ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 4/8/04 ਸਫ਼ੇ 30-31
  • ਸੰਸਾਰ ਉੱਤੇ ਨਜ਼ਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੰਸਾਰ ਉੱਤੇ ਨਜ਼ਰ
  • ਜਾਗਰੂਕ ਬਣੋ!—2004
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸ਼ਰਾਰਤੀ ਬਾਂਦਰ
  • ਆਂਡਿਆਂ ਤੋਂ ਜ਼ਹਿਰਮਾਰ ਤੱਤ
  • ਭਾਰਤ ਵਿਚ ਕਾਲ ਸੈਂਟਰ
  • ਕਿਸਾਨਾਂ ਦਾ ਸੰਘਰਸ਼
  • ਪਿਘਲ ਰਹੇ ਗਲੇਸ਼ੀਅਰ
  • ਸਾਬਣ ਨਾਲ ਜ਼ਿੰਦਗੀਆਂ ਬਚਦੀਆਂ ਹਨ
  • ਲਾਤੀਨੀ ਭਾਸ਼ਾ ਨੂੰ ਜ਼ਿੰਦਾ ਰੱਖਣਾ
  • ਸੜਕ ਦੁਰਘਟਨਾਵਾਂ—ਕੀ ਤੁਹਾਡੀ ਜ਼ਿੰਦਗੀ ਖ਼ਤਰੇ ਵਿਚ ਹੈ?
    ਜਾਗਰੂਕ ਬਣੋ!—2002
  • ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣਾ
    ਜਾਗਰੂਕ ਬਣੋ!—2001
ਜਾਗਰੂਕ ਬਣੋ!—2004
g 4/8/04 ਸਫ਼ੇ 30-31

ਸੰਸਾਰ ਉੱਤੇ ਨਜ਼ਰ

ਸ਼ਰਾਰਤੀ ਬਾਂਦਰ

ਕੁਝ ਲੋਕ ਅਨੁਮਾਨ ਲਾਉਂਦੇ ਹਨ ਕਿ ਜੇ ਅਣਗਿਣਤ ਬਾਂਦਰਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਅਣਗਿਣਤ ਟਾਈਪ-ਰਾਈਟਰ ਦਿੱਤੇ ਜਾਣ, ਤਾਂ ਉਹ ਇਕ ਦਿਨ ਸ਼ੇਕਸਪੀਅਰ ਦੀਆਂ ਸਾਰੀਆਂ ਕਿਤਾਬਾਂ ਲਿਖ ਲੈਣਗੇ। ਇਸ ਗੱਲ ਨੂੰ ਸਾਬਤ ਕਰਨ ਲਈ ਇੰਗਲੈਂਡ ਵਿਚ ਪਲਿਮਥ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਛੇ ਬਾਂਦਰਾਂ ਨੂੰ ਇਕ ਮਹੀਨੇ ਲਈ ਇਕ ਕੰਪਿਊਟਰ ਦਿੱਤਾ। ਦ ਨਿਊਯਾਰਕ ਟਾਈਮਜ਼ ਅਖ਼ਬਾਰ ਦੱਸਦਾ ਹੈ ਕਿ ਬਾਂਦਰ “ਇਕ ਵੀ ਸ਼ਬਦ ਨਹੀਂ ਲਿਖ ਸਕੇ।” ਦੱਖਣੀ-ਪੱਛਮੀ ਇੰਗਲੈਂਡ ਵਿਚ ਪੇਂਟਨ ਨਾਂ ਦੇ ਚਿੜੀਆ-ਘਰ ਦੇ ਛੇ ਬਾਂਦਰਾਂ ਨੇ “ਸਿਰਫ਼ ਪੰਜ ਸਫ਼ੇ ਟਾਈਪ ਕੀਤੇ” ਜਿਨ੍ਹਾਂ ਤੇ ਜ਼ਿਆਦਾ ਤਾਂ s ਅੱਖਰ ਹੀ ਟਾਈਪ ਕੀਤਾ ਗਿਆ ਸੀ। ਬਾਂਦਰਾਂ ਨੇ ਕੁਝ j, ਕੁਝ a, ਕੁਝ l ਤੇ ਕੁਝ m ਅੱਖਰ ਟਾਈਪ ਕੀਤੇ ਸਨ। ਇਸ ਤੋਂ ਇਲਾਵਾ, ਬਾਂਦਰਾਂ ਨੇ ਕੀ-ਬੋਰਡ ਨੂੰ ਟਾਇਲਟ ਵਜੋਂ ਵੀ ਇਸਤੇਮਾਲ ਕੀਤਾ। (g04 1/22)

