1 ਯੂਹੰਨਾ
3 ਧਿਆਨ ਦਿਓ ਕਿ ਪਿਤਾ ਨੇ ਸਾਡੇ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਸਾਨੂੰ ਆਪਣੇ ਬੱਚੇ* ਕਹਾਉਣ ਦਾ ਮਾਣ ਬਖ਼ਸ਼ਿਆ ਹੈ; ਅਤੇ ਅਸੀਂ ਉਸ ਦੇ ਬੱਚੇ ਹਾਂ ਵੀ। ਇਸੇ ਕਰਕੇ ਦੁਨੀਆਂ ਸਾਨੂੰ ਨਹੀਂ ਜਾਣਦੀ ਕਿਉਂਕਿ ਇਹ ਪਰਮੇਸ਼ੁਰ ਨੂੰ ਨਹੀਂ ਜਾਣਦੀ। 2 ਪਿਆਰਿਓ, ਹੁਣ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਪਰ ਅਜੇ ਇਹ ਗੱਲ ਜ਼ਾਹਰ ਨਹੀਂ ਹੋਈ ਹੈ ਕਿ ਅਸੀਂ ਭਵਿੱਖ ਵਿਚ ਕਿਹੋ ਜਿਹੇ ਹੋਵਾਂਗੇ। ਅਸੀਂ ਇੰਨਾ ਤਾਂ ਜਾਣਦੇ ਹਾਂ ਕਿ ਜਦੋਂ ਪਰਮੇਸ਼ੁਰ ਆਪਣੇ ਆਪ ਨੂੰ ਜ਼ਾਹਰ ਕਰੇਗਾ, ਤਾਂ ਅਸੀਂ ਉਸ ਵਰਗੇ ਬਣ ਜਾਵਾਂਗੇ ਕਿਉਂਕਿ ਅਸੀਂ ਉਸ ਨੂੰ ਸੱਚ-ਮੁੱਚ ਦੇਖਾਂਗੇ। 3 ਅਤੇ ਹਰ ਇਨਸਾਨ, ਜਿਸ ਦੇ ਦਿਲ ਵਿਚ ਇਹ ਆਸ਼ਾ ਹੈ,* ਆਪਣੇ ਆਪ ਨੂੰ ਸ਼ੁੱਧ ਕਰਦਾ ਹੈ, ਕਿਉਂਕਿ ਉਹ ਵੀ ਸ਼ੁੱਧ ਹੈ।
4 ਜਿਹੜਾ ਵੀ ਪਾਪ ਕਰਨ ਵਿਚ ਲੱਗਾ ਰਹਿੰਦਾ ਹੈ, ਉਹ ਪਰਮੇਸ਼ੁਰ ਦੇ ਕਾਨੂੰਨ ਦੇ ਖ਼ਿਲਾਫ਼ ਜਾਂਦਾ ਹੈ। ਇਸ ਲਈ ਪਾਪ ਕਰਨ ਦਾ ਮਤਲਬ ਹੈ ਕਾਨੂੰਨ ਤੋੜਨਾ। 5 ਤੁਸੀਂ ਇਹ ਵੀ ਜਾਣਦੇ ਹੋ ਕਿ ਯਿਸੂ ਸਾਡੇ ਪਾਪਾਂ ਨੂੰ ਖ਼ਤਮ ਕਰਨ ਲਈ ਆਇਆ ਸੀ ਅਤੇ ਉਸ ਵਿਚ ਕੋਈ ਪਾਪ ਨਹੀਂ ਹੈ। 6 ਜਿਹੜਾ ਉਸ ਨਾਲ ਏਕਤਾ ਵਿਚ ਬੱਝਾ ਰਹਿੰਦਾ ਹੈ, ਉਹ ਪਾਪ ਕਰਨ ਵਿਚ ਲੱਗਾ ਨਹੀਂ ਰਹਿੰਦਾ; ਪਰ ਜਿਹੜਾ ਪਾਪ ਕਰਦਾ ਰਹਿੰਦਾ ਹੈ, ਉਹ ਨਾ ਤਾਂ ਯਿਸੂ ਨੂੰ ਜਾਣਦਾ ਹੈ ਅਤੇ ਨਾ ਹੀ ਉਸ ਉੱਤੇ ਨਿਹਚਾ ਕਰਦਾ ਹੈ। 