ਜਨਵਰੀ
ਬੁੱਧਵਾਰ 1 ਜਨਵਰੀ
ਇਕ ਜਵਾਨ ਆਦਮੀ ਦੀ ਅਰਥੀ ਲਿਜਾਈ ਜਾ ਰਹੀ ਸੀ ਜੋ ਆਪਣੀ ਵਿਧਵਾ ਮਾਂ ਦਾ ਇੱਕੋ-ਇਕ ਪੁੱਤ ਸੀ।—ਲੂਕਾ 7:12.
ਪਹਿਲਾਂ ਯਿਸੂ ਨੇ ਦੁੱਖਾਂ ਦੀ ਮਾਰੀ ਮਾਂ ਵੱਲ “ਦੇਖਿਆ,” ਫਿਰ “ਉਸ ਨੂੰ ਉਸ ਉੱਤੇ ਬੜਾ ਤਰਸ ਆਇਆ।” (ਲੂਕਾ 7:13) ਪਰ ਉਸ ਨੂੰ ਉਸ ਮਾਂ ʼਤੇ ਸਿਰਫ਼ ਤਰਸ ਹੀ ਨਹੀਂ ਆਇਆ, ਸਗੋਂ ਉਸ ਨੇ ਉਸ ਲਈ ਕੁਝ ਕੀਤਾ ਵੀ। ਯਿਸੂ ਨੇ ਉਸ ਨੂੰ ਕਿਹਾ: “ਨਾ ਰੋ।” ਬਿਨਾਂ ਸ਼ੱਕ, ਯਿਸੂ ਨੇ ਬੜੇ ਪਿਆਰ ਨਾਲ ਇੱਦਾਂ ਕਿਹਾ ਹੋਣਾ। ਫਿਰ ਯਿਸੂ ਨੇ ਉਸ ਮਾਂ ਦੀ ਮਦਦ ਕਰਨ ਲਈ ਉਸ ਦੇ ਪੁੱਤਰ ਨੂੰ ਦੁਬਾਰਾ ਜੀਉਂਦਾ ਕਰ ਦਿੱਤਾ ਅਤੇ “ਮੁੰਡੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ।” (ਲੂਕਾ 7:14, 15) ਯਿਸੂ ਦੇ ਇਸ ਚਮਤਕਾਰ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਇਹੀ ਕਿ ਸਾਨੂੰ ਸੋਗ ਮਨਾਉਣ ਵਾਲਿਆਂ ਨਾਲ ਹਮਦਰਦੀ ਜਤਾਉਣੀ ਚਾਹੀਦੀ ਹੈ। ਅਸੀਂ ਉਸ ਵਾਂਗ ਉਨ੍ਹਾਂ ਨਾਲ ਦਇਆ ਨਾਲ ਪੇਸ਼ ਆ ਸਕਦੇ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆਇਆ ਹੈ। ਅਸੀਂ ਹਮਦਰਦੀ ਕਿਵੇਂ ਜਤਾ ਸਕਦੇ ਹਾਂ? ਅਸੀਂ ਅਜਿਹੇ ਭੈਣਾਂ-ਭਰਾਵਾਂ ਵੱਲ ਥੋੜ੍ਹਾ ਹੋਰ ਧਿਆਨ ਦੇ ਸਕਦੇ ਹਾਂ। ਅਸੀਂ ਆਪ ਪਹਿਲ ਕਰ ਕੇ ਆਪਣੀਆਂ ਗੱਲਾਂ ਨਾਲ ਉਨ੍ਹਾਂ ਨੂੰ ਦਿਲਾਸਾ ਦੇ ਸਕਦੇ ਹਾਂ ਜਾਂ ਉਨ੍ਹਾਂ ਲਈ ਕੁਝ ਕਰ ਸਕਦੇ ਹਾਂ। (ਕਹਾ. 17:17; 2 ਕੁਰਿੰ. 1:3, 4; 1 ਪਤ. 3:8) ਪਿਆਰ ਨਾਲ ਕਹੇ ਸਾਡੇ ਇਕ-ਦੋ ਸ਼ਬਦਾਂ ਜਾਂ ਸਾਡੇ ਹਾਵਾਂ-ਭਾਵਾਂ ਤੋਂ ਹੀ ਉਨ੍ਹਾਂ ਨੂੰ ਬਹੁਤ ਹੌਸਲਾ ਮਿਲ ਸਕਦਾ ਹੈ। w23.04 5-6 ਪੈਰੇ 13-15
ਵੀਰਵਾਰ 2 ਜਨਵਰੀ
ਇਸ ਬੀਮਾਰੀ ਦਾ ਅੰਜਾਮ ਮੌਤ ਨਹੀਂ, ਸਗੋਂ ਇਸ ਨਾਲ ਪਰਮੇਸ਼ੁਰ ਦੀ ਮਹਿਮਾ ਹੋਵੇਗੀ।—ਯੂਹੰ. 11:4.
ਭਾਵੇਂ ਯਿਸੂ ਜਾਣਦਾ ਹੈ ਕਿ ਉਸ ਦੇ ਦੋਸਤ ਦੀ ਮੌਤ ਹੋ ਗਈ ਹੈ, ਪਰ ਉਹ ਉੱਥੇ ਦੋ ਦਿਨ ਹੋਰ ਰੁਕਦਾ ਹੈ ਅਤੇ ਫਿਰ ਬੈਥਨੀਆ ਲਈ ਤੁਰ ਪੈਂਦਾ ਹੈ। ਜਦ ਤਕ ਯਿਸੂ ਉੱਥੇ ਪਹੁੰਚਦਾ ਹੈ, ਉਦੋਂ ਤਕ ਲਾਜ਼ਰ ਨੂੰ ਮਰਿਆਂ ਚਾਰ ਦਿਨ ਹੋ ਜਾਂਦੇ ਹਨ। ਪਰ ਯਿਸੂ ਕੁਝ ਅਜਿਹਾ ਕਰਨ ਬਾਰੇ ਸੋਚਦਾ ਹੈ ਜਿਸ ਨਾਲ ਨਾ ਸਿਰਫ਼ ਉਸ ਦੇ ਦੋਸਤਾਂ ਨੂੰ ਫ਼ਾਇਦਾ ਹੋਵੇਗਾ, ਸਗੋਂ ਪਰਮੇਸ਼ੁਰ ਦੀ ਵੀ ਮਹਿਮਾ ਹੋਵੇਗੀ। (ਯੂਹੰ. 11:6, 11, 17) ਇਸ ਬਿਰਤਾਂਤ ਤੋਂ ਅਸੀਂ ਦੋਸਤੀ ਬਾਰੇ ਇਕ ਬਹੁਤ ਵਧੀਆ ਗੱਲ ਸਿੱਖ ਸਕਦੇ ਹਾਂ। ਧਿਆਨ ਦਿਓ ਕਿ ਜਦੋਂ ਮਰੀਅਮ ਅਤੇ ਮਾਰਥਾ ਨੇ ਯਿਸੂ ਨੂੰ ਸੁਨੇਹਾ ਭੇਜਿਆ, ਤਾਂ ਉਨ੍ਹਾਂ ਨੇ ਉਸ ਨੂੰ ਇਹ ਨਹੀਂ ਕਿਹਾ ਕਿ ਉਹ ਬੈਥਨੀਆ ਆ ਜਾਵੇ। ਉਨ੍ਹਾਂ ਨੇ ਉਸ ਨੂੰ ਬਸ ਇਹੀ ਦੱਸਿਆ ਕਿ ਉਸ ਦਾ ਦੋਸਤ ਬੀਮਾਰ ਹੈ। (ਯੂਹੰ. 11:3) ਨਾਲੇ ਜਦੋਂ ਲਾਜ਼ਰ ਦੀ ਮੌਤ ਹੋਈ, ਤਾਂ ਯਿਸੂ ਚਾਹੁੰਦਾ ਤਾਂ ਉੱਥੋਂ ਹੀ ਉਸ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਸੀ। ਫਿਰ ਵੀ ਯਿਸੂ ਨੇ ਬੈਥਨੀਆ ਜਾਣ ਦਾ ਫ਼ੈਸਲਾ ਕੀਤਾ ਤਾਂਕਿ ਉਹ ਇਸ ਔਖੀ ਘੜੀ ਵਿਚ ਮਰੀਅਮ ਤੇ ਮਾਰਥਾ ਦੇ ਨਾਲ ਹੋਵੇ। ਕੀ ਤੁਹਾਡਾ ਵੀ ਕੋਈ ਦੋਸਤ ਹੈ ਜੋ ਬਿਨਾਂ ਕਹੇ ਤੁਹਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ? ਜੇ ਹਾਂ, ਤਾਂ ਤੁਸੀਂ ਜਾਣਦੇ ਹੋ ਕਿ “ਦੁੱਖ ਦੀ ਘੜੀ” ਵਿਚ ਤੁਸੀਂ ਉਸ ʼਤੇ ਭਰੋਸਾ ਕਰ ਸਕਦੇ ਹੋ। (ਕਹਾ. 17:17) ਕਿਉਂ ਨਾ ਅਸੀਂ ਵੀ ਦੂਜਿਆਂ ਲਈ ਯਿਸੂ ਵਰਗੇ ਦੋਸਤ ਬਣੀਏ? w23.04 10 ਪੈਰੇ 10-11
ਸ਼ੁੱਕਰਵਾਰ 3 ਜਨਵਰੀ
ਵਾਅਦਾ ਕਰਨ ਵਾਲਾ ਵਫ਼ਾਦਾਰ ਹੈ।—ਇਬ. 10:23.
ਜਦੋਂ ਅਸੀਂ ਕਿਸੇ ਮੁਸ਼ਕਲ ਵਿੱਚੋਂ ਲੰਘ ਰਹੇ ਹੁੰਦੇ ਹਾਂ, ਤਾਂ ਸ਼ਾਇਦ ਸਾਨੂੰ ਲੱਗੇ ਕਿ ਪਤਾ ਨਹੀਂ ਨਵੀਂ ਦੁਨੀਆਂ ਕਦੋਂ ਆਵੇਗੀ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਾਡੀ ਨਿਹਚਾ ਕਮਜ਼ੋਰ ਹੋ ਗਈ ਹੈ? ਨਹੀਂ, ਇਹ ਜ਼ਰੂਰੀ ਨਹੀਂ। ਜ਼ਰਾ ਇਸ ਉਦਾਹਰਣ ʼਤੇ ਗੌਰ ਕਰੋ। ਜਦੋਂ ਸਰਦੀਆਂ ਦਾ ਮੌਸਮ ਹੁੰਦਾ ਹੈ ਅਤੇ ਕੜਾਕੇ ਦੀ ਠੰਢ ਪੈਂਦੀ ਹੈ, ਤਾਂ ਸ਼ਾਇਦ ਸਾਨੂੰ ਲੱਗੇ ਕਿ ਪਤਾ ਨਹੀਂ ਗਰਮੀਆਂ ਕਦੋਂ ਆਉਣਗੀਆਂ। ਪਰ ਸਾਨੂੰ ਪੂਰਾ ਯਕੀਨ ਹੁੰਦਾ ਹੈ ਕਿ ਗਰਮੀਆਂ ਆਉਣਗੀਆਂ ਤਾਂ ਜ਼ਰੂਰ। ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਬਹੁਤ ਨਿਰਾਸ਼ ਹੋ ਜਾਂਦੇ ਹਾਂ, ਤਾਂ ਸ਼ਾਇਦ ਸਾਨੂੰ ਲੱਗੇ ਕਿ ਪਤਾ ਨਹੀਂ ਨਵੀਂ ਦੁਨੀਆਂ ਕਦੋਂ ਆਵੇਗੀ। ਪਰ ਜੇ ਸਾਡੀ ਨਿਹਚਾ ਮਜ਼ਬੂਤ ਹੋਵੇਗੀ, ਤਾਂ ਸਾਨੂੰ ਯਕੀਨ ਹੋਵੇਗਾ ਕਿ ਪਰਮੇਸ਼ੁਰ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ। (ਜ਼ਬੂ. 94:3, 14, 15; ਇਬ. 6:17-19) ਨਾਲੇ ਇਹ ਯਕੀਨ ਹੋਣ ਕਰਕੇ ਅਸੀਂ ਯਹੋਵਾਹ ਦੀ ਭਗਤੀ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇ ਸਕਾਂਗੇ। ਪ੍ਰਚਾਰ ਕਰਦੇ ਰਹਿਣ ਲਈ ਵੀ ਮਜ਼ਬੂਤ ਨਿਹਚਾ ਹੋਣੀ ਬਹੁਤ ਜ਼ਰੂਰੀ ਹੈ। ਉਹ ਕਿਉਂ? ਕਿਉਂਕਿ ਜਦੋਂ ਅਸੀਂ ਲੋਕਾਂ ਨੂੰ “ਖ਼ੁਸ਼ ਖ਼ਬਰੀ” ਸੁਣਾਉਂਦੇ ਹਾਂ ਕਿ ਬਹੁਤ ਜਲਦ ਪਰਮੇਸ਼ੁਰ ਇਕ ਨਵੀਂ ਦੁਨੀਆਂ ਲਿਆਉਣ ਵਾਲਾ ਹੈ, ਤਾਂ ਕਈਆਂ ਨੂੰ ਲੱਗਦਾ ਹੈ ਕਿ ਇਹ ਤਾਂ ਸਿਰਫ਼ ਕਹਿਣ ਦੀਆਂ ਗੱਲਾਂ ਹਨ, ਇੱਦਾਂ ਕਦੇ ਨਹੀਂ ਹੋਣਾ। (ਮੱਤੀ 24:14; ਹਿਜ਼. 33:32) ਅਸੀਂ ਕਦੇ ਵੀ ਉਨ੍ਹਾਂ ਲੋਕਾਂ ਵਾਂਗ ਯਹੋਵਾਹ ਦੇ ਵਾਅਦੇ ʼਤੇ ਸ਼ੱਕ ਨਹੀਂ ਕਰਾਂਗੇ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਨਿਹਚਾ ਮਜ਼ਬੂਤ ਕਰਦੇ ਰਹੀਏ। w23.04 27 ਪੈਰੇ 6-7; 28 ਪੈਰਾ 14
ਸ਼ਨੀਵਾਰ 4 ਜਨਵਰੀ
ਸਾਨੂੰ ਇਹ ਭਰੋਸਾ ਹੈ ਕਿ ਅਸੀਂ ਉਸ ਤੋਂ ਜੋ ਵੀ ਮੰਗਦੇ ਹਾਂ, ਉਹ ਸਾਨੂੰ ਜ਼ਰੂਰ ਮਿਲੇਗਾ ਕਿਉਂਕਿ ਅਸੀਂ ਉਸ ਤੋਂ ਮੰਗਿਆ ਹੈ।—1 ਯੂਹੰ. 5:15.
ਕੀ ਤੁਹਾਨੂੰ ਕਦੇ ਇੱਦਾਂ ਲੱਗਾ ਕਿ ਯਹੋਵਾਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇ ਵੀ ਰਿਹਾ ਹੈ ਜਾਂ ਨਹੀਂ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਵੀ ਇੱਦਾਂ ਹੀ ਲੱਗਾ ਹੈ, ਖ਼ਾਸ ਕਰਕੇ ਉਦੋਂ ਜਦੋਂ ਉਹ ਮੁਸ਼ਕਲਾਂ ਵਿੱਚੋਂ ਲੰਘ ਰਹੇ ਸਨ। ਜੇ ਅਸੀਂ ਵੀ ਕਿਸੇ ਮੁਸ਼ਕਲ ਵਿੱਚੋਂ ਲੰਘ ਰਹੇ ਹਾਂ, ਤਾਂ ਸਾਡੇ ਲਈ ਵੀ ਇਹ ਸਮਝਣਾ ਔਖਾ ਹੋ ਸਕਦਾ ਹੈ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦੇ ਰਿਹਾ ਹੈ। ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ? ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਅਸੀਂ ਉਸ ਦੀਆਂ ਨਜ਼ਰਾਂ ਵਿਚ ਅਨਮੋਲ ਹਾਂ। (ਹੱਜ. 2:7; 1 ਯੂਹੰ. 4:10) ਇਸੇ ਕਰਕੇ ਉਹ ਸਾਨੂੰ ਪ੍ਰਾਰਥਨਾ ਕਰਨ ਦਾ ਸੱਦਾ ਦਿੰਦਾ ਹੈ। (1 ਪਤ. 5:6, 7) ਉਹ ਚਾਹੁੰਦਾ ਹੈ ਕਿ ਸਾਡਾ ਉਸ ਨਾਲ ਵਧੀਆ ਰਿਸ਼ਤਾ ਬਣਿਆ ਰਹੇ ਅਤੇ ਅਸੀਂ ਡਟ ਕੇ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਰਹੀਏ। ਇਸ ਲਈ ਉਹ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ। ਬਾਈਬਲ ਵਿਚ ਅਸੀਂ ਅਕਸਰ ਪੜ੍ਹਦੇ ਹਾਂ ਕਿ ਯਹੋਵਾਹ ਨੇ ਆਪਣੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਦਿੱਤੇ ਸਨ। ਕੀ ਤੁਹਾਡੇ ਮਨ ਵਿਚ ਕਿਸੇ ਦਾ ਨਾਂ ਆਉਂਦਾ ਹੈ? w23.05 8 ਪੈਰੇ 1-4
ਐਤਵਾਰ 5 ਜਨਵਰੀ
ਮਰੀਅਮ ਨੇ ਕਿਹਾ: “ਮੈਂ ਯਹੋਵਾਹ ਦਾ ਗੁਣਗਾਨ ਕਰਦੀ ਹਾਂ।”—ਲੂਕਾ 1:46.
