ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • fy ਅਧਿ. 4 ਸਫ਼ੇ 39-50
  • ਤੁਸੀਂ ਇਕ ਗ੍ਰਹਿਸਥ ਨੂੰ ਕਿਵੇਂ ਚਲਾ ਸਕਦੇ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੁਸੀਂ ਇਕ ਗ੍ਰਹਿਸਥ ਨੂੰ ਕਿਵੇਂ ਚਲਾ ਸਕਦੇ ਹੋ?
  • ਪਰਿਵਾਰਕ ਖ਼ੁਸ਼ੀ ਦਾ ਰਾਜ਼
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਚਾਦਰ ਵੇਖ ਕੇ ਪੈਰ ਪਸਾਰੋ
  • ਭਾਰ ਨੂੰ ਸਾਂਝਾ ਕਰਨਾ
  • ਸਫ਼ਾਈ—ਇੰਨੀ ਮਹੱਤਵਪੂਰਣ ਕਿਉਂ?
  • ਉਤਸ਼ਾਹ ਹਾਸਲ ਕਰਨ ਨਾਲ ਅਸੀਂ ਫਲਦੇ-ਫੁੱਲਦੇ ਹਾਂ
  • ਸਫ਼ਾਈ ਇੰਨੀ ਜ਼ਰੂਰੀ ਕਿਉਂ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਪਰਮੇਸ਼ੁਰ ਸ਼ੁੱਧ ਲੋਕਾਂ ਨੂੰ ਪਿਆਰ ਕਰਦਾ ਹੈ
    ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
  • ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਲਿਆਓ
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਆਪਣੇ ਗ੍ਰਹਿਸਥ ਵਿਚ ਸ਼ਾਂਤੀ ਕਾਇਮ ਰੱਖੋ
    ਪਰਿਵਾਰਕ ਖ਼ੁਸ਼ੀ ਦਾ ਰਾਜ਼
ਹੋਰ ਦੇਖੋ
ਪਰਿਵਾਰਕ ਖ਼ੁਸ਼ੀ ਦਾ ਰਾਜ਼
fy ਅਧਿ. 4 ਸਫ਼ੇ 39-50

ਅਧਿਆਇ ਚਾਰ

ਤੁਸੀਂ ਇਕ ਗ੍ਰਹਿਸਥ ਨੂੰ ਕਿਵੇਂ ਚਲਾ ਸਕਦੇ ਹੋ?

1. ਅੱਜ ਇਕ ਗ੍ਰਹਿਸਥ ਨੂੰ ਚਲਾਉਣਾ ਇੰਨਾ ਕਠਿਨ ਕਿਉਂ ਹੋ ਸਕਦਾ ਹੈ?

“ਇਸ ਸੰਸਾਰ ਦਾ ਰੰਗ ਢੰਗ ਬੀਤਦਾ [“ਬਦਲਦਾ,” ਨਿਵ] ਜਾਂਦਾ ਹੈ।” (1 ਕੁਰਿੰਥੀਆਂ 7:31) ਉਹ ਸ਼ਬਦ 1,900 ਸਾਲ ਪਹਿਲਾਂ ਲਿਖੇ ਗਏ ਸਨ, ਅਤੇ ਅੱਜ ਇਹ ਕਿੰਨੇ ਹੀ ਸੱਚ ਹਨ! ਚੀਜ਼ਾਂ ਬਦਲ ਰਹੀਆਂ ਹਨ, ਖ਼ਾਸ ਕਰਕੇ ਪਰਿਵਾਰਕ ਜੀਵਨ ਦੇ ਸੰਬੰਧ ਵਿਚ। ਜੋ ਕੁਝ 40 ਜਾਂ 50 ਸਾਲ ਪਹਿਲਾਂ ਸਾਧਾਰਣ ਜਾਂ ਰਿਵਾਜੀ ਵਿਚਾਰਿਆ ਜਾਂਦਾ ਸੀ ਅੱਜ ਅਕਸਰ ਸਵੀਕਾਰਯੋਗ ਨਹੀਂ ਹੈ। ਇਸ ਦੇ ਕਾਰਨ, ਇਕ ਗ੍ਰਹਿਸਥ ਨੂੰ ਸਫ਼ਲਤਾਪੂਰਵਕ ਚਲਾਉਣਾ ਵੱਡੀਆਂ ਚੁਣੌਤੀਆਂ ਪੇਸ਼ ਕਰ ਸਕਦਾ ਹੈ। ਫਿਰ ਵੀ, ਜੇਕਰ ਸ਼ਾਸਤਰ ਸੰਬੰਧੀ ਸਲਾਹ ਦੀ ਪਾਲਣਾ ਕੀਤੀ ਜਾਂਦੀ ਹੈ, ਤਾਂ ਤੁਸੀਂ ਇਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰ ਸਕਦੇ ਹੋ।

ਚਾਦਰ ਵੇਖ ਕੇ ਪੈਰ ਪਸਾਰੋ

2. ਇਕ ਪਰਿਵਾਰ ਵਿਚ ਕਿਹੜੀਆਂ ਆਰਥਿਕ ਹਾਲਾਤਾਂ ਦਬਾਉ ਲਿਆਉਂਦੀਆਂ ਹਨ?

2 ਅੱਜ-ਕੱਲ੍ਹ ਬਹੁਤੇਰੇ ਲੋਕ ਹੁਣ ਇਕ ਸਾਦੇ, ਪਰਿਵਾਰ-ਤਰਫ਼ੀ ਜੀਵਨ ਦੇ ਨਾਲ ਸੰਤੁਸ਼ਟ ਨਹੀਂ ਹਨ। ਜਿਉਂ-ਜਿਉਂ ਵਣਜੀ ਸੰਸਾਰ ਹੋਰ ਤੋਂ ਹੋਰ ਉਤਪਾਦਨ ਪੈਦਾ ਕਰਦਾ ਹੈ ਅਤੇ ਜਨਤਾ ਨੂੰ ਲਲਚਾਉਣ ਦੀ ਕੋਸ਼ਿਸ਼ ਵਿਚ ਆਪਣੀ ਇਸ਼ਤਿਹਾਰ ਦੇਣ ਦੀ ਕੁਸ਼ਲਤਾ ਨੂੰ ਇਸਤੇਮਾਲ ਕਰਦਾ ਹੈ, ਲੱਖਾਂ ਹੀ ਮਾਵਾਂ ਅਤੇ ਪਿਤਾ ਨੌਕਰੀਆਂ ਤੇ ਲੰਬਾ ਸਮਾਂ ਬਤੀਤ ਕਰਦੇ ਹਨ ਤਾਂਕਿ ਉਹ ਇਨ੍ਹਾਂ ਉਤਪਾਦਨਾਂ ਨੂੰ ਖ਼ਰੀਦ ਸਕਣ। ਲੱਖਾਂ ਦੂਜੇ ਵਿਅਕਤੀ ਕੇਵਲ ਦੋ ਵਕਤ ਦੀ ਰੋਟੀ ਲਈ ਦਿਨ-ਪ੍ਰਤਿ-ਦਿਨ ਸੰਘਰਸ਼ ਕਰਦੇ ਹਨ। ਉਨ੍ਹਾਂ ਨੂੰ ਪਹਿਲਾਂ ਨਾਲੋਂ ਨੌਕਰੀ ਤੇ ਕਿਤੇ ਹੀ ਜ਼ਿਆਦਾ ਸਮਾਂ ਬਤੀਤ ਕਰਨਾ ਪੈਂਦਾ ਹੈ, ਕੇਵਲ ਲੋੜੀਂਦੀਆਂ ਵਸਤਾਂ ਦਾ ਹੀ ਖ਼ਰਚ ਚੁੱਕਣ ਲਈ ਸ਼ਾਇਦ ਦੋ ਨੌਕਰੀਆਂ ਵੀ ਕਰਨੀਆਂ ਪੈਂਦੀਆਂ ਹਨ। ਫਿਰ ਵੀ ਦੂਜੇ ਵਿਅਕਤੀ ਇਕ ਨੌਕਰੀ ਹਾਸਲ ਕਰਨ ਲਈ ਤਰਸਦੇ ਹਨ, ਕਿਉਂਕਿ ਬੇਰੋਜ਼ਗਾਰੀ ਇਕ ਵਿਆਪਕ ਸਮੱਸਿਆ ਹੈ। ਜੀ ਹਾਂ, ਆਧੁਨਿਕ ਪਰਿਵਾਰ ਲਈ ਜੀਵਨ ਹਮੇਸ਼ਾ ਸੌਖਾ ਨਹੀਂ ਹੁੰਦਾ ਹੈ, ਪਰੰਤੂ ਬਾਈਬਲ ਸਿਧਾਂਤ ਪਰਿਵਾਰਾਂ ਨੂੰ ਆਪਣੀ ਸਥਿਤੀ ਦਾ ਸਭ ਤੋਂ ਵਧੀਆ ਲਾਭ ਉਠਾਉਣ ਵਿਚ ਮਦਦ ਕਰ ਸਕਦੇ ਹਨ।

3. ਰਸੂਲ ਪੌਲੁਸ ਨੇ ਕਿਹੜੇ ਸਿਧਾਂਤ ਦੀ ਵਿਆਖਿਆ ਕੀਤੀ, ਅਤੇ ਉਸ ਨੂੰ ਲਾਗੂ ਕਰਨ ਦੁਆਰਾ ਇਕ ਵਿਅਕਤੀ ਨੂੰ ਇਕ ਸਫ਼ਲਤਾਪੂਰਵਕ ਗ੍ਰਹਿਸਥ ਚਲਾਉਣ ਵਿਚ ਕਿਵੇਂ ਮਦਦ ਹੋ ਸਕਦੀ ਹੈ?

3 ਰਸੂਲ ਪੌਲੁਸ ਨੇ ਆਰਥਿਕ ਦਬਾਵਾਂ ਨੂੰ ਅਨੁਭਵ ਕੀਤਾ। ਉਨ੍ਹਾਂ ਨੂੰ ਨਿਪਟਾਉਣ ਵਿਚ, ਉਸ ਨੇ ਇਕ ਬਹੁਮੁੱਲਾ ਸਬਕ ਸਿੱਖਿਆ, ਜੋ ਉਹ ਆਪਣੇ ਮਿੱਤਰ ਨੂੰ ਆਪਣੇ ਪੱਤਰ ਵਿਚ ਵਿਆਖਿਆ ਕਰਦਾ ਹੈ। ਪੌਲੁਸ ਲਿਖਦਾ ਹੈ: “ਅਸਾਂ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਓਸ ਵਿੱਚੋਂ ਕੁਝ ਲੈ ਜਾ ਸੱਕਦੇ ਹਾਂ। ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।” (1 ਤਿਮੋਥਿਉਸ 6:7, 8) ਇਹ ਗੱਲ ਸੱਚ ਹੈ ਕਿ ਇਕ ਪਰਿਵਾਰ ਨੂੰ ਕੇਵਲ ਭੋਜਨ ਅਤੇ ਕੱਪੜਿਆਂ ਨਾਲੋਂ ਵੀ ਜ਼ਿਆਦਾ ਕੁਝ ਦੀ ਜ਼ਰੂਰਤ ਹੁੰਦੀ ਹੈ। ਉਸ ਨੂੰ ਰਹਿਣ ਲਈ ਵੀ ਕਿਸੇ ਥਾਂ ਦੀ ਜ਼ਰੂਰਤ ਹੁੰਦੀ ਹੈ। ਬੱਚਿਆਂ ਨੂੰ ਸਿੱਖਿਆ ਦੀ ਜ਼ਰੂਰਤ ਹੁੰਦੀ ਹੈ। ਅਤੇ ਡਾਕਟਰੀ ਬਿਲ ਅਤੇ ਦੂਜੇ ਖ਼ਰਚੇ ਵੀ ਹੁੰਦੇ ਹਨ। ਫਿਰ ਵੀ, ਪੌਲੁਸ ਦਿਆਂ ਸ਼ਬਦਾਂ ਦਾ ਸਿਧਾਂਤ ਲਾਗੂ ਹੁੰਦਾ ਹੈ। ਜੇਕਰ ਅਸੀਂ ਆਪਣੀਆਂ ਚਾਹਾਂ ਨੂੰ ਪੂਰਿਆਂ ਕਰਨ ਦੀ ਬਜਾਇ, ਆਪਣੀਆਂ ਜ਼ਰੂਰਤਾਂ ਨੂੰ ਹੀ ਪੂਰਿਆਂ ਕਰਨ ਵਿਚ ਸੰਤੁਸ਼ਟ ਹੁੰਦੇ ਹਾਂ, ਤਾਂ ਜੀਵਨ ਜ਼ਿਆਦਾ ਸੌਖਾ ਹੋਵੇਗਾ।

4, 5. ਗ੍ਰਹਿਸਥ ਪ੍ਰਬੰਧ ਵਿਚ ਪੂਰਵ-ਵਿਚਾਰ ਅਤੇ ਯੋਜਨਾ ਬਣਾਉਣਾ ਕਿਵੇਂ ਮਦਦ ਕਰ ਸਕਦੇ ਹਨ?

4 ਇਕ ਹੋਰ ਸਹਾਇਕ ਸਿਧਾਂਤ ਯਿਸੂ ਦੇ ਇਕ ਦ੍ਰਿਸ਼ਟਾਂਤ ਵਿਚ ਪਾਇਆ ਜਾਂਦਾ ਹੈ। ਉਸ ਨੇ ਕਿਹਾ: “ਤੁਹਾਡੇ ਵਿੱਚੋਂ ਕੌਣ ਹੈ ਜਿਹ ਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਨਾ ਕਰੇ ਭਈ ਮੇਰੇ ਕੋਲ ਉਹ ਦੇ ਪੂਰਾ ਕਰਨ ਜੋਗਾ ਹੈ ਕਿ ਨਹੀਂ?” (ਲੂਕਾ 14:28) ਯਿਸੂ ਇੱਥੇ ਪੂਰਵ-ਵਿਚਾਰ, ਅਰਥਾਤ ਅਗਾਉਂ ਯੋਜਨਾ ਬਣਾਉਣ ਬਾਰੇ ਜ਼ਿਕਰ ਕਰ ਰਿਹਾ ਹੈ। ਅਸੀਂ ਇਕ ਪੂਰਬਲੇ ਅਧਿਆਇ ਵਿਚ ਦੇਖਿਆ ਸੀ ਕਿ ਇਹ ਚੀਜ਼ ਕਿਵੇਂ ਮਦਦ ਕਰਦੀ ਹੈ ਜਦੋਂ ਇਕ ਜਵਾਨ ਜੋੜਾ ਵਿਆਹ ਬਾਰੇ ਸੋਚ ਰਿਹਾ ਹੁੰਦਾ ਹੈ। ਅਤੇ ਵਿਆਹ ਤੋਂ ਬਾਅਦ, ਗ੍ਰਹਿਸਥ ਨੂੰ ਚਲਾਉਣ ਵਿਚ ਵੀ ਇਹ ਸਹਾਇਕ ਹੁੰਦਾ ਹੈ। ਇਸ ਖੇਤਰ ਵਿਚ ਪੂਰਵ-ਵਿਚਾਰ ਕਰਨ ਵਿਚ ਬਜਟ ਬਣਾਉਣਾ ਸ਼ਾਮਲ ਹੈ, ਅਰਥਾਤ ਉਪਲਬਧ ਸੰਪਤੀਆਂ ਦੀ ਸਭ ਤੋਂ ਵਧੀਆ ਵਰਤੋਂ ਕਰਨ ਲਈ ਅਗਾਉਂ ਯੋਜਨਾ ਬਣਾਉਣਾ। ਇਸ ਤਰ੍ਹਾਂ ਇਕ ਪਰਿਵਾਰ ਹਰ ਰੋਜ਼ ਜਾਂ ਹਰ ਹਫ਼ਤੇ ਦੀਆਂ ਲੋੜਾਂ ਦੇ ਖ਼ਰਚ ਲਈ ਪੈਸਾ ਇਕ ਪਾਸੇ ਰੱਖਦੇ ਹੋਏ, ਖ਼ਰਚਿਆਂ ਉੱਤੇ ਕਾਬੂ ਰੱਖ ਸਕਦਾ ਹੈ, ਅਤੇ ਉਸ ਦੀ ਹਿੰਮਤ ਤੋਂ ਬਾਹਰ ਨਾ ਖ਼ਰਚ ਕਰੇ।

5 ਕੁਝ ਦੇਸ਼ਾਂ ਵਿਚ, ਅਜਿਹਾ ਬਜਟ ਬਣਾਉਣ ਦਾ ਅਰਥ ਸ਼ਾਇਦ ਬੇਲੋੜੀਆਂ ਖ਼ਰੀਦਾਰੀਆਂ ਲਈ ਭਾਰੇ ਵਿਆਜ ਤੇ ਉਧਾਰ ਲੈਣ ਦੀ ਲਾਲਸਾ ਤੋਂ ਪਰਹੇਜ਼ ਕਰਨਾ ਹੋਵੇ। ਦੂਜਿਆਂ ਦੇਸ਼ਾਂ ਵਿਚ, ਇਸ ਦਾ ਅਰਥ ਕ੍ਰੈਡਿਟ ਕਾਰਡਾਂ ਦੀ ਵਰਤੋਂ ਉੱਤੇ ਸਖ਼ਤ ਕਾਬੂ ਰੱਖਣਾ ਹੋ ਸਕਦਾ ਹੈ। (ਕਹਾਉਤਾਂ 22:7) ਇਸ ਦਾ ਅਰਥ ਆਵੇਗਸ਼ੀਲ ਖ਼ਰੀਦਾਰੀ ਕਰਨ—ਲੋੜਾਂ ਅਤੇ ਨਤੀਜਿਆਂ ਬਾਰੇ ਬਿਨਾਂ ਵਿਚਾਰ ਕੀਤੇ ਤਤਕਾਲ ਹੀ ਕੁਝ ਖ਼ਰੀਦਣ—ਤੋਂ ਪਰਹੇਜ਼ ਕਰਨਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ, ਇਕ ਬਜਟ ਇਹ ਜ਼ਾਹਰ ਕਰੇਗਾ ਕਿ ਜੂਆ, ਤਮਾਖੂਨੋਸ਼ੀ, ਅਤੇ ਸ਼ਰਾਬ ਦੇ ਅਤਿਸੇਵਨ ਉੱਤੇ ਸੁਆਰਥੀ ਢੰਗ ਨਾਲ ਪੈਸਾ ਬਰਬਾਦ ਕਰਨਾ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ, ਨਾਲੇ ਬਾਈਬਲ ਸਿਧਾਂਤਾਂ ਦੇ ਵਿਰੁੱਧ ਜਾਂਦਾ ਹੈ।—ਕਹਾਉਤਾਂ 23:20, 21, 29-35; ਰੋਮੀਆਂ 6:19; ਅਫ਼ਸੀਆਂ 5:3-5.

6. ਕਿਹੜੀਆਂ ਸ਼ਾਸਤਰ ਸੰਬੰਧੀ ਸੱਚਾਈਆਂ ਉਨ੍ਹਾਂ ਦੀ ਮਦਦ ਕਰਦੀਆਂ ਹਨ ਜਿਨ੍ਹਾਂ ਨੂੰ ਗ਼ਰੀਬੀ ਵਿਚ ਰਹਿਣਾ ਪੈਂਦਾ ਹੈ?

