ਪਹਿਲਾ ਸਮੂਏਲ
5 ਜਦ ਫਲਿਸਤੀਆਂ ਨੇ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਕਬਜ਼ੇ ਵਿਚ ਲੈ ਲਿਆ,+ ਤਾਂ ਉਹ ਇਸ ਨੂੰ ਅਬਨ-ਅਜ਼ਰ ਤੋਂ ਅਸ਼ਦੋਦ ਲੈ ਆਏ। 2 ਫਲਿਸਤੀ ਸੱਚੇ ਪਰਮੇਸ਼ੁਰ ਦਾ ਸੰਦੂਕ ਚੁੱਕ ਕੇ ਆਪਣੇ ਦੇਵਤੇ ਦਾਗੋਨ ਦੇ ਘਰ* ਲੈ ਆਏ ਅਤੇ ਉਸ ਨੂੰ ਦਾਗੋਨ ਦੇ ਬੁੱਤ ਦੇ ਕੋਲ ਰੱਖ ਦਿੱਤਾ।+ 3 ਅਗਲੇ ਦਿਨ ਜਦ ਅਸ਼ਦੋਦੀ ਸਵੇਰੇ ਜਲਦੀ ਉੱਠੇ, ਤਾਂ ਦਾਗੋਨ ਦਾ ਬੁੱਤ ਯਹੋਵਾਹ ਦੇ ਸੰਦੂਕ ਦੇ ਅੱਗੇ ਮੂੰਹ ਪਰਨੇ ਜ਼ਮੀਨ ʼਤੇ ਡਿਗਿਆ ਪਿਆ ਸੀ।+ ਇਸ ਲਈ ਉਨ੍ਹਾਂ ਨੇ ਦਾਗੋਨ ਦਾ ਬੁੱਤ ਚੁੱਕ ਕੇ ਉਸ ਨੂੰ ਉਸ ਦੀ ਜਗ੍ਹਾ ʼਤੇ ਰੱਖ ਦਿੱਤਾ।+ 4 ਜਦ ਉਹ ਅਗਲੇ ਦਿਨ ਸਵੇਰੇ ਜਲਦੀ ਉੱਠੇ, ਤਾਂ ਦਾਗੋਨ ਦਾ ਬੁੱਤ ਫਿਰ ਯਹੋਵਾਹ ਦੇ ਸੰਦੂਕ ਦੇ ਅੱਗੇ ਮੂੰਹ ਪਰਨੇ ਜ਼ਮੀਨ ʼਤੇ ਡਿਗਿਆ ਪਿਆ ਸੀ। ਦਾਗੋਨ ਦਾ ਸਿਰ ਅਤੇ ਉਸ ਦੇ ਦੋਵੇਂ ਹੱਥ ਕੱਟੇ ਹੋਏ ਸਨ ਅਤੇ ਦਹਿਲੀਜ਼ ʼਤੇ ਪਏ ਸਨ। ਸਿਰਫ਼ ਉਸ ਦਾ ਧੜ, ਜੋ ਮੱਛੀ ਵਰਗਾ ਲੱਗਦਾ ਸੀ,* ਖੜ੍ਹਾ ਸੀ। 5 ਇਸੇ ਕਰਕੇ ਅੱਜ ਦੇ ਦਿਨ ਤਕ ਦਾਗੋਨ ਦੇ ਪੁਜਾਰੀ ਅਤੇ ਉਹ ਸਾਰੇ ਜੋ ਅਸ਼ਦੋਦ ਵਿਚ ਦਾਗੋਨ ਦੇ ਘਰ ਜਾਂਦੇ ਹਨ, ਦਾਗੋਨ ਦੀ ਦਹਿਲੀਜ਼ ʼਤੇ ਪੈਰ ਨਹੀਂ ਰੱਖਦੇ।
6 ਅਸ਼ਦੋਦੀਆਂ ਨੂੰ ਯਹੋਵਾਹ ਦੇ ਹੱਥੋਂ ਸਖ਼ਤ ਸਜ਼ਾ ਮਿਲੀ* ਅਤੇ ਉਸ ਨੇ ਅਸ਼ਦੋਦ ਅਤੇ ਉਸ ਦੇ ਇਲਾਕਿਆਂ ਵਿਚ ਬਵਾਸੀਰ ਦੀ ਬੀਮਾਰੀ ਫੈਲਾ ਕੇ ਉਨ੍ਹਾਂ ਉੱਤੇ ਬਿਪਤਾ ਲਿਆਂਦੀ।+ 7 ਜਦੋਂ ਅਸ਼ਦੋਦ ਦੇ ਆਦਮੀਆਂ ਨੇ ਇਹ ਸਭ ਹੁੰਦਾ ਦੇਖਿਆ, ਤਾਂ ਉਨ੍ਹਾਂ ਨੇ ਕਿਹਾ: “ਆਓ ਅਸੀਂ ਇਜ਼ਰਾਈਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਆਪਣੇ ਕੋਲ ਨਾ ਰਹਿਣ ਦੇਈਏ ਕਿਉਂਕਿ ਉਸ ਦੇ ਹੱਥੋਂ ਸਾਡਾ ਅਤੇ ਸਾਡੇ ਦੇਵਤੇ ਦਾਗੋਨ ਦਾ ਬਹੁਤ ਬੁਰਾ ਹਾਲ ਹੋਇਆ ਹੈ।” 