ਮਰੀਅਮ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਸੀ। ਉਹ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਯੂਸੁਫ਼ ʼਤੇ ਨਿਰਭਰ ਨਹੀਂ ਸੀ। ਇਸ ਦੀ ਬਜਾਇ, ਆਪਣੀ ਨਿਹਚਾ ਮਜ਼ਬੂਤ ਕਰਨ ਲਈ ਉਸ ਨੇ ਖ਼ੁਦ ਸਖ਼ਤ ਮਿਹਨਤ ਕੀਤੀ। ਉਸ ਨੂੰ ਪਵਿੱਤਰ ਲਿਖਤਾਂ ਦਾ ਚੰਗਾ ਗਿਆਨ ਸੀ। ਉਹ ਸਿੱਖੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨ ਲਈ ਸਮਾਂ ਵੀ ਕੱਢਦੀ ਸੀ। (ਲੂਕਾ 2:19, 51) ਬਿਨਾਂ ਸ਼ੱਕ, ਯਹੋਵਾਹ ਨਾਲ ਵਧੀਆ ਰਿਸ਼ਤਾ ਹੋਣ ਕਰਕੇ ਮਰੀਅਮ ਇਕ ਚੰਗੀ ਪਤਨੀ ਬਣ ਸਕੀ। ਅੱਜ ਵੀ ਮਸੀਹੀ ਪਤਨੀਆਂ ਮਰੀਅਮ ਵਾਂਗ ਬਣਨ ਦੀ ਕੋਸ਼ਿਸ਼ ਕਰਦੀਆਂ ਹਨ। ਜ਼ਰਾ ਭੈਣ ਐਮੀਕੋ ਦੀ ਮਿਸਾਲ ʼਤੇ ਗੌਰ ਕਰੋ। ਉਹ ਦੱਸਦੀ ਹੈ: “ਵਿਆਹ ਤੋਂ ਪਹਿਲਾਂ ਭਗਤੀ ਨਾਲ ਜੁੜੇ ਕੰਮ ਕਰਨ ਦਾ ਮੇਰਾ ਵਧੀਆ ਸ਼ਡਿਉਲ ਸੀ। ਪਰ ਵਿਆਹ ਤੋਂ ਬਾਅਦ ਮੇਰੇ ਪਤੀ ਹੀ ਸਾਡੇ ਲਈ ਪ੍ਰਾਰਥਨਾ ਕਰਦੇ ਸਨ ਅਤੇ ਭਗਤੀ ਨਾਲ ਜੁੜੇ ਕੰਮਾਂ ਵਿਚ ਅਗਵਾਈ ਕਰਦੇ ਸਨ। ਇਸ ਲਈ ਮੈਨੂੰ ਲੱਗਣ ਲੱਗਾ ਕਿ ਮੈਂ ਇਹ ਸਾਰਾ ਕੁਝ ਕਰਨ ਲਈ ਉਨ੍ਹਾਂ ʼਤੇ ਹੀ ਨਿਰਭਰ ਹੋ ਗਈ ਹਾਂ। ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਮੈਨੂੰ ਹੀ ਮਿਹਨਤ ਕਰਨੀ ਪੈਣੀ। ਇਸ ਲਈ ਹੁਣ ਮੈਂ ਇਕੱਲਿਆਂ ਪ੍ਰਾਰਥਨਾ ਕਰਨ, ਬਾਈਬਲ ਪੜ੍ਹਨ ਅਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢਦੀ ਹਾਂ।” (ਗਲਾ. 6:5) ਪਤਨੀਓ, ਜੇ ਤੁਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਲਗਾਤਾਰ ਮਿਹਨਤ ਕਰਦੀਆਂ ਹੋ, ਤਾਂ ਤੁਹਾਡੇ ਪਤੀ ਤੁਹਾਨੂੰ ਹੋਰ ਵੀ ਜ਼ਿਆਦਾ ਪਿਆਰ ਕਰਨਗੇ ਅਤੇ ਤੁਹਾਡੀ ਤਾਰੀਫ਼ ਕਰਨਗੇ।—ਕਹਾ. 31:30. w23.05 22 ਪੈਰਾ 6
ਸੋਮਵਾਰ 6 ਜਨਵਰੀ
ਮੈਂ ਤੁਹਾਨੂੰ ਯਹੋਵਾਹ ਦਾ ਡਰ ਮੰਨਣਾ ਸਿਖਾਵਾਂਗਾ।—ਜ਼ਬੂ. 34:11.
ਸਾਡੇ ਵਿਚ ਜਨਮ ਤੋਂ ਹੀ ਯਹੋਵਾਹ ਦਾ ਡਰ ਨਹੀਂ ਹੁੰਦਾ, ਸਗੋਂ ਸਾਨੂੰ ਇਹ ਪੈਦਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ, ਸ੍ਰਿਸ਼ਟੀ ਦੀਆਂ ਚੀਜ਼ਾਂ ʼਤੇ ਸੋਚ-ਵਿਚਾਰ ਕਰਨਾ। ਜਦੋਂ ਸਾਨੂੰ ਪਰਮੇਸ਼ੁਰ ਦੀਆਂ “ਬਣਾਈਆਂ ਚੀਜ਼ਾਂ” ਤੋਂ ਉਸ ਦੀ ਬੁੱਧ, ਸ਼ਕਤੀ ਅਤੇ ਸਾਡੇ ਲਈ ਉਸ ਦੇ ਗਹਿਰੇ ਪਿਆਰ ਦਾ ਅਹਿਸਾਸ ਹੁੰਦਾ ਹੈ, ਤਾਂ ਸਾਡੇ ਦਿਲ ਵਿਚ ਉਸ ਲਈ ਪਿਆਰ ਤੇ ਆਦਰ ਹੋਰ ਵੀ ਵਧਦਾ ਹੈ। (ਰੋਮੀ. 1:20) ਯਹੋਵਾਹ ਦਾ ਡਰ ਪੈਦਾ ਕਰਨ ਦਾ ਇਕ ਹੋਰ ਤਰੀਕਾ ਹੈ, ਬਾਕਾਇਦਾ ਪ੍ਰਾਰਥਨਾ ਕਰਨੀ। ਅਸੀਂ ਯਹੋਵਾਹ ਨੂੰ ਜਿੰਨੀ ਜ਼ਿਆਦਾ ਪ੍ਰਾਰਥਨਾ ਕਰਦੇ ਹਾਂ, ਅਸੀਂ ਉੱਨਾ ਜ਼ਿਆਦਾ ਉਸ ਨੂੰ ਜਾਣ ਪਾਉਂਦੇ ਹਨ। ਹਰ ਵਾਰ ਜਦੋਂ ਅਸੀਂ ਉਸ ਤੋਂ ਕਿਸੇ ਅਜ਼ਮਾਇਸ਼ ਨੂੰ ਝੱਲਣ ਲਈ ਤਾਕਤ ਮੰਗਦੇ ਹਾਂ, ਤਾਂ ਸਾਨੂੰ ਯਾਦ ਆਉਂਦਾ ਹੈ ਕਿ ਉਸ ਕੋਲ ਕਿੰਨੀ ਜ਼ਬਰਦਸਤ ਤਾਕਤ ਹੈ। ਜਦੋਂ ਅਸੀਂ ਪ੍ਰਾਰਥਨਾ ਵਿਚ ਉਸ ਦੇ ਪੁੱਤਰ ਦੀ ਕੁਰਬਾਨੀ ਲਈ ਸ਼ੁਕਰਗੁਜ਼ਾਰ ਹੁੰਦੇ ਹਾਂ, ਤਾਂ ਸਾਨੂੰ ਯਾਦ ਆਉਂਦਾ ਹੈ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ। ਨਾਲੇ ਜਦੋਂ ਅਸੀਂ ਕਿਸੇ ਸਮੱਸਿਆ ਦੇ ਹੱਲ ਵਾਸਤੇ ਉਸ ਨੂੰ ਮਦਦ ਲਈ ਤਰਲੇ ਕਰਦੇ ਹਾਂ, ਤਾਂ ਸਾਨੂੰ ਯਾਦ ਆਉਂਦਾ ਹੈ ਕਿ ਯਹੋਵਾਹ ਕਿੰਨਾ ਬੁੱਧੀਮਾਨ ਹੈ। ਇਸ ਤਰ੍ਹਾਂ ਪ੍ਰਾਰਥਨਾ ਕਰ ਕੇ ਸਾਡੇ ਦਿਲ ਵਿਚ ਯਹੋਵਾਹ ਲਈ ਆਦਰ ਹੋਰ ਵੀ ਵਧਦਾ ਜਾਂਦਾ ਹੈ। ਨਾਲੇ ਸਾਡਾ ਇਰਾਦਾ ਹੋਰ ਵੀ ਪੱਕਾ ਹੁੰਦਾ ਹੈ ਕਿ ਅਸੀਂ ਕੁਝ ਵੀ ਇੱਦਾਂ ਦਾ ਨਾ ਕਰੀਏ ਜਿਸ ਕਰਕੇ ਉਸ ਨਾਲ ਸਾਡੀ ਦੋਸਤੀ ਟੁੱਟ ਜਾਵੇ। w23.06 15 ਪੈਰੇ 6-7
ਮੰਗਲਵਾਰ 7 ਜਨਵਰੀ
ਯਹੋਵਾਹ ਸਾਡਾ ਕਾਨੂੰਨ ਦੇਣ ਵਾਲਾ ਹੈ।—ਯਸਾ. 33:22.
ਯਹੋਵਾਹ ਨੇ ਕਾਨੂੰਨਾਂ ਨੂੰ ਸੌਖੇ ਤਰੀਕੇ ਨਾਲ ਸਮਝਣ ਵਿਚ ਹਮੇਸ਼ਾ ਆਪਣੇ ਲੋਕਾਂ ਦੀ ਮਦਦ ਕੀਤੀ ਹੈ। ਉਦਾਹਰਣ ਲਈ, ਪਹਿਲੀ ਸਦੀ ਦੀ ਪ੍ਰਬੰਧਕ ਸਭਾ ਨੇ ਤਿੰਨ ਮਾਮਲਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਮਸੀਹੀਆਂ ਨੂੰ ਪੱਕੇ ਰਹਿਣਾ ਚਾਹੀਦਾ ਹੈ: (1) ਮੂਰਤੀ-ਪੂਜਾ ਨਹੀਂ ਕਰਨੀ, ਸਗੋਂ ਸਿਰਫ਼ ਯਹੋਵਾਹ ਦੀ ਭਗਤੀ ਕਰਨੀ ਹੈ, (2) ਖ਼ੂਨ ਨੂੰ ਪਵਿੱਤਰ ਸਮਝਣਾ ਹੈ ਅਤੇ (3) ਬਾਈਬਲ ਦੇ ਉੱਚੇ-ਸੁੱਚੇ ਮਿਆਰਾਂ ʼਤੇ ਚੱਲਣਾ ਹੈ। (ਰਸੂ. 15:28, 29) ਅੱਜ ਮਸੀਹੀ ਇਨ੍ਹਾਂ ਤਿੰਨਾਂ ਮਾਮਲਿਆਂ ਵਿਚ ਮਜ਼ਬੂਤੀ ਨਾਲ ਖੜ੍ਹੇ ਕਿਵੇਂ ਰਹਿ ਸਕਦੇ ਹਨ? ਯਹੋਵਾਹ ਦੀ ਭਗਤੀ ਕਰ ਕੇ ਅਤੇ ਉਸ ਦਾ ਕਹਿਣਾ ਮੰਨ ਕੇ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਸਿਰਫ਼ ਉਸ ਦੀ ਹੀ ਭਗਤੀ ਕਰਨ। (ਬਿਵ. 5:6-10) ਨਾਲੇ ਜਦੋਂ ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ, ਤਾਂ ਯਿਸੂ ਨੇ ਵੀ ਸਾਫ਼-ਸਾਫ਼ ਕਿਹਾ ਸੀ ਕਿ ਸਾਨੂੰ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨੀ ਚਾਹੀਦੀ ਹੈ। (ਮੱਤੀ 4:8-10) ਇਸ ਕਰਕੇ ਅਸੀਂ ਮੂਰਤੀ-ਪੂਜਾ ਨਹੀਂ ਕਰਦੇ। ਅਸੀਂ ਇਨਸਾਨਾਂ ਦੀ ਵੀ ਪੂਜਾ ਨਹੀਂ ਕਰਦੇ, ਫਿਰ ਚਾਹੇ ਉਹ ਧਾਰਮਿਕ ਆਗੂ, ਰਾਜਨੀਤਿਕ ਨੇਤਾ, ਖੇਡ ਜਾਂ ਮਨੋਰੰਜਨ ਦੀ ਦੁਨੀਆਂ ਦੇ ਸਿਤਾਰੇ ਹੀ ਕਿਉਂ ਨਾ ਹੋਣ। ਅਸੀਂ ਉਨ੍ਹਾਂ ਨੂੰ ਰੱਬ ਦਾ ਦਰਜਾ ਨਹੀਂ ਦਿੰਦੇ। ਅਸੀਂ ਯਹੋਵਾਹ ਦਾ ਪੱਖ ਲੈਂਦੇ ਹਾਂ ਅਤੇ ਸਿਰਫ਼ ਉਸ ਦੀ ਹੀ ਭਗਤੀ ਕਰਦੇ ਹਾਂ ਜਿਸ ਨੇ “ਸਾਰੀਆਂ ਚੀਜ਼ਾਂ ਸਿਰਜੀਆਂ” ਹਨ।—ਪ੍ਰਕਾ. 4:11. w23.07 14-15 ਪੈਰੇ 3-4
ਬੁੱਧਵਾਰ 8 ਜਨਵਰੀ
ਯਹੋਵਾਹ ਦਾ ਡਰ ਰੱਖਣ ਨਾਲ ਇਨਸਾਨ ਬੁਰਾਈ ਤੋਂ ਮੂੰਹ ਮੋੜ ਲੈਂਦਾ ਹੈ।—ਕਹਾ. 16:6.
ਸ਼ੈਤਾਨ ਦੀ ਦੁਨੀਆਂ ʼਤੇ ਹਰਾਮਕਾਰੀ ਕਰਨ, ਗੰਦੀਆਂ ਤਸਵੀਰਾਂ ਅਤੇ ਫ਼ਿਲਮਾਂ ਦੇਖਣ ਦਾ ਜਨੂਨ ਸਵਾਰ ਹੈ। (ਅਫ਼. 4:19) ਇਸ ਕਰਕੇ ਸਾਨੂੰ ਆਪਣੇ ਦਿਲ ਵਿਚ ਯਹੋਵਾਹ ਦਾ ਡਰ ਪੈਦਾ ਕਰਨਾ ਚਾਹੀਦਾ ਹੈ ਅਤੇ ਬੁਰਾਈ ਤੋਂ ਦੂਰ ਰਹਿਣਾ ਚਾਹੀਦਾ ਹੈ। ਕਹਾਉਤਾਂ ਅਧਿਆਇ 9 ਵਿਚ ਅਸੀਂ ਬੁੱਧੀਮਾਨੀ ਅਤੇ ਮੂਰਖਤਾ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਨੂੰ ਦੋ ਔਰਤਾਂ ਨਾਲ ਦਰਸਾਇਆ ਗਿਆ ਹੈ। ਦੋਵੇਂ ਔਰਤਾਂ ਉਨ੍ਹਾਂ ਲੋਕਾਂ ਨੂੰ ਸੱਦਾ ਦਿੰਦੀਆਂ ਹਨ ਜੋ ਨਾਤਜਰਬੇਕਾਰ ਹਨ ਯਾਨੀ “ਜਿਨ੍ਹਾਂ ਨੂੰ ਅਕਲ ਦੀ ਘਾਟ” ਹੈ। ਇਹ ਦੋਵੇਂ ਔਰਤਾਂ ਇਹ ਸੱਦਾ ਦਿੰਦੀਆਂ ਹਨ, ‘ਮੇਰੇ ਘਰ ਆਓ ਤੇ ਰੋਟੀ-ਪਾਣੀ ਖਾਓ।’ (ਕਹਾ. 9:1, 4-6) ਪਰ ਉਨ੍ਹਾਂ ਦਾ ਸੱਦਾ ਕਬੂਲ ਕਰਨ ਵਾਲਿਆਂ ਨਾਲ ਜੋ ਹੁੰਦਾ ਹੈ, ਉਸ ਵਿਚ ਬੜਾ ਫ਼ਰਕ ਹੈ। ਜ਼ਰਾ “ਮੂਰਖ ਔਰਤ” ਦੇ ਸੱਦੇ ʼਤੇ ਗੌਰ ਕਰੋ। (ਕਹਾ. 9:13-18) ਉਹ ਬੇਸ਼ਰਮ ਹੋ ਕੇ ਉਨ੍ਹਾਂ ਲੋਕਾਂ ਨੂੰ ਸੱਦਾ ਦਿੰਦੀ ਹੈ ਜਿਨ੍ਹਾਂ ਵਿਚ ਅਕਲ ਦੀ ਘਾਟ ਹੈ। ਉਹ ਕਹਿੰਦੀ ਹੈ ਕਿ ‘ਇੱਥੇ ਅੰਦਰ ਆਓ’ ਅਤੇ ਖਾਓ-ਪੀਓ। ਉਸ ਦਾ ਸੱਦਾ ਕਬੂਲ ਕਰਨ ਵਾਲਿਆਂ ਨਾਲ ਕੀ ਹੁੰਦਾ ਹੈ? ਉਹ “ਮੌਤ ਦੇ ਹੱਥਾਂ ਵਿਚ ਬੇਬੱਸ ਹਨ।” ਸਾਨੂੰ “ਕੁਰਾਹੇ ਪਈ” ਅਤੇ “ਬਦਚਲਣ ਔਰਤ” ਬਾਰੇ ਚੇਤਾਵਨੀ ਦਿੱਤੀ ਗਈ ਹੈ। ਉੱਥੇ ਲਿਖਿਆ ਹੈ: “ਉਸ ਦਾ ਘਰ ਮੌਤ ਦੇ ਮੂੰਹ ਵਿਚ ਜਾਂਦਾ ਹੈ।” (ਕਹਾ. 2:11-19) ਕਹਾਉਤਾਂ 5:3-10 ਵਿਚ ਇਕ ਹੋਰ “ਕੁਰਾਹੇ ਪਈ ਔਰਤ” ਬਾਰੇ ਚੇਤਾਵਨੀ ਦਿੱਤੀ ਹੈ ਜਿਸ ਦੇ “ਪੈਰ ਮੌਤ ਵੱਲ ਲਹਿ ਜਾਂਦੇ ਹਨ।” w23.06 21-22 ਪੈਰੇ 6-7
ਵੀਰਵਾਰ 9 ਜਨਵਰੀ
ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ ਦਿਓ।—ਫ਼ਿਲਿ. 4:5.