6 ਪਰ ਫਿਰ, ਉਨ੍ਹਾਂ ਦੇ ਸੰਬੰਧ ਵਿਚ ਕੀ ਜੋ ਗ਼ਰੀਬੀ ਵਿਚ ਰਹਿਣ ਲਈ ਮਜਬੂਰ ਹਨ? ਇਕ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਹ ਜਾਣਨ ਨਾਲ ਹੌਸਲਾ ਮਿਲ ਸਕਦਾ ਹੈ ਕਿ ਇਹ ਵਿਸ਼ਵ-ਵਿਆਪੀ ਸਮੱਸਿਆ ਕੇਵਲ ਅਸਥਾਈ ਹੀ ਹੈ। ਜਲਦੀ ਆ ਰਹੇ ਨਵੇਂ ਸੰਸਾਰ ਵਿਚ, ਯਹੋਵਾਹ ਗ਼ਰੀਬੀ ਸਮੇਤ ਦੂਜੀਆਂ ਸਾਰੀਆਂ ਬੁਰਾਈਆਂ ਨੂੰ, ਜੋ ਮਨੁੱਖਜਾਤੀ ਨੂੰ ਦੁੱਖ ਪਹੁੰਚਾਉਂਦੀਆਂ ਹਨ, ਖ਼ਤਮ ਕਰ ਦੇਵੇਗਾ। (ਜ਼ਬੂਰ 72:1, 12-16) ਇਸ ਸਮੇਂ ਦੇ ਦੌਰਾਨ, ਸੱਚੇ ਮਸੀਹੀ, ਭਾਵੇਂ ਉਹ ਅਤਿ-ਅਧਿਕ ਗ਼ਰੀਬ ਵੀ ਹੋਣ, ਪੂਰਣ ਮਾਯੂਸੀ ਅਨੁਭਵ ਨਹੀਂ ਕਰਦੇ ਹਨ, ਕਿਉਂਕਿ ਉਹ ਯਹੋਵਾਹ ਦਿਆਂ ਵਾਅਦਿਆਂ ਵਿਚ ਨਿਹਚਾ ਰੱਖਦੇ ਹਨ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।” ਇਸ ਕਰਕੇ, ਇਕ ਨਿਹਚਾਵਾਨ ­ਵਿਅਕਤੀ ਭਰੋਸੇ ਨਾਲ ਕਹਿ ਸਕਦਾ ਹੈ: “ਪ੍ਰਭੁ ਮੇਰਾ ਸਹਾਈ ਹੈ, ਮੈਂ ਨਾ ਡਰਾਂਗਾ।” (ਇਬਰਾਨੀਆਂ 13:5, 6) ਇਨ੍ਹਾਂ ਕਠਿਨ ਸਮਿਆਂ ਵਿਚ, ਯਹੋਵਾਹ ਨੇ ਆਪਣੇ ਉਪਾਸਕਾਂ ਨੂੰ ਅਨੇਕ ਤਰੀਕਿਆਂ ਤੋਂ ਸਮਰਥਨ ਦਿੱਤਾ ਹੈ ਜਦੋਂ ਉਹ ਉਸ ਦੇ ਸਿਧਾਂਤਾਂ ਦੇ ਅਨੁਸਾਰ ਜੀਵਨ ਬਿਤਾਉਂਦੇ ਹਨ ਅਤੇ ਆਪਣੇ ਜੀਵਨਾਂ ਵਿਚ ਉਸ ਦੇ ਰਾਜ ਨੂੰ ਪਹਿਲਾ ਥਾਂ ਦਿੰਦੇ ਹਨ। (ਮੱਤੀ 6:33) ਉਨ੍ਹਾਂ ਦੀ ਵੱਡੀ ਤਾਦਾਦ, ਰਸੂਲ ਪੌਲੁਸ ਦੇ ਸ਼ਬਦਾਂ ਵਿਚ ਇਹ ਕਹਿੰਦੀ ਹੋਈ ਪੁਸ਼ਟੀ ਕਰ ਸਕਦੀ ਹੈ: “ਹਰੇਕ ਗੱਲ ਵਿੱਚ, ਕੀ ਰੱਜਣਾ ਕੀ ਭੁੱਖਾ ਰਹਿਣਾ, ਕੀ ਵਧਣਾ ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ। ਉਹ ਦੇ ਵਿੱਚ ਜੋ ਮੈਨੂ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”—ਫ਼ਿਲਿੱਪੀਆਂ 4:12, 13.

ਭਾਰ ਨੂੰ ਸਾਂਝਾ ਕਰਨਾ

[ਸਫ਼ਾ 42 ਉੱਤੇ ਤਸਵੀਰਾਂ]

ਗ੍ਰਹਿਸਥ ਦੀ ਦੇਖ-ਭਾਲ ਕਰਨਾ ਇਕ ਪਰਿਵਾਰਕ ਪਰਿਯੋਜਨਾ ਹੈ

7. ਯਿਸੂ ਦੇ ਕਿਹੜੇ ਸ਼ਬਦਾਂ ਨੂੰ ਜੇਕਰ ਲਾਗੂ ਕੀਤਾ ਜਾਵੇ, ਸਫ਼ਲ ਗ੍ਰਹਿਸਥ ਪ੍ਰਬੰਧ ਵਿਚ ਮਦਦ ਕਰਨਗੇ?

7 ਆਪਣੀ ਪਾਰਥਿਵ ਸੇਵਕਾਈ ਦੀ ਸਮਾਪਤੀ ਦੇ ਨਜ਼ਦੀਕ, ਯਿਸੂ ਨੇ ਕਿਹਾ: “ਤੂੰ ਆਪਣੇ ਗਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” (ਮੱਤੀ 22:39) ਪਰਿਵਾਰ ਵਿਚ ਇਸ ਸਲਾਹ ਨੂੰ ਲਾਗੂ ਕਰਨਾ ਗ੍ਰਹਿਸਥ ਪ੍ਰਬੰਧ ਵਿਚ ਅਤਿਅੰਤ ਮਦਦ ਕਰਦਾ ਹੈ। ਆਖ਼ਰਕਾਰ, ਕੀ ਸਾਡੇ ਪਰਿਵਾਰ ਦੇ ਸਦੱਸ ਹੀ—ਪਤੀ ਅਤੇ ਪਤਨੀ, ਮਾਂ-ਪਿਉ ਅਤੇ ਬੱਚੇ—ਸਾਡੇ ਸਭ ਤੋਂ ਨੇੜੇ, ਸਭ ਤੋਂ ਪਿਆਰੇ ਗੁਆਂਢੀ ਨਹੀਂ ਹਨ? ਪਰਿਵਾਰਕ ਸਦੱਸ ਇਕ ਦੂਜੇ ਲਈ ਕਿਵੇਂ ਪ੍ਰੇਮ ਪ੍ਰਦਰਸ਼ਿਤ ਕਰ ਸਕਦੇ ਹਨ?

8. ਪਰਿਵਾਰ ਦੇ ਅੰਦਰ ਪ੍ਰੇਮ ਕਿਵੇਂ ਪ੍ਰਗਟ ਕੀਤਾ ਜਾ ਸਕਦਾ ਹੈ?

8 ਇਕ ਤਰੀਕਾ ਇਹ ਹੈ ਕਿ ਹਰੇਕ ਪਰਿਵਾਰਕ ਸਦੱਸ ਘਰੇਲੂ ਕੰਮ-ਕਾਜ ਵਿਚ ਆਪਣੇ ਵਾਜਬ ਹਿੱਸੇ ਨੂੰ ਪੂਰਾ ਕਰੇ। ਇਸ ਲਈ, ਬੱਚਿਆਂ ਨੂੰ ਚੀਜ਼ਾਂ ਇਸਤੇਮਾਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਥਾਂ-ਟਿਕਾਣੇ ਰੱਖਣ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ, ਭਾਵੇਂ ਕਿ ਇਹ ਕੱਪੜੇ ਜਾਂ ਖਿਡੌਣੇ ਹੋਣ। ਨਿੱਤ ਸਵੇਰੇ ਬਿਸਤਰ ਨੂੰ ਬਣਾਉਣ ਵਾਸਤੇ ਸ਼ਾਇਦ ਸਮੇਂ ਅਤੇ ਜਤਨ ਦੀ ਲੋੜ ਪਵੇ, ਪਰੰਤੂ ­ਗ੍ਰਹਿਸਥ ਪ੍ਰਬੰਧ ਵਿਚ ਇਹ ਇਕ ਵੱਡੀ ਮਦਦ ਹੈ। ਨਿਰਸੰਦੇਹ, ਕੁਝ ਛੋਟੀ-ਮੋਟੀ, ਅਸਥਾਈ ਬੇਤਰਤੀਬੀ ਅਟੱਲ ਹੈ, ਪਰੰਤੂ ਘਰ ਨੂੰ ਵਾਜਬ ਤੌਰ ਤੇ ਸਾਫ਼-ਸੁਥਰਾ ਰੱਖਣ ਲਈ, ਨਾਲੇ ਖਾਣੇ ਤੋਂ ਬਾਅਦ ਸਫ਼ਾਈ ਕਰਨ ਲਈ ਸਭ ਇਕੱਠੇ ਮਿਲ ਕੇ ਕੰਮ ਕਰ ਸਕਦੇ ਹਨ। ਆਲਸ, ਐਸ਼ਪਰਸਤੀ, ਅਤੇ ਇਕ ਅਣਇੱਛੁਕ, ਬੇਦਿਲੀ ਰਵੱਈ­ਆ ਸਭ ਉੱਤੇ ਨਕਾਰਾਤਮਕ ਪ੍ਰਭਾਵ ਪਾ ਸਕਦੇ ਹਨ। (ਕਹਾਉਤਾਂ 26:14-16) ਦੂਜੇ ਪਾਸੇ, ਇਕ ਹਸਮੁਖ, ਰਜ਼ਾਮੰਦ ਰਵੱਈਆ ਇਕ ਖ਼ੁਸ਼ ਪਰਿਵਾਰਕ ਜੀਵਨ ਨੂੰ ਵਿਕਸਿਤ ਕਰਦਾ ਹੈ। “ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”—2 ਕੁਰਿੰਥੀਆਂ 9:7.

9, 10. (ੳ) ਘਰ ਦੀ ਇਸਤਰੀ ਦਿਆਂ ਕੰਧਿਆਂ ਉੱਤੇ ਅਕਸਰ ਕਿਹੜਾ ਬੋਝ ਪਿਆ ਹੁੰਦਾ ਹੈ, ਅਤੇ ਇਹ ਕਿਵੇਂ ਹਲਕਾ ਕੀਤਾ ਜਾ ਸਕਦਾ ਹੈ? (ਅ) ਘਰ ਦੇ ਕੰਮ-ਕਾਜ ਬਾਰੇ ਕਿਹੜਾ ਸੰਤੁਲਿਤ ਦ੍ਰਿਸ਼ਟੀਕੋਣ ਰੱਖਣ ਦਾ ਸੁਝਾਅ ਦਿੱਤਾ ਜਾਂਦਾ ਹੈ?

