ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 1: ਰੱਬ ʼਤੇ ਵਿਸ਼ਵਾਸ ਕਿਉਂ ਕਰੀਏ?
    ਨੌਜਵਾਨਾਂ ਦੇ ਸਵਾਲ
    • ਇਕ ਨੌਜਵਾਨ ਆਪਣੇ ਨਾਲ ਪੜ੍ਹਨ ਵਾਲੇ ਨੂੰ ਸਮਝਾਉਂਦਾ ਹੋਇਆ ਕਿ ਉਹ ਰੱਬ ʼਤੇ ਵਿਸ਼ਵਾਸ ਕਿਉਂ ਕਰਦਾ ਹੈ

      ਨੌਜਵਾਨ ਪੁੱਛਦੇ ਹਨ

      ਸ੍ਰਿਸ਼ਟੀ ਜਾਂ ਵਿਕਾਸਵਾਦ?​—ਭਾਗ 1: ਰੱਬ ʼਤੇ ਵਿਸ਼ਵਾਸ ਕਿਉਂ ਕਰੀਏ?

      • ਸ੍ਰਿਸ਼ਟੀ ਜਾਂ ਵਿਕਾਸਵਾਦ?

      • ਮੈਂ ਰੱਬ ʼਤੇ ਵਿਸ਼ਵਾਸ ਕਿਉਂ ਕਰਦਾ ਹਾਂ?

      • ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਦੱਸਣਾ

      ਸ੍ਰਿਸ਼ਟੀ ਜਾਂ ਵਿਕਾਸਵਾਦ?

      ਕੀ ਤੁਸੀਂ ਮੰਨਦੇ ਹੋ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ? ਜੇ ਹਾਂ, ਤਾਂ ਤੁਸੀਂ ਇਕੱਲੇ ਹੀ ਇਹ ਗੱਲ ਨਹੀਂ ਮੰਨਦੇ। ਬਹੁਤ ਸਾਰੇ ਜਵਾਨ (ਅਤੇ ਵੱਡੇ) ਵੀ ਇਹ ਗੱਲ ਮੰਨਦੇ ਹਨ। ਪਰ ਕੁਝ ਲੋਕ ਮੰਨਦੇ ਹਨ ਕਿ ਜ਼ਿੰਦਗੀ ਦੀ ਸ਼ੁਰੂਆਤ ਆਪਣੇ ਆਪ ਹੋ ਗਈ ਅਤੇ ਬ੍ਰਹਿਮੰਡ ਆਪਣੇ ਆਪ ਬਣ ਗਿਆ। ਇਸ ਨੂੰ “ਰੱਬ” ਨੇ ਨਹੀਂ ਬਣਾਇਆ।

      ਕੀ ਤੁਹਾਨੂੰ ਪਤਾ ਹੈ? ਲੋਕ ਝੱਟ ਦੱਸ ਦਿੰਦੇ ਹਨ ਕਿ ਉਹ ਕਿਸ ʼਤੇ ਵਿਸ਼ਵਾਸ ਕਰਦੇ ਹਨ: ਵਿਕਾਸਵਾਦ ʼਤੇ ਜਾਂ ਰੱਬ ʼਤੇ। ਪਰ ਅਕਸਰ ਉਹ ਇਹ ਨਹੀਂ ਜਾਣਦੇ ਹੁੰਦੇ ਕਿ ਉਹ ਵਿਕਾਸਵਾਦ ਜਾਂ ਰੱਬ ʼਤੇ ਵਿਸ਼ਵਾਸ ਕਿਉਂ ਕਰਦੇ ਹਨ।

      • ਕੁਝ ਲੋਕ ਇਸ ਲਈ ਰੱਬ ʼਤੇ ਵਿਸ਼ਵਾਸ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਧਰਮਾਂ ਵਿਚ ਰੱਬ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ।

      • ਕੁਝ ਲੋਕ ਇਸ ਲਈ ਵਿਕਾਸਵਾਦ ਦੀ ਸਿੱਖਿਆ ਨੂੰ ਮੰਨਦੇ ਹਨ ਕਿਉਂਕਿ ਉਨ੍ਹਾਂ ਨੂੰ ਸਕੂਲਾਂ ਵਿਚ ਇਸ ਬਾਰੇ ਪੜ੍ਹਾਇਆ ਜਾਂਦਾ ਹੈ।

      ਇਨ੍ਹਾਂ ਲੜੀਵਾਰ ਲੇਖਾਂ ਦੀ ਮਦਦ ਨਾਲ ਤੁਸੀਂ ਇਸ ਗੱਲ ʼਤੇ ਆਪਣਾ ਵਿਸ਼ਵਾਸ ਮਜ਼ਬੂਤ ਕਰ ਸਕੋਗੇ ਕਿ ਰੱਬ ਨੇ ਹੀ ਸਾਰਾ ਕੁਝ ਬਣਾਇਆ ਹੈ। ਫਿਰ ਤੁਸੀਂ ਦੂਸਰਿਆਂ ਨੂੰ ਵੀ ਆਪਣੇ ਵਿਸ਼ਵਾਸ ਚੰਗੀ ਤਰ੍ਹਾਂ ਦੱਸ ਸਕੋਗੇ। ਪਰ ਪਹਿਲਾਂ ਤੁਹਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ:

      ਮੈਂ ਰੱਬ ʼਤੇ ਵਿਸ਼ਵਾਸ ਕਿਉਂ ਕਰਦਾ ਹਾਂ?

      ਬਾਈਬਲ ਤੁਹਾਨੂੰ ਆਪਣੀ “ਸੋਚਣ-ਸਮਝਣ ਦੀ ਕਾਬਲੀਅਤ” ਵਰਤਣ ਲਈ ਕਹਿੰਦੀ ਹੈ। (ਰੋਮੀਆਂ 12:1) ਇਸ ਦਾ ਮਤਲਬ ਹੈ ਕਿ ਤੁਸੀਂ ਰੱਬ ʼਤੇ ਵਿਸ਼ਵਾਸ ਸਿਰਫ਼ ਇਸ ਕਰਕੇ ਨਾ ਕਰੋ ਕਿਉਂਕਿ

      • ਤੁਹਾਡਾ ਦਿਲ ਕਰਦਾ (ਮੈਨੂੰ ਲੱਗਦਾ ਕਿ ਇਸ ਦੁਨੀਆਂ ਨੂੰ ਚਲਾਉਣ ਵਾਲੀ ਕੋਈ ਤਾਂ ਤਾਕਤ ਹੈ)

      • ਦੂਜੇ ਤੁਹਾਨੂੰ ਕਹਿੰਦੇ ਹਨ (ਸਾਡੇ ਸਮਾਜ ਵਿਚ ਸਾਰੇ ਰੱਬ ਨੂੰ ਮੰਨਦੇ ਹਨ)

      • ਦੂਜੇ ਤੁਹਾਡੇ ʼਤੇ ਦਬਾਅ ਪਾਉਂਦੇ ਹਨ (ਮੇਰੇ ਮਾਪਿਆਂ ਜਾਂ ਦੂਜਿਆਂ ਨੇ ਬਚਪਨ ਤੋਂ ਮੈਨੂੰ ਰੱਬ ਨੂੰ ਮੰਨਣਾ ਸਿਖਾਇਆ)

      ਇਸ ਦੀ ਬਜਾਇ ਤੁਹਾਨੂੰ ਖ਼ੁਦ ਇਸ ਗੱਲ ʼਤੇ ਯਕੀਨ ਹੋਣਾ ਚਾਹੀਦਾ ਕਿ ਰੱਬ ਹੈ ਅਤੇ ਇਸ ਗੱਲ ʼਤੇ ਵਿਸ਼ਵਾਸ ਕਰਨ ਦੇ ਤੁਹਾਡੇ ਕੋਲ ਪੱਕੇ ਸਬੂਤ ਹੋਣੇ ਚਾਹੀਦੇ ਹਨ।

      ਸੋਚੋ ਕਿ ਕਿਹੜੀ ਗੱਲ ਕਰਕੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਰੱਬ ਹੈ? “ਮੈਂ ਰੱਬ ʼਤੇ ਵਿਸ਼ਵਾਸ ਕਿਉਂ ਕਰਾਂ?” ਨਾਂ ਦੇ ਅਭਿਆਸ ਰਾਹੀਂ ਰੱਬ ਦੀ ਹੋਂਦ ʼਤੇ ਤੁਹਾਡਾ ਭਰੋਸਾ ਹੋਰ ਵਧੇਗਾ। ਨਾਲੇ ਜਦੋਂ ਤੁਸੀਂ ਦੇਖੋਗੇ ਕਿ ਦੂਸਰੇ ਨੌਜਵਾਨ ਇਸ ਸਵਾਲ ਦਾ ਜਵਾਬ ਕਿਵੇਂ ਦਿੰਦੇ ਹਨ, ਤਾਂ ਤੁਹਾਡੀ ਮਦਦ ਹੋਵੇਗੀ।

      “ਜਦ ਕਲਾਸ ਵਿਚ ਮੇਰੀ ਟੀਚਰ ਇਹ ਸਮਝਾਉਂਦੀ ਹੈ ਕਿ ਸਾਡਾ ਸਰੀਰ ਕਿਵੇਂ ਕੰਮ ਕਰਦਾ ਹੈ, ਤਾਂ ਰੱਬ ਦੀ ਹੋਂਦ ʼਤੇ ਮੇਰਾ ਵਿਸ਼ਵਾਸ ਹੋਰ ਵੀ ਪੱਕਾ ਹੋ ਜਾਂਦਾ ਹੈ। ਸਾਡੇ ਸਰੀਰ ਦੇ ਸਾਰੇ ਅੰਗ ਆਪੋ-ਆਪਣਾ ਕੰਮ ਕਰਦੇ ਹਨ ਅਤੇ ਅਕਸਰ ਸਾਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਦਾ। ਆਪਣੇ ਸਰੀਰ ਦੀ ਬਣਾਵਟ ਦੇਖ ਕੇ ਸਾਡਾ ਦਿਮਾਗ਼ ਚਕਰਾ ਜਾਂਦਾ ਹੈ।”​—ਟੇਰੇਸਾ।

      “ਜਦ ਮੈਂ ਆਸਮਾਨ ਨੂੰ ਛੂਹੰਦੀਆਂ ਇਮਾਰਤਾਂ, ਵੱਡੇ-ਵੱਡੇ ਜਹਾਜ਼ਾਂ ਜਾਂ ਕਾਰਾਂ ਨੂੰ ਦੇਖਦਾ ਹਾਂ, ਤਾਂ ਮੈਂ ਖ਼ੁਦ ਨੂੰ ਪੁੱਛਦਾ ਹਾਂ: ‘ਇਹ ਸਾਰੀਆਂ ਚੀਜ਼ਾਂ ਕਿਸ ਨੇ ਬਣਾਈਆਂ?’ ਕਾਰ ਦੀ ਮਿਸਾਲ ਲਓ। ਕਿਸੇ ਇਨਸਾਨ ਨੇ ਦਿਮਾਗ਼ ਵਰਤ ਕੇ ਇਸ ਨੂੰ ਬਣਾਇਆ ਹੈ ਅਤੇ ਇਸ ਦੇ ਛੋਟੇ-ਛੋਟੇ ਪੁਰਜੇ ਵੀ ਸੋਚ-ਸਮਝ ਕੇ ਲਗਾਏ ਹਨ। ਜੇ ਕਾਰ ਨੂੰ ਕਿਸੇ ਨੇ ਬਣਾਇਆ ਹੈ, ਤਾਂ ਇਸ ਦਾ ਮਤਲਬ ਸਾਨੂੰ ਇਨਸਾਨਾਂ ਨੂੰ ਵੀ ਕਿਸੇ ਨੇ ਬਣਾਇਆ ਹੈ।”​—ਰਿਚਰਡ।