ਬਜ਼ੁਰਗਾਂ ਨੂੰ ਸਮਝਦਾਰ ਬਣਨ ਵਿਚ ਵਧੀਆ ਮਿਸਾਲ ਰੱਖਣੀ ਚਾਹੀਦੀ ਹੈ। (1 ਤਿਮੋ. 3:2, 3) ਉਦਾਹਰਣ ਲਈ, ਇਕ ਬਜ਼ੁਰਗ ਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਉਸ ਦੀ ਰਾਇ ਨੂੰ ਹਮੇਸ਼ਾ ਸਵੀਕਾਰ ਕੀਤਾ ਜਾਵੇਗਾ ਕਿਉਂਕਿ ਉਹ ਬਾਕੀ ਬਜ਼ੁਰਗਾਂ ਨਾਲੋਂ ਸਿਆਣੀ ਉਮਰ ਦਾ ਹੈ। ਉਸ ਨੂੰ ਅਹਿਸਾਸ ਹੈ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਕਿਸੇ ਵੀ ਬਜ਼ੁਰਗ ਨੂੰ ਕੁਝ ਅਜਿਹਾ ਕਹਿਣ ਲਈ ਪ੍ਰੇਰ ਸਕਦੀ ਹੈ ਜਿਸ ਨਾਲ ਉਹ ਸਹੀ ਫ਼ੈਸਲਾ ਕਰ ਸਕਦੇ ਹਨ। ਨਾਲੇ ਸ਼ਾਇਦ ਕੋਈ ਬਜ਼ੁਰਗ ਕਿਸੇ ਫ਼ੈਸਲੇ ਨਾਲ ਸਹਿਮਤ ਨਾ ਹੋਵੇ। ਪਰ ਜੇ ਬਾਈਬਲ ਦਾ ਕੋਈ ਅਸੂਲ ਨਹੀਂ ਟੁੱਟਦਾ, ਤਾਂ ਉਹ ਬਜ਼ੁਰਗ ਸਮਝਦਾਰੀ ਦਿਖਾਉਂਦਿਆਂ ਖ਼ੁਸ਼ੀ-ਖ਼ੁਸ਼ੀ ਉਸ ਫ਼ੈਸਲੇ ਦਾ ਸਮਰਥਨ ਕਰੇਗਾ ਜਿਸ ਨਾਲ ਜ਼ਿਆਦਾਤਰ ਬਜ਼ੁਰਗ ਸਹਿਮਤ ਹਨ। ਫੇਰ-ਬਦਲ ਕਰਨ ਕਰਕੇ ਯਹੋਵਾਹ ਦੇ ਲੋਕਾਂ ਨੂੰ ਬੇਸ਼ੁਮਾਰ ਬਰਕਤਾਂ ਮਿਲਦੀਆਂ ਹਨ। ਸਾਡਾ ਭੈਣਾਂ-ਭਰਾਵਾਂ ਨਾਲ ਵਧੀਆ ਰਿਸ਼ਤਾ ਬਣਦਾ ਹੈ ਅਤੇ ਮੰਡਲੀ ਵਿਚ ਸ਼ਾਂਤੀ ਹੁੰਦੀ ਹੈ। ਚਾਹੇ ਅਸੀਂ ਅਲੱਗ-ਅਲੱਗ ਸਭਿਆਚਾਰਾਂ ਤੋਂ ਹਾਂ ਅਤੇ ਸਾਡੇ ਸੁਭਾਅ ਵੀ ਵੱਖੋ-ਵੱਖਰੇ ਹਨ, ਫਿਰ ਵੀ ਅਸੀਂ ਖ਼ੁਸ਼ ਹਾਂ ਕਿ ਅਸੀਂ ਸਾਰੇ ਜਣੇ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਾਂ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸਾਨੂੰ ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਰੀਸ ਕਰ ਰਹੇ ਹਾਂ ਜੋ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਹੈ। w23.07 25 ਪੈਰੇ 16-17
ਸ਼ੁੱਕਰਵਾਰ 10 ਜਨਵਰੀ
ਜਿਨ੍ਹਾਂ ਨੂੰ ਡੂੰਘੀ ਸਮਝ ਹੈ, ਉਹ ਇਹ ਗੱਲਾਂ ਸਮਝ ਲੈਣਗੇ।—ਦਾਨੀ. 12:10.
ਦਾਨੀਏਲ ਸਹੀ ਇਰਾਦੇ ਨਾਲ ਯਾਨੀ ਸੱਚਾਈ ਜਾਣਨ ਲਈ ਭਵਿੱਖਬਾਣੀਆਂ ਦਾ ਅਧਿਐਨ ਕਰਦਾ ਸੀ। ਦਾਨੀਏਲ ਨਿਮਰ ਵੀ ਸੀ। ਉਹ ਜਾਣਦਾ ਸੀ ਕਿ ਜੇ ਉਹ ਯਹੋਵਾਹ ਦੇ ਨੇੜੇ ਰਹੇਗਾ ਅਤੇ ਉਸ ਦਾ ਕਹਿਣਾ ਮੰਨੇਗਾ, ਤਾਂ ਯਹੋਵਾਹ ਭਵਿੱਖਬਾਣੀਆਂ ਨੂੰ ਸਮਝਣ ਵਿਚ ਉਸ ਦੀ ਜ਼ਰੂਰ ਮਦਦ ਕਰੇਗਾ। (ਦਾਨੀ. 2:27, 28) ਦਾਨੀਏਲ ਨੇ ਮਦਦ ਲਈ ਯਹੋਵਾਹ ʼਤੇ ਭਰੋਸਾ ਰੱਖ ਕੇ ਸਾਬਤ ਕੀਤਾ ਕਿ ਉਹ ਨਿਮਰ ਸੀ। (ਦਾਨੀ. 2:18) ਨਾਲੇ ਦਾਨੀਏਲ ਬੜੀ ਗਹਿਰਾਈ ਨਾਲ ਅਧਿਐਨ ਕਰਦਾ ਸੀ। ਉਸ ਸਮੇਂ ਪਵਿੱਤਰ ਲਿਖਤਾਂ ਦੇ ਜੋ ਵੀ ਹਿੱਸੇ ਮੌਜੂਦ ਸਨ, ਉਸ ਨੇ ਉਨ੍ਹਾਂ ਤੋਂ ਖੋਜਬੀਨ ਕੀਤੀ। (ਯਿਰ. 25:11, 12; ਦਾਨੀ. 9:2) ਤੁਸੀਂ ਦਾਨੀਏਲ ਦੀ ਰੀਸ ਕਿਵੇਂ ਕਰ ਸਕਦੇ ਹੋ? ਸੋਚੋ ਕਿ ਤੁਸੀਂ ਕਿਸ ਇਰਾਦੇ ਨਾਲ ਅਧਿਐਨ ਕਰਦੇ ਹੋ। ਕੀ ਤੁਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਇਸ ਲਈ ਕਰਦੇ ਹੋ ਕਿਉਂਕਿ ਤੁਸੀਂ ਦਿਲੋਂ ਸੱਚਾਈ ਜਾਣਨੀ ਚਾਹੁੰਦੇ ਹੋ? ਜੇ ਹਾਂ, ਤਾਂ ਯਹੋਵਾਹ ਤੁਹਾਡੀ ਜ਼ਰੂਰ ਮਦਦ ਕਰੇਗਾ। (ਯੂਹੰ. 4:23, 24; 14:16, 17) ਪਰ ਕੁਝ ਲੋਕ ਸ਼ਾਇਦ ਬਾਈਬਲ ਵਿਚ ਦਿੱਤੇ ਅਸੂਲਾਂ ਮੁਤਾਬਕ ਨਹੀਂ, ਸਗੋਂ ਆਪਣੇ ਮੁਤਾਬਕ ਜੀਉਣਾ ਚਾਹੁੰਦੇ ਹਨ। ਇਸ ਲਈ ਸ਼ਾਇਦ ਉਹ ਕੁਝ ਅਜਿਹੇ ਸਬੂਤ ਲੱਭਣ ਦੇ ਇਰਾਦੇ ਨਾਲ ਅਧਿਐਨ ਕਰਨ ਜਿਨ੍ਹਾਂ ਤੋਂ ਉਹ ਇਹ ਸਾਬਤ ਕਰ ਸਕਣ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਨਹੀਂ ਹੈ। ਪਰ ਸਾਨੂੰ ਸਹੀ ਇਰਾਦੇ ਨਾਲ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰਨਾ ਚਾਹੀਦਾ ਹੈ। w23.08 9 ਪੈਰੇ 7-8
ਸ਼ਨੀਵਾਰ 11 ਜਨਵਰੀ
‘ਜੇ ਤੂੰ ਨਿਰਾਸ਼ ਹੋ ਜਾਵੇਂ, ਤਾਂ ਤੇਰੀ ਤਾਕਤ ਘੱਟ ਹੋਵੇਗੀ।’—ਕਹਾ. 24:10.
ਦੂਜਿਆਂ ਨਾਲ ਆਪਣੀ ਤੁਲਨਾ ਕਰ ਕੇ ਅਸੀਂ ਆਪਣੇ ਆਪ ʼਤੇ ਬੋਝ ਪਾ ਸਕਦੇ ਹਾਂ। (ਗਲਾ. 6:4) ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਸਾਡੇ ਵਿਚ ਈਰਖਾ ਤੇ ਮੁਕਾਬਲੇਬਾਜ਼ੀ ਦੀਆਂ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ। (ਗਲਾ. 5:26) ਜੇ ਅਸੀਂ ਦੂਜਿਆਂ ਨੂੰ ਦੇਖ ਕੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਨਹੀਂ ਕਰ ਸਕਦੇ, ਤਾਂ ਸ਼ਾਇਦ ਅਸੀਂ ਖ਼ੁਦ ਨੂੰ ਨੁਕਸਾਨ ਪਹੁੰਚਾ ਲਈਏ। ਨਾਲੇ ਜ਼ਰਾ ਸੋਚੋ, ਬਾਈਬਲ ਕਹਿੰਦੀ ਹੈ ਕਿ “ਆਸ ਪੂਰੀ ਹੋਣ ਵਿਚ ਦੇਰੀ ਦਿਲ ਨੂੰ ਬੀਮਾਰ ਕਰ ਦਿੰਦੀ ਹੈ।” (ਕਹਾ. 13:12) ਤਾਂ ਫਿਰ ਸੋਚੋ ਸਾਨੂੰ ਉਦੋਂ ਕਿੰਨਾ ਦੁੱਖ ਲੱਗੇਗਾ ਜੇ ਅਸੀਂ ਆਪਣੇ ਆਪ ਤੋਂ ਅਜਿਹੀ ਕੋਈ ਉਮੀਦ ਰੱਖੀਏ ਜੋ ਸ਼ਾਇਦ ਕਦੇ ਪੂਰੀ ਹੀ ਨਾ ਹੋਵੇ! ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਸ਼ਾਇਦ ਅਸੀਂ ਥੱਕ ਜਾਈਏ ਅਤੇ ਜ਼ਿੰਦਗੀ ਦੀ ਦੌੜ ਵਿਚ ਹੌਲੀ ਹੋ ਜਾਈਏ। ਯਹੋਵਾਹ ਤੁਹਾਡੇ ਤੋਂ ਜਿੰਨੀ ਉਮੀਦ ਰੱਖਦਾ ਹੈ, ਉਸ ਤੋਂ ਵੱਧ ਆਪਣੇ ਆਪ ਤੋਂ ਉਮੀਦ ਨਾ ਰੱਖੋ। ਯਹੋਵਾਹ ਤੁਹਾਡੇ ਤੋਂ ਉਨ੍ਹਾਂ ਚੀਜ਼ਾਂ ਦੀ ਉਮੀਦ ਨਹੀਂ ਰੱਖਦਾ ਜੋ ਤੁਸੀਂ ਉਸ ਨੂੰ ਦੇ ਨਹੀਂ ਸਕਦੇ। (2 ਕੁਰਿੰ. 8:12) ਭਰੋਸਾ ਰੱਖੋ ਕਿ ਯਹੋਵਾਹ ਤੁਹਾਡੇ ਕੰਮਾਂ ਦੀ ਤੁਲਨਾ ਦੂਜਿਆਂ ਦੇ ਕੰਮਾਂ ਨਾਲ ਨਹੀਂ ਕਰਦਾ। (ਮੱਤੀ 25:20-23) ਉਹ ਤੁਹਾਡੀ ਦਿਲੋਂ ਕੀਤੀ ਸੇਵਾ, ਤੁਹਾਡੀ ਵਫ਼ਾਦਾਰੀ ਅਤੇ ਤੁਹਾਡੇ ਧੀਰਜ ਨੂੰ ਬਹੁਤ ਅਨਮੋਲ ਸਮਝਦਾ ਹੈ। w23.08 29 ਪੈਰੇ 10-11
ਐਤਵਾਰ 12 ਜਨਵਰੀ
ਕੀ ਮੈਂ ਪਿਆਸ ਨਾਲ ਮਰ ਜਾਵਾਂ?—ਨਿਆ. 15:18.
ਯਹੋਵਾਹ ਨੇ ਸਮਸੂਨ ਦੀ ਪੁਕਾਰ ਸੁਣੀ ਅਤੇ ਚਮਤਕਾਰੀ ਢੰਗ ਨਾਲ ਪਾਣੀ ਦਾ ਇਕ ਚਸ਼ਮਾ ਬਣਾਇਆ। ਜਦੋਂ ਸਮਸੂਨ ਨੇ ਉੱਥੋਂ ਪਾਣੀ ਪੀਤਾ, ਤਾਂ “ਉਸ ਵਿਚ ਤਾਕਤ ਆਈ ਤੇ ਉਹ ਤਰੋ-ਤਾਜ਼ਾ ਹੋ ਗਿਆ।” (ਨਿਆ. 15:19, ਫੁਟਨੋਟ) ਇੱਦਾਂ ਲੱਗਦਾ ਹੈ ਕਿ ਸਾਲਾਂ ਬਾਅਦ ਜਦੋਂ ਸਮੂਏਲ ਨਬੀ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਨਿਆਈਆਂ ਦੀ ਕਿਤਾਬ ਲਿਖੀ, ਤਾਂ ਉਸ ਵੇਲੇ ਵੀ ਪਾਣੀ ਦਾ ਇਹ ਨਵਾਂ ਚਸ਼ਮਾ ਉਸ ਜਗ੍ਹਾ ਸੀ। ਜਿਹੜੇ ਇਜ਼ਰਾਈਲੀ ਇਸ ਦੇ ਵਗਦੇ ਪਾਣੀ ਨੂੰ ਦੇਖਦੇ ਹੋਣੇ ਸ਼ਾਇਦ ਉਨ੍ਹਾਂ ਨੂੰ ਯਾਦ ਆਉਂਦਾ ਹੋਣਾ ਕਿ ਜਦੋਂ ਯਹੋਵਾਹ ਦੇ ਵਫ਼ਾਦਾਰ ਸੇਵਕ ਲੋੜ ਵੇਲੇ ਉਸ ʼਤੇ ਭਰੋਸਾ ਰੱਖਦੇ ਹਨ ਅਤੇ ਮਦਦ ਲਈ ਉਸ ਨੂੰ ਪੁਕਾਰਦੇ ਹਨ, ਤਾਂ ਉਹ ਉਨ੍ਹਾਂ ਦੀ ਸੁਣਦਾ ਹੈ। ਅੱਜ ਸਾਨੂੰ ਵੀ ਮਦਦ ਲਈ ਯਹੋਵਾਹ ʼਤੇ ਭਰੋਸਾ ਰੱਖਣ ਦੀ ਲੋੜ ਹੈ। ਹੋ ਸਕਦਾ ਹੈ ਕਿ ਸਾਡੇ ਵਿਚ ਕਈ ਹੁਨਰ ਜਾਂ ਕਾਬਲੀਅਤਾਂ ਹੋਣ। ਜਾਂ ਅਸੀਂ ਯਹੋਵਾਹ ਦੀ ਸੇਵਾ ਵਿਚ ਬਹੁਤ ਕੁਝ ਕੀਤਾ ਹੋਵੇ। ਪਰ ਆਪਣੇ ਆਪ ʼਤੇ ਭਰੋਸਾ ਕਰਨ ਦੀ ਬਜਾਇ ਸਾਨੂੰ ਯਹੋਵਾਹ ʼਤੇ ਭਰੋਸਾ ਰੱਖਣਾ ਚਾਹੀਦਾ ਹੈ। ਸਾਨੂੰ ਨਿਮਰਤਾ ਨਾਲ ਇਹ ਸੱਚਾਈ ਕਬੂਲ ਕਰਨੀ ਚਾਹੀਦੀ ਹੈ ਕਿ ਸਿਰਫ਼ ਯਹੋਵਾਹ ʼਤੇ ਭਰੋਸਾ ਰੱਖਣ ਨਾਲ ਹੀ ਅਸੀਂ ਉਸ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਸਕਦੇ ਹਾਂ। ਸਮਸੂਨ ਨੂੰ ਉਦੋਂ ਤਾਕਤ ਮਿਲੀ ਜਦੋਂ ਉਸ ਨੇ ਯਹੋਵਾਹ ਵੱਲੋਂ ਦਿੱਤਾ ਪਾਣੀ ਪੀਤਾ। ਸਮਸੂਨ ਵਾਂਗ ਜੇ ਅਸੀਂ ਵੀ ਯਹੋਵਾਹ ਵੱਲੋਂ ਕੀਤੇ ਸਾਰੇ ਪ੍ਰਬੰਧਾਂ ਦਾ ਪੂਰਾ ਫ਼ਾਇਦਾ ਲਵਾਂਗੇ, ਤਾਂ ਸਾਨੂੰ ਵੀ ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਹਿੰਮਤ ਤੇ ਤਾਕਤ ਮਿਲੇਗੀ।—ਮੱਤੀ 11:28. w23.09 4 ਪੈਰੇ 8-10
ਸੋਮਵਾਰ 13 ਜਨਵਰੀ
ਨਰਮ ਜਵਾਬ ਗੁੱਸੇ ਨੂੰ ਠੰਢਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।—ਕਹਾ. 15:1.
