ਪਰਮੇਸ਼ੁਰ ਮਸੀਹੀ-ਜਗਤ ਦੀ ਉਪਾਸਨਾ ਨੂੰ ਕਿਸ ਦ੍ਰਿਸ਼ਟੀ ਤੋਂ ਦੇਖਦਾ ਹੈ?
“ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ,” ਯਿਸੂ ਮਸੀਹ ਨੇ ਕਿਹਾ, “ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ। ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੁ! ਹੇ ਪ੍ਰਭੁ! ਕੀ ਅਸਾਂ . . . ਤੇਰਾ ਨਾਮ ਲੈਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ? ਤਦ ਮੈਂ ਉਨ੍ਹਾਂ ਨੂੰ ਸਾਫ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ।”—ਮੱਤੀ 7:21-23.
ਆਪਣੇ ਪਾਕ ਬਚਨ, ਅਰਥਾਤ ਪਵਿੱਤਰ ਬਾਈਬਲ ਦੇ ਦੁਆਰਾ ਪਰਮੇਸ਼ੁਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਦੀ ਇੱਛਾ ਕੀ ਹੈ। ਕੀ ਮਸੀਹੀ-ਜਗਤ ਦੇ ਗਿਰਜੇ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਹੇ ਹਨ? ਜਾਂ ਕੀ ਉਹ ਯਿਸੂ ਦੁਆਰਾ ਆਖੇ ਗਏ ‘ਬੁਰਿਆਰ’ ਹਨ?
ਖ਼ੂਨ-ਖ਼ਰਾਬਾ
ਆਪਣੇ ਸੁਆਮੀ ਦੀ ਮੌਤ ਤੋਂ ਇਕ ਰਾਤ ਪਹਿਲਾਂ, ਪਤਰਸ ਨੇ ਉਸ ਸੈਨਿਕਾਂ ਦੇ ਦਸਤੇ ਨਾਲ ਲਗਭਗ ਇਕ ਹਥਿਆਰਬੰਦ ਲੜਾਈ ਸ਼ੁਰੂ ਕਰ ਦਿੱਤੀ ਸੀ, ਜੋ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਭੇਜਿਆ ਗਿਆ ਸੀ। (ਯੂਹੰਨਾ 18:3, 10) ਪਰੰਤੂ ਯਿਸੂ ਨੇ ਮਾਮਲੇ ਨੂੰ ਸ਼ਾਂਤ ਕੀਤਾ ਅਤੇ ਪਤਰਸ ਨੂੰ ਚੇਤਾਵਨੀ ਦਿੱਤੀ: “ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।” (ਮੱਤੀ 26:52) ਇਹ ਸਪੱਸ਼ਟ ਚੇਤਾਵਨੀ ਪਰਕਾਸ਼ ਦੀ ਪੋਥੀ 13:10 ਵਿਚ ਦੁਹਰਾਈ ਗਈ ਹੈ। ਕੀ ਮਸੀਹੀ-ਜਗਤ ਦੇ ਗਿਰਜਿਆਂ ਨੇ ਇਸ ਉੱਤੇ ਧਿਆਨ ਦਿੱਤਾ ਹੈ? ਜਾਂ ਕੀ ਧਰਤੀ ਦੇ ਵਿਭਿੰਨ ਭਾਗਾਂ ਵਿਚ ਲੜੀਆਂ ਜਾ ਰਹੀਆਂ ਯੁੱਧਾਂ ਦੇ ਲਈ ਉਹ ਵੀ ਜ਼ਿੰਮੇਵਾਰ ਹਨ?
ਵਿਸ਼ਵ ਯੁੱਧ II ਦੇ ਦੌਰਾਨ, ਧਰਮ ਦੇ ਨਾਂ ਵਿਚ ਲੱਖਾਂ ਹੀ ਸਰਬਾਂ ਅਤੇ ਕ੍ਰੋਸ਼ੀਅਨਾਂ ਦੀ ਹੱਤਿਆ ਕੀਤੀ ਗਈ ਸੀ। “ਕ੍ਰੋਸ਼ੀਆ ਵਿਚ,” ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਰਿਪੋਰਟ ਕਰਦਾ ਹੈ, “ਦੇਸੀ ਫਾਸ਼ੀ ਹਕੂਮਤ ਨੇ ‘ਜਾਤੀਗਤ ਸੋਧਣ’ ਦੀ ਇਕ ਨੀਤੀ ਸ਼ੁਰੂ ਕੀਤੀ ਜੋ ਨਾਜ਼ੀ ਅਭਿਆਸਾਂ ਤੋਂ ਵੀ ਵੱਧ ਸੀ। . . . ਇਹ ਐਲਾਨ ਕੀਤਾ ਗਿਆ ਸੀ ਕਿ ਇਕ ਤਿਹਾਈ ਸਰਬੀਆਈ ਆਬਾਦੀ ਨੂੰ ਦੇਸ਼ ਵਿੱਚੋਂ ਕੱਢਿਆ ਜਾਵੇਗਾ, ਇਕ ਤਿਹਾਈ ਨੂੰ ਰੋਮਨ ਕੈਥੋਲਿਕ ਮਤ ਵਿਚ ਧਰਮ ਪਰਿਵਰਤਿਤ ਕੀਤਾ ਜਾਵੇਗਾ, ਅਤੇ ਇਕ ਤਿਹਾਈ ਨੂੰ ਖ਼ਤਮ ਕੀਤਾ ਜਾਵੇਗਾ। . . . ਇਨ੍ਹਾਂ ਅਭਿਆਸਾਂ ਵਿਚ ਕੈਥੋਲਿਕ ਪਾਦਰੀਆਂ ਦੇ ਆਂਸ਼ਿਕ ਸਹਿਯੋਗ ਨੇ ਯੁੱਧ ਤੋਂ ਬਾਅਦ ਗਿਰਜਾ-ਸਰਕਾਰ ਸੰਬੰਧਾਂ ਨੂੰ ਅਤਿ ਵਿਗਾੜ ਦਿੱਤਾ।” ਅਣਗਿਣਤ ਵਿਅਕਤੀਆਂ ਨੂੰ ਕੈਥੋਲਿਕ ਮਤ ਵਿਚ ਧਰਮ ਪਰਿਵਰਤਿਤ ਹੋਣ ਦੇ ਲਈ ਜਾਂ ਮਰਨ ਦੇ ਲਈ ਮਜਬੂਰ ਕੀਤਾ ਗਿਆ; ਹਜ਼ਾਰਾਂ ਹੋਰ ਲੋਕਾਂ ਨੂੰ ਤਾਂ ਚੋਣ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਪੂਰੇ ਦੇ ਪੂਰੇ ਪਿੰਡਾਂ—ਪੁਰਸ਼ਾਂ, ਇਸਤਰੀਆਂ, ਅਤੇ ਬੱਚਿਆਂ—ਨੂੰ ਜ਼ਬਰਦਸਤੀ ਆਪਣੇ ਆਰਥੋਡਾਕਸ ਗਿਰਜਿਆਂ ਵਿਚ ਲਿਜਾ ਕੇ ਉਨ੍ਹਾਂ ਦੀ ਹੱਤਿਆ ਕੀਤੀ ਗਈ। ਵਿਰੋਧੀ ਸਾਮਵਾਦੀ ਸੈਨਾਵਾਂ ਦੇ ਬਾਰੇ ਕੀ? ਕੀ ਉਨ੍ਹਾਂ ਨੂੰ ਵੀ ਧਾਰਮਿਕ ਸਮਰਥਨ ਹਾਸਲ ਸੀ?
