ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • pe ਅਧਿ. 6 ਸਫ਼ੇ 57-68
  • ਯਿਸੂ ਮਸੀਹ—ਪਰਮੇਸ਼ੁਰ ਦਾ ਭੇਜਿਆ ਹੋਇਆ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਿਸੂ ਮਸੀਹ—ਪਰਮੇਸ਼ੁਰ ਦਾ ਭੇਜਿਆ ਹੋਇਆ?
  • ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਉਹ ਪਹਿਲਾਂ ਵੀ ਜੀਉਂਦਾ ਸੀ
  • ਧਰਤੀ ਉੱਤੇ ਉਸ ਦਾ ਜੀਵਨ
  • ਉਹ ਧਰਤੀ ਉੱਤੇ ਕਿਉਂ ਆਇਆ
  • ਉਸ ਨੇ ਆਪਣੀ ਜਾਨ ਰਿਹਾਈ-ਕੀਮਤ ਦੇ ਰੂਪ ਵਿਚ ਦਿੱਤੀ
  • ਯਿਸੂ ਨੇ ਚਮਤਕਾਰ ਕਿਉਂ ਕੀਤੇ
  • ਪਰਮੇਸ਼ੁਰ ਦੇ ਰਾਜ ਦਾ ਸ਼ਾਸਕ
  • ਯਿਸੂ ਮਸੀਹ ਕੌਣ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਸਾਡੇ ਲਈ ਯਹੋਵਾਹ ਨੇ ਕਿੰਨੀ ਵੱਡੀ ਕੀਮਤ ਚੁਕਾਈ!
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਯਿਸੂ ਮਸੀਹ ਕੌਣ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਯਿਸੂ ਮਸੀਹ ਕੌਣ ਹੈ?
    ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!
ਹੋਰ ਦੇਖੋ
ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
pe ਅਧਿ. 6 ਸਫ਼ੇ 57-68

ਅਧਿਆਇ 6

ਯਿਸੂ ਮਸੀਹ—ਪਰਮੇਸ਼ੁਰ ਦਾ ਭੇਜਿਆ ਹੋਇਆ?

1, 2. (ੳ) ਕੀ ਸਬੂਤ ਹੈ ਕਿ ਯਿਸੂ ਮਸੀਹ ਇਕ ਵਾਸਤਵਿਕ ਵਿਅਕਤੀ ਸੀ? (ਅ) ਯਿਸੂ ਬਾਰੇ ਕਿਹੜੇ ਸਵਾਲ ਪੈਦਾ ਹੁੰਦੇ ਹਨ?

ਤਕਰੀਬਨ ਹਰ ਇਕ ਨੇ ਅੱਜਕਲ੍ਹ ਯਿਸੂ ਮਸੀਹ ਦੇ ਬਾਰੇ ਸੁਣਿਆ ਹੋਇਆ ਹੈ। ਉਸ ਦਾ ਪ੍ਰਭਾਵ ਇਤਿਹਾਸ ਉੱਤੇ ਕਿਸੇ ਵੀ ਹੋਰ ਮਨੁੱਖ ਨਾਲੋਂ ਜ਼ਿਆਦਾ ਰਿਹਾ ਹੈ। ਅਸਲ ਵਿਚ, ਉਹ ਕਲੰਡਰ ਜਿਹੜਾ ਦੁਨੀਆਂ ਦੇ ਜ਼ਿਆਦਾ ਹਿੱਸਿਆਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ, ਉਸ ਸਾਲ ਉੱਤੇ ਆਧਾਰਿਤ ਹੈ ਜਦੋਂ ਇਹ ਮੰਨਿਆ ਜਾਂਦਾ ਹੈ ਕਿ ਉਹ ਪੈਦਾ ਹੋਇਆ ਸੀ! ਜਿਵੇਂ ਦ ਵਰਲਡ ਬੁੱਕ ਐਨਸਾਈਕਲੋਪੀਡਿਆ ਆਖਦੀ ਹੈ: “ਉਸ ਸਾਲ ਤੋਂ ਪਹਿਲਾਂ ਦੀਆਂ ਤਾਰੀਖਾਂ ਈ.ਪੂ., ਯਾ ਮਸੀਹ ਤੋਂ ਪਹਿਲਾਂ ਲਿਖੀਆਂ ਜਾਂਦੀਆਂ ਹਨ। ਉਸ ਸਾਲ ਤੋਂ ਬਾਅਦ ਦੀਆਂ ਤਾਰੀਖਾਂ ਸੰ.ਈ., ਯਾ ਐਨੋ ਡੌਮਨੀ (ਪ੍ਰਭੁ ਦੇ ਸਾਲ ਵਿਚ) ਲਿਖੀਆਂ ਗਈਆਂ ਹਨ।”

2 ਤਾਂ ਫਿਰ ਯਿਸੂ ਇਕ ਕਾਲਪਨਿਕ ਵਿਅਕਤੀ ਨਹੀਂ ਸੀ। ਉਹ ਵਾਸਤਵ ਵਿਚ ਇਕ ਮਨੁੱਖ ਦੇ ਰੂਪ ਵਿਚ ਇਸ ਧਰਤੀ ਉੱਤੇ ਰਹਿੰਦਾ ਸੀ। “ਪ੍ਰਾਚੀਨ ਸਮਿਆਂ ਵਿਚ ਈਸਾਈਅਤ ਦੇ ਵਿਰੋਧੀਆਂ ਨੇ ਵੀ ਯਿਸੂ [ਦੀ ਅਸਲ ਹੋਂਦ] ਉੱਤੇ ਸ਼ੱਕ ਨਹੀਂ ਕੀਤੀ,” ਐਨਸਾਈਕਲੋਪੀਡਿਆ ਬ੍ਰਿਟੈਨਿਕਾ ਦੱਸਦਾ ਹੈ। ਤਾਂ ਫਿਰ ਯਿਸੂ ਕੌਣ ਸੀ? ਕੀ ਉਹ ਵਾਸਤਵ ਵਿਚ ਪਰਮੇਸ਼ੁਰ ਦਾ ਭੇਜਿਆ ਹੋਇਆ ਸੀ? ਉਹ ਇੰਨਾ ਪ੍ਰਸਿੱਧ ਕਿਉਂ ਹੈ?

ਉਹ ਪਹਿਲਾਂ ਵੀ ਜੀਉਂਦਾ ਸੀ

3. (ੳ) ਦੂਤ ਦੇ ਸ਼ਬਦਾਂ ਦੇ ਅਨੁਸਾਰ, ਮਰਿਯਮ ਕਿਸ ਦੇ ਪੁੱਤਰ ਨੂੰ ਜਨਮ ਦੇਵੇਗੀ? (ਅ) ਕੁਆਰੀ ਮਰਿਯਮ ਦਾ ਯਿਸੂ ਨੂੰ ਪੈਦਾ ਕਰਨਾ ਕਿਸ ਤਰ੍ਹਾਂ ਮੁਮਕਿਨ ਹੋਇਆ ਸੀ?

3 ਹੋਰ ਕਿਸੇ ਵੀ ਮਨੁੱਖ ਦੇ ਅਤੁਲ, ਯਿਸੂ ਇਕ ਕੁਆਰੀ ਤੋਂ ਪੈਦਾ ਹੋਇਆ ਸੀ। ਉਸ ਦਾ ਨਾਂ ਮਰਿਯਮ ਸੀ। ਇਕ ਦੂਤ ਨੇ ਉਸ ਦੇ ਬੱਚੇ ਬਾਰੇ ਆਖਿਆ: “ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ।” (ਲੂਕਾ 1:28-33; ਮੱਤੀ 1:20-25) ਲੇਕਨ ਇਕ ਔਰਤ ਜਿਸ ਨੇ ਇਕ ਆਦਮੀ ਨਾਲ ਕਦੇ ਵੀ ਸੰਭੋਗ ਸੰਬੰਧ ਨਾ ਰੱਖਿਆ ਹੋਵੇ ਕਿਸ ਤਰ੍ਹਾਂ ਇਕ ਬੱਚਾ ਪੈਦਾ ਕਰ ਸਕਦੀ ਹੈ? ਇਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਜ਼ਰੀਏ ਸੀ। ਯਹੋਵਾਹ ਨੇ ਸਵਰਗ ਵਿਚੋਂ ਆਪਣੇ ਸ਼ਕਤੀਸ਼ਾਲੀ ਆਤਮਿਕ ਪੁੱਤਰ ਦਾ ਜੀਵਨ ਕੁਆਰੀ ਮਰਿਯਮ ਦੀ ਕੁੱਖ ਵਿਚ ਤਬਦੀਲ ਕਰ ਦਿੱਤਾ। ਇਹ ਇਕ ਚਮਤਕਾਰ ਸੀ! ਨਿਸ਼ਚੇ ਹੀ ਜਿਸ ਨੇ ਪਹਿਲੀ ਔਰਤ ਨੂੰ ਬੱਚੇ ਪੈਦਾ ਕਰਨ ਦੀ ਅਦਭੁਤ ਯੋਗਤਾ ਨਾਲ ਬਣਾਇਆ ਸੀ ਉਹ ਇਕ ਮਾਨਵ ਪਿਤਾ ਬਗੈਰ ਇਕ ਔਰਤ ਤੋਂ ਬੱਚਾ ਪੈਦਾ ਕਰਵਾ ਸਕਦਾ ਸੀ। ਬਾਈਬਲ ਵਿਆਖਿਆ ਕਰਦੀ ਹੈ: “ਜਾਂ ਸਮਾ ਪੂਰਾ ਹੋਇਆ ਤਾਂ ਪਰਮੇਸ਼ੁਰ ਨੇ ਆਪਣੇ ਪੁੱਤ੍ਰ ਨੂੰ ਘੱਲਿਆ ਜਿਹੜਾ ਤੀਵੀਂ ਤੋਂ ਜੰਮਿਆ।”—ਗਲਾਤੀਆਂ 4:4.

4. (ੳ) ਇਕ ਬੱਚੇ ਦੇ ਰੂਪ ਵਿਚ ਪੈਦਾ ਹੋਣ ਤੋਂ ਪਹਿਲਾਂ ਯਿਸੂ ਕਿਸ ਤਰ੍ਹਾਂ ਦੇ ਜੀਵਨ ਦਾ ਆਨੰਦ ਮਾਣਦਾ ਸੀ? (ਅ) ਯਿਸੂ ਨੇ ਇਹ ਪ੍ਰਦਰਸ਼ਿਤ ਕਰਨ ਲਈ ਕੀ ਆਖਿਆ ਕਿ ਉਹ ਸਵਰਗ ਵਿਚ ਪਹਿਲਾਂ ਰਹਿ ਚੁੱਕਾ ਸੀ?

