ਪ੍ਰਕਾਸ਼ ਦੀ ਕਿਤਾਬ
12 ਅਤੇ ਮੈਂ ਸਵਰਗ ਵਿਚ ਇਕ ਵੱਡਾ ਨਿਸ਼ਾਨ ਦੇਖਿਆ। ਇਕ ਤੀਵੀਂ ਨੇ ਸੂਰਜ ਪਹਿਨਿਆ ਹੋਇਆ ਸੀ ਅਤੇ ਚੰਦ ਉਸ ਦੇ ਪੈਰਾਂ ਹੇਠ ਸੀ ਅਤੇ ਉਸ ਦੇ ਸਿਰ ਉੱਤੇ ਬਾਰਾਂ ਤਾਰਿਆਂ ਵਾਲਾ ਇਕ ਮੁਕਟ ਸੀ। 2 ਉਹ ਤੀਵੀਂ ਗਰਭਵਤੀ ਸੀ ਅਤੇ ਜਣਨ-ਪੀੜਾਂ ਲੱਗੀਆਂ ਹੋਣ ਕਰਕੇ ਉਹ ਚੀਕਾਂ ਮਾਰ ਰਹੀ ਸੀ ਅਤੇ ਦਰਦ ਨਾਲ ਤੜਫ ਰਹੀ ਸੀ।
3 ਅਤੇ ਮੈਂ ਸਵਰਗ ਵਿਚ ਇਕ ਹੋਰ ਨਿਸ਼ਾਨੀ ਦੇਖੀ। ਇਕ ਗੂੜ੍ਹੇ ਲਾਲ ਰੰਗ ਦੇ ਅਜਗਰ ਨੇ, ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ ਅਤੇ ਉਸ ਦੇ ਸਿਰਾਂ ਉੱਤੇ ਸੱਤ ਮੁਕਟ ਸਨ, 4 ਆਪਣੀ ਪੂਛ ਨਾਲ ਆਕਾਸ਼ ਦੇ ਇਕ ਤਿਹਾਈ ਤਾਰੇ ਖਿੱਚ ਕੇ ਧਰਤੀ ਉੱਤੇ ਸੁੱਟ ਦਿੱਤੇ। ਅਤੇ ਉਹ ਅਜਗਰ ਤੀਵੀਂ ਦੇ ਸਾਮ੍ਹਣੇ ਖੜ੍ਹਾ ਰਿਹਾ, ਤਾਂਕਿ ਜਦੋਂ ਤੀਵੀਂ ਬੱਚੇ ਨੂੰ ਜਨਮ ਦੇਵੇ, ਉਦੋਂ ਹੀ ਉਹ ਉਸ ਦੇ ਬੱਚੇ ਨੂੰ ਨਿਗਲ ਜਾਵੇ।
5 ਅਤੇ ਉਸ ਤੀਵੀਂ ਨੇ ਇਕ ਮੁੰਡੇ ਨੂੰ, ਹਾਂ ਇਕ ਪੁੱਤਰ ਨੂੰ ਜਨਮ ਦਿੱਤਾ ਜਿਹੜਾ ਸਾਰੀਆਂ ਕੌਮਾਂ ਉੱਤੇ ਲੋਹੇ ਦੇ ਡੰਡੇ ਨਾਲ ਅਧਿਕਾਰ ਚਲਾਵੇਗਾ। ਅਤੇ ਤੀਵੀਂ ਦੇ ਬੱਚੇ ਨੂੰ ਪਰਮੇਸ਼ੁਰ ਕੋਲ ਅਤੇ ਉਸ ਦੇ ਸਿੰਘਾਸਣ ਕੋਲ ਲਿਆਂਦਾ ਗਿਆ। 6 ਅਤੇ ਤੀਵੀਂ ਉਜਾੜ ਵਿਚ ਭੱਜ ਗਈ ਜਿੱਥੇ ਪਰਮੇਸ਼ੁਰ ਨੇ ਉਸ ਲਈ ਇਕ ਜਗ੍ਹਾ ਤਿਆਰ ਕੀਤੀ ਸੀ, ਤਾਂਕਿ ਉੱਥੇ 1,260 ਦਿਨ ਉਸ ਨੂੰ ਖਿਲਾਇਆ-ਪਿਲਾਇਆ ਜਾਵੇ।