“ਕੁਝ ਪਾਦਰੀਆਂ ਨੇ ਕ੍ਰਾਂਤੀਕਾਰੀ ਸੈਨਾਵਾਂ ਦੇ ਪੱਖ ਵਿਚ ਯੁੱਧ ਵਿਚ ਹਿੱਸਾ ਲਿਆ,” ਪੁਸਤਕ ਯੂਗੋਸਲਾਵੀਆ ਦਾ ਇਤਿਹਾਸ (ਅੰਗ੍ਰੇਜ਼ੀ) ਰਿਪੋਰਟ ਕਰਦੀ ਹੈ। “ਗੁਰੀਲਾ ਸੈਨਾਵਾਂ ਵਿਚ ਤਾਂ ਸਰਬੀਅਨ ਆਰਥੋਡਾਕਸ ਅਤੇ ਰੋਮਨ ਕੈਥੋਲਿਕ ਦੋਵੇਂ ਗਿਰਜਿਆਂ ਦੇ ਪਾਦਰੀ ਸ਼ਾਮਲ ਸਨ,” ਪੁਸਤਕ ਯੂਗੋਸਲਾਵੀਆ ਅਤੇ ਨਵਾਂ ਸਾਮਵਾਦ (ਅੰਗ੍ਰੇਜ਼ੀ) ਬਿਆਨ ਕਰਦੀ ਹੈ। ਧਾਰਮਿਕ ਮਤਭੇਦ ਹਾਲੇ ਵੀ ਬਾਲਕਨ ਵਿਚ ਯੁੱਧ ਨੂੰ ਭੜਕਾ ਰਹੇ ਹਨ।
ਅਤੇ ਰਵਾਂਡਾ ਦੇ ਬਾਰੇ ਕੀ? ਅੰਤਰਰਾਸ਼ਟਰੀ ਸੰਬੰਧਾਂ ਲਈ ਕੈਥੋਲਿਕ ਸੰਸਥਾ ਦੇ ਜਨਰਲ ਸਕੱਤਰ, ਈਅਨ ਲਿੰਡਨ ਨੇ ਦ ਮੰਥ ਜਰਨਲ ਵਿਚ ਨਿਮਨਲਿਖਿਤ ਗੱਲ ਸਵੀਕਾਰ ਕੀਤੀ: “ਲੰਡਨ ਵਿਚ ਅਫ਼ਰੀਕੀ ਅਧਿਕਾਰ (African Rights) ਦੁਆਰਾ ਜਾਂਚ, ਅਜਿਹੇ ਇਕ ਜਾਂ ਦੋ ਉਦਾਹਰਣ ਪ੍ਰਦਾਨ ਕਰਦੀ ਹੈ ਜਿਨ੍ਹਾਂ ਵਿਚ ਸਥਾਨਕ ਕੈਥੋਲਿਕ, ਐਂਗਲੀਕਨ ਅਤੇ ਬੈਪਟਿਸਟ ਚਰਚ ਦੇ ਆਗੂ, ਉਕਾਈਆਂ ਅਤੇ ਵਧੀਕੀਆਂ ਦੇ ਕਾਰਨ ਮਿਲਿਸ਼ੀਆ ਹੱਤਿਆਵਾਂ ਵਿਚ ਸ਼ਾਮਲ ਸਨ। . . . ਇਸ ਵਿਚ ਬਿਲਕੁਲ ਕੋਈ ਸ਼ੱਕ ਹੀ ਨਹੀਂ ਹੈ ਕਿ ਪੈਰਿਸ਼ਾਂ ਵਿਚ ਉੱਘੇ ਮਸੀਹੀਆਂ ਦੀ ਵੱਡੀ ਗਿਣਤੀ ਹੱਤਿਆ ਵਿਚ ਸ਼ਾਮਲ ਸੀ।” ਦੁੱਖ ਦੀ ਗੱਲ ਹੈ ਕਿ ਕੇਂਦਰੀ ਅਫ਼ਰੀਕਾ ਹਾਲੇ ਵੀ ਅਖਾਉਤੀ ਮਸੀਹੀਆਂ ਦੇ ਦਰਮਿਆਨ ਲੜਾਈ ਨਾਲ ਪੀੜਿਤ ਹੈ।
ਵਿਭਚਾਰ ਅਤੇ ਜ਼ਨਾਹ
ਪਰਮੇਸ਼ੁਰ ਦੇ ਬਚਨ ਦੇ ਅਨੁਸਾਰ, ਕਾਮ ਦੇ ਲਈ ਕੇਵਲ ਇੱਕੋ ਹੀ ਆਦਰਯੋਗ ਜਗ੍ਹਾ ਹੈ, ਅਤੇ ਉਹ ਹੈ ਵਿਆਹ ਦੇ ਬੰਧਨ ਦੇ ਅੰਦਰ। “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ,” ਬਾਈਬਲ ਬਿਆਨ ਕਰਦੀ ਹੈ, “ਅਤੇ ਵਿਛਾਉਣਾ ਬੇਦਾਗ ਰਹੇ ਕਿਉਂ ਜੋ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਉਂ ਕਰੇਗਾ।” (ਇਬਰਾਨੀਆਂ 13:4) ਕੀ ਗਿਰਜੇ ਦੇ ਆਗੂ ਪਰਮੇਸ਼ੁਰ ਦੀ ਇਸ ਸਿੱਖਿਆ ਦਾ ਸਮਰਥਨ ਕਰ ਰਹੇ ਹਨ?
