1 ਯੂਨਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ (יהוה)
(ਪੁਰਾਣੀਆਂ ਲਿਖਤਾਂ ਦੇ 12 ਟੁਕੜਿਆਂ ਵਿੱਚੋਂ ਸਬੂਤ)
ਬਾਈਬਲ ਦੇ ਕਈ ਅਨੁਵਾਦਾਂ ਵਿਚ ਪਰਮੇਸ਼ੁਰ ਦਾ ਨਾਂ ਨਹੀਂ ਵਰਤਿਆ ਗਿਆ ਹੈ। ਪਰ ਮੁਢਲੀਆਂ ਇਬਰਾਨੀ ਲਿਖਤਾਂ ਵਿਚ ਇਹ ਨਾਂ ਲਗਭਗ 7,000 ਵਾਰੀ ਵਰਤਿਆ ਗਿਆ ਸੀ। ਇਸ ਨੂੰ ਚਾਰ ਇਬਰਾਨੀ ਅੱਖਰਾਂ יהוה ਨਾਲ ਲਿਖਿਆ ਜਾਂਦਾ ਸੀ ਜਿਨ੍ਹਾਂ ਨੂੰ ਆਮ ਕਰਕੇ “ਟੈਟ੍ਰਾਗ੍ਰਾਮਟਨ” (ਚੌ-ਵਰਣੀ ਸ਼ਬਦ) ਕਿਹਾ ਜਾਂਦਾ ਹੈ। ਅੰਗ੍ਰੇਜ਼ੀ ਵਿਚ ਇਸ ਨੂੰ YHWH (ਜਾਂ, JHVH) ਲਿਖਿਆ ਜਾਂਦਾ ਹੈ। ਅੱਜ ਇਹ ਨਹੀਂ ਪਤਾ ਹੈ ਕਿ ਇਹ ਨਾਂ ਕਿਵੇਂ ਉਚਾਰਿਆ ਜਾਣਾ ਚਾਹੀਦਾ ਹੈ, ਪਰ ਅੱਜ-ਕੱਲ੍ਹ ਆਮ ਕਰਕੇ “ਯਹੋਵਾਹ” ਵਰਤਿਆ ਜਾਂਦਾ ਹੈ। ਇਸ ਦਾ ਛੋਟਾ ਰੂਪ ਹੈ “ਯਾਹ,” ਅਤੇ ਇਹ ਯੂਨਾਨੀ ਲਿਖਤਾਂ ਵਿਚ ਕਈ ਲੋਕਾਂ ਦੇ ਨਾਵਾਂ ਦਾ ਹਿੱਸਾ ਹੈ, ਮਿਸਾਲ ਲਈ ਏਲੀਯਾਹ ਨਬੀ। ਨਾਲੇ ਇਹ “ਹਲਲੂਯਾਹ” ਸ਼ਬਦ ਦਾ ਵੀ ਹਿੱਸਾ ਹੈ ਜਿਸ ਦਾ ਮਤਲਬ ਹੈ “ਯਾਹ ਦੀ ਜੈ-ਜੈਕਾਰ ਕਰੋ!”—ਪ੍ਰਕਾਸ਼ ਦੀ ਕਿਤਾਬ 19:1, 3, 4, 6.