4 ਤਾਂ ਫਿਰ ਇਸ ਧਰਤੀ ਉੱਤੇ ਇਕ ਆਦਮੀ ਦੇ ਰੂਪ ਵਿਚ ਪੈਦਾ ਹੋਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਇਕ ਸ਼ਕਤੀਸ਼ਾਲੀ ਆਤਮਿਕ ਵਿਅਕਤੀ ਸੀ। ਉਸ ਦਾ ਇਕ ਆਤਮਿਕ ਸਰੀਰ ਸੀ, ਜਿਹੜਾ ਮਨੁੱਖ ਨੂੰ ਅਦ੍ਰਿਸ਼ਟ ਸੀ, ਜਿਵੇਂ ਪਰਮੇਸ਼ੁਰ ਦਾ ਹੈ। (ਯੂਹੰਨਾ 4:24) ਯਿਸੂ ਨੇ ਸਵੈ ਉਸ ਉੱਚੀ ਪਦਵੀ ਬਾਰੇ ਅਕਸਰ ਜ਼ਿਕਰ ਕੀਤਾ ਸੀ ਜਿਹੜੀ ਉਹ ਸਵਰਗ ਵਿਚ ਰੱਖਦਾ ਸੀ। ਇਕ ਵਾਰ ਉਸ ਨੇ ਪ੍ਰਾਰਥਨਾ ਕੀਤੀ: “ਹੇ ਪਿਤਾ ਤੂੰ ਆਪਣੀ ਸੰਗਤ ਦੀ ਉਸ ਵਡਿਆਈ ਨਾਲ ਜੋ ਮੈਂ ਜਗਤ ਦੇ ਹੋਣ ਤੋਂ ਅੱਗੇ ਹੀ ਤੇਰੇ ਨਾਲ ਰੱਖਦਾ ਸਾਂ ਮੇਰੀ ਵਡਿਆਈ ਪਰਗਟ ਕਰ।” (ਯੂਹੰਨਾ 17:5) ਉਸ ਨੇ ਆਪਣੇ ਸੁਣਨ ਵਾਲਿਆਂ ਨੂੰ ਵੀ ਆਖਿਆ: “ਤੁਸੀਂ ਹੇਠੋਂ ਦੇ ਹੋ, ਮੈਂ ਉੱਤੋਂ ਦਾ ਹਾਂ।” “ਫੇਰ ਕੀ ਹੋਵੇਗਾ ਜੇਕਰ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਉਤਾਹਾਂ ਚੜ੍ਹਦਾ ਵੇਖੋਗੇ ਜਿੱਥੇ ਉਹ ਪਹਿਲਾਂ ਸੀ?” “ਅਬਰਾਹਾਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ।”—ਯੂਹੰਨਾ 8:23; 6:62; 8:58; 3:13; 6:51.

5. (ੳ) ਯਿਸੂ “ਸ਼ਬਦ,” ‘ਪਲੋਠਾ’ ਅਤੇ “ਇਕਲੌਤਾ” ਕਿਉਂ ਕਹਾਇਆ ਗਿਆ ਸੀ? (ਅ) ਪਰਮੇਸ਼ੁਰ ਦੇ ਸੰਗ ਯਿਸੂ ਕਿਹੜੇ ਕੰਮ ਵਿਚ ਹਿੱਸਾ ਲੈ ਚੁੱਕਾ ਸੀ?

5 ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਪਰਮੇਸ਼ੁਰ ਦਾ ਸ਼ਬਦ ਕਹਾਉਂਦਾ ਸੀ। ਇਹ ਖਿਤਾਬ ਦਿਖਾਉਂਦਾ ਹੈ ਕਿ ਉਹ ਸਵਰਗ ਵਿਚ ਉਸ ਵਿਅਕਤੀ ਦੇ ਰੂਪ ਵਿਚ ਸੇਵਾ ਕਰਦਾ ਸੀ ਜਿਹੜਾ ਪਰਮੇਸ਼ੁਰ ਦੇ ਲਈ ਬੋਲਦਾ ਸੀ। ਉਹ ਪਰਮੇਸ਼ੁਰ ਦਾ ‘ਪਲੋਠਾ’ ਅਤੇ “ਇਕਲੌਤਾ” ਪੁੱਤਰ ਵੀ ਕਹਾਉਂਦਾ ਹੈ। (ਯੂਹੰਨਾ 1:14; 3:16; ਇਬਰਾਨੀਆਂ 1:6) ਇਸ ਦਾ ਇਹ ਅਰਥ ਹੈ ਕਿ ਪਰਮੇਸ਼ੁਰ ਦੇ ਦੂਸਰੇ ਸਾਰੇ ਆਤਮਿਕ ਪੁੱਤਰਾਂ ਤੋਂ ਉਹ ਪਹਿਲਾਂ ਰਚਿਆ ਗਿਆ ਸੀ, ਅਤੇ ਕੇਵਲ ਉਹ ਇਕੱਲਾ ਹੀ ਸਿੱਧਾ ਪਰਮੇਸ਼ੁਰ ਦੁਆਰਾ ਰਚਿਆ ਗਿਆ ਸੀ। ਬਾਈਬਲ ਵਿਆਖਿਆ ਕਰਦੀ ਹੈ ਕਿ ਇਸ “ਪਲੋਠੇ” ਪੁੱਤਰ ਨੇ ਹੋਰ ਸਾਰੀਆਂ ਚੀਜ਼ਾਂ ਰਚਣ ਵਿਚ ਯਹੋਵਾਹ ਨਾਲ ਹਿੱਸਾ ਲਿਆ ਸੀ। (ਕੁਲੁੱਸੀਆਂ 1:15, 16) ਇਸ ਲਈ ਜਦੋਂ ਪਰਮੇਸ਼ੁਰ ਨੇ ਆਖਿਆ, “ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ . . . ਬਣਾਈਏ,” (ਟੇਢੇ ਟਾਈਪ ਸਾਡੇ) ਉਹ ਆਪਣੇ ਇਸ ਪੁੱਤਰ ਨਾਲ ਗੱਲ ਕਰ ਰਿਹਾ ਸੀ। ਹਾਂ, ਉਹੀ ਵਿਅਕਤੀ ਜਿਹੜਾ ਬਾਅਦ ਵਿਚ ਇਸ ਧਰਤੀ ਉੱਤੇ ਆਇਆ ਅਤੇ ਇਕ ਔਰਤ ਤੋਂ ਪੈਦਾ ਹੋਇਆ, ਸਾਰੀਆਂ ਚੀਜ਼ਾਂ ਦੀ ਰਚਣਾ ਵਿਚ ਹਿੱਸਾ ਲੈ ਚੁੱਕਾ ਸੀ! ਉਹ ਅਗਿਆਤ ਸਾਲਾਂ ਲਈ ਪਹਿਲਾਂ ਹੀ ਆਪਣੇ ਪਿਤਾ ਨਾਲ ਸਵਰਗ ਵਿਚ ਰਹਿ ਚੁੱਕਾ ਸੀ!—ਉਤਪਤ 1:26; ਕਹਾਉਤਾਂ 8:22, 30; ਯੂਹੰਨਾ 1:3.

ਧਰਤੀ ਉੱਤੇ ਉਸ ਦਾ ਜੀਵਨ

6. (ੳ) ਯਿਸੂ ਦੇ ਜਨਮ ਤੋਂ ਕੁਝ ਦੇਰ ਪਹਿਲਾਂ ਅਤੇ ਬਾਅਦ ਵਿਚ ਕਿਹੜੀਆਂ ਘਟਨਾਵਾਂ ਵਾਪਰੀਆਂ? (ਅ) ਯਿਸੂ ਕਿੱਥੇ ਪੈਦਾ ਹੋਇਆ ਸੀ ਅਤੇ ਉਹ ਕਿੱਥੇ ਜਵਾਨ ਹੋਇਆ?

6 ਮਰਿਯਮ ਦੀ ਕੁੜਮਾਈ ਯੂਸੁਫ਼ ਨਾਲ ਹੋ ਚੁੱਕੀ ਸੀ। ਪਰ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਉਹ ਗਰਭਵਤੀ ਸੀ ਉਸ ਨੇ ਸੋਚਿਆ ਕਿ ਉਸ ਨੇ ਕਿਸੇ ਹੋਰ ਆਦਮੀ ਨਾਲ ਸੰਭੋਗ ਕੀਤਾ ਹੈ, ਅਤੇ ਇਸ ਕਰਕੇ ਉਹ ਉਸ ਨਾਲ ਵਿਆਹ ਨਹੀਂ ਕਰੇਗਾ। ਪਰ ਫਿਰ, ਜਦੋਂ ਯਹੋਵਾਹ ਨੇ ਉਸ ਨੂੰ ਦੱਸਿਆ ਕਿ ਉਹ ਉਸ ਦੀ ਪਵਿੱਤਰ ਆਤਮਾ ਦੇ ਜ਼ਰੀਏ ਬੱਚੇ ਨਾਲ ਗਰਭਵਤੀ ਹੈ, ਯੂਸੁਫ਼ ਨੇ ਉਸ ਨੂੰ ਆਪਣੀ ਪਤਨੀ ਦੇ ਰੂਪ ਵਿਚ ਸਵੀਕਾਰ ਕਰ ਲਿਆ। (ਮੱਤੀ 1:18-20, 24, 25) ਬਾਅਦ ਵਿਚ, ਜਦੋਂ ਉਹ ਬੈਤਲਹਮ ਦੇ ਸ਼ਹਿਰ ਦੀ ਯਾਤਰਾ ਕਰ ਰਹੇ ਸਨ, ਯਿਸੂ ਪੈਦਾ ਹੋਇਆ। (ਲੂਕਾ 2:1-7; ਮੀਕਾਹ 5:2) ਜਦੋਂ ਯਿਸੂ ਹਾਲੇ ਇਕ ਬਾਲਕ ਹੀ ਸੀ, ਰਾਜਾ ਹੇਰੋਦੇਸ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਯਹੋਵਾਹ ਨੇ ਯੂਸੁਫ਼ ਨੂੰ ਚੇਤਾਵਨੀ ਦਿੱਤੀ ਅਤੇ ਇਸ ਲਈ ਉਹ ਆਪਣੇ ਪਰਿਵਾਰ ਨੂੰ ਲੈ ਕੇ ਮਿਸਰ ਨੂੰ ਭੱਜ ਗਿਆ। ਰਾਜਾ ਹੇਰੋਦੇਸ ਦੇ ਮਰਨ ਤੋਂ ਬਾਅਦ, ਯੂਸੁਫ਼ ਅਤੇ ਮਰਿਯਮ ਯਿਸੂ ਦੇ ਨਾਲ ਗਲੀਲ ਵਿਚ ਨਾਸਰਤ ਸ਼ਹਿਰ ਨੂੰ ਵਾਪਸ ਮੁੜ ਆਏ। ਇੱਥੇ ਉਹ ਜਵਾਨ ਹੋਇਆ।—ਮੱਤੀ 2:13-15, 19-23.

7. (ੳ) ਜਦੋਂ ਯਿਸੂ 12 ਸਾਲਾਂ ਦਾ ਸੀ ਉਦੋਂ ਕੀ ਹੋਇਆ? (ਅ) ਜਦੋਂ ਯਿਸੂ ਵੱਡਾ ਹੋ ਰਿਹਾ ਸੀ ਉਹ ਨੇ ਕਿਹੜਾ ਕੰਮ ਕਰਨਾ ਸਿੱਖਿਆ?

