ਬਰੁਨੌਸਟ—ਇਕ ਸੁਆਦਲਾ ਨਾਰਵੀ ਪਨੀਰ
ਨਾਰਵੇ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਮੇਰੇ ਨਾਲ ਇਕ ਸਾਧਾਰਣ ਨਾਰਵੀ ਘਰ ਨੂੰ ਆਓ। ਨਾਸ਼ਤੇ ਦਾ ਮੇਜ਼ ਮੱਖਣ, ਡਬਲਰੋਟੀ, ਅਤੇ ਅਨੇਕ ਹੋਰ ਚੀਜ਼ਾਂ ਨਾਲ ਸਜਾਇਆ ਗਿਆ ਹੈ। ਲੇਕਿਨ ਇਕ ਪਲ ਰੁਕੋ! ਕਿਸੇ ਚੀਜ਼ ਦੀ ਕਮੀ ਹੈ। ਝੱਟ ਹੀ ਕੋਈ ਪੁੱਛਦਾ ਹੈ: ‘ਬਰੁਨੌਸਟ ਕਿੱਥੇ ਹੈ?’
ਉਨ੍ਹਾਂ ਸਾਰੀਆਂ ਚੀਜ਼ਾਂ ਵਿੱਚੋਂ ਜੋ ਸੈਂਡਵਿਚਾਂ ਤੇ ਲਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਸੈਂਕੜੇ ਹੀ ਵੱਖਰੇ-ਵੱਖਰੇ ਪਨੀਰ ਸ਼ਾਮਲ ਹਨ, ਬਰੁਨੌਸਟ, ਜਾਂ ਬ੍ਰਾਊਨ ਪਨੀਰ, ਲਾਜਵਾਬ ਹੈ। ਇਹ ਤਕਰੀਬਨ ਸਾਰੇ ਨਾਰਵੀ ਘਰਾਂ ਦੇ ਵਿਚ ਪਾਇਆ ਜਾਂਦਾ ਹੈ ਅਤੇ ਇਸ ਦੇਸ਼ ਵਿਚ ਖਾਧੇ ਜਾਂਦੇ ਸਾਰੇ ਪਨੀਰ ਦੇ ਲਗਭਗ ਇਕ ਚੌਥੇ ਹਿੱਸੇ ਨੂੰ ਦਰਸਾਉਂਦਾ ਹੈ। ਹਰੇਕ ਸਾਲ, ਨਾਰਵੀ ਲੋਕ ਬਰੁਨੌਸਟ ਦੇ 12,000 ਟਨ ਖਾਂਦੇ ਹਨ, ਅਰਥਾਤ ਹਰੇਕ ਵਿਅਕਤੀ ਲਈ ਔਸਤਨ ਲਗਭਗ 3 ਕਿਲੋਗ੍ਰਾਮ। ਨਾਲ ਹੀ ਨਾਲ, ਆਸਟ੍ਰੇਲੀਆ, ਕੈਨੇਡਾ, ਡੈਨਮਾਰਕ, ਸਵੀਡਨ, ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਨੂੰ ਬਰੁਨੌਸਟ ਦੇ ਲਗਭਗ 450 ਟਨ ਐਕਸਪੋਰਟ ਕੀਤੇ ਜਾਂਦੇ ਹਨ।