ਸੰਨ 1989 ਵਿਚ ਆਸਟ੍ਰੇਲੀਆ ਵਿਚ ਐਂਗਲੀਕਨ ਚਰਚ ਨੇ ਕਾਮੁਕਤਾ ਉੱਤੇ ਇਕ ਸਰਕਾਰੀ ਦਸਤਾਵੇਜ਼ ਜਾਰੀ ਕੀਤੀ ਜਿਸ ਵਿਚ ਸੁਝਾਅ ਦਿੱਤਾ ਗਿਆ ਸੀ ਕਿ ਵਿਆਹ ਤੋਂ ਪਹਿਲਾਂ ਕਾਮ ਗ਼ਲਤ ਨਹੀਂ ਹੈ ਜੇਕਰ ਇਕ ਜੋੜਾ ਪੂਰੀ ਤਰ੍ਹਾਂ ਨਾਲ ਇਕ ਦੂਜੇ ਦੇ ਪ੍ਰਤੀ ਵਚਨਬੱਧ ਹਨ। ਹੋਰ ਹਾਲ ਹੀ ਵਿਚ, ਸਕਾਟਲੈਂਡ ਵਿਚ ਐਂਗਲੀਕਨ ਚਰਚ ਦੇ ਆਗੂ ਨੇ ਬਿਆਨ ਕੀਤਾ: “ਚਰਚ ਨੂੰ ਪ੍ਰੇਮ-ਸੰਬੰਧਾਂ ਨੂੰ ਪਾਪਮਈ ਅਤੇ ਗ਼ਲਤ ਕਰਾਰ ਨਹੀਂ ਦੇਣਾ ਚਾਹੀਦਾ ਹੈ। ਚਰਚ ਨੂੰ ਸਵੀਕਾਰਨਾ ਚਾਹੀਦਾ ਹੈ ਕਿ ਜ਼ਨਾਹ ਸਾਡੀ ਬੰਸ-ਪਰੰਪਰਾ ਦੇ ਕਾਰਨ ਹੁੰਦਾ ਹੈ।”
ਦੱਖਣੀ ਅਫ਼ਰੀਕਾ ਵਿਚ ਕਈ ਪਾਦਰੀਆਂ ਨੇ ਸਮਲਿੰਗਕਾਮੁਕਤਾ ਦੇ ਪੱਖ ਵਿਚ ਖੁੱਲ੍ਹ ਨਾਲ ਗੱਲ ਕੀਤੀ ਹੈ। ਉਦਾਹਰਣ ਦੇ ਲਈ, 1990 ਵਿਚ ਦੱਖਣੀ ਅਫ਼ਰੀਕਾ ਦਾ ਰਸਾਲਾ ਯੂ ਨੇ ਇਕ ਪ੍ਰਮੁੱਖ ਐਂਗਲੀਕਨ ਪਾਦਰੀ ਦੇ ਕਥਨ ਦਾ ਹਵਾਲਾ ਦਿੱਤਾ: “ਸ਼ਾਸਤਰ ਸਦਾ ਦੇ ਲਈ ਬੰਧਨਕਾਰੀ ਨਹੀਂ ਹੈ। . . . ਮੈਨੂੰ ਵਿਸ਼ਵਾਸ ਹੈ ਕਿ ਸਮਲਿੰਗਕਾਮੀਆਂ ਦੇ ਪ੍ਰਤੀ ਗਿਰਜੇ ਦੇ ਰਵੱਈਏ ਅਤੇ ਨੀਤੀ ਵਿਚ ਤਬਦੀਲੀਆਂ ਹੋਣਗੀਆਂ।”—ਭਿੰਨਤਾ ਦੇਖੋ ਰੋਮੀਆਂ 1:26, 27.
