ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w18 ਅਗਸਤ ਸਫ਼ੇ 31-32
  • ਪੁਰਤਗਾਲ ਵਿਚ ਰਾਜ ਦੇ ਬੀ ਕਿਵੇਂ ਬੀਜੇ ਗਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪੁਰਤਗਾਲ ਵਿਚ ਰਾਜ ਦੇ ਬੀ ਕਿਵੇਂ ਬੀਜੇ ਗਏ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
w18 ਅਗਸਤ ਸਫ਼ੇ 31-32

ਇਤਿਹਾਸ ਦੇ ਪੰਨਿਆਂ ਤੋਂ

ਪੁਰਤਗਾਲ ਵਿਚ ਰਾਜ ਦੇ ਬੀ ਕਿਵੇਂ ਬੀਜੇ ਗਏ?

ਅੰਧ ਮਹਾਂਸਾਗਰ ਦੀਆਂ ਲਹਿਰਾਂ ਯੂਰਪ ਵੱਲ ਜਾਂਦੇ ਜਹਾਜ਼ ਨੂੰ ਧੱਕ ਰਹੀਆਂ ਸਨ। ਇਸ ਵਿਚ ਬੈਠਾ ਜੋਰਜ ਯੰਗ ਨਾਂ ਦਾ ਯਾਤਰੀ ਬ੍ਰਾਜ਼ੀਲ ਵਿਚ ਆਪਣੇ ਵੱਲੋਂ ਕੀਤੇ ਰਾਜ ਦੇ ਕੰਮਾਂ ਲਈ ਬਹੁਤ ਖ਼ੁਸ਼ ਸੀ।a ਪਰ ਇਸ ਸਫ਼ਰ ਦੌਰਾਨ ਭਰਾ ਯੰਗ ਨੇ ਆਪਣਾ ਧਿਆਨ ਸਪੇਨ ਅਤੇ ਪੁਰਤਗਾਲ ਦੇ ਵੱਡੇ ਇਲਾਕੇ ਵਿਚ ਜਾ ਕੇ ਪ੍ਰਚਾਰ ਕਰਨ ʼਤੇ ਲਾਇਆ। ਇੱਥੇ ਪਹਿਲਾਂ ਕਦੀ ਪ੍ਰਚਾਰ ਨਹੀਂ ਹੋਇਆ ਸੀ। ਉਹ ਉੱਥੇ ਭਰਾ ਜੇ. ਐੱਫ਼. ਰਦਰਫ਼ਰਡ ਦੇ ਭਾਸ਼ਣ ਦੇਣ ਅਤੇ 3 ਲੱਖ ਪਰਚੇ ਵੰਡਣ ਦਾ ਇੰਤਜ਼ਾਮ ਕਰਨਾ ਚਾਹੁੰਦਾ ਸੀ।

ਜੋਰਜ ਯੰਗ ਕਿਸ਼ਤੀ ਰਾਹੀਂ ਸਫ਼ਰ ਕਰਦਾ ਹੋਇਆ

ਜੋਰਜ ਯੰਗ ਨੇ ਬਹੁਤ ਸਾਰੇ ਪ੍ਰਚਾਰ ਦੌਰੇ ਕਰਨ ਲਈ ਸਮੁੰਦਰੀ ਸਫ਼ਰ ਕੀਤੇ

ਜਦੋਂ ਮਾਰਚ 1925 ਨੂੰ ਭਰਾ ਯੰਗ ਲਿਸਬਨ ਪਹੁੰਚਿਆ, ਤਾਂ ਉੱਥੇ ਕਾਫ਼ੀ ਹਲਚਲ ਮਚੀ ਹੋਈ ਸੀ। 1910 ਵਿਚ ਹੋਈ ਰਿਪਬਲਿਕਨ ਕ੍ਰਾਂਤੀ ਕਰਕੇ ਇਕ ਤਾਨਾਸ਼ਾਹ ਹਕੂਮਤ ਦਾ ਖ਼ਾਤਮਾ ਹੋ ਗਿਆ ਸੀ। ਇਸ ਕਰਕੇ ਉੱਥੇ ਕੈਥੋਲਿਕ ਚਰਚ ਦਾ ਦਬਦਬਾ ਕਾਫ਼ੀ ਘੱਟ ਗਿਆ ਸੀ। ਉੱਥੇ ਦੇ ਨਾਗਰਿਕਾਂ ਨੂੰ ਕਾਫ਼ੀ ਆਜ਼ਾਦੀ ਮਿਲ ਗਈ ਸੀ, ਪਰ ਦੇਸ਼ ਵਿਚ ਅਜੇ ਵੀ ਲੜਾਈ ਲੱਗੀ ਹੋਈ ਸੀ।

