ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/07 ਸਫ਼ੇ 3-4
  • ਪ੍ਰਬੰਧਕ ਸਭਾ ਵੱਲੋਂ ਚਿੱਠੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਬੰਧਕ ਸਭਾ ਵੱਲੋਂ ਚਿੱਠੀ
  • ਸਾਡੀ ਰਾਜ ਸੇਵਕਾਈ—2007
ਸਾਡੀ ਰਾਜ ਸੇਵਕਾਈ—2007
km 3/07 ਸਫ਼ੇ 3-4

ਪ੍ਰਬੰਧਕ ਸਭਾ ਵੱਲੋਂ ਚਿੱਠੀ

ਯਿਸੂ ਵਾਂਗ ਅਸੀਂ ਵੀ ਸੱਚੇ ਦਿਲੋਂ ਇਹੋ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਦਾ “ਨਾਮ ਪਾਕ ਮੰਨਿਆ ਜਾਵੇ।” ਸਾਡੀ ਗਹਿਰੀ ਇੱਛਾ ਹੈ ਕਿ ਪਰਮੇਸ਼ੁਰ ਦੇ ਨਾਂ ਦੀ ਵਡਿਆਈ ਹੋਵੇ। ਇਹ ਇੱਛਾ ਇਸ ਗੱਲ ਤੋਂ ਜ਼ਾਹਰ ਹੋਵੇਗੀ ਕਿ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਉਂਦੇ ਹਾਂ। ਪਰ ਸਾਡੇ ਲਈ ਪਰਮੇਸ਼ੁਰ ਦਾ ਨਾਂ ਜਾਣਨਾ ਹੀ ਕਾਫ਼ੀ ਨਹੀਂ ਹੈ। ਸਾਨੂੰ ਹਰ ਮੌਕੇ ਤੇ ਉਸ ਦੇ ਨਾਂ ਨੂੰ ਵਡਿਆਉਣਾ ਚਾਹੀਦਾ ਹੈ। ਯਹੋਵਾਹ ਨੇ ਸਾਨੂੰ ਆਪਣਾ ਗਵਾਹ ਬਣਾ ਕੇ ਵੱਡਾ ਮਾਣ ਬਖ਼ਸ਼ਿਆ ਹੈ।—ਮੱਤੀ 6:9; ਯਸਾ. 43:10.

ਜ਼ਬੂਰ 110:3 ਅਨੁਸਾਰ ਯਹੋਵਾਹ ਦੇ ਲੋਕ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦਾ ਕੰਮ ਕਰ ਰਹੇ ਹਨ। ਕਿਉਂ ਹਰ ਉਮਰ ਅਤੇ ਪਿਛੋਕੜ ਦੇ ਲੋਕ ਜੀ-ਜਾਨ ਨਾਲ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰ ਰਹੇ ਹਨ? ਕਿਉਂਕਿ ਉਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰ ਲਈ ਗਹਿਰੀ ਸ਼ਰਧਾ ਅਤੇ ਪਿਆਰ ਹੈ। ਬਿਵਸਥਾ ਸਾਰ 6:5, 6 ਵਿਚ ਸਾਨੂੰ ਹੁਕਮ ਦਿੱਤਾ ਗਿਆ ਹੈ ਕਿ ਅਸੀਂ ‘ਆਪਣੇ ਸਾਰੇ ਮਨ, ਜਾਨ ਅਤੇ ਜ਼ੋਰ ਨਾਲ’ ਯਹੋਵਾਹ ਨੂੰ ਪਿਆਰ ਕਰੀਏ। ਇਹ ਸੱਚਾ ਪਿਆਰ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਆਪਣਾ ਸਮਾਂ, ਤਾਕਤ ਅਤੇ ਪੈਸਾ ਯਹੋਵਾਹ ਦੇ ਕੰਮ ਵਿਚ ਲਾਈਏ ਅਤੇ ਆਪਣੇ ਹਾਲਾਤਾਂ ਅਨੁਸਾਰ ਜਿੰਨਾ ਹੋ ਸਕੇ, ਪ੍ਰਚਾਰ ਕਰੀਏ।