      “ਇਸ ਬ੍ਰਹਿਮੰਡ ਦੀ ਛੋਟੀ ਤੋਂ ਛੋਟੀ ਚੀਜ਼ ਨੂੰ ਸਮਝਣ ਲਈ ਦੁਨੀਆਂ ਦੇ ਵੱਡੇ-ਵੱਡੇ ਬੁੱਧੀਮਾਨ ਲੋਕਾਂ ਨੂੰ ਸੈਂਕੜੇ ਹੀ ਸਾਲ ਲੱਗੇ, ਤਾਂ ਸੋਚੋ ਕਿ ਇਹ ਬ੍ਰਹਿਮੰਡ ਬਿਨਾਂ ਕਿਸੇ ਬੁੱਧੀਮਾਨ ਸ਼ਖ਼ਸ ਦੇ ਹੋਂਦ ਵਿਚ ਕਿਵੇਂ ਆ ਗਿਆ। ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ!”​—ਕੈਰਨ।

      “ਮੈਂ ਵਿਗਿਆਨ ਦਾ ਜਿੰਨਾ ਜ਼ਿਆਦਾ ਅਧਿਐਨ ਕੀਤਾ, ਮੈਨੂੰ ਵਿਕਾਸਵਾਦ ਦੀ ਸਿੱਖਿਆ ਉੱਨੀ ਜ਼ਿਆਦਾ ਬੇਤੁਕੀ ਲੱਗੀ। ਮਿਸਾਲ ਲਈ, ਮੈਂ ਸੋਚਿਆ ਕਿ ਕੁਦਰਤ ਦੀ ਹਰ ਚੀਜ਼ ਕਿੰਨੇ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ ਤੇ ਇਨਸਾਨ ਦੀ ਬਣਤਰ ਕਿੰਨੀ ਕਮਾਲ ਦੀ ਹੈ। ਸਿਰਫ਼ ਇਨਸਾਨਾਂ ਵਿਚ ਹੀ ਇਹ ਜਾਣਨ ਦੀ ਕਾਬਲੀਅਤ ਹੈ ਕਿ ਅਸੀਂ ਕੌਣ ਹਾਂ, ਸਾਨੂੰ ਕਿਸ ਨੇ ਬਣਾਇਆ ਅਤੇ ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ। ਵਿਕਾਸਵਾਦ ਨੂੰ ਮੰਨਣ ਵਾਲੇ ਕਹਿੰਦੇ ਹਨ ਕਿ ਇਨ੍ਹਾਂ ਗੱਲਾਂ ਨੂੰ ਜਾਨਵਰਾਂ ਦੀ ਰਹਿਣੀ-ਸਹਿਣੀ ʼਤੇ ਗੌਰ ਕਰ ਕੇ ਸਮਝਿਆ ਜਾ ਸਕਦਾ ਹੈ। ਪਰ ਉਹ ਇਸ ਸਵਾਲ ਦਾ ਜਵਾਬ ਨਹੀਂ ਦੇ ਸਕੇ ਕਿ ਇਨਸਾਨ ਜਾਨਵਰਾਂ ਨਾਲੋਂ ਅਨੋਖਾ ਕਿਉਂ ਹੈ। ਮੇਰੇ ਲਈ ਰੱਬ ਨਾਲੋਂ ਵਿਕਾਸਵਾਦ ਦੀ ਸਿੱਖਿਆ ʼਤੇ ਯਕੀਨ ਕਰਨਾ ਜ਼ਿਆਦਾ ਔਖਾ ਹੈ।​—ਐਂਟੋਨੀ।

      ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਦੱਸਣਾ

      ਉਦੋਂ ਕੀ, ਜਦੋਂ ਤੁਹਾਡੇ ਨਾਲ ਪੜ੍ਹਨ ਵਾਲੇ ਤੁਹਾਡਾ ਇਸ ਗੱਲ ਲਈ ਮਜ਼ਾਕ ਉਡਾਉਣ ਕਿ ਤੁਸੀਂ ਜਿਸ ਰੱਬ ʼਤੇ ਵਿਸ਼ਵਾਸ ਕਰਦੇ ਹੋ, ਉਸ ਨੂੰ ਤਾਂ ਦੇਖਿਆ ਨਹੀਂ ਜਾ ਸਕਦਾ? ਉਦੋਂ ਕੀ, ਜੇ ਉਹ ਕਹਿਣ ਕਿ ਵਿਕਾਸਵਾਦ ʼਤੇ ਵਿਸ਼ਵਾਸ ਕਰਨ ਦੇ “ਸਬੂਤ” ਹਨ?

      ਪਹਿਲਾ, ਭਰੋਸਾ ਰੱਖੋ ਕਿ ਤੁਸੀਂ ਜੋ ਮੰਨਦੇ ਹੋ ਉਹ ਸਹੀ ਹੈ। ਦੂਸਰਿਆਂ ਤੋਂ ਨਾ ਤਾਂ ਡਰੋ ਤੇ ਨਾ ਹੀ ਸ਼ਰਮਿੰਦਗੀ ਮਹਿਸੂਸ ਕਰੋ। (ਰੋਮੀਆਂ 1:16) ਯਾਦ ਰੱਖੋ:

      1. 1. ਤੁਸੀਂ ਇਕੱਲੇ ਨਹੀਂ ਹੋ; ਬਹੁਤ ਸਾਰੇ ਲੋਕ ਮੰਨਦੇ ਹਨ ਕਿ ਰੱਬ ਹੈ। ਇਨ੍ਹਾਂ ਵਿਚ ਬਹੁਤ ਸਾਰੇ ਪੜ੍ਹੇ-ਲਿਖੇ ਲੋਕ ਵੀ ਸ਼ਾਮਲ ਹਨ। ਮਿਸਾਲ ਲਈ, ਕਈ ਵਿਗਿਆਨੀ ਵੀ ਮੰਨਦੇ ਹਨ ਕਿ ਰੱਬ ਹੈ।

      2. 2. ਜਦੋਂ ਲੋਕ ਕਹਿੰਦੇ ਹਨ ਕਿ ਉਹ ਰੱਬ ʼਤੇ ਵਿਸ਼ਵਾਸ ਨਹੀਂ ਕਰਦੇ, ਤਾਂ ਕਦੇ-ਕਦੇ ਉਨ੍ਹਾਂ ਦੇ ਕਹਿਣ ਦਾ ਮਤਲਬ ਹੁੰਦਾ ਕਿ ਰੱਬ ਨੂੰ ਸਮਝਣਾ ਉਨ੍ਹਾਂ ਦੇ ਵੱਸ ਤੋਂ ਬਾਹਰ ਹੈ। ਉਹ ਇਹ ਨਹੀਂ ਦੱਸਦੇ ਕਿ ਉਹ ਰੱਬ ʼਤੇ ਵਿਸ਼ਵਾਸ ਕਿਉਂ ਨਹੀਂ ਕਰਦੇ। ਇਸ ਦੀ ਬਜਾਇ, ਉਹ ਅਜਿਹੇ ਸਵਾਲ ਪੁੱਛਦੇ ਹਨ ਕਿ “ਜੇ ਰੱਬ ਹੈ, ਤਾਂ ਉਹ ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਲਿਆਉਂਦਾ ਹੈ?” ਇਹ ਦੱਸਣ ਦੀ ਬਜਾਇ ਕਿ ਉਹ ਰੱਬ ʼਤੇ ਵਿਸ਼ਵਾਸ ਕਿਉਂ ਨਹੀਂ ਕਰਦੇ, ਉਹ ਅਜਿਹੇ ਸਵਾਲ ਪੁੱਛਣ ਲੱਗ ਪੈਂਦੇ ਹਨ ਕਿ “ਜੇ ਰੱਬ ਹੈ, ਤਾਂ ਉਹ ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਲਿਆਉਂਦਾ ਹੈ?” ਇਸ ਤਰ੍ਹਾਂ ਗੱਲ ਨੂੰ ਦੁੱਖ-ਤਕਲੀਫ਼ਾਂ ਨਾਲ ਜੋੜ ਕੇ ਉਹ ਗੰਭੀਰ ਵਿਸ਼ੇ ਨੂੰ ਜਜ਼ਬਾਤੀ ਵਿਸ਼ਾ ਬਣਾ ਦਿੰਦੇ ਹਨ।

      3. 3. ਇਨਸਾਨਾਂ ਨੂੰ ਰੱਬ ਦੀ “ਅਗਵਾਈ” ਦੀ ਲੋੜ ਹੈ। (ਮੱਤੀ 5:3) ਰੱਬ ਦੀ ਅਗਵਾਈ ਭਾਲਣ ਵਿਚ ਉਸ ʼਤੇ ਵਿਸ਼ਵਾਸ ਕਰਨਾ ਵੀ ਸ਼ਾਮਲ ਹੈ। ਇਸ ਲਈ ਜਿਹੜਾ ਵਿਅਕਤੀ ਕਹਿੰਦਾ ਹੈ ਕਿ ਰੱਬ ਨਹੀਂ ਹੈ, ਤਾਂ ਇਹ ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਦੱਸੇ ਕਿ ਉਹ ਇੱਦਾਂ ਕਿਉਂ ਸੋਚਦਾ ਹੈ।​—ਰੋਮੀਆਂ 1:18-20.

      4. 4. ਰੱਬ ਦੀ ਹੋਂਦ ʼਤੇ ਵਿਸ਼ਵਾਸ ਕਰਨ ਦੇ ਸਬੂਤ ਹਨ। ਇਸ ਗੱਲ ਦੇ ਸਬੂਤ ਹਨ ਕਿ ਜ਼ਿੰਦਗੀ ਦੀ ਸ਼ੁਰੂਆਤ ਆਪਣੇ ਆਪ ਨਹੀਂ ਹੋਈ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਜੀਵਨ ਦੀ ਸ਼ੁਰੂਆਤ ਆਪਣੇ ਆਪ ਬੇਜਾਨ ਚੀਜ਼ਾਂ ਤੋਂ ਹੋਈ ਹੈ।

      ਫਿਰ ਜੇ ਕੋਈ ਤੁਹਾਨੂੰ ਪੁੱਛਦਾ ਹੈ ਕਿ ਤੁਸੀਂ ਰੱਬ ʼਤੇ ਕਿਉਂ ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਕੀ ਜਵਾਬ ਦੇ ਸਕਦੇ ਹੋ? ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ।

      ਜੇ ਕੋਈ ਕਹਿੰਦਾ ਹੈ: “ਸਿਰਫ਼ ਅਨਪੜ੍ਹ ਲੋਕ ਹੀ ਰੱਬ ʼਤੇ ਵਿਸ਼ਵਾਸ ਕਰਦੇ ਹਨ।”

      ਤੁਸੀਂ ਕਹਿ ਸਕਦੇ ਹੋ: “ਕੀ ਤੁਸੀਂ ਇਸ ਸੁਣੀ-ਸੁਣਾਈ ਗੱਲ ʼਤੇ ਯਕੀਨ ਕਰਦੇ ਹੋ? ਮੈਂ ਨਹੀਂ ਕਰਦਾ। ਇਕ ਸਰਵੇ ਵਿਚ 1,600 ਤੋਂ ਜ਼ਿਆਦਾ ਵਿਗਿਆਨ ਦੇ ਪ੍ਰੋਫ਼ੈਸਰਾਂ ਨੇ ਹਿੱਸਾ ਲਿਆ ਜੋ ਕਈ ਨਾਮੀ ਯੂਨੀਵਰਸਿਟੀਆਂ ਤੋਂ ਸਨ। ਇਨ੍ਹਾਂ ਵਿੱਚੋਂ ਇਕ-ਤਿਆਹੀ ਪ੍ਰੋਫ਼ੈਸਰਾਂ ਨੇ ਕਿਹਾ ਕਿ ਉਹ ਨਾ ਤਾਂ ਨਾਸਤਿਕ ਹਨ ਤੇ ਨਾ ਹੀ ਰੱਬ ਦੀ ਹੋਂਦ ʼਤੇ ਸ਼ੱਕ ਕਰਦੇ ਹਨ।a ਕੀ ਤੁਸੀਂ ਇਹ ਕਹੋਗੇ ਕਿ ਇਹ ਪ੍ਰੋਫ਼ੈਸਰ ਬੁੱਧੀਮਾਨ ਨਹੀਂ ਹਨ ਕਿਉਂਕਿ ਉਹ ਰੱਬ ʼਤੇ ਵਿਸ਼ਵਾਸ ਕਰਦੇ ਹਨ।”

      ਜੇ ਕੋਈ ਕਹਿੰਦਾ ਹੈ: “ਜੇ ਰੱਬ ਹੈ, ਤਾਂ ਦੁਨੀਆਂ ʼਤੇ ਇੰਨੀਆਂ ਦੁੱਖ-ਤਕਲੀਫ਼ਾਂ ਕਿਉਂ ਹਨ?”

