ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g99 10/8 ਸਫ਼ੇ 26-29
  • ਉਮੀਦ ਦੇ ਸਹਾਰੇ ਅਜ਼ਮਾਇਸ਼ਾਂ ਸਹੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਉਮੀਦ ਦੇ ਸਹਾਰੇ ਅਜ਼ਮਾਇਸ਼ਾਂ ਸਹੀਆਂ
  • ਜਾਗਰੂਕ ਬਣੋ!—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਾਡੀਆਂ ਅਜ਼ਮਾਇਸ਼ਾਂ ਦੀ ਸ਼ੁਰੂਆਤ
  • ਆਪਣੇ ਮਾਤਾ-ਪਿਤਾ ਨਾਲ ਰਹਿਣਾ
  • ਉਮੀਦ ਨੇ ਮੈਨੂੰ ਸਭ ਕੁਝ ਸਹਿਣ ਦੀ ਤਾਕਤ ਦਿੱਤੀ
  • ਮੇਰੇ ਬੱਚੇ, ਖ਼ੁਸ਼ੀ ਦਾ ਇਕ ਸੋਮਾ
  • ਸਾਡੀ ਪੂਰਣ-ਕਾਲੀ ਸੇਵਕਾਈ
  • ਬਹੁਤ ਸਾਰੀਆਂ ਬਰਕਤਾਂ ਨੇ ਮੈਨੂੰ ਤਾਕਤ ਬਖ਼ਸ਼ੀ
  • ਯਹੋਵਾਹ ਦੀਨ ਲੋਕਾਂ ਨੂੰ ਸੱਚਾਈ ਵੱਲ ਖਿੱਚਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਅੱਠ ਬੱਚਿਆਂ ਨੂੰ ਯਹੋਵਾਹ ਦੇ ਰਾਹਾਂ ਤੇ ਚੱਲਣਾ ਸਿਖਾਉਣ ਵਿਚ ਔਕੜਾਂ ਤੇ ਖ਼ੁਸ਼ੀਆਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਯਹੋਵਾਹ ਨੇ ਮੈਨੂੰ ਹਰ ਵੇਲੇ ਸੰਭਾਲਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਮੇਰਾ ਪੂਰਾ ਪਰਿਵਾਰ ਯਹੋਵਾਹ ਦੀ ਭਗਤੀ ਕਰਨ ਲੱਗ ਪਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਹੋਰ ਦੇਖੋ
ਜਾਗਰੂਕ ਬਣੋ!—1999
g99 10/8 ਸਫ਼ੇ 26-29

ਉਮੀਦ ਦੇ ਸਹਾਰੇ ਅਜ਼ਮਾਇਸ਼ਾਂ ਸਹੀਆਂ

ਮੀਚੀਕੋ ਓਗਾਵਾ ਦੀ ਜ਼ਬਾਨੀ

ਮੈਨੂੰ 29 ਅਪ੍ਰੈਲ 1969 ਨੂੰ ਪੁਲਸ ਵਾਲਿਆਂ ਤੋਂ ਫ਼ੋਨ ਆਇਆ ਕਿ ਮੇਰੇ ਪਤੀ ਸੇਕਿਚੀ ਇਕ ਕਾਰ ਹਾਦਸੇ ਵਿਚ ਜ਼ਖ਼ਮੀ ਹੋਣ ਕਾਰਨ ਹਸਪਤਾਲ ਵਿਚ ਹਨ। ਖ਼ਬਰ ਮਿਲਦੇ ਹੀ ਮੈਂ ਆਪਣੇ ਦੋਵੇਂ ਬੱਚੇ ਇਕ ਸਹੇਲੀ ਕੋਲ ਛੱਡੇ ਤੇ ਹਸਪਤਾਲ ਨੱਠੀ ਗਈ। ਹਾਦਸੇ ਦੇ ਕਾਰਨ ਸੇਕਿਚੀ ਨੂੰ ਲਕਵਾ ਹੋ ਚੁੱਕਾ ਸੀ ਤੇ ਉਸ ਨੂੰ ਅੱਜ ਤਕ ਹੋਸ਼ ਨਹੀਂ ਆਈ। ਖ਼ੈਰ, ਆਓ ਮੈਂ ਤੁਹਾਨੂੰ ਆਪਣੇ ਪਰਿਵਾਰ ਬਾਰੇ, ਨਾਲੇ ਦੁੱਖਾਂ ਦੇ ਇਸ ਪਹਾੜ ਨੂੰ ਅਸੀਂ ਕਿਵੇਂ ਸਹਿਣ ਕਰ ਰਹੇ ਹਾਂ, ਬਾਰੇ ਦੱਸਦੀ ਹਾਂ।

ਮੇਰਾ ਜਨਮ ਫਰਵਰੀ 1940 ਵਿਚ ਜਪਾਨ ਦੇ ਕੋਬੇ ਸ਼ਹਿਰ ਨੇੜੇ ਸਾਂਡਾ ਵਿਚ ਹੋਇਆ। ਮੈਂ ਅਤੇ ਸੇਕਿਚੀ ਇਕ ਦੂਸਰੇ ਨੂੰ ਉਦੋਂ ਤੋਂ ਜਾਣਦੇ ਸੀ ਜਦੋਂ ਤੋਂ ਅਸੀਂ ਦੋਵਾਂ ਨੇ ਇਕੱਠੇ ਬਾਲਵਾੜੀ ਜਾਣਾ ਸ਼ੁਰੂ ਕੀਤਾ ਸੀ। ਸਾਡਾ ਵਿਆਹ 16 ਫਰਵਰੀ 1964 ਵਿਚ ਹੋਇਆ। ਮੇਰੇ ਪਤੀ ਜ਼ਿਆਦਾ ਬੋਲਣਾ ਪਸੰਦ ਨਹੀਂ ਕਰਦੇ ਸਨ, ਪਰ ਉਨ੍ਹਾਂ ਨੂੰ ਬੱਚੇ ਬੜੇ ਪਸੰਦ ਸਨ। ਕੁਝ ਸਮੇਂ ਬਾਅਦ ਸਾਡੇ ਦੋ ਪੁੱਤਰ, ਰੀਯੁਸੁਕੇ ਅਤੇ ਕੋਹੇ ਪੈਦਾ ਹੋਏ।

ਸੇਕਿਚੀ ਟੋਕੀਓ ਦੀ ਇਕ ਉਸਾਰੀ ਕੰਪਨੀ ਵਿਚ ਨੌਕਰੀ ਕਰਦਾ ਸੀ। ਇਸ ਲਈ ਵਿਆਹ ਤੋਂ ਬਾਅਦ ਅਸੀਂ ਟੋਕੀਓ ਦੇ ਨੇੜੇ ਇਕ ਕਸਬੇ ਵਿਚ ਰਹਿਣ ਲੱਗ ਪਏ। ਅਕਤੂਬਰ 1967 ਵਿਚ ਮੇਰੇ ਘਰ ਇਕ ਨੌਜਵਾਨ ਤੀਵੀਂ ਆਈ ਜਿਸ ਨੇ ਕਿਹਾ ਕਿ ਉਹ ਇਕ ਬਾਈਬਲ ਸਿਖਿਆਰਥੀ ਹੈ। ਮੈਂ ਉਸ ਨੂੰ ਜਵਾਬ ਦਿੱਤਾ, “ਸ਼ੁਕਰੀਆ, ਮੇਰੇ ਕੋਲ ਮੇਰੀ ਆਪਣੀ ਬਾਈਬਲ ਹੈ।”

ਉਸ ਨੇ ਕਿਹਾ, “ਕੀ ਮੈਂ ਤੁਹਾਡੀ ਬਾਈਬਲ ਦੇਖ ਸਕਦੀ ਹਾਂ?”

