ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g97 10/8 ਸਫ਼ੇ 20-24
  • ਚਰਬੀ ਦੇ ਮਰਤਬਾਨ ਤੋਂ ਇਕ ਸਬਕ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਚਰਬੀ ਦੇ ਮਰਤਬਾਨ ਤੋਂ ਇਕ ਸਬਕ
  • ਜਾਗਰੂਕ ਬਣੋ!—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਹੂਦੀ ਵਿਰਸਾ
  • ਨਾਜ਼ੀ ਕਬਜ਼ਾ
  • ਹਫੜਾ-ਦਫੜੀ ਵਿਚ ਵੱਡੀ ਰਵਾਨਗੀ
  • ਸ਼ਰਨਾਰਥੀਆਂ ਵਜੋਂ ਜੀਵਨ
  • ਸਾਡੇ ਪਰਿਵਾਰ ਨੇ ਧਰਮ ਚੁਣਿਆ
  • ਨਵੇਂ ਦੇਸ਼ ਵਿਚ ਸੇਵਕਾਈ
  • ਮੈਂ ਯਹੋਵਾਹ ਨੂੰ ਕੀ ਮੋੜ ਕੇ ਦਿਆਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • “ਕਾਸ਼ ਅਜਿਹੀ ਨਿਹਚਾ ਹੁੰਦੀ ਜੋ ਕਦੇ ਘਟੇ ਨਾ”!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਮੈਂ ਯਹੋਵਾਹ ਉੱਤੇ ਭਰੋਸਾ ਕੀਤਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਮੈਂ ਆਪਣੇ ਮਾਤਾ-ਪਿਤਾ ਦੀ ਮਿਸਾਲ ਤੋਂ ਬਹੁਤ ਕੁਝ ਸਿੱਖਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
ਹੋਰ ਦੇਖੋ
ਜਾਗਰੂਕ ਬਣੋ!—1997
g97 10/8 ਸਫ਼ੇ 20-24

ਚਰਬੀ ਦੇ ਮਰਤਬਾਨ ਤੋਂ ਇਕ ਸਬਕ

ਯੁੱਧ ਦੀ ਦਹਿਸ਼ਤ ਮੇਰੀਆਂ ਕੁਝ ਮੁਢਲੀਆਂ ਯਾਦਾਂ ਹਨ, ਖ਼ਾਸ ਕਰਕੇ ਵਿਸ਼ਵ ਯੁੱਧ II ਦੇ ਅੰਤ ਵਿਚ ਜਦ ਮੈਂ ਸਿਰਫ਼ ਚਾਰ ਸਾਲ ਦਾ ਸੀ ਅਤੇ ਸਾਨੂੰ ਆਪਣੀਆਂ ਜਾਨਾਂ ਬਚਾਉਣ ਲਈ ਨੱਠਣਾ ਪਿਆ ਸੀ। ਸੱਤ ਜੀਆਂ ਦਾ ਸਾਡਾ ਪਰਿਵਾਰ ਪਹਿਲਾਂ ਪੂਰਬੀ ਪ੍ਰਸ਼ੀਆ ਵਿਚ ਰਹਿ ਰਿਹਾ ਸੀ, ਜੋ ਉਦੋਂ ਜਰਮਨੀ ਦਾ ਹਿੱਸਾ ਸੀ।

ਨੇੜੇ ਆ ਰਹੇ ਬੰਬ ਸੁੱਟਣ ਵਾਲੇ ਰੂਸੀ ਹਵਾਈ-ਜਹਾਜ਼ਾਂ ਦੇ ਸੁਕੈਡਰਨ ਦੀ ਆਵਾਜ਼ ਸੁਣਦਾ ਹੋਇਆ, ਮੈਂ ਭਿਆਨਕ ਹਨੇਰੇ ਵਿਚ ਅੱਖਾਂ ਪਾੜ-ਪਾੜ ਕੇ ਦੇਖ ਰਿਹਾ ਸੀ। ਅਚਾਨਕ ਹੀ, ਕੁਝ ਸੌ ਗਜ਼ ਦੂਰ, ਚਮਕਦੀਆਂ ਲਿਸ਼ਕੋਰਾਂ ਅਤੇ ਕੰਨ-ਪਾੜਵੇਂ ਧਮਾਕਿਆਂ ਨੇ ਪਟਰੋਲ ਦੀਆਂ ਟੈਂਕੀਆਂ ਨੂੰ ਅੱਗ ਲਗਾ ਦਿੱਤੀ। ਸਾਡੀ ਰੇਲ-ਗੱਡੀ ਆਪਣੀਆਂ ਪਟੜੀਆਂ ਤੇ ਡੋਲਣ ਲੱਗੀ, ਅਤੇ ਲੋਕਾਂ ਨੇ ਚੀਕਾਂ ਮਾਰੀਆਂ। ਪਰ ਥੋੜ੍ਹੀ ਦੇਰ ਵਿਚ ਬੰਬ ਸੁੱਟਣ ਵਾਲੇ ਹਵਾਈ-ਜਹਾਜ਼ ਚਲੇ ਗਏ, ਅਤੇ ਸਾਡਾ ਸਫ਼ਰ ਜਾਰੀ ਰਿਹਾ।

ਇਕ ਹੋਰ ਸਮੇਂ ਤੇ, ਮੈਂ ਕੱਚੀ ਨੀਂਦ ਤੋਂ ਉੱਠਦਿਆਂ ਇਕ ਤੀਵੀਂ ਚੀਕਾਂ ਮਾਰਦੀ ਦੇਖੀ ਜੋ ਰੇਲ-ਗੱਡੀ ਦੇ ਉਸ ਪਸ਼ੂਆਂ ਵਾਲੇ ਡੱਬੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਵਿਚ ਅਸੀਂ ਸਫ਼ਰ ਕਰ ਰਹੇ ਸੀ। ਪਿਤਾ ਜੀ ਨੇ ਉਸ ਨੂੰ ਰੋਕਿਆ ਅਤੇ ਵਾਪਸ ਅੰਦਰ ਖਿੱਚਿਆ। ਉਹ ਤੀਵੀਂ ਆਪਣੇ ਬੱਚੇ ਨੂੰ ਗੋਦ ਵਿਚ ਲੈ ਕੇ ਦਰਵਾਜ਼ੇ ਦੇ ਲਾਗੇ ਸੌਂ ਗਈ ਸੀ। ਜਦ ਉਹ ਜਾਗੀ, ਤਾਂ ਉਸ ਨੇ ਦੇਖਿਆ ਕਿ ਬੱਚਾ ਠੰਢ ਕਾਰਨ ਮਰ ਗਿਆ ਸੀ। ਤਦ ਆਦਮੀਆਂ ਨੇ ਲਾਸ਼ ਨੂੰ ਬਾਹਰ ਬਰਫ਼ ਵਿਚ ਸੁੱਟ ਦਿੱਤਾ ਅਤੇ ਸੋਗ ਨਾਲ ਬੇਬੱਸ ਮਾਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਬਾਹਰ ਛਾਲ ਮਾਰ ਕੇ ਉੱਥੇ ਆਪਣੇ ਬੱਚੇ ਨਾਲ ਮਰ ਜਾਵੇ।