7 ਜਦੋਂ ਯਿਸੂ 12 ਸਾਲਾਂ ਦਾ ਹੋਇਆ ਉਹ ਆਪਣੇ ਪਰਿਵਾਰ ਨਾਲ ਯਰੂਸ਼ਲਮ ਵਿਚ ਇਕ ਖ਼ਾਸ ਤਿਉਹਾਰ ਜਿਸ ਨੂੰ ਪਸਾਹ ਆਖਦੇ ਹਨ ਮਨਾਉਣ ਲਈ ਗਿਆ। ਜਦੋਂ ਉਹ ਉੱਥੇ ਸੀ, ਉਸ ਨੇ ਹੈਕਲ ਵਿਚ ਸਿੱਖਿਅਕਾਂ ਨੂੰ ਸੁਣਦੇ ਅਤੇ ਸਵਾਲ ਕਰਦੇ ਹੋਏ ਤਿੰਨ ਦਿਨ ਬਤੀਤ ਕੀਤੇ। ਸਾਰੇ ਲੋਕ ਜਿਨ੍ਹਾਂ ਨੇ ਉਸ ਨੂੰ ਸੁਣਿਆ ਹੈਰਾਨ ਹੋਏ ਕਿ ਉਸ ਨੂੰ ਕਿੰਨਾ ਗਿਆਨ ਸੀ। (ਲੂਕਾ 2:41-52) ਜਿਉਂ ਜਿਉਂ ਯਿਸੂ ਨਾਸਰਤ ਵਿਚ ਜਵਾਨ ਹੋਇਆ, ਉਸ ਨੇ ਇਕ ਤਰਖਾਣ ਬਣਨ ਦੀ ਸਿੱਖਿਆ ਹਾਸਲ ਕੀਤੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਸ ਨੂੰ ਇਹ ਕੰਮ ਕਰਨ ਲਈ ਉਸ ਦੇ ਪਾਲਕ ਪਿਤਾ, ਯੂਸੁਫ਼ ਦੁਆਰਾ ਸਿੱਖਿਆ ਮਿਲੀ ਸੀ, ਜੋ ਆਪ ਵੀ ਇਕ ਤਰਖਾਣ ਸੀ।—ਮਰਕੁਸ 6:3; ਮੱਤੀ 13:55.

8.ਜਦੋਂ ਯਿਸੂ 30 ਸਾਲਾਂ ਦਾ ਸੀ ਉਦੋਂ ਕੀ ਹੋਇਆ?

8 ਯਿਸੂ ਦੇ ਜੀਵਨ ਵਿਚ 30 ਸਾਲ ਦੀ ਉਮਰ ਤੇ ਇਕ ਵੱਡੀ ਤਬਦੀਲੀ ਆਈ। ਉਹ ਯੂਹੰਨਾ ਬਪਤਿਸਮਾ ਦੇਣ ਵਾਲੇ ਕੋਲ ਗਿਆ ਅਤੇ ਉਸ ਨੂੰ ਬਪਤਿਸਮਾ ਦੇਣ ਲਈ, ਅਰਥਾਤ ਯਰਦਨ ਨਦੀ ਵਿਚ ਪੂਰਣ ਤੌਰ ਤੇ ਪਾਣੀ ਵਿਚ ਗੋਤਾ ਦੇਣ ਲਈ ਆਖਿਆ। ਬਾਈਬਲ ਦੱਸਦੀ ਹੈ: “ਜਾਂ ਯਿਸੂ ਬਪਤਿਸਮਾ ਲੈ ਚੁੱਕਿਆ ਤਾਂ ਝੱਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ ਕਬੂਤਰ ਵਾਂਙੁ ਉਤਰਦਾ ਅਤੇ ਆਪਣੇ ਉੱਤੇ ਆਉਂਦਾ ਡਿੱਠਾ। ਅਰ ਵੇਖੋ ਇੱਕ ਸੁਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” (ਮੱਤੀ 3:16, 17) ਯੂਹੰਨਾ ਦੇ ਮਨ ਵਿਚ ਕੋਈ ਸ਼ੱਕ ਨਹੀਂ ਹੋ ਸਕਦੀ ਸੀ ਕਿ ਯਿਸੂ ਪਰਮੇਸ਼ੁਰ ਦਾ ਭੇਜਿਆ ਹੋਇਆ ਸੀ।

9. (ੳ) ਅਸਲ ਵਿਚ, ਯਿਸੂ ਕਦੋਂ ਮਸੀਹ ਬਣਿਆ, ਅਤੇ ਉਦੋਂ ਹੀ ਕਿਉਂ? (ਅ) ਆਪਣੇ ਬਪਤਿਸਮੇ ਦੁਆਰਾ, ਯਿਸੂ ਕੀ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰ ਰਿਹਾ ਸੀ?

9 ਯਿਸੂ ਉਪਰ ਆਪਣੀ ਪਵਿੱਤਰ ਆਤਮਾ ਪਾ ਕੇ, ਯਹੋਵਾਹ ਉਸ ਨੂੰ ਆਪਣੇ ਆ ਰਹੇ ਰਾਜ ਦਾ ਰਾਜਾ ਮਸਹ ਕਰ ਰਿਹਾ ਸੀ, ਯਾ ਨਿਯੁਕਤ ਕਰ ਰਿਹਾ ਸੀ। ਇਸ ਤਰ੍ਹਾਂ ਆਤਮਾ ਦੁਆਰਾ ਮਸਹ ਹੋ ਕੇ, ਯਿਸੂ “ਮਸੀਹਾ,” ਯਾ “ਮਸੀਹ” ਬਣਿਆ ਜਿਨ੍ਹਾਂ ਸ਼ਬਦਾਂ ਦਾ ਇਬਰਾਨੀ ਅਤੇ ਯੂਨਾਨੀ ਭਾਸ਼ਾਵਾਂ ਵਿਚ ਅਰਥ “ਮਸਹ ਕੀਤਾ ਹੋਇਆ” ਹੈ। ਉਪਰੰਤ, ਉਹ ਅਸਲ ਵਿਚ ਯਿਸੂ ਮਸੀਹ, ਯਾ ਮਸਹ ਕੀਤਾ ਹੋਇਆ ਯਿਸੂ ਬਣਿਆ। ਇਸ ਲਈ ਉਸ ਦੇ ਰਸੂਲ ਪਤਰਸ ਨੇ ਉਸ ਬਾਰੇ ਆਖਿਆ ਕਿ “ਯਿਸੂ ਨਾਸਰੀ ਭਈ ਪਰਮੇਸ਼ੁਰ ਨੇ ਕਿਸ ਬਿਧ ਨਾਲ ਉਹ ਨੂੰ ਪਵਿੱਤ੍ਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ।” (ਰਸੂਲਾਂ ਦੇ ਕਰਤੱਬ 10:38) ਇਸ ਤੋਂ ਇਲਾਵਾ, ਪਾਣੀ ਵਿਚ ਆਪਣੇ ਬਪਤਿਸਮੇ ਦੁਆਰਾ, ਯਿਸੂ ਆਪਣੇ ਆਪ ਨੂੰ ਪਰਮੇਸ਼ੁਰ ਦੇ ਸਾਮ੍ਹਣੇ ਉਹ ਕੰਮ ਕਰਨ ਲਈ ਪੇਸ਼ ਕਰ ਰਿਹਾ ਸੀ ਜਿਹੜਾ ਪਰਮੇਸ਼ੁਰ ਨੇ ਉਸ ਨੂੰ ਇਸ ਧਰਤੀ ਉੱਤੇ ਕਰਨ ਲਈ ਭੇਜਿਆ ਸੀ। ਉਹ ਮਹੱਤਵਪੂਰਣ ਕੰਮ ਕੀ ਸੀ?

ਉਹ ਧਰਤੀ ਉੱਤੇ ਕਿਉਂ ਆਇਆ

10. ਯਿਸੂ ਧਰਤੀ ਉੱਤੇ ਕਿਹੜੀਆਂ ਸਚਿਆਈਆਂ ਦੱਸਣ ਲਈ ਆਇਆ ਸੀ?

10 ਇਹ ਵਿਆਖਿਆ ਕਰਦੇ ਹੋਏ ਕਿ ਉਹ ਧਰਤੀ ਉੱਤੇ ਕਿਉਂ ਆਇਆ ਸੀ, ਯਿਸੂ ਨੇ ਰੋਮੀ ਗਵਰਨਰ ਪੁੰਤਿਯੁਸ ਪਿਲਾਤੁਸ ਨੂੰ ਦੱਸਿਆ: “ਮੈ ਇਸੇ ਲਈ ਜਨਮ ਧਾਰਿਆ ਅਤੇ ਇਸੇ [ਮਕਸਦ] ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।” (ਯੂਹੰਨਾ 18:37) ਲੇਕਨ ਯਿਸੂ ਕਿਹੜੀਆਂ ਖ਼ਾਸ ਸਚਿਆਈਆਂ ਜ਼ਾਹਰ ਕਰਨ ਲਈ ਧਰਤੀ ਉੱਤੇ ਭੇਜਿਆ ਗਿਆ ਸੀ? ਪਹਿਲਾ, ਉਸ ਦੇ ਸਵਰਗੀ ਪਿਤਾ ਬਾਰੇ ਸਚਿਆਈਆਂ। ਉਸ ਨੇ ਆਪਣੇ ਅਨੁਯਾਈਆਂ ਨੂੰ ਸਿੱਖਿਆ ਦਿੱਤੀ ਕਿ ਉਹ ਪ੍ਰਾਰਥਨਾ ਕਰਨ ਕਿ ਉਸ ਦੇ ਪਿਤਾ ਦਾ ਨਾਂ “ਪਾਕ,” ਮੰਨਿਆ ਜਾਵੇ ਯਾ ਪਵਿੱਤਰ ਮੰਨਿਆ ਜਾਵੇ। (ਮੱਤੀ 6:9, ਕਿੰਗ ਜੇਮਜ਼ ਵਰਯਨ) ਅਤੇ ਉਸ ਨੇ ਪ੍ਰਾਰਥਨਾ ਕੀਤੀ: “ਜਿਹੜੇ ਮਨੁੱਖ ਤੈਂ ਜਗਤ ਵਿੱਚੋਂ ਮੈਨੂੰ ਦਿੱਤੇ ਓਹਨਾਂ ਉੱਤੇ ਮੈਂ ਤੇਰਾ ਨਾਮ ਪਰਗਟ ਕੀਤਾ।” (ਯੂਹੰਨਾ 17:6) ਇਸ ਤੋਂ ਇਲਾਵਾ, ਉਸ ਨੇ ਕਿਹਾ: “ਮੈਨੂੰ ਚਾਹੀਦਾ ਹੈ . . . ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਵਾਂ ਕਿਉਂਕਿ ਮੈਂ ਇਸੇ ਲਈ ਘੱਲਿਆ ਗਿਆ।” (ਟੇਢੇ ਟਾਈਪ ਸਾਡੇ)—ਲੂਕਾ 4:43.

11. (ੳ) ਯਿਸੂ ਆਪਣਾ ਕੰਮ ਇੰਨਾ ਮਹੱਤਵਪੂਰਣ ਕਿਉਂ ਸਮਝਦਾ ਸੀ? (ਅ) ਯਿਸੂ ਕੀ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਿਆ? ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ?

