ਬੱਚਿਆਂ ਦੀ ਸਹੀ ਪਰਵਰਿਸ਼ ਕਰਨ ਦੀ ਅਹਿਮੀਅਤ
ਬੱਚਾ ਕੀ ਸਿੱਖਦਾ ਹੈ ਅਤੇ ਕੀ ਨਹੀਂ, ਇਸ ਦਾ ਉਸ ਦੀ ਭਵਿੱਖ ਵਿਚ ਸਿੱਖਣ ਦੀ ਕਾਬਲੀਅਤ ਉੱਤੇ ਅਸਰ ਪੈਂਦਾ ਹੈ। ਤਾਂ ਫਿਰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕਿੱਦਾਂ ਸਿਖਲਾਈ ਦੇਣੀ ਚਾਹੀਦੀ ਹੈ ਤਾਂਕਿ ਬੱਚੇ ਵੱਡੇ ਹੋ ਕੇ ਸਮਝਦਾਰ ਤੇ ਕਾਮਯਾਬ ਇਨਸਾਨ ਬਣ ਸਕਣ? ਧਿਆਨ ਦਿਓ ਕਿ ਹਾਲ ਹੀ ਦੇ ਦਹਾਕਿਆਂ ਵਿਚ ਕੁਝ ਵਿਦਵਾਨਾਂ ਨੇ ਖੋਜਾਂ ਦੇ ਆਧਾਰ ਤੇ ਕੀ ਸਿੱਟਾ ਕੱਢਿਆ ਹੈ।
ਸਨੈਪਸਿੱਸ ਦਾ ਕੰਮ
ਬਿਹਤਰੀਨ ਕਿਸਮ ਦੀਆਂ ਮਸ਼ੀਨਾਂ ਨਾਲ ਦਿਮਾਗ਼ ਦੇ ਅੰਦਰ ਦੇਖਣ ਤੇ ਤਸਵੀਰਾਂ ਖਿੱਚਣ ਕਰਕੇ ਹੁਣ ਵਿਗਿਆਨੀ ਦਿਮਾਗ਼ ਦਾ ਜ਼ਿਆਦਾ ਚੰਗੀ ਤਰ੍ਹਾਂ ਅਧਿਐਨ ਕਰ ਸਕਦੇ ਹਨ। ਇਨ੍ਹਾਂ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਬੱਚੇ ਦੇ ਪਹਿਲੇ ਕੁਝ ਸਾਲਾਂ ਦੌਰਾਨ ਉਸ ਦਾ ਦਿਮਾਗ਼ ਤੇਜ਼ੀ ਨਾਲ ਵਿਕਸਿਤ ਹੁੰਦਾ ਹੈ ਜਿਸ ਕਰਕੇ ਬੱਚਾ ਜਾਣਕਾਰੀ ਲੈਣ ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦੇ ਯੋਗ ਬਣਦਾ ਹੈ ਅਤੇ ਭਾਸ਼ਾ ਸਿੱਖਦਾ ਹੈ। ਨੇਸ਼ਨ ਨਾਂ ਦਾ ਰਸਾਲਾ ਦੱਸਦਾ ਹੈ: “ਬਚਪਨ ਦੇ ਸ਼ੁਰੂਆਤੀ ਸਾਲਾਂ ਵਿਚ ਦਿਮਾਗ਼ ਦੇ ਕਨੈਕਸ਼ਨ ਤੇਜ਼ੀ ਨਾਲ ਬਣਦੇ ਹਨ। ਜਮਾਂਦਰੂ ਗੁਣਾਂ ਤੋਂ ਇਲਾਵਾ, ਬੱਚਾ ਹਰ ਪਲ ਜੋ ਦੇਖਦਾ ਤੇ ਸੁਣਦਾ ਹੈ, ਉਸ ਦਾ ਉਸ ਦੇ ਦਿਮਾਗ਼ ਦੀ ਰਚਨਾ ਉੱਤੇ ਅਸਰ ਪੈਂਦਾ ਹੈ।”