ਯੂਨਾਨੀ ਲਿਖਤਾਂ ਨੂੰ ਬਾਅਦ ਵਿਚ ਪਵਿੱਤਰ ਇਬਰਾਨੀ ਲਿਖਤਾਂ ਦੇ ਨਾਲ ਜੋੜਿਆ ਗਿਆ ਸੀ, ਪਰ ਇਹ ਦੋਵੇਂ ਇੱਕੋ ਕਿਤਾਬ ਦਾ ਹਿੱਸਾ ਹਨ ਅਤੇ ਦੋਵੇਂ ਹਿੱਸੇ ਪਰਮੇਸ਼ੁਰ ਵੱਲੋਂ ਹਨ। ਇਸ ਲਈ ਜੇ ਇਬਰਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਸੀ, ਤਾਂ ਇਹ ਬਹੁਤ ਅਜੀਬ ਗੱਲ ਹੈ ਕਿ ਯੂਨਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ ਨਹੀਂ ਵਰਤਿਆ ਗਿਆ। ਇਹ ਵੀ ਯਾਦ ਰੱਖੋ ਕਿ ਚੇਲੇ ਯਾਕੂਬ ਨੇ 49 ਈ. ਵਿਚ ਯਰੂਸ਼ਲਮ ਵਿਚ ਇਕੱਠੇ ਹੋਏ ਰਸੂਲਾਂ ਅਤੇ ਬਜ਼ੁਰਗਾਂ ਨੂੰ ਕਿਹਾ ਸੀ: “ਪਤਰਸ ਨੇ ਖੋਲ੍ਹ ਕੇ ਦੱਸਿਆ ਕਿ ਕਿਵੇਂ ਪਰਮੇਸ਼ੁਰ ਨੇ ਪਹਿਲੀ ਵਾਰ ਗ਼ੈਰ-ਯਹੂਦੀ ਕੌਮਾਂ ਵੱਲ ਧਿਆਨ ਦਿੱਤਾ ਤਾਂਕਿ ਉਹ ਉਨ੍ਹਾਂ ਲੋਕਾਂ ਨੂੰ ਆਪਣਾ ਨਾਂ ਦੇਵੇ।” (ਰਸੂਲਾਂ ਦੇ ਕੰਮ 15:14) ਫਿਰ ਉਸ ਨੇ ਆਮੋਸ 9:11, 12 ਦਾ ਹਵਾਲਾ ਦਿੱਤਾ ਜਿੱਥੇ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਹੈ। ਜੇ ਮਸੀਹੀਆਂ ਨੂੰ ਪਰਮੇਸ਼ੁਰ ਦਾ ਨਾਂ ਦਿੱਤਾ ਜਾਣਾ ਹੈ, ਤਾਂ ਇਹ ਨਾਂ ਯੂਨਾਨੀ ਲਿਖਤਾਂ ਵਿੱਚੋਂ ਕਿਉਂ ਮਿਟਾਇਆ ਗਿਆ ਸੀ?
ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਪਰਮੇਸ਼ੁਰ ਦਾ ਨਾਂ ਯੂਨਾਨੀ ਲਿਖਤਾਂ ਵਿੱਚੋਂ ਇਸ ਲਈ ਕੱਢਿਆ ਗਿਆ ਸੀ ਕਿਉਂਕਿ ਇਹ ਯੂਨਾਨੀ ਸੈਪਟੁਜਿੰਟ ਅਨੁਵਾਦ ਵਿਚ ਨਹੀਂ ਸੀ। ਸੈਪਟੁਜਿੰਟ ਇਬਰਾਨੀ ਲਿਖਤਾਂ ਦਾ ਯੂਨਾਨੀ ਅਨੁਵਾਦ ਹੈ ਜੋ ਲਗਭਗ 280 ਈ.ਪੂ. ਵਿਚ ਸ਼ੁਰੂ ਕੀਤਾ ਗਿਆ ਸੀ। ਬਹੁਤ ਸਾਲਾਂ ਤੋਂ ਵਿਦਵਾਨਾਂ ਕੋਲ ਸੈਪਟੁਜਿੰਟ ਦੀਆਂ ਉਹੀ ਕਾਪੀਆਂ ਸਨ ਜੋ ਚੌਥੀ ਅਤੇ ਪੰਜਵੀਂ ਸਦੀ ਈ. ਵਿਚ ਤਿਆਰ ਕੀਤੀਆਂ ਗਈਆਂ ਸਨa ਅਤੇ ਉਨ੍ਹਾਂ ਵਿਚ ਪਰਮੇਸ਼ੁਰ ਦੇ ਨਾਂ ਦੀ ਜਗ੍ਹਾ ਯੂਨਾਨੀ ਸ਼ਬਦ “ਕਿਰਿਓਸ” (ਪ੍ਰਭੂ) ਅਤੇ “ਥੀਓਸ” (ਪਰਮੇਸ਼ੁਰ) ਇਸਤੇਮਾਲ ਕੀਤੇ ਗਏ ਸਨ।