11 ਯਿਸੂ ਦੇ ਲਈ ਆਪਣੇ ਪਿਤਾ ਦਾ ਨਾਂ ਅਤੇ ਉਸ ਦੇ ਰਾਜ ਦੀ ਜਾਣਕਾਰੀ ਪ੍ਰਗਟ ਕਰਨਾ ਕਿੰਨਾ-ਕੁ ਮਹੱਤਵਪੂਰਣ ਸੀ? ਉਸ ਨੇ ਆਪਣੇ ਚੇਲਿਆਂ ਨੂੰ ਆਖਿਆ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।” (ਯੂਹੰਨਾ 4:34) ਯਿਸੂ ਪਰਮੇਸ਼ੁਰ ਦਾ ਕੰਮ ਕਰਨਾ ਭੋਜਨ ਜਿੰਨਾ ਮਹੱਤਵਪੂਰਣ ਕਿਉਂ ਸਮਝਦਾ ਸੀ? ਇਹ ਇਸ ਲਈ ਸੀ ਕਿਉਂਕਿ ਰਾਜ ਉਹ ਜ਼ਰੀਆ ਹੈ ਜਿਸ ਦੁਆਰਾ ਪਰਮੇਸ਼ੁਰ ਮਨੁੱਖਜਾਤੀ ਲਈ ਆਪਣੇ ਅਦਭੁਤ ਮਕਸਦ ਨੂੰ ਪੂਰਾ ਕਰੇਗਾ। ਇਹ ਉਹ ਰਾਜ ਹੈ ਜਿਹੜਾ ਸਾਰੀ ਦੁਸ਼ਟਤਾ ਨੂੰ ਖ਼ਤਮ ਕਰੇਗਾ ਅਤੇ ਯਹੋਵਾਹ ਦੇ ਨਾਂ ਉੱਤੇ ਲਿਆਂਦੀ ਬਦਨਾਮੀ ਨੂੰ ਦੂਰ ਕਰੇਗਾ। (ਦਾਨੀਏਲ 2:44; ਪਰਕਾਸ਼ ਦੀ ਪੋਥੀ 21:3, 4) ਇਸ ਲਈ ਯਿਸੂ ਪਰਮੇਸ਼ੁਰ ਦਾ ਨਾਂ ਅਤੇ ਰਾਜ ਪ੍ਰਗਟ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਿਆ। (ਮੱਤੀ 4:17; ਲੂਕਾ 8:1; ਯੂਹੰਨਾ 17:26; ਇਬਰਾਨੀਆਂ 2:12) ਉਹ ਹਮੇਸ਼ਾ ਸੱਚ ਬੋਲਦਾ ਸੀ, ਭਾਵੇਂ ਇਹ ਲੋਕਪ੍ਰਿਯ ਸੀ ਯਾ ਨਹੀਂ। ਇਸ ਤਰ੍ਹਾਂ ਉਸ ਨੇ ਇਕ ਉਦਾਹਰਣ ਪੇਸ਼ ਕੀਤਾ ਸੀ ਜਿਸ ਦਾ ਸਾਨੂੰ ਅਨੁਕਰਣ ਕਰਨਾ ਚਾਹੀਦਾ ਹੈ, ਅਗਰ ਅਸੀਂ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਚਾਹੁੰਦੇ ਹਾਂ।—1 ਪਤਰਸ 2:21.

12. ਕਿਹੜੇ ਹੋਰ ਮਹੱਤਵਪੂਰਣ ਕਾਰਨ ਕਰਕੇ ਯਿਸੂ ਇਸ ਧਰਤੀ ਉੱਤੇ ਆਇਆ ਸੀ?

12 ਪਰ, ਪਰਮੇਸ਼ੁਰ ਦੇ ਰਾਜ ਦੇ ਸ਼ਾਸਨ ਦੇ ਅਧੀਨ ਸਦੀਪਕ ਜੀਵਨ ਪ੍ਰਾਪਤ ਕਰਨਾ ਸਾਡੇ ਵਾਸਤੇ ਮੁਮਕਿਨ ਕਰਨ ਦੇ ਲਈ, ਯਿਸੂ ਨੂੰ ਮੌਤ ਵਿਚ ਆਪਣਾ ਜੀਵਨ ਲਹੂ ਵਹਾਉਣਾ ਪਿਆ। ਜਿਵੇਂ ਯਿਸੂ ਦੇ ਦੋ ਰਸੂਲਾਂ ਨੇ ਆਖਿਆ: “ਅਸੀਂ ਹੁਣ ਉਹ ਦੇ ਲਹੂ ਨਾਲ ਧਰਮੀ ਠਹਿਰਾਏ ਗਏ।” “[ਪਰਮੇਸ਼ੁਰ] ਦੇ ਪੁੱਤ੍ਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ।” (ਰੋਮੀਆਂ 5:9; 1 ਯੂਹੰਨਾ 1:7) ਤਾਂ ਫਿਰ ਯਿਸੂ ਦਾ ਇਸ ਧਰਤੀ ਉੱਤੇ ਆਉਣ ਦਾ ਇਕ ਮਹੱਤਵਪੂਰਣ ਕਾਰਨ ਇਹ ਸੀ ਕਿ ਉਹ ਸਾਡੇ ਵਾਸਤੇ ਮਰਨ ਲਈ ਆਇਆ। ਉਸ ਨੇ ਕਿਹਾ: “ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ [“ਰਿਹਾਈ-ਕੀਮਤ,” ਨਿਵ] ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।” (ਮੱਤੀ 20:28, ਟੇਢੇ ਟਾਈਪ ਸਾਡੇ) ਲੇਕਨ ਇਸ ਦਾ ਅਰਥ ਕੀ ਇਹ ਹੈ ਕਿ ਮਸੀਹ ਨੇ ਆਪਣੀ ਜਾਨ “ਰਿਹਾਈ-ਕੀਮਤ” ਦੇ ਰੂਪ ਵਿਚ ਦਿੱਤੀ? ਮੌਤ ਵਿਚ ਉਸ ਦੇ ਜੀਵਨ ਦੇ ਲਹੂ ਦਾ ਵਹਾਇਆ ਜਾਣਾ ਸਾਡੀ ਮੁਕਤੀ ਲਈ ਕਿਉਂ ਆਵੱਸ਼ਕ ਸੀ?

ਉਸ ਨੇ ਆਪਣੀ ਜਾਨ ਰਿਹਾਈ-ਕੀਮਤ ਦੇ ਰੂਪ ਵਿਚ ਦਿੱਤੀ

13. (ੳ) ਰਿਹਾਈ-ਕੀਮਤ ਕੀ ਹੈ? (ਅ) ਉਹ ਰਿਹਾਈ-ਕੀਮਤ ਕੀ ਹੈ ਜਿਹੜੀ ਯਿਸੂ ਨੇ ਸਾਨੂੰ ਪਾਪ ਅਤੇ ਮੌਤ ਤੋਂ ਛੁਡਾਉਣ ਲਈ ਭਰੀ ਸੀ?

13 ਇਹ ਸ਼ਬਦ “ਰਿਹਾਈ-ਕੀਮਤ” ਅਕਸਰ ਉਦੋਂ ਇਸਤੇਮਾਲ ਕੀਤਾ ਜਾਂਦਾ ਹੈ ਜਦੋਂ ਇਕ ਅਪਹਰਣ ਹੁੰਦਾ ਹੈ। ਇਕ ਅਪਹਰਣ-ਕਰਤਾ ਕਿਸੇ ਵਿਅਕਤੀ ਨੂੰ ਕਬਜ਼ਾ ਕਰਨ ਤੋਂ ਬਾਅਦ, ਸ਼ਾਇਦ ਆਖੇ ਕਿ ਉਹ ਉਸ ਵਿਅਕਤੀ ਨੂੰ ਵਾਪਸ ਕਰ ਦੇਵੇਗਾ ਅਗਰ ਰਿਹਾਈ-ਕੀਮਤ ਲਈ ਪੈਸੇ ਦੀ ਇਕ ਖ਼ਾਸ ਰਕਮ ਉਸ ਨੂੰ ਦਿੱਤੀ ਜਾਵੇ। ਤਾਂ ਫਿਰ ਰਿਹਾਈ-ਕੀਮਤ ਉਹ ਚੀਜ਼ ਹੈ ਜਿਹੜੀ ਕੈਦ ਵਿਚ ਪਏ ਹੋਏ ਇਕ ਵਿਅਕਤੀ ਨੂੰ ਛੁਡਾਉਣ ਲਈ ਦਿੱਤੀ ਜਾਂਦੀ ਹੈ। ਇਹ ਉਹ ਚੀਜ਼ ਹੈ ਜਿਹੜੀ ਇਸ ਲਈ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਜਾਨ ਨਾ ਖੋਹ ਬੈਠੇ। ਯਿਸੂ ਦਾ ਸੰਪੂਰਣ ਮਾਨਵ ਜੀਵਨ ਮਨੁੱਖਜਾਤੀ ਦਾ ਪਾਪ ਅਤੇ ਮੌਤ ਦੇ ਬੰਧਨ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਦਿੱਤਾ ਗਿਆ ਸੀ। (1 ਪਤਰਸ 1:18, 19; ਅਫ਼ਸੀਆਂ 1:7) ਅਜਿਹੇ ਛੁਟਕਾਰੇ ਦੀ ਜ਼ਰੂਰਤ ਕਿਉਂ ਸੀ?

14. ਯਿਸੂ ਦੁਆਰਾ ਦਿੱਤੀ ਗਈ ਰਿਹਾਈ-ਕੀਮਤ ਦੀ ਕਿਉਂ ਜ਼ਰੂਰਤ ਸੀ?

14 ਇਹ ਇਸ ਲਈ ਸੀ ਕਿਉਂਕਿ, ਆਪਣੇ ਸਾਰਿਆਂ ਦੇ ਵਡੇਰੇ, ਆਦਮ ਨੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ ਸੀ। ਇਸ ਤਰ੍ਹਾਂ ਉਹ ਦੇ ਬੇਕਾਨੂੰਨੀ ਕੰਮ ਨੇ ਉਸ ਨੂੰ ਇਕ ਪਾਪੀ ਬਣਾ ਦਿੱਤਾ, ਕਿਉਂਕਿ ਬਾਈਬਲ ਵਿਆਖਿਆ ਕਰਦੀ ਹੈ ਕਿ “ਪਾਪ ਤਾਂ ਸ਼ਰਾ ਦਾ ਉਲਟ ਹੀ ਹੈ।” (1 ਯੂਹੰਨਾ 3:4; 5:17) ਨਤੀਜੇ ਵਜੋਂ, ਉਹ ਪਰਮੇਸ਼ੁਰ ਦੇ ਸਦੀਪਕ ਜੀਵਨ ਦਾ ਤੋਹਫ਼ਾ ਹਾਸਲ ਕਰਨ ਦੇ ਯੋਗ ਨਹੀਂ ਸੀ। (ਰੋਮੀਆਂ 6:23) ਤਾਂ ਆਦਮ ਨੇ ਆਪਣੇ ਆਪ ਲਈ ਪਰਾਦੀਸ ਧਰਤੀ ਉੱਤੇ ਸੰਪੂਰਣ ਮਾਨਵ ਜੀਵਨ ਖੋਹ ਦਿੱਤਾ। ਉਸ ਨੇ ਇਹ ਅਦਭੁਤ ਭਵਿੱਖ ਉਨ੍ਹਾਂ ਬੱਚਿਆਂ ਲਈ ਵੀ ਖੋਹ ਦਿੱਤਾ ਜਿਹੜੇ ਉਹ ਪੈਦਾ ਕਰਦਾ। ਤੁਸੀਂ ਸ਼ਾਇਦ ਪੁੱਛੋ, ‘ਲੇਕਨ ਉਸ ਦੀ ਸਾਰੀ ਸੰਤਾਨ ਨੂੰ ਕਿਉਂ ਮਰਨਾ ਪਿਆ, ਜਦੋਂ ਉਹ ਆਦਮ ਸੀ ਜਿਸ ਨੇ ਪਾਪ ਕੀਤਾ?’