ਅਸੀਂ ਉਦੋਂ ਕੀ ਕਰ ਸਕਦੇ ਹਾਂ ਜਦੋਂ ਕੋਈ ਸਾਨੂੰ ਗੁੱਸਾ ਚੜ੍ਹਾਉਂਦਾ ਹੈ, ਜਿਵੇਂ ਕਿ ਜਦੋਂ ਕੋਈ ਪਰਮੇਸ਼ੁਰ ਦੇ ਨਾਂ ਨੂੰ ਬਦਨਾਮ ਕਰਦਾ ਹੈ ਜਾਂ ਬਾਈਬਲ ਦਾ ਮਜ਼ਾਕ ਉਡਾਉਂਦਾ ਹੈ? ਸਾਨੂੰ ਉਸੇ ਵੇਲੇ ਯਹੋਵਾਹ ਤੋਂ ਪਵਿੱਤਰ ਸ਼ਕਤੀ ਅਤੇ ਬੁੱਧ ਮੰਗਣੀ ਚਾਹੀਦੀ ਹੈ ਤਾਂਕਿ ਅਸੀਂ ਉਸ ਵਿਅਕਤੀ ਨੂੰ ਨਰਮਾਈ ਨਾਲ ਜਵਾਬ ਦੇ ਸਕੀਏ। ਪਰ ਉਦੋਂ ਕੀ ਜੇ ਬਾਅਦ ਵਿਚ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਉੱਨੇ ਵਧੀਆ ਤਰੀਕੇ ਨਾਲ ਜਵਾਬ ਨਹੀਂ ਦਿੱਤਾ ਜਿੰਨੇ ਵਧੀਆ ਤਰੀਕੇ ਨਾਲ ਸਾਨੂੰ ਦੇਣਾ ਚਾਹੀਦਾ ਸੀ? ਅਸੀਂ ਇਸ ਮਾਮਲੇ ਬਾਰੇ ਦੁਬਾਰਾ ਤੋਂ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਸੋਚ ਸਕਦੇ ਹਾਂ ਕਿ ਅਸੀਂ ਅਗਲੀ ਵਾਰ ਹੋਰ ਵਧੀਆ ਤਰੀਕੇ ਨਾਲ ਜਵਾਬ ਕਿਵੇਂ ਦੇ ਸਕਦੇ ਹਾਂ। ਬਦਲੇ ਵਿਚ, ਯਹੋਵਾਹ ਸਾਨੂੰ ਪਵਿੱਤਰ ਸ਼ਕਤੀ ਦੇਵੇਗਾ ਤਾਂਕਿ ਅਸੀਂ ਆਪਣੇ ਗੁੱਸੇ ʼਤੇ ਕਾਬੂ ਰੱਖ ਸਕੀਏ ਅਤੇ ਨਰਮਾਈ ਨਾਲ ਪੇਸ਼ ਆ ਸਕੀਏ। ਜਦੋਂ ਸਾਡੇ ਲਈ ਨਰਮਾਈ ਨਾਲ ਪੇਸ਼ ਆਉਣਾ ਔਖਾ ਹੁੰਦਾ ਹੈ, ਤਾਂ ਬਾਈਬਲ ਦੀਆਂ ਬਹੁਤ ਸਾਰੀਆਂ ਆਇਤਾਂ ਸਾਡੀ ਮਦਦ ਕਰ ਸਕਦੀਆਂ ਹਨ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਨੂੰ ਇਹ ਆਇਤਾਂ ਯਾਦ ਕਰਾ ਸਕਦੀ ਹੈ। (ਯੂਹੰ. 14:26) ਉਦਾਹਰਣ ਲਈ, ਕਹਾਉਤਾਂ ਦੀ ਕਿਤਾਬ ਵਿਚ ਦਿੱਤੇ ਅਸੂਲ ਨਰਮਾਈ ਨਾਲ ਪੇਸ਼ ਆਉਣ ਵਿਚ ਸਾਡੀ ਮਦਦ ਕਰ ਸਕਦੇ ਹਨ। (ਕਹਾ. 15:18) ਨਾਲੇ ਇਸੇ ਕਿਤਾਬ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਤਣਾਅ ਭਰੇ ਹਾਲਾਤਾਂ ਵਿਚ ਸ਼ਾਂਤ ਰਹਿਣ ਦੇ ਕਿਹੜੇ ਫ਼ਾਇਦੇ ਹੁੰਦੇ ਹਨ।—ਕਹਾ. 10:19; 17:27; 21:23; 25:15. w23.09 15 ਪੈਰੇ 6-7
ਮੰਗਲਵਾਰ 14 ਜਨਵਰੀ
ਮੈਂ ਤੁਹਾਨੂੰ ਇਹ ਸਾਰੀਆਂ ਗੱਲਾਂ ਚੇਤੇ ਕਰਾਉਣ ਲਈ ਹਮੇਸ਼ਾ ਤਿਆਰ ਰਹਾਂਗਾ।—2 ਪਤ. 1:12.
ਪਤਰਸ ਰਸੂਲ ਨੇ ਬਹੁਤ ਸਾਲਾਂ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ। ਉਹ ਯਿਸੂ ਨਾਲ ਅਲੱਗ-ਅਲੱਗ ਥਾਵਾਂ ʼਤੇ ਪ੍ਰਚਾਰ ਕਰਨ ਗਿਆ। ਉਸ ਨੇ ਹੀ ਗ਼ੈਰ-ਯਹੂਦੀਆਂ ਨੂੰ ਪ੍ਰਚਾਰ ਕਰਨਾ ਸ਼ੁਰੂ ਕੀਤਾ ਅਤੇ ਬਾਅਦ ਵਿਚ ਉਹ ਪ੍ਰਬੰਧਕ ਸਭਾ ਦਾ ਮੈਂਬਰ ਬਣਿਆ। ਫਿਰ ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਵਿਚ ਜਦੋਂ ਉਸ ਨੂੰ ਲੱਗਾ ਕਿ ਉਹ ਜ਼ਿਆਦਾ ਸਮਾਂ ਜੀਉਂਦਾ ਨਹੀਂ ਰਹੇਗਾ, ਤਾਂ ਯਹੋਵਾਹ ਨੇ ਉਸ ਨੂੰ ਇਕ ਹੋਰ ਕੰਮ ਕਰਨ ਨੂੰ ਦਿੱਤਾ। ਉਸ ਨੇ ਲਗਭਗ 62-64 ਈਸਵੀ ਵਿਚ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਪਹਿਲਾ ਪਤਰਸ ਤੇ ਦੂਜਾ ਪਤਰਸ ਨਾਂ ਦੀਆਂ ਦੋ ਚਿੱਠੀਆਂ ਲਿਖੀਆਂ। (2 ਪਤ. 1:13-15) ਪਤਰਸ ਨੇ ਇਹ ਚਿੱਠੀਆਂ ਉਸ ਸਮੇਂ ਲਿਖੀਆਂ ਸਨ ਜਦੋਂ ਸੱਚੇ ਮਸੀਹੀ ‘ਕਈ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਕਾਰਨ ਦੁੱਖ ਝੱਲ’ ਰਹੇ ਸਨ। (1 ਪਤ. 1:6) ਦੁਸ਼ਟ ਆਦਮੀ ਮਸੀਹੀ ਮੰਡਲੀਆਂ ਵਿਚ ਝੂਠੀਆਂ ਸਿੱਖਿਆਵਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਦੂਜਿਆਂ ਨੂੰ ਵੀ ਗੰਦੇ-ਮੰਦੇ ਕੰਮ ਕਰਨ ਲਈ ਉਕਸਾ ਰਹੇ ਸਨ। (2 ਪਤ. 2:1, 2, 14) ਯਰੂਸ਼ਲਮ ਵਿਚ ਰਹਿਣ ਵਾਲੇ ਮਸੀਹੀਆਂ ਨੇ ਜਲਦੀ ਹੀ “ਸਾਰੀਆਂ ਚੀਜ਼ਾਂ ਦਾ ਅੰਤ” ਦੇਖਣਾ ਸੀ ਯਾਨੀ ਰੋਮੀ ਫ਼ੌਜਾਂ ਨੇ ਜਲਦ ਹੀ ਯਰੂਸ਼ਲਮ ਅਤੇ ਇਸ ਦੇ ਮੰਦਰ ਦਾ ਨਾਸ਼ ਕਰ ਦੇਣਾ ਸੀ। (1 ਪਤ. 4:7) ਬਿਨਾਂ ਸ਼ੱਕ, ਪਤਰਸ ਦੀਆਂ ਇਨ੍ਹਾਂ ਚਿੱਠੀਆਂ ਤੋਂ ਮਸੀਹੀ ਸਮਝ ਗਏ ਹੋਣੇ ਕਿ ਉਹ ਜਿਹੜੀਆਂ ਅਜ਼ਮਾਇਸ਼ਾਂ ਝੱਲ ਰਹੇ ਹਨ, ਉਹ ਉਨ੍ਹਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ ਅਤੇ ਆਉਣ ਵਾਲੀਆਂ ਅਜ਼ਮਾਇਸ਼ਾਂ ਲਈ ਆਪਣੇ ਆਪ ਨੂੰ ਕਿਵੇਂ ਤਿਆਰ ਕਰ ਸਕਦੇ ਹਨ। w23.09 26 ਪੈਰੇ 1-2
ਬੁੱਧਵਾਰ 15 ਜਨਵਰੀ
[ਮਸੀਹ] ਨੇ ਜਿਹੜੇ ਦੁੱਖ ਝੱਲੇ, ਉਨ੍ਹਾਂ ਤੋਂ ਆਗਿਆਕਾਰੀ ਸਿੱਖੀ।—ਇਬ. 5:8.
ਯਿਸੂ ਵਾਂਗ ਅਕਸਰ ਅਸੀਂ ਵੀ ਔਖੇ ਹਾਲਾਤਾਂ ਵਿਚ ਕਹਿਣਾ ਮੰਨਣਾ ਸਿੱਖਦੇ ਹਾਂ। ਉਦਾਹਰਣ ਲਈ, ਜਦੋਂ ਕੋਵਿਡ-19 ਮਹਾਂਮਾਰੀ ਸ਼ੁਰੂ ਹੋਈ ਸੀ, ਤਾਂ ਸਾਨੂੰ ਕਿੰਗਡਮ ਹਾਲਾਂ ਵਿਚ ਸਭਾਵਾਂ ਕਰਨ ਤੋਂ ਅਤੇ ਘਰ-ਘਰ ਪ੍ਰਚਾਰ ਕਰਨ ਤੋਂ ਮਨ੍ਹਾ ਕੀਤਾ ਗਿਆ ਸੀ। ਕੀ ਉਸ ਸਮੇਂ ਤੁਹਾਨੂੰ ਕਹਿਣਾ ਮੰਨਣਾ ਔਖਾ ਲੱਗਾ ਸੀ? ਪਰ ਕਹਿਣਾ ਮੰਨਣ ਕਰਕੇ ਤੁਹਾਡੀ ਹਿਫਾਜ਼ਤ ਹੋਈ, ਮੰਡਲੀ ਵਿਚ ਏਕਤਾ ਬਣੀ ਰਹੀ ਅਤੇ ਤੁਸੀਂ ਯਹੋਵਾਹ ਦਾ ਦਿਲ ਖ਼ੁਸ਼ ਕੀਤਾ। ਉਸ ਵੇਲੇ ਅਸੀਂ ਸਾਰਿਆਂ ਨੇ ਕਹਿਣਾ ਮੰਨਿਆ, ਇਸ ਲਈ ਹੁਣ ਸਾਡੇ ਲਈ ਹਿਦਾਇਤ ਮੰਨਣੀ ਪਹਿਲਾਂ ਨਾਲੋਂ ਜ਼ਿਆਦਾ ਸੌਖੀ ਹੋ ਗਈ ਹੈ। ਸਾਨੂੰ ਮਹਾਂਕਸ਼ਟ ਦੌਰਾਨ ਚਾਹੇ ਜੋ ਵੀ ਹਿਦਾਇਤ ਦਿੱਤੀ ਜਾਵੇ, ਅਸੀਂ ਉਸ ਨੂੰ ਮੰਨ ਸਕਾਂਗੇ। ਹੋ ਸਕਦਾ ਹੈ ਕਿ ਉਸ ਨੂੰ ਮੰਨਣ ਨਾਲ ਸਾਡੀਆਂ ਜ਼ਿੰਦਗੀਆਂ ਬਚ ਜਾਣ। (ਅੱਯੂ. 36:11) ਯਹੋਵਾਹ ਦਾ ਕਹਿਣਾ ਮੰਨਣ ਦਾ ਅਹਿਮ ਕਾਰਨ ਇਹ ਹੈ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। (1 ਯੂਹੰ. 5:3) ਯਹੋਵਾਹ ਨੇ ਸਾਡੇ ਲਈ ਜੋ ਕੁਝ ਕੀਤਾ ਹੈ, ਉਸ ਦੇ ਬਦਲੇ ਅਸੀਂ ਉਸ ਨੂੰ ਕਦੇ ਵੀ ਕੁਝ ਨਹੀਂ ਦੇ ਸਕਦੇ। (ਜ਼ਬੂ. 116:12) ਪਰ ਅਸੀਂ ਯਹੋਵਾਹ ਦਾ ਅਤੇ ਉਸ ਨੇ ਜਿਨ੍ਹਾਂ ਨੂੰ ਸਾਡੇ ʼਤੇ ਅਧਿਕਾਰ ਦਿੱਤਾ ਹੈ, ਉਨ੍ਹਾਂ ਦਾ ਕਹਿਣਾ ਮੰਨ ਸਕਦੇ ਹਾਂ। ਕਹਿਣਾ ਮੰਨ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਬੁੱਧੀਮਾਨ ਹਾਂ। ਨਾਲੇ ਬੁੱਧੀਮਾਨ ਇਨਸਾਨ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕਰਦੇ ਹਨ।—ਕਹਾ. 27:11. w23.10 11 ਪੈਰੇ 18-19
ਵੀਰਵਾਰ 16 ਜਨਵਰੀ
ਉਸ ਦੀ ਭਗਤੀ ਕਰੋ ਜਿਸ ਨੇ ਆਕਾਸ਼, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮਿਆਂ ਨੂੰ ਬਣਾਇਆ ਹੈ।—ਪ੍ਰਕਾ. 14:7.