ਵਿਗਿਆਨੀ ਮੰਨਦੇ ਹਨ ਕਿ ਦਿਮਾਗ਼ ਦੇ ਕਨੈਕਸ਼ਨ, ਜਿਨ੍ਹਾਂ ਨੂੰ ਸਨੈਪਸਿੱਸ ਕਿਹਾ ਜਾਂਦਾ ਹੈ, ਜ਼ਿਆਦਾ ਕਰਕੇ ਬਚਪਨ ਦੇ ਸ਼ੁਰੂਆਤੀ ਸਾਲਾਂ ਵਿਚ ਬਣਦੇ ਹਨ। ਬਾਲ ਵਿਕਾਸ ਦੇ ਮਾਹਰ ਡਾਕਟਰ ਟੀ. ਬੈਰੀ ਬ੍ਰੇਜ਼ਲਟਨ ਦਾ ਕਹਿਣਾ ਹੈ ਕਿ ਇਸ ਉਮਰ ਵਿਚ “ਬੱਚੇ ਦੇ ਦਿਮਾਗ਼ ਦੇ ਉਹ ਕਨੈਕਸ਼ਨ ਬਣਦੇ ਹਨ ਜਿਸ ਦੇ ਆਧਾਰ ਤੇ ਉਸ ਵਿਚ ਸੋਚਣ-ਸਮਝਣ, ਆਪਣੀ ਪਛਾਣ ਬਣਾਉਣ ਤੇ ਭਰੋਸਾ ਕਰਨ ਦੀ ਕਾਬਲੀਅਤ ਅਤੇ ਸਿੱਖਣ ਦੀ ਇੱਛਾ ਪੈਦਾ ਹੁੰਦੀ ਹੈ।”
ਬੱਚੇ ਦੇ ਪਹਿਲੇ ਕੁਝ ਸਾਲਾਂ ਦੌਰਾਨ ਉਸ ਦੇ ਦਿਮਾਗ਼ ਦਾ ਆਕਾਰ ਤੇਜ਼ੀ ਨਾਲ ਵਧਦਾ ਹੈ, ਇਸ ਵਿਚ ਨਵੇਂ-ਨਵੇਂ ਨਿਊਰੋਨ ਕਨੈਕਸ਼ਨ ਬਣਦੇ ਹਨ ਅਤੇ ਵੱਖ-ਵੱਖ ਕੰਮ ਕਰਨ ਦੀ ਦਿਮਾਗ਼ੀ ਯੋਗਤਾ ਵਧਦੀ ਹੈ। ਜਦੋਂ ਬੱਚੇ ਦੀ ਦਿਮਾਗ਼ੀ ਕਸਰਤ ਹੁੰਦੀ ਹੈ ਅਤੇ ਉਸ ਨੂੰ ਸਿੱਖਣ ਦੇ ਵਧੀਆ ਮੌਕੇ ਮਿਲਦੇ ਹਨ, ਤਾਂ ਉਸ ਦੇ ਦਿਮਾਗ਼ ਵਿਚ ਹੋਰ ਜ਼ਿਆਦਾ ਸਨੈਪਟਿੱਕ ਕਨੈਕਸ਼ਨ ਬਣਦੇ ਹਨ ਅਤੇ ਤੰਤੂਆਂ ਦਾ ਜਾਲ ਵੱਡਾ ਹੁੰਦਾ ਜਾਂਦਾ ਹੈ। ਇਸ ਕਰਕੇ ਬੱਚਾ ਸੋਚਣ, ਸਿੱਖਣ ਤੇ ਤਰਕ-ਵਿਤਰਕ ਕਰਨ ਦੇ ਕਾਬਲ ਬਣਦਾ ਹੈ।
ਬੱਚੇ ਨੂੰ ਜਿੰਨਾ ਜ਼ਿਆਦਾ ਉਤਸ਼ਾਹ ਭਰਿਆ ਮਾਹੌਲ ਮਿਲਦਾ ਹੈ, ਉੱਨੇ ਹੀ ਜ਼ਿਆਦਾ ਉਸ ਦੇ ਤੰਤੂ ਸੈੱਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਕਰਕੇ ਹੋਰ ਜ਼ਿਆਦਾ ਦਿਮਾਗ਼ੀ ਕਨੈਕਸ਼ਨ ਬਣਦੇ ਹਨ। ਬੱਚੇ ਨੂੰ ਤਰ੍ਹਾਂ-ਤਰ੍ਹਾਂ ਦੀ ਜਾਣਕਾਰੀ ਦੇ ਕੇ, ਗਿਣਤੀ ਸਿਖਾ ਕੇ ਜਾਂ ਫਿਰ ਭਾਸ਼ਾ ਸਿਖਾ ਕੇ ਹੀ ਉਸ ਦੇ ਦਿਮਾਗ਼ ਨੂੰ ਉਭਾਰਨਾ ਕਾਫ਼ੀ ਨਹੀਂ ਹੈ। ਇਸ ਦੇ ਨਾਲ-ਨਾਲ ਉਸ ਦੇ ਦਿਮਾਗ਼ ਨੂੰ ਜਜ਼ਬਾਤੀ ਤੌਰ ਤੇ ਵੀ ਉਭਾਰਿਆ ਜਾਣਾ ਚਾਹੀਦਾ ਹੈ। ਖੋਜਾਂ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਗੋਦੀ ਨਹੀਂ ਚੁੱਕਦੇ, ਲਾਡ-ਪਿਆਰ ਨਹੀਂ ਕਰਦੇ ਜਾਂ ਉਨ੍ਹਾਂ ਨਾਲ ਖੇਡਦੇ ਨਹੀਂ ਹਨ, ਉਨ੍ਹਾਂ ਦੇ ਬੱਚਿਆਂ ਦੇ ਦਿਮਾਗ਼ ਵਿਚ ਘੱਟ ਸਨੈਪਟਿੱਕ ਕਨੈਕਸ਼ਨ ਬਣਦੇ ਹਨ।
ਪਰਵਰਿਸ਼ ਦਾ ਕਾਬਲੀਅਤ ਉੱਤੇ ਪ੍ਰਭਾਵ
ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਹੈ, ਉਸ ਦੇ ਦਿਮਾਗ਼ ਵਿਚ ਕਾਂਟ-ਛਾਂਟ ਹੁੰਦੀ ਹੈ। ਸਰੀਰ ਬੇਲੋੜੇ ਸਨੈਪਟਿੱਕ ਕਨੈਕਸ਼ਨਾਂ ਨੂੰ ਖ਼ਤਮ ਕਰ ਦਿੰਦਾ ਹੈ। ਇਸ ਦਾ ਬੱਚੇ ਦੀ ਕਾਬਲੀਅਤ ਉੱਤੇ ਬਹੁਤ ਪ੍ਰਭਾਵ ਪੈ ਸਕਦਾ ਹੈ। ਦਿਮਾਗ਼ ਦੇ ਵਿਗਿਆਨੀ ਮੈਕਸ ਸੀਨਾਡਰ ਦਾ ਕਹਿਣਾ ਹੈ: “ਜੇ ਸਹੀ ਉਮਰ ਤੇ ਬੱਚੇ ਦੇ ਦਿਮਾਗ਼ ਨੂੰ ਸਹੀ ਤਰੀਕੇ ਨਾਲ ਉਭਾਰਿਆ ਨਹੀਂ ਜਾਂਦਾ, ਤਾਂ ਦਿਮਾਗ਼ ਦੇ ਕਨੈਕਸ਼ਨ ਸਹੀ ਨਹੀਂ ਬਣਦੇ।” ਡਾਕਟਰ ਜੇ. ਫਰੇਜ਼ਰ ਮਸਟਰਡ ਦਾ ਕਹਿਣਾ ਹੈ ਕਿ ਇਸ ਕਰਕੇ ਬੱਚਾ ਸ਼ਾਇਦ ਮੰਦ-ਬੁੱਧੀ ਵਾਲਾ ਹੋਵੇ, ਉਸ ਵਿਚ ਚੰਗੀ ਤਰ੍ਹਾਂ ਗੱਲ ਕਰਨ ਤੇ ਹਿਸਾਬ ਕਰਨ ਦੀ ਕਾਬਲੀਅਤ ਨਾ ਹੋਵੇ, ਵੱਡਾ ਹੋ ਕੇ ਸਿਹਤ ਸਮੱਸਿਆਵਾਂ ਦਾ ਸਾਮ੍ਹਣਾ ਕਰੇ, ਇੱਥੋਂ ਤਕ ਕਿ ਉਹ ਚਿੜਚਿੜੇ ਸੁਭਾਅ ਦਾ ਵੀ ਬਣ ਸਕਦਾ ਹੈ।
ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਬਚਪਨ ਦੇ ਤਜਰਬਿਆਂ ਦਾ ਬੱਚੇ ਦੇ ਭਵਿੱਖ ਉੱਤੇ ਅਸਰ ਪੈ ਸਕਦਾ ਹੈ ਜਿਵੇਂ ਕਿ ਉਹ ਵੱਡਾ ਹੋ ਕੇ ਸਮੱਸਿਆਵਾਂ ਦਾ ਸਾਮ੍ਹਣਾ ਕਰ ਸਕੇਗਾ ਜਾਂ ਨਹੀਂ, ਉਸ ਵਿਚ ਸੋਚਣ-ਸਮਝਣ ਦੀ ਕਾਬਲੀਅਤ ਹੋਵੇਗੀ ਜਾਂ ਨਹੀਂ, ਉਹ ਦੂਸਰਿਆਂ ਦੇ ਦੁੱਖ-ਦਰਦ ਸਮਝ ਸਕੇਗਾ ਜਾਂ ਨਹੀਂ। ਇਸ ਲਈ ਮਾਪਿਆਂ ਦੀ ਜ਼ਿੰਮੇਵਾਰੀ ਬਹੁਤ ਗੰਭੀਰ ਹੈ। ਬੱਚਿਆਂ ਦੇ ਇਕ ਡਾਕਟਰ ਦਾ ਕਹਿਣਾ ਹੈ: “ਬੱਚੇ ਲਈ ਹਮਦਰਦ ਮਾਂ-ਬਾਪ ਦੀ ਪਿਆਰ ਭਰੀ ਪਰਵਰਿਸ਼ ਬਹੁਤ ਹੀ ਜ਼ਰੂਰੀ ਹੈ।”
ਇਹ ਕਹਿਣਾ ਆਸਾਨ ਹੈ: ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰੋ, ਉਹ ਵਧਣ-ਫੁੱਲਣਗੇ। ਪਰ ਮਾਤਾ-ਪਿਤਾ ਹੀ ਜਾਣਦੇ ਹਨ ਕਿ ਬੱਚੇ ਦੀ ਸਹੀ ਪਰਵਰਿਸ਼ ਕਰਨੀ ਆਸਾਨ ਕੰਮ ਨਹੀਂ ਹੈ। ਮਾਪੇ ਆਪਣੇ ਬੱਚਿਆਂ ਦੀ ਸਹੀ ਤਰੀਕੇ ਨਾਲ ਪਰਵਰਿਸ਼ ਕਰਨੀ ਆਪਣੇ ਆਪ ਹੀ ਨਹੀਂ ਸਿੱਖ ਜਾਂਦੇ।
ਇਕ ਅਧਿਐਨ ਵਿਚ ਇਸ ਬਾਰੇ ਮਾਪਿਆਂ ਦੀ ਰਾਇ ਪੁੱਛੀ ਗਈ। ਪੱਚੀ ਪ੍ਰਤਿਸ਼ਤ ਮਾਪੇ ਇਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਨੇ ਜੋ ਵੀ ਕੀਤਾ, ਉਸ ਦਾ ਉਨ੍ਹਾਂ ਦੇ ਬੱਚਿਆਂ ਦੀ ਬੁੱਧੀ, ਆਤਮ-ਵਿਸ਼ਵਾਸ ਤੇ ਸਿੱਖਣ ਦੀ ਇੱਛਾ ਉੱਤੇ ਚੰਗਾ ਜਾਂ ਮਾੜਾ ਅਸਰ ਪੈ ਸਕਦਾ ਸੀ। ਇਸ ਕਰਕੇ ਇਹ ਸਵਾਲ ਖੜ੍ਹੇ ਹੁੰਦੇ ਹਨ: ਆਪਣੇ ਬੱਚੇ ਨੂੰ ਕਾਬਲ ਬਣਾਉਣ ਦਾ ਬਿਹਤਰੀਨ ਤਰੀਕਾ ਕੀ ਹੈ? ਤੁਸੀਂ ਬੱਚੇ ਲਈ ਸਹੀ ਮਾਹੌਲ ਕਿਵੇਂ ਪੈਦਾ ਕਰ ਸਕਦੇ ਹੋ? ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ। (g04 10/22)
[ਸਫ਼ੇ 6 ਉੱਤੇ ਤਸਵੀਰ]
ਜਿਨ੍ਹਾਂ ਬੱਚਿਆਂ ਨੂੰ ਉਤਸ਼ਾਹ ਭਰਿਆ ਮਾਹੌਲ ਨਹੀਂ ਮਿਲਦਾ, ਉਨ੍ਹਾਂ ਦਾ ਵਿਕਾਸ ਦੂਸਰਿਆਂ ਨਾਲੋਂ ਘੱਟ ਹੁੰਦਾ ਹੈ