ਸੰਨ 1994 ਬ੍ਰਿਟੈਨਿਕਾ ਬੁੱਕ ਆਫ਼ ਦ ਯੀਅਰ ਦੇ ਅਨੁਸਾਰ, ਅਮਰੀਕੀ ਗਿਰਜਿਆਂ ਵਿਚ ਕਾਮੁਕਤਾ ਇਕ ਪ੍ਰਮੁੱਖ ਵਾਦ-ਵਿਸ਼ਾ ਬਣ ਗਈ ਹੈ, ਖ਼ਾਸ ਤੌਰ ਤੇ ਅਜਿਹੇ ਵਿਸ਼ੇ ਜਿਵੇਂ ਕਿ “ਘੋਸ਼ਿਤ ਸਮਲਿੰਗਕਾਮੀ ਪੁਰਸ਼ਾਂ ਅਤੇ ਇਸਤਰੀਆਂ ਦੀ ਪਾਦਰੀਪੁਣੇ ਦੇ ਲਈ ਪਾਦਰੀਸਥਾਪਨਾ, ਸਮਲਿੰਗਕਾਮੀਆਂ ਦੇ ਹੱਕ ਬਾਰੇ ਧਾਰਮਿਕ ਸਮਝ, ‘ਸਮਲਿੰਗਕਾਮੀ ਵਿਆਹ’ ਉੱਤੇ ਬਰਕਤ, ਅਤੇ ਸਮਲਿੰਗਕਾਮੁਕਤਾ ਨਾਲ ਸੰਬੰਧਿਤ ਜੀਵਨ-ਢੰਗ ਦੀ ਉਚਿਤਕਰਣ ਜਾਂ ਤਿਰਸਕਾਰ।” ਗਿਰਜੇ ਦੇ ਜ਼ਿਆਦਾਤਰ ਪ੍ਰਮੁੱਖ ਫ਼ਿਰਕੇ ਅਜਿਹੇ ਪਾਦਰੀਆਂ ਨੂੰ ਸਹਿਣ ਕਰਦੇ ਹਨ ਜੋ ਜ਼ਿਆਦਾ ਲਿੰਗਕ ਆਜ਼ਾਦੀ ਦੇ ਲਈ ਮੁਹਿੰਮ ਚਲਾਉਂਦੇ ਹਨ। ਸੰਨ 1995 ਬ੍ਰਿਟੈਨਿਕਾ ਬੁੱਕ ਆਫ਼ ਦ ਯੀਅਰ ਦੇ ਅਨੁਸਾਰ, 55 ਬਿਸ਼ਪਤੰਤਰ ਬਿਸ਼ਪਾਂ ਨੇ “ਸਮਲਿੰਗਕਾਮੀਆਂ ਦੀ ਪਾਦਰੀਸਥਾਪਨਾ ਅਤੇ ਅਭਿਆਸ ਦੀ ਪ੍ਰਵਾਨਣਯੋਗਤਾ ਦੀ ਪੁਸ਼ਟੀ ਕਰਦੇ ਹੋਏ” ਇਕ ਘੋਸ਼ਣਾ-ਪੱਤਰ ਉੱਤੇ ਦਸਤਖਤ ਕੀਤੇ।
ਕੁਝ ਪਾਦਰੀ ਸਮਲਿੰਗਕਾਮੁਕਤਾ ਦੇ ਪੱਖ ਵਿਚ ਦਲੀਲ ਪੇਸ਼ ਕਰਦੇ ਹਨ, ਇਹ ਦਾਅਵਾ ਕਰਦੇ ਹੋਏ ਕਿ ਯਿਸੂ ਨੇ ਕਦੇ ਵੀ ਇਸ ਦੇ ਵਿਰੁੱਧ ਗੱਲ ਨਹੀਂ ਕੀਤੀ। ਪਰੰਤੂ ਕੀ ਇਹ ਸੱਚ ਹੈ? ਯਿਸੂ ਮਸੀਹ ਨੇ ਐਲਾਨ ਕੀਤਾ ਕਿ ਪਰਮੇਸ਼ੁਰ ਦਾ ਬਚਨ ਸੱਚਾਈ ਹੈ। (ਯੂਹੰਨਾ 17:17) ਇਸ ਦਾ ਮਤਲਬ ਹੈ ਕਿ ਉਸ ਨੇ ਸਮਲਿੰਗਕਾਮੁਕਤਾ ਦੇ ਬਾਰੇ, ਲੇਵੀਆਂ 18:22 ਵਿਚ ਵਰਣਿਤ, ਪਰਮੇਸ਼ੁਰ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕੀਤਾ, ਜੋ ਕਹਿੰਦਾ ਹੈ: “ਤੂੰ ਜਿਸ ਤਰਾਂ ਤੀਵੀਂ ਦੇ ਨਾਲ ਸੰਗ ਕਰਦਾ ਹੈਂ ਮਨੁੱਖ ਦੇ ਨਾਲ ਸੰਗ ਨਾ ਕਰੀਂ, ਇਹ ਘਿਣਾਉਣਾ ਹੈ।” ਇਸ ਤੋਂ ਇਲਾਵਾ, ਯਿਸੂ ਨੇ ਵਿਭਚਾਰ ਅਤੇ ਜ਼ਨਾਹ ਨੂੰ ਉਨ੍ਹਾਂ “ਬੁਰੀਆਂ ਗੱਲਾਂ” ਦੇ ਵਿਚ ਸੂਚੀਬੱਧ ਕੀਤਾ, ਜੋ “ਅੰਦਰੋਂ ਨਿੱਕਲਦੀਆਂ ਅਤੇ ਮਨੁੱਖ ਨੂੰ ਭਰਿਸ਼ਟ ਕਰਦੀਆਂ ਹਨ।” (ਮਰਕੁਸ 7:21-23) ਵਿਭਚਾਰ ਦੇ ਲਈ ਯੂਨਾਨੀ ਸ਼ਬਦ, ਜ਼ਨਾਹ ਦੇ ਲਈ ਸ਼ਬਦ ਨਾਲੋਂ ਜ਼ਿਆਦਾ ਵਿਸਤ੍ਰਿਤ ਹੈ। ਇਹ ਕਾਨੂੰਨੀ ਵਿਆਹ ਤੋਂ ਬਾਹਰ ਹਰ ਪ੍ਰਕਾਰ ਦੇ ਲਿੰਗੀ ਸੰਬੰਧਾਂ ਨੂੰ ਵਰਣਨ ਕਰਦਾ ਹੈ, ਜਿਸ ਵਿਚ ਸਮਲਿੰਗਕਾਮੁਕਤਾ ਵੀ ਸ਼ਾਮਲ ਹੈ। (ਯਹੂਦਾਹ 7) ਯਿਸੂ ਮਸੀਹ ਨੇ ਆਪਣੇ ਅਨੁਯਾਈਆਂ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਅਜਿਹੇ ਕਿਸੇ ਨਾਂ-ਮਾਤਰ ਮਸੀਹੀ ਉਪਦੇਸ਼ਕ ਨੂੰ ਸਹਿਣ ਨਾ ਕਰਨ ਜੋ ਵਿਭਚਾਰ ਦੀ ਗੰਭੀਰਤਾ ਨੂੰ ਘਟ ਕਰ ਕੇ ਪੇਸ਼ ਕਰਦਾ ਹੈ।—ਪਰਕਾਸ਼ ਦੀ ਪੋਥੀ 1:1; 2:14, 20.
