੀਆਂ ਦੇ ਮਨਾਂ ਵਿਚ ਪਾਏ। ਇਸੇ ਲਈ ਬਾਈਬਲ ਵਿਚ ਲਿਖਿਆ ਹੈ: “ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ।” (2 ਤਿਮੋਥਿਉਸ 3:16) ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਜਾਂ ਕੰਮ ਕਰਨ ਦੀ ਸ਼ਕਤੀ ਰਾਹੀਂ ਆਪਣੇ ਵਿਚਾਰ ਆਪਣੇ ਸੇਵਕਾਂ ਦੇ ਮਨਾਂ ਵਿਚ ਪਾਏ। ਸੰਦੇਸ਼ ਪਰਮੇਸ਼ੁਰ ਵੱਲੋਂ ਸੀ, ਪਰ ਸ਼ਬਦ ਨਬੀਆਂ ਦੇ ਸਨ।—2 ਸਮੂਏਲ 23:1, 2.
ਕੀ ਭਵਿੱਖਬਾਣੀ ਵਿਚ ਹਮੇਸ਼ਾ ਭਵਿੱਖ ਬਾਰੇ ਹੀ ਦੱਸਿਆ ਜਾਂਦਾ ਹੈ?
ਨਹੀਂ। ਬਾਈਬਲ ਦੀਆਂ ਭਵਿੱਖਬਾਣੀਆਂ ਸਿਰਫ਼ ਭਵਿੱਖ ਦੱਸਣ ਤਕ ਹੀ ਸੀਮਿਤ ਨਹੀਂ ਹਨ, ਸਗੋਂ ਪਰਮੇਸ਼ੁਰ ਵੱਲੋਂ ਦਿੱਤੇ ਜ਼ਿਆਦਾਤਰ ਸੰਦੇਸ਼ਾਂ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦਾ ਕਹਿਣਾ ਮੰਨਣ ਜਾਂ ਨਾ ਮੰਨਣ ਦਾ ਲੋਕਾਂ ਦੀਆਂ ਜ਼ਿੰਦਗੀਆਂ ʼਤੇ ਕੀ ਅਸਰ ਪਵੇਗਾ। ਮਿਸਾਲ ਲਈ, ਪਰਮੇਸ਼ੁਰ ਦੇ ਨਬੀਆਂ ਨੇ ਵਾਰ-ਵਾਰ ਇਜ਼ਰਾਈਲੀਆਂ ਨੂੰ ਉਨ੍ਹਾਂ ਦੇ ਬੁਰੇ ਕੰਮਾਂ ਬਾਰੇ ਚੇਤਾਵਨੀਆਂ ਦਿੱਤੀਆਂ। ਜੇ ਲੋਕ ਚੇਤਾਵਨੀਆਂ ਵੱਲ ਧਿਆਨ ਦਿੰਦੇ, ਤਾਂ ਉਨ੍ਹਾਂ ਨੂੰ ਭਵਿੱਖ ਵਿਚ ਬਰਕਤਾਂ ਮਿਲਣੀਆਂ ਸਨ, ਪਰ ਜੇ ਉਹ ਧਿਆਨ ਨਾ ਦਿੰਦੇ, ਤਾਂ ਉਨ੍ਹਾਂ ʼਤੇ ਮੁਸੀਬਤਾਂ ਆਉਣੀਆਂ ਸਨ। (ਯਿਰਮਿਯਾਹ 25:4-6) ਇਜ਼ਰਾਈਲੀ ਜੋ ਵੀ ਫ਼ੈਸਲਾ ਕਰਦੇ, ਉਸ ਮੁਤਾਬਕ ਉਨ੍ਹਾਂ ਨੂੰ ਜਾਂ ਤਾਂ ਬਰਕਤਾਂ ਮਿਲਣੀਆਂ ਸਨ ਜਾਂ ਸਜ਼ਾ।—ਬਿਵਸਥਾ ਸਾਰ 30:19, 20.