ਪਾਲੇ ਤੋਂ ਬਚਣ ਲਈ, ਸਾਡੇ ਪਸ਼ੂਆਂ ਵਾਲੇ ਡੱਬੇ ਦੇ ਗੱਭੇ ਇਕ ਗੋਲਾਕਾਰ ਅੰਗੀਠੀ ਰੱਖੀ ਗਈ ਸੀ। ਡੱਬੇ ਦੇ ਇਕ ਪਾਸੇ ਥੋੜ੍ਹੀਆਂ ਜਿਹੀਆਂ ਲੱਕੜੀਆਂ ਆਲੂ ਭੁੰਨਣ ਲਈ ਸਰਫ਼ੇ ਨਾਲ ਵਰਤੀਆਂ ਜਾਂਦੀਆਂ ਸਨ। ਆਲੂਆਂ ਦੀਆਂ ਬੋਰੀਆਂ ਸਾਡੇ ਬਿਸਤਰ ਵੀ ਬਣ ਗਈਆਂ ਸਨ, ਕਿਉਂਕਿ ਉਨ੍ਹਾਂ ਉੱਤੇ ਸੌਣਾ ਸਾਨੂੰ ਰੇਲ-ਗੱਡੀ ਦੇ ਡੱਬੇ ਦੇ ਠੰਢੇ-ਸੀਤ ਫ਼ਰਸ਼ ਤੋਂ ਬਚਾਉਂਦਾ ਸੀ।

ਅਸੀਂ ਆਪਣੀਆਂ ਜਾਨਾਂ ਬਚਾ ਕੇ ਕਿਉਂ ਨੱਠ ਰਹੇ ਸੀ? ਭਗੌੜਿਆਂ ਵਜੋਂ ਸਾਡਾ ਪਰਿਵਾਰ ਇੰਨੇ ਮਹੀਨੇ ਕਿਸ ਤਰ੍ਹਾਂ ਬਚਿਆ ਰਿਹਾ? ਚਲੋ ਮੈਂ ਤੁਹਾਨੂੰ ਦੱਸਦਾ ਹਾਂ।

ਯਹੂਦੀ ਵਿਰਸਾ

ਮੈਂ ਲਿਕ, ਪੂਰਬੀ ਪ੍ਰਸ਼ੀਆ (ਹੁਣ ਐੱਲਕ, ਪੋਲੈਂਡ) ਵਿਚ ਦਸੰਬਰ 22, 1940 ਵਿਚ ਪੈਦਾ ਹੋਇਆ ਸੀ—ਪੰਜਾਂ ਬੱਚਿਆਂ ਵਿੱਚੋਂ ਸਭ ਤੋਂ ਛੋਟਾ। ਅਠਾਰ੍ਹਵੀਂ ਸਦੀ ਦੇ ਅਖ਼ੀਰਲੇ ਭਾਗ ਵਿਚ ਧਾਰਮਿਕ ਸਤਾਹਟ ਨੇ ਮੇਰੇ ਯਹੂਦੀ ਵਡੇਰਿਆਂ ਨੂੰ ਜਰਮਨੀ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਇਤਿਹਾਸ ਦੇ ਇਕ ਵੱਡੇ ਪਰਵਾਸ ਵਿਚ ਉਹ ਰੂਸ ਚਲੇ ਗਏ। ਫਿਰ, 1917 ਵਿਚ, ਰੂਸ ਵਿਚ ਉਸ ਵੇਲੇ ਦੀ ਸਾਮੀ-ਵਿਰੋਧ ਸਤਾਹਟ ਤੋਂ ਬਚਣ ਲਈ, ਮੇਰੇ ਯਹੂਦੀ ਦਾਦਾ ਜੀ ਵੌਲਗਾ ਨਦੀ ਦੇ ਨੇੜੇ ਆਪਣਾ ਪਿੰਡ ਛੱਡ ਕੇ ਪੂਰਬੀ ਪ੍ਰਸ਼ੀਆ ਜਾ ਕੇ ਰਹਿਣ ਲੱਗ ਪਏ।

ਦਾਦਾ ਜੀ ਨੇ ਜਰਮਨੀ ਦੀ ਨਾਗਰਿਕਤਾ ਪ੍ਰਾਪਤ ਕਰ ਲਈ, ਅਤੇ ਪੂਰਬੀ ਪ੍ਰਸ਼ੀਆ ਸੁਰੱਖਿਅਤ ਪਨਾਹ ਜਾਪਦੀ ਸੀ। ਯਹੂਦੀ ਨਾਵਾਂ ਵਾਲਿਆਂ ਨੇ ਆਰੀਆਈ ਨਾਂ ਰੱਖ ਲਏ। ਇਸ ਤਰ੍ਹਾਂ ਮੇਰੇ ਪਿਤਾ ਜੀ, ਫ੍ਰੀਡਰਿਖ ਜ਼ਾਲੋਮੋਨ, ਫ੍ਰਿਟਸ ਵਜੋਂ ਜਾਣੇ ਜਾਣ ਲੱਗੇ। ਦੂਜੇ ਪਾਸੇ, ਮਾਤਾ ਜੀ ਪ੍ਰਸ਼ੀਆਵਾਸੀ ਸਨ। ਉਹ ਅਤੇ ਪਿਤਾ ਜੀ, ਜੋ ਸੰਗੀਤਕਾਰ ਸਨ, 1929 ਵਿਚ ਵਿਆਹੇ ਗਏ।

ਮੇਰੇ ਮਾਤਾ-ਪਿਤਾ ਲਈ ਜ਼ਿੰਦਗੀ ਖ਼ੁਸ਼ੀ ਅਤੇ ਉਮੀਦ ਨਾਲ ਭਰੀ ਹੋਈ ਜਾਪਦੀ ਸੀ। ਮੇਰੀ ਨਾਨੀ ਫ੍ਰੇਡੇਰੀਕੇ ਅਤੇ ਮੇਰੀ ਪੜਨਾਨੀ ਵਿਲਹਲਮੀਨੇ ਕੋਲ ਇਕ ਕਾਫ਼ੀ ਵੱਡੀ ਹਵੇਲੀ ਸੀ, ਜੋ ਮੇਰੇ ਮਾਤਾ-ਪਿਤਾ ਅਤੇ ਉਨ੍ਹਾਂ ਦੇ ਬੱਚਿਆਂ ਲਈ ਸੁਖਾਵੀਂ ਥਾਂ ਸਾਬਤ ਹੋਈ। ਸੰਗੀਤ ਸਾਡੇ ਪਰਿਵਾਰਕ ਜੀਵਨ ਵਿਚ ਇਕ ਮੁੱਖ ਭੂਮਿਕਾ ਨਿਭਾਉਂਦਾ ਸੀ। ਪਿਤਾ ਜੀ ਦੇ ਨਾਚ ਬੈਂਡ-ਵਾਜੇ ਵਿਚ ਮਾਤਾ ਜੀ ਢੋਲ ਵਜਾਉਂਦੇ ਸਨ।

ਨਾਜ਼ੀ ਕਬਜ਼ਾ

ਸੰਨ 1939 ਵਿਚ, ਰਾਜਨੀਤਿਕ ਹਾਲਤਾਂ ਵਿਗੜਨ ਲੱਗ ਪਈਆਂ ਸਨ। ਅਡੌਲਫ਼ ਹਿਟਲਰ ਦਾ ਯਹੂਦੀ ਸਮੱਸਿਆ ਲਈ ਅਖਾਉਤੀ ਅੰਤਿਮ ਸੁਲਝਾਅ ਮੇਰੇ ਮਾਤਾ-ਪਿਤਾ ਨੂੰ ਪਰੇਸ਼ਾਨ ਕਰਨ ਲੱਗ ਪਿਆ ਸੀ। ਅਸੀਂ ਬੱਚੇ ਆਪਣੇ ਯਹੂਦੀ ਵਿਰਸੇ ਬਾਰੇ ਨਹੀਂ ਜਾਣਦੇ ਸੀ, ਅਤੇ ਇਸ ਬਾਰੇ ਅਸੀਂ ਮਾਤਾ ਜੀ ਦੀ 1978 ਵਿਚ ਮੌਤ ਤਕ ਨਹੀਂ ਜਾਣਿਆ ਸੀ—ਪਿਤਾ ਜੀ ਦੀ ਮੌਤ ਤੋਂ ਨੌ ਸਾਲ ਬਾਅਦ।