ਜੇ ਇਕ ਦੂਤ ਆ ਕੇ ਤੁਹਾਡੇ ਨਾਲ ਗੱਲ ਕਰੇ, ਤਾਂ ਕੀ ਤੁਸੀਂ ਉਸ ਦੀ ਗੱਲ ਸੁਣੋਗੇ? ਅਸਲ ਵਿਚ, ਅੱਜ ਇਕ ਦੂਤ “ਹਰ ਕੌਮ, ਹਰ ਕਬੀਲੇ, ਹਰ ਭਾਸ਼ਾ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ” ਨਾਲ ਗੱਲ ਕਰ ਰਿਹਾ ਹੈ। ਉਹ ਕੀ ਕਹਿ ਰਿਹਾ ਹੈ? ਇਹੀ ਕਿ ‘ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀ ਮਹਿਮਾ ਕਰੋ। ਉਸ ਦੀ ਭਗਤੀ ਕਰੋ ਜਿਸ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ।’ (ਪ੍ਰਕਾ. 14:6, 7) ਯਹੋਵਾਹ ਹੀ ਇੱਕੋ-ਇਕ ਸੱਚਾ ਪਰਮੇਸ਼ੁਰ ਹੈ ਜਿਸ ਦੀ ਸਾਰੇ ਇਨਸਾਨਾਂ ਨੂੰ ਭਗਤੀ ਕਰਨੀ ਚਾਹੀਦੀ ਹੈ। ਸਾਡੇ ਲਈ ਇਹ ਕਿੰਨੀ ਵੱਡੀ ਗੱਲ ਹੈ ਕਿ ਯਹੋਵਾਹ ਨੇ ਸਾਨੂੰ ਆਪਣੇ ਮਹਾਨ ਮੰਦਰ ਵਿਚ ਆਪਣੀ ਭਗਤੀ ਕਰਨ ਦਾ ਮੌਕਾ ਦਿੱਤਾ ਹੈ! ਇਸ ਲਈ ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਅਸਲ ਵਿਚ ਮਹਾਨ ਮੰਦਰ ਕੀ ਹੈ ਅਤੇ ਅਸੀਂ ਇਸ ਬਾਰੇ ਜਾਣਕਾਰੀ ਕਿੱਥੋਂ ਲੈ ਸਕਦੇ ਹਾਂ? ਮਹਾਨ ਮੰਦਰ ਕੋਈ ਸੱਚ-ਮੁੱਚ ਦੀ ਇਮਾਰਤ ਨਹੀਂ ਹੈ, ਸਗੋਂ ਮਹਾਨ ਮੰਦਰ ਮਸੀਹ ਦੀ ਕੁਰਬਾਨੀ ਦੇ ਆਧਾਰ ʼਤੇ ਸ਼ੁੱਧ ਭਗਤੀ ਲਈ ਕੀਤਾ ਯਹੋਵਾਹ ਦਾ ਇੰਤਜ਼ਾਮ ਹੈ। ਪੌਲੁਸ ਰਸੂਲ ਨੇ ਇਸ ਇੰਤਜ਼ਾਮ ਬਾਰੇ ਉਸ ਚਿੱਠੀ ਵਿਚ ਸਮਝਾਇਆ ਜੋ ਉਸ ਨੇ ਪਹਿਲੀ ਸਦੀ ਵਿਚ ਯਹੂਦਿਯਾ ਦੇ ਇਬਰਾਨੀ ਮਸੀਹੀਆਂ ਨੂੰ ਲਿਖੀ ਸੀ। w23.10 24 ਪੈਰੇ 1-2
ਸ਼ੁੱਕਰਵਾਰ 17 ਜਨਵਰੀ
“ਇਹ ਸਭ ਨਾ ਤਾਂ ਫ਼ੌਜੀ ਤਾਕਤ ਨਾਲ ਤੇ ਨਾ ਹੀ ਇਨਸਾਨੀ ਤਾਕਤ ਨਾਲ, ਸਗੋਂ ਮੇਰੀ ਸ਼ਕਤੀ ਨਾਲ ਹੋਵੇਗਾ,” ਯਹੋਵਾਹ ਕਹਿੰਦਾ ਹੈ।—ਜ਼ਕ. 4:6.
522 ਈਸਵੀ ਪੂਰਵ ਵਿਚ ਯਹੂਦੀਆਂ ਦੇ ਦੁਸ਼ਮਣ ਯਹੋਵਾਹ ਦੇ ਮੰਦਰ ਦੇ ਕੰਮ ʼਤੇ ਪਾਬੰਦੀ ਲਾਉਣ ਵਿਚ ਕਾਮਯਾਬ ਹੋ ਗਏ। ਪਰ ਜ਼ਕਰਯਾਹ ਨੇ ਯਹੂਦੀਆਂ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਆਪਣੀ ਜ਼ਬਰਦਸਤ ਤਾਕਤ ਨਾਲ ਉਨ੍ਹਾਂ ਦੀ ਹਰ ਮੁਸ਼ਕਲ ਨੂੰ ਖ਼ਤਮ ਕਰ ਦੇਵੇਗਾ। 520 ਈਸਵੀ ਪੂਰਵ ਵਿਚ ਰਾਜਾ ਦਾਰਾ ਨੇ ਮੰਦਰ ਦੇ ਕੰਮ ʼਤੇ ਲੱਗੀ ਪਾਬੰਦੀ ਹਟਾ ਦਿੱਤੀ। ਉਸ ਨੇ ਤਾਂ ਯਹੂਦੀਆਂ ਦੀ ਆਰਥਿਕ ਤੌਰ ਤੇ ਵੀ ਮਦਦ ਕੀਤੀ। ਨਾਲੇ ਉਸ ਨੇ ਰਾਜਪਾਲਾਂ ਨੂੰ ਹੁਕਮ ਦਿੱਤਾ ਕਿ ਯਹੂਦੀਆਂ ਦੀ ਹਰ ਤਰੀਕੇ ਨਾਲ ਮਦਦ ਕੀਤੀ ਜਾਵੇ। (ਅਜ਼. 6:1, 6-10) ਯਹੋਵਾਹ ਨੇ ਆਪਣੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇ ਉਹ ਮੰਦਰ ਬਣਾਉਣ ਦੇ ਕੰਮ ਨੂੰ ਪਹਿਲ ਦੇਣਗੇ, ਤਾਂ ਉਹ ਉਨ੍ਹਾਂ ਦੀ ਮਦਦ ਕਰੇਗਾ। (ਹੱਜ. 1:8, 13, 14; ਜ਼ਕ. 1:3, 16) ਇਹ ਸੁਣ ਕੇ ਯਹੂਦੀਆਂ ਨੂੰ ਬਹੁਤ ਹਿੰਮਤ ਮਿਲੀ। ਉਨ੍ਹਾਂ ਨੇ 520 ਈਸਵੀ ਪੂਰਵ ਵਿਚ ਮੰਦਰ ਬਣਾਉਣ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਅਤੇ ਪੰਜ ਸਾਲਾਂ ਦੇ ਅੰਦਰ-ਅੰਦਰ ਕੰਮ ਪੂਰਾ ਵੀ ਕਰ ਲਿਆ। ਮੁਸ਼ਕਲਾਂ ਦੇ ਬਾਵਜੂਦ ਵੀ ਯਹੂਦੀਆਂ ਨੇ ਯਹੋਵਾਹ ਦੀ ਇੱਛਾ ਨੂੰ ਪਹਿਲ ਦਿੱਤੀ। ਇਸ ਕਰਕੇ ਯਹੋਵਾਹ ਨੇ ਉਨ੍ਹਾਂ ਦੀ ਮਦਦ ਵੀ ਕੀਤੀ। ਨਤੀਜੇ ਵਜੋਂ, ਉਹ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰ ਸਕੇ।—ਅਜ਼. 6:14-16, 22. w23.11 15 ਪੈਰੇ 6-7
ਸ਼ਨੀਵਾਰ 18 ਜਨਵਰੀ
‘ਸਾਡੇ ਪਿਤਾ ਅਬਰਾਹਾਮ ਵਾਂਗ ਧਿਆਨ ਨਾਲ ਨਿਹਚਾ ਦੇ ਰਾਹ ਉੱਤੇ ਚੱਲੋ।’—ਰੋਮੀ. 4:12.
ਬਹੁਤ ਸਾਰੇ ਲੋਕਾਂ ਨੇ ਅਬਰਾਹਾਮ ਬਾਰੇ ਸੁਣਿਆ ਹੋਣਾ, ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਉਸ ਬਾਰੇ ਬਹੁਤ ਘੱਟ ਜਾਣਦੇ ਹਨ। ਪਰ ਤੁਹਾਨੂੰ ਅਬਰਾਹਾਮ ਬਾਰੇ ਬਹੁਤ ਕੁਝ ਪਤਾ ਹੈ। ਮਿਸਾਲ ਲਈ, ਤੁਸੀਂ ਜਾਣਦੇ ਹੋ ਕਿ ਅਬਰਾਹਾਮ “ਉਨ੍ਹਾਂ ਸਾਰੇ ਲੋਕਾਂ ਦਾ ਪਿਤਾ ਬਣਿਆ” ਜਿਹੜੇ ਨਿਹਚਾ ਕਰਦੇ ਹਨ। (ਰੋਮੀ. 4:11) ਪਰ ਤੁਸੀਂ ਸ਼ਾਇਦ ਸੋਚੋ, ‘ਕੀ ਮੈਂ ਵੀ ਅਬਰਾਹਾਮ ਵਾਂਗ ਬਣ ਸਕਦਾ ਹਾਂ ਅਤੇ ਉਸ ਵਾਂਗ ਨਿਹਚਾ ਦਿਖਾ ਸਕਦਾ ਹਾਂ?’ ਬਿਲਕੁਲ ਤੁਸੀਂ ਇੱਦਾਂ ਕਰ ਸਕਦੇ ਹੋ। ਅਬਰਾਹਾਮ ਵਰਗੀ ਨਿਹਚਾ ਰੱਖਣ ਦਾ ਇਕ ਤਰੀਕਾ ਹੈ, ਉਸ ਦੀ ਮਿਸਾਲ ʼਤੇ ਧਿਆਨ ਦੇਣਾ। ਅਬਰਾਹਾਮ ਹਮੇਸ਼ਾ ਪਰਮੇਸ਼ੁਰ ਦੀ ਗੱਲ ਮੰਨਦਾ ਸੀ। ਪਰਮੇਸ਼ੁਰ ਦੇ ਕਹਿਣ ʼਤੇ ਉਹ ਆਪਣਾ ਘਰ-ਬਾਰ ਛੱਡ ਕੇ ਇਕ ਦੂਰ ਦੇਸ਼ ਚਲਾ ਗਿਆ, ਕਈ ਸਾਲਾਂ ਤਕ ਤੰਬੂਆਂ ਵਿਚ ਰਿਹਾ ਅਤੇ ਆਪਣੇ ਮੁੰਡੇ ਇਸਹਾਕ ਦੀ ਬਲ਼ੀ ਚੜ੍ਹਾਉਣ ਲਈ ਵੀ ਤਿਆਰ ਹੋ ਗਿਆ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਅਬਰਾਹਾਮ ਨੂੰ ਪਰਮੇਸ਼ੁਰ ʼਤੇ ਕਿੰਨੀ ਨਿਹਚਾ ਸੀ। ਉਸ ਦੀ ਇਸੇ ਨਿਹਚਾ ਅਤੇ ਕੰਮਾਂ ਕਰਕੇ ਉਸ ਨੇ ਪਰਮੇਸ਼ੁਰ ਦਾ ਦਿਲ ਖ਼ੁਸ਼ ਕੀਤਾ ਅਤੇ ਉਸ ਦਾ ਦੋਸਤ ਬਣ ਸਕਿਆ। (ਯਾਕੂ. 2:22, 23) ਜ਼ਰਾ ਸੋਚੋ ਕਿ ਇਹ ਕਿੰਨੀ ਵੱਡੀ ਬਰਕਤ ਸੀ! ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਵੀ ਇਹ ਬਰਕਤਾਂ ਪਾਓ। ਇਸੇ ਕਰਕੇ ਉਸ ਨੇ ਪੌਲੁਸ ਅਤੇ ਯਾਕੂਬ ਨੂੰ ਆਪਣੇ ਬਚਨ ਵਿਚ ਅਬਰਾਹਾਮ ਬਾਰੇ ਲਿਖਣ ਲਈ ਪ੍ਰੇਰਿਆ। w23.12 2 ਪੈਰੇ 1-2
ਐਤਵਾਰ 19 ਜਨਵਰੀ
ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ।—ਯਾਕੂ. 1:19.
ਭੈਣੋ, ਚੰਗੀ ਤਰ੍ਹਾਂ ਗੱਲਬਾਤ ਕਰਨੀ ਸਿੱਖੋ। ਮਸੀਹੀਆਂ ਨੂੰ ਚੰਗੀ ਤਰ੍ਹਾਂ ਗੱਲ ਕਰਨੀ ਸਿੱਖਣ ਦੀ ਲੋੜ ਹੈ। ਇਸ ਮਾਮਲੇ ਵਿਚ ਚੇਲੇ ਯਾਕੂਬ ਨੇ ਵਧੀਆ ਸਲਾਹ ਦਿੰਦਿਆਂ ਉੱਪਰ ਦੱਸੇ ਸ਼ਬਦ ਕਹੇ। ਜਦੋਂ ਤੁਸੀਂ ਦੂਜਿਆਂ ਦੀ ਗੱਲ ਧਿਆਨ ਨਾਲ ਸੁਣਦੇ ਹੋ, ਤਾਂ ਤੁਸੀਂ ਉਨ੍ਹਾਂ ਲਈ ਹਮਦਰਦੀ ਦਿਖਾ ਸਕਦੇ ਹੋ ਤੇ “ਦੁੱਖਾਂ ਵਿਚ” ਉਨ੍ਹਾਂ ਦਾ ਸਾਥ ਦੇ ਸਕਦੇ ਹੋ। (1 ਪਤ. 3:8) ਜੇ ਤੁਹਾਨੂੰ ਕਦੇ ਸਮਝ ਨਹੀਂ ਆਉਂਦੀ ਕਿ ਸਾਮ੍ਹਣੇ ਵਾਲਾ ਕੀ ਕਹਿਣਾ ਚਾਹੁੰਦਾ ਹੈ ਜਾਂ ਕੀ ਮਹਿਸੂਸ ਕਰ ਰਿਹਾ ਹੈ, ਤਾਂ ਉਸ ਤੋਂ ਢੁਕਵੇਂ ਸਵਾਲ ਪੁੱਛੋ। ਫਿਰ ਜਵਾਬ ਦੇਣ ਤੋਂ ਪਹਿਲਾਂ ਕੁਝ ਪਲ ਸੋਚੋ। (ਕਹਾ. 15:28, ਫੁਟਨੋਟ) ਆਪਣੇ ਆਪ ਤੋਂ ਪੁੱਛੋ: ‘ਮੈਂ ਜੋ ਕਹਿਣ ਲੱਗੀ ਹਾਂ, ਕੀ ਉਹ ਸੱਚ ਹੈ ਅਤੇ ਜੇ ਇਹ ਸੱਚ ਵੀ ਹੈ, ਤਾਂ ਕੀ ਇਸ ਨਾਲ ਦੂਜਿਆਂ ਦਾ ਹੌਸਲਾ ਵਧੇਗਾ? ਕੀ ਇਸ ਤੋਂ ਉਨ੍ਹਾਂ ਲਈ ਪਿਆਰ ਤੇ ਆਦਰ ਝਲਕੇਗਾ?’ ਉਨ੍ਹਾਂ ਭੈਣਾਂ ਤੋਂ ਸਿੱਖੋ ਜੋ ਧਿਆਨ ਨਾਲ ਸੁਣਦੀਆਂ ਹਨ ਤੇ ਪਿਆਰ ਨਾਲ ਗੱਲ ਕਰਦੀਆਂ ਹਨ। (ਕਹਾ. 31:26) ਧਿਆਨ ਦਿਓ ਕਿ ਉਹ ਕਿਸ ਤਰੀਕੇ ਨਾਲ ਗੱਲ ਕਰਦੀਆਂ ਹਨ। ਇਸ ਤਰ੍ਹਾਂ ਤੁਸੀਂ ਵੀ ਚੰਗੀ ਤਰ੍ਹਾਂ ਗੱਲ ਕਰਨੀ ਸਿੱਖ ਸਕਦੀਆਂ ਹੋ। ਤੁਸੀਂ ਜਿੰਨਾ ਜ਼ਿਆਦਾ ਇਹ ਹੁਨਰ ਸਿੱਖੋਗੇ, ਦੂਜਿਆਂ ਨਾਲ ਤੁਹਾਡਾ ਰਿਸ਼ਤਾ ਉੱਨਾ ਜ਼ਿਆਦਾ ਵਧੀਆ ਹੋਵੇਗਾ। w23.12 21 ਪੈਰਾ 12
ਸੋਮਵਾਰ 20 ਜਨਵਰੀ
ਜਿਹੜਾ ਆਪਣੇ ਆਪ ਨੂੰ ਵੱਖਰਾ ਕਰਦਾ ਹੈ, . . . ਉਹ ਹਰ ਤਰ੍ਹਾਂ ਦੀ ਬੁੱਧ ਨੂੰ ਠੁਕਰਾਉਂਦਾ ਹੈ।—ਕਹਾ. 18:1.