      ਤੁਸੀਂ ਕਹਿ ਸਕਦੇ ਹੋ: “ਸ਼ਾਇਦ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਰੱਬ ਕੁਝ ਕਰਦਾ ਕਿਉਂ ਨਹੀਂ। ਹੈਨਾ? [ਜਵਾਬ ਲਈ ਰੁਕੋ।] ਮੈਂ ਇਸ ਗੱਲ ਦਾ ਸਹੀ ਜਵਾਬ ਜਾਣਿਆ ਹੈ ਕਿ ਦੁਨੀਆਂ ਵਿਚ ਇੰਨੀਆਂ ਦੁੱਖ-ਤਕਲੀਫ਼ਾਂ ਕਿਉਂ ਹਨ। ਪਰ ਇਸ ਦਾ ਜਵਾਬ ਜਾਣਨ ਲਈ ਸਾਨੂੰ ਬਾਈਬਲ ਦੀਆਂ ਕਈ ਸਿੱਖਿਆਵਾਂ ਬਾਰੇ ਸਿੱਖਣਾ ਪਵੇਗਾ। ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ?”

      ਇਸ ਲੜੀਵਾਰ ਦੇ ਅਗਲੇ ਲੇਖ ਵਿਚ ਸਮਝਾਇਆ ਜਾਵੇਗਾ ਕਿ ਵਿਕਾਸਵਾਦ ਦੀ ਸਿੱਖਿਆ ਸਾਡੀ ਹੋਂਦ ਨਾਲ ਜੁੜੇ ਸਵਾਲਾਂ ਦਾ ਸਹੀ-ਸਹੀ ਜਵਾਬ ਕਿਉਂ ਨਹੀਂ ਦਿੰਦੀ।

      a ਜਾਣਕਾਰੀ ਦਾ ਸ੍ਰੋਤ: Social Science Research Council, “Religion and Spirituality Among University Scientists,” by Elaine Howard Ecklund, February 5, 2007.

  • ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 2: ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਕਿਉਂ ਖੜ੍ਹਾ ਕਰੀਏ?
    ਨੌਜਵਾਨਾਂ ਦੇ ਸਵਾਲ
    • ਵਿਦਿਆਰਥੀਆਂ ਨੂੰ ਸਕੂਲ ਵਿਚ ਵਿਕਾਸਵਾਦ ਦੀ ਸਿੱਖਿਆ ਦਿੰਦੇ ਹੋਏ

      ਨੌਜਵਾਨ ਪੁੱਛਦੇ ਹਨ

      ਸ੍ਰਿਸ਼ਟੀ ਜਾਂ ਵਿਕਾਸਵਾਦ?​—ਭਾਗ 2: ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਕਿਉਂ ਖੜ੍ਹਾ ਕਰੀਏ?

      ਐਲਿਕਸ ਦੁਚਿੱਤੀ ਵਿਚ ਹੈ। ਉਹ ਹਮੇਸ਼ਾ ਤੋਂ ਮੰਨਦਾ ਸੀ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ। ਪਰ ਅੱਜ ਭੌਤਿਕ-ਵਿਗਿਆਨ ਦੇ ਅਧਿਆਪਕ ਨੇ ਕਿਹਾ ਕਿ ਵਿਕਾਸਵਾਦ ਦਾ ਸਿਧਾਂਤ ਸੱਚਾ ਹੈ ਅਤੇ ਇਸ ਗੱਲ ਦੇ ਬਹੁਤ ਸਾਰੇ ਸਬੂਤ ਹਨ। ਐਲਿਕਸ ਨਹੀਂ ਚਾਹੁੰਦਾ ਸੀ ਕਿ ਦੂਸਰੇ ਉਸ ਦਾ ਮਜ਼ਾਕ ਉਡਾਉਣ। ਉਸ ਨੇ ਸੋਚਿਆ, ‘ਜੇ ਵਿਗਿਆਨੀ ਮੰਨਦੇ ਹਨ ਕਿ ਵਿਕਾਸਵਾਦ ਦਾ ਸਿਧਾਂਤ ਸਹੀ ਹੈ, ਤਾਂ ਮੈਂ ਕੌਣ ਹੁੰਦਾ ਸਵਾਲ ਪੁੱਛਣ ਵਾਲਾ?’

      ਕੀ ਤੁਹਾਡੇ ਨਾਲ ਵੀ ਕਦੇ ਇੱਦਾਂ ਹੋਇਆ ਹੈ? ਸ਼ਾਇਦ ਤੁਸੀਂ ਬਾਈਬਲ ਵਿਚ ਦੱਸੀ ਇਸ ਗੱਲ ਨਾਲ ਸਹਿਮਤ ਸੀ: “ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” (ਉਤਪਤ 1:1) ਪਰ ਹੁਣ ਸਾਰੇ ਤੁਹਾਨੂੰ ਇਹ ਯਕੀਨ ਦਿਲਾਉਣਾ ਚਾਹੁੰਦੇ ਹਨ ਕਿ ਰੱਬ ਨੇ ਸਾਰਾ ਕੁਝ ਨਹੀਂ ਬਣਾਇਆ, ਸਗੋਂ ਵਿਕਾਸਵਾਦ ਦਾ ਸਿਧਾਂਤ ਸਹੀ ਹੈ। ਕੀ ਤੁਹਾਨੂੰ ਇਸ ਗੱਲ ʼਤੇ ਯਕੀਨ ਕਰਨਾ ਚਾਹੀਦਾ ਹੈ? ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਕਿਉਂ ਖੜ੍ਹਾ ਕਰਨਾ ਚਾਹੀਦਾ ਹੈ?

      • ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਖੜ੍ਹਾ ਕਰਨ ਦੇ ਦੋ ਕਾਰਨ

      • ਗੌਰ ਕਰਨ ਲਈ ਸਵਾਲ

      • ਤੁਹਾਡੇ ਹਾਣੀ ਕੀ ਕਹਿੰਦੇ ਹਨ

      ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਖੜ੍ਹਾ ਕਰਨ ਦੇ ਦੋ ਕਾਰਨ

      1. 1. ਵਿਗਿਆਨੀ ਵਿਕਾਸਵਾਦ ਦੇ ਸਿਧਾਂਤ ਨਾਲ ਸਹਿਮਤ ਨਹੀਂ ਹਨ। ਲੰਬੇ ਸਮੇਂ ਤੋਂ ਚੱਲ ਰਹੀ ਖੋਜ ਦੇ ਬਾਵਜੂਦ ਵੀ ਕੁਝ ਵਿਗਿਆਨੀ ਵਿਕਾਸਵਾਦ ਦੇ ਸਿਧਾਂਤ ਨਾਲ ਸਹਿਮਤ ਨਹੀਂ ਹਨ।

        ਜ਼ਰਾ ਸੋਚੋ: ਜੇ ਬੁੱਧੀਮਾਨ ਵਿਗਿਆਨੀ ਹੀ ਇਸ ਗੱਲ ਨਾਲ ਸਹਿਮਤ ਨਹੀਂ, ਤਾਂ ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਖੜ੍ਹਾ ਕਰਨਾ ਗ਼ਲਤ ਕਿਉਂ ਨਹੀਂ ਹੈ?​—ਜ਼ਬੂਰਾਂ ਦੀ ਪੋਥੀ 10:4.

      2. 2. ਤੁਹਾਡੇ ਵਿਸ਼ਵਾਸ ਮਾਅਨੇ ਰੱਖਦੇ ਹਨ। ਜ਼ੈੱਕਰੀ ਨਾਂ ਦਾ ਨੌਜਵਾਨ ਕਹਿੰਦਾ ਹੈ: “ਜੇ ਇਨਸਾਨ ਅਤੇ ਬ੍ਰਹਿਮੰਡ ਦੀਆਂ ਚੀਜ਼ਾਂ ਨੂੰ ਕਿਸੇ ਨੇ ਨਹੀਂ ਬਣਾਇਆ ਤੇ ਆਪਣੇ ਆਪ ਹੀ ਬਣ ਗਈਆਂ, ਤਾਂ ਇਨ੍ਹਾਂ ਦੇ ਬਣਨ ਪਿੱਛੇ ਕਿਸੇ ਦਾ ਕੋਈ ਮਕਸਦ ਨਹੀਂ ਸੀ ਹੋਣਾ।” ਉਸ ਦੀ ਗੱਲ ਵਿਚ ਦਮ ਹੈ। ਜੇ ਵਿਕਾਸਵਾਦ ਦਾ ਸਿਧਾਂਤ ਸੱਚ ਹੈ, ਤਾਂ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਸੀ ਹੋਣਾ। (1 ਕੁਰਿੰਥੀਆਂ 15:32) ਦੂਜੇ ਪਾਸੇ, ਜੇ ਰੱਬ ਨੇ ਸਾਰਾ ਕੁਝ ਬਣਾਇਆ ਹੈ, ਤਾਂ ਅਸੀਂ ਜ਼ਿੰਦਗੀ ਦੇ ਮਕਸਦ ਅਤੇ ਭਵਿੱਖ ਨਾਲ ਜੁੜੇ ਸਵਾਲਾਂ ਦੇ ਜਵਾਬ ਜਾਣ ਸਕਦੇ ਹਾਂ।​—ਯਿਰਮਿਯਾਹ 29:11.

        ਜ਼ਰਾ ਸੋਚੋ: ਵਿਕਾਸਵਾਦ ਦੇ ਸਿਧਾਂਤ ਅਤੇ ਸ੍ਰਿਸ਼ਟੀ ਬਾਰੇ ਸੱਚਾਈ ਜਾਣ ਕੇ ਤੁਹਾਡੀ ਜ਼ਿੰਦਗੀ ʼਤੇ ਕੀ ਅਸਰ ਪੈ ਸਕਦਾ ਹੈ?​—ਇਬਰਾਨੀਆਂ 11:1.

      ਗੌਰ ਕਰਨ ਲਈ ਸਵਾਲ

      ਦਾਅਵਾ: ‘ਬ੍ਰਹਿਮੰਡ ਵਿਚ ਹਰ ਚੀਜ਼ ਦੀ ਸ਼ੁਰੂਆਤ ਇਕ ਧਮਾਕੇ ਨਾਲ ਹੋਈ ਹੈ।’

      • ਇਹ ਧਮਾਕਾ ਕਿਸ ਨੇ ਕਰਵਾਇਆ?

