2 ਥੱਸਲੁਨੀਕੀਆਂ
2 ਪਰ ਭਰਾਵੋ, ਜਿੱਥੋਂ ਤਕ ਸਾਡੇ ਪ੍ਰਭੂ ਯਿਸੂ ਮਸੀਹ ਦੀ ਮੌਜੂਦਗੀ* ਅਤੇ ਸਾਡੇ ਉਸ ਨਾਲ ਇਕੱਠੇ ਹੋਣ ਦੇ ਸਮੇਂ ਦੀ ਗੱਲ ਹੈ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ 2 ਜੇ ਕੋਈ ਇਹ ਦਾਅਵਾ ਕਰੇ ਕਿ ਯਹੋਵਾਹ ਦਾ ਦਿਨ ਨੇੜੇ ਆ ਗਿਆ ਹੈ, ਤਾਂ ਤੁਹਾਡੇ ਮਨ ਝੱਟ ਉਲਝਣ ਵਿਚ ਨਾ ਪੈ ਜਾਣ ਜਾਂ ਤੁਸੀਂ ਘਬਰਾ ਨਾ ਜਾਇਓ, ਭਾਵੇਂ ਇਹ ਦਾਅਵਾ ਉਨ੍ਹਾਂ ਸੰਦੇਸ਼ਾਂ ਦੇ ਆਧਾਰ ਤੇ ਕੀਤਾ ਜਾਵੇ ਜਿਹੜੇ ਪਰਮੇਸ਼ੁਰ ਵੱਲੋਂ ਆਏ ਲੱਗਦੇ ਹਨ* ਜਾਂ ਉਨ੍ਹਾਂ ਗੱਲਾਂ ਦੇ ਆਧਾਰ ਤੇ ਕੀਤਾ ਜਾਵੇ ਜੋ ਤੁਹਾਨੂੰ ਜ਼ਬਾਨੀ ਦੱਸੀਆਂ ਗਈਆਂ ਹਨ ਜਾਂ ਅਜਿਹੀ ਕਿਸੇ ਚਿੱਠੀ ਦੇ ਆਧਾਰ ਤੇ ਕੀਤਾ ਜਾਵੇ ਜੋ ਸਾਡੇ ਵੱਲੋਂ ਆਈ ਲੱਗਦੀ ਹੈ।
3 ਧਿਆਨ ਰੱਖੋ ਕਿ ਇਸ ਮਾਮਲੇ ਵਿਚ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਗੁਮਰਾਹ ਨਾ ਕਰੇ ਕਿਉਂਕਿ ਉਸ ਦਿਨ ਦੇ ਆਉਣ ਤੋਂ ਪਹਿਲਾਂ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਹੋਵੇਗੀ ਅਤੇ ਉਸ ਦੁਸ਼ਟ ਬੰਦੇ ਨੂੰ ਪ੍ਰਗਟ ਕੀਤਾ ਜਾਵੇਗਾ ਜਿਸ ਨੂੰ ਖ਼ਤਮ ਕੀਤਾ ਜਾਵੇਗਾ। 4 ਉਹ ਬੰਦਾ ਵਿਰੋਧੀ ਹੈ ਅਤੇ ਉਹ ਹਰ ਉਸ ਇਨਸਾਨ ਤੋਂ ਜਿਸ ਨੂੰ “ਈਸ਼ਵਰ” ਕਿਹਾ ਜਾਂਦਾ ਹੈ ਅਤੇ ਹਰ ਉਸ ਚੀਜ਼ ਤੋਂ ਜਿਸ ਦੀ ਪੂਜਾ ਕੀਤੀ ਜਾਂਦੀ ਹੈ, ਆਪਣੇ ਆਪ ਨੂੰ ਉੱਚਾ ਕਰਦਾ ਹੈ ਅਤੇ “ਪਰਮੇਸ਼ੁਰ” ਦੇ ਮੰਦਰ ਵਿਚ ਬੈਠ ਕੇ ਲੋਕਾਂ ਸਾਮ੍ਹਣੇ ਆਪਣੇ ਆਪ ਨੂੰ ਈਸ਼ਵਰ ਕਹਿੰਦਾ ਹੈ। 5 ਕੀ ਤੁਹਾਨੂੰ ਯਾਦ ਨਹੀਂ ਜਦੋਂ ਮੈਂ ਤੁਹਾਡੇ ਨਾਲ ਹੁੰਦਾ ਸੀ, ਤਾਂ ਉਦੋਂ ਮੈਂ ਤੁਹਾਨੂੰ ਇਹ ਗੱਲਾਂ ਦੱਸਦਾ ਹੁੰਦਾ ਸੀ?