ਮੈਂ ਕਿਤਾਬਾਂ ਵਾਲੀ ਸ਼ੈਲਫ ਤੋਂ ਬਾਈਬਲ ਚੁੱਕੀ ਅਤੇ ਉਸ ਦੇ ਹੱਥ ਫੜਾ ਦਿੱਤੀ। ਇਹ ਬਾਈਬਲ ਸੇਕਿਚੀ ਦੀ ਸੀ। ਉਸ ਨੇ ਮੈਨੂੰ ਉਸੇ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਯਹੋਵਾਹ ਦਿਖਾਇਆ। ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਉਸ ਤੀਵੀਂ ਨੇ ਮੇਰੇ ਦੋਹਾਂ ਬੱਚਿਆਂ ਵੱਲ ਦੇਖਿਆ ਤੇ ਬਾਈਬਲ ਵਿੱਚੋਂ ਇਹ ਲਾਈਨਾਂ ਮੈਨੂੰ ਪੜ੍ਹ ਕੇ ਸੁਣਾਈਆਂ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” (ਕਹਾਉਤਾਂ 22:6) ਵਾਕਈ, ਮੈਂ ਇਸ ਗੱਲ ਬਾਰੇ ਬੜੀ ਪਰੇਸ਼ਾਨ ਸੀ ਕਿ ਮੈਂ ਆਪਣੇ ਬੱਚਿਆਂ ਦੀ ਵਧੀਆ ਤਰੀਕੇ ਨਾਲ ਪਰਵਰਿਸ਼ ਕਿਵੇਂ ਕਰਾਂ। ਇਸ ਲਈ ਉਸੇ ਵੇਲੇ ਮੈਂ ਬਾਈਬਲ ਅਧਿਐਨ ਕਰਨ ਲਈ ਰਾਜ਼ੀ ਹੋ ਗਈ।

ਮੈਂ ਤੀਵੀਂ ਨੂੰ ਅੰਦਰ ਬੁਲਾਇਆ ਅਤੇ “ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ” ਨਾਮਕ ਪੁਸਤਿਕਾ ਵਿੱਚੋਂ ਅਸੀਂ ਗੱਲ-ਬਾਤ ਕਰਨੀ ਸ਼ੁਰੂ ਕਰ ਦਿੱਤੀ। ਮੈਂ ਸੋਚਿਆ, ‘ਇਹ ਕਿੰਨਾ ਵਧੀਆ ਹੋਵੇਗਾ ਜੇਕਰ ਸਾਡਾ ਪੂਰਾ ਪਰਿਵਾਰ ਸੁਖੀ ਜੀਵਨ ਦਾ ਆਨੰਦ ਮਾਣ ਸਕੇ!’ ਜਦੋਂ ਸੇਕਿਚੀ ਘਰ ਆਇਆ ਤਾਂ ਮੈਂ ਉਸ ਨੂੰ ਕਿਹਾ: “ਮੈਂ ਬਾਈਬਲ ਦਾ ਅਧਿਐਨ ਕਰਨਾ ਚਾਹੁੰਦੀ ਹਾਂ।”

ਉਸ ਨੇ ਕਿਹਾ, “ਮੀਚੀਕੋ, ਤੈਨੂੰ ਇੱਦਾਂ ਦੇ ਅਧਿਐਨ ਕਰਨ ਦੀ ਕੀ ਲੋੜ ਹੈ। ਤੂੰ ਜੋ ਵੀ ਜਾਣਨਾ ਚਾਹੁੰਦੀ ਹੈ, ਉਸ ਨੂੰ ਜਾਣਨ ਵਿਚ ਮੈਂ ਤੇਰੀ ਮਦਦ ਕਰਾਂਗਾ।” ਫਿਰ ਵੀ, ਮੈਂ ਯਹੋਵਾਹ ਦੇ ਗਵਾਹਾਂ ਨਾਲ ਹਰ ਹਫ਼ਤੇ ਬਾਈਬਲ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਲਦੀ ਹੀ ਸਭਾਵਾਂ ਵਿਚ ਵੀ ਜਾਣ ਲੱਗ ਪਈ।

ਸਾਡੀਆਂ ਅਜ਼ਮਾਇਸ਼ਾਂ ਦੀ ਸ਼ੁਰੂਆਤ

ਜਦੋਂ ਮੈਂ ਉੱਪਰ ਜ਼ਿਕਰ ਕੀਤੀ 29 ਅਪ੍ਰੈਲ 1969 ਦੀ ਰਾਤ ਨੂੰ ਹਸਪਤਾਲ ਪਹੁੰਚੀ, ਤਾਂ ਮੈਨੂੰ ਇਹ ਜਾਣ ਕੇ ਸਦਮਾ ਲੱਗਾ ਕਿ ਸੇਕਿਚੀ ਦਾ ਇਕ ਦੋਸਤ, ਯਾਨੀ ਉਸ ਤੀਵੀਂ ਦਾ ਪਤੀ ਜਿਸ ਦੇ ਘਰ ਮੈਂ ਆਪਣੇ ਬੱਚੇ ਛੱਡ ਕੇ ਆਈ ਸੀ, ਵੀ ਇਸ ਹਾਦਸੇ ਸਮੇਂ ਮੇਰੇ ਪਤੀ ਨਾਲ ਟੈਕਸੀ ਵਿਚ ਸੀ। ਇਕ ਹਫ਼ਤੇ ਬਾਅਦ ਮੇਰੇ ਪਤੀ ਦੇ ਇਸ ਦੋਸਤ ਦੀ ਮੌਤ ਹੋ ਗਈ।

ਉਸ ਰਾਤ ਹਸਪਤਾਲ ਦੇ ਸਟਾਫ਼ ਨੇ ਮੈਨੂੰ ਕਿਹਾ ਕਿ ਸੇਕਿਚੀ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ, ਇਸ ਲਈ ਜੇ ਆਖ਼ਰੀ ਵਾਰ ਉਸ ਦਾ ਮੂੰਹ ਦੇਖਣ ਲਈ ਕਿਸੇ ਨੂੰ ਮੈਂ ਬੁਲਾਉਣਾ ਚਾਹੁੰਦੀ ਹਾਂ ਤਾਂ ਬੁਲਾ ਲਵਾਂ। ਮੇਰੇ ਪਤੀ ਦੀ ਖੋਪੜੀ ਦੇ ਤਲੇ ਦਾ ਫ੍ਰੈਕਚਰ ਹੋ ਗਿਆ ਸੀ ਅਤੇ ਉਸ ਨੂੰ ਦਿਮਾਗ਼ੀ ਸੱਟ ਲੱਗੀ ਸੀ। ਅਗਲੇ ਦਿਨ ਕੋਬੇ ਤੋਂ ਸਾਡੇ ਕਈ ਰਿਸ਼ਤੇਦਾਰ ਨੱਸੇ ਆਏ।