ਜਦੋਂ ਧਾਰਮਿਕ ਆਗੂ ਸਮਲਿੰਗਕਾਮੀ ਪੁਰਸ਼ਾਂ ਅਤੇ ਇਸਤਰੀਆਂ ਦੇ ਪਾਦਰੀਸਥਾਪਨਾ ਦੇ ਲਈ ਮੁਹਿੰਮ ਚਲਾਉਂਦੇ ਹਨ, ਤਾਂ ਇਸ ਦਾ ਉਨ੍ਹਾਂ ਦੇ ਗਿਰਜਿਆਂ ਦਿਆਂ ਸਦੱਸਾਂ, ਖ਼ਾਸ ਤੌਰ ਤੇ ਜਵਾਨ ਲੋਕਾਂ ਉੱਤੇ ਕੀ ਪ੍ਰਭਾਵ ਪੈਂਦਾ ਹੈ? ਕੀ ਇਹ ਵਿਆਹ ਤੋਂ ਬਾਹਰ ਕਾਮ ਦੇ ਨਾਲ ਤਜਰਬਾ ਕਰਨ ਦੇ ਲਈ ਇਕ ਪ੍ਰਲੋਭਨ ਨਹੀਂ ਹੈ? ਇਸ ਦੇ ਉਲਟ, ਪਰਮੇਸ਼ੁਰ ਦਾ ਬਚਨ ਮਸੀਹੀਆਂ ਨੂੰ ਉਤੇਜਿਤ ਕਰਦਾ ਹੈ ਕਿ “ਹਰਾਮਕਾਰੀ ਤੋਂ ਭੱਜੋ।” (1 ਕੁਰਿੰਥੀਆਂ 6:18) ਜੇਕਰ ਇਕ ਸੰਗੀ ਵਿਸ਼ਵਾਸੀ ਅਜਿਹੇ ਪਾਪ ਵਿਚ ਪੈ ਜਾਂਦਾ ਹੈ, ਤਾਂ ਉਸ ਨੂੰ ਪਰਮੇਸ਼ੁਰ ਦੀ ਕਿਰਪਾ ਵਿਚ ਮੁੜ ਬਹਾਲ ਕਰਨ ਦੇ ਉਦੇਸ਼ ਨਾਲ ਪ੍ਰੇਮਮਈ ਮਦਦ ਦਿੱਤੀ ਜਾਂਦੀ ਹੈ। (ਯਾਕੂਬ 5:16, 19, 20) ਉਦੋਂ ਕੀ ਜੇਕਰ ਇਹ ਮਦਦ ਠੁਕਰਾਈ ਜਾਵੇ? ਬਾਈਬਲ ਬਿਆਨ ਕਰਦੀ ਹੈ ਕਿ ਜਦ ਤਕ ਅਜਿਹੇ ਵਿਅਕਤੀ ਤੋਬਾ ਨਾ ਕਰਨ, ਉਹ “ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।”—1 ਕੁਰਿੰਥੀਆਂ 6:9, 10.
‘ਵਿਆਹ ਕਰਨ ਤੋਂ ਵਰਜਣਾ’
“ਵਿਭਚਾਰ ਦੇ ਪ੍ਰਚਲਨ” ਦੇ ਕਾਰਨ, ਬਾਈਬਲ ਕਹਿੰਦੀ ਹੈ ਕਿ “ਕਾਮ-ਵਾਸ਼ਨਾ ਦੇ ਨਾਲ ਸੜਨ ਨਾਲੋਂ ਵਿਆਹ ਕਰਨਾ ਚੰਗਾ ਹੈ।” (1 ਕੁਰਿੰਥੀਆਂ 7:2, 9, ਨਿ ਵ) ਇਸ ਬੁੱਧੀਮਾਨ ਸਲਾਹ ਦੇ ਬਾਵਜੂਦ, ਪਾਦਰੀ-ਮੰਡਲ ਵਿੱਚੋਂ ਅਨੇਕਾਂ ਤੋਂ ਕੁਆਰੇ ਰਹਿਣ, ਯਾਨੀ ਅਵਿਵਾਹਿਤ ਰਹਿਣ ਦੀ ਮੰਗ ਕੀਤੀ ਜਾਂਦੀ ਹੈ। “ਕੁਆਰੇਪਣ ਦਾ ਪ੍ਰਣ ਟੁੱਟਦਾ ਨਹੀਂ ਹੈ,” ਨੀਨੋ ਲੋ ਬੈਲੋ ਆਪਣੀ ਪੁਸਤਕ ਦ ਵੈਟੀਕਨ ਪੇਪਰਸ ਵਿਚ ਸਮਝਾਉਂਦਾ ਹੈ, “ਜੇਕਰ ਇਕ ਪਾਦਰੀ, ਮੱਠਵਾਸੀ ਜਾਂ ਨਨ ਲਿੰਗੀ ਸੰਬੰਧ ਰੱਖਦੀ ਹੈ। . . . ਗੁਨਾਹ ਦੇ ਸਵੀਕਾਰ-ਸਥਾਨ ਵਿਚ ਸੱਚ-ਸੱਚ ਬੋਲਣ ਦੇ ਦੁਆਰਾ ਲਿੰਗੀ ਸੰਬੰਧਾਂ ਦੇ ਲਈ ਮਾਫ਼ੀ ਹਾਸਲ ਕੀਤੀ ਜਾ ਸਕਦੀ ਹੈ, ਜਦ ਕਿ ਕਿਸੇ ਵੀ ਪਾਦਰੀ ਦਾ ਵਿਆਹ ਚਰਚ ਵੱਲੋਂ ਬਿਲਕੁਲ ਹੀ ਸਵੀਕਾਰ ਨਹੀਂ ਕੀਤਾ ਜਾਵੇਗਾ।” ਕੀ ਇਸ ਸਿੱਖਿਆ ਨੇ ਚੰਗਾ ਫਲ ਉਤਪੰਨ ਕੀਤਾ ਹੈ ਜਾਂ ਬੁਰਾ?—ਮੱਤੀ 7:15-19.