6 ਅਤੇ ਤੁਸੀਂ ਜਾਣਦੇ ਹੋ ਕਿ ਕਿਸ ਨੇ ਉਸ ਦੁਸ਼ਟ ਬੰਦੇ ਨੂੰ ਅਜੇ ਤਕ ਰੋਕ ਕੇ ਰੱਖਿਆ ਹੋਇਆ ਹੈ ਤਾਂਕਿ ਉਸ ਨੂੰ ਆਪਣੇ ਸਮੇਂ ʼਤੇ ਪ੍ਰਗਟ ਕੀਤਾ ਜਾਵੇ। 7 ਇਹ ਸੱਚ ਹੈ ਕਿ ਉਸ ਦੀ ਦੁਸ਼ਟਤਾ ਇਕ ਭੇਤ ਹੈ ਅਤੇ ਇਸ ਦੁਸ਼ਟਤਾ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ; ਇਹ ਭੇਤ ਉਦੋਂ ਤਕ ਹੀ ਭੇਤ ਬਣਿਆ ਰਹੇਗਾ ਜਦੋਂ ਤਕ ਉਸ ਨੂੰ ਹੁਣ ਰੋਕ ਕੇ ਰੱਖਣ ਵਾਲਾ ਖ਼ਤਮ ਨਹੀਂ ਹੋ ਜਾਂਦਾ। 8 ਇਸ ਤੋਂ ਬਾਅਦ ਉਸ ਦੁਸ਼ਟ ਬੰਦੇ ਨੂੰ ਪ੍ਰਗਟ ਕੀਤਾ ਜਾਵੇਗਾ ਅਤੇ ਜਦੋਂ ਪ੍ਰਭੂ ਯਿਸੂ ਆਪਣੀ ਮੌਜੂਦਗੀ* ਦੌਰਾਨ ਪ੍ਰਗਟ ਹੋਵੇਗਾ, ਤਾਂ ਉਸ ਨੂੰ ਆਪਣੇ ਮੂੰਹ ਦੇ ਸ਼ਕਤੀਸ਼ਾਲੀ ਬਚਨਾਂ ਨਾਲ ਖ਼ਤਮ ਕਰ ਦੇਵੇਗਾ। 9 ਪਰ ਉਸ ਦੁਸ਼ਟ ਬੰਦੇ ਦੀ ਮੌਜੂਦਗੀ* ਸ਼ੈਤਾਨ ਕਰਕੇ ਹੀ ਹੈ ਜਿਹੜਾ ਉਸ ਨੂੰ ਚਮਤਕਾਰ ਤੇ ਕਰਾਮਾਤਾਂ ਕਰਨ ਅਤੇ ਝੂਠੀਆਂ ਨਿਸ਼ਾਨੀਆਂ ਦਿਖਾਉਣ ਦੀ ਸ਼ਕਤੀ ਦਿੰਦਾ ਹੈ 10 ਅਤੇ ਸ਼ੈਤਾਨ ਉਸ ਨੂੰ ਇਹ ਸ਼ਕਤੀ ਵੀ ਦਿੰਦਾ ਹੈ ਕਿ ਉਹ ਹਰ ਗ਼ਲਤ ਤਰੀਕਾ ਵਰਤ ਕੇ ਵਿਨਾਸ਼ ਦੇ ਰਾਹ ਉੱਤੇ ਚੱਲ ਰਹੇ ਲੋਕਾਂ ਨੂੰ ਧੋਖਾ ਦੇਵੇ। ਇਨ੍ਹਾਂ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਕਿਉਂਕਿ ਇਨ੍ਹਾਂ ਨੇ ਸੱਚਾਈ ਨੂੰ ਨਾ ਤਾਂ ਕਬੂਲ ਕੀਤਾ ਅਤੇ ਨਾ ਹੀ ਇਸ ਨੂੰ ਪਿਆਰ ਕੀਤਾ ਜਿਸ ਦੁਆਰਾ ਇਹ ਬਚਾਏ ਜਾ ਸਕਦੇ ਸਨ। 11 ਇਸੇ ਕਰਕੇ ਪਰਮੇਸ਼ੁਰ ਨੇ ਇਨ੍ਹਾਂ ਨੂੰ ਧੋਖਾ ਖਾਣ ਦਿੱਤਾ ਤਾਂਕਿ ਇਹ ਝੂਠ ਨੂੰ ਸੱਚ ਮੰਨਣ, 12 ਅਤੇ ਇਸ ਕਰਕੇ ਇਨ੍ਹਾਂ ਸਾਰਿਆਂ ਦਾ ਨਿਆਂ ਕੀਤਾ ਜਾਵੇਗਾ ਕਿਉਂਕਿ ਇਨ੍ਹਾਂ ਨੇ ਸੱਚਾਈ ਉੱਤੇ ਯਕੀਨ ਨਹੀਂ ਕੀਤਾ, ਸਗੋਂ ਇਹ ਬੁਰਾਈ ਤੋਂ ਖ਼ੁਸ਼ ਹੋਏ।