ਆਂਡਿਆਂ ਤੋਂ ਜ਼ਹਿਰਮਾਰ ਤੱਤ

ਦ ਟਾਈਮਜ਼ ਆਫ਼ ਇੰਡੀਆ ਅਖ਼ਬਾਰ ਅਨੁਸਾਰ “ਭਾਰਤੀ ਸਾਇੰਸਦਾਨਾਂ ਦੀ ਖੋਜ ਤੋਂ ਜ਼ਾਹਰ ਹੋਇਆ ਹੈ ਕਿ ਕੁੱਕੜੀ ਦੇ ਆਂਡਿਆਂ ਨਾਲ ਸੱਪਾਂ ਦੇ ਡੰਗ ਦਾ ਇਲਾਜ ਕੀਤਾ ਜਾ ਸਕਦਾ ਹੈ।” ਜਦੋਂ ਕੁੱਕੜੀਆਂ 12 ਹਫ਼ਤਿਆਂ ਦੀਆਂ ਹੁੰਦੀਆਂ ਹਨ, ਤਾਂ ਉਨ੍ਹਾਂ ਦੀਆਂ “ਮਾਸ-ਪੇਸ਼ੀਆਂ ਵਿਚ ਅਜਿਹੇ ਕਿਸਮ ਦੇ ਜ਼ਹਿਰ ਦਾ ਟੀਕਾ ਲਾਇਆ ਜਾਂਦਾ ਹੈ ਜੋ ਜਾਨ-ਲੇਵਾ ਨਹੀਂ ਹੁੰਦਾ।” ਫਿਰ ਦੋ ਤੋਂ ਤਿੰਨ ਹਫ਼ਤਿਆਂ ਬਾਅਦ ਇਕ ਬੂਸਟਰ ਟੀਕਾ ਲਾਇਆ ਜਾਂਦਾ ਹੈ। ਫਿਰ 21 ਹਫ਼ਤਿਆਂ ਤੋਂ ਬਾਅਦ ਉਹ ਜ਼ਹਿਰਮਾਰ ਤੱਤ ਵਾਲੇ ਆਂਡੇ ਦੇਣ ਲੱਗਦੀਆਂ ਹਨ। ਖੋਜਕਾਰ ਉਮੀਦ ਰੱਖਦੇ ਹਨ ਕਿ ਜ਼ਹਿਰਮਾਰ ਤੱਤ, ਜੋ ਪਹਿਲਾਂ ਘੋੜਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਸੀ, ਹੁਣ ਆਂਡਿਆਂ ਤੋਂ ਹੀ ਪ੍ਰਾਪਤ ਕੀਤਾ ਜਾਵੇਗਾ। ਦ ਟਾਈਮਜ਼ ਦਾ ਕਹਿਣਾ ਹੈ ਕਿ “ਇਸ ਤੱਤ ਲਈ ਘੋੜਿਆਂ ਤੇ ਬਹੁਤ ਦੁਖਦਾਈ ਟੈੱਸਟ ਕਰਨੇ ਪੈਂਦੇ ਸਨ।” ਆਸਟ੍ਰੇਲੀਆ ਦੇ ਸਾਇੰਸਦਾਨ ਜਾਨਵਰਾਂ ਤੇ ਟੈੱਸਟ ਕਰ ਕੇ ਇਸ ਨਵੀਂ ਤਕਨਾਲੋਜੀ ਵਿਚ ਹੁਣ ਤਕ ਕਾਫ਼ੀ ਸਫ਼ਲਤਾ ਪ੍ਰਾਪਤ ਕਰ ਚੁੱਕੇ ਹਨ। ਜੇ ਆਂਡਿਆਂ ਤੋਂ ਮਿਲੇ ਤੱਤ ਨਾਲ ਇਨਸਾਨਾਂ ਦਾ ਇਲਾਜ ਕੀਤਾ ਜਾ ਸਕੇ, ਤਾਂ ਇਸ ਨਾਲ ਭਾਰਤ ਨੂੰ ਬਹੁਤ ਫ਼ਾਇਦਾ ਹੋਵੇਗਾ ਕਿਉਂਕਿ ਉੱਥੇ ਹਰ ਸਾਲ ਸੱਪਾਂ ਦੁਆਰਾ ਡੰਗੇ ਗਏ ਤਕਰੀਬਨ 3,00,000 ਲੋਕਾਂ ਦੇ ਕੇਸ ਦਰਜ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚੋਂ 10 ਪ੍ਰਤਿਸ਼ਤ ਵਿਅਕਤੀ ਮਰ ਜਾਂਦੇ ਹਨ। (g04 3/22)