9 ਲਿਹਾਜ਼ ਅਤੇ ਪ੍ਰੇਮ ਉਸ ਸਥਿਤੀ ਨੂੰ ਟਾਲਣ ਵਿਚ ਮਦਦ ਕਰੇਗਾ ਜੋ ਕਈ ਘਰਾਂ ਵਿਚ ਇਕ ਗੰਭੀਰ ਸਮੱਸਿਆ ਪੇਸ਼ ਕਰਦੀ ਹੈ। ਮਾਵਾਂ ਰਵਾਇਤੀ ਤੌਰ ਤੇ ਘਰੇਲੂ-ਜੀਵਨ ਦਾ ਮੁੱਖ-ਸਹਾਰਾ ਰਹੀਆਂ ਹਨ। ਉਨ੍ਹਾਂ ਨੇ ਬੱਚਿਆਂ ਦੀ ਦੇਖ-ਭਾਲ, ਘਰ ਦੀ ਸਫ਼ਾਈ, ਪਰਿਵਾਰ ਦਿਆਂ ਕੱਪੜਿਆਂ ਦੀ ਧੁਆਈ, ਅਤੇ ਭੋਜਨ ਖ਼ਰੀਦਣ ਤੇ ਪਕਾਉਣ ਦਾ ਕੰਮ ਕੀਤਾ ਹੈ। ਕੁਝ ਦੇਸ਼ਾਂ ਵਿਚ ਇਸਤਰੀਆਂ ਨੇ ਰਿਵਾਜੀ ਤੌਰ ਤੇ ਖੇਤਾਂ ਵਿਚ ਵੀ ਕੰਮ ਕੀਤਾ ਹੈ, ਮੰਡੀ ਵਿਚ ਉਪਜ ਨੂੰ ਵੇਚਿਆ, ਜਾਂ ਦੂਜਿਆਂ ਤਰੀਕਿਆਂ ਵਿਚ ਪਰਿਵਾਰ ਦੇ ਬਜਟ ਵਿਚ ਯੋਗਦਾਨ ਦਿੱਤਾ ਹੈ। ਜਿੱਥੇ ਇਹ ਪਹਿਲਾਂ ਰਿਵਾਜ ਨਹੀਂ ਵੀ ਸੀ, ਉੱਥੇ ਲੋੜ ਨੇ ਲੱਖਾਂ ਹੀ ਵਿਵਾਹਿਤ ਇਸਤਰੀਆਂ ਨੂੰ ਘਰ ਤੋਂ ਬਾਹਰ ਰੁਜ਼ਗਾਰ ਭਾਲਣ ਲਈ ਮਜਬੂਰ ਕੀਤਾ ਹੈ। ਇਕ ਪਤਨੀ ਅਤੇ ਮਾਂ ਜੋ ਇਨ੍ਹਾਂ ਵੱਖਰੇ-ਵੱਖਰੇ ਖੇਤਰਾਂ ਵਿਚ ਮਿਹਨਤ ਕਰਦੀ ਹੈ, ਸ਼ਲਾਘਾ ਦੇ ਯੋਗ ਹੈ। ਬਾਈਬਲ ਵਿਚ ਵਰਣਨ ਕੀਤੀ ਗਈ “ਪਤਵੰਤੀ ਇਸਤ੍ਰੀ” ਦੇ ਵਾਂਗ, ਉਹ ਕਾਫ਼ੀ ਵਿਅਸਤ ਰਹਿੰਦੀ ਹੈ। “[ਉਹ] ਆਲਸ ਦੀ ਰੋਟੀ ਨਹੀਂ ਖਾਂਦੀ।” (ਕਹਾਉਤਾਂ 31:10, 27) ਪਰ ਫਿਰ, ਇਸ ਦਾ ਇਹ ਅਰਥ ਨਹੀਂ ਹੈ ਕਿ ਇਸਤਰੀ ਹੀ ਇੱਕੋ-ਇਕ ਵਿਅਕਤੀ ਹੈ ਜੋ ਘਰ ਵਿਚ ਕੰਮ ਕਰ ਸਕਦੀ ਹੈ। ਜਦੋਂ ਇਕ ਪਤੀ ਅਤੇ ਪਤਨੀ ਦੋਵੇਂ ਹੀ ਘਰ ਤੋਂ ਬਾਹਰ ਸਾਰਾ ਦਿਨ ਕੰਮ ਕਰ ਕੇ ਆਉਂਦੇ ਹਨ, ਕੀ ਇਕੱਲੀ ਪਤਨੀ ਨੂੰ ਹੀ ਘਰ ਦੇ ਕੰਮ ਦਾ ਬੋਝ ਚੁੱਕਣਾ ਚਾਹੀਦਾ ਹੈ ਜਦ ਕਿ ਪਤੀ ਅਤੇ ਬਾਕੀ ਦਾ ਪਰਿਵਾਰ ਆਰਾਮ ਕਰਨ? ਹਰਗਿਜ਼ ਨਹੀਂ। (ਤੁਲਨਾ ਕਰੋ 2 ਕੁਰਿੰਥੀਆਂ 8:13, 14.) ਸੋ, ਉਦਾਹਰਣ ਲਈ, ਜੇਕਰ ਮਾਂ ਨੇ ਇਕ ਭੋਜਨ ਤਿਆਰ ਕਰਨਾ ਹੈ, ਤਾਂ ਉਹ ਸ਼ਾਇਦ ਧੰਨਵਾਦੀ ਹੋਵੇਗੀ ਜੇਕਰ ਦੂਜੇ ਪਰਿਵਾਰਕ ਸਦੱਸ ਤਿਆਰੀ ਵਿਚ ਮੇਜ਼ ਸਜਾ ਕੇ ਮਦਦ ਕਰਨ, ਕੁਝ ਦੁਕਾਨਦਾਰੀ ਕਰਨ, ਜਾਂ ਘਰ ਵਿਚ ਥੋੜ੍ਹੀ-ਬਹੁਤੀ ਸਫ਼ਾਈ ਕਰਨ ਵਿਚ ਮਦਦ ਦੇਣ। ਜੀ ਹਾਂ, ਸਾਰੇ ਸਦੱਸ ਜ਼ਿੰਮੇਵਾਰੀ ਨੂੰ ਸਾਂਝੀ ਕਰ ਸਕਦੇ ਹਨ।—ਤੁਲਨਾ ਕਰੋ ਗਲਾਤੀਆਂ 6:2.

10 ਕੁਝ ਸ਼ਾਇਦ ਇਹ ਕਹਿਣ: “ਜਿੱਥੇ ਮੈਂ ਰਹਿੰਦਾ ਹਾਂ ਉੱਥੇ ਅਜਿਹੇ ਕੰਮ-ਕਾਜ ਕਰਨੇ ਇਕ ਪੁਰਸ਼ ਦੀ ਭੂਮਿਕਾ ਨਹੀਂ ਹੈ।” ਇਹ ਗੱਲ ਸੱਚ ਹੋ ਸਕਦੀ ਹੈ, ਪਰੰਤੂ ਕੀ ਇਸ ਮਾਮਲੇ ਉੱਤੇ ਕੁਝ ਵਿਚਾਰ ਕਰਨਾ ਚੰਗਾ ਨਹੀਂ ਹੋਵੇਗਾ? ਜਦੋਂ ਯਹੋਵਾਹ ਪਰਮੇਸ਼ੁਰ ਨੇ ਪਰਿਵਾਰ ਨੂੰ ਆਰੰਭ ਕੀਤਾ ਸੀ, ਉਸ ਨੇ ਇਹ ਹੁਕਮ ਨਹੀਂ ਦਿੱਤਾ ਸੀ ਕਿ ਕੁਝ ਖ਼ਾਸ ਕੰਮ ਕੇਵਲ ਇਸਤਰੀਆਂ ਦੁਆਰਾ ਹੀ ਕੀਤੇ ਜਾਣਗੇ। ਇਕ ਅਵਸਰ ਤੇ, ਜਦੋਂ ਯਹੋਵਾਹ ਦੇ ਵਿਸ਼ੇਸ਼ ਸੰਦੇਸ਼ਵਾਹਕਾਂ ਨੇ ਨਿਹਚਾਵਾਨ ਮਨੁੱਖ ਅਬਰਾਹਾਮ ਨਾਲ ਮੁਲਾਕਾਤ ਕੀਤੀ, ਤਾਂ ਉਸ ਨੇ ਖ਼ੁਦ ਮੁਲਾਕਾਤੀਆਂ ਵਾਸਤੇ ਭੋਜਨ ਤਿਆਰ ਕਰਨ ਅਤੇ ਪਰੋਸਣ ਵਿਚ ਨਿੱਜੀ ਤੌਰ ਤੇ ਹਿੱਸਾ ਲਿਆ। (ਉਤਪਤ 18:1-8) ਬਾਈਬਲ ਸਲਾਹ ਦਿੰਦੀ ਹੈ: “ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ।” (ਅਫ਼ਸੀਆਂ 5:28) ਜੇਕਰ, ਦਿਹਾੜੀ ਦੇ ਅੰਤ ਤੇ ਪਤੀ ਥੱਕਿਆ ਹੋਇਆ ਹੈ ਅਤੇ ਆਰਾਮ ਕਰਨਾ ਚਾਹੁੰਦਾ ਹੈ, ਤਾਂ ਕੀ ਇਹ ਸੰਭਵ ਨਹੀਂ ਕਿ ਪਤਨੀ ਵੀ ਇਸੇ ਤਰ੍ਹਾਂ ਮਹਿਸੂਸ ਕਰਦੀ ਹੋਵੇ, ਸ਼ਾਇਦ ਹੋਰ ਵੀ ਜ਼ਿਆਦਾ? (1 ਪਤਰਸ 3:7) ਤਾਂ ਫਿਰ, ਕੀ ਪਤੀ ਲਈ ਘਰ ਵਿਚ ਮਦਦ ਕਰਨਾ ਉਚਿਤ ਅਤੇ ਪ੍ਰੇਮਪੂਰਣ ਨਹੀਂ ਹੋਵੇਗਾ?—ਫ਼ਿਲਿੱਪੀਆਂ 2:3, 4.