ਬਾਈਬਲ ਦੀਆਂ ਭਵਿੱਖਬਾਣੀਆਂ ਦੀਆਂ ਕੁਝ ਮਿਸਾਲਾਂ ਜਿਨ੍ਹਾਂ ਵਿਚ ਭਵਿੱਖ ਬਾਰੇ ਨਹੀਂ ਦੱਸਿਆ ਗਿਆ:
ਇਕ ਮੌਕੇ ਤੇ ਜਦੋਂ ਇਜ਼ਰਾਈਲੀਆਂ ਨੇ ਪਰਮੇਸ਼ੁਰ ਤੋਂ ਮਦਦ ਮੰਗੀ, ਤਾਂ ਉਸ ਨੇ ਨਬੀ ਨੂੰ ਭੇਜਿਆ। ਨਬੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਪਰਮੇਸ਼ੁਰ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ।—ਨਿਆਈਆਂ 6:6-10.
ਜਦੋਂ ਯਿਸੂ ਨੇ ਸਾਮਰੀ ਔਰਤ ਨਾਲ ਗੱਲ ਕੀਤੀ, ਤਾਂ ਉਸ ਨੇ ਔਰਤ ਦੇ ਅਤੀਤ ਬਾਰੇ ਦੱਸਿਆ ਜੋ ਉਹ ਸਿਰਫ਼ ਪਰਮੇਸ਼ੁਰ ਦੀ ਮਦਦ ਨਾਲ ਜਾਣ ਸਕਦਾ ਸੀ। ਉਸ ਔਰਤ ਨੇ ਉਸ ਨੂੰ ਨਬੀ ਕਿਹਾ ਭਾਵੇਂ ਕਿ ਉਸ ਨੇ ਤੀਵੀਂ ਦੇ ਭਵਿੱਖ ਬਾਰੇ ਕੋਈ ਗੱਲ ਨਹੀਂ ਕੀਤੀ।—ਯੂਹੰਨਾ 4:17-19.
ਮੁਕੱਦਮੇ ਵੇਲੇ ਯਿਸੂ ਦੇ ਦੁਸ਼ਮਣਾਂ ਨੇ ਉਸ ਦੇ ਮੂੰਹ ਉੱਤੇ ਕੱਪੜਾ ਪਾਇਆ, ਉਸ ਨੂੰ ਮਾਰਿਆ-ਕੁੱਟਿਆ ਤੇ ਫਿਰ ਕਿਹਾ: “ਜੇ ਤੂੰ ਨਬੀ ਹੈਂ, ਤਾਂ ਦੱਸ ਤੈਨੂੰ ਕਿਸ ਨੇ ਮਾਰਿਆ?” ਉਹ ਯਿਸੂ ਨੂੰ ਭਵਿੱਖ ਬਾਰੇ ਦੱਸਣ ਲਈ ਨਹੀਂ ਕਹਿ ਰਹੇ ਸਨ, ਸਗੋਂ ਉਸ ਨੂੰ ਕਹਿ ਰਹੇ ਸਨ ਕਿ ਉਹ ਪਰਮੇਸ਼ੁਰ ਦੀ ਮਦਦ ਨਾਲ ਦੱਸੇ ਕਿ ਉਸ ਨੂੰ ਕਿਸ ਨੇ ਮਾਰਿਆ ਹੈ।—ਲੂਕਾ 22:63, 64.
a ਭਾਵੇਂ ਕਿ ਪਹਿਲੀ ਵਾਰ ਸ਼ਾਇਦ ਇੱਦਾਂ ਲੱਗੇ ਕਿ ਪਰਮੇਸ਼ੁਰ ਨੇ ਸਿੱਧੇ ਤੌਰ ਤੇ ਮੂਸਾ ਨਾਲ ਗੱਲ ਕੀਤੀ ਸੀ, ਪਰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਮੂਸਾ ਦਾ ਕਾਨੂੰਨ ਦੇਣ ਲਈ ਦੂਤਾਂ ਨੂੰ ਵਰਤਿਆ ਸੀ।—ਰਸੂਲਾਂ ਦੇ ਕੰਮ 7:53; ਗਲਾਤੀਆਂ 3:19.