ਭਾਰਤ ਵਿਚ ਕਾਲ ਸੈਂਟਰ

ਅਮਰੀਕਾ ਦੇ ਫ਼ਿਲਾਡੈਲਫ਼ੀਆ ਸ਼ਹਿਰ ਵਿਚ ਰਹਿਣ ਵਾਲੀ ਇਕ ਔਰਤ ਕਸਟਮਰ ਸਰਵਿਸ ਲਈ ਸਥਾਨਕ ਨੰਬਰ ਲਗਾਉਂਦੀ ਹੈ। ਦੂਸਰੇ ਪਾਸੇ ਮਿਸ਼ੈਲ ਨਾਂ ਦੀ ਔਰਤ ਟੈਲੀਫ਼ੋਨ ਚੁੱਕਦੀ ਹੈ। ਮਿਸ਼ੈਲ ਦਾ ਅਸਲੀ ਨਾਂ ਮੇਘਨਾ ਹੈ ਤੇ ਉਹ ਭਾਰਤ ਵਿਚ ਰਹਿੰਦੀ ਹੈ ਜਿੱਥੇ ਇਸ ਵੇਲੇ ਅੱਧੀ ਰਾਤ ਹੋ ਚੁੱਕੀ ਹੈ। ਅਮਰੀਕਨ ਐਕਸਪ੍ਰੈੱਸ, ਏ. ਟੀ. ਐਂਡ ਟੀ., ਬ੍ਰਿਟਿਸ਼ ਏਅਰਵੇਜ਼, ਸੀਟੀਬੈਂਕ ਅਤੇ ਜਨਰਲ ਇਲੈੱਕਟ੍ਰਿਕ ਵਰਗੀਆਂ ਕੁਝ ਕੰਪਨੀਆਂ ਦੇ ਕਾਲ ਸੈਂਟਰ ਭਾਰਤ ਵਿਚ ਹਨ। ਇਨ੍ਹਾਂ ਭਾਰਤੀ ਕਾਲ ਸੈਂਟਰਾਂ ਵਿਚ ਇਕ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਵਿਦੇਸ਼ੀ ਕੰਪਨੀਆਂ ਤੋਂ ਆਏ ਕਾਲਾਂ ਦਾ ਜਵਾਬ ਦੇਣ ਲਈ ਰੱਖਿਆ ਜਾਂਦਾ ਹੈ। ਇਹ ਕਾਲ ਸੈਂਟਰ ਭਾਰਤ ਵਿਚ ਇਸ ਲਈ ਸਥਾਪਿਤ ਕੀਤੇ ਗਏ ਹਨ ਕਿਉਂਕਿ ਇੰਟਰਨੈਸ਼ਨਲ ਟੈਲੀਫ਼ੋਨ ਰੇਟ ਬਹੁਤ ਸਸਤੇ ਹਨ ਅਤੇ ਭਾਰਤ ਵਿਚ ਬਹੁਤ ਸਾਰੇ ਅੰਗ੍ਰੇਜ਼ੀ ਬੋਲਣ ਵਾਲੇ ਪੜ੍ਹੇ-ਲਿਖੇ ਲੋਕ ਹਨ ਜਿਨ੍ਹਾਂ ਨੂੰ ਇੰਡੀਆ ਟੂਡੇ ਰਸਾਲੇ ਅਨੁਸਾਰ “ਪੱਛਮ ਵਿਚ ਉਹੀ ਕੰਮ ਕਰਨ ਵਾਲਿਆਂ ਨਾਲੋਂ 80 ਪ੍ਰਤਿਸ਼ਤ ਘੱਟ ਤਨਖ਼ਾਹ ਮਿਲਦੀ ਹੈ।” ਮੇਘਨਾ ਵਰਗੀਆਂ ਓਪਰੇਟਰਾਂ ਨੂੰ ਅਮਰੀਕੀ ਲੋਕਾਂ ਵਾਂਗ ਬੋਲਣ ਲਈ ਕਈ ਮਹੀਨੇ ਟ੍ਰੇਨਿੰਗ ਲੈਣੀ ਪੈਂਦੀ ਹੈ। ਉਹ “ਹਾਲੀਵੁੱਡ ਫ਼ਿਲਮਾਂ ਦੇਖ-ਦੇਖ ਕੇ ਅਮਰੀਕਾ ਦੇ ਵੱਖੋ-ਵੱਖਰੇ ਬੋਲਣ ਦੇ ਢੰਗ ਸਿੱਖਣ ਦੀ ਕੋਸ਼ਿਸ਼ ਕਰਦੇ ਹਨ।” ਮੇਘਨਾ ਦੇ ਕੰਪਿਊਟਰ ਤੇ ਉਸ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਫ਼ਿਲਾਡੈਲਫ਼ੀਆ ਵਿਚ ਇਸ ਵੇਲੇ ਮੌਸਮ ਕਿਸ ਤਰ੍ਹਾਂ ਦਾ ਹੈ, ਤਾਂਕਿ ਉਹ ਗੱਲਬਾਤ ਵਿਚ ਇਸ ਦਾ ਜ਼ਿਕਰ ਕਰ ਸਕੇ। ਮੇਘਨਾ ਲਈ ਭਾਵੇਂ ਰਾਤ ਦਾ ਸਮਾਂ ਹੁੰਦਾ ਹੈ, ਫਿਰ ਵੀ ਉਹ ਗਾਹਕ ਨਾਲ ਗੱਲਬਾਤ ਖ਼ਤਮ ਕਰਨ ਤੋਂ ਬਾਅਦ ਕਹਿੰਦੀ ਹੈ: “ਹੈਵ ਏ ਗੁੱਡ ਡੇ।” (g03 12/22)