ਪਿਤਾ ਜੀ ਜਰਮਨ ਫ਼ੌਜ ਵਿਚ ਭਰਤੀ ਹੋ ਗਏ ਸਨ ਤਾਂਕਿ ਕੋਈ ਉਨ੍ਹਾਂ ਦੇ ਯਹੂਦੀ ਹੋਣ ਤੇ ਸ਼ੱਕ ਨਾ ਕਰੇ। ਸ਼ੁਰੂ ਵਿਚ, ਉਨ੍ਹਾਂ ਨੇ ਸੈਨਿਕ ਸੰਗੀਤ ਦਲ ਵਿਚ ਸੇਵਾ ਕੀਤੀ। ਪਰ, ਉਨ੍ਹਾਂ ਦੇ ਪਿਛੋਕੜ ਤੋਂ ਜਾਣੂ ਕਿਸੇ ਵਿਅਕਤੀ ਨੇ ਕਿਹਾ ਕਿ ਉਹ ਯਹੂਦੀ ਸਨ, ਅਤੇ ਇਸ ਕਰਕੇ ਸਾਡੇ ਸਾਰੇ ਪਰਿਵਾਰ ਦੀ ਪੁੱਛ-ਪੜਤਾਲ ਕੀਤੀ ਗਈ ਅਤੇ ਫੋਟੋਆਂ ਖਿੱਚੀਆਂ ਗਈਆਂ ਸਨ। ਨਾਜ਼ੀ ਮਾਹਰਾਂ ਨੇ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡੇ ਨੈਣ-ਨਕਸ਼ ਯਹੂਦੀ ਸਨ ਕਿ ਨਹੀਂ। ਅਸੀਂ ਕਾਫ਼ੀ ਆਰੀਆਈ ਨਜ਼ਰ ਆਏ ਹੋਵਾਂਗੇ, ਸੋ ਸਾਨੂੰ ਗਿਰਫ਼ਤਾਰ ਜਾਂ ਕੈਦ ਨਹੀਂ ਕੀਤਾ ਗਿਆ।

ਜਦੋਂ ਸਤੰਬਰ 1, 1939 ਨੂੰ ਜਰਮਨੀ ਨੇ ਪੋਲੈਂਡ ਉੱਤੇ ਚੜ੍ਹਾਈ ਕੀਤੀ, ਤਾਂ ਸਾਡੇ ਸ਼ਾਂਤਮਈ ਇਲਾਕੇ ਤੇ ਭੈ ਛਾ ਗਿਆ। ਮਾਤਾ ਜੀ ਤਾਂ ਛੇਤੀ ਨਾਲ ਕਿਸੇ ਸੁਰੱਖਿਅਤ ਜਗ੍ਹਾ ਜਾਣਾ ਚਾਹੁੰਦੇ ਸਨ, ਪਰ ਨਾਜ਼ੀ ਅਫ਼ਸਰਾਂ ਨੇ ਸਾਡੇ ਪਰਿਵਾਰ ਨੂੰ ਇੰਜ ਕਰਨ ਤੋਂ ਜ਼ਬਰਦਸਤੀ ਨਾਲ ਰੋਕੀ ਰੱਖਿਆ। ਫਿਰ, 1944 ਦੀਆਂ ਗਰਮੀਆਂ ਦੇ ਦੌਰਾਨ ਜਦੋਂ ਰੂਸੀ ਫ਼ੌਜਾਂ ਪੂਰਬੀ ਪ੍ਰਸ਼ੀਆ ਵੱਲ ਵੱਧ ਰਹੀਆਂ ਸਨ, ਜਰਮਨਾਂ ਨੇ ਲਿਕ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਖਾਲੀ ਕਰਨ ਦਾ ਇਰਾਦਾ ਕੀਤਾ। ਜੁਲਾਈ ਵਿਚ ਇਕ ਦਿਨ, ਸਾਨੂੰ ਆਪਣਾ ਘਰ ਛੱਡਣ ਲਈ ਸਿਰਫ਼ ਛੇ ਘੰਟੇ ਦਿੱਤੇ ਗਏ ਸਨ।

ਹਫੜਾ-ਦਫੜੀ ਵਿਚ ਵੱਡੀ ਰਵਾਨਗੀ

ਮਾਤਾ ਜੀ ਸਦਮੇ ਦੀ ਹਾਲਤ ਵਿਚ ਸਨ। ਕੀ ਲੈ ਕੇ ਜਾਈਏ? ਕਿੱਥੇ ਜਾਈਏ? ਸਫ਼ਰ ਕਿਸ ਤਰ੍ਹਾਂ ਕਰੀਏ? ਕੀ ਅਸੀਂ ਕਦੇ ਵੀ ਵਾਪਸ ਆਵਾਂਗੇ? ਹਰ ਪਰਿਵਾਰ ਉੱਤੇ ਸਖ਼ਤ ਬੰਦਸ਼ ਸੀ ਕਿ ਉਹ ਨਾਲ ਕੀ ਲੈ ਜਾ ਸਕਦਾ ਸੀ। ਅਕਲਮੰਦੀ ਨਾਲ ਮਾਤਾ ਜੀ ਨੇ ਜ਼ਰੂਰੀ ਚੀਜ਼ਾਂ ਚੁਣੀਆਂ, ਸਿਰਫ਼ ਉੱਨੀਆਂ ਹੀ ਜਿੰਨੀਆਂ ਅਸੀਂ ਆਸਾਨੀ ਨਾਲ ਚੁੱਕ ਸਕਦੇ ਸਨ, ਜਿਨ੍ਹਾਂ ਵਿਚ ਮਾਸ ਦੇ ਟੁਕੜਿਆਂ ਵਾਲੀ ਚਰਬੀ ਨਾਲ ਭਰਿਆ ਮਿੱਟੀ ਦਾ ਇਕ ਵੱਡਾ ਬਰਤਨ ਵੀ ਸ਼ਾਮਲ ਸੀ। ਦੂਸਰੇ ਪਰਿਵਾਰਾਂ ਨੇ ਆਪਣੀਆਂ ਕੀਮਤੀ ਭੌਤਿਕ ਚੀਜ਼ਾਂ ਆਪਣੇ ਨਾਲ ਲੈ ਜਾਣੀਆਂ ਪਸੰਦ ਕੀਤੀਆਂ।

ਅਕਤੂਬਰ 22, 1944 ਨੂੰ ਰੂਸੀ ਫ਼ੌਜਾਂ ਪੂਰਬੀ ਪ੍ਰਸ਼ੀਆ ਵਿਚ ਦਾਖ਼ਲ ਹੋ ਗਈਆਂ। ਇਕ ਲੇਖਕ ਨੇ ਸਮਝਾਇਆ: “ਇਹ ਤਾਂ ਕੁਦਰਤੀ ਸੀ ਕਿ ਰੂਸੀ ਸਿਪਾਹੀ ਜਿਨ੍ਹਾਂ ਨੇ ਆਪਣੇ ਹੀ ਪਰਿਵਾਰਾਂ ਦਾ ਕਤਲਾਮ ਅਤੇ ਆਪਣੇ ਹੀ ਘਰਾਂ ਅਤੇ ਫ਼ਸਲਾਂ ਨੂੰ ਸੁਆਹ ਹੁੰਦੇ ਹੋਏ ਦੇਖਿਆ, ਬਦਲੇ ਲੈਣੇ ਚਾਹੁਣਗੇ।” ਤਬਾਹੀ ਨੇ ਪੂਰਬੀ ਪ੍ਰਸ਼ੀਆ ਵਿਚ ਹੰਗਾਮਾ ਖੜ੍ਹਾ ਕਰ ਦਿੱਤਾ, ਅਤੇ ਲੋਕ ਹਫੜਾ-ਦਫੜੀ ਵਿਚ ਭੱਜੇ।