15. ਜਦ ਕਿ ਆਦਮ ਨੇ ਪਾਪ ਕੀਤਾ ਸੀ, ਉਸ ਦੀ ਸੰਤਾਨ ਨੂੰ ਕਿਉਂ ਦੁੱਖ ਭੋਗਣਾ ਅਤੇ ਮਰਨਾ ਪਿਆ?

15 ਇਸ ਦਾ ਇਹ ਕਾਰਨ ਹੈ ਕਿ ਜਦੋਂ ਆਦਮ ਪਾਪੀ ਬਣਿਆ, ਉਸ ਨੇ ਆਪਣੀ ਸੰਤਾਨ ਨੂੰ, ਜਿਸ ਵਿਚ ਸਾਰੇ ਹੁਣ ਜੀਉਂਦੇ ਮਨੁੱਖ ਸ਼ਾਮਲ ਹਨ, ਵਿਰਾਸਤ ਵਿਚ ਪਾਪ ਅਤੇ ਮੌਤ ਦਿੱਤੀ। (ਅੱਯੂਬ 14:4; ਰੋਮੀਆਂ 5:12) ਬਾਈਬਲ ਆਖਦੀ ਹੈ ਕਿ “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23; 1 ਰਾਜਿਆਂ 8:46) ਧਰਮੀ ਦਾਊਦ ਨੇ ਵੀ ਕਿਹਾ: “ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ।” (ਜ਼ਬੂਰਾਂ ਦੀ ਪੋਥੀ 51:5) ਇਸ ਕਰਕੇ, ਲੋਕ ਉਸ ਪਾਪ ਦੇ ਕਾਰਨ ਮਰਦੇ ਰਹੇ ਹਨ ਜਿਹੜਾ ਆਦਮ ਤੋਂ ਵਿਰਾਸਤ ਵਿਚ ਮਿਲਿਆ ਸੀ। ਫਿਰ ਇਹ ਕਿਸ ਤਰ੍ਹਾਂ ਮੁਮਕਿਨ ਸੀ ਕਿ ਯਿਸੂ ਦੇ ਜੀਵਨ ਦਾ ਬਲੀਦਾਨ ਸਾਰੇ ਲੋਕਾਂ ਨੂੰ ਪਾਪ ਅਤੇ ਮੌਤ ਦੇ ਬੰਧਨ ਤੋਂ ਛੁਡਾਏ?

16. (ੳ) ਰਿਹਾਈ-ਕੀਮਤ ਦਾ ਪ੍ਰਬੰਧ ਕਰ ਕੇ, ਪਰਮੇਸ਼ੁਰ ਨੇ ਕਿਸ ਤਰ੍ਹਾਂ ਆਪਣੇ ਕਾਨੂੰਨ ਲਈ ਆਦਰ ਪ੍ਰਦਰਸ਼ਿਤ ਕੀਤਾ ਕਿ ‘ਜੀਵਨ ਦੇ ਵੱਟੇ ਜੀਵਨ ਦੇਣਾ ਚਾਹੀਦਾ ਹੈ’? (ਅ) ਯਿਸੂ ਹੀ ਕੇਵਲ ਕਿਉਂ ਉਹ ਮਨੁੱਖ ਸੀ ਜਿਹੜਾ ਰਿਹਾਈ-ਕੀਮਤ ਭਰ ਸਕਦਾ ਸੀ?

16 ਇਸ ਵਿਚ ਇਸਰਾਏਲ ਦੀ ਕੌਮ ਲਈ ਪਰਮੇਸ਼ੁਰ ਦੇ ਨਿਯਮ ਵਿਚੋਂ ਇਕ ਕਾਨੂੰਨੀ ਸਿਧਾਂਤ ਸ਼ਾਮਲ ਹੈ। ਉਹ ਬਿਆਨ ਕਰਦਾ ਹੈ ਕਿ ‘ਜੀਵਨ ਦੇ ਵੱਟੇ ਜੀਵਨ ਦੇਣਾ ਚਾਹੀਦਾ ਹੈ।’ (ਕੂਚ 21:23; ਬਿਵਸਥਾ ਸਾਰ 19:21) ਆਪਣੀ ਅਣਆਗਿਆ ਦੇ ਕਾਰਨ ਸੰਪੂਰਣ ਮਨੁੱਖ ਆਦਮ ਨੇ ਆਪਣੇ ਲਈ ਅਤੇ ਆਪਣੀ ਸਾਰੀ ਸੰਤਾਨ ਲਈ ਪਰਾਦੀਸ ਧਰਤੀ ਉੱਤੇ ਸੰਪੂਰਣ ਜੀਵਨ ਗੁਆ ਦਿੱਤਾ ਸੀ। ਯਿਸੂ ਮਸੀਹ ਨੇ ਉਹ ਖਰੀਦਣ ਲਈ ਜੋ ਆਦਮ ਨੇ ਖੋਹ ਦਿੱਤਾ ਸੀ, ਖ਼ੁਦ ਆਪਣਾ ਸੰਪੂਰਣ ਜੀਵਨ ਦੇ ਦਿੱਤਾ। ਹਾਂ, ਯਿਸੂ ਨੇ “ਆਪਣੇ ਆਪ ਨੂੰ ਸਭਨਾਂ ਲਈ ਪ੍ਰਾਸਚਿਤ [“ਅਨੁਰੂਪ ਰਿਹਾਈ-ਕੀਮਤ,” “ਨਿਵ”] ਕਰ ਕੇ ਦੇ ਦਿੱਤਾ।” (1 ਤਿਮੋਥਿਉਸ 2:5, 6) ਕਿਉਂਕਿ ਉਹ ਸੰਪੂਰਣ ਮਨੁੱਖ ਸੀ, ਜਿਸ ਤਰ੍ਹਾਂ ਪਹਿਲਾਂ ਆਦਮ ਵੀ ਸੀ, ਯਿਸੂ “ਛੇਕੜਲਾ ਆਦਮ” ਆਖਿਆ ਜਾਂਦਾ ਹੈ। (1 ਕੁਰਿੰਥੀਆਂ 15:45) ਯਿਸੂ ਤੋਂ ਇਲਾਵਾ ਕੋਈ ਹੋਰ ਮਨੁੱਖ ਇਹ ਰਿਹਾਈ-ਕੀਮਤ ਨਹੀਂ ਭਰ ਸਕਦਾ ਸੀ। ਇਹ ਇਸ ਕਰਕੇ ਹੈ ਕਿਉਂਕਿ ਜਿੰਨੇ ਲੋਕ ਅੱਜ ਤਕ ਜੀਉਂਦੇ ਰਹੇ ਹਨ ਯਿਸੂ ਹੀ ਉਨ੍ਹਾਂ ਵਿਚੋਂ ਇਕੱਲਾ ਉਹ ਮਨੁੱਖ ਸੀ ਜਿਹੜਾ ਪਰਮੇਸ਼ੁਰ ਦੇ ਸੰਪੂਰਣ ਮਾਨਵ ਪੁੱਤਰ ਦੇ ਰੂਪ ਵਿਚ ਆਦਮ ਦੇ ਬਰਾਬਰ ਸੀ।—ਜ਼ਬੂਰਾਂ ਦੀ ਪੋਥੀ 49:7; ਲੂਕਾ 1:32; 3:38.

17. ਪਰਮੇਸ਼ੁਰ ਨੂੰ ਕਦੋਂ ਰਿਹਾਈ-ਕੀਮਤ ਦਿੱਤੀ ਗਈ ਸੀ?

17 ਯਿਸੂ 33 1/2 ਸਾਲ ਦੀ ਉਮਰ ਤੇ ਮਰ ਗਿਆ। ਪਰ ਉਸ ਦੀ ਮੌਤ ਤੋਂ ਤੀਜੇ ਦਿਨ ਤੇ ਉਹ ਜੀਵਨ ਲਈ ਪੁਨਰ-ਉਥਿਤ ਕੀਤਾ ਗਿਆ ਸੀ। ਚਾਲੀ ਦਿਨਾਂ ਦੇ ਬਾਅਦ ਉਹ ਸਵਰਗ ਨੂੰ ਵਾਪਸ ਮੁੜ ਗਿਆ। (ਰਸੂਲਾਂ ਦੇ ਕਰਤੱਬ 1:3, 9-11) ਉੱਥੇ, ਉਹ ਇਕ ਵਾਰ ਫਿਰ ਆਤਮਿਕ ਵਿਅਕਤੀ ਦੇ ਰੂਪ ਵਿਚ, “ਸਾਡੇ ਲਈ ਪਰਮੇਸ਼ੁਰ ਦੇ ਸਨਮੁਖ” ਆਪਣੀ ਰਿਹਾਈ-ਕੀਮਤ ਦੇ ਮੁਲ ਦਾ ਬਲੀਦਾਨ ਲੈ ਕੇ ਪੇਸ਼ ਹੋਇਆ। (ਇਬਰਾਨੀਆਂ 9:12, 24) ਉਸ ਸਮੇਂ ਸਵਰਗ ਵਿਚ ਪਰਮੇਸ਼ੁਰ ਨੂੰ ਰਿਹਾਈ-ਕੀਮਤ ਦਿੱਤੀ ਗਈ ਸੀ। ਹੁਣ ਮਾਨਵਜਾਤੀ ਲਈ ਛੁਟਕਾਰਾ ਉਪਲਬਧ ਸੀ। ਲੇਕਨ ਉਸ ਦੇ ਲਾਭ ਕਦੋਂ ਪ੍ਰਾਪਤ ਹੋਣਗੇ?

18. (ੳ) ਅਸੀਂ ਹੁਣ ਵੀ ਰਿਹਾਈ-ਕੀਮਤ ਤੋਂ ਕਿਸ ਤਰ੍ਹਾਂ ਲਾਭ ਉਠਾ ਸਕਦੇ ਹਾਂ? (ਅ) ਰਿਹਾਈ-ਕੀਮਤ ਭਵਿੱਖ ਵਿਚ ਕਿਹੜੀਆਂ ਚੀਜ਼ਾਂ ਮੁਮਕਿਨ ਕਰਦੀ ਹੈ?