ਕਿਸਾਨਾਂ ਦਾ ਸੰਘਰਸ਼

ਨਿਊ ਸਾਇੰਟਿਸਟ ਰਸਾਲਾ ਰਿਪੋਰਟ ਕਰਦਾ ਹੈ ਕਿ “ਭਾਵੇਂ ਕਿ ਹਰੀ ਕ੍ਰਾਂਤੀ ਆਉਣ ਨਾਲ ਬਹੁਤ ਸਾਰਿਆਂ ਦੇਸ਼ਾਂ ਵਿਚ ਫ਼ਸਲਾਂ ਦੀ ਚੰਗੀ ਪੈਦਾਵਾਰ ਹੋਈ, ਪਰ ਇਸ ਕਰਕੇ ਅਫ਼ਰੀਕਾ ਦੇ ਲੱਖਾਂ ਹੀ ਗ਼ਰੀਬ ਕਿਸਾਨਾਂ ਦੀ ਗ਼ਰੀਬੀ ਹੋਰ ਵੀ ਵੱਧ ਗਈ।” ਉਹ ਕਿਵੇਂ? 1950 ਦੇ ਦਹਾਕੇ ਦੇ ਆਖ਼ਰੀ ਸਾਲਾਂ ਤੋਂ ਕਣਕ ਅਤੇ ਮੁੰਜੀ ਦੀਆਂ ਵੱਖੋ-ਵੱਖਰੀਆਂ ਕਿਸਮਾਂ ਦੀ ਖੇਤੀਬਾੜੀ ਸ਼ੁਰੂ ਕੀਤੀ ਗਈ, ਤਾਂਕਿ ਦੁਨੀਆਂ ਦੀ ਵੱਧ ਰਹੀ ਆਬਾਦੀ ਕਾਰਨ ਕਾਲ ਦਾ ਸਾਮ੍ਹਣਾ ਨਾ ਕਰਨਾ ਪਵੇ। ਪਰ ਫ਼ਸਲ ਬਹੁਤ ਹੋਣ ਕਾਰਨ ਇਸ ਦੀ ਕੀਮਤ ਘੱਟ ਗਈ। ਇਹ ਰਸਾਲਾ ਅੱਗੇ ਕਹਿੰਦਾ ਹੈ: “ਅਮੀਰ ਕਿਸਾਨ ਜੋ ਵੱਖੋ-ਵੱਖਰੀਆਂ ਕਿਸਮਾਂ ਦੀ ਖੇਤੀਬਾੜੀ ਕਰ ਸਕਦੇ ਸਨ, ਉਨ੍ਹਾਂ ਤੇ ਘੱਟਦੀ ਕੀਮਤ ਦਾ ਇੰਨਾ ਅਸਰ ਨਹੀਂ ਪਿਆ ਕਿਉਂਕਿ ਉਨ੍ਹਾਂ ਦੀ ਫ਼ਸਲ ਬਹੁਤ ਹੋਈ, ਪਰ ਗ਼ਰੀਬ ਕਿਸਾਨਾਂ ਨੂੰ ਇਸ ਵਿਚ ਘਾਟਾ ਹੀ ਘਾਟਾ ਹੋਇਆ।” ਇਸ ਦੇ ਨਾਲ-ਨਾਲ ਕਣਕ ਦੀਆਂ ਇਨ੍ਹਾਂ ਨਵੀਆਂ ਕਿਸਮਾਂ ਲਈ ਅਫ਼ਰੀਕੀ ਮਿੱਟੀ ਚੰਗੀ ਨਹੀਂ ਬੈਠੀ ਕਿਉਂਕਿ ਇਸ ਕਣਕ ਨੂੰ ਖ਼ਾਸ ਕਰਕੇ ਏਸ਼ੀਆ ਤੇ ਲਾਤੀਨੀ ਅਮਰੀਕਾ ਲਈ ਤਿਆਰ ਕੀਤਾ ਗਿਆ ਸੀ। (g04 1/22)