7 ਅਤੇ ਸਵਰਗ ਵਿਚ ਲੜਾਈ ਹੋਈ: ਮੀਕਾਏਲ ਅਤੇ ਉਸ ਦੇ ਦੂਤ ਅਜਗਰ ਨਾਲ ਲੜੇ ਅਤੇ ਅਜਗਰ ਨੇ ਵੀ ਆਪਣੇ ਦੂਤਾਂ ਸਣੇ ਉਨ੍ਹਾਂ ਨਾਲ ਲੜਾਈ ਕੀਤੀ, 8 ਪਰ ਅਜਗਰ ਹਾਰ ਗਿਆ ਅਤੇ ਸਵਰਗ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਵਾਸਤੇ ਬੰਦ ਕਰ ਦਿੱਤੇ ਗਏ। 9 ਸੋ ਉਸ ਵੱਡੇ ਅਜਗਰ ਨੂੰ, ਹਾਂ ਉਸ ਪੁਰਾਣੇ ਸੱਪ ਨੂੰ ਯਾਨੀ ਤੁਹਮਤਾਂ ਲਾਉਣ ਵਾਲੇ ਸ਼ੈਤਾਨ ਨੂੰ ਜਿਹੜਾ ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ, ਧਰਤੀ ਉੱਤੇ ਸੁੱਟ ਦਿੱਤਾ ਗਿਆ ਅਤੇ ਉਸ ਦੇ ਦੂਤ ਵੀ ਉਸ ਦੇ ਨਾਲ ਥੱਲੇ ਸੁੱਟ ਦਿੱਤੇ ਗਏ। 10 ਅਤੇ ਮੈਂ ਸਵਰਗ ਵਿਚ ਇਕ ਉੱਚੀ ਆਵਾਜ਼ ਸੁਣੀ ਜਿਸ ਨੇ ਕਿਹਾ:
“ਦੇਖੋ! ਸਾਡੇ ਪਰਮੇਸ਼ੁਰ ਨੇ ਲੋਕਾਂ ਨੂੰ ਮੁਕਤੀ ਦਿੱਤੀ ਹੈ, ਉਸ ਦੀ ਤਾਕਤ ਦੀ ਜਿੱਤ ਹੋਈ ਹੈ ਅਤੇ ਉਸ ਦਾ ਰਾਜ ਸ਼ੁਰੂ ਹੋ ਗਿਆ ਹੈ ਅਤੇ ਮਸੀਹ ਨੇ ਆਪਣਾ ਅਧਿਕਾਰ ਵਰਤਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਪਰਮੇਸ਼ੁਰ ਸਾਮ੍ਹਣੇ ਸਾਡੇ ਭਰਾਵਾਂ ਉੱਤੇ ਦਿਨ-ਰਾਤ ਦੋਸ਼ ਲਾਉਣ ਵਾਲੇ ਨੂੰ ਥੱਲੇ ਸੁੱਟ ਦਿੱਤਾ ਗਿਆ ਹੈ! 11 ਅਤੇ ਉਨ੍ਹਾਂ ਨੇ ਲੇਲੇ ਦੇ ਲਹੂ ਦੀ ਤਾਕਤ ਨਾਲ ਅਤੇ ਆਪਣੇ ਸੰਦੇਸ਼ ਰਾਹੀਂ, ਜਿਸ ਦਾ ਉਨ੍ਹਾਂ ਨੇ ਪ੍ਰਚਾਰ ਕੀਤਾ ਸੀ, ਉਸ ਉੱਤੇ ਜਿੱਤ ਹਾਸਲ ਕੀਤੀ ਅਤੇ ਮੌਤ ਦਾ ਸਾਮ੍ਹਣਾ ਕਰਦੇ ਹੋਏ ਵੀ ਉਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕੀਤੀ। 