ਉਦੋਂ ਤਾਈਂ ਅਸੀਂ ਸ਼ਰਨਾਰਥੀ ਸੀ, ਅਤੇ ਪੂਰਬੀ ਪ੍ਰਸ਼ੀਆ ਵਿਚ ਪੱਛਮ ਵੱਲ ਰਹਿ ਰਹੇ ਸੀ। ਹੁਣ ਬਚਾਅ ਸਿਰਫ਼ ਬਾਲਟਿਕ ਸਾਗਰ ਰਾਹੀਂ ਜਾਪਦਾ ਸੀ, ਇਸ ਲਈ ਲੋਕੀ ਬੰਦਰਗਾਹ ਵਾਲੇ ਸ਼ਹਿਰ ਡੈਨਸਿਗ (ਇਸ ਵਕਤ ਗਡਾਂਸਕ, ਪੋਲੈਂਡ) ਨੂੰ ਭੱਜੇ। ਉੱਥੇ, ਸੰਕਟ ਕਾਲੀ ਬਚਾਅ ਕਾਰਵਾਈਆਂ ਲਈ ਸਮੁੰਦਰੀ ਜਹਾਜ਼ ਜ਼ਬਤ ਕੀਤੇ ਗਏ ਸਨ। ਸਾਡਾ ਪਰਿਵਾਰ ਉਸ ਰੇਲ-ਗੱਡੀ ਉੱਤੇ ਚੜ੍ਹਨ ਤੋਂ ਰਹਿ ਗਿਆ ਜਿਸ ਨੇ ਸਾਨੂੰ ਜਰਮਨ ਮੁਸਾਫ਼ਰੀ ਸਮੁੰਦਰੀ ਜਹਾਜ਼ ਵਿਲਹੈਲਮ ਗੁਸਟਲੋਫ ਤਕ ਪਹੁੰਚਾਉਣਾ ਸੀ, ਜੋ ਜਨਵਰੀ 30, 1945, ਨੂੰ ਡੈਨਸਿਗ ਦੇ ਲਾਗੇ ਗਦੀਨੀਆ ਤੋਂ ਰਵਾਨਾ ਹੋਇਆ। ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਰੂਸੀ ਤਾਰਪੀਡੋਆਂ ਨੇ ਜਹਾਜ਼ ਨੂੰ ਡੁਬੋ ਦਿੱਤਾ ਅਤੇ ਬਰਫ਼ਾਨੀ ਸਮੁੰਦਰ ਵਿਚ ਕੁਝ 8,000 ਮੁਸਾਫ਼ਰ ਡੁੱਬ ਗਏ ਸਨ।

ਸਾਗਰ ਰਾਹੀਂ ਭੱਜਣ ਦਾ ਰਾਹ ਬੰਦ ਹੋਣ ਕਰਕੇ, ਅਸੀਂ ਪੱਛਮ ਵੱਲ ਵਧੇ। ਫ਼ੌਜ ਤੋਂ ਕੱਚੀ ਛੁੱਟੀ ਲੈ ਕੇ ਪਿਤਾ ਜੀ ਨੇ ਰੇਲ-ਗੱਡੀ ਦੇ ਸਫ਼ਰ ਵਿਚ ਕੁਝ ਦੂਰੀ ਤਕ ਸਾਡਾ ਸਾਥ ਦਿੱਤਾ, ਜਿਵੇਂ ਸ਼ੁਰੂਆਤ ਵਿਚ ਦੱਸਿਆ ਗਿਆ ਹੈ। ਜਲਦੀ ਹੀ ਉਨ੍ਹਾਂ ਨੂੰ ਸੈਨਿਕ ਸੇਵਾ ਲਈ ਵਾਪਸ ਜਾਣਾ ਪਿਆ, ਅਤੇ ਅਸੀਂ ਉਨ੍ਹਾਂ ਤੋਂ ਬਿਨਾਂ ਉਹ ਲੰਬਾ ਅਤੇ ਖ਼ਤਰਨਾਕ ਸਫ਼ਰ ਜਾਰੀ ਰੱਖਿਆ। ਮਾਤਾ ਜੀ ਨੇ ਚਰਬੀ ਦੇ ਮਰਤਬਾਨ ਨੂੰ ਸਾਂਭ ਕੇ ਰੱਖਿਆ ਅਤੇ ਸਮੇਂ-ਸਮੇਂ ਤੇ ਥੋੜ੍ਹੀ-ਥੋੜ੍ਹੀ ਵਰਤੀ। ਰਾਹ ਵਿਚ ਮਿਲੇ ਰੋਟੀ ਦੇ ਟੁਕੜਿਆਂ ਨਾਲ ਇਸ ਚਰਬੀ ਨੇ ਸਾਨੂੰ ਉਸ ਲੰਬੇ ਅਤੇ ਸਰਦ ਸਿਆਲ ਦੌਰਾਨ ਜੀਉਂਦੇ ਰੱਖਿਆ। ਚਰਬੀ ਦਾ ਉਹ ਮਰਤਬਾਨ ਕਿਸੇ ਸੋਨੇ ਜਾਂ ਚਾਂਦੀ ਨਾਲੋਂ ਜ਼ਿਆਦਾ ਲਾਹੇਵੰਦ ਸਾਬਤ ਹੋਇਆ!

ਆਖ਼ਰਕਾਰ, ਅਸੀਂ ਸਟਾਰਗਾਰਟ ਸ਼ਹਿਰ ਵਿਚ ਆ ਪਹੁੰਚੇ, ਜਿੱਥੇ ਜਰਮਨ ਸਿਪਾਹੀਆਂ ਅਤੇ ਰੈਡ ਕਰਾਸ ਨੇ ਰੇਲਵੇ ਸਟੇਸ਼ਨ ਦੇ ਨੇੜੇ ਥੋੜ੍ਹਾ-ਬਹੁਤਾ ਖਾਣ-ਪੀਣ ਦਾ ਪ੍ਰਬੰਧ ਕੀਤਾ ਹੋਇਆ ਸੀ। ਉਹ ਸੂਪ, ਇਕ ਬਹੁਤ ਭੁੱਖੇ ਬੱਚੇ ਲਈ ਕਿੰਨਾ ਸੁਆਦੀ ਜਾਪਦਾ ਸੀ। ਅੰਤ ਵਿਚ, ਅਸੀਂ ਭੁੱਖੇ ਅਤੇ ਥੱਕੇ ਹੈਮਬਰਗ, ਜਰਮਨੀ ਪਹੁੰਚੇ, ਪਰ ਅਸੀਂ ਜੀਵਤ ਹੋਣ ਲਈ ਸ਼ੁਕਰਗੁਜ਼ਾਰ ਸੀ। ਰੂਸੀ ਅਤੇ ਪੋਲਿਸ਼ ਜੰਗੀ ਕੈਦੀਆਂ ਦੇ ਨਾਲ ਸਾਨੂੰ ਐਲਬੇ ਨਦੀ ਦੇ ਲਾਗੇ ਇਕ ਫਾਰਮ ਵਿਚ ਰੱਖਿਆ ਗਿਆ। ਮਈ 8, 1945 ਨੂੰ ਜਦੋਂ ਯੂਰਪ ਵਿਚ ਯੁੱਧ ਸਮਾਪਤ ਹੋਇਆ, ਤਾਂ ਸਾਡੀ ਅਵਸਥਾ ਬਹੁਤ ਹੀ ਅਨਿਸ਼ਚਿਤ ਸੀ।