11. ਯਿਸੂ ਨੇ ਕਿਸ ਤਰੀਕੇ ਨਾਲ ਗ੍ਰਹਿਸਥ ਦੇ ਹਰੇਕ ਸਦੱਸ ਲਈ ਇਕ ਉੱਤਮ ਮਿਸਾਲ ਕਾਇਮ ਕੀਤੀ?

11 ਯਿਸੂ ਇਕ ਸਭ ਤੋਂ ਵਧੀਆ ਮਿਸਾਲ ਹੈ ਜਿਸ ਨੇ ਪਰਮੇਸ਼ੁਰ ਨੂੰ ਪ੍ਰਸੰਨ ਕੀਤਾ ਅਤੇ ਆਪਣੇ ਸਾਥੀਆਂ ਨੂੰ ਖ਼ੁਸ਼ੀ ਲਿਆਂਦੀ। ਭਾਵੇਂ ਕਿ ਉਸ ਨੇ ਕਦੇ ਵੀ ਵਿਆਹ ਨਹੀਂ ਕੀਤਾ, ਯਿਸੂ ਪਤੀਆਂ, ਨਾਲੇ ਪਤਨੀਆਂ ਅਤੇ ਬੱਚਿਆਂ ਲਈ ਇਕ ਅੱਛੀ ਮਿਸਾਲ ਹੈ। ਉਸ ਨੇ ਖ਼ੁਦ ਬਾਰੇ ਕਿਹਾ: “ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ . . . ਆਇਆ,” ਅਰਥਾਤ, ਦੂਜਿਆਂ ਦੀ ਸੇਵਾ ਕਰਨ ਲਈ ਆਇਆ ਸੀ। (ਮੱਤੀ 20:28) ਉਹ ਪਰਿਵਾਰ ਕਿੰਨੇ ਹੀ ਆਨੰਦਮਈ ਹਨ ਜਿਨ੍ਹਾਂ ਵਿਚ ਸਾਰੇ ਸਦੱਸ ਅਜਿਹਾ ਰਵੱਈਆ ਵਿਕਸਿਤ ਕਰਦੇ ਹਨ!

ਸਫ਼ਾਈ—ਇੰਨੀ ਮਹੱਤਵਪੂਰਣ ਕਿਉਂ?

12. ਯਹੋਵਾਹ ਉਨ੍ਹਾਂ ਤੋਂ ਜੋ ਉਸ ਦੀ ਸੇਵਾ ਕਰਦੇ ਹਨ ਕੀ ਮੰਗ ਕਰਦਾ ਹੈ?

12 ਇਕ ਹੋਰ ਸਿਧਾਂਤ ਜੋ ਗ੍ਰਹਿਸਥ ਦੇ ਪ੍ਰਬੰਧ ਵਿਚ ਮਦਦ ਕਰ ਸਕਦਾ ਹੈ, 2 ਕੁਰਿੰਥੀਆਂ 7:1 ਵਿਚ ਪਾਇਆ ਜਾਂਦਾ ਹੈ। ਉੱਥੇ ਅਸੀਂ ਪੜ੍ਹਦੇ ਹਾਂ: “ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ . . . ਕਰੀਏ।” ਜੋ ਵਿਅਕਤੀ ਇਨ੍ਹਾਂ ਪ੍ਰੇਰਿਤ ਸ਼ਬਦਾਂ ਦੇ ਪ੍ਰਤੀ ਆਗਿਆਕਾਰ ਹੁੰਦੇ ਹਨ, ਉਹ ਯਹੋਵਾਹ ਨੂੰ ਪ੍ਰਵਾਨਯੋਗ ਹਨ, ਜੋ ਕਿ “ਸ਼ੁੱਧ ਅਤੇ ਨਿਰਮਲ ਭਗਤੀ” ਮੰਗਦਾ ਹੈ। (ਯਾਕੂਬ 1:27) ਅਤੇ ਉਨ੍ਹਾਂ ਦਾ ਗ੍ਰਹਿਸਥ ਇਸ ਨਾਲ ਸੰਬੰਧਿਤ ਲਾਭ ਹਾਸਲ ਕਰਦਾ ਹੈ।

13. ਗ੍ਰਹਿਸਥ ਪ੍ਰਬੰਧ ਵਿਚ ਸਫ਼ਾਈ ਕਿਉਂ ਮਹੱਤਵਪੂਰਣ ਹੈ?

13 ਉਦਾਹਰਣ ਲਈ, ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ ਕਿ ਉਹ ਸਮਾਂ ਆਵੇਗਾ ਜਦੋਂ ਰੋਗ ਅਤੇ ਬੀਮਾਰੀ ਹੋਰ ਨਾ ਹੋਣਗੇ। ਉਸ ਸਮੇਂ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24; ਪਰਕਾਸ਼ ਦੀ ਪੋਥੀ 21:4, 5) ਪਰੰਤੂ, ਉਦੋਂ ਤਕ ਹਰ ਪਰਿਵਾਰ ਨੂੰ ਸਮੇਂ-ਸਮੇਂ ਤੇ ਬੀਮਾਰੀ ਨਾਲ ਨਿਭਣਾ ਪੈਂਦਾ ਹੈ। ਪੌਲੁਸ ਅਤੇ ਤਿਮੋਥਿਉਸ ਵੀ ਬੀਮਾਰ ਹੋਏ ਸਨ। ­(ਗਲਾਤੀਆਂ 4:13; ­1 ਤਿਮੋਥਿਉਸ 5:23) ਫਿਰ ਵੀ, ਡਾਕਟਰੀ ਮਾਹਰ ਕਹਿੰਦੇ ਹਨ ਕਿ ਕਾਫ਼ੀ ਬੀਮਾਰੀ ਨਿਰੋਧਣਯੋਗ ਹੈ। ਬੁੱਧਵਾਨ ਪਰਿਵਾਰ ਕੁਝ ਨਿਰੋਧਣਯੋਗ ਬੀਮਾਰੀਆਂ ਤੋਂ ਬੱਚ ਜਾਂਦੇ ਹਨ ਜੇਕਰ ਉਹ ਸਰੀਰਕ ਅਤੇ ਅਧਿਆਤਮਿਕ ਅਸ਼ੁੱਧਤਾ ਤੋਂ ਪਰਹੇਜ਼ ਕਰਨ। ਆਓ ਅਸੀਂ ਦੇਖੀਏ ਕਿਵੇਂ।—ਤੁਲਨਾ ਕਰੋ ਕਹਾਉਤਾਂ 22:3.

14. ਨੈਤਿਕ ਸ਼ੁਧਤਾ ਇਕ ਪਰਿਵਾਰ ਨੂੰ ਬੀਮਾਰੀ ਤੋਂ ਕਿਵੇਂ ਬਚਾ ਸਕਦੀ ਹੈ?

14 ਆਤਮਾ ਦੀ ਸ਼ੁੱਧਤਾ ਵਿਚ ਨੈਤਿਕ ਸ਼ੁੱਧਤਾ ਸ਼ਾਮਲ ਹੈ। ਜਿਵੇਂ ਕਿ ਮੰਨੀ-ਪ੍ਰਮੰਨੀ ਗੱਲ ਹੈ, ਬਾਈਬਲ ਉੱਚ ਨੈਤਿਕ ਮਿਆਰਾਂ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਵਿਆਹ ਤੋਂ ਬਾਹਰ ਕਿਸੇ ਵੀ ਲਿੰਗੀ ਨੇੜਤਾ ਨੂੰ ਰੱਦ ਕਰਦੀ ਹੈ। “ਨਾ ਹਰਾਮਕਾਰ . . . ਨਾ ਜ਼ਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ . . . ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ।” (1 ਕੁਰਿੰਥੀਆਂ 6:9, 10) ਅੱਜ ਦੇ ਪਤਿਤ ਸੰਸਾਰ ਵਿਚ ਜੀ ਰਹੇ ਮਸੀਹੀਆਂ ਲਈ ਇਨ੍ਹਾਂ ਸਖ਼ਤ ਮਿਆਰਾਂ ਦੀ ਪਾਲਣਾ ਕਰਨੀ ਬਹੁਤ ਮਹੱਤਵਪੂਰਣ ਹੈ। ਇਸ ਤਰ੍ਹਾਂ ਕਰਨਾ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ, ਨਾਲੇ ਪਰਿਵਾਰ ਨੂੰ ਲਿੰਗੀ ਤੌਰ ਤੇ ਸੰਚਾਰਿਤ ਰੋਗਾਂ ਜਿਵੇਂ ਕਿ ਏਡਜ਼, ਆਤਸ਼ਕ, ਸੁਜ਼ਾਕ, ਅਤੇ ਕਲੇਮਿੱਡੀਆ ਤੋਂ ਵੀ ਬਚਾਉਣ ਵਿਚ ਮਦਦ ਕਰਦਾ ਹੈ।—ਤੁਲਨਾ ਕਰੋ ਕਹਾਉਤਾਂ 7:10-23.