18 ਯਿਸੂ ਦੀ ਰਿਹਾਈ-ਕੀਮਤ ਦਾ ਬਲੀਦਾਨ ਹੁਣ ਵੀ ਸਾਨੂੰ ਲਾਭ ਪਹੁੰਚਾ ਸਕਦਾ ਹੈ। ਕਿਸ ਤਰ੍ਹਾਂ? ਉਸ ਵਿਚ ਵਿਸ਼ਵਾਸ ਕਰ ਕੇ ਅਸੀਂ ਪਰਮੇਸ਼ੁਰ ਦੇ ਸਾਮ੍ਹਣੇ ਸਵੱਛ ਸਥਿਤੀ ਦਾ ਆਨੰਦ ਮਾਣ ਸਕਦੇ ਹਾਂ ਅਤੇ ਉਸ ਦੀ ਪ੍ਰੇਮਪੂਰਣ ਅਤੇ ਸਨੇਹ ਭਰੀ ਦੇਖ-ਭਾਲ ਦੇ ਅਧੀਨ ਆ ਸਕਦੇ ਹਾਂ। (ਪਰਕਾਸ਼ ਦੀ ਪੋਥੀ 7:9, 10, 13-15) ਪਰਮੇਸ਼ੁਰ ਦੇ ਬਾਰੇ ਸਿੱਖਿਆ ਹਾਸਲ ਕਰਨ ਤੋਂ ਪਹਿਲਾਂ ਸਾਡੇ ਵਿਚੋਂ ਅਨੇਕਾਂ ਨੇ ਸ਼ਾਇਦ ਵੱਡੇ ਪਾਪ ਕੀਤੇ ਹੋਣ। ਅਤੇ ਹੁਣ ਵੀ ਸਾਡੇ ਤੋਂ ਗ਼ਲਤੀਆਂ ਹੁੰਦੀਆਂ ਹਨ, ਕਈ ਵਾਰ ਬਹੁਤ ਗੰਭੀਰ ਪ੍ਰਕਾਰ ਦੀਆਂ ਵੀ। ਪਰ ਅਸੀਂ ਰਿਹਾਈ-ਕੀਮਤ ਦੇ ਆਧਾਰ ਉੱਤੇ ਪਰਮੇਸ਼ੁਰ ਕੋਲੋਂ ਖੁਲ੍ਹ ਕੇ ਮਾਫ਼ੀ ਮੰਗ ਸਕਦੇ ਹਾਂ, ਇਸ ਵਿਸ਼ਵਾਸ ਨਾਲ ਕਿ ਉਹ ਸਾਡੀ ਸੁਣੇਗਾ। (1 ਯੂਹੰਨਾ 2:1, 2; 1 ਕੁਰਿੰਥੀਆਂ 6:9-11) ਇਸ ਦੇ ਨਾਲ, ਭਵਿੱਖ ਵਿਚ ਰਿਹਾਈ-ਕੀਮਤ ਸਾਡੇ ਲਈ ਪਰਮੇਸ਼ੁਰ ਦੀ ਧਾਰਮਿਕ ਨਵੀਂ ਦੁਨੀਆਂ ਵਿਚ ਉਸ ਦਾ ਸਦੀਪਕ ਜੀਵਨ ਦਾ ਤੋਹਫ਼ਾ ਪ੍ਰਾਪਤ ਕਰਨ ਲਈ ਰਾਹ ਖੋਲ੍ਹੇਗੀ। (2 ਪਤਰਸ 3:13) ਉਸ ਸਮੇਂ ਉਹ ਸਾਰੇ ਜਿਹੜੇ ਰਿਹਾਈ-ਕੀਮਤ ਵਿਚ ਵਿਸ਼ਵਾਸ ਕਰਦੇ ਹਨ, ਪਾਪ ਅਤੇ ਮੌਤ ਦੇ ਬੰਧਨ ਤੋਂ ਪੂਰਣ ਤੌਰ ਤੇ ਛੁਟਕਾਰਾ ਪਾਉਣਗੇ। ਉਹ ਸੰਪੂਰਣਤਾ ਵਿਚ ਸਦਾ ਲਈ ਜੀਉਣ ਦੀ ਉਮੀਦ ਰੱਖ ਸਕਦੇ ਹਨ!

19. (ੳ) ਰਿਹਾਈ-ਕੀਮਤ ਦਾ ਪ੍ਰਬੰਧ ਤੁਹਾਡੇ ਉੱਤੇ ਕੀ ਅਸਰ ਪਾਉਂਦਾ ਹੈ? (ਅ) ਰਸੂਲ ਪੌਲੁਸ ਦੇ ਅਨੁਸਾਰ ਸਾਨੂੰ ਰਿਹਾਈ-ਕੀਮਤ ਲਈ ਆਪਣਾ ਧੰਨਵਾਦ ਕਿਸ ਤਰ੍ਹਾਂ ਦਿਖਾਉਣਾ ਚਾਹੀਦਾ ਹੈ?

19 ਤੁਸੀਂ ਰਿਹਾਈ-ਕੀਮਤ ਦੇ ਬਾਰੇ ਸਿੱਖਿਆ ਲੈ ਕੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਕੀ ਇਹ ਜਾਣਨ ਨਾਲ ਕਿ ਉਹ ਤੁਹਾਡੀ ਇੰਨੀ ਪਰਵਾਹ ਕਰਦਾ ਹੈ ਕਿ ਉਸ ਨੇ ਤੁਹਾਡੇ ਲਈ ਆਪਣਾ ਪਿਆਰਾ ਪੁੱਤਰ ਵੀ ਦੇ ਦਿੱਤਾ, ਤੁਹਾਡਾ ਦਿਲ ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਪਿਆਰ ਨਾਲ ਨਹੀਂ ਭਰ ਜਾਂਦਾ ਹੈ? (ਯੂਹੰਨਾ 3:16; 1 ਯੂਹੰਨਾ 4:9, 10) ਪਰ ਮਸੀਹ ਦੇ ਪਿਆਰ ਉੱਤੇ ਵੀ ਵਿਚਾਰ ਕਰੋ। ਉਹ ਰਜ਼ਾਮੰਦੀ ਨਾਲ ਸਾਡੇ ਵਾਸਤੇ ਮਰਨ ਲਈ ਇਸ ਧਰਤੀ ਉੱਤੇ ਆਇਆ। ਕੀ ਸਾਨੂੰ ਸ਼ੁਕਰਗੁਜ਼ਾਰ ਨਹੀਂ ਹੋਣਾ ਚਾਹੀਦਾ ਹੈ? ਰਸੂਲ ਪੌਲੁਸ ਨੇ ਵਿਆਖਿਆ ਕੀਤੀ ਕਿ ਸਾਨੂੰ ਕਿਸ ਤਰ੍ਹਾਂ ਆਪਣਾ ਧੰਨਵਾਦ ਦਿਖਾਉਣਾ ਚਾਹੀਦਾ ਹੈ ਜਦੋਂ ਉਸ ਨੇ ਆਖਿਆ: “ਉਹ ਸਭਨਾਂ ਦੇ ਲਈ ਮੋਇਆ ਭਈ ਜਿਹੜੇ ਜੀਉਂਦੇ ਹਨ ਓਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ ਜਿਹੜਾ ਉਨ੍ਹਾਂ ਦੇ ਲਈ ਮੋਇਆ ਅਤੇ ਫੇਰ ਜੀ ਉੱਠਿਆ।” (2 ਕੁਰਿੰਥੀਆਂ 5:14, 15, ਟੇਢੇ ਟਾਈਪ ਸਾਡੇ) ਕੀ ਤੁਸੀਂ ਪਰਮੇਸ਼ੁਰ ਅਤੇ ਉਸ ਦੇ ਸਵਰਗੀ ਪੁੱਤਰ ਯਿਸੂ ਮਸੀਹ ਦੀ ਸੇਵਾ ਵਿਚ ਆਪਣਾ ਜੀਵਨ ਇਸਤੇਮਾਲ ਕਰ ਕੇ ਆਪਣਾ ਧੰਨਵਾਦ ਪ੍ਰਦਰਸ਼ਿਤ ਕਰੋਗੇ?

ਯਿਸੂ ਨੇ ਚਮਤਕਾਰ ਕਿਉਂ ਕੀਤੇ

20. ਕੋੜ੍ਹੀ ਨੂੰ ਚੰਗਾ ਕਰਨ ਦੇ ਅਵਸਰ ਤੋਂ ਅਸੀਂ ਯਿਸੂ ਬਾਰੇ ਕੀ ਸਿੱਖਦੇ ਹਾਂ?

20 ਯਿਸੂ ਆਪਣੇ ਕੀਤੇ ਹੋਏ ਚਮਤਕਾਰਾਂ ਲਈ ਪ੍ਰਸਿੱਧ ਹੈ। ਉਹ ਉਨ੍ਹਾਂ ਲੋਕਾਂ ਲਈ ਜਿਹੜੇ ਦੁੱਖਾਂ ਵਿਚ ਪਏ ਹੋਏ ਸਨ, ਬਹੁਤ ਗਹਿਰੀ ਭਾਵਨਾ ਮਹਿਸੂਸ ਕਰਦਾ ਸੀ, ਅਤੇ ਉਹ ਉਨ੍ਹਾਂ ਦੀ ਸਹਾਇਤਾ ਕਰਨ ਵਾਸਤੇ ਆਪਣੀ ਪਰਮੇਸ਼ੁਰ-ਦਿੱਤ ਸ਼ਕਤੀ ਇਸਤੇਮਾਲ ਕਰਨ ਲਈ ਉਤਸੁਕ ਸੀ। ਉਦਾਹਰਣ ਦੇ ਤੌਰ ਤੇ, ਇਕ ਬਹੁਤ ਬੁਰੀ ਕੋੜ੍ਹ ਦੀ ਬੀਮਾਰੀ ਵਾਲੇ ਵਿਅਕਤੀ ਨੇ ਉਹ ਦੇ ਕੋਲ ਆ ਕੇ ਆਖਿਆ: “ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ।” ਯਿਸੂ ਨੇ “ਤਰਸ ਖਾ ਕੇ ਆਪਣਾ ਹੱਥ ਲੰਮਾ ਕੀਤਾ ਅਰ ਉਹ ਨੂੰ ਛੋਹ ਕੇ ਕਿਹਾ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ।” (ਟੇਢੇ ਟਾਈਪ ਸਾਡੇ) ਅਤੇ ਉਹ ਬੀਮਾਰ ਆਦਮੀ ਚੰਗਾ ਹੋ ਗਿਆ!—ਮਰਕੁਸ 1:40-42.

21. ਯਿਸੂ ਨੇ ਟੋਲੀਆਂ ਦੀ ਕਿਸ ਤਰ੍ਹਾਂ ਮਦਦ ਕੀਤੀ?

21 ਇਕ ਹੋਰ ਬਾਈਬਲ ਦੇ ਦ੍ਰਿਸ਼ ਉੱਤੇ ਵਿਚਾਰ ਕਰੋ, ਅਤੇ ਯਿਸੂ ਦੀ ਉਨ੍ਹਾਂ ਲੋਕਾਂ ਲਈ ਸਨੇਹ ਭਰੀ ਭਾਵਨਾ ਦੀ ਕਲਪਨਾ ਕਰੋ ਜਿਨ੍ਹਾਂ ਦਾ ਇੱਥੇ ਵਰਣਨ ਕੀਤਾ ਹੋਇਆ ਹੈ: “ਬਹੁਤ ਟੋਲੀਆਂ ਲੰਙਿਆਂ, ਅੰਨ੍ਹਿਆਂ, ਗੁੰਗਿਆਂ, ਟੁੰਡਿਆਂ ਅਤੇ ਹੋਰ ਬਥੇਰਿਆਂ ਨੂੰ ਆਪਣੇ ਸੰਗ ਲੈਕੇ ਉਹ ਦੇ ਕੋਲ ਆਈਆਂ ਅਤੇ ਉਨ੍ਹਾਂ ਨੂੰ ਉਹ ਦੇ ਚਰਨਾਂ ਉੱਤੇ ਪਾਇਆ ਅਰ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ। ਐਥੋਂ ਤੋੜੀ ਕਿ ਜਾਂ ਲੋਕਾਂ ਨੇ ਵੇਖਿਆ ਜੋ ਗੁੰਗੇ ਬੋਲਦੇ, ਟੁੰਡੇ ਚੰਗੇ ਹੁੰਦੇ ਅਤੇ ਲੰਙੇ ਤੁਰਦੇ ਅਤੇ ਅੰਨ੍ਹੇ ਵੇਖਦੇ ਹਨ ਤਾਂ ਹੈਰਾਨ ਹੋਏ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਵਡਿਆਈ ਕੀਤੀ।”—ਮੱਤੀ 15:30, 31.