ਪਰ ਬਾਅਦ ਵਿਚ ਸੈਪਟੁਜਿੰਟ ਦੀਆਂ ਬਹੁਤ ਪੁਰਾਣੀਆਂ ਕਾਪੀਆਂ ਦੇ ਹਿੱਸੇ ਲੱਭੇ ਜਿਨ੍ਹਾਂ ਵਿਚ ਪਰਮੇਸ਼ੁਰ ਦਾ ਨਾਂ ਇਬਰਾਨੀ ਅੱਖਰਾਂ ਵਿਚ ਵਰਤਿਆ ਗਿਆ ਸੀ। ਇਹ ਹਿੱਸੇb ਬਿਵਸਥਾ ਸਾਰ ਦੀ ਕਿਤਾਬ ਵਿੱਚੋਂ ਹਨ ਅਤੇ ਉਨ੍ਹਾਂ ਵਿਚ ਪਰਮੇਸ਼ੁਰ ਦੇ ਨਾਂ ਦੀ ਜਗ੍ਹਾ “ਕਿਰਿਓਸ” ਜਾਂ “ਥੀਓਸ” ਕਿਤੇ ਵੀ ਨਹੀਂ ਵਰਤਿਆ ਗਿਆ, ਸਗੋਂ ਪਰਮੇਸ਼ੁਰ ਦਾ ਨਾਂ ਚਾਰ ਇਬਰਾਨੀ ਅੱਖਰਾਂ (יהוה) ਵਿਚ ਲਿਖਿਆ ਗਿਆ ਹੈ।
ਵਿਦਵਾਨ ਕਹਿੰਦੇ ਹਨ ਕਿ ਇਹ ਟੁਕੜੇ ਪਹਿਲੀ ਸਦੀ ਈ.ਪੂ. ਦੇ ਹਨ ਯਾਨੀ ਸੈਪਟੁਜਿੰਟ ਦੇ ਅਨੁਵਾਦ ਦੇ ਸ਼ੁਰੂ ਹੋਣ ਤੋਂ 200 ਕੁ ਸਾਲ ਬਾਅਦ ਦੇ। ਇਸ ਤੋਂ ਸਬੂਤ ਮਿਲਦਾ ਹੈ ਕਿ ਪਹਿਲੇ ਸੈਪਟੁਜਿੰਟ ਅਨੁਵਾਦ ਵਿਚ ਪਰਮੇਸ਼ੁਰ ਦਾ ਨਾਂ ਉਨ੍ਹਾਂ ਸਾਰੀਆਂ ਥਾਵਾਂ ਵਿਚ ਆਉਂਦਾ ਸੀ ਜਿੱਥੇ ਉਹ ਮੁਢਲੀਆਂ ਇਬਰਾਨੀ ਲਿਖਤਾਂ ਵਿਚ ਵਰਤਿਆ ਗਿਆ ਸੀ।
ਤਾਂ ਫਿਰ, ਕੀ ਯਿਸੂ ਅਤੇ ਉਸ ਦੇ ਚੇਲਿਆਂ ਕੋਲ ਯੂਨਾਨੀ ਸੈਪਟੁਜਿੰਟ ਦੀਆਂ ਕਾਪੀਆਂ ਸਨ, ਜਿਨ੍ਹਾਂ ਵਿਚ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਸੀ? ਹਾਂ! ਮਸੀਹ ਅਤੇ ਉਸ ਦੇ ਰਸੂਲਾਂ ਤੋਂ ਸਦੀਆਂ ਬਾਅਦ ਵੀ ਪਰਮੇਸ਼ੁਰ ਦਾ ਨਾਂ ਸੈਪਟੁਜਿੰਟ ਵਿਚ ਸੀ। 100-150 ਈ. ਦੇ ਦਰਮਿਆਨ ਅਕੂਲਾ ਨਾਂ ਦੇ ਆਦਮੀ ਨੇ ਯੂਨਾਨੀ ਵਿਚ ਬਾਈਬਲ ਦਾ ਅਨੁਵਾਦ ਕੀਤਾ ਸੀ ਅਤੇ ਉਸ ਵਿਚ ਉਸ ਨੇ ਪੁਰਾਣੇ ਇਬਰਾਨੀ ਅੱਖਰਾਂ ਵਿਚ ਪਰਮੇਸ਼ੁਰ ਦਾ ਨਾਂ ਪਾਇਆ ਸੀ।
ਜਰੋਮ ਨਾਂ ਦਾ ਇਕ ਆਦਮੀ 347 ਅਤੇ 420 ਈ. ਦੌਰਾਨ ਰਹਿੰਦਾ ਸੀ। ਉਹ ਲਾਤੀਨੀ ਵਲਗੇਟ ਤਿਆਰ ਕਰਨ ਵਾਲਿਆਂ ਵਿੱਚੋਂ ਮੁੱਖ ਅਨੁਵਾਦਕ ਸੀ। ਉਸ ਨੇ ਕਿਹਾ: “ਅਸੀਂ ਅੱਜ ਵੀ ਕੁਝ ਯੂਨਾਨੀ ਬਾਈਬਲਾਂ ਵਿਚ ਪਰਮੇਸ਼ੁਰ ਦਾ ਨਾਂ [יהוה] ਪੁਰਾਣੇ ਅੱਖਰਾਂ ਵਿਚ ਦੇਖ ਸਕਦੇ ਹਾਂ।” ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਰੋਮ ਦੇ ਸਮੇਂ ਤਕ ਇਬਰਾਨੀ ਲਿਖਤਾਂ ਦੇ ਯੂਨਾਨੀ ਅਨੁਵਾਦ ਮੌਜੂਦ ਸਨ ਜਿਨ੍ਹਾਂ ਵਿਚ ਪਰਮੇਸ਼ੁਰ ਦਾ ਨਾਂ ਚਾਰ ਇਬਰਾਨੀ ਅੱਖਰਾਂ ਨਾਲ ਲਿਖਿਆ ਗਿਆ ਸੀ।