ਸ਼ਰਨਾਰਥੀਆਂ ਵਜੋਂ ਜੀਵਨ

ਅਮ੍ਰੀਕਨਾਂ ਨੇ ਪਿਤਾ ਜੀ ਨੂੰ ਕੈਦੀ ਬਣਾਇਆ ਹੋਇਆ ਸੀ, ਅਤੇ ਉਨ੍ਹਾਂ ਨੇ ਪਿਤਾ ਜੀ ਨਾਲ ਚੰਗਾ ਸਲੂਕ ਕੀਤਾ, ਖ਼ਾਸ ਕਰਕੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪਿਤਾ ਜੀ ਸੰਗੀਤਕਾਰ ਸਨ। ਆਪਣਾ ਆਜ਼ਾਦੀ ਦਾ ਦਿਨ ਮਨਾਉਣ ਲਈ ਅਮ੍ਰੀਕਨਾਂ ਨੇ ਪਿਤਾ ਜੀ ਦੀਆਂ ਸੰਗੀਤਕ ਯੋਗਤਾਵਾਂ ਦਾ ਫ਼ਾਇਦਾ ਉਠਾਇਆ। ਥੋੜ੍ਹੇ ਚਿਰ ਮਗਰੋਂ, ਉਹ ਭੱਜ ਨਿਕਲਣ ਵਿਚ ਕਾਮਯਾਬ ਹੋਏ ਅਤੇ ਹੈਮਬਰਗ ਆ ਗਏ, ਜਿੱਥੇ ਅਸੀਂ ਖ਼ੁਸ਼ੀ ਨਾਲ ਫਿਰ ਮਿਲੇ। ਅਸੀਂ ਇਕ ਛੋਟੇ ਜਿਹੇ ਘਰ ਵਿਚ ਰਹਿਣ ਲੱਗ ਪਏ, ਅਤੇ ਜਲਦੀ ਹੀ ਸਾਡੀ ਦਾਦੀ ਅਤੇ ਨਾਨੀ ਸਲਾਮਤੀ ਨਾਲ ਉੱਥੇ ਪਹੁੰਚੀਆਂ ਅਤੇ ਸਾਡੇ ਨਾਲ ਰਹਿ ਸਕੀਆਂ।

ਫਿਰ ਵੀ, ਅੰਤ ਵਿਚ, ਸਥਾਨਕ ਵਸਨੀਕਾਂ ਨੇ ਅਤੇ ਸਾਡੇ ਆਪਣੇ ਲੂਥਰਪੰਥੀ ਗਿਰਜੇ ਨੇ ਵੀ ਸ਼ਰਨਾਰਥੀਆਂ ਦੀ ਬਹੁਗਿਣਤੀ ਨੂੰ ਭੈੜਾ ਸਮਝਣਾ ਸ਼ੁਰੂ ਕਰ ਦਿੱਤਾ। ਇਕ ਸ਼ਾਮ ਪਾਦਰੀ ਸਾਡੇ ਪਰਿਵਾਰ ਨੂੰ ਮਿਲਣ ਆਇਆ। ਇੰਜ ਜਾਪਦਾ ਸੀ ਕਿ ਉਸ ਨੇ ਜਾਣ-ਬੁੱਝ ਕੇ ਸਾਡੇ ਸ਼ਰਨਾਰਥੀ ਦਰਜੇ ਬਾਰੇ ਅਪਮਾਨਜਨਕ ਗੱਲ ਕਹਿ ਕੇ ਨਾਰਾਜ਼ਗੀ ਪੈਦਾ ਕੀਤੀ। ਪਿਤਾ ਜੀ, ਜੋ ਹੱਟੇ-ਕੱਟੇ ਸਨ, ਕ੍ਰੋਧ ਵਿਚ ਆ ਗਏ ਅਤੇ ਪਾਦਰੀ ਨੂੰ ਟੁੱਟ ਕੇ ਪੈ ਗਏ। ਸਾਡੀ ਮਾਤਾ, ਦਾਦੀ ਅਤੇ ਨਾਨੀ ਨੇ ਪਿਤਾ ਜੀ ਨੂੰ ਰੋਕਿਆ। ਪਰ ਫਿਰ ਉਹ ਪਾਦਰੀ ਨੂੰ ਚੁੱਕ ਕੇ ਦਰਵਾਜ਼ੇ ਤਕ ਲੈ ਗਏ, ਅਤੇ ਉਸ ਨੂੰ ਬਾਹਰ ਕੱਢ ਦਿੱਤਾ। ਉਸ ਸਮੇਂ ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰ ਵਿਚ ਧਰਮ ਦੀ ਕੋਈ ਵੀ ਚਰਚਾ ਮਨ੍ਹਾ ਕਰ ਦਿੱਤੀ।

ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਪਿਤਾ ਜੀ ਨੂੰ ਜਰਮਨ ਰੇਲ ਵਿਭਾਗ ਵਿਚ ਨੌਕਰੀ ਮਿਲ ਗਈ ਅਤੇ ਅਸੀਂ ਹੈਮਬਰਗ ਦੇ ਬਾਹਰੀ ਇਲਾਕੇ ਵਿਚ ਆ ਗਏ, ਜਿੱਥੇ ਅਸੀਂ ਰੇਲ-ਗੱਡੀ ਦੇ ਇਕ ਖਾਲੀ ਡੱਬੇ ਵਿਚ ਰਹਿੰਦੇ ਸੀ। ਬਾਅਦ ਵਿਚ, ਪਿਤਾ ਜੀ ਨੇ ਸਾਡੇ ਲਈ ਇਕ ਸਾਦਾ ਘਰ ਉਸਾਰਿਆ। ਪਰ ਸ਼ਰਨਾਰਥੀਆਂ ਲਈ ਘਿਰਣਾ ਜਾਰੀ ਰਹੀ, ਅਤੇ ਇਕ ਛੋਟੇ ਬੱਚੇ ਵਜੋਂ, ਮੈਂ ਸਥਾਨਕ ਬੱਚਿਆਂ ਦੀ ਬਹੁਤ ਹੀ ਸਰੀਰਕ ਅਤੇ ਭਾਵਾਤਮਕ ਬਦਸਲੂਕੀ ਦਾ ਪਾਤਰ ਬਣ ਗਿਆ।