      • ਕਿਹੜੀ ਗੱਲ ਸਹੀ ਲੱਗਦੀ ਹੈ? ਇਹ ਮੰਨਣਾ ਕਿ ਸਾਰਾ ਕੁਝ ਆਪਣੇ ਆਪ ਬਣ ਗਿਆ ਜਾਂ ਸਾਰਾ ਕੁਝ ਕਿਸੇ ਚੀਜ਼ ਤੋਂ ਬਣਿਆ ਜਾਂ ਕਿਸੇ ਨੇ ਸਾਰਾ ਕੁਝ ਬਣਾਇਆ?

      ਦਾਅਵਾ: ‘ਇਨਸਾਨ ਜਾਨਵਰਾਂ ਤੋਂ ਬਣੇ ਹਨ।’

      • ਜੇ ਇਨਸਾਨ ਬਾਂਦਰ ਤੋਂ ਬਣਿਆ ਹੈ, ਤਾਂ ਇਨਸਾਨ ਅਤੇ ਬਾਂਦਰ ਦੇ ਦਿਮਾਗ਼ ਵਿਚ ਇੰਨਾ ਫ਼ਰਕ ਕਿਉਂ ਹੈ?a

      • ਜ਼ਿੰਦਗੀ ਦੀ “ਛੋਟੀ ਤੋਂ ਛੋਟੀ” ਚੀਜ਼ ਵੀ ਇੰਨੀ ਗੁੰਝਲਦਾਰ ਕਿਉਂ ਹੈ?b

      ਦਾਅਵਾ: ‘ਵਿਕਾਸਵਾਦ ਦੇ ਸਿਧਾਂਤ ਦੇ ਪੱਕੇ ਸਬੂਤ ਹਨ।’

      • ਕੀ ਇਸ ਸਿਧਾਂਤ ʼਤੇ ਵਿਸ਼ਵਾਸ ਕਰਨ ਵਾਲੇ ਨੇ ਖ਼ੁਦ ਸਬੂਤਾਂ ਦੀ ਜਾਂਚ ਕੀਤੀ ਹੈ?

      • ਕਿੰਨੇ ਕੁ ਲੋਕ ਅਜਿਹੇ ਹਨ ਜੋ ਵਿਕਾਸਵਾਦ ਦੇ ਸਿਧਾਂਤ ʼਤੇ ਇਸ ਲਈ ਵਿਸ਼ਵਾਸ ਕਰਦੇ ਹਨ ਕਿਉਂਕਿ ਬੁੱਧੀਮਾਨ ਲੋਕ ਇਸ ਗੱਲ ʼਤੇ ਯਕੀਨ ਕਰਦੇ ਹਨ?

      ਤੁਹਾਡੇ ਹਾਣੀ ਕੀ ਕਹਿੰਦੇ ਹਨ?

      ਗਵੈੱਨ

      ਗਵੈੱਨ

      “ਮੰਨ ਲਓ, ਕੋਈ ਤੁਹਾਨੂੰ ਕਹਿੰਦਾ ਹੈ ਕਿ ਛਾਪੇਖ਼ਾਨੇ ਵਿਚ ਧਮਾਕਾ ਹੋ ਗਿਆ ਅਤੇ ਸਾਰੀਆਂ ਕੰਧਾਂ ਅਤੇ ਛੱਤਾਂ ʼਤੇ ਸਿਆਹੀ ਦੇ ਛਿੱਟੇ ਪੈਣ ਕਰਕੇ ਬਹੁਤ ਹੀ ਵੱਡਾ ਸ਼ਬਦ-ਕੋਸ਼ ਬਣ ਕੇ ਤਿਆਰ ਹੋ ਗਿਆ। ਕੀ ਤੁਸੀਂ ਇਸ ਗੱਲ ʼਤੇ ਯਕੀਨ ਕਰੋਗੇ? ਤਾਂ ਫਿਰ, ਇਸ ਗੱਲ ʼਤੇ ਕਿਵੇਂ ਯਕੀਨ ਕੀਤਾ ਜਾ ਸਕਦਾ ਹੈ ਕਿ ਲਾਜਵਾਬ ਤਰੀਕੇ ਨਾਲ ਚੱਲਣ ਵਾਲਾ ਬ੍ਰਹਿਮੰਡ ਇਕ ਧਮਾਕੇ ਨਾਲ ਬਣ ਗਿਆ?”

      ਜੈਸਿਕਾ

      ਜੈਸਿਕਾ

      “ਜੇ ਵਿਕਾਸਵਾਦ ਦੀ ਇਹ ਗੱਲ ਸੱਚ ਹੈ ਕਿ ਕਮਜ਼ੋਰ ਨੂੰ ਮਾਰ ਕੇ ਹੀ ਤਾਕਤਵਰ ਆਪਣੀ ਹੋਂਦ ਕਾਇਮ ਕਰ ਸਕਦਾ ਹੈ, ਤਾਂ ਅਸੀਂ ਬੀਮਾਰ ਅਤੇ ਗ਼ਰੀਬ ਲੋਕਾਂ ਦੀ ਪਰਵਾਹ ਤੇ ਮਦਦ ਕਿਉਂ ਕਰਦੇ ਹਾਂ? ਹੋਂਦ ਕਾਇਮ ਰੱਖਣ ਲਈ ਤਾਂ ਇਨ੍ਹਾਂ ਗੁਣਾਂ ਦੀ ਕੋਈ ਲੋੜ ਹੀ ਨਹੀਂ ਹੈ?”

      ਜੂਲੀਆ

      ਜੂਲੀਆ

      “ਮੰਨ ਲਓ, ਤੁਸੀਂ ਕਿਸੇ ਜੰਗਲ ਵਿਚ ਜਾ ਰਹੇ ਹੋ ਅਤੇ ਤੁਹਾਨੂੰ ਲੱਕੜੀ ਨਾਲ ਬਣਿਆ ਘਰ ਦਿਖਾਈ ਦਿੰਦਾ ਹੈ, ਤਾਂ ਕੀ ਤੁਸੀਂ ਉਸ ਘਰ ਨੂੰ ਦੇਖ ਕੇ ਸੋਚੋਗੇ: ‘ਕਿੰਨਾ ਸੋਹਣਾ ਘਰ! ਇੱਥੇ ਦਰਖ਼ਤ ਪੱਕਾ ਸਹੀ ਤਰੀਕੇ ਨਾਲ ਡਿਗੇ ਹੋਣੇ ਤੇ ਇਹ ਘਰ ਬਣ ਗਿਆ ਹੋਣਾ।’ ਬਿਲਕੁਲ ਨਹੀਂ! ਇੱਦਾਂ ਸੋਚਣਾ ਮੂਰਖਤਾ ਭਰੀ ਗੱਲ ਹੋਵੇਗੀ। ਤਾਂ ਫਿਰ, ਅਸੀਂ ਇਸ ਗੱਲ ʼਤੇ ਕਿਉਂ ਯਕੀਨ ਕਰਦੇ ਹਾਂ ਕਿ ਬ੍ਰਹਿਮੰਡ ਦੀ ਹਰ ਚੀਜ਼ ਆਪਣੇ ਆਪ ਅਚਾਨਕ ਵਜੂਦ ਵਿਚ ਆ ਗਈ?”

      a ਕਈ ਲੋਕ ਸ਼ਾਇਦ ਦਾਅਵਾ ਕਰਨ ਕਿ ਇਨਸਾਨ ਬਾਂਦਰਾਂ ਨਾਲੋਂ ਇਸ ਲਈ ਜ਼ਿਆਦਾ ਬੁੱਧੀਮਾਨ ਹਨ ਕਿਉਂਕਿ ਉਨ੍ਹਾਂ ਦਾ ਦਿਮਾਗ਼ ਬਾਂਦਰਾਂ ਨਾਲੋਂ ਵੱਡਾ ਹੈ। ਇਹ ਗੱਲ ਸਹੀ ਕਿਉਂ ਨਹੀਂ ਹੈ, ਇਹ ਜਾਣਨ ਲਈ ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ) ਨਾਂ ਦੇ ਬਰੋਸ਼ਰ ਦਾ ਸਫ਼ਾ 28 ਦੇਖੋ।

      b ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ) ਨਾਂ ਦੇ ਬਰੋਸ਼ਰ ਦੇ ਸਫ਼ੇ 8-12 ਦੇਖੋ।

  • ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 3: ਇਸ ਗੱਲ ʼਤੇ ਯਕੀਨ ਕਿਉਂ ਕਰੀਏ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ?
    ਨੌਜਵਾਨਾਂ ਦੇ ਸਵਾਲ
    • ਮਿਊਜ਼ੀਅਮ ਵਿਚ ਵਿਦਿਆਰਥੀ ਡਾਇਨਾਸੋਰ ਦਾ ਪਿੰਜਰ ਦੇਖਦੇ ਹੋਏ

      ਨੌਜਵਾਨ ਪੁੱਛਦੇ ਹਨ

      ਸ੍ਰਿਸ਼ਟੀ ਜਾਂ ਵਿਕਾਸਵਾਦ?​—ਭਾਗ 3: ਇਸ ਗੱਲ ʼਤੇ ਯਕੀਨ ਕਿਉਂ ਕਰੀਏ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ?

      “ਜੇ ਤੁਸੀਂ ਇਹ ਮੰਨਦੇ ਹੋ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ, ਤਾਂ ਸ਼ਾਇਦ ਲੋਕ ਤੁਹਾਨੂੰ ਮੂਰਖ ਸਮਝਣ ਤੇ ਸੋਚਣ ਕਿ ਤੁਸੀਂ ਉਨ੍ਹਾਂ ਕਹਾਣੀਆਂ ʼਤੇ ਵਿਸ਼ਵਾਸ ਕਰਦੇ ਹੋ ਜੋ ਤੁਹਾਡੇ ਮਾਪਿਆਂ ਨੇ ਤੁਹਾਨੂੰ ਬਚਪਨ ਵਿਚ ਸੁਣਾਈਆਂ ਸਨ ਜਾਂ ਆਪਣੇ ਧਰਮ ਕਰਕੇ ਤੁਸੀਂ ਇਹ ਗੱਲ ਮੰਨਦੇ ਹੋ।”​—ਜਿਨੈਟ।

      ਕੀ ਤੁਹਾਨੂੰ ਵੀ ਜਿਨੈਟ ਵਾਂਗ ਲੱਗਦਾ ਹੈ? ਜੇ ਹਾਂ, ਤਾਂ ਤੁਹਾਨੂੰ ਇਸ ਗੱਲ ʼਤੇ ਸ਼ੱਕ ਹੋ ਸਕਦਾ ਹੈ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ। ਨਾਲੇ ਕੋਈ ਵੀ ਨਹੀਂ ਚਾਹੁੰਦਾ ਕਿ ਕੋਈ ਉਸ ਨੂੰ ਮੂਰਖ ਸਮਝੇ। ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?

      • ਕਿਹੜੀਆਂ ਗੱਲ ਕਰਕੇ ਤੁਹਾਨੂੰ ਸ਼ੱਕ ਹੋ ਸਕਦਾ ਹੈ?

      • ਤੁਸੀਂ ਜੋ ਵਿਸ਼ਵਾਸ ਕਰਦੇ ਹੋ ਉਸ ਬਾਰੇ ਸੋਚੋ

      • ਸਬੂਤਾਂ ਦੀ ਜਾਂਚ ਕਰਨ ਲਈ ਮਦਦ

      • ਤੁਹਾਡੇ ਹਾਣੀ ਕੀ ਕਹਿੰਦੇ ਹਨ?