ਹਸਪਤਾਲ ਦੇ ਲਾਊਡਸਪੀਕਰ ਤੇ ਇਹ ਘੋਸ਼ਣਾ ਕੀਤੀ ਗਈ: “ਸੇਕਿਚੀ ਓਗਾਵਾ ਦੇ ਸਾਰੇ ਰਿਸ਼ਤੇਦਾਰਾਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਸੇਕਿਚੀ ਨੂੰ ਛੇਤੀ ਤੋਂ ਛੇਤੀ ਆ ਕੇ ਮਿਲ ਲੈਣ।” ਅਸੀਂ ਸਾਰੇ ਇੰਨਟੈਂਸਿਵ ਕੇਅਰ ਯੂਨਿਟ ਵੱਲ ਉਸ ਨੂੰ ਦੇਖਣ ਲਈ ਨੱਸੇ ਗਏ। ਪਰ ਪੂਰੇ ਇਕ ਮਹੀਨੇ ਤਕ ਉਸ ਦੀ ਹਾਲਤ ਇਸੇ ਤਰ੍ਹਾਂ ਹੀ ਨਾਜ਼ੁਕ ਬਣੀ ਰਹੀ। ਆਖ਼ਰੀ ਡਾਕਟਰੀ ਮੁਆਇਨਾ ਕਰਨ ਤੇ ਪਤਾ ਲੱਗਾ ਕਿ ਉਸ ਦੀ ਇਹ ਨਾਜ਼ੁਕ ਹਾਲਤ ਕਾਫ਼ੀ ਲੰਬੇ ਸਮੇਂ ਤਕ ਰਹੇਗੀ।

ਇਸ ਲਈ ਸੇਕਿਚੀ ਨੂੰ ਐਂਬੂਲੈਂਸ ਰਾਹੀਂ ਟੋਕੀਓ ਤੋਂ ਕੁਝ 650 ਕਿਲੋਮੀਟਰ ਦੂਰ ਕੋਬੇ ਸ਼ਹਿਰ ਦੇ ਇਕ ਹਸਪਤਾਲ ਵਿਚ ਪਹੁੰਚਾ ਦਿੱਤਾ ਗਿਆ। ਮੈਂ ਉਸ ਨੂੰ ਲਿਜਾਂਦੇ ਹੋਏ ਦੇਖਿਆ। ਉਸ ਤੋਂ ਬਾਅਦ ਮੈਂ ਉਸ ਦੇ ਬਚਣ ਲਈ ਪ੍ਰਾਰਥਨਾ ਕਰਦੀ ਹੋਈ, ਇਕ ਬੁਲੇਟ ਟ੍ਰੇਨ ਰਾਹੀਂ ਘਰ ਗਈ। ਬਾਅਦ ਵਿਚ ਸ਼ਾਮ ਵੇਲੇ, ਜਦੋਂ ਮੈਂ ਕੋਬੇ ਦੇ ਹਸਪਤਾਲ ਵਿਚ ਪਹੁੰਚੀ, ਤਾਂ ਉਸ ਨੂੰ ਜੀਉਂਦਾ ਦੇਖ ਕੇ ਮੇਰੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਮੈਂ ਹੌਲੀ ਜਿਹੀ ਆਵਾਜ਼ ਵਿਚ ਕਿਹਾ, “ਸ਼ੁਕਰ ਹੈ, ਸੇਕਿਚੀ ਕਿ ਤੁਸੀਂ ਜ਼ਿੰਦਾ ਹੋ!”

ਆਪਣੇ ਮਾਤਾ-ਪਿਤਾ ਨਾਲ ਰਹਿਣਾ

ਮੈਂ ਆਪਣੇ ਦੋਵੇਂ ਮੁੰਡਿਆਂ ਨੂੰ ਲੈ ਕੇ ਸਾਂਡਾ ਸ਼ਹਿਰ ਵਿਚ ਆਪਣੇ ਮਾਤਾ-ਪਿਤਾ ਨਾਲ ਰਹਿਣ ਲਈ ਚਲੀ ਗਈ। ਉੱਥੇ ਜਾ ਕੇ ਮੈਂ ਦੋਹਾਂ ਨੂੰ ਬਾਲਵਾੜੀ ਵਿਚ ਪਾ ਦਿੱਤਾ। ਮੈਂ ਕੋਬੇ ਸ਼ਹਿਰ ਜਾਣ ਲਈ ਗੱਡੀ ਦਾ ਪਾਸ ਬਣਾ ਲਿਆ। ਇਹ ਸ਼ਹਿਰ ਇੱਥੋਂ ਲਗਭਗ 40 ਕਿਲੋਮੀਟਰ ਦੂਰ ਸੀ। ਮੈਂ ਅਤੇ ਮੇਰੀ ਸੱਸ ਵਾਰੋ-ਵਾਰੀ ਇਕ ਸਾਲ ਤਕ ਰੋਜ਼ਾਨਾ ਹਸਪਤਾਲ ਜਾਂਦੀਆਂ ਰਹੀਆਂ। ਹਰ ਵਾਰ ਹਸਪਤਾਲ ਜਾਂਦੀ ਹੋਈ ਮੈਂ ਸੋਚਦੀ, ‘ਕੀ ਅੱਜ ਸੇਕਿਚੀ ਨੂੰ ਹੋਸ਼ ਆ ਜਾਵੇਗੀ? ਜੇ ਹੋਸ਼ ਆ ਗਈ ਤਾਂ ਉਹ ਮੈਨੂੰ ਸਭ ਤੋਂ ਪਹਿਲਾਂ ਕੀ ਦੱਸੇਗਾ? ਮੈਂ ਉਸ ਨੂੰ ਕੀ ਕਹਾਂਗੀ?’ ਇਸ ਤੋਂ ਇਲਾਵਾ, ਜਦੋਂ ਮੈਂ ਇਕ ਸੁਖੀ ਤੇ ਖ਼ੁਸ਼ਹਾਲ ਪਰਿਵਾਰ ਨੂੰ ਦੇਖਦੀ ਤਾਂ ਮੈਂ ਸੋਚਦੀ, ‘ਜੇਕਰ ਸੇਕਿਚੀ ਅੱਜ ਠੀਕ ਹੁੰਦਾ ਤਾਂ ਸਾਡੇ ਨਿਆਣੇ ਵੀ ਇਸੇ ਤਰ੍ਹਾਂ ਖ਼ੁਸ਼ ਹੁੰਦੇ।’ ਇਹ ਸੋਚ ਕੇ ਮੇਰੀਆਂ ਅੱਖਾਂ ਵਿਚ ਅੱਥਰੂ ਭਰ ਆਉਂਦੇ।

ਸ਼ੁਰੂ ਦੇ ਉਨ੍ਹਾਂ ਸਾਲਾਂ ਵਿਚ, ਜਦੋਂ ਮੈਂ ਅਖ਼ਬਾਰ ਵਿਚ ਇਹ ਪੜ੍ਹਿਆ ਕਿ ਇਕ ਮਰੀਜ਼ ਕਈ ਮਹੀਨਿਆਂ ਤਕ ਕੋਮਾ ਵਿਚ ਰਹਿਣ ਤੋਂ ਬਾਅਦ ਹੋਸ਼ ਵਿਚ ਆ ਗਿਆ, ਤਾਂ ਮੈਂ ਸੋਚਿਆ ਕਿ ਸੇਕਿਚੀ ਵੀ ਇਕ-ਨ-ਇਕ ਦਿਨ ਜ਼ਰੂਰ ਹੋਸ਼ ਵਿਚ ਆ ਜਾਵੇਗਾ। ਇਸ ਲਈ ਇਕ ਵਾਰ ਮੈਂ ਆਪਣੇ ਜੇਠ ਨੂੰ ਕਿਹਾ: “ਮੈਂ ਸੇਕਿਚੀ ਨੂੰ ਉੱਤਰ-ਪੂਰਬੀ ਹਾਂਸ਼ੂ ਦੇ ਹਸਪਤਾਲ ਵਿਚ ਭਰਤੀ ਕਰਾਉਣਾ ਚਾਹੁੰਦੀ ਹਾਂ।” ਪਰ ਉਸ ਨੇ ਮੈਨੂੰ ਕਿਹਾ ਕਿ ਇਸ ਬੀਮਾਰੀ ਦਾ ਕੋਈ ਇਲਾਜ ਨਹੀਂ ਹੈ ਤੇ ਨਾਲੇ ਸਲਾਹ ਦਿੱਤੀ ਕਿ ਆਪਣਾ ਪੈਸਾ ਹਸਪਤਾਲ ਵਿਚ ਬਰਬਾਦ ਕਰਨ ਦੀ ਬਜਾਇ ਬਚੇ ਹੋਏ ਪੈਸਿਆਂ ਨੂੰ ਪਰਿਵਾਰ ਦੇ ਬਾਕੀ ਮੈਂਬਰਾਂ ਲਈ ਖ਼ਰਚ ਕਰਨਾ ਸਾਡੇ ਲਈ ਜ਼ਿਆਦਾ ਚੰਗਾ ਹੋਵੇਗਾ।