ਅਨੇਕ ਪਰਦੇਸੀ ਬਰੁਨੌਸਟ ਦਾ ਪਹਿਲਾ-ਪਹਿਲ ਸੁਆਦ ਕਿਸੇ ਨਾਰਵੀ ਹੋਟਲ ਵਿਚ ਲੈਂਦੇ ਹਨ। ਇਹ ਪਨੀਰ ਗੋਲ-ਸ਼ਕਲ ਜਾਂ ਚੌਰਸ, ਲਗਭਗ ਹਮੇਸ਼ਾ ਨਾਸ਼ਤੇ ਦੇ ਮੇਜ਼ ਤੇ ਹੁੰਦਾ ਹੈ—ਅਤੇ ਇਸ ਨਾਲ ਹਮੇਸ਼ਾ ਇਕ ਨਿੱਕਾ ਕੱਟਣ ਵਾਲਾ ਸੰਦ ਹੁੰਦਾ ਹੈ ਜਿਸ ਨੂੰ ਓਸਟਰਹੋਵਲ ਸੱਦਿਆ ਜਾਂਦਾ ਹੈ। ਇਹ ਪਨੀਰ ਦੇ ਉੱਪਰੋਂ ਪਤਲੇ-ਪਤਲੇ ਸਲਾਈਸਾਂ ਨੂੰ ਕੱਟਣ ਲਈ ਇਸਤੇਮਾਲ ਕੀਤਾ ਜਾਂਦਾ ਹੈ।
ਲੇਕਿਨ ਬਰੁਨੌਸਟ ਅਸਲ ਵਿਚ ਹੈ ਕੀ? ਇਹ ਪਤਾ ਕਰਨ ਲਈ, ਅਸੀਂ ਇਕ ਅਸਲੀ ਸੇਈਟਰ, ਜਾਂ ਪਹਾੜਾਂ ਤੇ ਸਥਿਤ ਗਰਮ ਰੁੱਤ ਦੇ ਚਾਰਨ ਫਾਰਮ ਨੂੰ ਗਏ, ਜਿੱਥੇ ਹਾਲੇ ਵੀ ਬਰੁਨੌਸਟ ਦੇਸੀ ਤਰੀਕੇ ਵਿਚ ਬਣਾਇਆ ਜਾਂਦਾ ਹੈ।
ਦੇਸੀ ਤਰੀਕੇ ਵਿਚ ਬਰੁਨੌਸਟ ਬਣਾਉਣਾ
ਜਦੋਂ ਅਸੀਂ ਪਹੁੰਚੇ, ਤਾਂ ਬੱਕਰੀਆਂ ਹੁਣੇ ਹੀ ਚੋਈਆਂ ਗਈਆਂ ਸਨ। ਸਾਨੂੰ ਗਵਾਲਣ ਨੂੰ ਬੱਕਰੀਆਂ ਦੇ ਦੁੱਧ ਤੋਂ ਸੁਆਦਲਾ ਪਨੀਰ ਬਣਾਉਂਦੀ ਹੋਈ ਦੇਖਣ ਦਾ ਮੌਕਾ ਮਿਲਿਆ।
ਬੱਕਰੀਆਂ ਦਿਨ ਵਿਚ ਦੋ ਵਾਰ ਚੋਈਆਂ ਜਾਂਦੀਆਂ ਹਨ, ਅਤੇ ਦੁੱਧ ਇਕ ਵੱਡੀ ਕੇਤਲੀ ਵਿਚ ਪਾਇਆ ਜਾਂਦਾ ਹੈ। ਉੱਥੇ ਉਸ ਨੂੰ ਤਕਰੀਬਨ 90 ਡਿਗਰੀ ਫਾਰਨਹੀਟ ਤਕ ਗਰਮ ਕਰ ਕੇ ਇਸ ਵਿਚ ਰੈਨਿਨ ਨਾਮਕ ਇਕ ਰਸਾਇਣੀ ਖਮੀਰ ਮਿਲਾਇਆ ਜਾਂਦਾ ਹੈ, ਜੋ ਦੁੱਧ ਨੂੰ ਦਹੀਂ ਵਾਂਗ ਜਮਾ ਦਿੰਦਾ ਹੈ। ਚਿੱਟਾ ਦਹੀਂ (curd) ਬਾਕੀ ਦੇ ਦੁੱਧ ਤੋਂ ਵੱਖਰਾ ਹੋਣ ਲੱਗ ਪੈਂਦਾ ਹੈ, ਜਿਸ ਨੂੰ ਦਹੀਂ ਦਾ ਪਾਣੀ (whey) ਸੱਦਿਆ ਜਾਂਦਾ ਹੈ। ਜ਼ਿਆਦਾਤਰ ਪਾਣੀ ਮਿਹਨਤ ਨਾਲ ਦਹੀਂ ਵਿੱਚੋਂ ਕੱਢਿਆ ਜਾਂਦਾ ਹੈ, ਅਤੇ ਦਹੀਂ ਲੱਕੜੀ ਦੇ ਵੱਖਰੇ ਟੱਬਾਂ ਵਿਚ ਇਕੱਠਾ ਕੀਤਾ ਜਾਂਦਾ ਹੈ ਜਿਸ ਤੋਂ ਬੱਕਰੀ ਦਾ ਨਾਰਵੀ ਚਿੱਟਾ ਪਨੀਰ ਬਣਾਇਆ ਜਾਂਦਾ ਹੈ। ਕਿਉਂਕਿ ਚਿੱਟਾ ਪਨੀਰ “ਕੱਚਾ” ਹੁੰਦਾ ਹੈ, ਇਸ ਨੂੰ ਤਕਰੀਬਨ ਤਿੰਨ ਕੁ ਹਫ਼ਤਿਆਂ ਲਈ ਪੱਕਣਾ ਪੈਂਦਾ ਹੈ, ਇਸ ਤੋਂ ਪਹਿਲਾਂ ਕਿ ਉਹ ਇਸਤੇਮਾਲ ਕਰਨ ਲਈ ਤਿਆਰ ਹੋਵੇ।
ਫਿਰ, ਬ੍ਰਾਊਨ ਪਨੀਰ, ਜਾਂ ਬਰੁਨੌਸਟ ਦੇ ਬਾਰੇ ਕੀ? ਹੁਣ ਸੁਧੇ ਦਹੀਂ ਦੇ ਪਾਣੀ ਵਿਚ ਦੁੱਧ ਅਤੇ ਮਲਾਈ ਮਿਲਾਏ ਜਾਂਦੇ ਹਨ, ਅਤੇ ਇਸ ਮਿਲਾਵਟ ਨੂੰ ਉਬਾਲੇ ਲਿਆਇਆ ਜਾਂਦਾ ਹੈ। ਇਸ ਵਿਚ ਲਗਾਤਾਰ ਕੜਛੀ ਫੇਰੀ ਜਾਣੀ ਚਾਹੀਦੀ ਹੈ। ਜਿਉਂ-ਜਿਉਂ ਮਿਲਾਵਟ ਉਬਲਦੀ ਹੈ, ਜ਼ਿਆਦਾਤਰ ਪਾਣੀ ਸੁੱਕ ਜਾਂਦਾ ਹੈ ਅਤੇ ਦਹੀਂ ਦੇ ਪਾਣੀ ਦਾ ਰੰਗ ਬਦਲ ਜਾਂਦਾ ਹੈ। ਤਕਰੀਬਨ ਤਿੰਨ ਘੰਟਿਆਂ ਤੋਂ ਬਾਅਦ, ਉਹ ਇਕ ਬ੍ਰਾਊਨ ਲੇਟੀ ਦੇ ਵਿਚ ਬਦਲ ਜਾਂਦਾ ਹੈ। ਫਿਰ, ਉਹ ਕੇਤਲੀ ਵਿੱਚੋਂ ਕੱਢਿਆ ਜਾਂਦਾ ਹੈ ਅਤੇ ਕੜਛੀ ਫੇਰਨੀ ਜਾਰੀ ਰਹਿੰਦੀ ਹੈ ਜਿਉਂ-ਜਿਉਂ ਲੇਟੀ ਠੰਢੀ ਹੁੰਦੀ ਹੈ। ਆਖ਼ਰਕਾਰ, ਇਸ ਨੂੰ ਗੁੰਨ੍ਹਿਆ ਜਾਂਦਾ ਹੈ ਅਤੇ ਫਿਰ ਸਾਂਚਿਆ ਦੇ ਵਿਚ ਤੁੰਨਿਆ ਜਾਂਦਾ ਹੈ। ਚਿੱਟੇ ਪਨੀਰ ਤੋਂ ਭਿੰਨ, ਬਰੁਨੌਸਟ ਪਨੀਰ ਨੂੰ ਪਕਾਏ ਜਾਣ ਦੀ ਜ਼ਰੂਰਤ ਨਹੀਂ ਹੈ। ਅਗਲੇ ਦਿਨ, ਜਿਉਂ ਹੀ ਬ੍ਰਾਊਨ ਪਨੀਰ ਸਾਂਚੇ ਤੋਂ ਕੱਢਿਆ ਜਾਂਦਾ ਹੈ, ਉਹ ਬੱਕਰੀ ਦੇ ਨਾਰਵੀ ਪਨੀਰ ਦੇ ਹਰੇਕ ਸ਼ੌਕੀਨ ਨੂੰ ਪ੍ਰਸੰਨ ਕਰਨ ਲਈ ਤਿਆਰ ਹੁੰਦਾ ਹੈ।