15. ਸਰੀਰਕ ਸਫ਼ਾਈ ਦੀ ਕਮੀ ਦਾ ਇਕ ਉਦਾਹਰਣ ਦਿਓ ਜੋ ਬੇਲੋੜੀ ਬੀਮਾਰੀ ਨੂੰ ਪੈਦਾ ਕਰ ਸਕਦਾ ਹੈ।

15 ‘ਸਰੀਰ ਦੀ ਸਾਰੀ ਮਲੀਨਤਾਈ ਤੋਂ ਖ਼ੁਦ ਨੂੰ ਸ਼ੁੱਧ ਕਰਨਾ’ ਪਰਿਵਾਰ ਨੂੰ ਦੂਜੀਆਂ ਬੀਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦਾ ਹੈ। ਬਹੁਤੇਰੀਆਂ ਬੀਮਾਰੀਆਂ ਸਰੀਰਕ ਸਫ਼ਾਈ ਦੀ ਕਮੀ ਦੇ ਕਾਰਨ ਹੁੰਦੀਆਂ ਹਨ। ਇਕ ਪ੍ਰਮੁੱਖ ਉਦਾਹਰਣ ਤਮਾਖੂਨੋਸ਼ੀ ਦੀ ਆਦਤ ਹੈ। ਤਮਾਖੂਨੋਸ਼ੀ ਕੇਵਲ ਫੇਫੜਿਆਂ, ਕੱਪੜਿਆਂ, ਅਤੇ ਹਵਾ ਨੂੰ ਹੀ ਗੰਦਾ ਨਹੀਂ ਕਰਦੀ ਹੈ, ਬਲਕਿ ਲੋਕਾਂ ਨੂੰ ਬੀਮਾਰ ਵੀ ਕਰਦੀ ਹੈ। ਪ੍ਰਤਿ ਸਾਲ ਲੱਖਾਂ ਹੀ ਲੋਕ ਮਰਦੇ ਹਨ ਕਿਉਂਕਿ ਉਨ੍ਹਾਂ ਨੇ ਤਮਾਖੂਨੋਸ਼ੀ ਕੀਤੀ। ਇਸ ਉੱਤੇ ਵਿਚਾਰ ਕਰੋ; ਪ੍ਰਤਿ ਸਾਲ ਲੱਖਾਂ ਹੀ ਲੋਕ ਬੀਮਾਰ ਹੋ ਕੇ ਸਮੇਂ ਤੋਂ ਪਹਿਲਾਂ ਨਾ ਮਰਦੇ ਜੇਕਰ ਉਨ੍ਹਾਂ ਨੇ ਉਸ ‘ਸਰੀਰ ਦੀ ਮਲੀਨਤਾਈ’ ਤੋਂ ਪਰਹੇਜ਼ ਕੀਤਾ ਹੁੰਦਾ!

16, 17. (ੳ) ਯਹੋਵਾਹ ਵੱਲੋਂ ਦਿੱਤੇ ਗਏ ਕਿਹੜੇ ਨਿਯਮ ਨੇ ਇਸਰਾਏਲੀਆਂ ਨੂੰ ਖ਼ਾਸ ਬੀਮਾਰੀਆਂ ਤੋਂ ਬਚਾਏ ਰੱਖਿਆ? (ਅ) ਬਿਵਸਥਾ ਸਾਰ 23:12, 13 ਵਿਚ ਪਾਇਆ ਜਾਂਦਾ ਸਿਧਾਂਤ ਸਭ ਗ੍ਰਹਿਸਥਾਂ ਵਿਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?

16 ਇਕ ਹੋਰ ਉਦਾਹਰਣ ਉੱਤੇ ਵਿਚਾਰ ਕਰੋ। ਲਗਭਗ 3,500 ਸਾਲ ਪਹਿਲਾਂ, ਪਰਮੇਸ਼ੁਰ ਨੇ ਇਸਰਾਏਲ ਦੀ ਕੌਮ ਨੂੰ ਉਨ੍ਹਾਂ ਦੀ ਉਪਾਸਨਾ ਅਤੇ, ਕੁਝ ਹੱਦ ਤਕ, ਉਨ੍ਹਾਂ ਦਾ ਨਿੱਤ ਜੀਵਨ ਵਿਵਸਥਿਤ ਕਰਨ ਦੇ ਲਈ ਆਪਣੀ ਬਿਵਸਥਾ ਦਿੱਤੀ ਸੀ। ਉਸ ਬਿਵਸਥਾ ਨੇ ਸਿਹਤ-ਵਿਦਿਆ ਦੇ ਕੁਝ ਮੂਲ ਅਸੂਲਾਂ ਨੂੰ ਸਥਾਪਿਤ ਕਰ ਕੇ ਕੌਮ ਨੂੰ ਬੀਮਾਰੀ ਤੋਂ ਬਚਾਉਣ ਵਿਚ ਮਦਦ ਕੀਤੀ ਸੀ। ਇਕ ਅਜਿਹਾ ਨਿਯਮ ਮਾਨਵ ਮਲ-ਮੂਤਰ ਨੂੰ ਠਿਕਾਣੇ ਲਗਾਉਣ ਨਾਲ ਸੰਬੰਧਿਤ ਸੀ, ਜਿਸ ਨੂੰ ਛਾਉਣੀ ਤੋਂ ਪਰੇ ਉਚਿਤ ਤਰ੍ਹਾਂ ਦਫ਼ਨਾਉਣ ਦੀ ਜ਼ਰੂਰਤ ਸੀ ਤਾਂਕਿ ਉਹ ਇਲਾਕਾ ਜਿੱਥੇ ਲੋਕ ਰਹਿੰਦੇ ਸਨ ਪ੍ਰਦੂਸ਼ਿਤ ਨਾ ਹੋਵੇ। (ਬਿਵਸਥਾ ਸਾਰ 23:12, 13) ਉਹ ਪ੍ਰਾਚੀਨ ਨਿਯਮ ਅਜੇ ਵੀ ਅੱਛੀ ਸਲਾਹ ਹੈ। ਅੱਜ ਵੀ ਲੋਕ ਬੀਮਾਰ ਹੋ ਕੇ ਮਰ ਜਾਂਦੇ ਹਨ ਕਿਉਂਕਿ ਉਹ ਇਸ ਦੀ ਪੈਰਵੀ ਨਹੀਂ ਕਰਦੇ ਹਨ।a

17 ਉਸ ਇਸਰਾਏਲੀ ਨਿਯਮ ਵਿਚ ਪਾਏ ਜਾਂਦੇ ਸਿਧਾਂਤ ਦੇ ਅਨੁਸਾਰ, ਪਰਿਵਾਰ ਦੇ ਗੁਸਲਖ਼ਾਨੇ ਅਤੇ ਪਖਾਨੇ ਨੂੰ—ਭਾਵੇਂ ਕਿ ਰਿਹਾਇਸ਼ ਦੇ ਅੰਦਰ ਜਾਂ ਬਾਹਰ ਹੋਵੇ—ਸਾਫ਼ ਰੱਖਿਆ ਅਤੇ ਰੋਗਾਣੂ-ਮੁਕਤ ਕੀਤਾ ਜਾਣਾ ਚਾਹੀਦਾ ਹੈ। ਜੇਕਰ ਪਖਾਨੇ ਨੂੰ ਸਾਫ਼ ਅਤੇ ਢਕਿਆ ਹੋਇਆ ਨਾ ਰੱਖਿਆ ਜਾਵੇ, ਤਾਂ ਉੱਥੇ ਮੱਖੀਆਂ ਇਕੱਠੀਆਂ ਹੋਣਗੀਆਂ ਅਤੇ ਘਰ ਦੇ ਦੂਜੇ ਹਿੱਸਿਆਂ ਵਿਚ—ਅਤੇ ਉਸ ਭੋਜਨ ਵਿਚ ਜੋ ਅਸੀਂ ਖਾਂਦੇ ਹਾਂ—ਜੀਵਾਣੂਆਂ ਨੂੰ ਫੈਲਾ ਦੇਣਗੀਆਂ! ਇਸ ਤੋਂ ਇਲਾਵਾ, ਬੱਚਿਆਂ ਅਤੇ ਬਾਲਗਾਂ ਨੂੰ ਪਖਾਨੇ ਜਾਣ ਤੋਂ ਬਾਅਦ ਆਪਣੇ ਹੱਥ ਧੋਣੇ ਚਾਹੀਦੇ ਹਨ। ਵਰਨਾ, ਉਹ ਆਪਣੇ ਨਾਲ ਆਪਣੀ ਚਮੜੀ ਉੱਤੇ ਜੀਵਾਣੂ ਵਾਪਸ ਲੈ ਆਉਂਦੇ ਹਨ। ਇਕ ਫਰਾਂਸੀਸੀ ਡਾਕਟਰ ਦੇ ਅਨੁਸਾਰ, ਹੱਥ ਧੋਣੇ “ਹਾਲੇ ਵੀ ਕੁਝ ਖ਼ਾਸ ਪਾਚਕ, ਸੁਆਸੀ, ਜਾਂ ਚਮੜੀ ਛੂਤ ਤੋਂ ਬਚਣ ਲਈ ਇਕ ਸਭ ਤੋਂ ਵਧੀਆ ਜ਼ਮਾਨਤ ਹੈ।”

[ਸਫ਼ਾ 47 ਉੱਤੇ ਤਸਵੀਰ]

ਦਵਾਈਆਂ ਖ਼ਰੀਦਣ ਨਾਲੋਂ ਚੀਜ਼ਾਂ ਨੂੰ ਸਾਫ਼ ਰੱਖਣਾ ਜ਼ਿਆਦਾ ਸਸਤਾ ਹੈ

18, 19. ਇਕ ਘਰ ਨੂੰ ਇਕ ਗ਼ਰੀਬ ਗੁਆਂਢ ਵਿਚ ਵੀ ਸਾਫ਼ ਰੱਖਣ ਲਈ ਕੀ ਸੁਝਾਅ ਦਿੱਤੇ ਜਾਂਦੇ ਹਨ?