12 ਇਸ ਕਰਕੇ, ਸਵਰਗ ਵਿਚ ਰਹਿਣ ਵਾਲਿਓ, ਖ਼ੁਸ਼ੀਆਂ ਮਨਾਓ! ਧਰਤੀ ਅਤੇ ਸਮੁੰਦਰ ਉੱਤੇ ਹਾਇ! ਹਾਇ! ਕਿਉਂਕਿ ਸ਼ੈਤਾਨ ਥੱਲੇ ਤੁਹਾਡੇ ਕੋਲ ਆ ਗਿਆ ਹੈ ਅਤੇ ਉਹ ਬਹੁਤ ਗੁੱਸੇ ਵਿਚ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਕੋਲ ਥੋੜ੍ਹਾ ਹੀ ਸਮਾਂ ਹੈ।”
13 ਜਦੋਂ ਅਜਗਰ ਨੇ ਦੇਖਿਆ ਕਿ ਉਸ ਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ ਸੀ, ਤਾਂ ਉਸ ਨੇ ਤੀਵੀਂ ਉੱਤੇ ਜ਼ੁਲਮ ਕੀਤੇ ਜਿਸ ਨੇ ਮੁੰਡੇ ਨੂੰ ਜਨਮ ਦਿੱਤਾ ਸੀ। 14 ਪਰ ਉਸ ਤੀਵੀਂ ਨੂੰ ਵੱਡੇ ਉਕਾਬ ਦੇ ਦੋ ਖੰਭ ਦਿੱਤੇ ਗਏ, ਤਾਂਕਿ ਉਹ ਉੱਡ ਕੇ ਉਜਾੜ ਵਿਚ ਉਸ ਜਗ੍ਹਾ ਚਲੀ ਜਾਵੇ ਜਿਹੜੀ ਉਸ ਲਈ ਤਿਆਰ ਕੀਤੀ ਗਈ ਹੈ; ਉੱਥੇ ਸੱਪ ਤੋਂ ਦੂਰ ਇਕ ਸਮਾਂ, ਦੋ ਸਮੇਂ ਅਤੇ ਅੱਧਾ ਸਮਾਂ* ਉਸ ਨੂੰ ਖਿਲਾਇਆ-ਪਿਲਾਇਆ ਜਾਂਦਾ ਹੈ।
15 ਅਤੇ ਸੱਪ ਨੇ ਤੀਵੀਂ ਦੇ ਪਿੱਛੇ ਪੈ ਕੇ ਆਪਣੇ ਮੂੰਹੋਂ ਪਾਣੀ ਦਾ ਦਰਿਆ ਵਗਾਇਆ ਤਾਂਕਿ ਤੀਵੀਂ ਦਰਿਆ ਵਿਚ ਡੁੱਬ ਕੇ ਮਰ ਜਾਵੇ। 16 ਪਰ ਧਰਤੀ ਨੇ ਤੀਵੀਂ ਦੀ ਮਦਦ ਕੀਤੀ ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਦਰਿਆ ਦਾ ਸਾਰਾ ਪਾਣੀ ਪੀ ਲਿਆ ਜਿਹੜਾ ਅਜਗਰ ਨੇ ਆਪਣੇ ਮੂੰਹੋਂ ਵਗਾਇਆ ਸੀ। 17 ਅਤੇ ਅਜਗਰ ਨੂੰ ਤੀਵੀਂ ਉੱਤੇ ਬੜਾ ਗੁੱਸਾ ਆਇਆ ਅਤੇ ਉਹ ਉਸ ਦੀ ਸੰਤਾਨ ਵਿੱਚੋਂ ਬਾਕੀਆਂ ਨਾਲ ਲੜਨ ਲਈ ਨਿਕਲਿਆ ਜਿਹੜੇ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ ਅਤੇ ਜਿਨ੍ਹਾਂ ਨੂੰ ਯਿਸੂ ਬਾਰੇ ਗਵਾਹੀ ਦੇਣ ਦਾ ਕੰਮ ਸੌਂਪਿਆ ਗਿਆ ਹੈ।