ਨਿਰਸੰਦੇਹ, ਅਨੇਕ ਪਾਦਰੀ ਨੈਤਿਕ ਤੌਰ ਤੇ ਸ਼ੁੱਧ ਜੀਵਨ ਬਤੀਤ ਕਰਦੇ ਹਨ, ਪਰੰਤੂ ਇਕ ਵੱਡੀ ਗਿਣਤੀ ਇੰਜ ਬਤੀਤ ਨਹੀਂ ਕਰਦੀ ਹੈ। ਸੰਨ 1992 ਬ੍ਰਿਟੈਨਿਕਾ ਬੁੱਕ ਆਫ਼ ਦ ਯੀਅਰ ਦੇ ਅਨੁਸਾਰ, “ਇਹ ਰਿਪੋਰਟ ਕੀਤਾ ਗਿਆ ਹੈ ਕਿ ਰੋਮਨ ਕੈਥੋਲਿਕ ਚਰਚ ਨੇ ਪਾਦਰੀਆਂ ਦੁਆਰਾ ਲਿੰਗੀ ਦੁਰਵਿਹਾਰ ਦੇ ਮੁਕੱਦਮਿਆਂ ਨੂੰ ਨਿਪਟਾਉਣ ਵਿਚ 30 ਕਰੋੜ ਡਾਲਰ ਖ਼ਰਚ ਕੀਤੇ ਹਨ।” ਬਾਅਦ ਵਿਚ, 1994 ਦੇ ਐਡੀਸ਼ਨ ਨੇ ਕਿਹਾ: “ਏਡਜ਼ ਤੋਂ ਹੋਈ ਕਈ ਪਾਦਰੀਆਂ ਦੀ ਮੌਤ ਨੇ ਸਮਲਿੰਗਕਾਮੀ ਪਾਦਰੀਆਂ ਦੀ ਮੌਜੂਦਗੀ ਨੂੰ ਪ੍ਰਗਟ ਕੀਤਾ ਹੈ ਅਤੇ ਦਿਖਾਇਆ ਹੈ ਕਿ ਇਕ ਅਤਿਅਧਿਕ ਗਿਣਤੀ ਵਿਚ . . . ਸਮਲਿੰਗਕਾਮੀ ਪਾਦਰੀਪੁਣੇ ਵੱਲ ਆਕਰਸ਼ਿਤ ਹੋਏ ਹਨ।” ਤਾਂ ਫਿਰ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਬਾਈਬਲ ਕਹਿੰਦੀ ਹੈ ਕਿ ‘ਵਿਆਹ ਕਰਨ ਤੋਂ ਵਰਜਣਾ ਪਿਸ਼ਾਚਾਂ ਦੀ ਸਿੱਖਿਆ’ ਹੈ। (1 ਤਿਮੋਥਿਉਸ 4:1-3, ਨਿ ਵ) “ਕੁਝ ਇਤਿਹਾਸਕਾਰਾਂ ਦੀ ਦ੍ਰਿਸ਼ਟੀ ਵਿਚ,” ਪੀਟਰ ਡ ਰੋਜ਼ਾ ਆਪਣੀ ਪੁਸਤਕ ਵਿਕਰਸ ਆਫ਼ ਕਰਾਇਸਟ ਵਿਚ ਲਿਖਦਾ ਹੈ, “[ਪਾਦਰੀਆਂ ਦੇ ਕੁਆਰੇਪਣ] ਨੇ ਸਦਾਚਾਰ ਨੂੰ ਪੱਛਮ ਵਿਚ ਕਿਸੇ ਹੋਰ ਰੀਤ ਨਾਲੋਂ, ਜਿਸ ਵਿਚ ਵੇਸਵਾ-ਗਮਨ ਵੀ ਸ਼ਾਮਲ ਹੈ, ਸ਼ਾਇਦ ਜ਼ਿਆਦਾ ਹਾਨੀ ਪਹੁੰਚਾਈ ਹੈ। . . . [ਇਹ] ਜ਼ਿਆਦਾ ਕਰਕੇ ਮਸੀਹੀਅਤ ਦੇ ਨਾਂ ਉੱਤੇ ਇਕ ਧੱਬਾ ਰਿਹਾ ਹੈ। . . . ਜਬਰੀ ਕੁਆਰੇਪਣ ਨੇ ਪਾਦਰੀ-ਮੰਡਲ ਦੇ ਵਰਗਾਂ ਵਿਚ ਹਮੇਸ਼ਾ ਪਖੰਡ ਉਤਪੰਨ ਕੀਤਾ ਹੈ। . . . ਇਕ ਪਾਦਰੀ ਹਜ਼ਾਰ ਵਾਰੀ ਡਿੱਗ ਸਕਦਾ ਹੈ ਪਰੰਤੂ ਧਰਮ-ਵਿਧਾਨ ਉਸ ਨੂੰ ਇਕ ਵਾਰੀ ਵੀ ਵਿਆਹ ਕਰਨ ਦੀ ਇਜ਼ਾਜਤ ਨਹੀਂ ਦਿੰਦਾ ਹੈ।”
ਬਆਲ ਉਪਾਸਨਾ ਦੇ ਬਾਰੇ ਪਰਮੇਸ਼ੁਰ ਦੇ ਦ੍ਰਿਸ਼ਟੀਕੋਣ ਉੱਤੇ ਵਿਚਾਰ ਕਰਨ ਤੋਂ ਬਾਅਦ, ਇਹ ਸਮਝਣਾ ਕਠਿਨ ਨਹੀਂ ਹੈ ਕਿ ਉਹ ਮਸੀਹੀ-ਜਗਤ ਦੇ ਵਿਭਾਜਿਤ ਗਿਰਜਿਆਂ ਨੂੰ ਕਿਸ ਦ੍ਰਿਸ਼ਟੀ ਤੋਂ ਦੇਖਦਾ ਹੋਵੇਗਾ। ਬਾਈਬਲ ਦੀ ਆਖ਼ਰੀ ਪੋਥੀ ਹਰ ਰੂਪ ਦੀ ਝੂਠੀ ਉਪਾਸਨਾ ਨੂੰ ਇਸ ਨਾਂ ਦੇ ਹੇਠ ਇਕੱਠਾ ਕਰਦੀ ਹੈ, ਅਰਥਾਤ “ਬਾਬੁਲ ਉਹ ਵੱਡੀ ਨਗਰੀ, ਕੰਜਰੀਆਂ ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾਂ ਦੀ ਮਾਂ।” ਬਾਈਬਲ ਅੱਗੇ ਕਹਿੰਦੀ ਹੈ ਕਿ “ਨਬੀਆਂ, ਸੰਤਾਂ ਅਤੇ ਓਹਨਾਂ ਸਭਨਾਂ ਦਾ ਲਹੂ ਜਿਹੜੇ ਧਰਤੀ ਉੱਤੇ ਕੋਹੇ ਗਏ ਸਨ, ਉਹ ਦੇ ਵਿੱਚ ਪਾਇਆ ਗਿਆ।”—ਪਰਕਾਸ਼ ਦੀ ਪੋਥੀ 17:5; 18:24.