      ਕਿਹੜੀ ਗੱਲ ਕਰਕੇ ਤੁਹਾਨੂੰ ਸ਼ੱਕ ਹੋ ਸਕਦਾ ਹੈ?

      1. ਜੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ, ਤਾਂ ਲੋਕ ਸੋਚਣਗੇ ਕਿ ਤੁਸੀਂ ਵਿਗਿਆਨ ਨਾਲ ਸਹਿਮਤ ਨਹੀਂ ਹੋ।

      “ਮੇਰੀ ਅਧਿਆਪਕ ਕਹਿੰਦੀ ਹੈ ਕਿ ਲੋਕ ਇਸ ਗੱਲ ਕਰਕੇ ਇਹ ਮੰਨਦੇ ਹਨ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ ਕਿਉਂਕਿ ਉਹ ਜਾਣਨਾ ਹੀ ਨਹੀਂ ਚਾਹੁੰਦੇ ਕਿ ਦੁਨੀਆਂ ਵਿਚ ਸਭ ਕੁਝ ਕਿਵੇਂ ਹੁੰਦਾ ਹੈ।”­​—ਮਾਰੀਆ।

      ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ? ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ। ਮਸ਼ਹੂਰ ਵਿਗਿਆਨੀ, ਜਿਵੇਂ ਗਲੀਲੀਓ ਅਤੇ ਆਈਜ਼ਕ ਨਿਊਟਨ, ਵੀ ਮੰਨਦੇ ਸਨ ਕਿ ਰੱਬ ਹੈ। ਇਸ ਗੱਲ ਦਾ ਇਹ ਮਤਲਬ ਨਹੀਂ ਸੀ ਕਿ ਉਹ ਵਿਗਿਆਨ ਦੇ ਖ਼ਿਲਾਫ਼ ਸਨ। ਇਸੇ ਤਰ੍ਹਾਂ ਅੱਜ ਵੀ ਬਹੁਤ ਸਾਰੇ ਵਿਗਿਆਨੀ ਹਨ ਜੋ ਵਿਗਿਆਨ ਦੀਆਂ ਗੱਲਾਂ ਨੂੰ ਮੰਨਣ ਦੇ ਨਾਲ-ਨਾਲ ਰੱਬ ʼਤੇ ਵੀ ਵਿਸ਼ਵਾਸ ਕਰਦੇ ਹਨ।

      ਇੱਦਾਂ ਕਰ ਕੇ ਦੇਖੋ: ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ʼਤੇ ਜਾ ਕੇ ਲੱਭੋ ਵਾਲੀ ਜਗ੍ਹਾ ʼਤੇ (ਡਬਲ ਕਾਮਿਆਂ ਵਿਚ) “ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਹੈ” ਜਾਂ “ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ” ਪਾਓ। ਤੁਸੀਂ ਦੇਖੋਗੇ ਕਿ ਡਾਕਟਰੀ ਖੇਤਰ ਦੇ ਲੋਕ ਅਤੇ ਵਿਗਿਆਨ ʼਤੇ ਵਿਸ਼ਵਾਸ ਕਰਨ ਵਾਲੇ ਲੋਕ ਮੰਨਦੇ ਹਨ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ। ਧਿਆਨ ਦਿਓ ਕਿ ਕਿਹੜੀ ਗੱਲ ਕਰਕੇ ਉਨ੍ਹਾਂ ਨੂੰ ਯਕੀਨ ਹੋਇਆ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ।

      ਮੁੱਖ ਗੱਲ: ਰੱਬ ʼਤੇ ਵਿਸ਼ਵਾਸ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਵਿਗਿਆਨ ʼਤੇ ਵਿਸ਼ਵਾਸ ਨਹੀਂ ਕਰਦੇ। ਦਰਅਸਲ, ਜਦੋਂ ਤੁਸੀਂ ਧਿਆਨ ਨਾਲ ਦੁਨੀਆਂ ਦੀਆਂ ਚੀਜ਼ਾਂ ਨੂੰ ਦੇਖੋਗੇ, ਤਾਂ ਤੁਹਾਨੂੰ ਹੋਰ ਜ਼ਿਆਦਾ ਯਕੀਨ ਹੋਵੇਗਾ ਕਿ ਰੱਬ ਨੇ ਹੀ ਸਾਰਾ ਕੁਝ ਬਣਾਇਆ ਹੈ।​—ਰੋਮੀਆਂ 1:20.

      2. ਜੇ ਤੁਸੀਂ ਬਾਈਬਲ ਦੀ ਇਸ ਗੱਲ ʼਤੇ ਯਕੀਨ ਕਰਦੇ ਹੋ ਕਿ ਸ੍ਰਿਸ਼ਟੀ ਕਿਵੇਂ ਬਣਾਈ ਗਈ, ਤਾਂ ਲੋਕ ਸੋਚਣਗੇ ਕਿ ਤੁਸੀਂ ਬਿਨਾਂ ਸੋਚੇ-ਸਮਝੇ ਆਪਣੇ ਧਰਮ ʼਤੇ ਵਿਸ਼ਵਾਸ ਕਰਦੇ ਹੋ।

      “ਬਹੁਤ ਸਾਰੇ ਲੋਕ ਇਸ ਗੱਲ ਦਾ ਮਜ਼ਾਕ ਉਡਾਉਂਦੇ ਹਨ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਬਾਈਬਲ ਵਿਚ ਉਤਪਤ ਦੀ ਕਿਤਾਬ ਵਿਚ ਸ੍ਰਿਸ਼ਟੀ ਬਾਰੇ ਜੋ ਕੁਝ ਵੀ ਦੱਸਿਆ ਗਿਆ ਹੈ, ਉਹ ਬਸ ਇਕ ਕਹਾਣੀ ਹੀ ਹੈ।”​—ਜੈਸਮੀਨ।

      ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ? ਲੋਕ ਅਕਸਰ ਸ੍ਰਿਸ਼ਟੀ ਬਾਰੇ ਦੱਸੀਆਂ ਬਾਈਬਲ ਦੀਆਂ ਗੱਲਾਂ ਦਾ ਗ਼ਲਤ ਮਤਲਬ ਕੱਢ ਲੈਂਦੇ ਹਨ। ਮਿਸਾਲ ਲਈ, ਕੁਝ ਸ੍ਰਿਸ਼ਟੀਵਾਦੀ ਦਾਅਵਾ ਕਰਦੇ ਹਨ ਕਿ ਧਰਤੀ ਥੋੜ੍ਹੀ ਦੇਰ ਪਹਿਲਾਂ ਹੀ ਬਣਾਈ ਗਈ ਸੀ ਅਤੇ ਇਸ ਨੂੰ 24 ਘੰਟਿਆਂ ਵਾਲੇ 6 ਦਿਨਾਂ ਵਿਚ ਬਣਾਇਆ ਗਿਆ ਸੀ। ਪਰ ਬਾਈਬਲ ਅਨੁਸਾਰ ਇਹ ਗੱਲ ਸਹੀ ਨਹੀਂ ਹੈ।

      • ਉਤਪਤ 1:1 ਵਿਚ ਦੱਸਿਆ ਗਿਆ ਹੈ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” ਇਹ ਗੱਲ ਵਿਗਿਆਨਕ ਸਬੂਤਾਂ ਨਾਲ ਮੇਲ ਖਾਂਦੀ ਹੈ ਕਿ ਧਰਤੀ ਅਰਬਾਂ-ਖਰਬਾਂ ਸਾਲ ਪੁਰਾਣੀ ਹੈ।

      • ਉਤਪਤ ਦੀ ਕਿਤਾਬ ਵਿਚ ਵਰਤਿਆ ਗਿਆ ਸ਼ਬਦ “ਦਿਨ” ਬਹੁਤ ਲੰਬੇ ਸਮੇਂ ਨੂੰ ਦਰਸਾਉਂਦਾ ਹੈ। ਦਰਅਸਲ, ਉਤਪਤ 2:4 ਵਿਚ ਸ੍ਰਿਸ਼ਟੀ ਦੇ ਛੇ ਦਿਨਾਂ ਨੂੰ ਦਰਸਾਉਣ ਲਈ “ਦਿਨ” ਸ਼ਬਦ ਵਰਤਿਆ ਗਿਆ ਹੈ।

      ਮੁੱਖ ਗੱਲ: ਬਾਈਬਲ ਵਿਚ ਸ੍ਰਿਸ਼ਟੀ ਬਾਰੇ ਦੱਸੀਆਂ ਗਈਆਂ ਗੱਲਾਂ ਵਿਗਿਆਨਕ ਸਬੂਤਾਂ ਨਾਲ ਮੇਲ ਖਾਂਦੀਆਂ ਹਨ।

      ਤੁਸੀਂ ਜੋ ਵਿਸ਼ਵਾਸ ਕਰਦੇ ਹੋ ਉਸ ਬਾਰੇ ਸੋਚੋ

      ਸ੍ਰਿਸ਼ਟੀ ʼਤੇ ਯਕੀਨ ਕਰਨ ਦਾ ਮਤਲਬ “ਸਬੂਤਾਂ ਨੂੰ ਨਜ਼ਰਅੰਦਾਜ਼” ਕਰਨਾ ਨਹੀਂ ਹੈ। ਇਸ ਦੀ ਬਜਾਇ, ਇਸ ਦਾ ਮਤਲਬ ਹੈ ਸਬੂਤਾਂ ਦੀ ਚੰਗੀ ਤਰ੍ਹਾਂ ਜਾਂਚ ਕਰਨੀ। ਜ਼ਰਾ ਗੌਰ ਕਰੋ:

      ਤੁਸੀਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਇਹ ਗੱਲ ਦੱਸ ਸਕਦੇ ਹੋ ਕਿ ਜੇ ਕੋਈ ਚੀਜ਼ ਬਣੀ ਹੈ, ਤਾਂ ਇਸ ਨੂੰ ਬਣਾਉਣ ਵਾਲਾ ਵੀ ਜ਼ਰੂਰ ਹੁੰਦਾ ਹੈ। ਜਦੋਂ ਤੁਸੀਂ ਕੈਮਰਾ, ਜਹਾਜ਼ ਜਾਂ ਘਰ ਦੇਖਦੇ ਹੋ, ਤਾਂ ਤੁਸੀਂ ਦੇਖਦੇ ਸਾਰ ਹੀ ਕਹਿ ਦਿੰਦੇ ਹੋ ਕਿ ਕਿਸੇ ਨੇ ਇਸ ਨੂੰ ਬਣਾਇਆ ਹੈ। ਫਿਰ ਤੁਸੀਂ ਮਨੁੱਖੀ ਅੱਖ, ਆਕਾਸ਼ ਵਿਚ ਉੱਡਦੇ ਪੰਛੀ ਜਾਂ ਧਰਤੀ ਨੂੰ ਦੇਖ ਕੇ ਇਹ ਗੱਲ ਕਿਉਂ ਨਹੀਂ ਕਹਿੰਦੇ?