ਜਦ ਕਿ ਪ੍ਰਕ੍ਰਿਆ ਦੇ ਅਸੂਲ ਅਜੇ ਵੀ ਉਹੀ ਹਨ, ਇਕ ਵੱਡੇ-ਪੈਮਾਨੇ ਦੇ ਮਸ਼ੀਨ ਉਤਪਾਦਨ ਨੇ ਬਹੁਤ ਸਮੇਂ ਤੋਂ ਪਨੀਰ ਬਣਾਉਣ ਵਾਲੇ ਇਸ ਪੁਰਾਣੇ ਤਰੀਕੇ ਦੀ ਥਾਂ ਲੈ ਲਈ ਹੈ। ਵੈਕਿਊਮ ਵਾਲੇ ਯੰਤਰਾਂ ਅਤੇ ਪ੍ਰੈਸ਼ਰ-ਕੁਕਰਾਂ ਨੂੰ ਇਸਤੇਮਾਲ ਕਰਨ ਵਾਲੀਆਂ ਡੇਅਰੀਆਂ ਨੇ ਪੁਰਾਣੀਆਂ ਖੁੱਲ੍ਹੀਆਂ ਕੇਤਲੀਆਂ ਵਾਲੀਆਂ ਪਹਾੜੀ ਡੇਅਰੀ ਫਾਰਮਾਂ ਦੀ ਥਾਂ ਲੈ ਲਈ ਹੈ।
ਇਕ ਨਾਰਵੀ ਆਵਿਸ਼ਕਾਰ
ਬਰੁਨੌਸਟ ਕਿਸ ਤਰ੍ਹਾਂ ਉਤਪੰਨ ਹੋਇਆ ਸੀ? ਸੰਨ 1863 ਦੀਆਂ ਗਰਮੀਆਂ ਵਿਚ, ਐਨ ਹੋਵ ਨਾਮਕ ਇਕ ਗਵਾਲਣ, ਜੋ ਗੁਡਬਰੌਂਸਡੌਲਨ ਵਾਦੀ ਵਿਚ ਰਹਿੰਦੀ ਸੀ, ਨੇ ਇਕ ਤਜਰਬਾ ਕੀਤਾ ਜੋ ਇਕ ਪੁਲਾਂਘ ਬਣ ਗਿਆ। ਉਸ ਨੇ ਗਾਂ ਦੇ ਸੁਧੇ ਦੁੱਧ ਤੋਂ ਪਨੀਰ ਬਣਾਇਆ ਅਤੇ ਦਹੀਂ ਦੇ ਪਾਣੀ ਨੂੰ ਉਬਾਲਣ ਤੋਂ ਪਹਿਲਾਂ ਉਸ ਵਿਚ ਮਲਾਈ ਮਿਲਾਉਣ ਬਾਰੇ ਸੋਚਿਆ। ਇਸ ਦਾ ਨਤੀਜਾ ਸੀ ਪੂਰੇ ਫੈਟ ਸਹਿਤ ਇਕ ਸੁਆਦਲਾ ਬ੍ਰਾਊਨ ਪਨੀਰ। ਬਾਅਦ ਵਿਚ, ਲੋਕਾਂ ਨੇ ਉਤਪਾਦਨ ਵਜੋਂ, ਬੱਕਰੀਆਂ ਦਾ ਦੁੱਧ ਅਤੇ ਬੱਕਰੀਆਂ ਅਤੇ ਗਾਵਾਂ ਦੇ ਦੁੱਧ ਦੀ ਮਿਲਾਵਟ ਵੀ ਇਸਤੇਮਾਲ ਕਰਨੀ ਸ਼ੁਰੂ ਕਰ ਦਿੱਤੀ। 1933 ਵਿਚ ਐਨ ਹੋਵ ਨੂੰ ਬਿਰਧ ਉਮਰ ਤੇ, ਆਪਣੇ ਆਵਿਸ਼ਕਾਰ ਲਈ ਨਾਰਵੀ ਰਾਜੇ ਦਾ ਯੋਗਤਾ ਦਾ ਵਿਸ਼ੇਸ਼ ਮੈਡਲ ਦਿੱਤਾ ਗਿਆ ਸੀ।
ਅੱਜ, ਬਰੁਨੌਸਟ ਦੇ ਚਾਰ ਮੁੱਖ ਕਿਸਮ ਹਨ: ਏਕਟਾ ਯੇਟੋਸਟ, ਅਸਲੀ ਬੱਕਰੀ ਦਾ ਪਨੀਰ, ਬੱਕਰੀ ਦੇ ਸੁਧੇ ਦੁੱਧ ਤੋਂ ਬਣਿਆ ਹੈ। ਗੁਡਬਰੌਂਸਡੌਲਸੋਸਟ, ਸਭ ਤੋਂ ਸਾਧਾਰਣ ਪਨੀਰ, ਵਾਦੀ ਤੋਂ ਆਪਣਾ ਨਾਂ ਲੈਂਦਾ ਹੈ ਅਤੇ ਇਸ ਵਿਚ 10 ਤੋਂ 12 ਫੀ ਸਦੀ ਬੱਕਰੀ ਦਾ ਦੁੱਧ ਅਤੇ ਬਾਕੀ ਗਾਂ ਦਾ ਦੁੱਧ ਹੁੰਦਾ ਹੈ। ਫਲੋਟਿਮੀਸੋਸਟ, ਦਹੀਂ ਦੇ ਪਾਣੀ ਦਾ ਮਲਾਈਦਾਰ ਪਨੀਰ, ਗਾਂ ਦੇ ਸੁਧੇ ਦੁੱਧ ਤੋਂ ਬਣਿਆ ਹੈ। ਪ੍ਰੀਮ, ਇਕ ਨਰਮ, ਦਹੀਂ ਦੇ ਪਾਣੀ ਦਾ ਬ੍ਰਾਊਨ ਪਨੀਰ, ਗਾਂ ਦੇ ਦੁੱਧ ਤੋਂ ਬਣਿਆ ਹੈ ਲੇਕਿਨ ਉਸ ਵਿਚ ਖੰਡ ਮਿਲਾਈ ਜਾਂਦੀ ਹੈ। ਇਹ ਦੂਸਰੇ ਕਿਸਮਾਂ ਨਾਲੋਂ ਘੱਟ ਉਬਾਲਿਆ ਜਾਂਦਾ ਹੈ। ਫੈਟ, ਕਰੜਾਈ, ਅਤੇ ਰੰਗ—ਪਨੀਰ ਨੂੰ ਕਿੰਨਾ ਹਲਕਾ ਜਾਂ ਗੂੜ੍ਹੇ ਰੰਗ ਦਾ ਹੋਣਾ ਚਾਹੀਦਾ ਹੈ—ਦਹੀਂ ਦੇ ਪਾਣੀ, ਮਲਾਈ, ਅਤੇ ਦੁੱਧ ਦੇ ਅਨੁਪਾਤ ਅਤੇ ਉਬਾਲਣ ਦੇ ਸਮੇਂ ਉੱਤੇ ਨਿਰਭਰ ਕਰਦੇ ਹਨ। ਬਰੁਨੌਸਟ ਨੂੰ ਇੰਨੀ ਵਿਸ਼ੇਸ਼ ਬਣਾਉਣ ਵਾਲੀ ਗੱਲ ਦਰਅਸਲ ਇਹ ਹੈ ਕਿ ਉਹ ਦਹੀਂ ਦੇ ਪਾਣੀ ਤੋਂ ਬਣਾਇਆ ਜਾਂਦਾ ਹੈ, ਦੁੱਧ ਦੇ ਕੇਸੀਨ ਤੋਂ ਨਹੀਂ। ਇੰਜ, ਇਸ ਵਿਚ ਕਾਫ਼ੀ ਦੁੱਧ ਦੀ ਖੰਡ ਹੁੰਦੀ ਹੈ, ਜੋ ਇਸ ਨੂੰ ਇਕ ਮਿੱਠਾ, ਕੈਰਮੇਲ ਵਰਗਾ ਸੁਆਦ ਦਿੰਦੀ ਹੈ।
ਹਜ਼ਾਰਾਂ ਹੀ ਨਾਰਵੀਆਂ ਦੇ ਲਈ, ਬਰੁਨੌਸਟ ਸਿਰਫ਼ ਇਕ ਸੁਆਦਲੀ ਚੀਜ਼ ਹੀ ਨਹੀਂ ਹੈ ਲੇਕਿਨ ਉਨ੍ਹਾਂ ਦੀ ਰੁਜ਼ਾਨਾ ਖ਼ੁਰਾਕ ਦਾ ਇਕ ਜ਼ਰੂਰੀ ਹਿੱਸਾ ਹੈ।
[ਸਫ਼ੇ 25 ਉੱਤੇ ਡੱਬੀ/ਤਸਵੀਰ]
ਘਰ ਹੀ ਬਰੁਨੌਸਟ ਬਣਾਉਣਾ