ਅੱਜ ਯਹੋਵਾਹ ਸ਼ਾਇਦ ਸਾਡੇ ਘਰਦਿਆਂ, ਦੋਸਤਾਂ ਜਾਂ ਬਜ਼ੁਰਗਾਂ ਦੇ ਜ਼ਰੀਏ ਸਾਨੂੰ ਸਹਾਰਾ ਦੇਵੇ। ਪਰ ਜਦੋਂ ਅਸੀਂ ਦੁਖੀ ਹੁੰਦੇ ਹਾਂ, ਤਾਂ ਸ਼ਾਇਦ ਸਾਡਾ ਕਿਸੇ ਨੂੰ ਮਿਲਣ ਦਾ ਦਿਲ ਨਾ ਕਰੇ, ਸਗੋਂ ਅਸੀਂ ਇਕੱਲੇ ਰਹਿਣਾ ਚਾਹੀਏ। ਇੱਦਾਂ ਕਰਨਾ ਗ਼ਲਤ ਨਹੀਂ ਹੈ। ਤਾਂ ਫਿਰ ਯਹੋਵਾਹ ਤੋਂ ਸਹਾਰਾ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ? ਸ਼ਾਇਦ ਸਾਡਾ ਦੂਜਿਆਂ ਨੂੰ ਮਿਲਣ ਦਾ ਦਿਲ ਨਾ ਕਰੇ, ਪਰ ਅਜਿਹੀਆਂ ਭਾਵਨਾਵਾਂ ਨੂੰ ਖ਼ੁਦ ʼਤੇ ਹਾਵੀ ਨਾ ਹੋਣ ਦੇਵੋ। ਜਦੋਂ ਅਸੀਂ ਖ਼ੁਦ ਨੂੰ ਦੂਜਿਆਂ ਤੋਂ ਅਲੱਗ ਕਰ ਲੈਂਦੇ ਹਾਂ, ਤਾਂ ਅਸੀਂ ਬੱਸ ਆਪਣੇ ਬਾਰੇ ਹੀ ਸੋਚਣ ਲੱਗ ਪੈਂਦੇ ਹਾਂ, ਆਪਣੀਆਂ ਪਰੇਸ਼ਾਨੀਆਂ ਵਿਚ ਹੀ ਉਲਝ ਕੇ ਰਹਿ ਜਾਂਦੇ ਹਾਂ। ਇਸ ਕਰਕੇ ਸ਼ਾਇਦ ਅਸੀਂ ਗ਼ਲਤ ਫ਼ੈਸਲੇ ਕਰ ਬੈਠੀਏ। ਹੋ ਸਕਦਾ ਹੈ ਕਿ ਕਦੀ-ਕਦੀ ਸਾਡਾ ਇਕੱਲੇ ਰਹਿਣ ਦਾ ਮਨ ਕਰੇ, ਖ਼ਾਸ ਕਰਕੇ ਉਦੋਂ ਜਦੋਂ ਸਾਡੇ ਨਾਲ ਕੁਝ ਮਾੜਾ ਹੋਇਆ ਹੋਵੇ। ਇੱਦਾਂ ਕਰਨਾ ਗ਼ਲਤ ਵੀ ਨਹੀਂ ਹੈ। ਪਰ ਜੇ ਅਸੀਂ ਲੰਬੇ ਸਮੇਂ ਤਕ ਇਕੱਲੇ ਰਹਿੰਦੇ ਹਾਂ, ਤਾਂ ਇਹ ਇੱਦਾਂ ਹੈ ਜਿੱਦਾਂ ਅਸੀਂ ਯਹੋਵਾਹ ਦੀ ਮਦਦ ਲੈਣ ਤੋਂ ਮਨ੍ਹਾ ਕਰ ਰਹੇ ਹੋਈਏ ਕਿਉਂਕਿ ਯਹੋਵਾਹ ਦੂਜਿਆਂ ਦੇ ਜ਼ਰੀਏ ਸਾਨੂੰ ਸਹਾਰਾ ਦਿੰਦਾ ਹੈ। ਇਸ ਲਈ ਆਪਣੇ ਘਰਦਿਆਂ, ਦੋਸਤਾਂ ਅਤੇ ਬਜ਼ੁਰਗਾਂ ਦੀ ਮਦਦ ਕਬੂਲ ਕਰੋ। ਯਾਦ ਰੱਖੋ ਕਿ ਉਨ੍ਹਾਂ ਦੇ ਜ਼ਰੀਏ ਅਸਲ ਵਿਚ ਯਹੋਵਾਹ ਤੁਹਾਨੂੰ ਸਹਾਰਾ ਦੇ ਰਿਹਾ ਹੈ।—ਕਹਾ. 17:17; ਯਸਾ. 32:1, 2. w24.01 24 ਪੈਰੇ 12-13
ਮੰਗਲਵਾਰ 21 ਜਨਵਰੀ
ਉਹ ਆਪਣੇ ਸਿਰ ʼਤੇ ਉਸਤਰਾ ਨਾ ਫਿਰਾਏ।—ਗਿਣ. 6:5.
ਨਜ਼ੀਰਾਂ ਦੀ ਸੁੱਖਣਾ ਮੁਤਾਬਕ ਉਹ ਆਪਣੇ ਵਾਲ਼ ਨਹੀਂ ਕਟਵਾ ਸਕਦੇ ਸਨ। ਇੱਦਾਂ ਉਹ ਦਿਖਾਉਂਦੇ ਸਨ ਕਿ ਉਹ ਪੂਰੀ ਤਰ੍ਹਾਂ ਯਹੋਵਾਹ ਦੇ ਅਧੀਨ ਹਨ। ਦੁੱਖ ਦੀ ਗੱਲ ਹੈ ਕਿ ਕੁਝ ਲੋਕ ਅਜਿਹੇ ਸਨ ਜੋ ਨਜ਼ੀਰਾਂ ਨੂੰ ਪਸੰਦ ਨਹੀਂ ਕਰਦੇ ਸਨ ਅਤੇ ਨਾ ਹੀ ਉਨ੍ਹਾਂ ਦਾ ਸਾਥ ਦਿੰਦੇ ਸਨ। ਬੇਸ਼ੱਕ, ਦੂਜਿਆਂ ਤੋਂ ਵੱਖਰੇ ਨਜ਼ਰ ਆਉਣ ਅਤੇ ਆਪਣੀ ਸੁੱਖਣਾ ਪੂਰੀ ਕਰਨ ਲਈ ਨਜ਼ੀਰਾਂ ਨੂੰ ਬਹੁਤ ਹਿੰਮਤ ਤੋਂ ਕੰਮ ਲੈਣਾ ਪੈਂਦਾ ਹੋਣਾ। (ਆਮੋ. 2:12) ਅਸੀਂ ਯਹੋਵਾਹ ਦੀ ਮਰਜ਼ੀ ਮੁਤਾਬਕ ਜੀਉਂਦੇ ਹਾਂ ਜਿਸ ਕਰਕੇ ਅਸੀਂ ਵੀ ਦੂਜਿਆਂ ਤੋਂ ਵੱਖਰੇ ਨਜ਼ਰ ਆਉਂਦੇ ਹਾਂ। ਇਸੇ ਕਰਕੇ ਸਾਨੂੰ ਸਕੂਲ ਜਾਂ ਕੰਮ ਦੀ ਥਾਂ ʼਤੇ ਯਹੋਵਾਹ ਦੇ ਗਵਾਹਾਂ ਵਜੋਂ ਆਪਣੀ ਪਛਾਣ ਕਰਾਉਣ ਲਈ ਹਿੰਮਤ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ, ਦੁਨੀਆਂ ਦੇ ਲੋਕਾਂ ਦੀ ਸੋਚ ਅਤੇ ਤੌਰ-ਤਰੀਕੇ ਦਿਨ-ਬਦਿਨ ਬਦਤਰ ਹੁੰਦੇ ਜਾ ਰਹੇ ਹਨ। ਇਸ ਲਈ ਸ਼ਾਇਦ ਬਾਈਬਲ ਦੇ ਅਸੂਲਾਂ ਦੇ ਹਿਸਾਬ ਨਾਲ ਜੀਉਣਾ ਅਤੇ ਲੋਕਾਂ ਨੂੰ ਖ਼ੁਸ਼-ਖ਼ਬਰੀ ਸੁਣਾਉਣੀ ਸਾਡੇ ਲਈ ਔਖੀ ਹੋ ਸਕਦੀ ਹੈ। (2 ਤਿਮੋ. 1:8; 3:13) ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਹਿੰਮਤ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ ਅਤੇ ਦੁਨੀਆਂ ਦੇ ਲੋਕਾਂ ਤੋਂ ਵੱਖਰੇ ਨਜ਼ਰ ਆਉਂਦੇ ਹਾਂ, ਤਾਂ ਅਸੀਂ ਉਸ ਦਾ ‘ਜੀਅ ਖ਼ੁਸ਼ ਕਰ’ ਰਹੇ ਹੁੰਦੇ ਹਾਂ।—ਕਹਾ. 27:11; ਮਲਾ. 3:18. w24.02 16 ਪੈਰਾ 7; 17 ਪੈਰਾ 9
ਬੁੱਧਵਾਰ 22 ਜਨਵਰੀ
ਇਕ-ਦੂਜੇ ਨੂੰ ਕਬੂਲ ਕਰੋ।—ਰੋਮੀ. 15:7.
ਗੌਰ ਕਰੋ ਕਿ ਰੋਮ ਦੀ ਮੰਡਲੀ ਦੇ ਭੈਣ-ਭਰਾ ਅਲੱਗ-ਅਲੱਗ ਪਿਛੋਕੜਾਂ ਤੋਂ ਸਨ। ਇਸ ਮੰਡਲੀ ਵਿਚ ਸਿਰਫ਼ ਯਹੂਦੀ ਹੀ ਨਹੀਂ ਸਨ ਜਿਨ੍ਹਾਂ ਦੀ ਪਰਵਰਿਸ਼ ਮੂਸਾ ਦੇ ਕਾਨੂੰਨ ਅਨੁਸਾਰ ਹੋਈ ਸੀ, ਸਗੋਂ ਗ਼ੈਰ-ਯਹੂਦੀ ਵੀ ਸਨ ਜਿਨ੍ਹਾਂ ਦਾ ਪਿਛੋਕੜ ਬਿਲਕੁਲ ਵੱਖਰਾ ਸੀ। ਕੁਝ ਮਸੀਹੀ ਸ਼ਾਇਦ ਗ਼ੁਲਾਮ ਸਨ ਤੇ ਕੁਝ ਮਾਲਕ। ਸ਼ਾਇਦ ਕੁਝ ਮਸੀਹੀ ਉਨ੍ਹਾਂ ਗ਼ੁਲਾਮਾਂ ਦੇ ਮਾਲਕ ਵੀ ਸਨ। ਇਸ ਸਭ ਦੇ ਬਾਵਜੂਦ ਵੀ ਉਨ੍ਹਾਂ ਮਸੀਹੀਆਂ ਨੇ ਹੋਰ ਪਿਆਰ ਕਿਵੇਂ ਦਿਖਾਇਆ? ਪੌਲੁਸ ਰਸੂਲ ਨੇ ਉਨ੍ਹਾਂ ਨੂੰ ਗੁਜ਼ਾਰਸ਼ ਕੀਤੀ: “ਇਕ-ਦੂਜੇ ਨੂੰ ਕਬੂਲ ਕਰੋ।” ਇਸ ਦਾ ਕੀ ਮਤਲਬ ਹੈ? ਜਿਨ੍ਹਾਂ ਸ਼ਬਦਾਂ ਦਾ ਅਨੁਵਾਦ “ਕਬੂਲ ਕਰੋ” ਕੀਤਾ ਗਿਆ ਹੈ, ਉਨ੍ਹਾਂ ਦਾ ਮਤਲਬ ਹੈ ਕਿਸੇ ਦਾ ਪਿਆਰ ਨਾਲ ਸੁਆਗਤ ਕਰਨਾ ਜਾਂ ਕਿਸੇ ਦੀ ਪਰਾਹੁਣਚਾਰੀ ਕਰਨੀ, ਜਿਵੇਂ ਕਿਸੇ ਨੂੰ ਆਪਣੇ ਘਰ ਬੁਲਾਉਣਾ ਜਾਂ ਉਸ ਨਾਲ ਦੋਸਤੀ ਕਰਨੀ। ਉਦਾਹਰਣ ਲਈ, ਪੌਲੁਸ ਨੇ ਫਿਲੇਮੋਨ ਨੂੰ ਦੱਸਿਆ ਕਿ ਉਹ ਗ਼ੁਲਾਮ ਉਨੇਸਿਮੁਸ ਦਾ ਕਿਵੇਂ ਸੁਆਗਤ ਕਰੇ ਜੋ ਦੌੜ ਗਿਆ ਸੀ। ਪੌਲੁਸ ਨੇ ਉਸ ਨੂੰ ਕਿਹਾ: ‘ਉਸ ਦਾ ਪਿਆਰ ਨਾਲ ਸੁਆਗਤ ਕਰੀਂ।’ (ਫਿਲੇ. 17) ਇਸ ਤੋਂ ਇਲਾਵਾ, ਪ੍ਰਿਸਕਿੱਲਾ ਤੇ ਅਕੂਲਾ ਨੇ ਅਪੁੱਲੋਸ ਦਾ ਸੁਆਗਤ ਕੀਤਾ। ਭਾਵੇਂ ਕਿ ਅਪੁੱਲੋਸ ਮਸੀਹੀ ਸਿੱਖਿਆਵਾਂ ਬਾਰੇ ਉਨ੍ਹਾਂ ਨਾਲੋਂ ਘੱਟ ਜਾਣਦਾ ਸੀ, ਫਿਰ ਵੀ ਉਹ ਅਪੁੱਲੋਸ ਨੂੰ “ਆਪਣੇ ਨਾਲ ਲੈ ਗਏ।” (ਰਸੂ. 18:26) ਚਾਹੇ ਕਿ ਇਹ ਮਸੀਹੀ ਵੱਖੋ-ਵੱਖਰੇ ਪਿਛੋਕੜਾਂ ਤੋਂ ਸਨ, ਪਰ ਉਨ੍ਹਾਂ ਨੇ ਆਪਣੇ ਵਿਚ ਫੁੱਟ ਨਹੀਂ ਪੈਣ ਦਿੱਤੀ, ਸਗੋਂ ਇਕ-ਦੂਜੇ ਨੂੰ ਪਿਆਰ ਨਾਲ ਕਬੂਲ ਕੀਤਾ। w23.07 6 ਪੈਰਾ 13
ਵੀਰਵਾਰ 23 ਜਨਵਰੀ
‘ਮੈਂ ਯਹੋਵਾਹ ਅੱਗੇ ਜੋ ਸੁੱਖਣਾਂ ਸੁੱਖੀਆਂ ਹਨ, ਉਹ ਪੂਰੀਆਂ ਕਰਾਂਗਾ।’—ਜ਼ਬੂ. 116:14.
ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਸਭ ਤੋਂ ਅਹਿਮ ਕਾਰਨ ਇਹ ਹੈ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਪਰ ਤੁਸੀਂ ਉਸ ਨੂੰ ਉੱਦਾਂ ਹੀ ਪਿਆਰ ਨਹੀਂ ਕਰਨ ਲੱਗ ਪੈਂਦੇ। ਇਸ ਦੀ ਬਜਾਇ, ਤੁਸੀਂ ਉਸ ਬਾਰੇ “ਸਹੀ ਗਿਆਨ” ਅਤੇ “ਪਵਿੱਤਰ ਸ਼ਕਤੀ ਰਾਹੀਂ ਸਮਝ” ਹਾਸਲ ਕਰਦੇ ਹੋ ਜਿਸ ਕਰਕੇ ਉਸ ਲਈ ਤੁਹਾਡਾ ਪਿਆਰ ਹੋਰ ਵਧਦਾ ਹੈ। (ਕੁਲੁ. 1:9) ਚੰਗੀ ਤਰ੍ਹਾਂ ਅਧਿਐਨ ਕਰਨ ਨਾਲ ਤੁਹਾਨੂੰ ਯਕੀਨ ਹੋ ਜਾਂਦਾ ਹੈ ਕਿ (1) ਯਹੋਵਾਹ ਸੱਚ-ਮੁੱਚ ਹੈ, (2) ਬਾਈਬਲ ਉਸ ਨੇ ਹੀ ਲਿਖਵਾਈ ਹੈ ਅਤੇ (3) ਉਹ ਆਪਣੇ ਸੰਗਠਨ ਰਾਹੀਂ ਆਪਣੀ ਇੱਛਾ ਪੂਰੀ ਕਰ ਰਿਹਾ ਹੈ। ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਜ਼ਰੂਰੀ ਹੈ ਕਿ ਇਕ ਵਿਅਕਤੀ ਪਰਮੇਸ਼ੁਰ ਦੇ ਬਚਨ ਦੀਆਂ ਬੁਨਿਆਦੀ ਸਿੱਖਿਆਵਾਂ ਸਿੱਖੇ ਅਤੇ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲੇ। ਨਾਲੇ ਆਪਣੀ ਪੂਰੀ ਵਾਹ ਲਾ ਕੇ ਦੂਜਿਆਂ ਨੂੰ ਇਸ ਬਾਰੇ ਦੱਸੇ। (ਮੱਤੀ 28:19, 20) ਇੱਦਾਂ ਕਰ ਕੇ ਯਹੋਵਾਹ ਲਈ ਉਸ ਦਾ ਪਿਆਰ ਇੰਨਾ ਵਧ ਜਾਂਦਾ ਹੈ ਕਿ ਉਹ ਸਿਰਫ਼ ਉਸ ਦੀ ਹੀ ਭਗਤੀ ਕਰਨੀ ਚਾਹੁੰਦਾ ਹੈ। ਕੀ ਤੁਹਾਡੇ ਬਾਰੇ ਵੀ ਇਹ ਗੱਲ ਸੱਚ ਹੈ? w24.03 4-5 ਪੈਰੇ 6-8
ਸ਼ੁੱਕਰਵਾਰ 24 ਜਨਵਰੀ
ਉਹ ਇਕ ਸਰੀਰ ਹੋਣਗੇ।—ਉਤ. 2:24.
