ਬਾਈਬਲ ਦਾ ਦ੍ਰਿਸ਼ਟੀਕੋਣ
ਜਦੋਂ ਪਰਮੇਸ਼ੁਰ ਆਪਣੀ ਤਾਕਤ ਵਰਤਦਾ ਹੈ ਕੀ ਉਹ ਹਰ ਵੇਲੇ ਜਾਇਜ਼ ਹੁੰਦੀ ਹੈ?
ਇਨਸਾਨ ਦੇ ਇਤਿਹਾਸ ਦੌਰਾਨ ਲੋਕ ਹਿੰਸਾ ਦਾ ਸਹਾਰਾ ਲੈ ਕੇ ਆਪਣੀ ਤਾਕਤ ਵਰਤਦੇ ਆਏ ਹਨ। ਅੰਦਾਜ਼ਾ ਲਗਾਇਆ ਗਿਆ ਹੈ ਕਿ 20ਵੀਂ ਸਦੀ ਦੌਰਾਨ ਕੁਝ 17 ਕਰੋੜ ਲੋਕ ਆਪਣੀਆਂ ਹੀ ਹਕੂਮਤਾਂ ਦੁਆਰਾ ਮਾਰੇ ਗਏ ਹਨ। ਬਾਈਬਲ ਸਹੀ-ਸਹੀ ਦੱਸਦੀ ਹੈ ਇਕ ਇਨਸਾਨ ਦੂਜੇ ਜਣੇ ਉੱਤੇ ਆਗਿਆ ਚਲਾ ਕੇ ਉਸ ਦਾ ਸਦਾ ਤੋਂ ਨੁਕਸਾਨ ਕਰਦਾ ਆਇਆ ਹੈ।—ਉਪਦੇਸ਼ਕ ਦੀ ਪੋਥੀ 8:9.
ਕਿਉਂ ਜੋ ਇਨਸਾਨਾਂ ਨੇ ਹਿੰਸਕ ਤਰੀਕੇ ਵਿਚ ਤਾਕਤ ਵਰਤੀ ਹੈ, ਕਈ ਲੋਕ ਸ਼ਾਇਦ ਇਹ ਪੁੱਛਣ ਕਿ ਕੀ ਇਹ ਜਾਇਜ਼ ਹੈ ਕਿ ਪਰਮੇਸ਼ੁਰ ਆਪਣੀ ਤਾਕਤ ਨਾਲ ਆਪਣਿਆਂ ਦੁਸ਼ਮਣਾਂ ਦਾ ਨਾਸ਼ ਕਰੇ? ਯਹੂਦੀਆਂ ਨੇ ਪਰਮੇਸ਼ੁਰ ਦੇ ਕਹਿਣੇ ਤੇ ਹੀ ਵਾਅਦਾ ਕੀਤੇ ਗਏ ਦੇਸ਼ ਵਿਚ ਵੱਸਦੇ ਕਨਾਨੀ ਲੋਕਾਂ ਉੱਤੇ ਹਮਲਾ ਕਰ ਕੇ ਉਨ੍ਹਾਂ ਨੂੰ ਮਾਰਿਆ ਸੀ। (ਬਿਵਸਥਾ ਸਾਰ 20:16, 17) ਇਸ ਤੋਂ ਇਲਾਵਾ ਪਰਮੇਸ਼ੁਰ ਖ਼ੁਦ ਦੱਸਦਾ ਹੈ ਕਿ ਉਹ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ-ਚੂਰ ਕਰ ਕੇ ਉਨ੍ਹਾਂ ਦਾ ਸੱਤਿਆ ਨਾਸ ਕਰੇਗਾ। (ਦਾਨੀਏਲ 2:44) ਇਸ ਲਈ ਕਈ ਨੇਕ-ਦਿਲ ਲੋਕਾਂ ਨੇ ਪੁੱਛਿਆ ਹੈ ਕਿ ਪਰਮੇਸ਼ੁਰ ਲਈ ਇਸ ਤਰ੍ਹਾਂ ਆਪਣੀ ਤਾਕਤ ਵਰਤਣੀ ਜਾਇਜ਼ ਹੈ ਕਿ ਨਹੀਂ?