18 ਇਹ ਗੱਲ ਸੱਚ ਹੈ ਕਿ ਇਕ ਗ਼ਰੀਬ ਗੁਆਂਢ ਵਿਚ ਸਫ਼ਾਈ ਰੱਖਣੀ ਇਕ ਚੁਣੌਤੀ ਪੇਸ਼ ਕਰਦੀ ਹੈ। ਇਕ ਵਿਅਕਤੀ ਜੋ ਅਜਿਹੇ ਇਲਾਕਿਆਂ ਨਾਲ ਪਰਿਚਿਤ ਹੈ, ਨੇ ਵਿਆਖਿਆ ਕੀਤੀ: “ਅਤਿਅੰਤ ਗਰਮੀ ਦਾ ਮੌਸਮ ਸਫ਼ਾਈ ਦੇ ਕੰਮ ਨੂੰ ਦੁਗੁਣਾ ਔਖਾ ਬਣਾ ਦਿੰਦਾ ਹੈ। ਹਨੇਰੀਆਂ ਘਰ ਦੇ ਹਰ ਕੋਣੇ-ਕੋਣੇ ਨੂੰ ਬਾਰੀਕ ਧੂੜ ਦੇ ਨਾਲ ਭਰ ਦਿੰਦੀਆਂ ਹਨ। . . . ਸ਼ਹਿਰਾਂ ਵਿਚ, ਨਾਲੇ ਕੁਝ ਪੇਂਡੂ ਇਲਾਕਿਆਂ ਵਿਚ ਵਧਦੀਆਂ ਜਨਸੰਖਿਆਵਾਂ ਵੀ ਸਿਹਤ ਸੰਕਟਾਂ ਪੈਦਾ ਕਰਦੀਆਂ ਹਨ। ਖੁੱਲ੍ਹੀਆਂ ਗੰਦੀਆਂ ਨਾਲੀਆਂ, ਨਾ ਇਕੱਠੇ ਕੀਤੇ ਗਏ ਕੂੜਾ-ਕਰਕਟ ਦੇ ਢੇਰ, ਗੰਦੇ ਸਮੁਦਾਇਕ ਪਖਾਨੇ, ਬੀਮਾਰੀ-ਵਾਹਕ ਚੂਹੇ, ਕਾਕਰੋਚ, ਅਤੇ ਮੱਖੀਆਂ ਸਾਧਾਰਣ ਨਜ਼ਾਰੇ ਬਣ ਗਏ ਹਨ।”

19 ਇਨ੍ਹਾਂ ਹਾਲਤਾਂ ਦੇ ਅਧੀਨ ਸਫ਼ਾਈ ਕਾਇਮ ਰੱਖਣੀ ਕਠਿਨ ਹੈ। ਤਾਂ ਵੀ, ਇਹ ਜਤਨ ਦੇ ਯੋਗ ਹੈ। ਦਵਾਈਆਂ ਅਤੇ ਹਸਪਤਾਲ ਦਿਆਂ ਬਿਲਾਂ ਨਾਲੋਂ, ਸਾਬਣ ਅਤੇ ਪਾਣੀ ਅਤੇ ਥੋੜ੍ਹੀ ਹੋਰ ਮਿਹਨਤ ਜ਼ਿਆਦਾ ਸਸਤੇ ਹਨ। ਜੇਕਰ ਤੁਸੀਂ ਅਜਿਹੇ ਵਾਤਾਵਰਣ ਵਿਚ ਰਹਿੰਦੇ ਹੋ, ਤਾਂ ਜਿੱਥੇ ਤਕ ਸੰਭਵ ਹੋਵੇ, ਆਪਣੇ ਘਰ ਅਤੇ ਵਿਹੜੇ ਨੂੰ ਸਾਫ਼ ਅਤੇ ਪਸ਼ੂਆਂ ਦੀ ਲਿੱਦ ਤੋਂ ਮੁਕਤ ਰੱਖੋ। ਜੇਕਰ ਬਰਸਾਤੀ ਦਿਨਾਂ ਵਿਚ ਤੁਹਾਡੇ ਘਰ ਨੂੰ ਜਾਂਦੀ ਪਗਡੰਡੀ ਚਿੱਕੜ ਨਾਲ ਭਰ ਜਾਂਦੀ ਹੈ, ਤਾਂ ਕੀ ਤੁਸੀਂ ਚਿੱਕੜ ਨੂੰ ਘਰ ਤੋਂ ਬਾਹਰ ਰੱਖਣ ਲਈ ਪਗਡੰਡੀ ਉੱਤੇ ਰੋੜੀ ਜਾਂ ਬਜਰੀ ਪਾ ਸਕਦੇ ਹੋ? ਜੇਕਰ ਜੁੱਤੀਆਂ ਜਾਂ ਸੈਂਡਲ ਇਸਤੇਮਾਲ ਕੀਤੇ ਜਾਂਦੇ ਹਨ, ਤਾਂ ਕੀ ਪਾਉਣ ਵਾਲਾ ਘਰ ਵਿਚ ਪ੍ਰਵੇਸ਼ ਹੋਣ ਤੋਂ ਪਹਿਲਾਂ ਇਨ੍ਹਾਂ ਨੂੰ ਉਤਾਰ ਸਕਦਾ ਹੈ? ਨਾਲੇ, ਤੁਹਾਨੂੰ ਆਪਣੀ ਪਾਣੀ ਦੀ ਸਪਲਾਈ ਮਲੀਨਤਾ ਤੋਂ ਮੁਕਤ ਰੱਖਣੀ ਚਾਹੀਦੀ ਹੈ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਪ੍ਰਤਿ ਸਾਲ ਘੱਟ ਤੋਂ ਘੱਟ ਵੀਹ ਲੱਖ ਮੌਤਾਂ ਗੰਦੇ ਪਾਣੀ ਅਤੇ ਸਵੱਛਤਾ ਦੀ ਕਮੀ ਦੇ ਨਾਲ ਸੰਬੰਧਿਤ ਬੀਮਾਰੀਆਂ ਦੇ ਕਾਰਨ ਹੁੰਦੀਆਂ ਹਨ।

20. ਜੇਕਰ ਘਰ ਨੂੰ ਸਾਫ਼ ਰੱਖਿਆ ਜਾਣਾ ਹੈ, ਤਾਂ ਕਿਸ ਨੂੰ ਜ਼ਿੰਮੇਵਾਰੀ ਸਾਂਝੀ ਕਰਨੀ ਜ਼ਰੂਰੀ ਹੈ?

20 ਇਕ ਸਾਫ਼ ਘਰ—ਮਾਤਾ, ਪਿਤਾ, ਬੱਚਿਆਂ, ਅਤੇ ਮੁਲਾਕਾਤੀਆਂ—ਸਾਰਿਆਂ ਉੱਤੇ ਨਿਰਭਰ ਕਰਦਾ ਹੈ। ਕੀਨੀਆ ਵਿਚ ਅੱਠ ਬੱਚਿਆਂ ਦੀ ਇਕ ਮਾਂ ਨੇ ਕਿਹਾ: “ਸਾਰਿਆਂ ਨੇ ਆਪੋ-ਆਪਣਾ ਭਾਗ ਅਦਾ ਕਰਨਾ ਸਿੱਖਿਆ ਹੈ।” ਇਕ ਸਾਫ਼, ਸੁਥਰਾ ਘਰ ਪੂਰੇ ਪਰਿਵਾਰ ਨੂੰ ਮਹਿਮਾ ਲਿਆਉਂਦਾ ਹੈ। ਇਕ ਸਪੇਨੀ ਕਹਾਵਤ ਬਿਆਨ ਕਰਦੀ ਹੈ: “ਗ਼ਰੀਬੀ ਅਤੇ ਸਫ਼ਾਈ ਵਿਚ ਕੋਈ ਵਿਰੋਧ ਨਹੀਂ ਹੈ।” ਭਾਵੇਂ ਕਿ ਇਕ ਵਿਅਕਤੀ ਇਕ ਹਵੇਲੀ, ਇਕ ਅਪਾਟਮੰਟ, ਇਕ ਸਰਲ ਘਰ, ਜਾਂ ਇਕ ਖੋਖੇ ਵਿਚ ਰਹਿੰਦਾ ਹੋਵੇ, ਇਕ ਜ਼ਿਆਦਾ ਸਿਹਤਮੰਦ ਪਰਿਵਾਰ ਦੀ ਕੁੰਜੀ ਸਫ਼ਾਈ ਹੈ।

ਉਤਸ਼ਾਹ ਹਾਸਲ ਕਰਨ ਨਾਲ ਅਸੀਂ ਫਲਦੇ-ਫੁੱਲਦੇ ਹਾਂ

21. ਕਹਾਉਤਾਂ 31:28 ਦੇ ਅਨੁਸਾਰ, ਕਿਹੜੀ ਚੀਜ਼ ਇਕ ਗ੍ਰਹਿਸਥ ਵਿਚ ਖ਼ੁਸ਼ੀ ਲਿਆਉਣ ਲਈ ਮਦਦ ਕਰੇਗੀ?

21 ਇਕ ਪਤਵੰਤੀ ਪਤਨੀ ਦੀ ਚਰਚਾ ਕਰਦਿਆਂ, ਕਹਾਉਤਾਂ ਦੀ ਪੁਸਤਕ ਕਹਿੰਦੀ ਹੈ: “ਉਹ ਦੇ ਬੱਚੇ ਉੱਠ ਕੇ ਉਹ ਨੂੰ ਧੰਨ ਧੰਨ ਆਖਦੇ ਹਨ, ਅਤੇ ਉਹ ਦਾ ਪਤੀ ਵੀ, ਅਤੇ ਉਹ ਉਹ ਦੀ ਸਲਾਹੁਤ ਕਰਦਾ ਹੈ।” (ਕਹਾਉਤਾਂ 31:28) ਤੁਸੀਂ ਪਿਛਲੀ ਵਾਰ ਆਪਣੇ ਪਰਿਵਾਰ ਦੇ ਕਿਸੇ ਸਦੱਸ ਦੀ ਤਾਰੀਫ਼ ਕਦੋਂ ਕੀਤੀ ਸੀ? ਅਸਲ ਵਿਚ, ਅਸੀਂ ਬਸੰਤ ਰੁੱਤ ਦਿਆਂ ਪੌਦਿਆਂ ਵਾਂਗ ਹਾਂ ਜੋ ਥੋੜ੍ਹਾ ਨਿੱਘ ਅਤੇ ਗਿੱਲ ਹਾਸਲ ਕਰਨ ਤੇ ਹੀ ਖਿੜਨ ਲਈ ਤਿਆਰ ਹਨ। ਸਾਡੇ ਮਾਮਲੇ ਵਿਚ, ਸਾਨੂੰ ਤਾਰੀਫ਼ ਦੇ ਨਿੱਘ ਦੀ ਜ਼ਰੂਰਤ ਹੈ। ਇਕ ਪਤਨੀ ਲਈ ਇਹ ਜਾਣਨਾ ਸਹਾਇਕ ਹੈ ਕਿ ਉਸ ਦਾ ਪਤੀ ਉਸ ਦੀ ਸਖ਼ਤ ਮਿਹਨਤ ਅਤੇ ਪ੍ਰੇਮਪੂਰਣ ਦੇਖ-ਭਾਲ ਦੀ ਕਦਰ ਕਰਦਾ ਹੈ ਅਤੇ ਉਹ ਉਸ ਨੂੰ ਸਾਧਾਰਣ ਨਹੀਂ ਸਮਝ­ਦਾ ਹੈ। (ਕਹਾਉਤਾਂ 15:23; 25:11) ਅਤੇ ਇਹ ਚੰਗਾ ਲੱਗਦਾ ਹੈ ਜਦੋਂ ਇਕ ਪਤਨੀ ਆਪਣੇ ਪਤੀ ਨੂੰ ਉਸ ਦੇ ਘਰ ਦੇ ਅੰਦਰ ਅਤੇ ਬਾਹਰ ਦੇ ਕੰਮ ਲਈ ਸ਼ਲਾਘਾ ਕਰਦੀ ਹੈ। ਬੱਚੇ ਵੀ ਖਿੜਦੇ ਹਨ ਜਦੋਂ ਉਨ੍ਹਾਂ ਦੇ ਮਾਂ-ਪਿਉ ਉਨ੍ਹਾਂ ਨੂੰ ਘਰ ਵਿਖੇ, ਸਕੂਲ ਵਿਖੇ, ਜਾਂ ਮਸੀਹੀ ਕਲੀਸਿਯਾ ਵਿਚ ਉਨ੍ਹਾਂ ਦੇ ਜਤਨਾਂ ਦੀ ਵਡਿਆਈ ਕਰਦੇ ਹਨ। ਅਤੇ ਥੋੜ੍ਹਾ-ਬਹੁਤਾ ਸ਼ੁਕਰੀਆ ਕੀ ਹੀ ਫਲ ਲਿਆਉਂਦਾ ਹੈ! “ਸ਼ੁਕਰੀਆ” ਕਹਿਣ ਦਾ ਕੀ ਮੁੱਲ ਲੱਗਦਾ ਹੈ? ਬਹੁਤ ਹੀ ਥੋੜ੍ਹਾ, ਪਰੰਤੂ ਪਰਿਵਾਰਕ ਮਨੋਬਲ ਵਿਚ ਨਫਾ ਕਾਫ਼ੀ ਵੱਡਾ ਹੋ ਸਕਦਾ ਹੈ।