ਸੁਆਦਲਾ ਬਰੁਨੌਸਟ ਬਣਾਉਣਾ ਇਕ ਕਲਾ ਹੈ ਜੋ ਬਹੁਤ ਤਜਰਬੇ ਦੀ ਮੰਗ ਕਰਦਾ ਹੈ। ਬਰੁਨੌਸਟ ਦੇ ਵਿਭਿੰਨ ਕਿਸਮਾਂ ਨੂੰ ਬਣਾਉਣ ਦੇ ਵੇਰਵੇ, ਨਿਸ਼ਚੇ ਹੀ, ਵਪਾਰੀ ਰਾਜ਼ ਹਨ। ਲੇਕਿਨ ਸ਼ਾਇਦ ਤੁਸੀਂ ਕੁਝ ਤਜਰਬਾ ਕਰਨਾ ਅਤੇ ਘਰ ਹੀ ਬਰੁਨੌਸਟ ਬਣਾਉਣਾ ਚਾਹੋਗੇ? ਇਹ ਰੈਸਿਪੀ, ਕੁੱਲ 7 ਲਿਟਰ ਦੁੱਧ ਅਤੇ ਮਲਾਈ ਇਸਤੇਮਾਲ ਕਰਦੇ ਹੋਏ, ਡੇਢ ਪੌਂਡ ਬਰੁਨੌਸਟ ਅਤੇ ਬਚ ਰਹਿੰਦਾ ਇਕ ਪੌਂਡ ਚਿੱਟਾ ਪਨੀਰ ਦੇਵੇਗੀ।
1. ਦੁੱਧ ਦੇ ਪੰਜ ਲਿਟਰ ਲਗਭਗ 90 ਡਿਗਰੀ ਫਰਨਹੀਟ ਤਕ ਗਰਮ ਕਰੋ, ਫਿਰ ਰੈਨਿਨ ਮਿਲਾਓ, ਅਤੇ ਅੱਧੇ ਕੁ ਘੰਟੇ ਲਈ ਇੰਤਜ਼ਾਰ ਕਰੋ। ਹੁਣ ਦੁੱਧ ਜੰਮਣਾ ਸ਼ੁਰੂ ਹੋ ਜਾਵੇਗਾ।
2. ਫਟਦੇ ਦਹੀਂ ਨੂੰ ਟੁਕੜਿਆਂ ਵਿਚ ਕੱਟੋ, ਅਤੇ ਧਿਆਨ ਨਾਲ ਕੜਛੀ ਫੇਰੋ। ਇਹ ਦੇਹੀਂ ਨੂੰ ਦੇਹੀਂ ਦੇ ਪਾਣੀ ਤੋਂ ਜੁਦਾ ਕਰਨ ਲਈ ਕੀਤਾ ਜਾਂਦਾ ਹੈ। ਦੁੱਧ ਨੂੰ ਹੋਰ ਗਰਮ ਕਰਨਾ ਸ਼ਾਇਦ ਲਾਭਦਾਇਕ ਹੋਵੇਗਾ।
3. ਦਹੀਂ ਦੇ ਪਾਣੀ ਨੂੰ ਪੁਣ ਕੇ ਦਹੀਂ ਨੂੰ ਜੁਦਾ ਕਰੋ। ਦਹੀਂ ਸ਼ਾਇਦ ਕੌਟਿਜ ਪਨੀਰ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ ਜਾਂ ਦੱਬ ਕੇ ਚਿੱਟੇ ਪਨੀਰ ਵਿਚ ਢਾਲਿਆ ਜਾ ਸਕਦਾ ਹੈ।
4. ਦਹੀਂ ਦੇ ਪਾਣੀ ਦੇ ਉਬਾਲੇ ਗਏ ਮਿਲਾਵਟ ਵਿਚ ਆਮ ਤੌਰ ਤੇ ਲਗਭਗ ਦੋ-ਤਿਹਾਈ ਦਹੀਂ ਦਾ ਪਾਣੀ ਅਤੇ ਇਕ-ਤਿਹਾਈ ਦੁੱਧ ਅਤੇ ਮਲਾਈ ਹੁੰਦੇ ਹਨ। ਇਸ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਤਕਰੀਬਨ ਦੋ ਲਿਟਰ ਮਲਾਈ ਅਤੇ/ਜਾਂ ਦੁੱਧ ਮਿਲਾਉਣਾ ਪੈਣਾ ਹੈ। ਪੂਰੇ ਫੈਟ ਸਹਿਤ ਸਾਧਾਰਣ ਪਨੀਰ ਬਣਾਉਣ ਲਈ ਮਲਾਈ ਦਾ ਅੱਧਾ ਲਿਟਰ ਇਸਤੇਮਾਲ ਕਰੋ। ਮਲਾਈ ਦਾ ਥੋੜ੍ਹਾ ਅਨੁਪਾਤ ਇਕ ਘੱਟ ਫੈਟ ਵਾਲਾ ਪਨੀਰ ਬਣਾਵੇਗਾ।