ਯਹੋਵਾਹ ਇਨਸਾਨਾਂ ਨਾਲ ਪਿਆਰ ਕਰਦਾ ਹੈ, ਇਸੇ ਲਈ ਉਸ ਨੇ ਪੂਰੀ ਦੁਨੀਆਂ ਵਿਚ ਆਪਣੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦਾ ਪ੍ਰਬੰਧ ਕੀਤਾ ਹੈ। ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰੇ ਜਣੇ ਗ਼ਲਤ ਰਾਹ ਤੋਂ ਮੁੜਨ ਤੇ ਆਪਣੇ ਸਿਰਜਣਹਾਰ ਦੀ ਸੇਵਾ ਕਰਨ। (2 ਪਤ. 3:9) ਯਹੋਵਾਹ ਕਹਿੰਦਾ ਹੈ: “ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖ਼ੁਸ਼ੀ ਨਹੀਂ, ਸਗੋਂ ਇਸ ਵਿੱਚ ਹੈ, ਕਿ ਦੁਸ਼ਟ ਆਪਣੀ ਰਾਹ ਤੋਂ ਮੁੜੇ, ਅਤੇ ਜੀਉਂਦਾ ਰਹੇ।” (ਹਿਜ਼. 33:11) ਸਾਡਾ ਪ੍ਰਚਾਰ ਦਾ ਕੰਮ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਇਨਸਾਨਾਂ ਨਾਲ ਪਿਆਰ ਕਰਦਾ ਹੈ। ਇਸ ਕਰਕੇ ਸਾਨੂੰ ਇਸ ਅਹਿਮ ਕੰਮ ਵਿਚ ਹਿੱਸਾ ਲੈ ਕੇ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ।

ਯਹੋਵਾਹ ਦੇ ਬਚਨ ਬਾਈਬਲ ਪ੍ਰਤੀ ਸਾਡੇ ਨਜ਼ਰੀਏ ਤੋਂ ਵੀ ਯਹੋਵਾਹ ਲਈ ਸਾਡੇ ਪਿਆਰ ਦਾ ਪਤਾ ਲੱਗਦਾ ਹੈ। ਬਾਈਬਲ ਤੋਂ ਬਿਨਾਂ ਅਸੀਂ ਪਰਮੇਸ਼ੁਰ ਬਾਰੇ ਜਾਣ ਨਾ ਪਾਉਂਦੇ ਤੇ ਨਾ ਹੀ ਉਸ ਦੇ ਨੇੜੇ ਆਉਂਦੇ, ਜਿਵੇਂ ਯਾਕੂਬ 4:8 ਸਾਨੂੰ ਕਰਨ ਲਈ ਕਹਿੰਦਾ ਹੈ। ਨਾ ਹੀ ਸਾਨੂੰ ਪਤਾ ਲੱਗਦਾ ਕਿ ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ ਅਤੇ ਭਵਿੱਖ ਕਿਹੋ ਜਿਹਾ ਹੋਵੇਗਾ। ਅਸੀਂ ਇਹ ਨਾ ਜਾਣ ਪਾਉਂਦੇ ਕਿ ਪਹਿਲੇ ਇਨਸਾਨ ਆਦਮ ਦੀ ਗ਼ਲਤੀ ਕਰਕੇ ਹੀ ਅੱਜ ਦੁਨੀਆਂ ਵਿਚ ਇੰਨੇ ਦੁੱਖ ਹਨ। (ਰੋਮੀ. 5:12) ਨਾ ਹੀ ਸਾਨੂੰ ਪਤਾ ਲੱਗਦਾ ਕਿ ਪਰਮੇਸ਼ੁਰ ਨੇ ਸਾਡੇ ਵਾਸਤੇ ਆਪਣੇ ਇਕਲੌਤੇ ਪੁੱਤਰ ਦੀ ਕੁਰਬਾਨੀ ਦੇ ਕੇ ਆਪਣੇ ਪਿਆਰ ਦਾ ਸਬੂਤ ਦਿੱਤਾ। ਯਹੋਵਾਹ ਹੋਰ ਵੀ ਕਈ ਤਰੀਕਿਆਂ ਨਾਲ ਸਾਨੂੰ ਗਿਆਨ, ਬੁੱਧ ਅਤੇ ਸਮਝ ਦੇ ਰਿਹਾ ਹੈ। ਯਹੋਵਾਹ ਨੇ ਬਾਈਬਲ ਦੇ ਰੂਪ ਵਿਚ ਸਾਨੂੰ ਕਿੰਨਾ ਕੀਮਤੀ ਤੋਹਫ਼ਾ ਦਿੱਤਾ ਹੈ! ਜੇ ਅਸੀਂ ਇਸ ਬੇਸ਼ਕੀਮਤੀ ਤੋਹਫ਼ੇ ਦੀ ਦਿਲੋਂ ਕਦਰ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ, ਸਮਝਣ ਅਤੇ ਮਨਨ ਕਰਨ ਲਈ ਜ਼ਰੂਰ ਸਮਾਂ ਕੱਢਾਂਗੇ। (ਅਫ਼. 5:15, 16; ਜ਼ਬੂ. 1:1-3) ਸਾਨੂੰ ਇਸ ਗੱਲ ਤੇ ਕਦੀ ਕੁੜਨਾ ਨਹੀਂ ਚਾਹੀਦਾ ਕਿ ਹਰ ਰੋਜ਼ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਲਈ ਸਮਾਂ ਕੱਢਣਾ ਪੈਂਦਾ ਹੈ। ਇਸ ਦੀ ਬਜਾਇ, ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਸਾਨੂੰ ਉਸ ਦੇ ਬਚਨ ਦਾ ਅਧਿਐਨ ਕਰ ਕੇ ਖ਼ੁਸ਼ੀ ਮਿਲਣੀ ਚਾਹੀਦੀ ਹੈ। ਇਸ ਨਾਲ ਅਸੀਂ ਪਰਮੇਸ਼ੁਰ ਬਾਰੇ ਹੋਰ ਡੂੰਘੀ ਜਾਣਕਾਰੀ ਪ੍ਰਾਪਤ ਕਰਾਂਗੇ ਜੋ ਉਸ ਲਈ ਸਾਡੇ ਪਿਆਰ ਨੂੰ ਹੋਰ ਵਧਾਵੇਗੀ।