ਇਸ ਲਈ, ਪਰਮੇਸ਼ੁਰ ਉਨ੍ਹਾਂ ਸਾਰਿਆਂ ਨੂੰ ਉਤੇਜਿਤ ਕਰਦਾ ਹੈ ਜੋ ਉਸ ਦੇ ਸੱਚੇ ਉਪਾਸਕ ਬਣਨਾ ਚਾਹੁੰਦੇ ਹਨ: “ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ! ਮਤੇ ਤੁਸੀਂ ਉਹ ਦਿਆਂ ਪਾਪਾਂ ਦੇ ਭਾਗੀ ਬਣੋ, ਮਤੇ ਤੁਸੀਂ ਉਹ ਦੀਆਂ ਬਵਾਂ ਵਿੱਚ ਸਾਂਝੀ ਹੋਵੋ! . . . ਉਹ ਦੀਆਂ ਬਵਾਂ ਇੱਕੋ ਦਿਨ ਵਿੱਚ ਆ ਪੈਣਗੀਆਂ, ਮੌਤ ਅਤੇ ਸੋਗ ਅਤੇ ਕਾਲ, ਅਤੇ ਉਹ ਅੱਗ ਨਾਲ ਭਸਮ ਕੀਤੀ ਜਾਵੇਗੀ, ਕਿਉਂ ਜੋ ਬਲਵੰਤ ਹੈ ਪ੍ਰਭੁ ਪਰਮੇਸ਼ੁਰ ਜੋ ਉਹ ਦਾ ਨਿਆਉਂ ਕਰਦਾ।”—ਪਰਕਾਸ਼ ਦੀ ਪੋਥੀ 18:4, 8.
ਹੁਣ ਸਵਾਲ ਇਹ ਉੱਠਦਾ ਹੈ: ਝੂਠੇ ਧਰਮ ਤੋਂ ਬਾਹਰ ਨਿਕਲਣ ਤੋਂ ਬਾਅਦ, ਇਕ ਵਿਅਕਤੀ ਨੂੰ ਕਿੱਥੇ ਜਾਣਾ ਚਾਹੀਦਾ ਹੈ? ਪਰਮੇਸ਼ੁਰ ਨੂੰ ਕਿਸ ਪ੍ਰਕਾਰ ਦੀ ਉਪਾਸਨਾ ਸਵੀਕਾਰ ਹੈ? (w96 7/1)
[ਸਫ਼ੇ 5 ਉੱਤੇ ਡੱਬੀ/ਤਸਵੀਰ]
ਮੂਰਤੀ-ਪੂਜਾ
ਬਆਲ ਉਪਾਸਨਾ ਵਿਚ ਮੂਰਤੀਆਂ ਦੀ ਵਰਤੋਂ ਸ਼ਾਮਲ ਸੀ। ਇਸਰਾਏਲੀਆਂ ਨੇ ਯਹੋਵਾਹ ਦੀ ਉਪਾਸਨਾ ਨੂੰ ਬਆਲ ਦੀ ਉਪਾਸਨਾ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ। ਇੱਥੋਂ ਤਕ ਕਿ ਉਹ ਯਹੋਵਾਹ ਦੀ ਹੈਕਲ ਵਿਚ ਵੀ ਮੂਰਤੀਆਂ ਲੈ ਆਏ। ਮੂਰਤੀਆਂ ਦੀ ਉਪਾਸਨਾ ਦੇ ਬਾਰੇ ਪਰਮੇਸ਼ੁਰ ਦਾ ਦ੍ਰਿਸ਼ਟੀਕੋਣ ਸਪੱਸ਼ਟ ਕੀਤਾ ਗਿਆ ਜਦੋਂ ਉਸ ਨੇ ਯਰੂਸ਼ਲਮ ਅਤੇ ਉਸ ਦੀ ਹੈਕਲ ਉੱਤੇ ਵਿਨਾਸ਼ ਲਿਆਂਦਾ।
ਮਸੀਹੀ-ਜਗਤ ਦੇ ਅਨੇਕ ਗਿਰਜੇ ਮੂਰਤੀਆਂ ਨਾਲ ਭਰੇ ਹੋਏ ਹਨ, ਚਾਹੇ ਉਹ ਸਲੀਬ, ਪ੍ਰਤਿਮਾਵਾਂ, ਜਾਂ ਮਰਿਯਮ ਦੀਆਂ ਮੂਰਤੀਆਂ ਦੇ ਰੂਪ ਵਿਚ ਹੋਣ। ਇਸ ਤੋਂ ਇਲਾਵਾ, ਗਿਰਜਾ ਜਾਣ ਵਾਲੇ ਅਨੇਕ ਲੋਕਾਂ ਨੂੰ ਇਨ੍ਹਾਂ ਮੂਰਤੀਆਂ ਨੂੰ ਮੱਥਾ ਟੇਕਣਾ, ਗੋਡੇ ਨਿਵਾਉਣੇ, ਜਾਂ ਸਲੀਬ ਦਾ ਨਿਸ਼ਾਨ ਬਣਾਉਣਾ ਸਿਖਾਇਆ ਜਾਂਦਾ ਹੈ। ਇਸ ਦੇ ਉਲਟ, ਸੱਚੇ ਮਸੀਹੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ “ਮੂਰਤੀ ਪੂਜਾ ਤੋਂ ਭੱਜੋ।” (1 ਕੁਰਿੰਥੀਆਂ 10:14) ਉਹ ਭੌਤਿਕ ਚੀਜ਼ਾਂ ਦੀ ਮਦਦ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹਨ।—ਯੂਹੰਨਾ 4:24.