22. ਕੀ ਦਿਖਾਉਂਦਾ ਹੈ ਕਿ ਯਿਸੂ ਉਨ੍ਹਾਂ ਲੋਕਾਂ ਦੀ ਵਾਸਤਵ ਵਿਚ ਪਰਵਾਹ ਕਰਦਾ ਸੀ ਜਿਨ੍ਹਾਂ ਦੀ ਉਹ ਨੇ ਮਦਦ ਕੀਤੀ ਸੀ?

22 ਇਹ ਹਕੀਕਤ ਕਿ ਯਿਸੂ ਵਾਸਤਵ ਵਿਚ ਉਨ੍ਹਾਂ ਪੀੜਿਤ ਵਿਅਕਤੀਆਂ ਦੀ ਪਰਵਾਹ ਕਰਦਾ ਸੀ ਅਤੇ ਸੱਚ-ਮੁੱਚ ਉਨ੍ਹਾਂ ਦੀ ਮਦਦ ਕਰਨਾ ਚਾਹੁੰਦਾ ਸੀ ਇਸ ਤੋਂ ਦੇਖਿਆ ਜਾ ਸਕਦਾ ਹੈ ਜੋ ਉਸ ਨੇ ਆਪਣੇ ਚੇਲਿਆਂ ਨੂੰ ਅੱਗੇ ਦੱਸਿਆ। ਉਸ ਨੇ ਆਖਿਆ: “ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ ਕਿਉਂ ਜੋ ਓਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹਿੰਦੇ ਹਨ ਅਤੇ ਉਨ੍ਹਾਂ ਦੇ ਕੋਲ ਖਾਣ ਨੂੰ ਕੁਝ ਨਹੀਂ ਅਰ ਮੈਂ ਨਹੀਂ ਚਾਹੁੰਦਾ ਜੋ ਉਨ੍ਹਾਂ ਨੂੰ ਭੁੱਖਿਆ ਵਿਦਿਆ ਕਰਾਂ ਮਤੇ ਓਹ ਰਸਤੇ ਵਿੱਚ ਹੁੱਸ ਜਾਣ।” (ਟੇਢੇ ਟਾਈਪ ਸਾਡੇ) ਇਸ ਲਈ ਯਿਸੂ ਨੇ ਕੇਵਲ ਸੱਤਾਂ ਰੋਟੀਆਂ ਅਤੇ ਥੋੜ੍ਹੀਆਂ ਨਿੱਕੀਆਂ ਮੱਛੀਆਂ ਦੇ ਨਾਲ, ‘ਜਨਾਨੀਆਂ ਅਤੇ ਬਾਲਕਾਂ ਬਿਨਾ ਚਾਰ ਹਜ਼ਾਰ ਮਰਦਾਂ’ ਨੂੰ ਚਮਤਕਾਰੀ ਢੰਗ ਨਾਲ ਖੁਆਇਆ।—ਮੱਤੀ 15:32-38.

23. ਕਿਸ ਚੀਜ਼ ਨੇ ਯਿਸੂ ਨੂੰ ਇਕ ਵਿਧਵਾ ਦੇ ਪੁੱਤਰ ਨੂੰ ਪੁਨਰ-ਉਥਿਤ ਕਰਨ ਲਈ ਉਤੇਜਿਤ ਕੀਤਾ ਸੀ?

23 ਇਕ ਹੋਰ ਅਵਸਰ ਤੇ ਯਿਸੂ ਨੂੰ ਇਕ ਜਨਾਜ਼ਾ ਮਿਲਿਆ ਜੋ ਨਾਇਨ ਨਗਰ ਤੋਂ ਬਾਹਰ ਆ ਰਿਹਾ ਸੀ। ਬਾਈਬਲ ਉਸ ਦਾ ਵਰਣਨ ਕਰਦੇ ਹੋਏ ਆਖਦੀ ਹੈ: “ਵੇਖੋ ਇੱਕ ਮੁਰਦੇ ਨੂੰ ਬਾਹਰ ਲਈ ਜਾਂਦੇ ਸਨ ਜੋ ਆਪਣੀ ਮਾਂ ਦਾ ਇੱਕੋ ਹੀ ਪੁੱਤ੍ਰ ਸੀ ਅਤੇ ਉਹ ਵਿਧਵਾ ਸੀ . . . ਪ੍ਰਭੁ ਨੇ ਉਸ ਨੂੰ ਵੇਖ ਕੇ ਉਸ ਉੱਤੇ ਤਰਸ ਖਾਧਾ।” (ਟੇਢੇ ਟਾਈਸ ਸਾਡੇ) ਉਸ ਨੇ ਬਹੁਤ ਗਹਿਰੇ ਤੌਰ ਤੇ ਉਸ ਦਾ ਦੁੱਖ ਮਹਿਸੂਸ ਕੀਤਾ। ਤਾਂ ਫਿਰ, ਮੁਰਦੇ ਨੂੰ ਸੰਬੋਧਨ ਕਰਦੇ ਹੋਏ, ਯਿਸੂ ਨੇ ਹੁਕਮ ਦਿੱਤਾ: “ਹੇ ਜੁਆਨ ਮੈਂ ਤੈਨੂੰ ਆਖਦਾ ਹਾਂ, ਉੱਠ!” ਅਤੇ ਅਤਿ ਅਸਚਰਜ ਦੀ ਗੱਲ! “ਉਹ ਮੁਰਦਾ ਉੱਠ ਬੈਠਾ ਅਤੇ ਬੋਲਣ ਲੱਗ ਪਿਆ ਅਤੇ ਉਸ ਨੇ ਉਹ ਨੂੰ ਉਹ ਦੀ ਮਾਂ ਨੂੰ ਸੌਂਪ ਦਿੱਤਾ।” ਜ਼ਰਾ ਸੋਚੋ ਉਹ ਮਾਂ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਹੋਵੇਗਾ! ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ? ਇਸ ਅਨੋਖੀ ਘਟਨਾ ਦੀ ਖ਼ਬਰ ਦੂਰ ਦੂਰ ਤਕ ਪਹੁੰਚ ਗਈ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਯਿਸੂ ਇੰਨਾ ਪ੍ਰਸਿੱਧ ਹੈ।—ਲੂਕਾ 7:11-17.

24. ਯਿਸੂ ਦੇ ਚਮਤਕਾਰਾਂ ਨੇ ਭਵਿੱਖ ਦੇ ਸੰਬੰਧ ਵਿਚ ਕੀ ਦਿਖਾਇਆ?

24 ਤਾਂ ਵੀ ਜਿਹੜੇ ਚਮਤਕਾਰ ਯਿਸੂ ਨੇ ਸੰਪੰਨ ਕੀਤੇ ਸੀ ਉਹ ਕੇਵਲ ਅਸਥਾਈ ਲਾਭ ਦੇ ਹੀ ਸਨ। ਜਿਹੜੇ ਲੋਕਾਂ ਨੂੰ ਉਸ ਨੇ ਚੰਗਾ ਕੀਤਾ ਸੀ ਉਨ੍ਹਾਂ ਨੂੰ ਫਿਰ ਤੋਂ ਸਰੀਰਕ ਸਮੱਸਿਆਵਾਂ ਹੋਈਆਂ। ਅਤੇ ਜਿਨ੍ਹਾਂ ਨੂੰ ਉਸ ਨੇ ਪੁਨਰ-ਉਥਿਤ ਕੀਤਾ ਸੀ ਉਹ ਫਿਰ ਤੋਂ ਮਰ ਗਏ। ਪਰ ਯਿਸੂ ਦੇ ਚਮਤਕਾਰਾਂ ਨੇ ਇਹ ਸਾਬਤ ਕੀਤਾ ਕਿ ਉਹ ਪਰਮੇਸ਼ੁਰ ਦਾ ਭੇਜਿਆ ਹੋਇਆ ਸੀ, ਕਿ ਉਹ ਵਾਸਤਵ ਵਿਚ ਪਰਮੇਸ਼ੁਰ ਦਾ ਪੁੱਤਰ ਸੀ। ਅਤੇ ਉਨ੍ਹਾਂ ਨੇ ਇਹ ਸਾਬਤ ਕੀਤਾ ਕਿ ਪਰਮੇਸ਼ੁਰ ਦੀ ਸ਼ਕਤੀ ਨਾਲ ਸਾਰੀਆਂ ਮਾਨਵ ਸਮੱਸਿਆਵਾਂ ਹਲ ਹੋ ਸਕਦੀਆਂ ਹਨ। ਹਾਂ, ਉਨ੍ਹਾਂ ਨੇ ਛੋਟੇ ਜਿਹੇ ਪੈਮਾਨੇ ਤੇ ਦਿਖਾਇਆ ਕਿ ਪਰਮੇਸ਼ੁਰ ਦੇ ਰਾਜ ਦੇ ਅਧੀਨ ਧਰਤੀ ਉੱਤੇ ਕੀ ਵਾਪਰੇਗਾ। ਉਸ ਸਮੇਂ ਭੁੱਖਿਆਂ ਨੂੰ ਭੋਜਨ ਮਿਲੇਗਾ, ਬੀਮਾਰ ਚੰਗੇ ਕੀਤੇ ਜਾਣਗੇ, ਅਤੇ ਮਰੇ ਹੋਏ ਵੀ ਜੀ ਉਠਾਏ ਜਾਣਗੇ! ਅਤੇ ਫਿਰ ਕਦੇ ਵੀ ਮੁੜ ਕੇ ਬੀਮਾਰੀ, ਮੌਤ ਯਾ ਕੋਈ ਹੋਰ ਦੁੱਖ ਜਿਹੜੇ ਅਫਸੋਸ ਲਿਆਉਂਦੇ ਹਨ ਨਹੀਂ ਹੋਣਗੇ। ਇਹ ਕਿੰਨੀ ਵੱਡੀ ਅਸੀਸ ਹੋਵੇਗੀ!—ਪਰਕਾਸ਼ ਦੀ ਪੋਥੀ 21:3, 4; ਮੱਤੀ 11:4, 5.

ਪਰਮੇਸ਼ੁਰ ਦੇ ਰਾਜ ਦਾ ਸ਼ਾਸਕ

25. ਯਿਸੂ ਦਾ ਜੀਵਨ ਕਿਹੜੇ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ?

25 ਪਰਮੇਸ਼ੁਰ ਦੇ ਪੁੱਤਰ ਦੇ ਜੀਵਨ ਦੇ ਤਿੰਨ ਭਾਗ ਹਨ। ਪਹਿਲਾ, ਉਹ ਅਗਿਆਤ ਸਾਲ ਜਿਹੜੇ ਉਸ ਨੇ ਮਨੁੱਖ ਬਣਨ ਤੋਂ ਪਹਿਲਾਂ ਆਪਣੇ ਪਿਤਾ ਨਾਲ ਸਵਰਗ ਵਿਚ ਬਤੀਤ ਕੀਤੇ। ਉਸ ਤੋਂ ਬਾਅਦ, ਉਹ 33 1/2 ਸਾਲ ਜਿਹੜੇ ਉਸ ਨੇ ਆਪਣੇ ਜਨਮ ਤੋਂ ਬਾਅਦ ਇਸ ਧਰਤੀ ਉੱਤੇ ਬਤੀਤ ਕੀਤੇ ਸਨ। ਅਤੇ ਹੁਣ ਸਵਰਗ ਵਿਚ ਉਸ ਦਾ ਵਾਪਸ ਮੁੜ ਕੇ ਇਕ ਆਤਮਿਕ ਵਿਅਕਤੀ ਦੇ ਰੂਪ ਵਿਚ ਜੀਵਨ। ਉਸ ਦੇ ਪੁਨਰ-ਉਥਾਨ ਤੋਂ ਬਾਅਦ, ਉਸ ਦੀ ਸਵਰਗ ਵਿਚ ਕੀ ਪਦਵੀ ਹੈ?