ਸਾਡੇ ਪਰਿਵਾਰ ਨੇ ਧਰਮ ਚੁਣਿਆ

ਜਦ ਮੈਂ ਬੱਚਾ ਸੀ, ਮੈਂ ਆਪਣੀ ਦਾਦੀ ਅਤੇ ਨਾਨੀ ਦੇ ਕਮਰੇ ਵਿਚ ਸੌਂਦਾ ਸੀ। ਪਿਤਾ ਜੀ ਦੇ ਹੁਕਮ ਦੇ ਬਾਵਜੂਦ ਵੀ ਜਦ ਉਹ ਘਰ ਨਹੀਂ ਹੁੰਦੇ ਸਨ, ਮੇਰੀ ਦਾਦੀ ਅਤੇ ਨਾਨੀ ਮੇਰੇ ਨਾਲ ਅਕਸਰ ਪਰਮੇਸ਼ੁਰ ਬਾਰੇ ਗੱਲਾਂ ਕਰਦੀਆਂ, ਭਜਨ ਗਾਉਂਦੀਆਂ, ਅਤੇ ਆਪਣੀਆਂ ਬਾਈਬਲਾਂ ਪੜ੍ਹਦੀਆਂ ਸਨ। ਮੇਰੀ ਧਾਰਮਿਕ ਰੁਚੀ ਜਾਗ ਉੱਠੀ। ਇਸ ਕਰਕੇ, ਜਦ ਮੈਂ ਦਸਾਂ ਸਾਲਾਂ ਦਾ ਸੀ, ਮੈਂ ਐਤਵਾਰ ਗਿਰਜੇ ਜਾਣ ਨੂੰ ਤਕਰੀਬਨ 14 ਮੀਲ ਆਉਣ-ਜਾਣ ਦੀ ਵਾਟ ਪੈਦਲ ਚੱਲਣਾ ਸ਼ੁਰੂ ਕਰ ਦਿੱਤਾ। ਖ਼ੈਰ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਮੈਨੂੰ ਆਪਣੇ ਕਈ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਾ ਮਿਲਣ ਕਰਕੇ ਮੈਂ ਨਿਰਾਸ਼ ਹੋਇਆ ਸੀ।

ਫਿਰ 1951 ਦੀਆਂ ਗਰਮੀਆਂ ਵਿਚ, ਇਕ ਸੂਟ-ਬੂਟ ਪਹਿਨੇ ਆਦਮੀ ਨੇ ਸਾਡਾ ਦਰਵਾਜ਼ਾ ਖਟਖਟਾਇਆ ਅਤੇ ਮਾਤਾ ਜੀ ਨੂੰ ਪਹਿਰਾਬੁਰਜ ਰਸਾਲਾ ਪੇਸ਼ ਕੀਤਾ। ਉਸ ਨੇ ਕਿਹਾ: “ਪਹਿਰਾਬੁਰਜ ਪਰਮੇਸ਼ੁਰ ਦੇ ਰਾਜ ਦੀ ਜਾਣਕਾਰੀ ਦਿੰਦਾ ਹੈ।” ਮੇਰਾ ਦਿਲ ਖ਼ੁਸ਼ੀ ਦੇ ਮਾਰੇ ਉਛਲਿਆ ਕਿਉਂ ਜੋ ਮੈਂ ਇਹੋ ਹੀ ਚਾਹੁੰਦਾ ਸੀ। ਨਿਮਰਤਾ ਨਾਲ ਮਾਤਾ ਜੀ ਨੇ ਇਨਕਾਰ ਕਰ ਦਿੱਤਾ, ਸ਼ਾਇਦ ਪਿਤਾ ਜੀ ਦੀ ਧਰਮ ਵਿਰੋਧਤਾ ਦੇ ਕਾਰਨ। ਪਰ, ਮੈਂ ਉਨ੍ਹਾਂ ਦੀ ਇੰਨੀ ਮਿੰਨਤ ਕੀਤੀ ਕਿ ਉਨ੍ਹਾਂ ਨੇ ਤਰਸ ਖਾ ਕੇ ਮੇਰੇ ਲਈ ਇਕ ਕਾਪੀ ਲੈ ਲਈ। ਕੁਝ ਸਮੇਂ ਬਾਅਦ, ਅਰਨੈਸਟ ਹਿਬਿੰਗ ਵਾਪਸ ਆਏ ਅਤੇ “ਪਰਮੇਸ਼ੁਰ ਸੱਚਾ ਠਹਿਰੇ” (ਅੰਗ੍ਰੇਜ਼ੀ) ਕਿਤਾਬ ਛੱਡ ਗਏ।

ਲਗਭਗ ਇਸੇ ਹੀ ਸਮੇਂ, ਕੰਮ ਤੇ ਪਿਤਾ ਜੀ ਨਾਲ ਹਾਦਸਾ ਹੋਇਆ ਅਤੇ ਉਨ੍ਹਾਂ ਦੀ ਲੱਤ ਟੁੱਟ ਗਈ। ਇਸ ਕਰਕੇ ਉਨ੍ਹਾਂ ਨੂੰ ਘਰ ਵਿਚ ਟਿਕੇ ਰਹਿਣਾ ਪਿਆ ਜਿਸ ਦੇ ਕਾਰਨ ਉਹ ਖਿਝੇ ਰਹਿੰਦੇ ਸਨ। ਉਨ੍ਹਾਂ ਦੀ ਲੱਤ ਉੱਤੇ ਪਲਸਤਰ ਹੋਣ ਦੇ ਬਾਵਜੂਦ ਵੀ ਉਹ ਲੰਗੜਾ ਕੇ ਚੱਲ-ਫਿਰ ਸਕਦੇ ਸਨ। ਸਾਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਦਿਨ ਭਰ ਕਿੱਥੇ ਗਾਇਬ ਰਹਿੰਦੇ ਸਨ ਅਤੇ ਸਿਰਫ਼ ਖਾਣ ਦੇ ਵੇਲੇ ਦਿਖਾਈ ਦਿੰਦੇ ਸਨ। ਇਹ ਪੂਰੇ ਹਫ਼ਤੇ ਲਈ ਇਸ ਤਰ੍ਹਾਂ ਚੱਲਦਾ ਰਿਹਾ। ਮੈਂ ਦੇਖਿਆ ਕਿ ਜਦੋਂ ਵੀ ਪਿਤਾ ਜੀ ਅੱਖੋਂ ਓਹਲੇ ਹੁੰਦੇ ਸਨ, ਉਦੋਂ ਮੇਰੀ ਕਿਤਾਬ ਵੀ ਗਾਇਬ ਹੋ ਜਾਂਦੀ ਸੀ। ਫਿਰ, ਇਕ ਵਾਰ ਰੋਟੀ ਦੇ ਵੇਲੇ ਪਿਤਾ ਜੀ ਨੇ ਮੈਨੂੰ ਕਿਹਾ: “ਜੇ ਉਹ ਆਦਮੀ ਵਾਪਸ ਆਵੇ, ਤਾਂ ਮੈਂ ਉਸ ਨੂੰ ਮਿਲਣਾ ਚਾਹੁੰਦਾ ਹਾਂ!”

ਜਦੋਂ ਭਰਾ ਹਿਬਿੰਗ ਵਾਪਸ ਆਏ, ਤਾਂ ਸਾਡੇ ਲਈ ਵੱਡੇ ਅਚੰਭੇ ਦੀ ਗੱਲ ਸੀ ਕਿ ਪਿਤਾ ਜੀ ਨੇ ਕਿਤਾਬ ਨੂੰ ਮੇਜ਼ ਉੱਤੇ ਪਟਕਾਉਂਦੇ ਹੋਏ ਕਿਹਾ: “ਇਸ ਕਿਤਾਬ ਵਿਚ ਸੱਚਾਈ ਹੈ!” ਇਕ ਬਾਈਬਲ ਅਧਿਐਨ ਫ਼ੌਰਨ ਸ਼ੁਰੂ ਕੀਤਾ ਗਿਆ, ਅਤੇ ਹੌਲੀ-ਹੌਲੀ ਪਰਿਵਾਰ ਦੇ ਬਾਕੀ ਜੀਅ ਅਧਿਐਨ ਵਿਚ ਸ਼ਾਮਲ ਹੋ ਗਏ। ਭਰਾ ਹਿਬਿੰਗ ਮੇਰੇ ਲਈ ਇਕ ਭਰੋਸੇਯੋਗ ਸਲਾਹਕਾਰ ਅਤੇ ਪੱਕੇ ਦੋਸਤ ਬਣ ਗਏ। ਥੋੜ੍ਹੀ ਦੇਰ ਬਾਅਦ ਮੈਨੂੰ ਸੰਡੇ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਕਿਉਂਕਿ ਮੈਂ ਆਪਣੇ ਨਵੇਂ ਲੱਭੇ ਵਿਸ਼ਵਾਸ ਨੂੰ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਫਿਰ ਮੈਂ ਲੂਥਰਪੰਥੀ ਗਿਰਜਾ ਤਿਆਗ ਦਿੱਤਾ।