7 ਪਿਆਰੇ ਬੱਚਿਓ, ਤੁਸੀਂ ਕਿਸੇ ਦੀਆਂ ਗੱਲਾਂ ਵਿਚ ਆ ਕੇ ਗੁਮਰਾਹ ਨਾ ਹੋਇਓ; ਜਿਹੜਾ ਧਾਰਮਿਕਤਾ ਦੇ ਰਾਹ ʼਤੇ ਚੱਲਦਾ ਹੈ, ਉਹ ਧਰਮੀ ਹੈ, ਠੀਕ ਜਿਵੇਂ ਯਿਸੂ ਧਰਮੀ ਹੈ। 8 ਜਿਹੜਾ ਪਾਪ ਕਰਦਾ ਰਹਿੰਦਾ ਹੈ, ਉਹ ਸ਼ੈਤਾਨ ਵੱਲ ਹੈ ਕਿਉਂਕਿ ਸ਼ੈਤਾਨ ਸ਼ੁਰੂ ਤੋਂ ਹੀ ਪਾਪ ਕਰਦਾ ਆਇਆ ਹੈ। ਪਰਮੇਸ਼ੁਰ ਦਾ ਪੁੱਤਰ ਇਸ ਕਰਕੇ ਆਇਆ ਕਿ ਉਹ ਸ਼ੈਤਾਨ ਦੇ ਕੰਮਾਂ ਨੂੰ ਨਾਸ਼ ਕਰੇ।
9 ਪਰਮੇਸ਼ੁਰ ਦੇ ਬੱਚੇ ਪਾਪ ਕਰਨ ਵਿਚ ਲੱਗੇ ਨਹੀਂ ਰਹਿੰਦੇ ਕਿਉਂਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ* ਉਨ੍ਹਾਂ ਵਿਚ ਰਹਿੰਦੀ ਹੈ, ਅਤੇ ਇਹ ਹੋ ਨਹੀਂ ਸਕਦਾ ਕਿ ਉਹ ਪਾਪ ਕਰਦੇ ਰਹਿਣ ਕਿਉਂਕਿ ਉਹ ਪਰਮੇਸ਼ੁਰ ਦੇ ਬੱਚੇ ਹਨ। 10 ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕੌਣ ਪਰਮੇਸ਼ੁਰ ਦੇ ਬੱਚੇ ਹਨ ਅਤੇ ਕੌਣ ਸ਼ੈਤਾਨ ਦੇ ਬੱਚੇ ਹਨ: ਜਿਹੜੇ ਧਾਰਮਿਕਤਾ ਦੇ ਰਾਹ ʼਤੇ ਨਹੀਂ ਚੱਲਦੇ, ਉਹ ਪਰਮੇਸ਼ੁਰ ਦੇ ਬੱਚੇ ਨਹੀਂ ਹਨ ਤੇ ਨਾ ਹੀ ਉਹ ਜਿਹੜੇ ਆਪਣੇ ਭਰਾ ਨੂੰ ਪਿਆਰ ਨਹੀਂ ਕਰਦੇ। 11 ਤੁਸੀਂ ਸ਼ੁਰੂ ਤੋਂ ਸੁਣੇ ਇਸ ਸੰਦੇਸ਼ ਨੂੰ ਯਾਦ ਰੱਖੋ ਕਿ ਸਾਨੂੰ ਇਕ-ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ; 12 ਸਾਨੂੰ ਕਾਇਨ ਵਰਗੇ ਨਹੀਂ ਬਣਨਾ ਚਾਹੀਦਾ ਜਿਹੜਾ ਸ਼ੈਤਾਨ* ਦਾ ਬੱਚਾ ਸੀ ਅਤੇ ਜਿਸ ਨੇ ਗੁੱਸੇ ਵਿਚ ਆ ਕੇ ਬੇਰਹਿਮੀ ਨਾਲ ਆਪਣੇ ਭਰਾ ਦਾ ਕਤਲ ਕਰ ਦਿੱਤਾ ਸੀ। ਪਰ ਉਸ ਨੇ ਆਪਣੇ ਭਰਾ ਦਾ ਕਤਲ ਕਿਉਂ ਕੀਤਾ ਸੀ? ਇਸ ਲਈ ਕਿ ਉਸ ਦੇ ਆਪਣੇ ਕੰਮ ਬੁਰੇ ਸਨ, ਜਦ ਕਿ ਉਸ ਦੇ ਭਰਾ ਦੇ ਕੰਮ ਧਰਮੀ ਸਨ।