26. ਧਰਤੀ ਉੱਤੇ ਆਪਣੀ ਵਫ਼ਾਦਾਰੀ ਦੁਆਰਾ, ਯਿਸੂ ਕੀ ਬਣਨ ਦੇ ਯੋਗ ਸਾਬਤ ਹੋਇਆ?

26 ਇਹ ਸਪੱਸ਼ਟ ਹੈ ਕਿ ਯਿਸੂ ਨੇ ਇਕ ਰਾਜਾ ਬਣਨਾ ਸੀ। ਦੂਤ ਨੇ ਵੀ ਮਰਿਯਮ ਨੂੰ ਇਹ ਸੂਚਨਾ ਦਿੱਤੀ ਸੀ: “ਉਹ ਜੁੱਗੋ ਜੁੱਗ . . . ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।” (ਲੂਕਾ 1:33) ਆਪਣੀ ਪਾਰਥਿਵ ਸੇਵਕਾਈ ਦੇ ਦੌਰਾਨ ਉਸ ਨੇ ਹਰ ਸਮੇਂ ਪਰਮੇਸ਼ੁਰ ਦੇ ਰਾਜ ਬਾਰੇ ਜ਼ਿਕਰ ਕੀਤਾ। ਉਸ ਨੇ ਆਪਣੇ ਅਨੁਯਾਈਆਂ ਨੂੰ ਪ੍ਰਾਰਥਨਾ ਕਰਨੀ ਸਿੱਖਾਈ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” ਅਤੇ ਉਸ ਨੇ ਉਨ੍ਹਾਂ ਨੂੰ ਉਤੇਜਿਤ ਕੀਤਾ ਕਿ “ਪਹਿਲਾਂ ਉਹ ਦੇ ਰਾਜ . . . ਨੂੰ ਭਾਲੋ।” (ਮੱਤੀ 6:10, 33) ਧਰਤੀ ਉੱਤੇ ਆਪਣੀ ਵਫ਼ਾਦਾਰੀ ਦੁਆਰਾ, ਯਿਸੂ ਨੇ ਇਹ ਸਾਬਤ ਕੀਤਾ ਸੀ ਕਿ ਉਹ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੋਣ ਦੇ ਯੋਗ ਹੈ। ਕੀ ਉਸ ਨੇ ਉਦੋਂ ਹੀ ਰਾਜ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਹ ਸਵਰਗ ਵਾਪਸ ਮੁੜਿਆ?

27. (ੳ) ਸਵਰਗ ਵਿਚ ਵਾਪਸ ਮੁੜਨ ਤੋਂ ਬਾਅਦ ਯਿਸੂ ਨੇ ਕੀ ਕੀਤਾ? (ਅ) ਪਰਮੇਸ਼ੁਰ ਦੇ ਰਾਜ ਦਾ ਰਾਜਾ ਹੋਣ ਦੇ ਨਾਤੇ ਯਿਸੂ ਦਾ ਪਹਿਲਾ ਕੰਮ ਕੀ ਸੀ?

27 ਨਹੀਂ, ਉਸ ਨੇ ਉਦੋਂ ਇਹ ਨਹੀਂ ਕੀਤਾ। ਰਸੂਲ ਪੌਲੁਸ ਨੇ ਜ਼ਬੂਰਾਂ ਦੀ ਪੋਥੀ 110:1 ਦਾ ਹਵਾਲਾ ਦਿੰਦੇ ਹੋਏ ਵਿਆਖਿਆ ਕੀਤੀ: “ਏਹ [ਯਿਸੂ] ਪਾਪਾਂ ਦੇ ਬਦਲੇ ਇੱਕੋ ਬਲੀਦਾਨ ਸਦਾ ਲਈ ਚੜ੍ਹਾ ਕੇ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। ਅਤੇ ਇਦੋਂ ਅੱਗੇ ਉਡੀਕ ਕਰਦਾ ਹੈ ਜੋ ਉਹ ਦੇ ਵੈਰੀ ਉਹ ਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ।” (ਇਬਰਾਨੀਆਂ 10:12, 13) ਯਿਸੂ ਯਹੋਵਾਹ ਦੇ ਇਸ ਹੁਕਮ ਦੀ ਉਡੀਕ ਕਰ ਰਿਹਾ ਸੀ: “ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ।” (ਜ਼ਬੂਰਾਂ ਦੀ ਪੋਥੀ 110:2) ਜਦੋਂ ਉਹ ਸਮਾਂ ਆਇਆ, ਉਸ ਨੇ ਸਵਰਗ ਵਿਚੋਂ ਸ਼ਤਾਨ ਅਤੇ ਉਸ ਦੇ ਦੂਤਾਂ ਦੀ ਸਫ਼ਾਈ ਕਰਨੀ ਸ਼ੁਰੂ ਕੀਤੀ। ਸਵਰਗ ਵਿਚ ਉਸ ਯੁੱਧ ਦਾ ਨਤੀਜਾ ਇਨ੍ਹਾਂ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ: “ਹੁਣ ਸਾਡੇ ਪਰਮੇਸ਼ੁਰ ਦੀ ਮੁਕਤੀ ਅਤੇ ਸਮਰੱਥਾ ਅਤੇ ਰਾਜ ਅਤੇ ਉਹ ਦੇ ਮਸੀਹ ਦਾ ਇਖ਼ਤਿਆਰ ਹੋ ਗਿਆ ਕਿਉਂ ਜੋ ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ ਜਿਹੜਾ ਸਾਡੇ ਪਰਮੇਸ਼ੁਰ ਦੇ ਹਜ਼ੂਰ ਓਹਨਾਂ ਉੱਤੇ ਰਾਤ ਦਿਨ ਦੋਸ਼ ਲਾਉਂਦਾ ਹੈ ਹੇਠਾਂ ਸੁੱਟਿਆ ਗਿਆ ਹੈ!” (ਪਰਕਾਸ਼ ਦੀ ਪੋਥੀ 12:10, ਟੇਢੇ ਟਾਈਪ ਸਾਡੇ) ਜਿਸ ਤਰ੍ਹਾਂ ਇਸ ਕਿਤਾਬ ਦੇ ਇਕ ਪਹਿਲੇ ਅਧਿਆਇ ਵਿਚ ਦੇਖਿਆ ਗਿਆ ਹੈ, ਹਕੀਕਤਾਂ ਪ੍ਰਦਰਸ਼ਿਤ ਕਰਦੀਆਂ ਹਨ ਕਿ ਸਵਰਗ ਵਿਚ ਇਹ ਯੁੱਧ ਪਹਿਲਾਂ ਹੀ ਹੋ ਚੁੱਕਾ ਹੈ, ਅਤੇ ਯਿਸੂ ਮਸੀਹ ਹੁਣ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ ਰਿਹਾ ਹੈ।

28. (ੳ) ਮਸੀਹ ਜਲਦੀ ਹੀ ਕੀ ਕਰੇਗਾ? (ਅ) ਉਸ ਦੀ ਸੁਰੱਖਿਆ ਦਾ ਆਨੰਦ ਮਾਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

28 ਜਲਦੀ ਹੀ ਮਸੀਹ ਅਤੇ ਉਸ ਦੇ ਸਵਰਗੀ ਦੂਤ ਇਸ ਧਰਤੀ ਉੱਤੋਂ ਸਾਰੀਆਂ ਵਰਤਮਾਨ ਸੰਸਾਰੀ ਸਰਕਾਰਾਂ ਨੂੰ ਖ਼ਤਮ ਕਰਨ ਲਈ ਕਾਰਵਾਈ ਕਰਨਗੇ। (ਦਾਨੀਏਲ 2:44; ਪਰਕਾਸ਼ ਦੀ ਪੋਥੀ 17:14) ਬਾਈਬਲ ਆਖਦੀ ਹੈ ਕਿ ਉਸ ਦੇ ਕੋਲ “ਇੱਕ ਤਿੱਖੀ ਤਲਵਾਰ . . . ਹੈ ਭਈ ਓਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਓਹਨਾਂ ਉੱਤੇ ਹਕੂਮਤ ਕਰੇਗਾ।” (ਪਰਕਾਸ਼ ਦੀ ਪੋਥੀ 19:11-16) ਇਸ ਆ ਰਹੇ ਵਿਨਾਸ਼ ਤੋਂ ਸੁਰੱਖਿਆ ਦੇ ਲਾਇਕ ਸਾਬਤ ਹੋਣ ਲਈ, ਸਾਨੂੰ ਯਿਸੂ ਮਸੀਹ ਵਿਚ ਵਿਸ਼ਵਾਸ ਰੱਖਣਾ ਚਾਹੀਦਾ ਹੈ। (ਯੂਹੰਨਾ 3:36) ਸਾਨੂੰ ਉਸ ਦੇ ਚੇਲੇ ਬਣਨਾ ਚਾਹੀਦਾ ਹੈ ਅਤੇ ਉਸ ਨੂੰ ਆਪਣਾ ਸਵਰਗੀ ਰਾਜਾ ਮੰਨ ਕੇ ਆਪਣੇ ਆਪ ਨੂੰ ਉਹ ਦੇ ਅਧੀਨ ਕਰਨਾ ਚਾਹੀਦਾ ਹੈ। ਕੀ ਤੁਸੀਂ ਇਹ ਕਰੋਗੇ?

[ਸਫ਼ੇ 58 ਉੱਤੇ ਤਸਵੀਰ]

ਯਿਸੂ ਨੇ ਬਪਤਿਸਮਾ ਲੈਣ ਅਤੇ ਯਹੋਵਾਹ ਦਾ ਮਸਹ ਕੀਤਾ ਹੋਇਆ ਬਣਨ ਲਈ ਆਪਣਾ ਤਰਖਾਣਾ ਕੰਮ ਛੱਡਿਆ

[ਸਫ਼ੇ 63 ਉੱਤੇ ਤਸਵੀਰ]

ਯਿਸੂ ਸੰਪੂਰਣ ਮਨੁੱਖ ਆਦਮ ਦੇ ਬਰਾਬਰ ਸੀ

[ਸਫ਼ੇ 64 ਉੱਤੇ ਤਸਵੀਰਾਂ]

ਯਿਸੂ ਨੇ ਤਰਸ ਖਾ ਕੇ ਬੀਮਾਰਾਂ ਅਤੇ ਭੁੱਖਿਆਂ ਦੀ ਸਹਾਇਤਾ ਕੀਤੀ

[ਸਫ਼ੇ 67 ਉੱਤੇ ਤਸਵੀਰ]

ਮਰੇ ਹੋਇਆਂ ਨੂੰ ਜੀ ਉਠਾ ਕੇ, ਯਿਸੂ ਨੇ ਦਿਖਾਇਆ ਕਿ ਜਦੋਂ ਪਰਮੇਸ਼ੁਰ ਦਾ ਰਾਜ ਸ਼ਾਸਨ ਕਰੇਗਾ ਉਹ ਜ਼ਿਆਦਾ ਵੱਡੇ ਪੈਮਾਨੇ ਤੇ ਕੀ ਕਰੇਗਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