ਕੋਬੇ ਵਿਚ ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਦੇ ਮਸੀਹੀ ਬਜ਼ੁਰਗ ਦਾ ਘਰ ਹਸਪਤਾਲ ਦੇ ਨੇੜੇ ਸੀ। ਇਸ ਲਈ ਮੈਂ ਅਕਸਰ ਸੇਕਿਚੀ ਨੂੰ ਦੇਖਣ ਜਾਣ ਤੋਂ ਪਹਿਲਾਂ ਉਸ ਦੇ ਘਰ ਰੁਕਦੀ ਹੁੰਦੀ ਸੀ। ਹਫ਼ਤੇ ਵਿਚ ਇਕ ਵਾਰ ਉਸ ਦੀ ਪਤਨੀ ਮੈਨੂੰ ਬਾਈਬਲ ਅਧਿਐਨ ਕਰਵਾਉਂਦੀ ਹੁੰਦੀ ਸੀ। ਅਤੇ ਉਨ੍ਹਾਂ ਦੇ ਦੋ ਬੱਚੇ ਸਾਡੇ ਲਈ ਕਲੀਸਿਯਾ ਸਭਾਵਾਂ ਦੀ ਆਡੀਓ-ਕੈਸੇਟ ਲੈ ਕੇ ਹਸਪਤਾਲ ਆਉਂਦੇ ਹੁੰਦੇ ਸਨ। ਇਸ ਪਰਿਵਾਰ ਤੋਂ ਮੈਨੂੰ ਬੜਾ ਹੌਸਲਾ ਅਤੇ ਮਦਦ ਮਿਲੀ।

ਉਮੀਦ ਨੇ ਮੈਨੂੰ ਸਭ ਕੁਝ ਸਹਿਣ ਦੀ ਤਾਕਤ ਦਿੱਤੀ

ਇਕ ਦਿਨ ਯਹੋਵਾਹ ਦੇ ਗਵਾਹਾਂ ਦਾ ਇਕ ਸਫ਼ਰੀ ਨਿਗਾਹਬਾਨ ਸਾਨੂੰ ਹਸਪਤਾਲ ਮਿਲਣ ਲਈ ਆਇਆ ਤੇ ਉਸ ਨੇ ਮੈਨੂੰ ਰੋਮੀਆਂ 8:18-25 ਪੜ੍ਹ ਕੇ ਸੁਣਾਇਆ। ਇਸ ਦਾ ਕੁਝ ਹਿੱਸਾ ਇੰਜ ਕਹਿੰਦਾ ਹੈ: “ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁਖ ਉਸ ਪਰਤਾਪ ਨਾਲ ਜੋ ਸਾਡੀ ਵੱਲ ਪਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਜੋਗ ਨਹੀਂ। . . . ਅਸੀਂ ਜਾਣਦੇ ਤਾਂ ਹਾਂ ਭਈ ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ। . . . ਜਿਹੜੀ ਵਸਤ ਕੋਈ ਵੇਖਦਾ ਹੈ ਉਹ ਦੀ ਉਮੇਦ ਕਾਹ ਨੂੰ ਕਰੇ? ਪਰ ਜਿਹੜੀ ਵਸਤ ਅਸੀਂ ਨਹੀਂ ਵੇਖਦੇ ਜੇ ਉਹ ਦੀ ਉਮੇਦ ਰੱਖੀਏ ਤਾਂ ਧੀਰਜ ਨਾਲ ਉਹ ਦੀ ਉਡੀਕ ਵਿੱਚ ਰਹਿੰਦੇ ਹਾਂ।”

ਸਾਡੀ ਮਸੀਹੀ ਉਮੀਦ ਦੀ ਇਸ ਚਰਚਾ ਨੇ ਮੈਨੂੰ ਯਾਦ ਦਿਵਾਇਆ ਕਿ ਜੇਕਰ ਮੌਜੂਦਾ ਦੁੱਖਾਂ ਦੀ ਤੁਲਨਾ, ਯਿਸੂ ਵੱਲੋਂ ਵਾਅਦਾ ਕੀਤੀ ਸੋਹਣੀ ਬਾਗ਼ ਵਰਗੀ ਧਰਤੀ ਤੇ ਰਹਿਣ ਦੀ ਖ਼ੁਸ਼ੀ ਨਾਲ ਕੀਤੀ ਜਾਵੇ, ਤਾਂ ਅੱਜ ਦੇ ਇਹ ਦੁੱਖ ਮਾਮੂਲੀ ਜਿਹੇ ਲੱਗਣਗੇ। (ਲੂਕਾ 23:43) ਇਸ ਗੱਲ-ਬਾਤ ਨੇ ਮੈਨੂੰ ਉਮੀਦ ਨਾਲ ਮੌਜੂਦਾ ਦੁੱਖਾਂ ਨੂੰ ਸਹਿਣ ਕਰਨ ਦੀ ਤਾਕਤ ਬਖ਼ਸ਼ੀ ਅਤੇ ਮੈਨੂੰ ਨਵੇਂ ਸੰਸਾਰ ਦੀਆਂ ਬਰਕਤਾਂ ਵੱਲ ਆਪਣਾ ਪੂਰਾ-ਪੂਰਾ ਧਿਆਨ ਲਾਉਣ ਵਿਚ ਬਹੁਤ ਮਦਦ ਕੀਤੀ।—2 ਕੁਰਿੰਥੀਆਂ 4:17, 18; ਪਰਕਾਸ਼ ਦੀ ਪੋਥੀ 21:3, 4.

ਜੂਨ 1970 ਵਿਚ ਸੇਕਿਚੀ ਨੂੰ ਉਸੇ ਸਾਂਡਾ ਸ਼ਹਿਰ ਦੇ ਇਕ ਹਸਪਤਾਲ ਵਿਚ ਲਿਆਂਦਾ ਗਿਆ ਜਿੱਥੇ ਮੈਂ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਸੀ। ਅਗਲੀ ਜਨਵਰੀ ਨੂੰ, ਜਦੋਂ ਵਕੀਲ ਵੱਲੋਂ ਤਿਆਰ ਕੀਤਾ ਗਿਆ ਪ੍ਰਮਾਣ-ਪੱਤਰ ਮੈਨੂੰ ਮਿਲਿਆ, ਜਿਸ ਵਿਚ ਮੇਰੇ ਪਤੀ ਨੂੰ ਹਾਦਸੇ ਕਾਰਨ ਨਕਾਰਾ ਘੋਸ਼ਿਤ ਕੀਤਾ ਗਿਆ ਸੀ, ਤਾਂ ਮੈਨੂੰ ਹੱਦੋਂ ਵੱਧ ਦੁੱਖ ਹੋਇਆ ਤੇ ਮੈਥੋਂ ਆਪਣੇ ਹੰਝੂ ਨਾ ਰੋਕੇ ਗਏ। ਮੇਰੀ ਸੱਸ ਅਕਸਰ ਮੈਨੂੰ ਕਹਿੰਦੀ ਹੁੰਦੀ ਸੀ: “ਮੈਨੂੰ ਮਾਫ਼ ਕਰ ਦੇ, ਮੀਕੀਚੋ, ਮੇਰੇ ਪੁੱਤ ਕਰਕੇ ਤੈਨੂੰ ਬੜੇ ਦੁੱਖ ਝੱਲਣੇ ਪੈ ਰਹੇ ਹਨ।” ਉਹ ਇਹ ਵੀ ਕਹਿੰਦੀ ਹੁੰਦੀ ਸੀ: “ਕਾਸ਼ ਕਿ ਉਸ ਦੀ ਥਾਂ ਮੈਂ ਮੰਜੇ ਤੇ ਪੈ ਜਾਂਦੀ।” ਇੰਜ ਕਹਿਣ ਤੇ ਮੈਂ ਅਤੇ ਮੇਰੀ ਸੱਸ ਦੋਵੇਂ ਇਕ ਦੂਜੇ ਦੇ ਗਲ ਲੱਗ ਕੇ ਰੋਂਦੀਆਂ।