ਪਿਘਲ ਰਹੇ ਗਲੇਸ਼ੀਅਰ

ਬਰਸਾਤ ਦੇ ਮੌਸਮ ਵਿਚ ਦੇਰੀ ਹੋਣ ਕਾਰਨ ਜਦੋਂ ਪੰਜਾਬ ਦੇ ਬਾਕੀ ਦਰਿਆਵਾਂ ਤੇ ਨਹਿਰਾਂ ਦਾ ਪਾਣੀ ਘੱਟ ਗਿਆ ਸੀ, ਤਾਂ ਸਤਲੁਜ ਦਰਿਆ ਉੱਤੇ ਬਣੇ ਭਾਖੜਾ ਬੰਨ੍ਹ ਦਾ ਪਾਣੀ ਪਿਛਲੇ ਸਾਲ ਨਾਲੋਂ ਦੂਣਾ ਸੀ। ਇਸ ਦਾ ਕਾਰਨ? ਡਾਊਨ ਟੂ ਅਰਥ ਨਾਂ ਦੇ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਸਤਲੁਜ ਦਰਿਆ ਦੀ ਉਪ-ਨਦੀ 89 ਗਲੇਸ਼ੀਅਰਾਂ ਵਿੱਚੋਂ ਦੀ ਲੰਘ ਕੇ ਆਉਂਦੀ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਗਲੇਸ਼ੀਅਰ ਮਾਹਰ ਸਈਅਦ ਇਕਬਾਲ ਹਸਨਾਨ ਦਾ ਕਹਿਣਾ ਹੈ: “ਮੌਨਸੂਨ ਨਾ ਆਉਣ ਦੇ ਨਤੀਜੇ ਵਜੋਂ ਗਲੇਸ਼ੀਅਰ ਘੱਟ ਰਹੇ ਹਨ। ਬੱਦਲ ਨਾ ਹੋਣ ਕਾਰਨ ਧੁੱਪ ਦੀਆਂ ਤੇਜ਼ ਕਿਰਨਾਂ ਪੈਣ ਅਤੇ ਗਰਮ ਮੌਸਮ ਦੇ ਕਾਰਨ ਗਲੇਸ਼ੀਅਰ ਬਹੁਤ ਜਲਦੀ ਪਿਘਲ ਰਹੇ ਹਨ।” ਮਾਹਰਾਂ ਨੂੰ ਲੱਗਦਾ ਹੈ ਕਿ ਬਰਫ਼ ਦੇ ਪਿਘਲਣ ਕਾਰਨ ਝੀਲਾਂ ਦਾ ਪਾਣੀ ਸੰਭਾਲਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ, ਘੱਟ ਰਹੇ ਗਲੇਸ਼ੀਅਰਾਂ ਕਾਰਨ ਭਵਿੱਖ ਵਿਚ ਪਾਣੀ ਵੀ ਘੱਟਦਾ ਜਾਵੇਗਾ। ਨਤੀਜੇ ਵਜੋਂ, ਖੇਤੀਬਾੜੀ ਦੀ ਪੈਦਾਵਾਰ ਅਤੇ ਪਾਣੀ ਘੱਟ ਜਾਣਗੇ। (g04 1/22)

