ਔਰਤਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਲੰਬੀ ਪਰ ਜ਼ਰੂਰੀ ਤੌਰ ਤੇ ਬਿਹਤਰ ਨਹੀਂ
ਸੰਸਾਰ ਭਰ ਵਿਚ ਔਰਤਾਂ ਅੱਗੇ ਨਾਲੋਂ ਵੱਡੀ ਉਮਰ ਤੇ ਵਿਆਹ ਕਰ ਰਹੀਆਂ ਹਨ, ਘੱਟ ਬੱਚੇ ਪੈਦਾ ਕਰ ਰਹੀਆਂ ਹਨ, ਅਤੇ ਜ਼ਿਆਦਾ ਲੰਬੀ ਜ਼ਿੰਦਗੀ ਬਤੀਤ ਕਰ ਰਹੀਆਂ ਹਨ। “ਔਰਤਾਂ ਦੇ ਜੀਵਨ ਬਦਲ ਰਹੇ ਹਨ,” ਯੂਨੈਸਕੋ ਸੋਰਸਿਸ ਰਸਾਲਾ ਰਿਪੋਰਟ ਕਰਦਾ ਹੈ। 1970 ਅਤੇ 1990 ਦੇ ਦਰਮਿਆਨ, ਵਿਕਸਿਤ ਦੇਸ਼ਾਂ ਵਿਚ ਪੈਦਾ ਹੋਣ ਵੇਲੇ ਔਰਤਾਂ ਦੀ ਜੀਵਨ ਸੰਭਾਵਨਾ ਪਹਿਲਾਂ ਨਾਲੋਂ ਚਾਰ ਸਾਲ ਵਧੀ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਤਕਰੀਬਨ ਨੌਂ ਸਾਲ ਵਧੀ। “ਇਸ ਦਾ ਇਹ ਅਰਥ ਹੈ ਕਿ ਅੱਜ ਵਿਕਸਿਤ ਦੇਸ਼ਾਂ ਵਿਚ, ਔਰਤਾਂ ਪੁਰਸ਼ਾਂ ਨਾਲੋਂ ਔਸਤ ਤੌਰ ਤੇ 6.5 ਸਾਲ ਜ਼ਿਆਦਾ ਜੀਉਂਦੀਆਂ ਹਨ। ਵਿਕਾਸਸ਼ੀਲ ਦੇਸ਼ਾਂ ਵਿਚ ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਵਿਚ ਔਰਤਾਂ ਅਤੇ ਪੁਰਸ਼ਾਂ ਦੀ ਉਮਰ ਵਿਚ ਪੰਜ ਸਾਲ, ਅਫ਼ਰੀਕਾ ਵਿਚ 3.5 ਸਾਲ ਅਤੇ ਏਸ਼ੀਆ ਅਤੇ ਸ਼ਾਂਤ ਮਹਾਂਸਾਗਰ ਵਿਚ ਤਿੰਨ ਸਾਲ ਦਾ ਫ਼ਰਕ ਹੈ।”
ਫਿਰ ਵੀ, ਅਨੇਕ ਔਰਤਾਂ ਦੇ ਲਈ, ਜ਼ਿਆਦਾ ਲੰਬੀ ਜ਼ਿੰਦਗੀ ਬਤੀਤ ਕਰਨ ਦਾ ਅਰਥ ਬਿਹਤਰ ਜੀਵਨ ਬਤੀਤ ਕਰਨਾ ਨਹੀਂ ਹੁੰਦਾ ਹੈ। ਸੰਯੁਕਤ ਰਾਸ਼ਟਰ-ਸੰਘ ਦਾ ਇਕ ਰਸਾਲਾ, ਸਾਡਾ ਗ੍ਰਹਿ (ਅੰਗ੍ਰੇਜ਼ੀ), ਨੋਟ ਕਰਦਾ ਹੈ ਕਿ ਸੰਸਾਰ ਦੀਆਂ ਅਧਿਕਤਰ ਔਰਤਾਂ ਦੇ ਲਈ, ਬੁਨਿਆਦੀ ਮਾਨਵ ਅਧਿਕਾਰ ਹਾਲੇ ਵੀ “ਉਹ ਖੀਰ ਵਿਚ ਬਦਾਮ ਹੈ ਜਿਸ ਦਾ ਉਨ੍ਹਾਂ ਨੇ ਕਦੇ ਵੀ ਸੁਆਦ ਨਹੀਂ ਲਿਆ ਹੈ। ਉਹ ਹਾਲੇ ਵੀ ਰੁੱਖੀ-ਮਿੱਸੀ ਰੋਟੀ ਨੂੰ ਹੀ ਭਾਲਦੀਆਂ ਹਨ।” ਮਗਰ, ਲੱਖਾਂ ਨੂੰ ਤਾਂ ਬੁਨਿਆਦੀ ਮਾਨਵ ਅਧਿਕਾਰ ਵੀ ਹਾਸਲ ਨਹੀਂ ਹਨ ਕਿਉਂਕਿ ਹਾਲੇ ਵੀ ਸੰਸਾਰ ਦੇ ਅਧਿਕਤਰ ਅਨਪੜ੍ਹ, ਰਫਿਊਜੀ, ਅਤੇ ਗ਼ਰੀਬ ਲੋਕ ਔਰਤਾਂ ਹੀ ਹਨ, ਯੂ ਐੱਨ ਕਹਿੰਦਾ ਹੈ। ਯੂਨੈਸਕੋ ਸੋਰਸਿਸ ਸਿੱਟਾ ਕੱਢਦਾ ਹੈ ਕਿ ਕੁਝ ਤਰੱਕੀ ਦੇ ਬਾਵਜੂਦ, “ਔਰਤਾਂ ਦੇ ਲਈ ਭਵਿੱਖ . . . ਉਤਸ਼ਾਹਹੀਣ ਜਾਪਦਾ ਹੈ।”