ਮੇਰੇ ਪਿਤਾ ਜੀ ਨੇ ਮੈਨੂੰ ਨੌਕਰੀ ਲੱਭਣ ਲਈ ਬੜਾ ਜ਼ੋਰ ਪਾਇਆ, ਪਰ ਮੈਂ ਸੇਕਿਚੀ ਦੀ ਦੇਖ-ਭਾਲ ਕਰਨ ਦੇ ਇਰਾਦੇ ਤੇ ਡਟੀ ਰਹੀ। ਬੇਸ਼ੱਕ ਉਹ ਬੇਹੋਸ਼ ਸੀ, ਪਰ ਉਹ ਗਰਮੀ ਅਤੇ ਸਰਦੀ ਮਹਿਸੂਸ ਕਰਦਾ ਸੀ ਤੇ ਜਿੱਦਾਂ ਵੀ ਨਰਸਾਂ ਉਸ ਦੀ ਦੇਖ-ਭਾਲ ਕਰਦੀਆਂ ਸਨ ਉਸ ਦਾ ਸੇਕਿਚੀ ਦੀ ਸਿਹਤ ਉੱਤੇ ਅਸਰ ਪੈਂਦਾ ਸੀ। ਪਿਤਾ ਜੀ ਚਾਹੁੰਦੇ ਸਨ ਕਿ ਮੈਂ ਦੁਬਾਰਾ ਵਿਆਹ ਕਰਵਾ ਲਵਾਂ, ਪਰ ਮੈਂ ਜਾਣਦੀ ਸੀ ਕਿ ਇਹ ਉਚਿਤ ਨਹੀਂ ਹੋਵੇਗਾ, ਕਿਉਂਕਿ ਮੇਰਾ ਪਤੀ ਅਜੇ ਜੀਉਂਦਾ ਸੀ। (ਰੋਮੀਆਂ 7:2) ਉਸ ਮਗਰੋਂ, ਜਦੋਂ ਪਿਤਾ ਜੀ ਬਹੁਤ ਪੀ ਲੈਂਦੇ ਸਨ ਤਾਂ ਉਹ ਕਹਿੰਦੇ ਹੁੰਦੇ ਸਨ: “ਜਦੋਂ ਮੈਂ ਮਰਾਂਗਾ ਤਾਂ ਮੈਂ ਸੇਕਿਚੀ ਨੂੰ ਵੀ ਆਪਣੇ ਨਾਲ ਲੈ ਜਾਵਾਂਗਾ।”

ਸੰਨ 1971 ਵਿਚ ਜਦੋਂ ਸਾਂਡਾ ਵਿਚ ਇਕ ਕਲੀਸਿਯਾ ਬਣੀ ਤਾਂ ਮੈਨੂੰ ਬਹੁਤ ਹੀ ਖ਼ੁਸ਼ੀ ਹੋਈ। ਤਦ, 28 ਜੁਲਾਈ 1973 ਵਿਚ ਮੈਂ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲਿਆ। ਮੇਰਾ ਬਪਤਿਸਮਾ ਓਸਾਕਾ ਐਕਸਪੋ ਗਰਾਉਂਡਸ ਵਿਖੇ ਯਹੋਵਾਹ ਦੇ ਗਵਾਹਾਂ ਦੇ ਇਕ ਅੰਤਰਰਾਸ਼ਟਰੀ ਮਹਾਂ-ਸੰਮੇਲਨ ਵਿਚ ਹੋਇਆ।

ਬਾਅਦ ਵਿਚ ਸੰਨ 1973 ਵਿਚ, ਮੇਰੇ ਪੁੱਤਰ ਕੋਹੇ ਨੂੰ ਗੁਰਦਿਆਂ ਦੀ ਸੋਜ ਕਾਰਨ ਪੰਜ ਮਹੀਨਿਆਂ ਲਈ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਮੇਰੇ ਪਿਤਾ ਜੀ ਵੀ ਟੀ. ਬੀ. ਹੋ ਜਾਣ ਕਰਕੇ ਹਸਪਤਾਲ ਵਿਚ ਸਨ। ਇਸ ਲਈ 1 ਜਨਵਰੀ 1974 ਨੂੰ ਮੈਂ ਆਪਣੇ ਪਿਤਾ, ਪਤੀ ਅਤੇ ਆਪਣੇ ਪੁੱਤਰ ਨੂੰ ਮਿਲਣ ਲਈ ਤਿੰਨ ਵੱਖੋ-ਵੱਖ ਹਸਪਤਾਲਾਂ ਵਿਚ ਗਈ। ਹਰ ਐਤਵਾਰ ਨੂੰ ਜਦੋਂ ਮੈਂ ਆਪਣੇ ਵੱਡੇ ਪੁੱਤਰ ਰੀਯੁਸੁਕੇ ਨੂੰ ਨਾਲ ਲੈ ਕੇ ਕੋਹੇ ਨੂੰ ਦੇਖਣ ਲਈ ਹਸਪਤਾਲ ਜਾਂਦੀ ਸੀ, ਤਾਂ ਮੈਂ ਮਹਾਨ ਸਿੱਖਿਅਕ ਦੀ ਸੁਣੋ (ਅੰਗ੍ਰੇਜ਼ੀ) ਨਾਮਕ ਕਿਤਾਬ ਵਿੱਚੋਂ ਉਨ੍ਹਾਂ ਨੂੰ ਅਧਿਐਨ ਕਰਵਾਉਂਦੀ ਹੁੰਦੀ ਸੀ। ਉਸ ਤੋਂ ਬਾਅਦ ਰੀਯੁਸੁਕੇ ਅਤੇ ਮੈਂ ਕੋਬੇ ਵਿਚ ਸਭਾਵਾਂ ਵਿਚ ਜਾ ਕੇ ਖ਼ੁਸ਼ੀ-ਖ਼ੁਸ਼ੀ ਘਰ ਪਰਤਦੇ।