ਅਬੀਗੈਲ ਦਾ ਵਿਆਹ ਨਾਬਾਲ ਨਾਂ ਦੇ ਇਕ ਆਦਮੀ ਨਾਲ ਹੋਇਆ ਸੀ। ਬਾਈਬਲ ਦੱਸਦੀ ਹੈ ਕਿ ਨਾਬਾਲ ਬਹੁਤ ਹੀ ਰੁੱਖੇ ਸੁਭਾਅ ਦਾ ਸੀ ਅਤੇ ਸਾਰਿਆਂ ਨਾਲ ਬੁਰੇ ਤਰੀਕੇ ਨਾਲ ਪੇਸ਼ ਆਉਂਦਾ ਸੀ। (1 ਸਮੂ. 25:3) ਇੱਦਾਂ ਦੇ ਆਦਮੀ ਨਾਲ ਰਹਿਣਾ ਅਬੀਗੈਲ ਲਈ ਬਹੁਤ ਔਖਾ ਰਿਹਾ ਹੋਣਾ। ਪਰ ਕੀ ਉਸ ਨੇ ਕਦੀ ਇਹ ਸੋਚਿਆ ਕਿ ਉਹ ਕਿਸੇ ਤਰ੍ਹਾਂ ਨਾਬਾਲ ਤੋਂ ਆਪਣਾ ਪਿੱਛਾ ਛੁਡਾ ਲਵੇ? ਦੇਖਿਆ ਜਾਵੇ, ਤਾਂ ਉਸ ਨੂੰ ਇਕ ਵਾਰ ਇੱਦਾਂ ਕਰਨ ਦਾ ਮੌਕਾ ਵੀ ਮਿਲਿਆ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਨਾਬਾਲ ਨੇ ਦਾਊਦ ਅਤੇ ਉਸ ਦੇ ਆਦਮੀਆਂ ਦੀ ਬੇਇੱਜ਼ਤੀ ਕੀਤੀ ਸੀ। ਇਸ ਕਰਕੇ ਦਾਊਦ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਉਸ ਨੂੰ ਮਾਰਨ ਲਈ ਤੁਰ ਪਿਆ ਸੀ। (1 ਸਮੂ. 25:9-13) ਉਸ ਸਮੇਂ ਅਬੀਗੈਲ ਚਾਹੁੰਦੀ, ਤਾਂ ਉਹ ਉੱਥੋਂ ਭੱਜ ਸਕਦੀ ਸੀ ਤੇ ਨਾਬਾਲ ਨੂੰ ਦਾਊਦ ਦੇ ਹੱਥੋਂ ਮਰਨ ਦਿੰਦੀ। ਪਰ ਉਸ ਨੇ ਇੱਦਾਂ ਨਹੀਂ ਕੀਤਾ। ਇਸ ਦੀ ਬਜਾਇ, ਉਹ ਦਾਊਦ ਨੂੰ ਮਿਲਣ ਗਈ ਅਤੇ ਬੇਨਤੀ ਕੀਤੀ ਕਿ ਉਹ ਨਾਬਾਲ ਦੀ ਜਾਨ ਬਖ਼ਸ਼ ਦੇਵੇ। ਦਾਊਦ ਨੇ ਉਸ ਦੀ ਗੱਲ ਮੰਨ ਲਈ। (1 ਸਮੂ. 25:23-27) ਪਰ ਅਬੀਗੈਲ ਨੇ ਇੱਦਾਂ ਕਿਉਂ ਕੀਤਾ? ਅਬੀਗੈਲ ਯਹੋਵਾਹ ਨੂੰ ਪਿਆਰ ਕਰਦੀ ਸੀ ਅਤੇ ਵਿਆਹੁਤਾ ਰਿਸ਼ਤੇ ਨੂੰ ਪਵਿੱਤਰ ਮੰਨਦੀ ਸੀ। ਉਹ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੀ ਸੀ। ਇਸ ਕਰਕੇ ਉਸ ਨੇ ਆਪਣੇ ਪਤੀ ਤੇ ਆਪਣੇ ਘਰਾਣੇ ਦੀ ਜਾਨ ਬਚਾਉਣ ਲਈ ਜੋ ਹੋ ਸਕਦਾ ਸੀ, ਉਹ ਕੀਤਾ। ਉਹ ਤੁਰੰਤ ਦਾਊਦ ਕੋਲ ਗਈ ਤੇ ਉਸ ਨੂੰ ਨਾਬਾਲ ਦੀ ਜਾਨ ਲੈਣ ਤੋਂ ਰੋਕਿਆ। w24.03 16-17 ਪੈਰੇ 9-10
ਸ਼ਨੀਵਾਰ 25 ਜਨਵਰੀ
ਮੈਂ ਆਪਣੇ ਮੂੰਹ ਦੀਆਂ ਗੱਲਾਂ ਨਾਲ ਤੁਹਾਨੂੰ ਤਕੜਾ ਕਰਦਾ।—ਅੱਯੂ. 16:5.
ਕੀ ਤੁਸੀਂ ਮੰਡਲੀ ਦੇ ਕੁਝ ਅਜਿਹੇ ਭੈਣਾਂ-ਭਰਾਵਾਂ ਨੂੰ ਜਾਣਦੇ ਹੋ ਜੋ ਯਹੋਵਾਹ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰਨ ਲਈ ਆਪਣੀ ਜ਼ਿੰਦਗੀ ਸਾਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ? ਕੀ ਤੁਸੀਂ ਇੱਦਾਂ ਦੇ ਨੌਜਵਾਨਾਂ ਨੂੰ ਜਾਣਦੇ ਹੋ ਜੋ ਸਕੂਲ ਵਿਚ ਦੂਜਿਆਂ ਤੋਂ ਅਲੱਗ ਨਜ਼ਰ ਆਉਂਦੇ ਹਨ, ਭਾਵੇਂ ਇੱਦਾਂ ਕਰਨਾ ਸੌਖਾ ਨਹੀਂ ਹੁੰਦਾ? ਜਾਂ ਉਨ੍ਹਾਂ ਬਾਰੇ ਜੋ ਆਪਣੇ ਘਰਦਿਆਂ ਦੇ ਵਿਰੋਧ ਦੇ ਬਾਵਜੂਦ ਵੀ ਯਹੋਵਾਹ ਦੇ ਅਸੂਲਾਂ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ? ਸੱਚ-ਮੁੱਚ, ਇਹ ਪਿਆਰੇ ਭੈਣ-ਭਰਾ ਬਹੁਤ ਹਿੰਮਤ ਤੋਂ ਕੰਮ ਲੈਂਦੇ ਹਨ ਅਤੇ ਬਹੁਤ ਸਾਰੇ ਤਿਆਗ ਕਰਦੇ ਹਨ। ਇਸ ਲਈ ਆਓ ਆਪਾਂ ਉਨ੍ਹਾਂ ਦਾ ਹੌਸਲਾ ਵਧਾਉਂਦੇ ਰਹੀਏ ਤੇ ਯਕੀਨ ਦਿਵਾਉਂਦੇ ਰਹੀਏ ਕਿ ਅਸੀਂ ਉਨ੍ਹਾਂ ਦੇ ਇਸ ਜਜ਼ਬੇ ਦੀ ਬਹੁਤ ਕਦਰ ਕਰਦੇ ਹਾਂ। (ਫਿਲੇ. 4, 5, 7) ਯਹੋਵਾਹ ਨੂੰ ਯਕੀਨ ਹੈ ਕਿ ਅਸੀਂ ਉਸ ਨੂੰ ਦਿਲੋਂ ਖ਼ੁਸ਼ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਆਪਣੇ ਸਮਰਪਣ ਦੀ ਸੁੱਖਣਾ ਨੂੰ ਪੂਰੀ ਕਰਨ ਲਈ ਕੋਈ ਵੀ ਤਿਆਗ ਕਰਨ ਲਈ ਤਿਆਰ ਹਾਂ। ਉਸ ਨੇ ਸਾਨੂੰ ਇਹ ਖ਼ਾਸ ਮੌਕਾ ਦਿੱਤਾ ਹੈ ਕਿ ਅਸੀਂ ਉਸ ਲਈ ਆਪਣਾ ਪਿਆਰ ਜ਼ਾਹਰ ਕਰ ਸਕੀਏ। (ਕਹਾ. 23:15, 16) ਆਓ ਆਪਾਂ ਠਾਣ ਲਈਏ ਕਿ ਅਸੀਂ ਹਮੇਸ਼ਾ ਜੀ-ਜਾਨ ਨਾਲ ਉਸ ਦੀ ਸੇਵਾ ਕਰਦੇ ਰਹਾਂਗੇ। w24.02 18 ਪੈਰਾ 14; 19 ਪੈਰਾ 16
ਐਤਵਾਰ 26 ਜਨਵਰੀ
ਉਸ ਨੇ ਪੂਰੇ ਇਲਾਕੇ ਵਿਚ ਜਾ ਕੇ ਚੰਗੇ ਕੰਮ ਕੀਤੇ ਅਤੇ ਲੋਕਾਂ ਨੂੰ ਚੰਗਾ ਕੀਤਾ।—ਰਸੂ. 10:38.
ਜ਼ਰਾ ਇਸ ਬਿਰਤਾਂਤ ਬਾਰੇ ਕਲਪਨਾ ਕਰੋ। 29 ਈਸਵੀ ਦੀ ਗੱਲ ਹੈ। ਯਿਸੂ ਨੇ ਹੁਣੇ-ਹੁਣੇ ਆਪਣੀ ਸੇਵਕਾਈ ਸ਼ੁਰੂ ਕੀਤੀ ਹੈ। ਉਸ ਨੂੰ ਤੇ ਉਸ ਦੀ ਮਾਤਾ ਮਰੀਅਮ ਨੂੰ ਵਿਆਹ ਦੀ ਦਾਅਵਤ ਤੇ ਸੱਦਿਆ ਗਿਆ ਹੈ। ਇਹ ਦਾਅਵਤ ਕਾਨਾ ਪਿੰਡ ਵਿਚ ਹੈ। ਮਰੀਅਮ ਮਹਿਮਾਨਾਂ ਦੀ ਪਰਾਹੁਣਚਾਰੀ ਕਰਨ ਵਿਚ ਲੱਗੀ ਹੋਈ ਹੈ। ਪਰ ਅਚਾਨਕ ਇਕ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ। ਦਾਖਰਸ ਖ਼ਤਮ ਹੋ ਜਾਂਦਾ ਹੈ। ਇਸ ਲਈ ਮਰੀਅਮ ਫਟਾਫਟ ਆਪਣੇ ਪੁੱਤਰ ਕੋਲ ਜਾਂਦੀ ਹੈ ਅਤੇ ਕਹਿੰਦੀ ਹੈ: “ਉਨ੍ਹਾਂ ਕੋਲ ਦਾਖਰਸ ਨਹੀਂ ਹੈ।” (ਯੂਹੰ. 2:1-3) ਫਿਰ ਯਿਸੂ ਕੀ ਕਰਦਾ ਹੈ? ਉਹ ਚਮਤਕਾਰ ਕਰ ਕੇ ਪਾਣੀ ਨੂੰ “ਵਧੀਆ ਦਾਖਰਸ” ਵਿਚ ਬਦਲ ਦਿੰਦਾ ਹੈ। ( ਯੂਹੰ. 2:9, 10) ਯਿਸੂ ਨੇ ਆਪਣੀ ਸੇਵਕਾਈ ਦੌਰਾਨ ਹੋਰ ਵੀ ਬਹੁਤ ਸਾਰੇ ਚਮਤਕਾਰ ਕੀਤੇ। ਉਸ ਨੇ ਚਮਤਕਾਰ ਕਰ ਕੇ ਲੱਖਾਂ ਹੀ ਲੋਕਾਂ ਦੀ ਮਦਦ ਕੀਤੀ। ਉਦਾਹਰਣ ਲਈ, ਜ਼ਰਾ ਯਿਸੂ ਦੇ ਦੋ ਚਮਤਕਾਰਾਂ ਵੱਲ ਧਿਆਨ ਦਿਓ, ਇਕ ਮੌਕੇ ʼਤੇ ਉਸ ਨੇ 5,000 ਆਦਮੀਆਂ ਨੂੰ ਖਾਣਾ ਖੁਆਇਆ ਅਤੇ ਦੂਜੇ ਮੌਕੇ ʼਤੇ 4,000 ਆਦਮੀਆਂ ਨੂੰ। ਜੇ ਅਸੀਂ ਉੱਥੇ ਹਾਜ਼ਰ ਔਰਤਾਂ ਅਤੇ ਬੱਚਿਆਂ ਦੀ ਵੀ ਗੱਲ ਕਰੀਏ, ਤਾਂ ਯਿਸੂ ਨੇ ਕੁੱਲ ਮਿਲਾ ਕੇ ਲਗਭਗ 27,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਖਾਣਾ ਖੁਆਇਆ ਸੀ। (ਮੱਤੀ 14:15-21; 15:32-38) ਇਨ੍ਹਾਂ ਦੋਹਾਂ ਮੌਕਿਆਂ ʼਤੇ ਯਿਸੂ ਨੇ ਬਹੁਤ ਸਾਰੇ ਬੀਮਾਰ ਲੋਕਾਂ ਨੂੰ ਠੀਕ ਵੀ ਕੀਤਾ ਸੀ।—ਮੱਤੀ 14:14; 15:30, 31. w23.04 2 ਪੈਰੇ 1-2
ਸੋਮਵਾਰ 27 ਜਨਵਰੀ
ਮੈਂ, ਤੇਰਾ ਪਰਮੇਸ਼ੁਰ ਯਹੋਵਾਹ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਕਹਿੰਦਾ ਹਾਂ, “ਨਾ ਡਰ। ਮੈਂ ਤੇਰੀ ਮਦਦ ਕਰਾਂਗਾ।”—ਯਸਾ. 41:13.
ਜਦੋਂ ਸਾਡੇ ਨਾਲ ਕੁਝ ਬੁਰਾ ਹੁੰਦਾ ਹੈ, ਤਾਂ ਸ਼ਾਇਦ ਸਾਡੀ ਜ਼ਿੰਦਗੀ ਪਹਿਲਾਂ ਵਰਗੀ ਨਾ ਰਹੇ। ਸ਼ਾਇਦ ਏਲੀਯਾਹ ਵਾਂਗ ਸਾਡੇ ਵਿਚ ਵੀ ਉੱਠਣ ਦੀ ਹਿੰਮਤ ਨਾ ਹੋਵੇ। ਮਨ ਕਰੇ ਕਿ ਅਸੀਂ ਸੁੱਤੇ ਹੀ ਰਹੀਏ। (1 ਰਾਜ. 19:5-7) ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਸ਼ਾਇਦ ਸਾਨੂੰ ਸਹਾਰੇ ਦੀ ਲੋੜ ਹੋਵੇ। ਜਦੋਂ ਅਸੀਂ ਕਮਜ਼ੋਰ ਮਹਿਸੂਸ ਕਰਦੇ ਹਾਂ, ਤਾਂ ਯਹੋਵਾਹ ਅੱਜ ਦੇ ਹਵਾਲੇ ਦੇ ਸ਼ਬਦਾਂ ਰਾਹੀਂ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਸਾਡੀ ਮਦਦ ਕਰੇਗਾ। ਯਹੋਵਾਹ ਨੇ ਰਾਜਾ ਦਾਊਦ ਦੀ ਵੀ ਮਦਦ ਕੀਤੀ ਸੀ। ਜਦੋਂ ਉਸ ਦੇ ਦੁਸ਼ਮਣ ਉਸ ਦੇ ਪਿੱਛੇ ਪਏ ਹੋਏ ਸਨ ਅਤੇ ਉਹ ਇਕ ਤੋਂ ਬਾਅਦ ਇਕ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਸੀ, ਤਾਂ ਉਸ ਨੇ ਯਹੋਵਾਹ ਨੂੰ ਕਿਹਾ: “ਤੇਰਾ ਸੱਜਾ ਹੱਥ ਮੈਨੂੰ ਸਹਾਰਾ ਦਿੰਦਾ ਹੈ।” (ਜ਼ਬੂ. 18:35) ਯਹੋਵਾਹ ਅਕਸਰ ਦੂਜਿਆਂ ਨੂੰ ਸਾਡੀ ਮਦਦ ਕਰਨ ਲਈ ਉਕਸਾਉਂਦਾ ਹੈ ਅਤੇ ਇਸ ਤਰ੍ਹਾਂ ਉਹ ਸਾਨੂੰ ਸਹਾਰਾ ਦਿੰਦਾ ਹੈ। ਜਿਵੇਂ ਇਕ ਵਾਰ ਜਦੋਂ ਦਾਊਦ ਕਮਜ਼ੋਰ ਮਹਿਸੂਸ ਕਰ ਰਿਹਾ ਸੀ, ਤਾਂ ਉਸ ਦਾ ਦੋਸਤ ਯੋਨਾਥਾਨ ਉਸ ਨੂੰ ਮਿਲਣ ਆਇਆ। ਉਸ ਨੇ ਦਾਊਦ ਨੂੰ ਹੌਸਲਾ ਅਤੇ ਸਹਾਰਾ ਦਿੱਤਾ। (1 ਸਮੂ. 23:16, 17) ਜਦੋਂ ਏਲੀਯਾਹ ਨੂੰ ਮਦਦ ਦੀ ਲੋੜ ਸੀ, ਤਾਂ ਯਹੋਵਾਹ ਨੇ ਅਲੀਸ਼ਾ ਦੇ ਜ਼ਰੀਏ ਉਸ ਦੀ ਮਦਦ ਕੀਤੀ।—1 ਰਾਜ. 19:16, 21; 2 ਰਾਜ. 2:2. w24.01 23-24 ਪੈਰੇ 10-12
ਮੰਗਲਵਾਰ 28 ਜਨਵਰੀ
ਬੁੱਧ ਯਹੋਵਾਹ ਹੀ ਦਿੰਦਾ ਹੈ; ਗਿਆਨ ਤੇ ਸੂਝ-ਬੂਝ ਦੀਆਂ ਗੱਲਾਂ ਉਸੇ ਦੇ ਮੂੰਹੋਂ ਨਿਕਲਦੀਆਂ ਹਨ।—ਕਹਾ. 2:6.