ਅਸੀਂ ਬਾਈਬਲ ਤੋਂ ਸਿੱਖਿਆ ਹੈ ਕਿ ਆਦਮ ਨੇ ਯਹੋਵਾਹ ਦੇ ਹੁਕਮ ਨੂੰ ਤੋੜ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੁੱਖਾਂ-ਤਕਲੀਫ਼ਾਂ ਵਿਚ ਧੱਕ ਦਿੱਤਾ। ਪਰ ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਸਾਰੇ ਦੁੱਖਾਂ-ਤਕਲੀਫ਼ਾਂ ਤੋਂ ਛੁਟਕਾਰਾ ਦਿਵਾਉਣ ਲਈ ਕਦਮ ਚੁੱਕੇ ਤੇ ਇਸ ਗੱਲ ਨੂੰ ਪੱਕਾ ਕੀਤਾ ਕਿ ਧਰਤੀ ਲਈ ਉਸ ਦਾ ਮਕਸਦ ਪੂਰਾ ਹੋਵੇ।—ਉਤ. 3:15.

ਅਸੀਂ ਸਾਰੇ ਹੀ ਪਰਮੇਸ਼ੁਰ ਦੇ ਮਹਾਨ ਨਾਂ ਦੀ ਵਡਿਆਈ ਕਰਨੀ ਚਾਹੁੰਦੇ ਹਾਂ। ਜਿਉਂ-ਜਿਉਂ ਅਸੀਂ ਯਹੋਵਾਹ ਪਰਮੇਸ਼ੁਰ ਬਾਰੇ ਹੋਰ ਸਿੱਖਦੇ ਜਾਂਦੇ ਹਾਂ, ਅਸੀਂ ਉਸ ਦੇ ਮਹਾਨ ਨਾਂ ਤੇ ਮਕਸਦ ਦਾ ਪ੍ਰਚਾਰ ਕਰਨ ਵਿਚ ਉਸ ਦਾ ਅਤੇ ਉਸ ਦੇ ਸੰਗਠਨ ਦਾ ਸਾਥ ਦੇਣ ਲਈ ਪ੍ਰੇਰਿਤ ਹੁੰਦੇ ਹਾਂ। ਯਹੋਵਾਹ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਸ ਦੀ ਮਿਹਰ ਅਤੇ ਬਰਕਤਾਂ ਸਾਡੇ ਤੇ ਹੋਣਗੀਆਂ ਅਤੇ ਉਹ ਸਾਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ।

ਅਸੀਂ ਸਾਰੇ ਪ੍ਰਬੰਧਕ ਸਭਾ ਦੇ ਮੈਂਬਰ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਨੂੰ ਸਾਰੇ ਪਿਆਰੇ ਭੈਣ-ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਾਂ। ਅਸੀਂ ਦਿਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ “ਵੱਡੀ ਬਿਪਤਾ” ਸ਼ੁਰੂ ਹੋਣ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਤੁਸੀਂ ਪੂਰਾ ਮਨ ਲਾ ਕੇ ਮਿਹਨਤ ਕਰ ਰਹੇ ਹੋ। (ਪਰ. 7:14) ਇਹ ਕੰਮ ਕਰ ਕੇ ਤੁਸੀਂ ਸਾਰੇ ਲੋਕਾਂ ਨੂੰ ਪਰਮੇਸ਼ੁਰ ਅਤੇ ਮਸੀਹ ਦੇ ਬਾਰੇ ਗਿਆਨ ਲੈਣ ਦਾ ਮੌਕਾ ਦਿੰਦੇ ਹੋ ਜਿਸ ਕਰਕੇ ਉਨ੍ਹਾਂ ਨੂੰ ਅਨੰਤ ਜ਼ਿੰਦਗੀ ਮਿਲ ਸਕਦੀ ਹੈ।—ਯੂਹੰ. 17:3.

ਤੁਹਾਡੇ ਭਰਾ,

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