ਸਾਬਣ ਨਾਲ ਜ਼ਿੰਦਗੀਆਂ ਬਚਦੀਆਂ ਹਨ

ਲੰਡਨ ਸ਼ਹਿਰ ਦੇ ਸਿਹਤ-ਵਿਗਿਆਨ ਤੇ ਗਰਮ ਦੇਸ਼ਾਂ ਵਿਚ ਹੋਣ ਵਾਲੇ ਰੋਗਾਂ ਦੇ ਇਲਾਜ ਸੰਬੰਧੀ ਸਕੂਲ ਦੀ ਇਕ ਲੈਕਚਰਾਰ ਅਨੁਸਾਰ, ਸਿਰਫ਼ ਸਾਬਣ ਨਾਲ ਹੱਥ ਧੋਣ ਨਾਲ ਹੀ ਹਰ ਸਾਲ ਦਸ ਲੱਖ ਜਾਨਾਂ ਬਚ ਸਕਦੀਆਂ ਹਨ ਕਿਉਂਕਿ ਇਸ ਨਾਲ ਉਨ੍ਹਾਂ ਬੀਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ ਜਿਨ੍ਹਾਂ ਕਾਰਨ ਟੱਟੀਆਂ ਲੱਗਦੀਆਂ ਹਨ। ਦ ਡੇਲੀ ਯੋਮੀਉਰੀ ਅਖ਼ਬਾਰ ਦਾ ਕਹਿਣਾ ਹੈ ਕਿ ਇਸ ਲੈਕਚਰਾਰ ਨੇ ਜਪਾਨ ਦੇ ਕੀਓਟੋ ਸ਼ਹਿਰ ਵਿਚ ਇਕ ਜਲ ਸੰਬੰਧੀ ਸੰਮੇਲਨ ਵਿਚ ਕਿਹਾ ਕਿ ਮਨੁੱਖੀ ਗੰਦ-ਮੰਦ ਵਿਚਲੇ ਰੋਗਾਣੂ “ਸਾਡੇ ਸਭ ਤੋਂ ਵੱਡੇ ਦੁਸ਼ਮਣ ਹਨ। ਇਹ ਆਮ ਗੱਲ ਹੈ ਕਿ ਬੱਚਿਆਂ ਦੇ ਟੱਟੀ ਜਾਣ ਤੋਂ ਬਾਅਦ ਔਰਤਾਂ ਉਨ੍ਹਾਂ ਨੂੰ ਸਾਫ਼ ਕਰ ਕੇ ਹੱਥ ਧੋਣ ਤੋਂ ਬਿਨਾਂ ਰੋਟੀ ਬਣਾਉਣ ਲੱਗ ਪੈਂਦੀਆਂ ਹਨ।” ਸਾਬਣ ਨਾਲ ਹੱਥ ਧੋਣ ਦੁਆਰਾ ਮਾਰੂ ਵਾਇਰਸ ਤੇ ਬੈਕਟੀਰੀਆ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਲੈਕਚਰਾਰ ਦਾ ਇਹ ਵੀ ਕਹਿਣਾ ਹੈ ਕਿ ਦਸਤ ਦੀਆਂ ਬੀਮਾਰੀਆਂ ਰੋਕਣ ਲਈ ਪਾਣੀ ਸਾਫ਼ ਕਰਨ ਦੀ ਕੋਸ਼ਿਸ਼ ਨਾਲੋਂ ਸਾਬਣ ਨਾਲ ਹੱਥ ਧੋਣ ਨਾਲ ਤਿੰਨ ਗੁਣਾ ਜ਼ਿਆਦਾ ਸਰਫਾ ਹੁੰਦਾ ਹੈ। (g04 2/22)