ਤਾਕਤ ਦੀ ਗ਼ਲਤ ਵਰਤੋਂ
ਇਹ ਗੱਲ ਸਮਝਣੀ ਬਹੁਤ ਹੀ ਜ਼ਰੂਰੀ ਹੈ ਕਿ ਹਰ ਸਰਕਾਰ ਚਲਾਉਣ ਵਾਸਤੇ ਤਾਕਤ ਦੀ ਜ਼ਰੂਰਤ ਪੈਂਦੀ ਹੈ। ਜਿਹੜੀ ਸਰਕਾਰ ਆਪਣੇ ਹੀ ਬਣਾਏ ਗਏ ਕਾਨੂੰਨ ਅਮਲ ਵਿਚ ਨਹੀਂ ਲਿਆ ਸਕਦੀ ਉਹ ਬੇਕਾਰ ਸਾਬਤ ਹੁੰਦੀ ਹੈ। ਮਿਸਾਲ ਲਈ, ਭਾਵੇਂ ਕਿ ਪੁਲਸ ਵਾਲੇ ਅਕਸਰ ਆਪਣੇ ਅਧਿਕਾਰ ਦੀ ਕੁਵਰਤੋਂ ਕਰਦੇ ਹਨ, ਫਿਰ ਵੀ ਸਾਡੇ ਵਿੱਚੋਂ ਕੋਣ ਕਹਿ ਸਕਦਾ ਹੈ ਕਿ ਪੁਲਸ ਦੀ ਰੱਖਿਆ ਦੀ ਸਾਨੂੰ ਜ਼ਰੂਰਤ ਨਹੀਂ? ਅਤੇ ਕੌਣ ਕਹਿ ਸਕਦਾ ਹੈ ਕਿ ਅਜਿਹੀ ਅਦਾਲਤ ਦੀ ਲੋੜ ਨਹੀਂ ਜੋ ਕਾਨੂੰਨ ਲਾਗੂ ਕਰ ਸਕਦੀ ਹੈ?
ਸਭ ਜਾਣਦੇ ਹਨ ਕਿ ਮੋਹਨਦਾਸ ਗਾਂਧੀ ਹਿੰਸਾ ਨਾਲ ਸਖ਼ਤ ਨਫ਼ਰਤ ਕਰਦਾ ਸੀ। ਉਸ ਨੇ ਇਕ ਵਾਰ ਇਹ ਕਿਹਾ ਸੀ: “ਫ਼ਰਜ਼ ਕਰੋ ਕਿ ਇਕ ਆਦਮੀ ਲਹੂ ਦਾ ਇੰਨਾ ਪਿਆਸਾ ਬਣ ਜਾਂਦਾ ਹੈ ਕਿ ਉਹ ਗੁੱਸੇ ਵਿਚ ਆ ਕੇ ਆਪਣੇ ਰਸਤੇ ਵਿਚ ਆਏ ਹਰ ਇਨਸਾਨ ਦਾ ਤਲਵਾਰ ਨਾਲ ਕਤਲ ਕਰ ਦਿੰਦਾ ਹੈ ਅਤੇ ਉਸ ਨੂੰ ਜੀਉਂਦਾ ਪਕੜਨ ਦੀ ਹਿੰਮਤ ਕਿਸੇ ਕੋਲ ਨਹੀਂ ਹੁੰਦੀ। ਜਿਹੜਾ ਵੀ ਇਨਸਾਨ ਇਸ ਪਾਗਲ ਨੂੰ ਖ਼ਤਮ ਕਰੇਗਾ ਉਸ ਨੂੰ ਸਮਾਜ ਵੱਲੋਂ ਸ਼ਾਬਾਸ਼ੀ ਮਿਲੇਗੀ ਅਤੇ ਉਸ ਨੂੰ ਨੇਕ ਇਨਸਾਨ ਸਮਝਿਆ ਜਾਵੇਗਾ।” ਜੀ ਹਾਂ, ਗਾਂਧੀ ਵੀ ਜਾਣਦਾ ਸੀ ਕਿ ਕੁਝ ਮਾਮਲਿਆਂ ਵਿਚ ਤਾਕਤ ਦੀ ਜ਼ਰੂਰਤ ਪੈਂਦੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਮਾਜ ਨੂੰ ਮਜ਼ਬੂਤ ਬਣਾਉਣ ਲਈ ਤਾਕਤ ਦੀ ਸਹੀ ਵਰਤੋਂ ਕਰਨੀ ਬਹੁਤ ਹੀ ਜ਼ਰੂਰੀ ਹੈ। ਆਮ ਤੌਰ ਤੇ ਲੋਕ ਤਾਕਤ ਦੀ ਵਰਤੋਂ ਨਹੀਂ ਸਗੋਂ ਉਸ ਦੀ ਕੁਵਰਤੋਂ ਨੂੰ ਬੁਰਾ ਸਮਝਦੇ ਹਨ।—ਉਪਦੇਸ਼ਕ ਦੀ ਪੋਥੀ 4:1-3.
“ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ”
ਇਤਿਹਾਸ ਤੋਂ ਕੋਈ ਸਬੂਤ ਨਹੀਂ ਮਿਲਦਾ ਕਿ ਪਰਮੇਸ਼ੁਰ ਨੇ ਕਦੇ ਆਪਣੀ ਤਾਕਤ ਦੀ ਗ਼ਲਤ ਵਰਤੋਂ ਕੀਤੀ ਸੀ। ਉਹ ਕੋਈ ਜ਼ਾਲਮ ਰਾਜਾ ਨਹੀਂ ਜੋ ਬੇਕਾਬੂ ਤਾਕਤ ਵਰਤਦਾ ਹੈ। ਉਹ ਚਾਹੁੰਦਾ ਹੈ ਕਿ ਲੋਕ ਪਿਆਰ ਦੇ ਕਰਕੇ ਉਸ ਦੀ ਭਗਤੀ ਕਰਨ। (1 ਯੂਹੰਨਾ 4:18, 19) ਦਰਅਸਲ, ਪਰਮੇਸ਼ੁਰ ਆਪਣੀ ਤਾਕਤ ਸਿਰਫ਼ ਉਦੋਂ ਹੀ ਵਰਤਦਾ ਹੈ ਜਦੋਂ ਉਸ ਕੋਲ ਹੋਰ ਕੋਈ ਚਾਰਾ ਨਾ ਹੋਵੇ। (ਯਿਰਮਿਯਾਹ 18:7, 8; 26:3, 13; ਹਿਜ਼ਕੀਏਲ 18:32; 33:11) ਅਤੇ ਉਹ ਤਾਕਤ ਵਰਤਣ ਤੋਂ ਪਹਿਲਾਂ ਹਰ ਵਾਰ ਲੋਕਾਂ ਨੂੰ ਚੇਤਾਵਨੀ ਦਿੰਦਾ ਹੈ ਤਾਂਕਿ ਜਿਹੜੇ ਲੋਕ ਆਪਣੇ ਕਦਮ ਸੁਧਾਰਨੇ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਦਾ ਮੌਕਾ ਮਿਲੇ। (ਆਮੋਸ 3:7; ਮੱਤੀ 24:14) ਕੋਈ ਜ਼ਾਲਮ ਪਰਮੇਸ਼ੁਰ ਇਸ ਤਰ੍ਹਾਂ ਨਹੀਂ ਕਰ ਸਕਦਾ!
ਪਰਮੇਸ਼ੁਰ ਆਪਣੀ ਤਾਕਤ ਉਸ ਤਰ੍ਹਾਂ ਨਹੀਂ ਵਰਤਦਾ ਜਿਵੇਂ ਇਨਸਾਨ ਆਪਣੇ ਬੇਰਹਿਮ ਕੰਮ ਕਰਨ ਲਈ ਵਰਤਦੇ ਹਨ। ਮੂਸਾ ਯਹੋਵਾਹ ਬਾਰੇ ਇਹ ਕਹਿੰਦਾ ਹੈ: “ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ।” (ਬਿਵਸਥਾ ਸਾਰ 32:4) ਜ਼ਾਲਮ ਮਨੁੱਖੀ ਸਰਕਾਰਾਂ ਇਸ ਉੱਤੇ ਆਧਾਰਿਤ ਹਨ ਕਿ ਕਿਸ ਕੋਲ ਸਭ ਤੋਂ ਜ਼ਿਆਦਾ ਤਾਕਤ ਹੈ, ਪਰ ਪਰਮੇਸ਼ੁਰ ਦੀ ਸਰਕਾਰ ਇਸ ਤਰ੍ਹਾਂ ਦੀ ਨਹੀਂ ਹੈ। ਪਰਮੇਸ਼ੁਰ ਨੇ ਜਦ ਵੀ ਆਪਣੀ ਤਾਕਤ ਵਰਤੀ ਹੈ ਉਸ ਨੇ ਆਪਣਾ ਪਿਆਰ, ਬੁੱਧ, ਅਤੇ ਨਿਆਂ ਦਿਖਾਇਆ ਹੈ।—ਜ਼ਬੂਰ 111:2, 3, 7; ਮੱਤੀ 23:37.