ਜੁਲਾਈ 1952 ਵਿਚ, ਮੈਂ ਆਪਣੇ ਪਿਆਰੇ ਦੋਸਤ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਘਰ-ਘਰ ਕਰਨਾ ਸ਼ੁਰੂ ਕਰ ਦਿੱਤਾ। ਹਰੇਕ ਐਤਵਾਰ, ਭਰਾ ਹਿਬਿੰਗ ਮੈਨੂੰ ਧਿਆਨ ਨਾਲ ਸੁਣਨ ਲਈ ਉਪਦੇਸ਼ ਦਿੰਦੇ ਸਨ ਕਿ ਉਹ ਕਿਸ ਤਰ੍ਹਾਂ ਘਰ-ਸੁਆਮੀ ਨੂੰ ਸੰਦੇਸ਼ ਪੇਸ਼ ਕਰਦੇ ਸਨ। ਕੁਝ ਹਫ਼ਤਿਆਂ ਬਾਅਦ, ਉਨ੍ਹਾਂ ਨੇ ਘਰਾਂ ਦੇ ਇਕ ਵੱਡੇ ਬਲਾਕ ਵੱਲ ਇਸ਼ਾਰਾ ਕੀਤਾ ਅਤੇ ਕਿਹਾ: “ਉਹ ਸਾਰੇ ਤੇਰੇ ਲਈ ਹਨ; ਉੱਥੇ ਤੂੰ ਇਕੱਲੇ ਨੇ ਪ੍ਰਚਾਰ ਕਰਨਾ ਹੈ।” ਸਮੇਂ ਦੇ ਬੀਤਣ ਨਾਲ, ਮੈਂ ਆਪਣੀ ਘਬਰਾਹਟ ਤੇ ਕਾਬੂ ਪਾਇਆ ਅਤੇ ਲੋਕਾਂ ਨਾਲ ਬੋਲਣ ਵਿਚ ਅਤੇ ਉਨ੍ਹਾਂ ਨੂੰ ਬਾਈਬਲ ਸਾਹਿੱਤ ਦੇਣ ਵਿਚ ਕਾਫ਼ੀ ਕਾਮਯਾਬ ਹੋਇਆ।

ਥੋੜ੍ਹੇ ਚਿਰ ਵਿਚ, ਮੈਂ ਯਹੋਵਾਹ ਨੂੰ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮੇ ਦੇ ਯੋਗ ਬਣ ਗਿਆ। ਮਾਰਚ 29, 1953 ਨੂੰ ਪਿਤਾ ਜੀ ਨੇ ਅਤੇ ਮੈਂ ਬਪਤਿਸਮਾ ਲਿਆ, ਅਤੇ ਬਾਅਦ ਵਿਚ ਉਸੇ ਸਾਲ ਮਾਤਾ ਜੀ ਨੇ ਵੀ ਬਪਤਿਸਮਾ ਲਿਆ। ਅਖ਼ੀਰ ਵਿਚ, ਸਾਡੇ ਪਰਿਵਾਰ ਦੇ ਸਾਰੇ ਜੀਆਂ ਨੇ ਬਪਤਿਸਮਾ ਲੈ ਲਿਆ, ਮੇਰੀ ਭੈਣ ਏਰੀਕਾ ਨੇ; ਮੇਰੇ ਭਰਾਵਾਂ ਹਾਇੰਟਸ, ਹੈਰਬੈਰਟ, ਅਤੇ ਵੈਰਨੈਰ ਨੇ; ਅਤੇ ਸਾਡੀ ਬਹੁਤ ਪਿਆਰੀ ਦਾਦੀ ਅਤੇ ਨਾਨੀ ਜੀ ਨੇ, ਜੋ ਦੋਨੋਂ ਉਸ ਵੇਲੇ 80 ਸਾਲਾਂ ਤੋਂ ਉਪਰ ਸਨ। ਫਿਰ, ਜਨਵਰੀ 1959 ਵਿਚ, ਮੈਂ ਪਾਇਨੀਅਰ ਬਣ ਗਿਆ, ਜਿਵੇਂ ਪੂਰਣ-ਕਾਲੀ ਸੇਵਕ ਕਹਿਲਾਉਂਦੇ ਹਨ।

ਨਵੇਂ ਦੇਸ਼ ਵਿਚ ਸੇਵਕਾਈ

ਪਿਤਾ ਜੀ ਨੇ ਮੈਨੂੰ ਜਰਮਨੀ ਛੱਡਣ ਲਈ ਹਮੇਸ਼ਾ ਉਤਸ਼ਾਹਿਤ ਕੀਤਾ ਸੀ, ਅਤੇ ਪਿੱਛਲਝਾਤ ਪਾਉਂਦਿਆਂ ਮੈਨੂੰ ਯਕੀਨ ਹੈ ਕਿ ਇਹ ਸਾਮੀ-ਵਿਰੋਧ ਬਾਰੇ ਉਨ੍ਹਾਂ ਦੀ ਲਗਾਤਾਰ ਚਿੰਤਾ ਦੇ ਕਾਰਨ ਸੀ। ਮੈਂ ਆਸਟ੍ਰੇਲੀਆ ਨੂੰ ਪਰਵਾਸ ਕਰਨ ਲਈ ਅਰਜ਼ੀ ਦਿੱਤੀ, ਇਹ ਉਮੀਦ ਕਰਦੇ ਹੋਏ ਕਿ ਇਹ ਪਾਪੂਆ ਨਿਊ ਗਿਨੀ ਜਾਂ ਸ਼ਾਂਤ ਮਹਾਂਸਾਗਰ ਦੇ ਕਿਸੇ ਹੋਰ ਟਾਪੂ ਵਿਚ ਇਕ ਮਿਸ਼ਨਰੀ ਵਜੋਂ ਸੇਵਾ ਕਰਨ ਲਈ ਇਕ ਲਾਂਘੇ ਦਾ ਪੱਥਰ ਹੋਵੇਗਾ। ਜੁਲਾਈ 21, 1959 ਨੂੰ ਮੇਰਾ ਭਰਾ ਵੈਰਨੈਰ ਅਤੇ ਮੈਂ ਇਕੱਠੇ ਮੈਲਬੋਰਨ, ਆਸਟ੍ਰੇਲੀਆ ਪਹੁੰਚੇ।