ਜਿੱਦਾਂ ਹੀ ਭਰਾ ਯੰਗ ਨੇ ਭਰਾ ਰਦਰਫ਼ਰਡ ਦੇ ਭਾਸ਼ਣ ਦੇਣ ਦੇ ਸਾਰੇ ਇੰਤਜ਼ਾਮ ਕਰ ਲਏ, ਉਦੋਂ ਹੀ ਸਰਕਾਰ ਵਿਰੁੱਧ ਬਗਾਵਤ ਹੋਣ ਕਰਕੇ ਸਰਕਾਰ ਨੇ ਦੇਸ਼ ʼਤੇ ਫ਼ੌਜੀ ਰਾਜ ਲਾਗੂ ਕਰ ਦਿੱਤਾ। ਬ੍ਰਿਟਿਸ਼ ਐਂਡ ਫੌਰਿਨ ਬਾਈਬਲ ਸੋਸਾਇਟੀ ਦੇ ਸੈਕਟਰੀ ਨੇ ਭਰਾ ਯੰਗ ਨੂੰ ਚੇਤਾਵਨੀ ਦਿੱਤੀ ਕਿ ਉਸ ਨੂੰ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਫਿਰ ਵੀ ਉਸ ਨੇ ਸੈਕੰਡਰੀ ਸਕੂਲ ਦੇ ਇਕ ਹਾਲ (ਜਿਮਨੇਜ਼ੀਅਮ) ਵਿਚ ਭਾਸ਼ਣ ਦੇਣ ਲਈ ਇਜਾਜ਼ਤ ਮੰਗੀ ਅਤੇ ਉਸ ਨੂੰ ਇਜਾਜ਼ਤ ਮਿਲ ਗਈ।

ਆਖ਼ਰ 13 ਮਈ ਦਾ ਦਿਨ ਆ ਹੀ ਗਿਆ ਜਿਸ ਦਿਨ ਭਰਾ ਰਦਰਫ਼ਰਡ ਨੇ ਭਾਸ਼ਣ ਦੇਣਾ ਸੀ। ਉਮੀਦਾਂ ਬਹੁਤ ਵਧ ਗਈਆਂ! “ਅਸੀਂ ਹਮੇਸ਼ਾ ਕਿਵੇਂ ਜੀਉਂਦੇ ਰਹਿ ਸਕਦੇ ਹਾਂ” ਭਾਸ਼ਣ ਦੀ ਮਸ਼ਹੂਰੀ ਕਰਨ ਲਈ ਇਮਾਰਤਾਂ ʼਤੇ ਇਸ਼ਤਿਹਾਰ ਲਾਏ ਗਏ ਅਤੇ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤੇ ਗਏ। ਧਾਰਮਿਕ ਆਗੂਆਂ ਨੇ ਅਖ਼ਬਾਰ ਵਿਚ ਜਲਦੀ ਹੀ ਇਕ ਲੇਖ ਛਪਵਾਇਆ ਜਿਸ ਵਿਚ ਨਵੇਂ ਆਏ “ਝੂਠੇ ਨਬੀਆਂ” ਖ਼ਿਲਾਫ਼ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਸੀ। ਸਕੂਲ ਦੇ ਗੇਟ ʼਤੇ ਵਿਰੋਧੀਆਂ ਨੇ ਹਜ਼ਾਰਾਂ ਹੀ ਕਾਪੀਆਂ ਵੀ ਵੰਡੀਆਂ ਜਿਸ ਵਿਚ ਭਰਾ ਰਦਰਫ਼ਰਡ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਿੱਖਿਆਵਾਂ ਖ਼ਿਲਾਫ਼ ਜਾਣਕਾਰੀ ਦਿੱਤੀ ਗਈ ਸੀ।