      ਸੋਚੋ: ਇੰਜੀਨੀਅਰ ਆਪਣੀਆਂ ਬਣਾਈਆਂ ਚੀਜ਼ਾਂ ਵਿਚ ਸੁਧਾਰ ਕਰਨ ਲਈ ਅਕਸਰ ਸ੍ਰਿਸ਼ਟੀ ਦੀਆਂ ਚੀਜ਼ਾਂ ਦੀ ਨਕਲ ਕਰਦੇ ਹਨ। ਉਹ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕਰਨ। ਅਸੀਂ ਇਨਸਾਨਾਂ ਦੀਆਂ ਬਣਾਈਆਂ ਚੀਜ਼ਾਂ ਲਈ ਤਾਂ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹਾਂ। ਪਰ ਸਿਰਜਣਹਾਰ ਅਤੇ ਉਸ ਦੀਆਂ ਬਣਾਈਆਂ ਚੀਜ਼ਾਂ, ਜੋ ਇਨਸਾਨਾਂ ਦੀਆਂ ਬਣਾਈਆਂ ਚੀਜ਼ਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਹਨ, ਲਈ ਕਹਿੰਦੇ ਹਾਂ ਕਿ ਉਹ ਆਪਣੇ ਆਪ ਬਣ ਗਈਆਂ। ਕੀ ਇਸ ਤਰ੍ਹਾਂ ਕਹਿਣਾ ਸਮਝਦਾਰੀ ਦੀ ਗੱਲ ਹੈ?

      ਜਹਾਜ਼ ਅਤੇ ਪੰਛੀ ਉੱਡਦੇ ਹੋਏ

      ਕੀ ਇਹ ਮੰਨਣਾ ਸਹੀ ਹੈ ਕਿ ਜਹਾਜ਼ ਨੂੰ ਤਾਂ ਕਿਸੇ ਨੇ ਬਣਾਇਆ ਹੈ, ਪਰ ਪੰਛੀ ਆਪਣੇ ਆਪ ਬਣ ਗਏ?

      ਸਬੂਤਾਂ ਦੀ ਜਾਂਚ ਕਰਨ ਲਈ ਮਦਦ

      ਤੁਸੀਂ ਕੁਦਰਤੀ ਚੀਜ਼ਾਂ ਦੀ ਜਾਂਚ ਕਰ ਕੇ ਸਬੂਤ ਦੇਖ ਸਕਦੇ ਹੋ ਅਤੇ ਇਸ ਗੱਲ ʼਤੇ ਆਪਣਾ ਵਿਸ਼ਵਾਸ ਹੋਰ ਵੀ ਪੱਕਾ ਕਰ ਸਕਦੇ ਹੋ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ।

      ਇੱਦਾਂ ਕਰ ਕੇ ਦੇਖੋ: ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ʼਤੇ ਜਾ ਕੇ ਲੱਭੋ ਵਾਲੀ ਜਗ੍ਹਾ ʼਤੇ (ਡਬਲ ਕਾਮਿਆਂ ਵਿਚ) “ਇਹ ਕਿਸ ਦਾ ਕਮਾਲ ਹੈ” ਟਾਈਪ ਕਰੋ। ਜਾਗਰੂਕ ਬਣੋ! ਦੇ ਲੜੀਵਾਰ ਲੇਖ “ਇਹ ਕਿਸ ਦਾ ਕਮਾਲ ਹੈ” ਵਿੱਚੋਂ ਆਪਣਾ ਮਨਪਸੰਦ ਲੇਖ ਚੁਣੋ। ਹਰ ਲੇਖ ਵਿਚ ਦੱਸਿਆ ਗਿਆ ਹੈ ਕਿ ਸ੍ਰਿਸ਼ਟੀ ਦੀ ਕੋਈ ਚੀਜ਼ ਕਮਾਲ ਦੀ ਕਿਉਂ ਹੈ। ਇਸ ਤੋਂ ਤੁਹਾਨੂੰ ਇਸ ਗੱਲ ʼਤੇ ਯਕੀਨ ਕਿਉਂ ਹੁੰਦਾ ਹੈ ਕਿ ਕੋਈ ਸ੍ਰਿਸ਼ਟੀਕਰਤਾ ਹੈ।

      ਹੋਰ ਖੋਜ ਕਰੋ: ਸ੍ਰਿਸ਼ਟੀ ਸੰਬੰਧੀ ਸਬੂਤਾਂ ਦੀ ਹੋਰ ਜਾਂਚ ਕਰਨ ਲਈ ਇਹ ਪ੍ਰਕਾਸ਼ਨ ਵਰਤੋ।

      • ਕੀ ਸ੍ਰਿਸ਼ਟੀ ਰੱਬ ਦੇ ਹੱਥਾਂ ਦਾ ਕਮਾਲ ਹੈ? (ਅੰਗ੍ਰੇਜ਼ੀ)

        • ਧਰਤੀ ਨੂੰ ਬਿਲਕੁਲ ਸਹੀ ਜਗ੍ਹਾ ʼਤੇ ਰੱਖਿਆ ਗਿਆ ਹੈ ਅਤੇ ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇੱਥੇ ਜੀਵਨ ਕਾਇਮ ਰਹਿ ਸਕੇ।​—ਸਫ਼ੇ 4-10 ਦੇਖੋ।

        • ਕੁਦਰਤ ਵਿਚ ਮਿਲਣ ਵਾਲੀਆਂ ਚੀਜ਼ਾਂ ਦੀਆਂ ਮਿਸਾਲਾਂ।​—ਸਫ਼ੇ 11-17 ਦੇਖੋ।

        • ਬਾਈਬਲ ਦੀ ਕਿਤਾਬ ਉਤਪਤ ਵਿਚ ਸ੍ਰਿਸ਼ਟੀ ਬਾਰੇ ਦੱਸੀਆਂ ਗਈਆਂ ਗੱਲਾਂ ਵਿਗਿਆਨ ਨਾਲ ਮੇਲ ਖਾਂਦੀਆਂ ਹਨ।​—ਸਫ਼ੇ 24-28 ਦੇਖੋ।

      • ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ)

        • ਕਿਸੇ ਬੇਜਾਨ ਚੀਜ਼ ਤੋਂ ਜ਼ਿੰਦਗੀ ਦੀ ਸ਼ੁਰੂਆਤ ਆਪਣੇ ਆਪ ਨਹੀਂ ਹੋ ਸਕਦੀ।​—ਸਫ਼ੇ 4-7 ਦੇਖੋ।

        • ਸ੍ਰਿਸ਼ਟੀ ਦੀ ਹਰ ਚੀਜ਼ ਇੰਨੀ ਗੁੰਝਲਦਾਰ ਹੈ ਕਿ ਇਹ ਆਪਣੇ ਆਪ ਨਹੀਂ ਬਣ ਸਕਦੀ।​—ਸਫ਼ੇ 8-12 ਦੇਖੋ।

        • ਡੀ. ਐਨ. ਏ. ਵਿਚ ਜਾਣਕਾਰੀ ਇਕੱਠਾ ਕਰਨ ਦੀ ਕਾਬਲੀਅਤ ਅੱਜ ਦੇ ਜ਼ਮਾਨੇ ਦੀ ਤਕਨਾਲੋਜੀ ਨੂੰ ਮਾਤ ਦਿੰਦੀ ਹੈ।​—ਸਫ਼ੇ 13-21 ਦੇਖੋ।

        • ਸਾਰੇ ਪ੍ਰਾਣੀਆਂ ਦਾ ਪੂਰਵਜ ਇਕ ਨਹੀਂ ਹੈ। ਖੋਜਾਂ ਤੋਂ ਪਤਾ ਲੱਗਾ ਹੈ ਕਿ ਜਾਨਵਰ ਬਣਾਏ ਗਏ ਹਨ, ਨਾ ਕਿ ਇਨ੍ਹਾਂ ਦਾ ਹੌਲੀ-ਹੌਲੀ ਵਿਕਾਸ ਹੋਇਆ ਹੈ।​—⁠ਸਫ਼ੇ 22-29 ਦੇਖੋ।

      “ਧਰਤੀ ʼਤੇ ਰਹਿਣ ਵਾਲੇ ਜਾਨਵਰਾਂ ਤੋਂ ਲੈ ਕੇ ਬ੍ਰਹਿਮੰਡ ਦੀਆਂ ਸਾਰੀਆਂ ਚੀਜ਼ਾਂ ਜਿੰਨੇ ਕਮਾਲ ਤਰੀਕੇ ਨਾਲ ਕੰਮ ਕਰਦੀਆਂ ਹਨ, ਇਹ ਸਭ ਕੁਝ ਦੇਖ ਕੇ ਮੇਰਾ ਵਿਸ਼ਵਾਸ ਹੋਰ ਵੱਧ ਜਾਂਦਾ ਹੈ ਕਿ ਰੱਬ ਹੈ।”​—ਥੌਮਸ।

      ਤੁਹਾਡੇ ਹਾਣੀ ਕੀ ਕਹਿੰਦੇ ਹਨ?

      ਹੈਨਾ

      “ਜਦੋਂ ਮੈਂ ਵਿਗਿਆਨ ਦੀ ਕਲਾਸ ਵਿਚ ਪੜ੍ਹਦੀ ਹਾਂ ਕਿ ਪੇੜ-ਪੌਦਿਆਂ, ਜਾਨਵਰਾਂ ਅਤੇ ਸਾਡੇ ਇਨਸਾਨੀ ਸਰੀਰ ਦੀ ਬਣਤਰ ਕਿੰਨੀ ਗੁੰਝਲਦਾਰ ਹੈ, ਤਾਂ ਮੈਂ ਹੈਰਾਨ ਰਹਿ ਜਾਂਦੀ ਹਾਂ! ਮੈਨੂੰ ਪੂਰਾ ਯਕੀਨ ਹੈ ਕਿ ਇਹ ਸਾਰਾ ਕੁਝ ਸਾਡੇ ਸਿਰਜਣਹਾਰ ਨੇ ਬਣਾਇਆ ਹੈ। ਮੈਨੂੰ ਲੱਗਦਾ ਹੈ ਕਿ ਵਿਕਾਸਵਾਦ ʼਤੇ ਯਕੀਨ ਕਰਨ ਲਈ ਅੰਧਵਿਸ਼ਵਾਸ ਦੀ ਲੋੜ ਹੈ, ਨਾ ਕਿ ਇਸ ਗੱਲ ʼਤੇ ਕਿ ਸਾਰਾ ਕੁਝ ਸਾਡੇ ਸਿਰਜਣਹਾਰ ਨੇ ਬਣਾਇਆ ਹੈ।”​—ਹੈਨਾ।

      ਤਾਲੀਆ

      “ਮੈਨੂੰ ‘ਜਾਗਰੂਕ ਬਣੋ!’ ਵਿਚ ‘ਇਹ ਕਿਸ ਦਾ ਕਮਾਲ ਹੈ’ ਲੇਖ ਪੜ੍ਹਨੇ ਬਹੁਤ ਪਸੰਦ ਹਨ। ਇਨ੍ਹਾਂ ਲੇਖਾਂ ਤੋਂ ਮੈਨੂੰ ਯਕੀਨ ਹੁੰਦਾ ਹੈ ਕਿ ਵਿਕਾਸਵਾਦ ਦਾ ਸਿਧਾਂਤ ਸੱਚ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਕੋਈ ਸਮਝਦਾਰ ਇਨਸਾਨ ਇਹ ਨਹੀਂ ਮੰਨੇਗਾ ਕਿ ਸੋਹਣੀ ਤਿਤਲੀ ਜਾਂ ਹੰਮਿਗਬਰਡ ਵਰਗੇ ਜੀਵ ਆਪਣੇ ਆਪ ਬਣ ਗਏ।”​—ਤਾਲੀਆ।

  • ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 4: ਮੈਂ ਕਿਵੇਂ ਸਮਝਾਵਾਂ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ?
    ਨੌਜਵਾਨਾਂ ਦੇ ਸਵਾਲ
    • ਇਕ ਨੌਜਵਾਨ ਕੁੜੀ ਆਪਣੇ ਨਾਲ ਪੜ੍ਹਨ ਵਾਲੀ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਹੋਈ

      ਨੌਜਵਾਨ ਪੁੱਛਦੇ ਹਨ

      ਸ੍ਰਿਸ਼ਟੀ ਜਾਂ ਵਿਕਾਸਵਾਦ?​—ਭਾਗ 4: ਮੈਂ ਕਿਵੇਂ ਸਮਝਾਵਾਂ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ?