ਮੈਂ ਹਮੇਸ਼ਾ ਉਨ੍ਹਾਂ ਸਾਰਿਆਂ ਦੀ ਦਿਲੋਂ ਸ਼ੁਕਰਗੁਜ਼ਾਰ ਰਹੀ ਹਾਂ ਜਿਨ੍ਹਾਂ ਨੇ ਸੇਕਿਚੀ ਦੀ ਦੇਖ-ਭਾਲ ਕਰਨ ਵਿਚ ਮੇਰੀ ਮਦਦ ਕੀਤੀ। ਮੈਂ ਉਨ੍ਹਾਂ ਨੂੰ ਬਾਈਬਲ ਵਿੱਚੋਂ ਗੱਲਾਂ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ। ਜਦੋਂ ਇਕ ਨਰਸ ਦੀ ਛੋਟੀ ਭੈਣ ਅੱਗ ਲੱਗਣ ਕਾਰਨ ਗੁਜ਼ਰ ਗਈ, ਤਾਂ ਉਦੋਂ ਮੈਂ ਉਸ ਨੂੰ ਬਾਈਬਲ ਵਿਚ ਦਿੱਤੇ ਪੁਨਰ-ਉਥਾਨ ਦੇ ਵਾਅਦੇ ਬਾਰੇ ਦੱਸਿਆ। ਉਹ ਇਹ ਸੁਣ ਕੇ ਬਹੁਤ ਖ਼ੁਸ਼ ਹੋਈ। (ਅੱਯੂਬ 14:13-15; ਯੂਹੰਨਾ 5:28, 29) ਉਸ ਦੇ ਨਾਲ ਹਸਪਤਾਲ ਵਿਚ ਹੀ ਬਾਈਬਲ ਅਧਿਐਨ ਸ਼ੁਰੂ ਕੀਤਾ ਗਿਆ ਅਤੇ ਅਖ਼ੀਰ ਉਸ ਨੇ ਸੰਨ 1978 ਵਿਚ ਇਕ ਮਹਾਂ-ਸੰਮੇਲਨ ਵਿਚ ਬਪਤਿਸਮਾ ਲਿਆ।

ਮੇਰੇ ਬੱਚੇ, ਖ਼ੁਸ਼ੀ ਦਾ ਇਕ ਸੋਮਾ

ਆਪਣੇ ਪਤੀ ਦੀ ਮਦਦ ਤੋਂ ਬਿਨਾਂ ਬੱਚਿਆਂ ਦੀ ਪਰਵਰਿਸ਼ ਕਰਨੀ ਮੇਰੇ ਲਈ ਇਕ ਚੁਣੌਤੀ ਸੀ, ਪਰ ਮੈਨੂੰ ਆਪਣੀ ਮਿਹਨਤ ਦੀਆਂ ਕਿੰਨੀਆਂ ਬਰਕਤਾਂ ਮਿਲੀਆਂ! ਮੈਂ ਉਨ੍ਹਾਂ ਨੂੰ ਦੂਜਿਆਂ ਨਾਲ ਤਮੀਜ਼ ਨਾਲ ਪੇਸ਼ ਆਉਣਾ ਸਿਖਾਇਆ ਅਤੇ ਦੂਜਿਆਂ ਦੀਆਂ ਭਾਵਨਾਵਾਂ ਦਾ ਲਿਹਾਜ਼ ਕਰਨਾ ਸਿਖਾਇਆ। ਰੀਯੁਸੁਕੇ ਤਿੰਨ ਸਾਲ ਦੀ ਛੋਟੀ ਉਮਰ ਵਿਚ ਵੀ ਬਦਤਮੀਜ਼ੀ ਕਰਨ ਤੇ ਮੇਰੇ ਕੋਲ ਆ ਕੇ ਕਹਿੰਦਾ ਸੀ: “ਮੰਮੀ, ਮੈਨੂੰ ਮਾਫ਼ ਕਰ ਦਿਓ।” ਕੋਹੇ ਥੋੜ੍ਹਾ ਜਿਹਾ ਬਗਾਵਤੀ ਕਿਸਮ ਦਾ ਬੱਚਾ ਸੀ। ਜਦੋਂ ਮੈਂ ਉਸ ਨੂੰ ਅਨੁਸ਼ਾਸਨ ਦੇਣ ਦੀ ਕੋਸ਼ਿਸ਼ ਕਰਦੀ ਤਾਂ ਉਹ ਅਕਸਰ ਰੁੱਸ ਕੇ ਬਹਿ ਜਾਂਦਾ ਸੀ। ਇੱਥੋਂ ਤਕ ਕਿ ਇਕ ਵਾਰ ਉਹ ਕੁਝ ਲੈਣ ਦੀ ਜ਼ਿੱਦ ਵਿਚ ਦੁਕਾਨ ਦੇ ਬਾਹਰ ਜ਼ਮੀਨ ਤੇ ਲਿਟ ਕੇ ਉੱਚੀ-ਉੱਚੀ ਰੋਣ ਲੱਗ ਪਿਆ। ਪਰ ਮੈਂ ਉਸ ਨੂੰ ਹਮੇਸ਼ਾ ਪਿਆਰ ਅਤੇ ਧੀਰਜ ਨਾਲ ਸਮਝਾਇਆ ਕਰਦੀ ਸੀ। ਸਮਾਂ ਪੈਣ ਤੇ ਉਹ ਇਕ ਆਗਿਆਕਾਰੀ, ਬੀਬਾ ਮੁੰਡਾ ਬਣ ਗਿਆ। ਇਸ ਗੱਲ ਨੇ ਮੈਨੂੰ ਹੋਰ ਵੀ ਕਾਇਲ ਕਰ ਦਿੱਤਾ ਕਿ ਬਾਈਬਲ ਸੱਚ-ਮੁੱਚ ਪਰਮੇਸ਼ੁਰ ਦਾ ਬਚਨ ਹੈ।—2 ਤਿਮੋਥਿਉਸ 3:15-17.

ਜਦੋਂ ਰੀਯੁਸੁਕੇ ਜੂਨੀਅਰ ਹਾਈ ਸਕੂਲ ਵਿਚ ਪੜ੍ਹਦਾ ਸੀ, ਤਾਂ ਉਸ ਨੇ ਆਪਣੇ ਅਧਿਆਪਕਾਂ ਨੂੰ ਦੱਸਿਆ ਕਿ ਉਹ ਲੜਾਈਆਂ ਸੰਬੰਧੀ ਕਿਸੇ ਵੀ ਸਿਖਲਾਈ ਵਿਚ ਹਿੱਸਾ ਕਿਉਂ ਨਹੀਂ ਲੈ ਸਕਦਾ। (ਯਸਾਯਾਹ 2:4) ਇਕ ਦਿਨ ਉਹ ਖ਼ੁਸ਼ੀ ਨਾਲ ਝੂਮਦਾ ਹੋਇਆ ਘਰ ਆਇਆ, ਕਿਉਂਕਿ ਅਧਿਆਪਕਾਂ ਨਾਲ ਉਸ ਦੀ ਇਕ ਮੀਟਿੰਗ ਹੋਈ ਸੀ ਜਿਸ ਵਿਚ ਉਹ ਆਪਣੇ ਅਧਿਆਪਕਾਂ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇ ਸਕਿਆ ਸੀ।

ਕਲੀਸਿਯਾ ਵਿਚ ਭੈਣ-ਭਰਾਵਾਂ ਦਾ ਸਾਥ ਮੇਰੇ ਬੱਚਿਆਂ ਲਈ ਬਹੁਤ ਹੀ ਮਦਦਗਾਰ ਸਿੱਧ ਹੋਇਆ। ਮਸੀਹੀ ਬਜ਼ੁਰਗ ਅਕਸਰ ਮੇਰੇ ਬੱਚਿਆਂ ਨੂੰ ਖਾਣੇ ਤੇ, ਪਰਿਵਾਰਕ ਅਧਿਐਨ ਅਤੇ ਦਿਲ-ਪਰਚਾਵੇ ਲਈ ਵੀ ਆਪਣੇ ਘਰ ਬੁਲਾਉਂਦੇ ਸਨ। ਕਈ ਮੌਕਿਆਂ ਤੇ ਉਹ ਵੱਖੋ-ਵੱਖਰੀਆਂ ਖੇਡਾਂ ਵਿਚ ਵੀ ਹਿੱਸਾ ਲੈਂਦੇ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਖ਼ੁਸ਼ਗਵਾਰ ਦੋਸਤੀ ਦਾ ਆਨੰਦ ਮਾਣਿਆ। ਰੀਯੁਸੁਕੇ ਨੇ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਸੰਨ 1979 ਵਿਚ ਬਪਤਿਸਮਾ ਲਿਆ ਤੇ ਕੋਹੇ ਨੇ ਉਸ ਤੋਂ ਇਕ ਸਾਲ ਬਾਅਦ ਬਪਤਿਸਮਾ ਲਿਆ।