22. ਇਕ ਗ੍ਰਹਿਸਥ ਨੂੰ “ਪੱਕੀ ਤਰ੍ਹਾਂ ਨਾਲ ਸਥਾਪਿਤ ਸਾਬਤ” ਕਰਨ ਲਈ ਕੀ ਜ਼ਰੂਰੀ ਹੈ, ਅਤੇ ਇਹ ਕਿਸ ਤਰ੍ਹਾਂ ਹਾਸਲ ਕੀਤਾ ਜਾ ਸਕਦਾ ਹੈ?

22 ਬਹੁਤੇਰਿਆਂ ਕਾਰਨਾਂ ਕਰਕੇ, ਇਕ ਗ੍ਰਹਿਸਥ ਨੂੰ ਚਲਾਉਣਾ ਸੌਖਾ ਨਹੀਂ ਹੈ। ਫਿਰ ਵੀ, ਇਹ ਸਫ਼ਲਤਾ ਦੇ ਨਾਲ ਕੀਤਾ ਜਾ ਸਕਦਾ ਹੈ। ਇਕ ਬਾਈਬਲ ਕਹਾਵਤ ਕਹਿੰਦੀ ਹੈ: “ਬੁੱਧ ਨਾਲ ਘਰ ਬਣਾਈਦਾ ਹੈ, ਅਤੇ ਸਮਝ ਨਾਲ ਉਹ ਅਸਥਿਰ ਰਹਿੰਦਾ ਹੈ [“ਪੱਕੀ ਤਰ੍ਹਾਂ ਨਾਲ ਸਥਾਪਿਤ ਸਾਬਤ ਹੋਵੇਗਾ,” ਨਿਵ]।” (ਕਹਾਉਤਾਂ 24:3) ਬੁੱਧ ਅਤੇ ਸਮਝ ਹਾਸਲ ਕੀਤੀਆਂ ਜਾ ਸਕਦੀਆਂ ਹਨ ਜੇਕਰ ਪਰਿਵਾਰ ਵਿਚ ਸਭ ਲੋਕ ਪਰਮੇਸ਼ੁਰ ਦੀ ਇੱਛਾ ਸਿੱਖਣ ਅਤੇ ਆਪਣਿਆਂ ਜੀਵਨਾਂ ਵਿਚ ਉਸ ਨੂੰ ਲਾਗੂ ਕਰਨ ਲਈ ਮਿਹਨਤ ਕਰਨ। ਨਿਸ਼ਚੇ ਹੀ ਇਕ ਖ਼ੁਸ਼ ਪਰਿਵਾਰ ਜਤਨ ਦੇ ਯੋਗ ਹੈ!

a ਦਸਤ—ਇਕ ਆਮ ਬੀਮਾਰੀ ਜਿਸ ਦੇ ਕਾਰਨ ਅਨੇਕ ਨਿਆਣਿਆਂ ਦੀ ਮੌਤ ਹੁੰਦੀ ਹੈ—ਤੋਂ ਬਚਣ ਦੇ ਬਾਰੇ ਸਲਾਹ ਦੇਣ ਵਾਲੇ ਇਕ ਕਿਤਾਬਚੇ ਵਿਚ ਵਿਸ਼ਵ ਸਿਹਤ ਸੰਗਠਨ ਬਿਆਨ ਕਰਦਾ ਹੈ: “ਜੇਕਰ ਪਖਾਨਾ ਨਾ ਹੋਵੇ, ਤਾਂ ਘਰ ਤੋਂ ਦੂਰ, ਅਤੇ ਉਨ੍ਹਾਂ ਸਥਾਨਾਂ ਤੋਂ ਪਰੇ ਜਿੱਥੇ ਬੱਚੇ ਖੇਡਦੇ ਹਨ, ਅਤੇ ਪਾਣੀ ਦੀ ਸਪਲਾਈ ਤੋਂ ਘੱਟ ਤੋਂ ਘੱਟ 10 ਮੀਟਰ ਪਰੇ ਜਾ ਕੇ ਮਲ ਤਿਆਗੋ; ਮਲ-ਮੂਤਰ ਨੂੰ ਮਿੱਟੀ ਨਾਲ ਢਕੋ।”

ਇਹ ਬਾਈਬਲ ਸਿਧਾਂਤ ਇਕ ਪਰਿਵਾਰ ਨੂੰ . . . ਆਪਣੇ ਗ੍ਰਹਿਸਥ ਦੇ ਪ੍ਰਬੰਧ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਨ?

ਜੀਵਨ ਦੀਆਂ ਲੋੜੀਂਦੀਆਂ ਵਸਤਾਂ ਨਾਲ ਸੰਤੁਸ਼ਟ ਰਹਿਣਾ ਬੁੱਧੀਮਤਾ ਹੈ।—1 ਤਿਮੋਥਿਉਸ 6:7, 8.

ਯਹੋਵਾਹ ਉਨ੍ਹਾਂ ਨੂੰ ਨਹੀਂ ਤਿਆਗੇਗਾ ਜੋ ਉਸ ਦੀ ਸੇਵਾ ਕਰਦੇ ਹਨ।—ਇਬਰਾਨੀਆਂ 13:5, 6.

ਦੂਜਿਆਂ ਦੇ ਪ੍ਰਤੀ ਪ੍ਰੇਮ ਇਕ ਪ੍ਰਮੁੱਖ ਮਸੀਹੀ ਗੁਣ ਹੈ।—ਮੱਤੀ 22:39.

ਮਸੀਹੀ ਲੋਕ ਸਰੀਰ ਅਤੇ ਆਤਮਾ ਵਿਚ ਸ਼ੁੱਧ ਰਹਿੰਦੇ ਹਨ। —2 ਕੁਰਿੰਥੀਆਂ 7:1.

ਸਾਫ਼ ਪਾਣੀ, ਅੱਛੀ ਸਿਹਤ

ਵਿਸ਼ਵ ਸਿਹਤ ਸੰਗਠਨ ਉਨ੍ਹਾਂ ਦੇਸ਼ਾਂ ਦਿਆਂ ਲੋਕਾਂ ਲਈ ਕੁਝ ਵਿਵਹਾਰਕ ਸੁਝਾਅ ਪੇਸ਼ ਕਰਦਾ ਹੈ ਜਿੱਥੇ ਸਾਫ਼ ਪਾਣੀ ਪ੍ਰਾਪਤ ਕਰਨਾ ਸ਼ਾਇਦ ਕਠਿਨ ਹੋਵੇ ਅਤੇ ਸਫ਼ਾਈ ਦੇ ਤਰੀਕੇ ਸ਼ਾਇਦ ਪ੍ਰਾਚੀਨ ਹੋਣ।

“ਪੀਣ ਦਾ ਪਾਣੀ ਇਕੱਠਾ ਕਰੋ ਅਤੇ ਸਾਫ਼ ਭਾਂਡਿਆਂ ਵਿਚ ਰੱਖੋ। ਭਾਂਡਿਆਂ ਨੂੰ ਢੱਕ ਕੇ ਰੱਖੋ ਅਤੇ ਬੱਚਿਆਂ ਜਾਂ ਪਸ਼ੂਆਂ ਨੂੰ ਉਨ੍ਹਾਂ ਤੋਂ ਪੀਣ ਨਾ ਦਿਓ। . . . ਕੇਵਲ ਇਕ ਲੰਬੀ ਡੰਡੀ ਵਾਲੀ ਕੜਛੀ ਨਾਲ ਹੀ ਪਾਣੀ ਕੱਢੋ, ਜੋ ਖ਼ਾਸ ਤੌਰ ਤੇ ਉਸੇ ਮਕਸਦ ਲਈ ਰੱਖੀ ਗਈ ਹੈ। ਭਾਂਡੇ ਨੂੰ ਹਰ ਰੋਜ਼ ਖਾਲੀ ਕਰ ਕੇ ਧੋਵੋ।

“ਛੋਟੇ ਬੱਚਿਆਂ ਦਾ ਭੋਜਨ ਜਾਂ ਪੇਉ ਪਦਾਰਥ ਬਣਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਪਾਣੀ ਨੂੰ ਉਬਾਲੋ। . . . ਪਾਣੀ ਨੂੰ ਕੁਝ ਹੀ ਸਕਿੰਟਾਂ ਲਈ ਉਬਾਲਣ ਦੀ ਜ਼ਰੂਰਤ ਹੈ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