ਅਧਿਐਨ ਲਈ ਸੁਝਾਅ
ਆਪਣਾ ਦਿਲ ਤਿਆਰ ਕਰੋ
ਜਦੋਂ ਅਸੀਂ ਬਾਈਬਲ ਦਾ ਅਧਿਐਨ ਕਰਦੇ ਹਾਂ, ਤਾਂ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਦੇ ਖ਼ਿਆਲਾਂ ਦਾ ਸਾਡੇ ਦਿਲ ʼਤੇ ਅਸਰ ਪਵੇ। ਇਸ ਮਾਮਲੇ ਵਿਚ ਅਜ਼ਰਾ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ‘ਯਹੋਵਾਹ ਦੇ ਕਾਨੂੰਨ ਤੋਂ ਸਲਾਹ ਲੈਣ ਲਈ ਆਪਣਾ ਦਿਲ ਤਿਆਰ ਕੀਤਾ।’ (ਅਜ਼. 7:10) ਅਸੀਂ ਆਪਣਾ ਦਿਲ ਕਿਵੇਂ ਤਿਆਰ ਕਰ ਸਕਦੇ ਹਾਂ?
ਪ੍ਰਾਰਥਨਾ ਕਰੋ। ਹਰ ਵਾਰ ਅਧਿਐਨ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰੋ। ਸਿੱਖੀਆਂ ਗੱਲਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਯਹੋਵਾਹ ਤੋਂ ਮਦਦ ਮੰਗੋ।—ਜ਼ਬੂ. 119:18, 34.
ਨਿਮਰ ਬਣੋ। ਘਮੰਡੀ ਲੋਕ ਆਪਣੀ ਸਮਝ ʼਤੇ ਭਰੋਸਾ ਰੱਖਦੇ ਹਨ, ਇਸ ਲਈ ਪਰਮੇਸ਼ੁਰ ਉਨ੍ਹਾਂ ਤੋਂ ਸੱਚਾਈ ਲੁਕਾਈ ਰੱਖਦਾ ਹੈ। (ਲੂਕਾ 10:21) ਇਸ ਲਈ ਇਹ ਸੋਚ ਕੇ ਖੋਜਬੀਨ ਨਾ ਕਰੋ ਕਿ ਤੁਸੀਂ ਇਸ ਜਾਣਕਾਰੀ ਨਾਲ ਦੂਜਿਆਂ ਨੂੰ ਦਿਖਾ ਸਕੋ ਕਿ ਤੁਹਾਨੂੰ ਕਿੰਨਾ ਕੁਝ ਪਤਾ ਹੈ। ਇਸ ਤੋਂ ਇਲਾਵਾ, ਜੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਤੁਹਾਡੀ ਸੋਚ ਪਰਮੇਸ਼ੁਰ ਦੀ ਸੋਚ ਨਾਲ ਮੇਲ ਨਹੀਂ ਖਾਂਦੀ, ਤਾਂ ਨਿਮਰ ਹੋ ਕੇ ਆਪਣੀ ਸੋਚ ਬਦਲੋ।
ਰਾਜ ਦੇ ਗੀਤ ਸੁਣੋ। ਸੰਗੀਤ ਦਾ ਸਾਡੀਆਂ ਭਾਵਨਾਵਾਂ ʼਤੇ ਜ਼ਬਰਦਸਤ ਅਸਰ ਪੈਂਦਾ ਹੈ ਅਤੇ ਯਹੋਵਾਹ ਦੀ ਭਗਤੀ ਲਈ ਸਾਡਾ ਦਿਲ ਤਿਆਰ ਹੁੰਦਾ ਹੈ। ਇਸ ਲਈ ਕਿਉਂ ਨਾ ਹਰ ਵਾਰ ਅਧਿਐਨ ਕਰਨ ਤੋਂ ਪਹਿਲਾਂ ਕੋਈ ਗੀਤ ਸੁਣੋ?