ਸਾਡੀ ਪੂਰਣ-ਕਾਲੀ ਸੇਵਕਾਈ

ਇਕ ਵਾਰ ਇਕ ਸਫ਼ਰੀ ਨਿਗਾਹਬਾਨ ਦੀ ਮੁਲਾਕਾਤ ਦੌਰਾਨ, ਮੈਂ ਉਸ ਨੂੰ ਕਿਹਾ ਕਿ ਮੈਂ ਵੀ ਪਾਇਨੀਅਰ, ਅਰਥਾਤ ਪੂਰਣ-ਕਾਲੀ ਪ੍ਰਚਾਰਕ ਬਣਨਾ ਚਾਹੁੰਦੀ ਹਾਂ। ਕਿਉਂਕਿ ਉਸ ਵੇਲੇ ਮੇਰੇ ਹਾਲਾਤਾਂ ਅਨੁਸਾਰ ਮੇਰਾ ਇਹ ਫ਼ੈਸਲਾ ਠੀਕ ਨਹੀਂ ਸੀ, ਇਸ ਲਈ ਭਰਾ ਨੇ ਬੜੇ ਪਿਆਰ ਨਾਲ ਮੈਨੂੰ ਯਾਦ ਦਿਲਾਇਆ ਕਿ ਇਸ ਵੇਲੇ ਮੇਰੇ ਲਈ ਆਪਣੇ ਬੱਚਿਆਂ ਦੀ ਬਾਈਬਲ ਸੱਚਾਈ ਮੁਤਾਬਕ ਚੰਗੀ ਪਰਵਰਿਸ਼ ਕਰਨੀ ਜ਼ਿਆਦਾ ਜ਼ਰੂਰੀ ਹੈ। ਉਸ ਨੇ ਕਿਹਾ, “ਪਾਇਨੀਅਰ ਵਰਗਾ ਜੋਸ਼ ਹੋਣਾ ਜ਼ਿਆਦਾ ਜ਼ਰੂਰੀ ਹੈ।” ਇਸ ਲਈ ਮੈਂ ਸਹਿਯੋਗੀ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਸਕੂਲ ਦੀਆਂ ਛੁੱਟੀਆਂ ਦੌਰਾਨ ਮੇਰੇ ਮੁੰਡੇ ਵੀ ਮੇਰੇ ਨਾਲ ਪਾਇਨੀਅਰੀ ਕਰਦੇ ਸਨ। ਪਾਇਨੀਅਰੀ ਨੇ ਮੈਨੂੰ ਸੇਕਿਚੀ ਦੀ ਦੇਖ-ਭਾਲ ਕਰਦੇ ਹੋਏ ਵੀ ਆਪਣੀ ਖ਼ੁਸ਼ੀ ਅਤੇ ਮਨ ਦੀ ਸ਼ਾਂਤੀ ਨੂੰ ਬਰਕਰਾਰ ਰੱਖਣ ਵਿਚ ਮੇਰੀ ਬਹੁਤ ਮਦਦ ਕੀਤੀ।

ਅਖ਼ੀਰ, ਸਤੰਬਰ 1979 ਵਿਚ ਮੈਂ ਨਿਯਮਿਤ ਪਾਇਨੀਅਰ ਬਣ ਗਈ। ਮਈ 1984 ਵਿਚ, ਹਾਈ ਸਕੂਲ ਪਾਸ ਕਰਨ ਤੋਂ ਲਗਭਗ ਇਕ ਸਾਲ ਬਾਅਦ, ਰੀਯੁਸੁਕੇ ਵੀ ਇਕ ਪਾਇਨੀਅਰ ਬਣ ਗਿਆ। ਕੋਹੇ ਨੇ ਸਤੰਬਰ 1984 ਵਿਚ ਰੀਯੁਸਕੇ ਨਾਲ ਪਾਇਨੀਅਰੀ ਕਰਨੀ ਸ਼ੁਰੂ ਕੀਤੀ। ਇੰਜ ਅਸੀਂ ਤਿੰਨਾਂ ਨੇ ਪੂਰਣ-ਕਾਲੀ ਸੇਵਕਾਈ ਦਾ ਕਾਫ਼ੀ ਆਨੰਦ ਮਾਣਿਆ ਹੈ। ਅੱਜ ਜਦੋਂ ਮੈਂ ਪਾਇਨੀਅਰੀ ਦੇ 20 ਸਾਲਾਂ ਬਾਰੇ ਸੋਚਦੀ ਹਾਂ, ਜਿਸ ਦੌਰਾਨ ਯਹੋਵਾਹ ਦੀ ਸੇਵਾ ਕਰਨ ਵਿਚ ਮੈਨੂੰ ਕਈ ਲੋਕਾਂ ਦੀ ਮਦਦ ਕਰਨ ਦਾ ਵਿਸ਼ੇਸ਼-ਸਨਮਾਨ ਮਿਲਿਆ, ਤਾਂ ਮੈਨੂੰ ਲੱਗਦਾ ਹੈ ਕਿ ਪਾਇਨੀਅਰੀ ਨੇ ਹੀ ਮੈਨੂੰ ਅਜ਼ਮਾਇਸ਼ਾਂ ਦੌਰਾਨ ਹਿੰਮਤ ਨਾ ਹਾਰਨ ਦੀ ਤਾਕਤ ਦਿੱਤੀ ਹੈ।

ਕਾਂਸਾਈ ਸੰਮੇਲਨ-ਭਵਨ ਦੇ ਨਾਲ ਲੱਗਦੇ ਯਹੋਵਾਹ ਦੇ ਗਵਾਹਾਂ ਦੇ ਇਕ ਨਵੇਂ ਭਵਨ ਦੀ ਉਸਾਰੀ ਵਿਚ ਰੀਯੁਸੁਕੇ ਨੇ ਸਵੈ-ਸੇਵਕ ਦੇ ਤੌਰ ਤੇ ਕੰਮ ਕੀਤਾ। ਉਸ ਤੋਂ ਬਾਅਦ ਸੱਤ ਸਾਲਾਂ ਲਈ ਉਸ ਨੇ ਹਿਓਗੋ ਸੰਮੇਲਨ-ਭਵਨ ਦੇ ਨਿਗਰਾਨ ਵਜੋਂ ਕੰਮ ਕੀਤਾ। ਹੁਣ, ਕੋਬੇ ਵਿਚ ਇਕ ਨੇੜੇ ਦੀ ਕਲੀਸਿਯਾ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰਨ ਦੇ ਨਾਲ-ਨਾਲ ਉਹ ਮੇਰੀ ਦੇਖ-ਭਾਲ ਵੀ ਕਰਦਾ ਹੈ। ਕੋਹੇ ਸੰਨ 1985 ਤੋਂ ਐਬੀਨਾ ਵਿਖੇ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਵਿਚ ਸਵੈ-ਸੇਵਕ ਦੇ ਤੌਰ ਤੇ ਕੰਮ ਕਰ ਰਿਹਾ ਹੈ।