ਲਗਭਗ 2,000 ਲੋਕ ਭਾਸ਼ਣ ਸੁਣਨ ਆਏ। ਪਰ ਲਗਭਗ ਇੰਨੇ ਹੀ ਲੋਕ ਵਾਪਸ ਮੁੜ ਗਏ ਕਿਉਂਕਿ ਬੈਠਣ ਲਈ ਜਗ੍ਹਾ ਨਹੀਂ ਸੀ। ਕੁਝ ਦਿਲਚਸਪੀ ਲੈਣ ਵਾਲੇ ਲੋਕ ਹਾਲ ਵਿਚ ਲੱਗੀਆਂ ਰੱਸੀ ਦੀਆਂ ਪੌੜੀਆਂ ਨਾਲ ਲਟਕ ਗਏ ਅਤੇ ਕੁਝ ਜਣੇ ਕਸਰਤ ਕਰਨ ਵਾਲੀਆਂ ਮਸ਼ੀਨਾਂ ʼਤੇ ਬੈਠ ਗਏ।

ਸਾਰਾ ਕੁਝ ਠੀਕ-ਠਾਕ ਨਹੀਂ ਹੋਇਆ ਸੀ। ਵਿਰੋਧੀ ਆ ਕੇ ਉੱਚੀ-ਉੱਚੀ ਚਿਲਾਉਣ ਅਤੇ ਕੁਰਸੀਆਂ ਭੰਨਣ ਲੱਗ ਪਏ। ਪਰ ਭਰਾ ਰਦਰਫ਼ਰਡ ਘਬਰਾਇਆ ਨਹੀਂ ਅਤੇ ਉਹ ਮੇਜ਼ ʼਤੇ ਚੜ੍ਹ ਗਿਆ ਤਾਂਕਿ ਲੋਕ ਉਸ ਦੀ ਆਵਾਜ਼ ਸੁਣ ਸਕਣ। ਅੱਧੀ ਕੁ ਰਾਤ ਨੂੰ ਭਾਸ਼ਣ ਖ਼ਤਮ ਹੋਇਆ। ਭਾਸ਼ਣ ਤੋਂ ਬਾਅਦ 1,200 ਤੋਂ ਜ਼ਿਆਦਾ ਦਿਲਚਸਪੀ ਰੱਖਣ ਵਾਲੇ ਲੋਕ ਆਪਣੇ ਨਾਂ ਅਤੇ ਪਤੇ ਛੱਡ ਕੇ ਗਏ ਤਾਂਕਿ ਉਨ੍ਹਾਂ ਦੇ ਘਰ ਬਾਈਬਲ ਪ੍ਰਕਾਸ਼ਨ ਪਹੁੰਚਾਏ ਜਾ ਸਕਣ। ਅਗਲੇ ਦਿਨ ਇਕ ਅਖ਼ਬਾਰ ਵਿਚ ਭਰਾ ਰਦਰਫ਼ਰਡ ਦੇ ਭਾਸ਼ਣ ਬਾਰੇ ਇਕ ਲੇਖ ਛਪਿਆ।

