ਪ੍ਰਸ਼ਨ ਡੱਬੀ
◼ ਆਪਣੇ ਇਲਾਕੇ ਦੀ ਕਲੀਸਿਯਾ ਦੀਆਂ ਸਭਾਵਾਂ ਵਿਚ ਜਾਣ ਦੇ ਕੀ-ਕੀ ਲਾਭ ਹਨ?
ਕਲੀਸਿਯਾ ਵਿਚ ਅਸੀਂ ‘ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰੇ’ ਜਾਂਦੇ ਹਨ। (ਇਬ. 10:24, 25) ਇਸ ਵਿਚ ਅਸੀਂ ਸੱਚਾਈ ਸਿੱਖਦੇ ਹਾਂ ਅਤੇ ਚੇਲੇ ਬਣਾਉਣ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਸਾਨੂੰ ਸਿਖਲਾਈ ਦਿੱਤੀ ਜਾਂਦੀ ਹੈ। (ਮੱਤੀ 28:19, 20) ਸਾਨੂੰ ਵਫ਼ਾਦਾਰੀ ਨਾਲ ਅਜ਼ਮਾਇਸ਼ਾਂ ਨੂੰ ਸਹਿਣ ਦੀ ਵੀ ਤਾਕਤ ਮਿਲਦੀ ਹੈ ਅਤੇ ਨਿਗਾਹਬਾਨ ਵਧਦੇ ਦਬਾਵਾਂ ਤੇ ਚਿੰਤਾਵਾਂ ਨਾਲ ਜੂਝਣ ਲਈ ਬੜੇ ਪਿਆਰ ਨਾਲ ਸਾਡੀ ਮਦਦ ਕਰਦੇ ਹਨ। ਸੱਚ-ਮੁੱਚ ਕਲੀਸਿਯਾ ਸਾਡੀ ਅਧਿਆਤਮਿਕ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਪਰ ਆਪਣੇ ਇਲਾਕੇ ਦੀ ਕਲੀਸਿਯਾ ਦੀਆਂ ਸਭਾਵਾਂ ਵਿਚ ਜਾਣ ਦੇ ਕੀ ਲਾਭ ਹਨ?
ਹਰ ਵਿਅਕਤੀ ਦੇ ਹਾਲਾਤ ਵੱਖੋ-ਵੱਖਰੇ ਹੁੰਦੇ ਹਨ ਅਤੇ ਆਪਣਾ ਫ਼ੈਸਲਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕਈ ਗੱਲਾਂ ਉੱਤੇ ਸੋਚ-ਵਿਚਾਰ ਕਰਨਾ ਪੈਂਦਾ ਹੈ ਜਿਵੇਂ ਉਨ੍ਹਾਂ ਦੀ ਨੌਕਰੀ, ਅਵਿਸ਼ਵਾਸੀ ਪਤੀ ਜਾਂ ਪਤਨੀ ਅਤੇ ਆਵਾਜਾਈ ਦੇ ਸਾਧਨ। ਪਰ ਯਕੀਨਨ ਇਕ ਵਿਅਕਤੀ ਨੂੰ ਅਧਿਆਤਮਿਕ ਅਤੇ ਹੋਰ ਦੂਸਰੇ ਲਾਭ ਵੀ ਹੋਣਗੇ ਜੇ ਉਹ ਆਪਣੇ ਇਲਾਕੇ ਦੀ ਕਲੀਸਿਯਾ ਨਾਲ ਸੰਗਤੀ ਕਰਦਾ ਹੈ। ਸੰਕਟ ਦੇ ਸਮੇਂ ਵਿਚ ਬਜ਼ੁਰਗਾਂ ਲਈ ਸਾਰੇ ਭੈਣ-ਭਰਾਵਾਂ ਨਾਲ ਸੰਪਰਕ ਕਰਨਾ ਜ਼ਿਆਦਾ ਆਸਾਨ ਹੋਵੇਗਾ। ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦੇ ਪੁਰਾਣੇ ਅੰਕਾਂ ਵਿਚ ਦਿੱਤੀਆਂ ਪ੍ਰਸ਼ਨ ਡੱਬੀਆਂ ਵਿਚ ਹੋਰ ਵੀ ਕਈ ਲਾਭ ਦੱਸੇ ਗਏ ਹਨ।—ਜੂਨ 1991, ਅਪ੍ਰੈਲ 1976 ਅਤੇ ਮਾਰਚ 1967.
ਆਮ ਤੌਰ ਤੇ, ਇਕ ਨੇੜਲੀ ਕਲੀਸਿਯਾ ਦੀਆਂ ਸਭਾਵਾਂ ਵਿਚ ਜਾਣਾ ਜ਼ਿਆਦਾ ਆਸਾਨ ਹੁੰਦਾ ਹੈ। ਅਸੀਂ ਸਭਾਵਾਂ ਵਿਚ ਜਲਦੀ ਪਹੁੰਚ ਕੇ ਦੂਸਰਿਆਂ ਨਾਲ ਗੱਲਬਾਤ ਕਰ ਸਕਦੇ ਹਾਂ, ਜ਼ਰੂਰੀ ਕੰਮ ਨਿਪਟਾ ਸਕਦੇ ਹਾਂ ਅਤੇ ਸ਼ੁਰੂ ਦੇ ਗੀਤ ਤੇ ਪ੍ਰਾਰਥਨਾ ਲਈ ਹਾਜ਼ਰ ਹੋ ਸਕਦੇ ਹਾਂ। ਜਦੋਂ ਦਿਲਚਸਪੀ ਰੱਖਣ ਵਾਲੇ ਨਵੇਂ ਵਿਅਕਤੀ ਸਾਡੇ ਗੁਆਂਢ ਵਿਚ ਹੀ ਰਹਿੰਦੇ ਹਨ, ਤਾਂ ਸਾਡੇ ਲਈ ਉਨ੍ਹਾਂ ਨੂੰ ਮਿਲਣਾ ਅਤੇ ਉਨ੍ਹਾਂ ਨਾਲ ਬਾਈਬਲ ਸਟੱਡੀ ਕਰਨੀ ਅਤੇ ਉਨ੍ਹਾਂ ਨੂੰ ਸਭ ਤੋਂ ਨੇੜੇ ਦੀ ਕਲੀਸਿਯਾ ਦੀਆਂ ਸਭਾਵਾਂ ਵਿਚ ਲਿਜਾਣਾ ਜ਼ਿਆਦਾ ਆਸਾਨ ਹੋਵੇਗਾ।
ਸਾਨੂੰ ਪੂਰਾ ਯਕੀਨ ਹੈ ਕਿ ਪਰਿਵਾਰ ਦੇ ਮੁਖੀ ਇਸ ਮਾਮਲੇ ਬਾਰੇ ਪ੍ਰਾਰਥਨਾ ਕਰਨਗੇ ਅਤੇ ਆਪਣੇ ਪਰਿਵਾਰ ਦੇ ਹਾਲਾਤਾਂ ਉੱਤੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਕੇ ਫ਼ੈਸਲਾ ਕਰਨਗੇ ਕਿ ਉਨ੍ਹਾਂ ਦੇ ਪਰਿਵਾਰ ਦੀ ਭਲਾਈ ਅਤੇ ਅਧਿਆਤਮਿਕ ਲਾਭ ਲਈ ਕੀ ਬਿਹਤਰ ਹੋਵੇਗਾ।—1 ਤਿਮੋ. 5:8.