ਲਾਤੀਨੀ ਭਾਸ਼ਾ ਨੂੰ ਜ਼ਿੰਦਾ ਰੱਖਣਾ

ਭਾਵੇਂ ਕਿ ਬਹੁਤ ਸਾਰੇ ਲੋਕ ਹੁਣ ਲਾਤੀਨੀ ਭਾਸ਼ਾ ਨਹੀਂ ਵਰਤਦੇ, ਪਰ ਵੈਟੀਕਨ ਇਸ ਨੂੰ ਜ਼ਿੰਦਾ ਰੱਖਣਾ ਚਾਹੁੰਦਾ ਹੈ। ਵੈਟੀਕਨ ਆਮ ਤੌਰ ਤੇ ਇਤਾਲਵੀ ਭਾਸ਼ਾ ਇਸਤੇਮਾਲ ਕਰਦਾ ਹੈ, ਪਰ ਇਸ ਦੇ ਕਾਗਜ਼-ਪੱਤਰ ਹਾਲੇ ਵੀ ਲਾਤੀਨੀ ਭਾਸ਼ਾ ਵਿਚ ਲਿਖੇ ਜਾਂਦੇ ਹਨ। ਇਹ ਫ਼ੈਸਲਾ ਕਰਨ ਤੋਂ ਬਾਅਦ ਕਿ ਯੂਖਾਰਿਸਤ ਕਿਸੇ ਵੀ ਭਾਸ਼ਾ ਵਿਚ ਮਨਾਇਆ ਜਾ ਸਕਦਾ ਸੀ, ਲਾਤੀਨੀ ਭਾਸ਼ਾ ਦੀ ਵਰਤੋਂ 1970 ਦੇ ਦਹਾਕੇ ਵਿਚ ਬਹੁਤ ਘੱਟ ਗਈ ਸੀ। ਉਸ ਸਮੇਂ ਪੋਪ ਪੌਲ ਛੇਵੇਂ ਨੇ ਇਸ ਭਾਸ਼ਾ ਨੂੰ ਜ਼ਿੰਦਾ ਰੱਖਣ ਲਈ ਲਾਤੀਨੀ ਸੰਸਥਾ ਸਥਾਪਿਤ ਕੀਤੀ। ਪਹਿਲਾਂ ਤਾਂ ਦੋ ਖੰਡਾਂ ਵਾਲਾ ਲਾਤੀਨੀ-ਇਤਾਲਵੀ ਸ਼ਬਦ-ਕੋਸ਼ ਛਾਪਿਆ ਗਿਆ ਸੀ ਜਿਸ ਦੀਆਂ ਸਾਰੀਆਂ ਕਾਪੀਆਂ ਵਿਕ ਗਈਆਂ। ਹੁਣ ਇਕ ਨਵਾਂ ਐਡੀਸ਼ਨ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਸ ਦੀ ਕੀਮਤ 115 ਅਮਰੀਕੀ ਡਾਲਰ ਹੈ। ਇਸ ਵਿਚ ਤਕਰੀਬਨ 15,000 ਆਧੁਨਿਕ ਲਾਤੀਨੀ ਸ਼ਬਦ ਹਨ, ਜਿਵੇਂ ਕਿ ਭਾਂਡੇ ਧੋਣ ਵਾਲੀ ਮਸ਼ੀਨ ਲਈ ਸ਼ਬਦ। ਦ ਨਿਊਯਾਰਕ ਟਾਈਮਜ਼ ਅਖ਼ਬਾਰ ਕਹਿੰਦਾ ਹੈ ਕਿ ਇਕ ਹੋਰ ਖੰਡ “ਦੋ ਜਾਂ ਤਿੰਨ ਸਾਲਾਂ ਤਕ” ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਵਿਚ ਜ਼ਿਆਦਾਤਰ ਸ਼ਬਦ “ਕੰਪਿਊਟਰ ਤੇ ਇੰਟਰਨੈੱਟ ਆਦਿ ਤੇ ਵਰਤੇ ਜਾਂਦੇ ਸ਼ਬਦ ਲਏ ਜਾਣਗੇ।” (g04 2/22)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