ਸਤੰਬਰ 1925 ਵਿਚ ਪੁਰਤਗਾਲ ਵਿਚ ਪੁਰਤਗਾਲੀ ਭਾਸ਼ਾ ਵਿਚ ਪਹਿਰਾਬੁਰਜ ਛਾਪਿਆ ਜਾਣ ਲੱਗਾ। (ਬ੍ਰਾਜ਼ੀਲ ਵਿਚ ਪਹਿਲਾਂ ਹੀ ਪੁਰਤਗਾਲੀ ਭਾਸ਼ਾ ਵਿਚ ਪਹਿਰਾਬੁਰਜ ਛਾਪਿਆ ਜਾਂਦਾ ਸੀ।) ਲਗਭਗ ਇਸੇ ਸਮੇਂ ਵਿਚ ਬ੍ਰਾਜ਼ੀਲ ਦੇ ਬਾਈਬਲ ਸਟੂਡੈਂਟ, ਵਰਜ਼ਿਲੀਓ ਫਰਗਸਨ, ਨੇ ਪੁਰਤਗਾਲ ਆ ਕੇ ਰਾਜ ਦੇ ਕੰਮ ਵਿਚ ਮਦਦ ਕਰਨ ਦੀ ਯੋਜਨਾ ਬਣਾਈ। ਉਸ ਨੇ ਪਹਿਲਾਂ ਬ੍ਰਾਜ਼ੀਲ ਵਿਚ ਬਾਈਬਲ ਸਟੂਡੈਂਟਸ ਦੇ ਛੋਟੇ ਜਿਹੇ ਸ਼ਾਖ਼ਾ ਦਫ਼ਤਰ ਵਿਚ ਭਰਾ ਯੰਗ ਨਾਲ ਕੰਮ ਕੀਤਾ ਸੀ। ਥੋੜ੍ਹੀ ਦੇਰ ਬਾਅਦ ਹੀ, ਭਰਾ ਵਰਜ਼ਿਲੀਓ ਅਤੇ ਉਸ ਦੀ ਪਤਨੀ ਲਿਜ਼ੀ ਭਰਾ ਯੰਗ ਕੋਲ ਆ ਗਏ। ਭਰਾ ਫਰਗਸਨ ਸਹੀ ਸਮੇਂ ʼਤੇ ਆਇਆ ਕਿਉਂਕਿ ਜਲਦੀ ਹੀ ਭਰਾ ਯੰਗ ਨੇ ਸੋਵੀਅਤ ਸੰਘ ਤੇ ਹੋਰ ਥਾਵਾਂ ʼਤੇ ਪ੍ਰਚਾਰ ਕਰਨ ਲਈ ਜਾਣਾ ਸੀ।

1928 ਵਿਚ, ਲਿਜ਼ੀ ਅਤੇ ਵਰਜ਼ਿਲੀਓ ਫਰਗਸਨ ਦੇ ਰਹਿਣ ਦੇ ਪਰਮਿਟ

1928 ਵਿਚ ਲਿਜ਼ੀ ਅਤੇ ਵਰਜ਼ਿਲੀਓ ਫਰਗਸਨ ਦੇ ਰਹਿਣ ਦੇ ਪਰਮਿਟ

ਜਦੋਂ ਪੁਰਤਗਾਲ ʼਤੇ ਫ਼ੌਜੀਆਂ ਦਾ ਤਾਨਾਸ਼ਾਹ ਰਾਜ ਹੋ ਗਿਆ, ਤਾਂ ਸਾਡੇ ਕੰਮ ਦਾ ਹੋਰ ਜ਼ਿਆਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਭਰਾ ਫਰਗਸਨ ਦਲੇਰ ਰਿਹਾ ਅਤੇ ਉਸ ਨੇ ਬਾਈਬਲ ਸਟੂਡੈਂਟਸ ਦੇ ਛੋਟੇ ਜਿਹੇ ਗਰੁੱਪ ਦੀ ਰਾਖੀ ਕਰਨ ਲਈ ਕਦਮ ਚੁੱਕੇ ਅਤੇ ਰਾਜ ਦੇ ਕੰਮਾਂ ਨੂੰ ਅੱਗੇ ਵਧਾਇਆ। ਉਸ ਨੇ ਆਪਣੇ ਘਰ ਵਿਚ ਬਾਕਾਇਦਾ ਸਭਾਵਾਂ ਕਰਨ ਲਈ ਇਜਾਜ਼ਤ ਮੰਗੀ। ਅਕਤੂਬਰ 1927 ਵਿਚ ਉਸ ਨੂੰ ਇਜਾਜ਼ਤ ਮਿਲ ਗਈ।