5. ਇਸ ਮਿਲਾਵਟ ਨੂੰ ਸਹਿਜੇ ਸਹਿਜੇ ਉਬਲਣ ਦਿਓ ਜਿਵੇਂ ਤੁਸੀਂ ਕੜਛੀ ਫੇਰਨੀ ਜਾਰੀ ਰੱਖਦੇ ਹੋ। ਦਹੀਂ ਦੇ ਪਾਣੀ ਨੂੰ ਚੋਖੀ ਤਰ੍ਹਾਂ ਸੁੱਕਣ ਲਈ ਕਈ ਘੰਟੇ ਲੱਗਦੇ ਹਨ। ਫਿਰ ਉਹ ਕਾਫ਼ੀ ਕਰੜਾ ਹੋਵੇਗਾ। ਇਸ ਦਾ ਇਕ ਸੰਕੇਤ ਇਹ ਹੋ ਸਕਦਾ ਹੈ ਕਿ ਕੜਛੀ ਫੇਰਦੇ ਸਮੇਂ ਕੇਤਲੀ ਦਾ ਥੱਲਾ ਦਿਖਾਈ ਦਿੰਦਾ ਹੈ। ਦਹੀਂ ਦੇ ਪਾਣੀ ਨੂੰ ਜਿੰਨਾ ਜ਼ਿਆਦਾ ਉਬਾਲਿਆ ਜਾਂਦਾ ਹੈ, ਉੱਨਾ ਹੀ ਜ਼ਿਆਦਾ ਪਨੀਰ ਕਰੜਾ ਅਤੇ ਗੂੜ੍ਹਾ ਬਣ ਜਾਵੇਗਾ।
6. ਬ੍ਰਾਊਨ ਲੇਟੀ ਨੂੰ ਕੇਤਲੀ ਵਿੱਚੋਂ ਕੱਢੋ, ਅਤੇ ਜਿਉਂ-ਜਿਉਂ ਇਹ ਠੰਢੀ ਹੁੰਦੀ ਹੈ ਇਸ ਵਿਚ ਚੰਗੀ ਤਰ੍ਹਾਂ ਕੜਛੀ ਫੇਰੋ। ਇਵੇਂ ਕਰਨਾ ਮਹੱਤਵਪੂਰਣ ਹੈ ਤਾਂਕਿ ਪਨੀਰ ਦਾਣੇਦਾਰ ਨਾ ਬਣ ਜਾਵੇ।
7. ਤਕਰੀਬਨ ਕੋਸੀ ਹੋ ਜਾਣ ਤੇ ਲੇਟੀ ਇੰਨੀ ਕਰੜੀ ਹੁੰਦੀ ਹੈ ਕਿ ਉਸ ਨੂੰ ਗੁੰਨ੍ਹਿਆ ਅਤੇ ਇਕ ਸਾਂਚੇ ਵਿਚ ਤੁੰਨਿਆ ਜਾ ਸਕਦਾ ਹੈ। ਉਸ ਨੂੰ ਰਾਤ ਭਰ ਟਿਕੀ ਰਹਿਣ ਦਿਓ।
ਖਾਣੇ ਦੇ ਨਾਲ-ਨਾਲ, ਬਰੁਨੌਸਟ ਦਾ ਸੁਆਦ ਪਤਲੇ-ਪਤਲੇ ਸਲਾਈਸਾਂ ਵਿਚ ਸਭ ਤੋਂ ਬਿਹਤਰ ਹੁੰਦਾ ਹੈ ਅਤੇ ਤਾਜ਼ੀ ਡਬਲਰੋਟੀ ਜਾਂ ਵੇਫਲਾਂ ਉੱਤੇ ਲਗਾਇਆ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।
[ਸਫ਼ੇ 25 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
TINE Norwegian Dairies ਦੀ ਦਿਆਲੂ ਕਿਰਪਾ ਨਾਲ