ਯਿਸੂ ਅਤੇ ਉਸ ਦੇ ਚੇਲਿਆਂ ਨੇ ਇਬਰਾਨੀ ਲਿਖਤਾਂ ਜਾਂ ਯੂਨਾਨੀ ਸੈਪਟੁਜਿੰਟ ਵਿੱਚੋਂ ਪੜ੍ਹਦਿਆਂ ਪਰਮੇਸ਼ੁਰ ਦਾ ਨਾਂ, יהוה, ਜ਼ਰੂਰ ਦੇਖਿਆ ਹੋਣਾ। ਉਨ੍ਹਾਂ ਦੇ ਜ਼ਮਾਨੇ ਵਿਚ ਯਹੂਦੀਆਂ ਦੀ ਇਹ ਰੀਤ ਸੀ ਕਿ ਜਦੋਂ ਵੀ ਇਹ ਅੱਖਰ ਆਉਂਦੇ ਸਨ, ਤਾਂ ਉਹ ਸਰਬਸ਼ਕਤੀਮਾਨ ਪ੍ਰਭੂ (ਇਬਰਾਨੀ ਵਿਚ “ਅਦੋਨਾਈ”) ਕਹਿੰਦੇ ਸਨ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਤੀਜੇ ਹੁਕਮ ਨੂੰ ਤੋੜ ਕੇ ਉਹ ਪਰਮੇਸ਼ੁਰ ਦੇ ਨਾਂ ਦਾ ਨਿਰਾਦਰ ਨਾ ਕਰ ਦੇਣ। (ਕੂਚ 20:7) ਤੁਹਾਡੇ ਖ਼ਿਆਲ ਵਿਚ ਕੀ ਯਿਸੂ ਅਤੇ ਉਸ ਦੇ ਚੇਲੇ ਇਸ ਰੀਤ ਮੁਤਾਬਕ ਚੱਲਦੇ ਸਨ? ਜਦੋਂ ਯਿਸੂ ਨੇ ਨਾਸਰਤ ਦੇ ਸਭਾ ਘਰ ਵਿਚ ਖੜ੍ਹ ਕੇ ਯਸਾਯਾਹ ਦੀ ਪੋਥੀ ਵਿੱਚੋਂ ਕੁਝ ਆਇਤਾਂ ਪੜ੍ਹੀਆਂ ਸਨ, (61:1, 2) ਜਿੱਥੇ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਹੈ, ਤਾਂ ਕੀ ਉਸ ਨੇ ਪਰਮੇਸ਼ੁਰ ਦਾ ਨਾਂ ਵਰਤਣ ਤੋਂ ਇਨਕਾਰ ਕੀਤਾ ਸੀ? ਨਹੀਂ, ਕਿਉਂਕਿ ਸਾਨੂੰ ਪਤਾ ਹੈ ਕਿ ਯਿਸੂ ਯਹੂਦੀਆਂ ਦੇ ਰੀਤਾਂ-ਰਿਵਾਜਾਂ ਅਨੁਸਾਰ ਨਹੀਂ ਚੱਲਦਾ ਸੀ ਜਿਹੜੇ ਪਰਮੇਸ਼ੁਰ ਦੇ ਬਚਨ ਦੇ ਖ਼ਿਲਾਫ਼ ਸਨ। ਉਸ ਦੇ ਸਾਰੇ ਚੇਲੇ ਸੁਣ ਰਹੇ ਸਨ ਜਦੋਂ ਉਸ ਨੇ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਵਿਚ ਇਕ ਵਾਰੀ ਕਿਹਾ: “ਮੈਂ ਉਨ੍ਹਾਂ ਲੋਕਾਂ ਸਾਮ੍ਹਣੇ ਤੇਰਾ ਨਾਂ ਪ੍ਰਗਟ ਕੀਤਾ ਹੈ ਜਿਨ੍ਹਾਂ ਨੂੰ ਤੂੰ ਦੁਨੀਆਂ ਵਿੱਚੋਂ ਮੇਰੇ ਹੱਥ ਸੌਂਪਿਆ ਹੈ। . . . ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ ਅਤੇ ਦੱਸਦਾ ਰਹਾਂਗਾ।”—ਯੂਹੰਨਾ 17:6, 26.