ਤਾਨਾਸ਼ਾਹ ਰਾਜ ਦੇ ਪਹਿਲੇ ਸਾਲ ਦੌਰਾਨ ਪੁਰਤਗਾਲ ਵਿਚ ਲਗਭਗ 450 ਲੋਕ ਆਪਣੇ ਘਰ ਪਹਿਰਾਬੁਰਜ ਮੰਗਵਾਉਂਦੇ ਸਨ। ਨਾਲੇ ਪਰਚਿਆਂ ਤੇ ਪੁਸਤਿਕਾਵਾਂ ਨਾਲ ਪੁਰਤਗਾਲ ਦੇ ਸਾਮਰਾਜ ਵਿਚ ਦੂਰ-ਦੂਰ ਤਕ ਸੱਚਾਈ ਦਾ ਬਚਨ ਫੈਲਿਆ, ਜਿਵੇਂ ਅਜ਼ੋਰਸ, ਅੰਗੋਲਾ, ਕੇਪ ਵਰਡ, ਗੋਆ, ਪੂਰਬੀ ਟਿਮੋਰ, ਮੇਡੀਅਰਾ ਅਤੇ ਮੋਜ਼ਾਮਬੀਕ।

ਸਾਲ 1929 ਵਿਚ ਇਕ ਨਿਮਰ ਪੁਰਤਗਾਲੀ ਮਾਲੀ, ਮੈਨੂਅਲ ਡਾ ਸਿਲਵਾ ਜ਼ੋਰਡਿਓ, ਲਿਸਬਨ ਆਇਆ। ਬ੍ਰਾਜ਼ੀਲ ਵਿਚ ਉਸ ਨੇ ਭਰਾ ਯੰਗ ਦਾ ਭਾਸ਼ਣ ਸੁਣਿਆ ਸੀ। ਉਸ ਨੂੰ ਜਲਦੀ ਅਹਿਸਾਸ ਹੋ ਗਿਆ ਕਿ ਇਹੀ ਸੱਚਾਈ ਹੈ ਅਤੇ ਉਹ ਪ੍ਰਚਾਰ ਦੇ ਕੰਮ ਨੂੰ ਅੱਗੇ ਵਧਾਉਣ ਵਿਚ ਭਰਾ ਦੀ ਮਦਦ ਕਰਨ ਲਈ ਉਤਾਵਲਾ ਸੀ। ਇਸ ਲਈ ਮੈਨੂਅਲ ਨੇ ਕੋਲਪੋਰਟਰ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਪਾਇਨੀਅਰ ਨੂੰ ਕੋਲਪੋਰਟਰ ਕਿਹਾ ਜਾਂਦਾ ਸੀ। ਬਾਈਬਲ ਪ੍ਰਕਾਸ਼ਨਾਂ ਦੇ ਸਹੀ ਢੰਗ ਨਾਲ ਛਾਪੇ ਤੇ ਵੰਡੇ ਜਾਣ ਕਰਕੇ ਲਿਸਬਨ ਵਿਚ ਨਵੀਂ ਬਣੀ ਮੰਡਲੀ ਨੇ ਕਾਫ਼ੀ ਤਰੱਕੀ ਕੀਤੀ।