      ਤੁਸੀਂ ਮੰਨਦੇ ਹੋ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ, ਪਰ ਤੁਸੀਂ ਸਕੂਲ ਵਿਚ ਇਸ ਬਾਰੇ ਗੱਲ ਕਰਨ ਤੋਂ ਡਰਦੇ ਹੋ। ਤੁਹਾਡੀਆਂ ਕਿਤਾਬਾਂ ਵਿਚ ਵਿਕਾਸਵਾਦ ਬਾਰੇ ਦੱਸਿਆ ਗਿਆ ਹੈ ਅਤੇ ਤੁਸੀਂ ਡਰਦੇ ਹੋ ਕਿ ਤੁਹਾਡੇ ਨਾਲ ਪੜ੍ਹਨ ਵਾਲੇ ਅਤੇ ਅਧਿਆਪਕ ਤੁਹਾਡਾ ਮਜ਼ਾਕ ਉਡਾਉਣਗੇ। ਤੁਸੀਂ ਪੂਰੇ ਵਿਸ਼ਵਾਸ ਨਾਲ ਇਹ ਗੱਲ ਕਿਵੇਂ ਸਮਝਾ ਸਕਦੇ ਹੋ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ?

      • ਤੁਸੀਂ ਇਹ ਕਰ ਸਕਦੇ ਹੋ!

      • ਤਿਆਰ ਰਹੋ

      • ਆਪਣੇ ਵਿਸ਼ਵਾਸਾਂ ਬਾਰੇ ਦੱਸਣ ਲਈ ਔਜ਼ਾਰ

      • ਤੁਹਾਡੇ ਹਾਣੀ ਕੀ ਕਹਿੰਦੇ ਹਨ?

      ਤੁਸੀਂ ਇਹ ਕਰ ਸਕਦੇ ਹੋ!

      ਤੁਸੀਂ ਸ਼ਾਇਦ ਸੋਚੋ: ‘ਮੈਂ ਇੰਨੀ ਹੁਸ਼ਿਆਰ ਨਹੀਂ ਕਿ ਕਲਾਸ ਵਿਚ ਵਿਦਿਆਰਥੀਆਂ ਸਾਮ੍ਹਣੇ ਵਿਗਿਆਨ ਬਾਰੇ ਗੱਲ ਕਰ ਸਕਾਂ ਅਤੇ ਵਿਕਾਸਵਾਦ ʼਤੇ ਬਹਿਸ ਕਰ ਸਕਾਂ।’ ਇਕ ਸਮੇਂ ʼਤੇ ਡੈਨੀਏਲ ਇੱਦਾਂ ਹੀ ਸੋਚਦੀ ਸੀ। ਉਹ ਕਹਿੰਦੀ ਹੈ: “ਅਧਿਆਪਕ ਅਤੇ ਕਲਾਸ ਦੇ ਵਿਦਿਆਰਥੀ ਜੋ ਮੰਨਦੇ ਸਨ, ਮੇਰੇ ਵਿਸ਼ਵਾਸ ਉਨ੍ਹਾਂ ਤੋਂ ਵੱਖਰੇ ਸਨ ਤੇ ਮੈਨੂੰ ਇਹ ਸੋਚ ਕੇ ਹੀ ਬੁਰਾ ਲੱਗਦਾ ਸੀ ਕਿ ਮੈਨੂੰ ਉਨ੍ਹਾਂ ਨੂੰ ਦੱਸਣਾ ਪੈਣਾ ਸੀ ਕਿ ਮੈਂ ਉਨ੍ਹਾਂ ਦੇ ਵਿਸ਼ਵਾਸਾਂ ਨਾਲ ਸਹਿਮਤ ਨਹੀਂ ਹਾਂ।” ਡਾਏਨਾ ਕਹਿੰਦੀ ਹੈ: “ਜਦੋਂ ਉਹ ਵਿਗਿਆਨ ਦੇ ਵੱਡੇ-ਵੱਡੇ ਸ਼ਬਦ ਵਰਤਦੇ ਹਨ, ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਿਵੇਂ ਗੱਲ ਕਰਾਂ।”

      ਪਰ ਤੁਹਾਡਾ ਮਕਸਦ ਬਹਿਸ ਜਿੱਤਣਾ ਨਹੀਂ ਹੈ। ਖ਼ੁਸ਼ੀ ਦੀ ਗੱਲ ਹੈ ਕਿ ਇਹ ਸਮਝਾਉਣ ਲਈ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ ਤੁਹਾਨੂੰ ਵਿਗਿਆਨ ਵਿਚ ਬਹੁਤ ਜ਼ਿਆਦਾ ਹੁਸ਼ਿਆਰ ਹੋਣ ਦੀ ਲੋੜ ਨਹੀਂ ਹੈ।

      ਸੁਝਾਅ: ਇਬਰਾਨੀਆਂ 3:4 ਵਿਚ ਦਿੱਤੀ ਬਾਈਬਲ ਦੀ ਇਸ ਗੱਲ ਵੱਲ ਧਿਆਨ ਦਿਓ: “ਹਰ ਘਰ ਨੂੰ ਕਿਸੇ-ਨਾ-ਕਿਸੇ ਨੇ ਬਣਾਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁਝ ਬਣਾਇਆ ਹੈ, ਉਹ ਪਰਮੇਸ਼ੁਰ ਹੈ।”

      ਕੈਰਲ ਨਾਂ ਦੀ ਨੌਜਵਾਨ ਕੁੜੀ ਇਬਰਾਨੀਆਂ 3:4 ਵਿਚ ਦਿੱਤੇ ਅਸੂਲ ਨੂੰ ਵਰਤ ਕੇ ਇਸ ਤਰ੍ਹਾਂ ਤਰਕ ਕਰਦੀ ਹੈ: “ਮੰਨ ਲਓ, ਤੁਸੀਂ ਕਿਸੇ ਸੰਘਣੇ ਜੰਗਲ ਵਿਚ ਤੁਰੇ ਜਾ ਰਹੇ ਹੋ। ਉੱਥੇ ਦੂਰ-ਦੂਰ ਤਕ ਕਿਸੇ ਇਨਸਾਨ ਦੇ ਹੋਣ ਦਾ ਨਾਮੋ-ਨਿਸ਼ਾਨ ਨਜ਼ਰ ਨਹੀਂ ਆਉਂਦਾ। ਫਿਰ ਤੁਸੀਂ ਉੱਥੇ ਇਕ ਟੁੱਥ-ਪਿਕ ਦੇਖਦੇ ਹੋ। ਤੁਸੀਂ ਕੀ ਕਹੋਗੇ? ਜ਼ਿਆਦਾਤਰ ਲੋਕ ਕਹਿਣਗੇ, ‘ਇੱਥੇ ਪੱਕਾ ਕੋਈ ਆਇਆ ਹੋਣਾ।’ ਜੇ ਇਕ ਛੋਟੀ ਜਿਹੀ ਟੁੱਥ-ਪਿਕ ਕਿਸੇ ਇਨਸਾਨ ਦੀ ਹੋਂਦ ਦਾ ਸਬੂਤ ਦਿੰਦੀ ਹੈ, ਤਾਂ ਫਿਰ ਕੀ ਇਸ ਪੂਰੇ ਬ੍ਰਹਿਮੰਡ ਤੋਂ ਅਤੇ ਇਸ ਵਿਚ ਮਿਲਣ ਵਾਲੀਆਂ ਸਾਰੀਆਂ ਚੀਜ਼ਾਂ ਤੋਂ ਕਿਤੇ ਵੱਧ ਕਿਸੇ ਸਿਰਜਣਹਾਰ ਦੀ ਹੋਂਦ ਦਾ ਸਬੂਤ ਨਹੀਂ ਮਿਲਦਾ?”

      ਜੇ ਕੋਈ ਕਹਿੰਦਾ ਹੈ: “ਜੇ ਰੱਬ ਨੇ ਸਾਰਾ ਕੁਝ ਬਣਾਇਆ ਹੈ, ਤਾਂ ਉਸ ਨੂੰ ਕਿਸ ਨੇ ਬਣਾਇਆ?”

      ਤੁਸੀਂ ਇਹ ਕਹਿ ਸਕਦੇ ਹੋ: “ਅਸੀਂ ਸ੍ਰਿਸ਼ਟੀਕਰਤਾ ਬਾਰੇ ਸਾਰਾ ਕੁਝ ਨਹੀਂ ਜਾਣ ਸਕਦੇ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਨਹੀਂ ਹੈ। ਮਿਸਾਲ ਲਈ, ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਕਿ ਮੋਬਾਇਲ ਫ਼ੋਨ ਕਿਸ ਨੇ ਬਣਾਇਆ, ਪਰ ਤੁਸੀਂ ਇਹ ਗੱਲ ਮੰਨਦੇ ਹੋ ਕਿ ਕਿਸੇ ਨੇ ਤਾਂ ਜ਼ਰੂਰ ਇਸ ਨੂੰ ਬਣਾਇਆ ਹੋਣਾ। ਹੈਨਾ? [ਜਵਾਬ ਲਈ ਸਮਾਂ ਦਿਓ।] ਅਸੀਂ ਸ੍ਰਿਸ਼ਟੀਕਰਤਾ ਬਾਰੇ ਬਹੁਤ ਕੁਝ ਜਾਣ ਸਕਦੇ ਹਾਂ। ਜੇ ਤੁਸੀਂ ਜਾਣਨਾ ਚਾਹੁੰਦੇ ਹੋ, ਤਾਂ ਮੈਨੂੰ ਇਹ ਦੱਸ ਕੇ ਖ਼ੁਸ਼ੀ ਹੋਵੇਗੀ ਕਿ ਮੈਂ ਉਸ ਬਾਰੇ ਕੀ ਸਿੱਖਿਆ ਹੈ।”

      ਤਿਆਰ ਰਹੋ

      ਬਾਈਬਲ ਕਹਿੰਦੀ ਹੈ ਕਿ “ਜੇ ਕੋਈ ਤੁਹਾਡੇ ਤੋਂ ਇਹ ਪੁੱਛਦਾ ਹੈ ਕਿ ਤੁਸੀਂ ਆਸ਼ਾ ਕਿਉਂ ਰੱਖਦੇ ਹੋ, ਤਾਂ ਉਸ ਨੂੰ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹੋ, ਪਰ ਨਰਮਾਈ ਅਤੇ ਪੂਰੇ ਆਦਰ ਨਾਲ ਜਵਾਬ ਦਿਓ।” (1 ਪਤਰਸ 3:15) ਇਸ ਲਈ ਦੋ ਗੱਲਾਂ ਵੱਲ ਧਿਆਨ ਦਿਓ। ਤੁਸੀਂ ਕੀ ਕਹੋਗੇ ਅਤੇ ਤੁਸੀਂ ਕਿਵੇਂ ਕਹੋਗੇ।