8 ਇਸ ਲਈ ਉਨ੍ਹਾਂ ਨੇ ਫਲਿਸਤੀਆਂ ਦੇ ਸਾਰੇ ਹਾਕਮਾਂ ਨੂੰ ਬੁਲਾ ਕੇ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਪੁੱਛਿਆ: “ਅਸੀਂ ਇਜ਼ਰਾਈਲ ਦੇ ਪਰਮੇਸ਼ੁਰ ਦੇ ਸੰਦੂਕ ਦਾ ਕੀ ਕਰੀਏ?” ਉਨ੍ਹਾਂ ਨੇ ਜਵਾਬ ਦਿੱਤਾ: “ਇਜ਼ਰਾਈਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਗਥ ਵਿਚ ਲੈ ਜਾਓ।”+ ਇਸ ਲਈ ਉਹ ਇਜ਼ਰਾਈਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਉੱਥੇ ਲੈ ਗਏ।
9 ਜਦੋਂ ਉਹ ਸੰਦੂਕ ਨੂੰ ਉੱਥੇ ਲੈ ਗਏ, ਤਾਂ ਉਸ ਤੋਂ ਬਾਅਦ ਉਸ ਸ਼ਹਿਰ ਖ਼ਿਲਾਫ਼ ਯਹੋਵਾਹ ਦਾ ਹੱਥ ਉੱਠਿਆ ਜਿਸ ਕਰਕੇ ਸਾਰੇ ਸ਼ਹਿਰ ਵਿਚ ਦਹਿਸ਼ਤ ਫੈਲ ਗਈ। ਉਸ ਨੇ ਸ਼ਹਿਰ ਦੇ ਆਦਮੀਆਂ ਨੂੰ, ਛੋਟੇ ਤੋਂ ਲੈ ਕੇ ਵੱਡੇ ਤਕ, ਬਵਾਸੀਰ ਦੀ ਬੀਮਾਰੀ ਲਾ ਦਿੱਤੀ।+ 10 ਇਸ ਕਰਕੇ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਅਕਰੋਨ+ ਵਿਚ ਭੇਜ ਦਿੱਤਾ। ਪਰ ਸੱਚੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਪਹੁੰਚਦੇ ਸਾਰ ਹੀ ਅਕਰੋਨੀਆਂ ਨੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ: “ਉਹ ਇਜ਼ਰਾਈਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਇਸ ਲਈ ਸਾਡੇ ਕੋਲ ਲੈ ਆਏ ਹਨ ਤਾਂਕਿ ਅਸੀਂ ਅਤੇ ਸਾਡੇ ਲੋਕ ਮਾਰੇ ਜਾਈਏ!”+ 11 ਫਿਰ ਉਨ੍ਹਾਂ ਨੇ ਫਲਿਸਤੀਆਂ ਦੇ ਸਾਰੇ ਹਾਕਮਾਂ ਨੂੰ ਬੁਲਾ ਕੇ ਇਕੱਠਾ ਕੀਤਾ ਅਤੇ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਦੂਰ ਭੇਜ ਦਿਓ; ਉਸ ਨੂੰ ਉਸ ਦੀ ਜਗ੍ਹਾ ʼਤੇ ਵਾਪਸ ਭੇਜ ਦਿਓ ਤਾਂਕਿ ਅਸੀਂ ਅਤੇ ਸਾਡੇ ਲੋਕ ਮਾਰੇ ਨਾ ਜਾਈਏ।” ਸਾਰੇ ਸ਼ਹਿਰ ਵਿਚ ਮੌਤ ਦਾ ਖ਼ੌਫ਼ ਛਾਇਆ ਹੋਇਆ ਸੀ; ਸੱਚੇ ਪਰਮੇਸ਼ੁਰ ਦੇ ਹੱਥੋਂ ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲੀ ਸੀ*+ 12 ਅਤੇ ਜਿਹੜੇ ਆਦਮੀ ਨਹੀਂ ਮਰੇ ਸਨ, ਉਨ੍ਹਾਂ ਨੂੰ ਬਵਾਸੀਰ ਦੀ ਬੀਮਾਰੀ ਦੀ ਮਾਰ ਝੱਲਣੀ ਪਈ। ਅਤੇ ਮਦਦ ਲਈ ਸ਼ਹਿਰ ਦੀ ਦੁਹਾਈ ਆਕਾਸ਼ ਤਕ ਪਹੁੰਚ ਗਈ।