“ਸੱਚੀ ਬੁੱਧ” ਨੂੰ ਦਰਸਾਉਣ ਵਾਲੀ ਔਰਤ ਦੀ ਮਿਸਾਲ ਵਰਤ ਕੇ ਦਿਖਾਇਆ ਗਿਆ ਹੈ ਕਿ ਯਹੋਵਾਹ ਖੁੱਲ੍ਹੇ ਦਿਲ ਵਾਲਾ ਪਰਮੇਸ਼ੁਰ ਹੈ ਅਤੇ ਸਾਨੂੰ ਬਹੁਤਾਤ ਵਿਚ ਸਾਰਾ ਕੁਝ ਦਿੰਦਾ ਹੈ। ਇਹ ਗੁਣ “ਸੱਚੀ ਬੁੱਧ” ਨੂੰ ਦਰਸਾਉਣ ਵਾਲੀ ਔਰਤ ਵਿਚ ਨਜ਼ਰ ਆਉਂਦੇ ਹਨ ਜਿਸ ਦਾ ਜ਼ਿਕਰ ਕਹਾਉਤਾਂ ਅਧਿਆਇ 9 ਵਿਚ ਕੀਤਾ ਗਿਆ ਹੈ। ਇਸ ਬਿਰਤਾਂਤ ਵਿਚ ਦੱਸਿਆ ਗਿਆ ਹੈ ਕਿ ਇਸ ਔਰਤ ਨੇ ਮੀਟ ਤਿਆਰ ਕੀਤਾ ਹੈ, ਦਾਖਰਸ ਰਲ਼ਾ ਲਿਆ ਹੈ ਅਤੇ ਉਸ ਨੇ ਤਾਂ ਆਪਣੇ ਘਰ ਵਿਚ ਆਪਣਾ ਮੇਜ਼ ਵੀ ਸਜਾ ਲਿਆ ਹੈ। (ਕਹਾ. 9:2, ਫੁਟਨੋਟ) ਆਇਤਾਂ 4 ਅਤੇ 5 ਵਿਚ ਲਿਖਿਆ ਹੈ: “ਜਿਸ ਨੂੰ ਅਕਲ ਦੀ ਘਾਟ ਹੈ, ਉਸ ਨੂੰ ਉਹ [ਯਾਨੀ ਸੱਚੀ ਬੁੱਧ] ਕਹਿੰਦੀ ਹੈ: ‘ਆਓ ਮੇਰੀ ਰੋਟੀ ਖਾਓ।’” ਸਾਨੂੰ ਕਿਉਂ ਸੱਚੀ ਬੁੱਧ ਦੇ ਘਰ ਜਾਣਾ ਚਾਹੀਦਾ ਹੈ ਅਤੇ ਉਸ ਵੱਲੋਂ ਤਿਆਰ ਕੀਤਾ ਭੋਜਨ ਖਾਣਾ ਚਾਹੀਦਾ ਹੈ? ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਬੱਚੇ ਬੁੱਧੀਮਾਨ ਬਣਨ ਅਤੇ ਸੁਰੱਖਿਅਤ ਰਹਿਣ। ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਗ਼ਲਤੀਆਂ ਕਰ ਕੇ ਜ਼ਿੰਦਗੀ ਦੇ ਜ਼ਰੂਰੀ ਸਬਕ ਸਿੱਖੀਏ ਅਤੇ ਫਿਰ ਉਨ੍ਹਾਂ ʼਤੇ ਪਛਤਾਈਏ। ਇਸੇ ਕਰਕੇ “ਉਹ ਸਾਫ਼ ਦਿਲ ਵਾਲੇ ਲੋਕਾਂ ਲਈ ਬੁੱਧ ਨੂੰ ਸਾਂਭ ਕੇ ਰੱਖਦਾ ਹੈ।” (ਕਹਾ. 2:7) ਜਦੋਂ ਅਸੀਂ ਯਹੋਵਾਹ ਦਾ ਡਰ ਰੱਖਾਂਗੇ, ਤਾਂ ਅਸੀਂ ਉਸ ਨੂੰ ਖ਼ੁਸ਼ ਕਰਨਾ ਚਾਹਾਂਗੇ। ਅਸੀਂ ਉਸ ਦੀ ਬੁੱਧ ਭਰੀ ਸਲਾਹ ਸੁਣਦੇ ਹਾਂ ਅਤੇ ਖ਼ੁਸ਼ੀ ਨਾਲ ਉਸ ਨੂੰ ਲਾਗੂ ਕਰਦੇ ਹਾਂ।—ਯਾਕੂ. 1:25. w23.06 23 ਪੈਰੇ 14-15
ਬੁੱਧਵਾਰ 29 ਜਨਵਰੀ
ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਅਤੇ ਪਿਆਰ ਨੂੰ ਭੁੱਲ ਜਾਵੇ।—ਇਬ. 6:10.
ਸ਼ਾਇਦ ਅਸੀਂ ਆਪਣੇ ਹਾਲਾਤਾਂ ਕਰਕੇ ਯਹੋਵਾਹ ਲਈ ਉੱਨਾ ਨਾ ਕਰ ਸਕੀਏ ਜਿੰਨਾ ਅਸੀਂ ਕਰਨਾ ਚਾਹੁੰਦੇ ਹਾਂ। ਪਰ ਤਾਂ ਵੀ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਅਸੀਂ ਦਿਲੋਂ ਜੋ ਵੀ ਕਰਦੇ ਹਾਂ, ਯਹੋਵਾਹ ਉਸ ਦੀ ਬਹੁਤ ਕਦਰ ਕਰਦਾ ਹੈ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਧਿਆਨ ਦਿਓ ਕਿ ਯਹੋਵਾਹ ਨੇ ਜ਼ਕਰਯਾਹ ਨਬੀ ਨੂੰ ਕੀ ਕਿਹਾ ਸੀ। ਉਸ ਨੇ ਕਿਹਾ ਕਿ ਬਾਬਲ ਵਿਚ ਰਹਿੰਦੇ ਯਹੂਦੀਆਂ ਨੇ ਜੋ ਸੋਨਾ-ਚਾਂਦੀ ਦਾਨ ਕੀਤਾ ਹੈ, ਉਸ ਤੋਂ ਇਕ ਤਾਜ ਬਣਾਇਆ ਜਾਵੇ। (ਜ਼ਕ. 6:11) ਇਹ “ਸ਼ਾਨਦਾਰ ਤਾਜ” ਇਸ ਗੱਲ ਦੀ “ਯਾਦਗਾਰ” ਸੀ ਕਿ ਬਾਬਲ ਵਿਚ ਰਹਿੰਦੇ ਯਹੂਦੀਆਂ ਨੇ ਕਿਵੇਂ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ ਸੀ। (ਜ਼ਕ. 6:14) ਇਸ ਤੋਂ ਅਸੀਂ ਵੀ ਯਕੀਨ ਰੱਖ ਸਕਦੇ ਹਾਂ ਕਿ ਔਖੀਆਂ ਘੜੀਆਂ ਦੌਰਾਨ ਅਸੀਂ ਯਹੋਵਾਹ ਲਈ ਦਿਲੋਂ ਜੋ ਵੀ ਕਰਦੇ ਹਾਂ, ਉਹ ਉਸ ਨੂੰ ਕਦੇ ਨਹੀਂ ਭੁੱਲੇਗਾ। ਬਿਨਾਂ ਸ਼ੱਕ, ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਸਾਡੇ ʼਤੇ ਕੋਈ-ਨਾ-ਕੋਈ ਮੁਸ਼ਕਲ ਤਾਂ ਜ਼ਰੂਰ ਆਵੇਗੀ ਅਤੇ ਭਵਿੱਖ ਵਿਚ ਹਾਲਾਤ ਸ਼ਾਇਦ ਹੋਰ ਵੀ ਖ਼ਰਾਬ ਹੋ ਜਾਣ। (2 ਤਿਮੋ. 3:1, 13) ਪਰ ਸਾਨੂੰ ਹੱਦੋਂ ਵੱਧ ਚਿੰਤਾ ਕਰਨ ਦੀ ਲੋੜ ਨਹੀਂ ਹੈ। ਯਾਦ ਕਰੋ ਕਿ ਯਹੋਵਾਹ ਨੇ ਹੱਜਈ ਦੇ ਦਿਨਾਂ ਵਿਚ ਆਪਣੇ ਲੋਕਾਂ ਨੂੰ ਕੀ ਕਿਹਾ ਸੀ: “ਮੈਂ ਤੁਹਾਡੇ ਨਾਲ ਹਾਂ . . . ਨਾ ਡਰੋ।” (ਹੱਜ. 2:4, 5) ਜੇ ਅਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਪੂਰੀ ਵਾਹ ਲਾਉਂਦੇ ਹਾਂ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਨਾਲ ਹੋਵੇਗਾ। w23.11 19 ਪੈਰੇ 20-21
ਵੀਰਵਾਰ 30 ਜਨਵਰੀ
ਮੈਂ ਪਾਪੀ ਇਨਸਾਨ ਹਾਂ।—ਲੂਕਾ 5:8.
ਯਹੋਵਾਹ ਚਾਹੁੰਦਾ ਤਾਂ ਪਤਰਸ ਰਸੂਲ ਦੀਆਂ ਗ਼ਲਤੀਆਂ ਆਪਣੇ ਬਚਨ ਵਿਚ ਦਰਜ ਹੀ ਨਾ ਕਰਵਾਉਂਦਾ, ਪਰ ਉਸ ਨੇ ਇਨ੍ਹਾਂ ਬਾਰੇ ਲਿਖਵਾਇਆ ਤਾਂਕਿ ਅਸੀਂ ਇਨ੍ਹਾਂ ਤੋਂ ਸਿੱਖ ਸਕੀਏ। (2 ਤਿਮੋ. 3:16, 17) ਜਦੋਂ ਅਸੀਂ ਅਧਿਐਨ ਕਰਾਂਗੇ ਕਿ ਪਤਰਸ ਵਿਚ ਵੀ ਸਾਡੇ ਵਰਗੀਆਂ ਕਮੀਆਂ-ਕਮਜ਼ੋਰੀਆਂ ਸਨ ਅਤੇ ਉਹ ਵੀ ਸਾਡੇ ਵਾਂਗ ਮਹਿਸੂਸ ਕਰਦਾ ਸੀ, ਤਾਂ ਅਸੀਂ ਸਮਝ ਸਕਾਂਗੇ ਕਿ ਯਹੋਵਾਹ ਸਾਡੇ ਤੋਂ ਇਹ ਆਸ ਨਹੀਂ ਰੱਖਦਾ ਕਿ ਅਸੀਂ ਗ਼ਲਤੀਆਂ ਨਹੀਂ ਕਰਾਂਗੇ। ਇਸ ਦੀ ਬਜਾਇ, ਉਹ ਚਾਹੁੰਦਾ ਹੈ ਕਿ ਅਸੀਂ ਕਦੇ ਵੀ ਹਾਰ ਨਾ ਮੰਨੀਏ ਅਤੇ ਆਪਣੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਵੀ ਉਸ ਦੀ ਸੇਵਾ ਕਰਦੇ ਰਹੀਏ। ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਹਾਰ ਨਾ ਮੰਨੀਏ? ਚਾਹੇ ਅਸੀਂ ਆਪਣੀ ਕਿਸੇ ਕਮੀ-ਕਮਜ਼ੋਰੀ ʼਤੇ ਕਾਬੂ ਪਾ ਲਿਆ ਹੈ, ਫਿਰ ਵੀ ਹੋ ਸਕਦਾ ਹੈ ਕਿ ਸਾਡੇ ਤੋਂ ਕੋਈ ਗ਼ਲਤੀ ਹੋ ਜਾਵੇ। ਪਰ ਸਾਨੂੰ ਇਸ ਵਿਚ ਸੁਧਾਰ ਕਰਦੇ ਰਹਿਣ ਦੀ ਲੋੜ ਹੈ। ਅਸੀਂ ਸਾਰੇ ਕਈ ਵਾਰ ਅਜਿਹਾ ਕੁਝ ਕਹਿ ਜਾਂ ਕਰ ਦਿੰਦੇ ਹਾਂ ਜਿਸ ਕਰਕੇ ਅਸੀਂ ਬਾਅਦ ਵਿਚ ਪਛਤਾਉਂਦੇ ਹਾਂ। ਪਰ ਜੇ ਅਸੀਂ ਹਾਰ ਨਾ ਮੰਨੀਏ, ਤਾਂ ਯਹੋਵਾਹ ਸਾਡੀ ਸੁਧਾਰ ਕਰਦੇ ਰਹਿਣ ਵਿਚ ਮਦਦ ਕਰੇਗਾ। (1 ਪਤ. 5:10) ਯਿਸੂ ਨੇ ਪਤਰਸ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਉਸ ਲਈ ਪਿਆਰ ਤੇ ਹਮਦਰਦੀ ਦਿਖਾਈ। ਇਸ ਤੋਂ ਸਾਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਦੀ ਹੱਲਾਸ਼ੇਰੀ ਮਿਲਦੀ ਹੈ। w23.09 20-21 ਪੈਰੇ 2-3
ਸ਼ੁੱਕਰਵਾਰ 31 ਜਨਵਰੀ
ਪ੍ਰਭੂ, ਜੇ ਤੂੰ ਇੱਥੇ ਹੁੰਦਾ, ਤਾਂ ਮੇਰਾ ਵੀਰ ਨਾ ਮਰਦਾ।—ਯੂਹੰ. 11:21.
ਯਿਸੂ ਲਾਜ਼ਰ ਨੂੰ ਠੀਕ ਕਰ ਸਕਦਾ ਸੀ ਜਿੱਦਾਂ ਅੱਜ ਦੇ ਹਵਾਲੇ ਵਿਚ ਮਾਰਥਾ ਨੇ ਕਿਹਾ ਸੀ। ਪਰ ਯਿਸੂ ਕੁਝ ਅਜਿਹਾ ਕਰਨਾ ਚਾਹੁੰਦਾ ਹੈ ਜਿਸ ਦੀ ਕਿਸੇ ਨੇ ਉਮੀਦ ਵੀ ਨਹੀਂ ਕੀਤੀ ਹੋਣੀ। ਉਹ ਮਾਰਥਾ ਨਾਲ ਵਾਅਦਾ ਕਰਦਾ ਹੈ: “ਤੇਰਾ ਭਰਾ ਜੀਉਂਦਾ ਹੋ ਜਾਵੇਗਾ।” ਫਿਰ ਉਹ ਕਹਿੰਦਾ ਹੈ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ।” (ਯੂਹੰ. 11:23, 25) ਯਿਸੂ ਨੇ ਇਹ ਗੱਲ ਇਸ ਲਈ ਕਹੀ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਦਿੱਤੀ ਹੈ। ਇਸ ਬਿਰਤਾਂਤ ਤੋਂ ਪਹਿਲਾਂ ਯਿਸੂ ਨੇ ਇਕ ਛੋਟੀ ਕੁੜੀ ਨੂੰ ਉਸ ਦੀ ਮੌਤ ਤੋਂ ਕੁਝ ਸਮੇਂ ਬਾਅਦ ਹੀ ਜੀਉਂਦਾ ਕੀਤਾ ਸੀ। ਨਾਲੇ ਉਸ ਨੇ ਇਕ ਨੌਜਵਾਨ ਆਦਮੀ ਨੂੰ ਵੀ ਸ਼ਾਇਦ ਉਸੇ ਦਿਨ ਜੀਉਂਦਾ ਕੀਤਾ ਸੀ ਜਿਸ ਦਿਨ ਉਸ ਦੀ ਮੌਤ ਹੋਈ ਸੀ। (ਲੂਕਾ 7:11-15; 8:49-55) ਪਰ ਲਾਜ਼ਰ ਨੂੰ ਮਰੇ ਹੋਏ ਨੂੰ ਚਾਰ ਦਿਨ ਹੋ ਚੁੱਕੇ ਹਨ ਅਤੇ ਉਸ ਦਾ ਸਰੀਰ ਗਲ਼ਣਾ ਸ਼ੁਰੂ ਹੋ ਗਿਆ ਹੈ। ਕੀ ਯਿਸੂ ਉਸ ਨੂੰ ਵੀ ਦੁਬਾਰਾ ਜੀਉਂਦਾ ਕਰ ਸਕਦਾ ਹੈ? ਹੁਣ ਲਾਜ਼ਰ ਦੀ ਦੂਜੀ ਭੈਣ ਮਰੀਅਮ ਵੀ ਯਿਸੂ ਨੂੰ ਮਿਲਣ ਆਉਂਦੀ ਹੈ। ਮਾਰਥਾ ਵਾਂਗ ਉਹ ਵੀ ਯਿਸੂ ਨੂੰ ਕਹਿੰਦੀ ਹੈ, “ਪ੍ਰਭੂ, ਜੇ ਤੂੰ ਇੱਥੇ ਹੁੰਦਾ, ਤਾਂ ਮੇਰਾ ਵੀਰ ਨਾ ਮਰਦਾ।” (ਯੂਹੰ. 11:32) ਮਰੀਅਮ ਅਤੇ ਹੋਰਨਾਂ ਨੂੰ ਰੋਂਦਾ ਦੇਖ ਕੇ ਅਤੇ ਉਨ੍ਹਾਂ ਦਾ ਰੋਣਾ ਸੁਣ ਕੇ ਯਿਸੂ ਦਾ ਵੀ ਦਿਲ ਭਰ ਆਉਂਦਾ ਹੈ। ਆਪਣੇ ਦੋਸਤਾਂ ਨਾਲ ਹਮਦਰਦੀ ਜਤਾਉਂਦਿਆਂ ਯਿਸੂ ਵੀ ਰੋਣ ਲੱਗ ਪੈਂਦਾ ਹੈ। ਯਿਸੂ ਚੰਗੀ ਤਰ੍ਹਾਂ ਸਮਝ ਸਕਦਾ ਹੈ ਕਿ ਜਦੋਂ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੁੰਦੀ ਹੈ, ਤਾਂ ਸਾਡੇ ʼਤੇ ਕੀ ਬੀਤਦੀ ਹੈ। ਬਿਨਾਂ ਸ਼ੱਕ, ਯਿਸੂ ਸਾਡੇ ਦੁੱਖਾਂ ਦੇ ਕਾਰਨਾਂ ਨੂੰ ਮਿਟਾਉਣ ਲਈ ਬੇਤਾਬ ਹੈ! w23.04 10-11 ਪੈਰੇ 12-13