      1. ਤੁਸੀਂ ਕੀ ਕਹੋਗੇ। ਜੇ ਤੁਸੀਂ ਰੱਬ ਨਾਲ ਪਿਆਰ ਕਰਦੇ ਹੋ, ਤਾਂ ਤੁਸੀਂ ਉਸ ਬਾਰੇ ਦੱਸਣ ਲਈ ਪ੍ਰੇਰਿਤ ਹੋਵੋਗੇ। ਦੂਸਰਿਆਂ ਨੂੰ ਸਿਰਫ਼ ਇਹ ਦੱਸਣ ਨਾਲ ਕਿ ਤੁਸੀਂ ਰੱਬ ਨੂੰ ਕਿੰਨਾ ਪਿਆਰ ਕਰਦੇ ਹੋ, ਤੁਸੀਂ ਉਨ੍ਹਾਂ ਨੂੰ ਇਹ ਯਕੀਨ ਨਹੀਂ ਦਿਲਾ ਸਕੋਗੇ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ। ਜੇ ਤੁਸੀਂ ਕੁਦਰਤ ਦੀਆਂ ਚੀਜ਼ਾਂ ਦੀਆਂ ਮਿਸਾਲਾਂ ਦਿਓਗੇ, ਤਾਂ ਤੁਸੀਂ ਉਨ੍ਹਾਂ ਨੂੰ ਸਮਝਾ ਸਕਦੇ ਹੋ ਕਿ ਇਸ ਗੱਲ ʼਤੇ ਕਿਉਂ ਯਕੀਨ ਕੀਤਾ ਜਾ ਸਕਦਾ ਹੈ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ।

      2. ਤੁਸੀਂ ਕਿਵੇਂ ਕਹੋਗੇ। ਪੂਰੇ ਯਕੀਨ ਨਾਲ ਬੋਲੋ, ਪਰ ਰੁੱਖੇ ਢੰਗ ਨਾਲ ਨਹੀਂ। ਨਾਲੇ ਇੱਦਾਂ ਗੱਲ ਨਾ ਕਰੋ ਕਿ ਤੁਸੀਂ ਦੂਜਿਆਂ ਨੂੰ ਨੀਵਾਂ ਦਿਖਾ ਰਹੇ ਹੋ। ਜੇ ਤੁਸੀਂ ਆਦਰ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੱਸੋਗੇ ਅਤੇ ਇਹ ਗੱਲ ਮੰਨੋਗੇ ਕਿ ਲੋਕਾਂ ਦਾ ਆਪਣਾ ਫ਼ੈਸਲਾ ਹੈ ਕਿ ਉਹ ਰੱਬ ʼਤੇ ਵਿਸ਼ਵਾਸ ਕਰਨਗੇ ਜਾਂ ਨਹੀਂ, ਤਾਂ ਉਹ ਤੁਹਾਡੀ ਗੱਲ ਸੁਣਨ ਲਈ ਤਿਆਰ ਹੋ ਜਾਣਗੇ।

        “ਮੈਨੂੰ ਲੱਗਦਾ ਕਿ ਸਾਨੂੰ ਕਦੇ ਕਿਸੇ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਅਤੇ ਇਹ ਨਹੀਂ ਦਿਖਾਉਣਾ ਚਾਹੀਦਾ ਕਿ ਸਾਨੂੰ ਹੀ ਸਾਰਾ ਕੁਝ ਪਤਾ ਹੈ। ਸਾਮ੍ਹਣੇ ਵਾਲੇ ਨੂੰ ਨੀਵਾਂ ਦਿਖਾਉਣ ਨਾਲ ਉਹ ਸਾਡੀ ਗੱਲ ਨਹੀਂ ਸੁਣੇਗਾ।”​—ਈਲੇਨ।

      ਆਪਣੇ ਵਿਸ਼ਵਾਸਾਂ ਬਾਰੇ ਦੱਸਣ ਲਈ ਔਜ਼ਾਰ

      ਇਕ ਨੌਜਵਾਨ ਕੁੜੀ ਮੀਂਹ ਵਿਚ ਜਾਂਦੀ ਹੋਈ

      ਜਿੱਦਾਂ ਅਸੀਂ ਮੌਸਮ ਵਿਚ ਬਦਲਾਅ ਹੋਣ ਤੋਂ ਪਹਿਲਾਂ ਤਿਆਰੀ ਕਰਦੇ ਹਾਂ, ਉੱਦਾਂ ਹੀ ਸਾਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਦੀ ਪਹਿਲਾਂ ਹੀ ਤਿਆਰੀ ਕਰਨੀ ਚਾਹੀਦੀ ਹੈ

      ਐਲਸੀਆ ਕਹਿੰਦੀ ਹੈ: “ਜੇ ਅਸੀਂ ਤਿਆਰੀ ਨਹੀਂ ਕਰਦੇ, ਤਾਂ ਸ਼ਰਮਿੰਦਗੀ ਤੋਂ ਬਚਣ ਲਈ ਅਸੀਂ ਚੁੱਪ ਹੀ ਰਹਾਂਗੇ।” ਜਿੱਦਾਂ ਐਲਸੀਆ ਨੇ ਕਿਹਾ ਕਿ ਦੂਸਰਿਆਂ ਨੂੰ ਦੱਸਣ ਲਈ ਤਿਆਰੀ ਕਰਨੀ ਜ਼ਰੂਰੀ ਹੈ। ਜੇਨਾ ਕਹਿੰਦੀ ਹੈ: “ਜਦੋਂ ਮੈਂ ਪਹਿਲਾਂ ਹੀ ਸੋਚਦੀ ਹਾਂ ਕਿ ਮੈਂ ਕਿਹੜੀ ਮਿਸਾਲ ਦੇ ਕੇ ਸਮਝਾ ਸਕਦੀ ਹਾਂ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ, ਤਾਂ ਮੈਨੂੰ ਗੱਲ ਕਰਨ ਵਿਚ ਜ਼ਿਆਦਾ ਝਿਜਕ ਨਹੀਂ ਹੁੰਦੀ।”

      ਤੁਸੀਂ ਇੱਦਾਂ ਦੀਆਂ ਮਿਸਾਲਾਂ ਕਿੱਥੋਂ ਦੇਖ ਸਕਦੇ ਹੋ? ਬਹੁਤ ਸਾਰੇ ਨੌਜਵਾਨਾਂ ਨੂੰ ਹੇਠਾਂ ਦਿੱਤੇ ਗਏ ਪ੍ਰਕਾਸ਼ਨਾਂ ਵਿੱਚੋਂ ਮਦਦ ਮਿਲੀ ਹੈ:

      • ਕੀ ਸ੍ਰਿਸ਼ਟੀ ਰੱਬ ਦੇ ਹੱਥਾਂ ਦਾ ਕਮਾਲ ਹੈ? (ਅੰਗ੍ਰੇਜ਼ੀ)

      • ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ)

      • ਸ਼ਾਨਦਾਰ ਸ੍ਰਿਸ਼ਟੀ ਪਰਮੇਸ਼ੁਰ ਦੀ ਮਹਿਮਾ ਕਰਦੀ ਹੈ (ਵੀਡੀਓ) (ਅੰਗ੍ਰੇਜ਼ੀ)

      • ਜਾਗਰੂਕ ਬਣੋ! ਵਿਚ “ਇਹ ਕਿਸ ਦਾ ਕਮਾਲ ਹੈ” ਲੜੀਵਾਰ। (ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਵਿਚ ਲੱਭੋ ਵਾਲੀ ਜਗ੍ਹਾ ʼਤੇ [ਡਬਲ ਕਾਮਿਆਂ ਵਿਚ] “ਇਹ ਕਿਸ ਦਾ ਕਮਾਲ ਹੈ” ਟਾਈਪ ਕਰੋ।)

      • ਹੋਰ ਖੋਜ ਕਰਨ ਲਈ ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਵਰਤੋ।

      ਤੁਸੀਂ “ਸ੍ਰਿਸ਼ਟੀ ਜਾਂ ਵਿਕਾਸਵਾਦ?” ਦੇ ਪਿਛਲੇ ਲੜੀਵਾਰ ਲੇਖਾਂ ਤੋਂ ਵੀ ਫ਼ਾਇਦਾ ਉਠਾ ਸਕਦੇ ਹੋ।

      1. ਭਾਗ 1: ਰੱਬ ʼਤੇ ਵਿਸ਼ਵਾਸ ਕਿਉਂ ਕਰੀਏ?

      2. ਭਾਗ 2: ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਕਿਉਂ ਖੜ੍ਹਾ ਕਰੀਏ?

      3. ਭਾਗ 3: ਇਸ ਗੱਲ ʼਤੇ ਯਕੀਨ ਕਿਉਂ ਕਰੀਏ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ?

      ਸੁਝਾਅ: ਉਹ ਮਿਸਾਲਾਂ ਚੁਣੋ ਜਿਹੜੀਆਂ ਤੁਹਾਨੂੰ ਵਧੀਆ ਲੱਗੀਆਂ। ਇਨ੍ਹਾਂ ਮਿਸਾਲਾਂ ਨੂੰ ਤੁਸੀਂ ਸੌਖਿਆਂ ਹੀ ਯਾਦ ਰੱਖ ਸਕੋਗੇ ਅਤੇ ਤੁਸੀਂ ਇਨ੍ਹਾਂ ਬਾਰੇ ਪੂਰੇ ਭਰੋਸੇ ਨਾਲ ਗੱਲ ਕਰ ਸਕੋਗੇ। ਪ੍ਰੈਕਟਿਸ ਕਰੋ ਕਿ ਤੁਸੀਂ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਕਿਵੇਂ ਦੱਸੋਗੇ।

      ਤੁਹਾਡੇ ਹਾਣੀ ਕੀ ਕਹਿੰਦੇ ਹਨ?

      ਬ੍ਰਿਟਨੀ

      “ਜੇ ਇਨਸਾਨ ਆਪਣੇ ਆਪ ਬਣ ਗਿਆ, ਤਾਂ ਸਾਡੇ ਵਿਚ ਪਿਆਰ ਅਤੇ ਦਇਆ ਵਰਗੇ ਗੁਣ ਕਿਵੇਂ ਹਨ? ਇਨ੍ਹਾਂ ਗੁਣਾਂ ਕਰਕੇ ਤੁਸੀਂ ਆਪਣੇ ਬਾਰੇ ਨਹੀਂ, ਸਗੋਂ ਦੂਜਿਆਂ ਬਾਰੇ ਸੋਚਦੇ ਹੋ। ਮੈਨੂੰ ਇਹ ਗੱਲ ਬੇਤੁਕੀ ਲੱਗਦੀ ਹੈ ਕਿ ਸਾਡੇ ਵਿਚ ਇਹ ਗੁਣ ਆਪਣੇ ਆਪ ਪੈਦਾ ਹੋ ਗਏ।”­​—ਬ੍ਰਿਟਨੀ।

      ਬ੍ਰੀਆਨਾ

      “ਮੈਂ ਜੀਵ-ਵਿਗਿਆਨ ਵਿਚ ਸਿੱਖਿਆ ਕਿ ਸਾਡੀਆਂ ਕੋਸ਼ਿਕਾਵਾਂ ਕਿਵੇਂ ਬਣਦੀਆਂ ਹਨ ਅਤੇ ਇਹ ਕਿਵੇਂ ਕੰਮ ਕਰਦੀਆਂ ਹਨ। ਭਾਵੇਂ ਜੀਵ-ਵਿਗਿਆਨ ਵਿਚ ਵਿਕਾਸਵਾਦ ਬਾਰੇ ਸਿਖਾਇਆ ਜਾਂਦਾ ਹੈ, ਪਰ ਮੈਂ ਜੋ ਸਿੱਖਿਆ ਉਸ ਤੋਂ ਮੇਰਾ ਇਸ ਗੱਲ ʼਤੇ ਯਕੀਨ ਹੋਰ ਵੀ ਪੱਕਾ ਹੋ ਗਿਆ ਕਿ ਸਾਨੂੰ ਕਿਸੇ ਬੁੱਧੀਮਾਨ ਸ਼ਖ਼ਸ ਨੇ ਬਣਾਇਆ ਹੈ।”​—ਬ੍ਰੀਆਨਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