13 ਪਰ ਭਰਾਵੋ, ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਨਾ ਹਮੇਸ਼ਾ ਸਾਡਾ ਫ਼ਰਜ਼ ਬਣਦਾ ਹੈ ਕਿਉਂਕਿ ਪਰਮੇਸ਼ੁਰ ਨੇ ਸ਼ੁਰੂ ਤੋਂ ਹੀ ਤੁਹਾਨੂੰ ਪਵਿੱਤਰ ਸ਼ਕਤੀ ਨਾਲ ਪਵਿੱਤਰ ਕਰ ਕੇ ਚੁਣਿਆ ਹੈ ਕਿਉਂਕਿ ਤੁਸੀਂ ਸੱਚਾਈ ਉੱਤੇ ਨਿਹਚਾ ਕੀਤੀ। 14 ਉਸ ਨੇ ਸਾਡੇ ਦੁਆਰਾ ਸੁਣਾਈ ਖ਼ੁਸ਼ ਖ਼ਬਰੀ ਰਾਹੀਂ ਤੁਹਾਨੂੰ ਇਸ ਮੁਕਤੀ ਵਾਸਤੇ ਸੱਦਿਆ ਤਾਂਕਿ ਤੁਹਾਨੂੰ ਵੀ ਸਾਡੇ ਪ੍ਰਭੂ ਯਿਸੂ ਮਸੀਹ ਵਾਂਗ ਮਹਿਮਾ ਦਿੱਤੀ ਜਾਵੇ। 15 ਇਸ ਲਈ ਭਰਾਵੋ, ਮਜ਼ਬੂਤੀ ਨਾਲ ਖੜ੍ਹੇ ਰਹੋ ਅਤੇ ਉਨ੍ਹਾਂ ਗੱਲਾਂ* ʼਤੇ ਪੱਕੇ ਰਹੋ ਜਿਹੜੀਆਂ ਅਸੀਂ ਤੁਹਾਨੂੰ ਸਿਖਾਈਆਂ ਹਨ, ਭਾਵੇਂ ਇਹ ਗੱਲਾਂ ਤੁਹਾਨੂੰ ਜ਼ਬਾਨੀ ਦੱਸੀਆਂ ਗਈਆਂ ਸਨ ਜਾਂ ਅਸੀਂ ਕਿਸੇ ਚਿੱਠੀ ਵਿਚ ਦੱਸੀਆਂ ਸਨ। 16 ਸਾਡਾ ਪਿਤਾ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਆਪਣੀ ਅਪਾਰ ਕਿਰਪਾ ਕਰ ਕੇ ਸਾਨੂੰ ਹਮੇਸ਼ਾ ਰਹਿਣ ਵਾਲਾ ਦਿਲਾਸਾ ਦਿੱਤਾ ਹੈ ਅਤੇ ਇਕ ਸ਼ਾਨਦਾਰ ਉਮੀਦ ਵੀ ਦਿੱਤੀ ਹੈ। ਸਾਡੀ ਇਹੀ ਦੁਆ ਹੈ ਕਿ ਉਹ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਦੋਵੇਂ 17 ਤੁਹਾਡੇ ਦਿਲਾਂ ਨੂੰ ਦਿਲਾਸਾ ਦੇਣ ਅਤੇ ਤੁਹਾਨੂੰ ਤਕੜਾ ਕਰਨ ਤਾਂਕਿ ਤੁਸੀਂ ਹਮੇਸ਼ਾ ਉਹੀ ਕਰੋ ਅਤੇ ਕਹੋ ਜੋ ਚੰਗਾ ਹੈ।