13 ਭਰਾਵੋ, ਇਸ ਗੱਲੋਂ ਹੈਰਾਨ ਨਾ ਹੋਵੋ ਕਿ ਦੁਨੀਆਂ ਤੁਹਾਡੇ ਨਾਲ ਨਫ਼ਰਤ ਕਰਦੀ ਹੈ। 14 ਅਸੀਂ ਜਾਣਦੇ ਹਾਂ ਕਿ ਅਸੀਂ ਮਰਿਆਂ ਵਰਗੇ ਸਾਂ, ਪਰ ਹੁਣ ਅਸੀਂ ਜੀਉਂਦੇ ਹਾਂ ਕਿਉਂਕਿ ਅਸੀਂ ਆਪਣੇ ਭਰਾਵਾਂ ਨੂੰ ਪਿਆਰ ਕਰਦੇ ਹਾਂ। ਜਿਹੜਾ ਪਿਆਰ ਨਹੀਂ ਕਰਦਾ, ਉਹ ਮਰਿਆਂ ਵਰਗਾ ਰਹਿੰਦਾ ਹੈ। 15 ਜਿਹੜਾ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ, ਉਹ ਕਾਤਲ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਕਾਤਲ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ। 16 ਅਸੀਂ ਇਸ ਗੱਲ ਤੋਂ ਪਿਆਰ ਬਾਰੇ ਸਿੱਖਦੇ ਹਾਂ ਕਿ ਉਸ ਨੇ ਸਾਡੇ ਲਈ ਆਪਣੀ ਜਾਨ ਦਿੱਤੀ; ਅਤੇ ਸਾਡਾ ਵੀ ਹੁਣ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਭਰਾਵਾਂ ਲਈ ਆਪਣੀਆਂ ਜਾਨਾਂ ਦੇਈਏ। 17 ਪਰ ਜਿਸ ਕੋਲ ਜ਼ਿੰਦਗੀ ਦਾ ਗੁਜ਼ਾਰਾ ਕਰਨ ਲਈ ਬਥੇਰਾ ਹੈ, ਫਿਰ ਵੀ ਆਪਣੇ ਭਰਾ ਨੂੰ ਲੋੜਵੰਦ ਦੇਖ ਕੇ ਉਸ ਉੱਤੇ ਦਇਆ ਕਰਨ ਦੀ ਬਜਾਇ ਮੂੰਹ ਫੇਰ ਲੈਂਦਾ ਹੈ, ਤਾਂ ਉਹ ਕਿਵੇਂ ਕਹਿ ਸਕਦਾ ਹੈ ਕਿ ਉਹ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ? 18 ਪਿਆਰੇ ਬੱਚਿਓ, ਆਓ ਆਪਾਂ ਗੱਲੀਂ-ਬਾਤੀਂ ਜਾਂ ਜ਼ਬਾਨੀ ਹੀ ਨਹੀਂ, ਸਗੋਂ ਦਿਲੋਂ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ ਦੇਈਏ।
19 ਅਜਿਹੇ ਪਿਆਰ ਤੋਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਸੱਚਾਈ ਵੱਲ ਹਾਂ ਅਤੇ ਸਾਡੇ ਦਿਲਾਂ ਨੂੰ ਭਰੋਸਾ ਹੋਵੇਗਾ ਕਿ ਪਰਮੇਸ਼ੁਰ ਸਾਨੂੰ ਦੋਸ਼ੀ ਨਹੀਂ ਠਹਿਰਾਉਂਦਾ, 20 ਭਾਵੇਂ ਸਾਡੇ ਦਿਲ ਸਾਨੂੰ ਜਿਹੜੀ ਮਰਜ਼ੀ ਗੱਲ ਵਿਚ ਦੋਸ਼ੀ ਠਹਿਰਾਉਣ, ਕਿਉਂਕਿ ਪਰਮੇਸ਼ੁਰ ਸਾਡੇ ਦਿਲਾਂ ਨਾਲੋਂ ਵੱਡਾ ਹੈ ਅਤੇ ਸਭ ਕੁਝ ਜਾਣਦਾ ਹੈ। 21 ਪਿਆਰਿਓ, ਜੇ ਸਾਡੇ ਦਿਲ ਸਾਨੂੰ ਦੋਸ਼ੀ ਨਹੀਂ ਠਹਿਰਾਉਂਦੇ, ਤਾਂ ਅਸੀਂ ਬੇਝਿਜਕ ਪਰਮੇਸ਼ੁਰ ਨਾਲ ਗੱਲ ਕਰ ਸਕਦੇ ਹਾਂ; 22 ਅਤੇ ਅਸੀਂ ਜੋ ਵੀ ਉਸ ਤੋਂ ਮੰਗਦੇ ਹਾਂ, ਉਹ ਸਾਨੂੰ ਦਿੰਦਾ ਹੈ ਕਿਉਂਕਿ ਅਸੀਂ ਉਸ ਦੇ ਹੁਕਮਾਂ ਨੂੰ ਮੰਨਦੇ ਹਾਂ ਅਤੇ ਉਹ ਕੰਮ ਕਰਦੇ ਹਾਂ ਜਿਹੜੇ ਉਸ ਦੀਆਂ ਨਜ਼ਰਾਂ ਵਿਚ ਸਹੀ ਹਨ। 23 ਅਸਲ ਵਿਚ, ਪਰਮੇਸ਼ੁਰ ਦਾ ਹੁਕਮ ਇਹ ਹੈ ਕਿ ਅਸੀਂ ਉਸ ਦੇ ਪੁੱਤਰ ਯਿਸੂ ਮਸੀਹ ਦੇ ਨਾਂ ʼਤੇ ਨਿਹਚਾ ਰੱਖੀਏ ਅਤੇ ਇਕ-ਦੂਸਰੇ ਨਾਲ ਪਿਆਰ ਕਰੀਏ, ਜਿਵੇਂ ਪਰਮੇਸ਼ੁਰ ਨੇ ਸਾਨੂੰ ਹੁਕਮ ਦਿੱਤਾ ਸੀ। 24 ਇਸ ਤੋਂ ਇਲਾਵਾ, ਜਿਹੜਾ ਪਰਮੇਸ਼ੁਰ ਦੇ ਹੁਕਮ ਮੰਨਦਾ ਹੈ, ਉਹ ਪਰਮੇਸ਼ੁਰ ਨਾਲ ਅਤੇ ਪਰਮੇਸ਼ੁਰ ਉਸ ਨਾਲ ਏਕਤਾ ਵਿਚ ਬੱਝਾ ਰਹਿੰਦਾ ਹੈ। ਉਸ ਦੁਆਰਾ ਦਿੱਤੀ ਗਈ ਪਵਿੱਤਰ ਸ਼ਕਤੀ ਰਾਹੀਂ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਨਾਲ ਏਕਤਾ ਵਿਚ ਬੱਝਾ ਰਹਿੰਦਾ ਹੈ।