[ਕ੍ਰੈਡਿਟ ਲਾਈਨ]
Musée du Louvre, Paris
[ਸਫ਼ੇ 7 ਉੱਤੇ ਡੱਬੀ]
“ਗਿਰਜੇ ਦੇ ਆਗੂ ਨੂੰ ਦੋਸ਼ਰਹਿਤ ਹੋਣਾ ਚਾਹੀਦਾ ਹੈ”
ਇਹ ਅਭਿਵਿਅਕਤੀ ਟੂਡੇਜ਼ ਇੰਗਲਿਸ਼ ਵਰਯਨ ਦੇ ਅਨੁਸਾਰ, ਤੀਤੁਸ 1:7 ਵਿੱਚੋਂ ਲਈ ਗਈ ਹੈ। ਕਿੰਗ ਜੇਮਜ਼ ਵਰਯਨ ਕਹਿੰਦਾ ਹੈ: “ਇਕ ਬਿਸ਼ਪ ਨੂੰ ਨਿਰਦੋਸ਼ ਹੋਣਾ ਚਾਹੀਦਾ ਹੈ।” ਸ਼ਬਦ “ਬਿਸ਼ਪ” ਇਕ ਯਨਾਨੀ ਸ਼ਬਦ ਤੋਂ ਆਉਂਦਾ ਹੈ ਜਿਸ ਦਾ ਅਰਥ ਹੈ “ਨਿਗਾਹਬਾਨ।” ਇਸ ਲਈ ਸੱਚੀ ਮਸੀਹੀ ਕਲੀਸਿਯਾ ਵਿਚ ਜਿਨ੍ਹਾਂ ਪੁਰਸ਼ਾਂ ਨੂੰ ਅਗਵਾਈ ਕਰਨ ਦੇ ਲਈ ਨਿਯੁਕਤ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਮੂਲ ਬਾਈਬਲ ਮਿਆਰਾਂ ਤੇ ਪੂਰਾ ਉਤਰਨਾ ਚਾਹੀਦਾ ਹੈ। ਜੇਕਰ ਉਹ ਪੂਰਾ ਨਹੀਂ ਉਤਰਦੇ ਹਨ, ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਨਿਗਰਾਨੀ ਦੀ ਪਦਵੀ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਹੁਣ ‘ਇੱਜੜ ਦੇ ਲਈ ਨਮੂਨੇ’ ਨਹੀਂ ਰਹੇ। (1 ਪਤਰਸ 5:2, 3) ਇਸ ਮੰਗ ਨੂੰ ਮਸੀਹੀ-ਜਗਤ ਦੇ ਗਿਰਜੇ ਕਿੰਨੀ ਗੰਭੀਰਤਾ ਨਾਲ ਸਵੀਕਾਰ ਕਰਦੇ ਹਨ?
ਆਪਣੀ ਪੁਸਤਕ ਮੈਨੂੰ ਤੁਹਾਡੇ ਵਿਆਹ ਦੀ ਪਰਵਾਹ ਹੈ (ਅੰਗ੍ਰੇਜ਼ੀ) ਵਿਚ, ਡਾ. ਏਵਰੇਟ ਵਰਦਿੰਗਟਨ ਵਰਜੀਨੀਆ ਪ੍ਰਦੇਸ਼, ਯੂ.ਐੱਸ.ਏ. ਵਿਚ ਹੋਏ 100 ਪਾਸਟਰਾਂ ਦੇ ਇਕ ਸਰਵੇਖਣ ਦੇ ਬਾਰੇ ਜ਼ਿਕਰ ਕਰਦਾ ਹੈ। ਚਾਲੀ ਫੀ ਸਦੀ ਤੋਂ ਵੱਧ ਪਾਸਟਰਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਅਜਿਹੇ ਕਿਸੇ ਵਿਅਕਤੀ ਦੇ ਨਾਲ ਕਿਸੇ-ਨ-ਕਿਸੇ ਤਰ੍ਹਾਂ ਦੇ ਕਾਮ-ਉਕਸਾਊ ਆਚਰਣ ਵਿਚ ਹਿੱਸਾ ਲਿਆ ਹੈ ਜੋ ਉਨ੍ਹਾਂ ਦੇ ਵਿਆਹ ਸਾਥੀ ਨਹੀਂ ਸਨ। ਉਨ੍ਹਾਂ ਵਿੱਚੋਂ ਅਨੇਕਾਂ ਨੇ ਜ਼ਨਾਹ ਕੀਤਾ ਸੀ।
“ਪਿੱਛਲੇ ਦਹਾਕੇ ਦੇ ਦੌਰਾਨ,” ਕ੍ਰਿਸਚਿਏਨੀਟੀ ਟੂਡੇ ਟਿੱਪਣੀ ਕਰਦਾ ਹੈ, “ਗਿਰਜੇ ਦੇ ਕੁਝ ਸਭ ਤੋਂ ਜ਼ਿਆਦਾ ਆਦਰਯੋਗ ਆਗੂਆਂ ਦੁਆਰਾ ਅਨੈਤਿਕ ਆਚਰਣ ਦੇ ਪ੍ਰਗਟ ਹੋਣ ਤੇ ਗਿਰਜਾ ਵਾਰ-ਵਾਰ ਲੜਖੜਾਇਆ ਹੈ।” “ਕਿਉਂ ਵਿਭਚਾਰੀ ਪਾਸਟਰਾਂ ਨੂੰ ਮੁੜ ਸਥਾਪਿਤ ਨਹੀਂ ਕੀਤਾ ਜਾਣਾ ਚਾਹੀਦਾ ਹੈ” ਲੇਖ ਨੇ ਮਸੀਹੀ-ਜਗਤ ਦੇ ਗਿਰਜਿਆਂ ਦੇ ਆਗੂਆਂ ਨੂੰ ਜਲਦੀ ਨਾਲ ਹੀ “ਲਿੰਗੀ ਪਾਪ ਦੇ ਦੋਸ਼ੀ ਠਹਿਰਾਏ” ਜਾਣ ਤੋਂ ਬਾਅਦ ਉਨ੍ਹਾਂ ਦੀ ਸਾਬਕਾ ਪਦਵੀ ਤੇ ਮੁੜ ਸਥਾਪਿਤ ਕੀਤੇ ਜਾਣ ਦੇ ਆਮ ਅਭਿਆਸ ਨੂੰ ਵੰਗਾਰਿਆ।