1934 ਵਿਚ ਭਰਾ ਫਰਗਸਨ ਤੇ ਉਸ ਦੀ ਪਤਨੀ ਨੂੰ ਬ੍ਰਾਜ਼ੀਲ ਵਾਪਸ ਜਾਣਾ ਪਿਆ। ਪਰ ਸੱਚਾਈ ਦੇ ਬੀ ਬੀਜੇ ਜਾ ਚੁੱਕੇ ਸਨ। ਸਪੇਨ ਵਿਚ ਯੁੱਧ ਅਤੇ ਦੂਜੇ ਵਿਸ਼ਵ ਯੁੱਧ ਕਰਕੇ ਯੂਰਪ ਵਿਚ ਹਲਚਲ ਮਚੀ ਹੋਈ ਸੀ। ਪਰ ਇਸ ਦੌਰਾਨ ਪੁਰਤਗਾਲ ਵਿਚ ਕੁਝ ਭੈਣ-ਭਰਾ ਯਹੋਵਾਹ ਦੇ ਵਫ਼ਾਦਾਰ ਰਹੇ। ਕੁਝ ਸਮੇਂ ਲਈ ਉਨ੍ਹਾਂ ਦਾ ਜੋਸ਼ ਠੰਢਾ ਪੈ ਗਿਆ ਸੀ, ਪਰ 1947 ਵਿਚ ਗਿਲਿਅਡ ਟ੍ਰੇਨਿੰਗ ਪ੍ਰਾਪਤ ਜੌਨ ਕੁੱਕ ਨਾਂ ਦੇ ਪਹਿਲੇ ਮਿਸ਼ਨਰੀ ਦੇ ਆਉਣ ਕਰਕੇ ਉਨ੍ਹਾਂ ਵਿਚ ਦੁਬਾਰਾ ਜੋਸ਼ ਭਰ ਗਿਆ। ਇਸ ਤੋਂ ਬਾਅਦ, ਰਾਜ ਪ੍ਰਚਾਰਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਗਿਆ। 1962 ਵਿਚ ਸਰਕਾਰ ਦੁਆਰਾ ਯਹੋਵਾਹ ਦੇ ਗਵਾਹਾਂ ਦੇ ਕੰਮਾਂ ʼਤੇ ਪਾਬੰਦੀਆਂ ਲਾਉਣ ਦੇ ਬਾਵਜੂਦ ਵੀ ਲਗਾਤਾਰ ਵਾਧਾ ਹੁੰਦਾ ਰਿਹਾ। ਜਦੋਂ ਦਸੰਬਰ 1974 ਵਿਚ ਯਹੋਵਾਹ ਦੇ ਗਵਾਹਾਂ ਨੂੰ ਕਾਨੂੰਨੀ ਮਾਨਤਾ ਮਿਲੀ, ਤਾਂ ਦੇਸ਼ ਵਿਚ 13,000 ਤੋਂ ਜ਼ਿਆਦਾ ਪ੍ਰਚਾਰਕ ਸਨ।

ਅੱਜ 50,000 ਤੋਂ ਜ਼ਿਆਦਾ ਪ੍ਰਚਾਰਕ ਪੁਰਤਗਾਲ ਅਤੇ ਕੁਝ ਟਾਪੂਆਂ, ਜਿਵੇਂ ਅਜ਼ੋਰਸ ਤੇ ਮੇਡੀਅਰਾ, ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ ਜਿੱਥੇ ਪੁਰਤਗਾਲੀ ਭਾਸ਼ਾ ਬੋਲੀ ਜਾਂਦੀ ਹੈ। ਅੱਜ ਇਨ੍ਹਾਂ ਪ੍ਰਚਾਰਕਾਂ ਵਿਚ ਉਨ੍ਹਾਂ ਕੁਝ ਲੋਕਾਂ ਦੀ ਤੀਜੀ ਪੀੜ੍ਹੀ ਵਿੱਚੋਂ ਹਨ ਜੋ 1925 ਵਿਚ ਭਰਾ ਰਦਰਫ਼ਰਡ ਦਾ ਇਤਿਹਾਸਕ ਭਾਸ਼ਣ ਸੁਣਨ ਗਏ ਸਨ।

ਅਸੀਂ ਯਹੋਵਾਹ ਅਤੇ ਉਨ੍ਹਾਂ ਮੁਢਲੇ ਵਫ਼ਾਦਾਰ ਭੈਣਾਂ-ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ‘ਯਿਸੂ ਮਸੀਹ ਦੇ ਸੇਵਕਾਂ ਦੇ ਤੌਰ ਤੇ ਗ਼ੈਰ-ਯਹੂਦੀ ਕੌਮਾਂ ਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ’ ਸੁਣਾਉਣ ਲਈ ਦਲੇਰੀ ਨਾਲ ਅਗਵਾਈ ਕੀਤੀ।​—ਰੋਮੀ. 15:15, 16.​—ਪੁਰਤਗਾਲ ਵਿਚ ਸਾਡੇ ਇਤਿਹਾਸਕ ਰਿਕਾਰਡ ਤੋਂ।

a ਪਹਿਰਾਬੁਰਜ 15 ਮਈ 2014 ਦੇ ਸਫ਼ੇ 31-32 ʼਤੇ “ਵਾਢੀ ਦਾ ਕਾਫ਼ੀ ਕੰਮ ਬਾਕੀ ਪਿਆ ਹੈ” ਨਾਂ ਦਾ ਲੇਖ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