ਮਿਸਾਲ ਲਈ, ਪਰਮੇਸ਼ੁਰ ਨੇ ਦੁਸ਼ਟ ਲੋਕਾਂ ਨੂੰ ਜਲ-ਪਰਲੋ ਵਿਚ ਖ਼ਤਮ ਕਰਨ ਤੋਂ ਪਹਿਲਾਂ ਕਈਆਂ ਸਾਲਾਂ ਲਈ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ। ਜੋ ਵੀ ਚਾਹੁੰਦਾ ਸੀ ਉਹ ਕਿਸ਼ਤੀ ਵਿਚ ਵੜ ਕੇ ਬਚ ਸਕਦਾ ਸੀ। ਪਰ, ਸਿਰਫ਼ ਅੱਠ ਜੀਆਂ ਨੇ ਇਸ ਤਰ੍ਹਾਂ ਕੀਤਾ ਸੀ। (1 ਪਤਰਸ 3:19, 20; 2 ਪਤਰਸ 2:5) ਯਹੋਸ਼ੁਆ ਦੇ ਦਿਨਾਂ ਵਿਚ ਇਸਰਾਏਲ ਦੇ ਲੋਕਾਂ ਨੇ ਭ੍ਰਿਸ਼ਟ ਕਨਾਨੀਆਂ ਨੂੰ ਪਰਮੇਸ਼ੁਰ ਵੱਲੋਂ ਉਹ ਸਜ਼ਾ ਦਿੱਤੀ ਸੀ ਜੋ ਕੁਝ 400 ਸਾਲ ਪਹਿਲਾਂ ਸੁਣਾਈ ਗਈ ਸੀ। (ਉਤਪਤ 15:13-21) ਇਨ੍ਹਾਂ ਸਾਲਾਂ ਦੌਰਾਨ ਕਨਾਨੀ ਲੋਕ ਉਸ ਸਬੂਤ ਨੂੰ ਅਣਡਿੱਠ ਨਹੀਂ ਕਰ ਸਕਦੇ ਸਨ ਜੋ ਦਿਖਾਉਂਦਾ ਸੀ ਕਿ ਇਸਰਾਏਲੀ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਸਨ। (ਯਹੋਸ਼ੁਆ 2:9-21; 9:24-27) ਪਰ, ਕਨਾਨ ਦੀ ਕੌਮ ਵਿੱਚੋਂ ਗਿਬਓਨ ਦੇ ਵਸਨੀਕਾਂ ਤੋਂ ਛੁੱਟ ਹੋਰ ਕਿਸੇ ਨੇ ਦਇਆ ਭਾਲ ਕੇ ਸੁਲ੍ਹਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਨਾਨੀਆਂ ਨੇ ਤਾਂ ਪਰਮੇਸ਼ੁਰ ਪ੍ਰਤੀ ਆਪਣੇ ਦਿਲ ਕਠੋਰ ਕਰ ਲਏ ਸਨ।—ਯਹੋਸ਼ੁਆ 11:19, 20.
ਪਰਮੇਸ਼ੁਰ ਕੋਲ ਅਧਿਕਾਰ ਹੈ
ਜਦੋਂ ਅਸੀਂ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਨ ਲੱਗਦੇ ਹਾਂ ਕਿ ਪਰਮੇਸ਼ੁਰ ਆਪਣੀ ਤਾਕਤ ਕਿਵੇਂ ਵਰਤਦਾ ਹੈ, ਸਾਨੂੰ ਪਰਮੇਸ਼ੁਰ ਸਾਮ੍ਹਣੇ ਆਪਣੀ ਸਥਿਤੀ ਬਾਰੇ ਇਕ ਜ਼ਰੂਰੀ ਗੱਲ ਯਾਦ ਰੱਖਣੀ ਚਾਹੀਦੀ ਹੈ। ਇਹ ਗੱਲ ਯਸਾਯਾਹ ਨਬੀ ਨੇ ਨਿਮਰਤਾ ਨਾਲ ਸਵੀਕਾਰ ਕੀਤੀ ਸੀ ਕਿ “ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ।” (ਯਸਾਯਾਹ 64:8) ਵਿਸ਼ਵ ਦੇ ਸ੍ਰਿਸ਼ਟੀਕਰਤਾ ਵਜੋਂ ਪਰਮੇਸ਼ੁਰ ਆਪਣੀ ਤਾਕਤ ਜਿਸ ਤਰ੍ਹਾਂ ਚਾਹੇ ਵਰਤ ਸਕਦਾ ਹੈ। ਪਰਮੇਸ਼ੁਰ ਦੇ ਇਸ ਅਧਿਕਾਰ ਨੂੰ ਪਛਾਣਦੇ ਹੋਏ, ਸੁਲੇਮਾਨ ਵਾਂਗ ਅਸੀਂ ਵੀ ਕਹਿ ਸਕਦੇ ਹਾਂ ਕਿ “ਪਾਤਸ਼ਾਹ ਦੀ ਆਗਿਆ ਵਿੱਚ ਸਮਰੱਥਾ ਹੈ, ਅਤੇ ਕੌਣ ਉਹ ਨੂੰ ਆਖੇ ਜੋ ਤੂੰ ਕੀ ਕਰਦਾ ਹੈਂ?”—ਉਪਦੇਸ਼ਕ ਦੀ ਪੋਥੀ 8:4; ਰੋਮੀਆਂ 9:20, 21.