ਬਹੁਤ ਸਾਰੀਆਂ ਬਰਕਤਾਂ ਨੇ ਮੈਨੂੰ ਤਾਕਤ ਬਖ਼ਸ਼ੀ

ਕਈ ਸਾਲਾਂ ਤਕ ਮੈਂ ਹਫ਼ਤੇ ਵਿਚ ਕਈ ਵਾਰ ਸੇਕਿਚੀ ਨੂੰ ਦੇਖਣ ਅਤੇ ਉਸ ਨੂੰ ਨਹਾਉਣ ਲਈ ਜਾਂਦੀ ਰਹੀ। ਮੇਰੀ ਗ਼ੈਰ-ਹਾਜ਼ਰੀ ਵਿਚ ਨਰਸ ਉਸ ਦੀ ਦੇਖ-ਭਾਲ ਕਰਦੀ ਸੀ। ਸਤੰਬਰ 1996 ਵਿਚ, ਸੇਕਿਚੀ ਇਕ ਨਰਸ ਦੀ ਮਦਦ ਨਾਲ 27 ਸਾਲ ਬਾਅਦ ਸਾਡੇ ਨਾਲ ਰਹਿਣ ਲਈ ਹਸਪਤਾਲ ਤੋਂ ਘਰ ਪਰਤਿਆ। ਉਸ ਨੂੰ ਨੱਕ ਰਾਹੀਂ ਨਾਲੀ ਦੁਆਰਾ ਤਰਲ ਖਾਣਾ ਦਿੱਤਾ ਜਾਂਦਾ ਹੈ। ਬੇਸ਼ੱਕ ਉਸ ਦੀਆਂ ਅੱਖਾਂ ਬੰਦ ਰਹਿੰਦੀਆਂ ਹਨ, ਪਰ ਜੇਕਰ ਅਸੀਂ ਉਸ ਨੂੰ ਕੁਝ ਕਹਿੰਦੇ ਹਾਂ ਤਾਂ ਉਹ ਹਲਕੀ ਜਿਹੀ ਹਿਲਜੁਲ ਕਰਦਾ ਹੈ। ਸੇਕਿਚੀ ਨੂੰ ਇਸ ਹਾਲਤ ਵਿਚ ਦੇਖ ਕੇ ਮੇਰਾ ਮਨ ਬਹੁਤ ਤੜਫ਼ਦਾ ਹੈ, ਪਰ ਭਵਿੱਖ ਦੀ ਉਮੀਦ ਦੇ ਸਹਾਰੇ ਮੈਂ ਅੱਜ ਤਕ ਸਭ ਕੁਝ ਸਹਿਆ ਹੈ।

ਸੇਕਿਚੀ ਦੇ ਹਸਪਤਾਲ ਤੋਂ ਘਰ ਪਰਤਣ ਤੋਂ ਕੁਝ ਹੀ ਸਮਾਂ ਪਹਿਲਾਂ, ਇਕ ਸਫ਼ਰੀ ਨਿਗਾਹਬਾਨ ਤੇ ਉਸ ਦੀ ਪਤਨੀ ਮੇਰੇ ਘਰ ਵਿਚ ਰਹਿ ਰਹੇ ਸਨ। ਘਰ ਛੋਟਾ ਹੋਣ ਦੇ ਬਾਵਜੂਦ ਵੀ ਅਸੀਂ ਕੁੱਲ ਪੰਜ ਜਣੇ ਇਸ ਛੋਟੇ ਜਿਹੇ ਘਰ ਵਿਚ ਇਕ ਸਾਲ ਤਕ ਇਕੱਠੇ ਰਹੇ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਸੇਕਿਚੀ ਨਾਲ ਕਦੇ ਦੁਬਾਰਾ ਰਹਿ ਸਕਾਂਗੀ ਅਤੇ ਇਸ ਖ਼ੁਸ਼ੀ ਲਈ ਮੈਂ ਯਹੋਵਾਹ ਦਾ ਧੰਨਵਾਦ ਕਰਦੀ ਹਾਂ। ਮੈਂ ਕਈ ਸਾਲਾਂ ਤੋਂ ਤਰਸਦੀ ਆ ਰਹੀ ਹਾਂ ਕਿ ਸੇਕਿਚੀ ਅੱਖਾਂ ਖੋਲ੍ਹੇ, ਪਰ ਹੁਣ ਮੈਂ ਚਾਹੁੰਦੀ ਹਾਂ ਕਿ ਅਖ਼ੀਰ ਯਹੋਵਾਹ ਦੀ ਹੀ ਇੱਛਾ ਪੂਰੀ ਹੋਵੇ।

ਮੈਂ ਸੱਚ-ਮੁੱਚ ਕਹਿ ਸਕਦੀ ਹਾਂ: “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।” (ਕਹਾਉਤਾਂ 10:22) ਬੇਸ਼ੱਕ ਮੈਂ ਥੋੜ੍ਹਾ ਚਿਰ ਹੀ ਸੇਕਿਚੀ ਨਾਲ ਸੁਖੀ ਜੀਵਨ ਦਾ ਆਨੰਦ ਮਾਣਿਆ, ਪਰ ਮੈਨੂੰ ਦੋ ਪੁੱਤਰਾਂ ਦੀ ਮਾਂ ਬਣਨ ਦੀ ਬਰਕਤ ਮਿਲੀ ਜਿਹੜੇ ‘ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ’ ਰਹੇ ਹਨ। ਇਸ ਲਈ ਮੈਂ ਯਹੋਵਾਹ ਦੀ ਦਿਲੋਂ ਸ਼ੁਕਰਗੁਜ਼ਾਰ ਹਾਂ!—ਉਪਦੇਸ਼ਕ ਦੀ ਪੋਥੀ 12:1.

ਇਸ ਦੌਰਾਨ, ਮੇਰੀ ਦਿਲੀ ਇੱਛਾ ਹੈ ਕਿ ਮੈਂ ਪਾਇਨੀਅਰੀ ਕਰਨ ਦੁਆਰਾ “ਅਸਲ ਜੀਵਨ” ਨੂੰ ਪ੍ਰਾਪਤ ਕਰਨ ਵਿਚ ਲੋਕਾਂ ਦੀ ਮਦਦ ਕਰਾਂ ਤੇ ਨਾਲੋ-ਨਾਲ ਸੇਕਿਚੀ ਦੀ ਚੰਗੀ ਦੇਖ-ਭਾਲ ਵੀ ਕਰਦੀ ਰਹਾਂ। (1 ਤਿਮੋਥਿਉਸ 6:19) ਮੇਰੇ ਤਜਰਬੇ ਨੇ ਮੈਨੂੰ ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਸਿਖਾਈ ਹੈ ਜਿਸ ਨੇ ਕਿਹਾ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।”—ਜ਼ਬੂਰ 55:22.

[ਸਫ਼ੇ 26 ਉੱਤੇ ਤਸਵੀਰ]

ਰੀਯੁਸੁਕੇ ਨਾਲ ਮੈਂ ਅਤੇ ਮੇਰੇ ਪਤੀ

[ਸਫ਼ੇ 26 ਉੱਤੇ ਤਸਵੀਰ]

ਹਾਦਸੇ ਤੋਂ ਛੇ ਮਹੀਨੇ ਪਹਿਲਾਂ ਸੇਕਿਚੀ ਆਪਣੇ ਦੋਹਾਂ ਪੁੱਤਰਾਂ ਨਾਲ

[ਸਫ਼ੇ 28 ਉੱਤੇ ਤਸਵੀਰ]

ਸਾਨੂੰ ਦੋ ਪੁੱਤਰਾਂ ਦੇ ਮਾਪੇ ਬਣਨ ਦੀ ਅਸੀਸ ਮਿਲੀ, ਰੀਯੁਸੁਕੇ ਅਤੇ ਕੋਹੇ (ਉੱਪਰ), ਜਿਨ੍ਹਾਂ ਨੇ ‘ਆਪਣੇ ਕਰਤਾਰ ਨੂੰ ਚੇਤੇ ਰੱਖਿਆ ਹੈ’

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