ਕੁਝ ਹੀ ਹਫ਼ਤਿਆਂ ਵਿਚ, ਮੈਂ ਮੈਲਵਾ ਪੀਟਰਜ਼ ਨੂੰ ਮਿਲਿਆ, ਜੋ ਫ਼ੁਟਸਕਰੇ ਕਲੀਸਿਯਾ ਵਿਚ ਪਾਇਨੀਅਰ ਵਜੋਂ ਸੇਵਾ ਕਰ ਰਹੀ ਸੀ, ਅਤੇ 1960 ਵਿਚ ਸਾਡਾ ਵਿਆਹ ਹੋ ਗਿਆ। ਸਾਨੂੰ ਦੋ ਬੇਟੀਆਂ ਦੀ ਬਰਕਤ ਮਿਲੀ, ਅਤੇ ਉਹ ਵੀ ਯਹੋਵਾਹ ਪਰਮੇਸ਼ੁਰ ਨਾਲ ਪ੍ਰੇਮ ਕਰਨ ਲੱਗ ਪਈਆਂ ਅਤੇ ਆਪਣੇ ਜੀਵਨ ਉਸ ਨੂੰ ਸਮਰਪਿਤ ਕੀਤੇ। ਅਸੀਂ ਆਪਣੇ ਜੀਵਨਾਂ ਨੂੰ ਸਾਦਾ ਅਤੇ ਸਰਲ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤਾਂਕਿ ਇਕ ਪਰਿਵਾਰ ਦੇ ਨਾਤੇ ਅਸੀਂ ਅਧਿਆਤਮਿਕ ਟੀਚਿਆਂ ਦੀ ਪੂਰੀ ਤਰ੍ਹਾਂ ਪੈਰਵੀ ਕਰ ਸਕੀਏ। ਕਈ ਸਾਲ ਮੈਲਵਾ ਨੇ ਪਾਇਨੀਅਰ ਵਜੋਂ ਸੇਵਾ ਕੀਤੀ, ਜਦ ਤਕ ਖ਼ਰਾਬ ਸਿਹਤ ਨੇ ਉਸ ਨੂੰ ਜਾਰੀ ਰਹਿਣ ਤੋਂ ਰੋਕ ਨਾ ਦਿੱਤਾ। ਅੱਜ-ਕਲ੍ਹ ਮੈਂ ਕੈਨਬਰਾ ਸ਼ਹਿਰ ਵਿਚ, ਬੈੱਲਕੋਨਨ ਕਲੀਸਿਯਾ ਵਿਚ ਬਜ਼ੁਰਗ ਅਤੇ ਪਾਇਨੀਅਰ ਹਾਂ।

ਮੇਰੇ ਬਚਪਨ ਦੇ ਮੁਢਲੇ ਅਨੁਭਵਾਂ ਤੋਂ, ਮੈਂ ਯਹੋਵਾਹ ਦੇ ਪ੍ਰਬੰਧਾਂ ਨਾਲ ਖ਼ੁਸ਼ ਅਤੇ ਸੰਤੁਸ਼ਟ ਹੋਣਾ ਸਿੱਖਿਆ ਹੈ। ਜਿਵੇਂ ਮਾਤਾ ਜੀ ਦੇ ਚਰਬੀ ਨਾਲ ਭਰੇ ਮਰਤਬਾਨ ਨੇ ਸਪੱਸ਼ਟ ਕੀਤਾ, ਮੈਂ ਇਸ ਗੱਲ ਦੀ ਕਦਰ ਪਾਈ ਕਿ ਬਚਾਅ ਸੋਨੇ ਅਤੇ ਚਾਂਦੀ ਤੇ ਨਹੀਂ, ਪਰ ਮੂਲ ਭੌਤਿਕ ਜ਼ਰੂਰਤਾਂ ਤੇ, ਅਤੇ ਇਸ ਤੋਂ ਵੀ ਹੋਰ ਮਹੱਤਵਪੂਰਣ, ਪਰਮੇਸ਼ੁਰ ਦੇ ਬਚਨ, ਬਾਈਬਲ ਦਾ ਅਧਿਐਨ ਕਰਨ ਅਤੇ ਇਸ ਵੱਲੋਂ ਸਿਖਾਈਆਂ ਗਈਆਂ ਗੱਲਾਂ ਨੂੰ ਅਮਲ ਵਿਚ ਲਿਆਉਣ ਤੇ ਨਿਰਭਰ ਕਰਦਾ ਹੈ।—ਮੱਤੀ 4:4.

ਯਿਸੂ ਦੀ ਮਾਂ, ਮਰਿਯਮ ਦੇ ਅਰਥਪੂਰਣ ਸ਼ਬਦ ਵਾਕਈ ਸੱਚੇ ਹਨ: “[ਯਹੋਵਾਹ] ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ, ਅਤੇ ਧਨੀਆਂ ਨੂੰ ਸੱਖਣੇ ਹੱਥ ਤਾਹ ਦਿੱਤਾ।” (ਲੂਕਾ 1:53) ਇਹ ਖ਼ੁਸ਼ੀ ਦੀ ਗੱਲ ਹੈ ਕਿ ਮੈਂ ਆਪਣੇ ਪਰਿਵਾਰ ਦੇ 47 ਜੀਆਂ ਨੂੰ ਗਿਣ ਸਕਦਾ ਹਾਂ, ਜੋ ਬਾਈਬਲ ਦੀ ਸੱਚਾਈ ਦੇ ਰਾਹ ਉੱਤੇ ਚੱਲ ਰਹੇ ਹਨ ਅਤੇ ਇਨ੍ਹਾਂ ਵਿਚ ਸੱਤ ਦੋਹਤੇ, ਦੋਹਤੀਆਂ ਵੀ ਸ਼ਾਮਲ ਹਨ। (3 ਯੂਹੰਨਾ 4) ਇਨ੍ਹਾਂ ਸਾਰਿਆਂ ਤੋਂ ਇਲਾਵਾ, ਸਾਡੇ ਕਈ ਅਧਿਆਤਮਿਕ ਬੱਚਿਆਂ ਅਤੇ ਪੋਤੇ-ਪੋਤੀਆਂ ਨਾਲ, ਮੈਲਵਾ ਅਤੇ ਮੈਂ ਯਹੋਵਾਹ ਦੀ ਕੋਮਲ ਦੇਖ-ਭਾਲ ਦੀ ਪਨਾਹ ਵਿਚ ਇਕ ਸੁਰੱਖਿਅਤ ਅਦਭੁਤ ਭਵਿੱਖ ਦੀ ਅਤੇ ਪੁਨਰ-ਉਥਾਨ ਤੋਂ ਬਾਅਦ ਸਾਡੇ ਬਾਕੀ ਦੇ ਪਿਆਰਿਆਂ ਨੂੰ ਦੁਬਾਰਾ ਮਿਲਣ ਦੀ ਉਤਸ਼ਾਹ ਨਾਲ ਉਡੀਕ ਕਰ ਰਹੇ ਹਾਂ।—ਕੁਰਟ ਹਾਨ ਦੀ ਜ਼ੁਬਾਨੀ।

[ਸਫ਼ੇ 21 ਉੱਤੇ ਤਸਵੀਰ]

1944 ਵਿਚ, ਪੂਰਬੀ ਪ੍ਰਸ਼ੀਆ ਵਿਚ ਅੱਗੇ ਵੱਧ ਰਹੀਆਂ ਰੂਸੀ ਫ਼ੌਜਾਂ

[ਕ੍ਰੈਡਿਟ ਲਾਈਨ]

Sovfoto

[ਸਫ਼ੇ 23 ਉੱਤੇ ਤਸਵੀਰ]

ਮੇਰਾ ਭਰਾ ਹਾਇੰਟਸ, ਭੈਣ ਏਰੀਕਾ, ਮਾਤਾ ਜੀ, ਭਰਾ ਹੈਰਬੈਰਟ ਅਤੇ ਵੈਰਨੈਰ, ਅਤੇ ਮੁਹਰੇ ਮੈਂ

[ਸਫ਼ੇ 24 ਉੱਤੇ ਤਸਵੀਰ]

ਆਪਣੀ ਪਤਨੀ, ਮੈਲਵਾ ਨਾਲ

[ਸਫ਼ੇ 24 ਉੱਤੇ ਤਸਵੀਰ]

ਚਰਬੀ ਨਾਲ ਭਰੇ ਇਕ ਅਜਿਹੇ ਮਰਤਬਾਨ ਨੇ ਸਾਨੂੰ ਬਚਾਈ ਰੱਖਿਆ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