ਪਰਮੇਸ਼ੁਰ ਸਰਬਸ਼ਕਤੀਮਾਨ ਸ੍ਰਿਸ਼ਟੀਕਰਤਾ ਹੈ ਇਸ ਲਈ ਸਾਡਾ ਜੀਵਨ ਉਸ ਦੇ ਹੱਥ ਵਿਚ ਹੈ। ਉਹ ਜੀਵਨ ਦੇ ਵੀ ਸਕਦਾ ਹੈ ਅਤੇ ਲੈ ਵੀ ਸਕਦਾ ਹੈ। ਇਨਸਾਨ ਨਾ ਹੀ ਸਮਝ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦਾ ਇਹ ਪੁੱਛਣ ਦਾ ਹੱਕ ਬਣਦਾ ਹੈ ਕਿ ਪਰਮੇਸ਼ੁਰ ਆਪਣੀ ਤਾਕਤ ਕਿਵੇਂ ਵਰਤਦਾ ਹੈ। ਯਹੋਵਾਹ ਨੇ ਪੁੱਛਿਆ ਸੀ: “ਕੀ ਏਹ ਨਹੀਂ ਕਿ ਤੁਹਾਡੇ ਮਾਰਗ ਠੀਕ ਨਹੀਂ ਹਨ?” (ਹਿਜ਼ਕੀਏਲ 18:29; ਯਸਾਯਾਹ 45:9) ਇਸ ਲਈ ਇਨਸਾਨਾਂ ਨੂੰ ਆਪਣੇ ਵਿਚਾਰ ਪਰਮੇਸ਼ੁਰ ਦੇ ਵਿਚਾਰਾਂ ਨਾਲ ਮਿਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਯਹੋਵਾਹ ਆਪਣੇ ਨਿਆਂ ਅਤੇ ਲੋਕਾਂ ਲਈ ਆਪਣੇ ਪਿਆਰ ਕਰਕੇ ਧਰਤੀ ਤੋਂ ਉਨ੍ਹਾਂ ਨੂੰ ਖ਼ਤਮ ਕਰੇਗਾ ਜੋ ਤਾਕਤ ਦੀ ਕੁਵਰਤੋਂ ਕਰਦੇ ਹਨ ਅਤੇ ਹਿੰਸਾ ਦੁਆਰਾ ਲੋਕਾਂ ਦੇ ਹੱਕ ਖੋਂਹਦੇ ਹਨ। ਉਨ੍ਹਾਂ ਲੋਕਾਂ ਦੀ ਖ਼ੁਸ਼ੀ ਲਈ ਜੋ ਸ਼ਾਂਤੀ ਚਾਹੁੰਦੇ ਹਨ, ਪਰਮੇਸ਼ੁਰ ਦੀ ਤਾਕਤ ਦੁਆਰਾ ਧਰਤੀ ਉੱਤੇ ਸ਼ਾਨਦਾਰ ਹਾਲਾਤ ਸਥਾਪਿਤ ਕੀਤੇ ਜਾਣਗੇ। (ਜ਼ਬੂਰ 37:10, 11; ਨਹੂਮ 1:9) ਇਸ ਤਰ੍ਹਾਂ ਪਰਮੇਸ਼ੁਰ ਦੀ ਸਰਕਾਰ ਅਤੇ ਉਸ ਦਾ ਰਾਜ ਕਰਨ ਦਾ ਹੱਕ ਸਦਾ ਲਈ ਸਹੀ ਸਾਬਤ ਕੀਤਾ ਜਾਵੇਗਾ।—ਪਰਕਾਸ਼ ਦੀ ਪੋਥੀ 22:12-15.