a ਇਨ੍ਹਾਂ ਕਾਪੀਆਂ ਦੇ ਨਾਂ ਹਨ: ਵੈਟੀਕਨ ਹੱਥ-ਲਿਖਤ 1209, ਕੋਡੈਕਸ ਸਿਨੈਟਿਕਸ, ਅਤੇ ਕੋਡੈਕਸ ਐਲੈਗਸੈਂਡ੍ਰੀਨਸ।
b ਇਨ੍ਹਾਂ 12 ਟੁਕੜਿਆਂ ਦੀਆਂ ਤਸਵੀਰਾਂ ਸਫ਼ੇ 654, 655 ਉੱਤੇ ਦੇਖੋ। ਇਨ੍ਹਾਂ 12 ਟੁਕੜਿਆਂ ਦੇ ਨਾਲ ਨੰਬਰ ਦਿੱਤੇ ਗਏ ਹਨ ਅਤੇ ਜਿੱਥੇ ਇਬਰਾਨੀ ਵਿਚ ਪਰਮੇਸ਼ੁਰ ਦਾ ਨਾਂ ਆਉਂਦਾ ਹੈ, ਉੱਥੇ ਇਸ ਦੁਆਲੇ ਲਕੀਰ ਵਾਹੀ ਗਈ ਹੈ। ਨੰ. 1, ਬਿਵਸਥਾ ਸਾਰ 31:28 ਤੋਂ 32:7, ਪਰਮੇਸ਼ੁਰ ਦਾ ਨਾਂ ਲਾਈਨ 7 ਅਤੇ 15 ʼਤੇ; ਨੰ. 2 (ਬਿਵ 31:29, 30) ਲਾਈਨ 6 ʼਤੇ; ਨੰ. 3 (ਬਿਵ 20:12-14, 17-19) ਲਾਈਨ 3 ਅਤੇ 7 ʼਤੇ; ਨੰ. 4 (ਬਿਵ 31:26) ਲਾਈਨ 1 ʼਤੇ; ਨੰ. 5 (ਬਿਵ 31:27, 28) ਲਾਈਨ 5 ʼਤੇ; ਨੰ. 6 (ਬਿਵ 27:1-3) ਲਾਈਨ 5 ʼਤੇ; ਨੰ. 7 (ਬਿਵ 25:15-17) ਲਾਈਨ 3 ʼਤੇ; ਨੰ. 8 (ਬਿਵ 24:4) ਲਾਈਨ 5 ʼਤੇ; ਨੰ. 9 (ਬਿਵ 24:8-10) ਲਾਈਨ 3 ʼਤੇ; ਨੰ. 10 (ਬਿਵ 26:2, 3) ਲਾਈਨ 1 ʼਤੇ; ਨੰ. 11 ਦੋ ਹਿੱਸਿਆਂ ਵਿਚ (ਬਿਵ 18:4-6) ਲਾਈਨ 5 ਅਤੇ 6 ʼਤੇ; ਨੰ. 12 (ਬਿਵ 18:15, 16) ਲਾਈਨ 3 ʼਤੇ।
[ਸਫ਼ੇ 654, 655 ਉੱਤੇ ਤਸਵੀਰਾਂ]
[ਨਵੀਂ ਦੁਨੀਆਂ ਅਨੁਵਾਦ ਦੇ ਸਫ਼ੇ 654 ਤੇ 655 ਉੱਤੇ ਸੈਪਟੁਜਿੰਟ ਦੀਆਂ ਪੁਰਾਣੀਆਂ ਕਾਪੀਆਂ ਵਿਚ ਬਿਵਸਥਾ ਸਾਰ ਦੇ ਟੁਕੜਿਆਂ ਦੀਆਂ ਤਸਵੀਰਾਂ ਦੇਖੋ]।